ਕੇਜਰੀਵਾਲ ਸਰਕਾਰ ਤੇ ਕੇਂਦਰ ਵਿਚ ਮੁੜ ਛਿੜੀ ਸਿਆਸੀ ਜੰਗ

ਨਵੀਂ ਦਿੱਲੀ: ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਂਦਰ ਵਿਚ ਨਵੀਂ ਲੜਾਈ ਛਿੜ ਗਈ ਹੈ। ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਉਤੇ ਆਮ ਆਦਮੀ ਪਾਰਟੀ (ਆਪ) ਦੇ ਕੁਝ ਵਿਧਾਇਕਾਂ ਵੱਲੋਂ ਕੀਤੇ ਕਥਿਤ ਹਮਲੇ ਪਿੱਛੋਂ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ‘ਤੇ ਸਵਾਲ ਉਠ ਰਹੇ ਹਨ। ਦਿੱਲੀ ਪੁਲਿਸ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਕੀਤੀ ਛਾਪੇਮਾਰੀ ਪਿੱਛੋਂ ‘ਆਪ’ ਦਾ ਦੋਸ਼ ਹੈ ਕਿ ਪੁਲਿਸ ਨੇ ਮੋਦੀ ਸਰਕਾਰ ਦੇ ਕਹਿਣ ‘ਤੇ ਕਾਰਵਾਈ ਲਈ ਇੰਨੀ ਫੁਰਤੀ ਵਿਖਾਈ ਹੈ।

ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੁਲਿਸ ਟੀਮ ਮੁੱਖ ਮੰਤਰੀ ਨਿਵਾਸ ਵਿਚ ਮੁੱਖ ਸਕੱਤਰ ਦੀ ਕੁੱਟਮਾਰ ਦੇ ਮਾਮਲੇ ਵਿਚ ਸੀæਸੀæਟੀæਵੀæ ਕੈਮਰਿਆਂ ਦੀ ਫੁਟੇਜ ਲੈਣ ਗਈ ਸੀ। ਪੁਲਿਸ ਵੱਲੋਂ ਉਥੇ ਲੱਗੇ 21 ਸੀæਸੀæਟੀæਵੀæ ਕੈਮਰਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 14 ਕੈਮਰੇ ਚੱਲ ਰਹੇ ਸਨ। ਇਸ ਦੌਰਾਨ ਸੀæਸੀæਟੀæਵੀæ ਕੈਮਰਿਆਂ ਦੀ ਫੁਟੇਜ ਸਬੰਧੀ ਇਕ ਹਾਰਡ ਡਿਸਕ ਕਬਜ਼ੇ ਵਿਚ ਲਈ ਗਈ ਹੈ।
ਪੁਲਿਸ ਦੀ ਇਸ ਛਾਪੇਮਾਰੀ ਪਿੱਛੋਂ ਅਰਵਿੰਦ ਕੇਜਰੀਵਾਲ ਨੇ ਆਪਣੇ ਮੰਤਰੀਆਂ ਸਣੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਪ ਰਾਜਪਾਲ ਅਨਿਲ ਬੈਜਲ ਨੇ ਮੁੱਖ ਸਕੱਤਰ ਦੀ ਕੁੱਟਮਾਰ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਲੋਕਤੰਤਰੀ ਸਮਾਜ ਵਿਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ ਅਤੇ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਦਾ ਵਿਸ਼ਵਾਸ ਮੁੜ ਕਾਇਮ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।
ਪੁਲਿਸ ਦੀ ਅਜਿਹੀ ਕਾਰਵਾਈ ਤੋਂ ਇਲਾਵਾ ਕੇਜਰੀਵਾਲ ਸਰਕਾਰ ਨੂੰ ਸਰਕਾਰੀ ਅਫਸਰਾਂ ਤੇ ਕਰਮਚਾਰੀਆਂ ਦੀ ਹੜਤਾਲ ਤੇ ਰੋਸ ਵਿਖਾਵਿਆਂ ਦਾ ਵੱਖਰੇ ਤੌਰ ‘ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਅੰਸ਼ੂ ਪ੍ਰਕਾਸ਼ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਦੇ ਸਾਹਮਣੇ ‘ਆਪ’ ਦੇ ਇਕ ਵਿਧਾਨਕਾਰ ਨੇ ਉਨ੍ਹਾਂ ਨੂੰ ਘਸੁੰਨ ਮਾਰੇ, ਉਨ੍ਹਾਂ ਦੀ ਐਨਕ ਤੋੜ ਦਿੱਤੀ। ਕੁਝ ਹੋਰ ਵਿਧਾਇਕ ਵੀ ਉਨ੍ਹਾਂ ਨਾਲ ਹਿੰਸਕ ਢੰਗ ਨਾਲ ਪੇਸ਼ ਆਏ। ਸ੍ਰੀ ਅੰਸ਼ੂ ਪ੍ਰਕਾਸ਼ ਵੱਲੋਂ ਲਾਇਆ ਦੋਸ਼ ਹੈ ਕਿ ਉਨ੍ਹਾਂ ਨੂੰ ਸ੍ਰੀ ਕੇਜਰੀਵਾਲ ਦੀ ਰਿਹਾਇਸ਼ ‘ਤੇ ਕੁਝ ਟੀæਵੀæ ਵਿਗਿਆਪਨ ਰਿਲੀਜ਼ ਕਰਨ ਦੀ ਮਨਜ਼ੂਰੀ ਦੇਣ ਲਈ ਬੁਲਾਇਆ ਗਿਆ ਸੀ। ਉਨ੍ਹਾਂ ਵੱਲੋਂ ਮਨਜ਼ੂਰੀ ਤੋਂ ਨਾਂਹ ਕੀਤੇ ਜਾਣ ਉਤੇ ਉਨ੍ਹਾਂ ਉਪਰ ਹਮਲਾ ਕੀਤਾ ਗਿਆ। ਦੂਜੇ ਪਾਸੇ ‘ਆਪ’ ਦਾ ਦਾਅਵਾ ਹੈ ਕਿ ਮੀਟਿੰਗ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਣ ਦੀ ਮਨਜ਼ੂਰੀ ਦੇਣ ਬਾਰੇ ਸੀ। ਜਦੋਂ ਮੁੱਖ ਸਕੱਤਰ ਮਨਜ਼ੂਰੀ ਨਾ ਦੇਣ ‘ਤੇ ਅੜੇ ਰਹੇ ਅਤੇ ਜਾਤੀ-ਸੂਚਕ ਸ਼ਬਦ ਵਰਤਿਆ ਤਾਂ ਮੀਟਿੰਗ ਵਿਚ ਹਾਜ਼ਰ ਕੁਝ ਵਿਧਾਨਕਾਰ ਤਲਖ ਹੋ ਗਏ।
_______________________
ਅਮਿਤ ਸ਼ਾਹ ਤੋਂ ਪੁੱਛਗਿੱਛ ਦੀ ਹਿੰਮਤ ਵਿਖਾਏ ਪੁਲਿਸ: ਕੇਜਰੀਵਾਲ
ਦਿੱਲੀ ਪੁਲਿਸ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਕੀਤੀ ਛਾਪੇਮਾਰੀ ਪਿੱਛੋਂ ਕੇਜਰੀਵਾਲ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਨਿਸ਼ਾਨਾ ਬਣਾਇਆ। ਕੇਜਰੀਵਾਲ ਨੇ ਕਿਹਾ ਕਿ ਦੋ ਥੱਪੜਾਂ ਦੇ ਇਲਜ਼ਾਮ ਦੀ ਪੜਤਾਲ ਲਈ ਮੁੱਖ ਮੰਤਰੀ ਦੇ ਪੂਰੇ ਘਰ ਦੀ ਤਲਾਸ਼ੀ ਚੱਲ ਰਹੀ ਹੈ। ਜੱਜ ਲੋਯਾ ਦੀ ਹੱਤਿਆ ‘ਤੇ ਪੁੱਛਗਿੱਛ ਬਣਦੀ ਹੈ ਜਾਂ ਨਹੀਂ? ਉਹ ਜਾਂਚ ਏਜੰਸੀਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਜੱਜ ਲੋਯਾ ਦੀ ਹੱਤਿਆ ਦੇ ਮਾਮਲੇ ‘ਚ ਅਮਿਤ ਸ਼ਾਹ ਤੋਂ ਪੁੱਛਗਿੱਛ ਕਰਨ ਦੀ ਹਿੰਮਤ ਵਿਖਾਉਣ ਤਾਂ ਪੂਰਾ ਦੇਸ਼ ਉਨ੍ਹਾਂ ਨੂੰ ਵਧਾਈ ਦੇਵੇਗਾ।
________________________
ਮੋਦੀ ਸਰਕਾਰ ਦੀ ਦਾਦਾਗਿਰੀ ਦਾ ਡਟਕੇ ਸਾਹਮਣਾ ਕਰਾਂਗੇ: ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਉਤੇ ਬਿਨਾਂ ਅਗਾਊਂ ਸੂਚਨਾ ਪੁਲਿਸ ਦਾ ਛਾਪਾ ਮਰਵਾਉਣ ਦੀ ਨਿੰਦਾ ਕੀਤੀ ਹੈ। ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਸੂਬਾ ਸਹਿ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਲਈ ਤਾਨਾਸ਼ਾਹ ਹੋ ਚੁੱਕੀ ਹੈ। ਮੋਦੀ ਸਰਕਾਰ ਦਾ ਇਹ ਤਾਨਾਸ਼ਾਹ ਰਵੱਈਆ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ।