ਅਹਿਮ ਨੁਕਤਿਆਂ ਦੁਆਲੇ ਘੁੰਮੀ ਟਰੂਡੋ ਤੇ ਕੈਪਟਨ ਵਿਚਾਲੇ ਮੁਲਾਕਾਤ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ ਪੰਜਾਬ ਦੇ ਕੁਝ ਮੁੱਦੇ ਉਠਾਏ ਹਨ। ਉਨ੍ਹਾਂ ਨੇ ਉਚੇਰੀ ਸਿੱਖਿਆ, ਵਿਗਿਆਨਕ ਖੋਜ ਤੇ ਤਕਨਾਲੋਜੀ, ਨਵੀਨਤਾ ਤੇ ਸਟਾਰਟ ਅੱਪ ਦੇ ਨਾਲ-ਨਾਲ ਹੁਨਰ ਵਿਕਾਸ ਵਰਗੇ ਕੁਝ ਖੇਤਰਾਂ ਦਾ ਵਰਨਣ ਕੀਤਾ। ਉਨ੍ਹਾਂ ਨੇ ਟਰੂਡੋ ਨੂੰ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਕੈਨੇਡਾ ਸਹਿਯੋਗ ਕਰ ਸਕਦਾ ਹੈ ਤੇ ਪੰਜਾਬ ਦੇ ਲੋਕ ਕੈਨੇਡਾ ਦੀ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ।

ਕੈਨੇਡਾ ਵਿਚ ਵੱਡੀ ਗਿਣਤੀ ਪੰਜਾਬੀ ਭਾਈਚਾਰਾ ਰਹਿ ਰਿਹਾ ਹੈ ਤੇ ਕੁਝ ਪੰਜਾਬੀ ਤਾਂ ਟਰੂਡੋ ਦੀ ਕੈਬਨਿਟ ਦਾ ਵੀ ਹਿੱਸਾ ਹਨ। ਇਸ ਕਰ ਕੇ ਭਾਰਤ ਤੇ ਕੈਨੇਡਾ ਦਰਮਿਆਨ ਦੋਸਤਾਨਾ ਰਿਸ਼ਤੇ ਲਗਾਤਾਰ ਗੂੜ੍ਹੇ ਹੁੰਦੇ ਜਾ ਰਹੇ ਹਨ। ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੇ ਵੱਖ-ਵੱਖ ਖੇਤਰਾਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਸਹਿਯੋਗ ਦੀ ਮਹੱਤਤਾ ‘ਤੇ ਸਹਿਮਤੀ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੇ ਆਰਥਿਕ ਸਹਿਯੋਗ ਨਾਲ ਸਬੰਧਤ ਵੱਖ-ਵੱਖ ਅਹਿਮ ਕਾਰਜ ਖੇਤਰਾਂ ਵਿਚ ਕੈਨੇਡਾ ਨਾਲ ਜੁੜਨ ਪ੍ਰਤੀ ਪੰਜਾਬੀਆਂ ਦੀ ਦਿਲਚਸਪੀ ਦਾ ਵੀ ਪ੍ਰਗਟਾਵਾ ਕੀਤਾ। ਇਸ ਵੇਲੇ ਦੋਵਾਂ ਦਰਮਿਆਨ ਤਜਾਰਤੀ ਸਬੰਧ ਬਹੁਤ ਘੱਟ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਿਚ ਕੈਨੇਡਾ ਦੇ ਕਾਰੋਬਾਰੀ ਨਿਵੇਸ਼ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਦੋਵਾਂ ਲੀਡਰਾਂ ਨੇ ਕੈਨੇਡਾ ਤੇ ਭਾਰਤ ਦੀ ਤਰੱਕੀ ਦੇ ਹਿੱਤ ਵਿੱਚ ਸਾਂਝੇ ਪ੍ਰੋਜੈਕਟਾਂ ਰਾਹੀਂ ਦੁਵੱਲੇ ਸਹਿਯੋਗ ‘ਤੇ ਸਹਿਮਤੀ ਜ਼ਾਹਰ ਕੀਤੀ। ਉਚੇਰੀ ਸਿੱਖਿਆ ਦੇ ਖੇਤਰ ਵਿਚ ਮੁੱਖ ਮੰਤਰੀ ਨੇ ਯੂਨੀਵਰਸਿਟੀਆਂ ਤੇ ਹੋਰ ਸਿੱਖਿਆ ਸੰਸਥਾਵਾਂ ਨਾਲ ਸਮਝੌਤੇ ਸਹੀਬੰਦ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਮੰਗ ਕੀਤੀ। ਸਸਕੈਚਵੈਨ ਯੂਨੀਵਰਸਿਟੀ ਨਾਲ ਕੀਤੇ ਸਮਝੌਤੇ ‘ਤੇ ਅਮਲ ਨਾ ਹੋਣ ਉਤੇ ਵੀ ਉਨ੍ਹਾਂ ਨੇ ਅਫਸੋਸ ਜ਼ਾਹਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦਾਲਾਂ, ਮੱਕੀ ਤੇ ਪਸ਼ੂ ਧਨ ਦੇ ਖੇਤਰਾਂ ਵਿਚ ਵਿਗਿਆਨਕ ਖੋਜ ਤੇ ਤਕਨਾਲੋਜੀ ਦੇ ਰੂਪ ਵਿਚ ਆਪਸੀ ਸਹਿਯੋਗ ਦਾ ਸੁਝਾਅ ਦਿੱਤਾ।
ਉਨ੍ਹਾਂ ਨੇ ਹੁਨਰ ਵਿਕਾਸ ਵਿਚ ਨਿਵੇਸ਼ ਦਾ ਸੱਦਾ ਦਿੰਦਿਆਂ ਸੁਝਾਅ ਦਿੱਤਾ ਕਿ ਕੈਨੇਡਾ ਵੱਲੋਂ ਪੰਜਾਬ ਦੀ ਹੁਨਰ ਵਿਕਾਸ ਯੂਨੀਵਰਸਿਟੀ ਵਿਚ ਆਪਣੇ ਕਾਰੋਬਾਰ ਜਾਂ ਯੂਨੀਵਰਸਿਟੀ ਰਾਹੀਂ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ‘ਤੇ ਵਿਚਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਿੱਖਿਅਤ ਪੰਜਾਬੀ ਨੌਜਵਾਨਾਂ ਦੇ ਕੈਨੇਡਾ ਵਿਚ ਆਵਾਸ ਨੂੰ ਹੁਲਾਰਾ ਦੇਣ ਲਈ ਸਹਾਇਤਾ ਦੇ ਸਕਦਾ ਹੈ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ‘ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਦਾ ਜ਼ਿਕਰ ਵੀ ਕੀਤਾ ਜਿਸ ਨਾਲ ਕੈਨੇਡਾ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਪੰਜਾਬ ਦੀ ਝਲਕ ਪਾਉਣ ਦਾ ਮੌਕਾ ਹਾਸਲ ਹੋਵੇਗਾ।
____________________
ਗਰਮਖਿਆਲੀਆਂ ਬਾਰੇ ਟਰੂਡੋ ਦਾ ਭਰੋਸਾ
ਅੰਮ੍ਰਿਤਸਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੁਲਕ ਭਾਰਤ ਜਾਂ ਇਸ ਦੇ ਕਿਸੇ ਹੋਰ ਖਿੱਤੇ ਵਿਚ ਕਿਸੇ ਵੀ ਵੱਖਵਾਦੀ ਲਹਿਰ ਨੂੰ ਸਮਰਥਨ ਨਹੀਂ ਦੇਵੇਗਾ। ਸ੍ਰੀ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਤਰ੍ਹਾਂ ਦੀਆਂ ਵੱਖਵਾਦੀ ਗਤੀਵਿਧੀਆਂ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਆਪਣੇ ਮੁਲਕ ਵਿਚ ਆਪਣੇ ਜੀਵਨ ਦੌਰਾਨ ਅਜਿਹੀਆਂ ਚੁਣੌਤੀਆਂ ਨੂੰ ਨਜਿੱਠਿਆ ਹੈ ਅਤੇ ਇਨ੍ਹਾਂ ਨੂੰ ਖਤਮ ਕੀਤਾ ਹੈ। ਉਹ ਹਿੰਸਾ ਦੇ ਖਤਰਿਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਅਜਿਹੀਆਂ ਤਾਕਤਾਂ ਨੂੰ ਸ਼ਕਤੀ ਨਾਲ ਖਤਮ ਵੀ ਕੀਤਾ ਹੈ।
