ਟਰੂਡੋ ਦੀ ਅੰਮ੍ਰਿਤਸਰ ਫੇਰੀ: ਸ਼੍ਰੋਮਣੀ ਕਮੇਟੀ ਨੂੰ ਸਿੱਖ ਮਸਲਿਆਂ ਬਾਰੇ ਵੱਡੀਆਂ ਆਸਾਂ

ਅੰਮ੍ਰਿਤਸਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਆਸ ਹੈ ਕਿ ਇਹ ਦੌਰਾ ਵਿਸ਼ਵ ਭਰ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਦਦਗਾਰ ਸਾਬਤ ਹੋਵੇਗਾ। ਕਮੇਟੀ ਨੂੰ ਆਸ ਹੈ ਕਿ ਇਸ ਦੌਰੇ ਨਾਲ ਸਿੱਖ ਸਬੰਧਾਂ ਬਾਰੇ ਚਰਚਾ ਦਾ ਦੌਰ ਸ਼ੁਰੂ ਹੋਵੇਗਾ, ਜਿਸ ਨਾਲ ਸਿੱਖ ਧਰਮ ਅਤੇ ਕੌਮ ਬਾਰੇ ਵੀ ਪ੍ਰਚਾਰ ਹੋਵੇਗਾ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾæ ਰੂਪ ਸਿੰਘ ਨੇ ਕਿਹਾ ਕਿ ਇਸ ਦੌਰੇ ਨਾਲ ਵਿਸ਼ਵ ਪੱਧਰ ‘ਤੇ ਸਿੱਖਾਂ ਬਾਰੇ ਚਰਚਾ ਹੋਵੇਗੀ ਜਿਸ ਨਾਲ ਸਿੱਖ ਪਛਾਣ ਦੀ ਸਮੱਸਿਆ ਹੱਲ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜਦੋਂ ਸੂਚਨਾ ਕੇਂਦਰ ਵਿਚ ਪ੍ਰਧਾਨ ਮੰਤਰੀ ਟਰੂਡੋ ਨੂੰ ਸਨਮਾਨਤ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦਿੱਤੇ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨੇ ਖੁਦ ਆਪਣੇ ਤੀਜੇ ਬੱਚੇ ਲਈ ਵੀ ਮਾਡਲ ਦੇਣ ਦੀ ਮੰਗ ਕੀਤੀ। ਉਨ੍ਹਾਂ ਆਪਣੇ ਬੱਚਿਆਂ ਨੂੰ ਆਖਿਆ ਕਿ ਉਹ ਘਰ ਪਰਤ ਕੇ ਆਪਣੇ ਸਕੂਲ ਅਤੇ ਹੋਰ ਸਾਥੀਆਂ ਨੂੰ ਇਸ ਬਾਰੇ ਜ਼ਰੂਰ ਦੱਸਣ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੂੰ ਸ੍ਰੀ ਸਾਹਿਬ ਭੇਟ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਉਸ ਵੇਲੇ ਸੁਰੱਖਿਆ ਅਮਲੇ ਵੱਲੋਂ ਕਿਰਪਾਨ ਦੀ ਮਹੱਤਤਾ ਬਾਰੇ ਪੁੱਛਿਆ ਗਿਆ, ਜਿਸ ਨਾਲ ਉਨ੍ਹਾਂ ਨੂੰ ਸਿੱਖ ਧਰਮ ਵਿਚ ਸ੍ਰੀ ਸਾਹਿਬ ਦੀ ਮਹੱਤਤਾ ਬਾਰੇ ਪਤਾ ਲੱਗਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਨਿੱਜੀ ਫੇਸਬੁੱਕ ਖਾਤੇ ‘ਤੇ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਮਾਣ ਸਨਮਾਨ ਦਾ ਜ਼ਿਕਰ ਕੀਤਾ ਹੈ।
_______________________
ਪਾਰਟੀਸ਼ਨ ਮਿਊਜ਼ੀਅਮ ਦੇਖ ਭਾਵੁਕ ਹੋਏ ਟਰੂਡੋ
ਚੰਡੀਗੜ੍ਹ: ਜਸਟਿਨ ਟਰੂਡੋ ਨੇ ਪਾਰਟੀਸ਼ਨ ਮਿਊਜ਼ੀਅਮ ‘ਚ ਅਧਿਕਾਰਤ ਸਮੇਂ ਮੁਤਾਬਕ ਸਿਰਫ 12 ਮਿੰਟ ਰੁਕਣਾ ਸੀ ਪਰ ਉਹ 22 ਮਿੰਟ ਰੁਕੇ। ਟਰੂਡੋ ਮਿਉੂਜ਼ੀਅਮ ਦੇਖ ਦੇ ਕਾਫੀ ਭਾਵੁਕ ਹੋ ਗਏ। ਇਹ ਮਿਊਜ਼ੀਅਮ 1947 ਦੇ ਉਜਾੜੇ ਦੀ ਦਾਸਤਾਨ ਬਿਆਨਦਾ ਹੈ। ਆਪਣੇ ਤੈਅ ਸਮੇਂ ਤੋਂ ਪੂਰੇ 42 ਮਿੰਟ ਦੀ ਦੇਰੀ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਾਫਲਾ ਦੁਪਹਿਰ ਇਕ ਵੱਜ ਕੇ 12 ਮਿੰਟ ‘ਤੇ ਪਾਰਟੀਸ਼ਨ ਮਿਊਜ਼ੀਅਮ ਪਹੁੰਚਿਆ। ਉਹ 1 ਵੱਜ ਕੇ 33 ਮਿੰਟ ਦੇ ਕਰੀਬ ਇਥੋਂ ਨਿਕਲੇ। ਉਨ੍ਹਾਂ ਨਾਲ ਆਏ ਕੈਨੇਡੀਅਨ ਮੰਤਰੀਆਂ ਨੇ ਮਿਊਜ਼ੀਅਮ ਦੀਆਂ ਹੇਠਲੀਆਂ ਗੈਲਰੀਆਂ ਦਾ ਦੌਰਾ ਕੀਤਾ ਤੇ ਸਰਕਾਰ ਦੇ ਉਦਮਾਂ ਦੀ ਖੁਲ੍ਹ ਕੇ ਪ੍ਰਸੰਸਾ ਕੀਤੀ।
__________________________
ਟਰੂਡੋ ਨਾਲ ਵਿਤਕਰਾ ਹੋਣ ਦਾ ਦੋਸ਼
ਅੰਮ੍ਰਿਤਸਰ: ਅਮਰੀਕਾ ਦੀਆਂ 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂæਐਸ਼ਏæ) ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਭਾਰਤ ਦੌਰੇ ਦੌਰਾਨ ਭਾਰਤ ਸਰਕਾਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਿਤਕਰਾ ਕੀਤਾ ਹੈ ਅਤੇ ਇਹ ਵਿਤਕਰਾ ਉਨ੍ਹਾਂ ਦੀ ਸਿੱਖਾਂ ਨਾਲ ਹਮਦਰਦੀ ਕਾਰਨ ਕੀਤਾ ਗਿਆ ਹੈ। ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਹਿੰਮਤ ਸਿੰਘ ਨੇ ਦੋਸ਼ ਲਾਇਆ ਕਿ ਕੈਨੇਡਾ ਦੀ ਸਰਕਾਰ ਦਾ ਸਿੱਖਾਂ ਪ੍ਰਤੀ ਨਰਮ ਵਤੀਰਾ ਭਾਰਤ ਦੀ ਭਾਜਪਾ ਸਰਕਾਰ ਨੂੰ ਹਜ਼ਮ ਨਹੀਂ ਹੋ ਰਿਹਾ।