____________________
ਟਰੂਡੋ ਨੂੰ ਸੌਂਪੀਆਂ ਦੋ ਸੂਚੀਆਂ
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੋ ਸੂਚੀਆਂ ਸੌਂਪੀਆਂ ਸਨ। ਇਕ ਸੂਚੀ ਵਿਚ ਨਸ਼ੀਲੇ ਪਦਾਰਥਾਂ ਦੇ ਧੰਦੇ ਨਾਲ ਜੁੜੇ ਵਿਅਕਤੀਆਂ ਅਤੇ ਦੂਜੀ ਸੂਚੀ ਖਾੜਕੂਆਂ ਨਾਲ ਸਬੰਧਤ ਸੀ।
ਇਨ੍ਹਾਂ ਵਿਚ ਲੁਧਿਆਣਾ ਦੇ ਸ਼ਿੰਗਾਰ ਸਿਨਮਾ ਬੰਬ ਕਾਂਡ ‘ਚ ਲੋੜੀਂਦਾ ਖਾੜਕੂ, ਹੁਣੇ ਜਿਹੇ ਸਿਆਸੀ ਅਤੇ ਧਾਰਮਿਕ ਆਗੂਆਂ ਦੀਆਂ ਹੋਈਆਂ ਹੱਤਿਆਵਾਂ ਲਈ ਮਾਲੀ ਸਹਾਇਤਾ ਮੁਹੱਈਆ ਕਰਾਉਣ ਸਮੇਤ ਹੋਰਾਂ ਦੇ ਨਾਮ ਸ਼ਾਮਲ ਹਨ। ਉਂਜ ਸ੍ਰੀ ਟਰੂਡੋ ਨੂੰ ਕੁੱਲ 9 ਖਾੜਕੂਆਂ ਜਾਂ ਉਨ੍ਹਾਂ ਦੇ ਹਮਦਰਦਾਂ ਦੇ ਨਾਂਵਾਂ ਦੀ ਸੂਚੀ ਸੌਂਪੀ ਗਈ ਹੈ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਬਾਕੀ ਦੇ ਨਾਮ ਖੁਫ਼ੀਆ ਰਿਪੋਰਟਾਂ ਅਤੇ ਉਨ੍ਹਾਂ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਦੇ ਆਧਾਰ ਉਤੇ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਨਾਂਵਾਂ ‘ਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਛੇ ਅਤੇ ਖਾਲਿਸਤਾਨ ਟਾਈਗਰ ਫੋਰਸ ਜਾਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਮੈਂਬਰ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸੌਂਪੀ ਸੂਚੀ ‘ਚ ਗੁਰਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਪੀਤ, ਗੁਰਜਿੰਦਰ ਸਿੰਘ ਪਨੂੰ, ਹਰਦੀਪ ਸਿੰਘ ਨਿੱਝਰ ਅਤੇ ਮਲਕੀਤ ਸਿੰਘ ਦੇ ਨਾਮ ਸ਼ਾਮਲ ਹਨ। ਨਸ਼ਰ ਕੀਤੇ ਨਾਂਵਾਂ ਵਿਚੋਂ ਤਿੰਨ ਖਿਲਾਫ਼ ਕਈ ਕੇਸ ਦਰਜ ਹਨ। ਸਰੀ ਵਾਸੀ ਮਲਕੀਤ ਸਿੰਘ ‘ਤੇ ਖਾੜਕੂਆਂ ਨੂੰ ਹੱਤਿਆਵਾਂ ਲਈ ਹਥਿਆਰ ਸਪਲਾਈ ਕਰਨ ਦੇ ਦੋਸ਼ ਹਨ।