ਬੈਂਕ ਲੋਟੂਆਂ ਦੀਆਂ ਬੜੀਆਂ ਡੂੰਘੀਆਂ ਜੜ੍ਹਾਂ

ਨਵੀਂ ਦਿੱਲੀ: ਹੀਰਾ ਕਾਰੋਬਾਰੀ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਰੋਟੋਮੈਕ ਪੈੱਨਜ਼ ਦੇ ਮਾਲਕ ਵੱਲੋਂ ਬੈਂਕਾਂ ਨਾਲ ਵੱਡੀਆਂ ਵਿੱਤੀ ਗੜਬੜੀਆਂ ਦਾ ਪਰਦਾਫਾਸ਼ ਹੋਣ ਮਗਰੋਂ ਬੈਂਕਾਂ ਨਾਲ ਤਿੰਨ ਹੋਰ ਵਿੱਤੀ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਤਿੰਨ ਵੱਖੋ ਵੱਖਰੇ ਬੈਂਕਾਂ ਵੱਲੋਂ ਇਕ ਜਿਊਲਰ, ਕਾਰੋਬਾਰੀ ਅਤੇ ਬੈਂਕ ਅਧਿਕਾਰੀ ਖਿਲਾਫ਼ ਦਿੱਤੀਆਂ ਸ਼ਿਕਾਇਤਾਂ ਦੇ ਆਧਾਰ ਉਤੇ ਸੀæਬੀæਆਈæ ਨੇ ਕੇਸ ਦਰਜ ਕੀਤੇ ਹਨ।

ਸੀæਬੀæਆਈæ ਨੇ ਦਿੱਲੀ ਦੇ ਕਰੋਲ ਬਾਗ ਅਧਾਰਤ ਜਿਊਲਰ ਕੰਪਨੀ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਖਿਲਾਫ਼ ਓਰੀਐਂਟਲ ਬੈਂਕ ਆਫ ਕਾਮਰਸ ਨਾਲ 389æ85 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਸੀæਬੀæਆਈæ ਨੇ ਬੈਂਕ ਆਫ ਮਹਾਰਾਸ਼ਟਰ ਦੀ ਸ਼ਿਕਾਇਤ ‘ਤੇ ਕਾਰੋਬਾਰੀ ਅਮਿਤ ਸਿੰਗਲਾ ਅਤੇ ਹੋਰਾਂ ਖਿਲਾਫ਼ ਜਾਅਲੀ ਦਸਤਾਵੇਜ਼ਾਂ ਰਾਹੀਂ ਕਰਜ਼ਾ ਲੈਣ ਦਾ ਕੇਸ ਦਰਜ ਕੀਤਾ ਸੀ। ਇਸੇ ਤਰ੍ਹਾਂ ਜਾਂਚ ਏਜੰਸੀ ਨੇ ਪੰਜਾਬ ਨੈਸ਼ਨਲ ਬੈਂਕ ਦੀ ਬਾੜਮੇਰ ਸ਼ਾਖਾ (ਰਾਜਸਥਾਨ) ਦੇ ਸੀਨੀਅਰ ਬ੍ਰਾਂਚ ਮੈਨੇਜਰ ਇੰਦਰ ਚੰਦ ਚੰਦਾਵਤ ਖਿਲਾਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਦੋ ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਓਰੀਐਂਟਲ ਬੈਂਕ ਆਫ ਕਾਮਰਸ ਨੇ ਦੋਸ਼ ਲਾਇਆ ਕਿ ਦਿੱਲੀ ਦੇ ਹੀਰਾ ਕਾਰੋਬਾਰੀ ਅਤੇ ਜਿਊਲਰ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਅਤੇ ਉਸ ਦੇ ਮਾਲਕ ਸਭਿਆ ਸੇਠ ਵੱਲੋਂ ਬੈਂਕ ਤੋਂ ਲਿਆ ਕਰਜ਼ਾ 2014 ‘ਚ ਡੁੱਬ ਗਿਆ ਸੀ ਪਰ ਬੈਂਕ ਨੇ ਸੀæਬੀæਆਈæ ਕੋਲ ਪਿਛਲੇ ਸਾਲ 16 ਅਗਸਤ ਨੂੰ ਪਹੁੰਚ ਕੀਤੀ ਜਿਸ ਮਗਰੋਂ ਸੇਠ ਮੁਲਕ ਤੋਂ ਭੱਜ ਗਿਆ। ਬੈਂਕ ਮੁਤਾਬਕ ਕੰਪਨੀ ਨੇ 2007 ਅਤੇ 2012 ਦਰਮਿਆਨ ਆਪਣੇ ਕਾਰੋਬਾਰ ਲਈ ਇਕ ਬੈਂਕ ਤੋਂ ਦੂਜੇ ਬੈਂਕ ਲਈ ਗਾਰੰਟੀ ਪੱਤਰ ਹਾਸਲ ਕਰ ਕੇ ਕਰਜ਼ੇ ਲਏ ਪਰ ਉਨ੍ਹਾਂ ਨੂੰ ਮੋੜਿਆ ਨਹੀਂ। ਬੈਂਕ ਵੱਲੋਂ ਕੀਤੀ ਗਈ ਜਾਂਚ ਵਿਚ ਪਤਾ ਲੱਗਿਆ ਕਿ ਕੰਪਨੀ ਨੇ ਵਿਦੇਸ਼ ਵਿਚ ਫਰਜ਼ੀ ਕੰਪਨੀਆਂ ਬਣਾ ਕੇ ਬੈਂਕ ਨੂੰ ਚੂਨਾ ਲਾਇਆ। ਦਿੱਲੀ ਦੇ ਕਾਰੋਬਾਰੀ ਅਮਿਤ ਸਿੰਗਲਾ ਅਤੇ ਉਸ ਦੀ ਕੰਪਨੀ ਨੇ 2010 ਅਤੇ 2012 ਵਿਚਕਾਰ ਬੈਂਕ ਆਫ ਮਹਾਰਾਸ਼ਟਰ ਤੋਂ ਸਾਢੇ 9 ਕਰੋੜ ਰੁਪਏ ਲਏ। ਉਸ ਨੇ ਇਸ ਦੇ ਇਵਜ਼ ਵਿਚ ਦਿੱਲੀ ਅਤੇ ਹਰਿਆਣਾ ਵਿਚ ਤਿੰਨ ਸੰਪਤੀਆਂ ਗਿਰਵੀ ਰੱਖੀਆਂ। ਕਰਜ਼ਾ ਲੈਣ ਸਮੇਂ ਇਸ ਦੀ ਕੀਮਤ 18 ਕਰੋੜ ਰੁਪਏ ਦੱਸੀ ਗਈ ਸੀ। ਸਾਲ 2013 ਵਿਚ ਇਹ ਕਰਜ਼ਾ ਡੁੱਬ ਗਿਆ ਅਤੇ ਬੈਂਕ ਨੇ ਗਿਰਵੀ ਰੱਖੀ ਸੰਪਤੀ ਵਿਚੋਂ ਇਕ ਨੂੰ ਵੇਚ ਦਿੱਤਾ, ਪਰ ਸੰਪਤੀਆਂ ਦੀ ਅਸਲ ਬਾਜ਼ਾਰ ਕੀਮਤ ਮਹਿਜ਼ ਢਾਈ ਕਰੋੜ ਰੁਪਏ ਰਹਿ ਗਈ। ਬੈਂਕ ਆਫ ਮਹਾਰਾਸ਼ਟਰ ਦੀ ਐਫ਼ਆਈæਆਰæ ਵਿਚ ਸਿੰਗਲਾ, ਦਿੱਲੀ ਅਧਾਰਤ ਆਸ਼ੀਰਵਾਦ ਚੇਨ ਕੰਪਨੀ ਦੇ ਪ੍ਰੋਪਰਾਈਟਰ, ਗਾਰੰਟਰ ਰੋਸ਼ਨ ਲਾਲ ਭਲੋਟੀਆ, ਸੰਪਤੀ ਦਾ ਮੁੱਲ ਪਾਉਣ ਵਾਲੀ ਕੰਪਨੀ ਟੈਕ ਮੈਕ ਇੰਟਰਨੈਸ਼ਨਲ ਅਤੇ ਬੈਂਕ ਦੇ ਅਣਪਛਾਤੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ।
____________________________
ਰਾਹੁਲ ਨੇ ਘੇਰਿਆ ਮੋਦੀ
ਨਵੀਂ ਦਿੱਲੀ: ਹੋਰ ਬੈਂਕ ਘਪਲੇ ਸਾਹਮਣੇ ਆਉਣ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਸ਼ਬਦੀ ਵਾਰ ਕਰਦਿਆਂ ਦੋਸ਼ ਲਾਏ ਕਿ ਦਿੱਲੀ ਅਧਾਰਤ ਹੀਰਾ ਜਿਊਲਰ ਵੀ ਨੀਰਵ ਮੋਦੀ ਅਤੇ ਵਿਜੇ ਮਾਲਿਆ ਵਾਂਗ ਗਾਇਬ ਹੋ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਮੂੰਹ ਫੇਰ ਕੇ ਦੂਜੇ ਪਾਸੇ ਦੇਖਦੀ ਰਹੀ ਅਤੇ ਘਪਲੇਬਾਜ਼ ਬਾਹਰ ਭੱਜ ਗਿਆ।
____________________________
ਨੁਕਤਾਚੀਨੀ ਪਿੱਛੋਂ ਮੋਦੀ ਨੇ ਵੀ ਤੋੜੀ ਚੁੱਪ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਜਨਤਕ ਖੇਤਰ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਵਿਚ ਹੋਏ 11400 ਕਰੋੜ ਰੁਪਏ ਦੇ ਘਪਲੇ ਸਬੰਧੀ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਤੀ ਅਨਿਯਮਤਾਵਾਂ ਖਿਲਾਫ਼ ਸਖਤ ਕਾਰਵਾਈ ਕਰੇਗੀ ਅਤੇ ਜਨਤਾ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
____________________________
ਕੈਪਟਨ ਦੇ ਜਵਾਈ ‘ਤੇ ਪਰਚਾ ਦਰਜ
ਨਵੀਂ ਦਿੱਲੀ: ਓਰੀਐਂਟਲ ਬੈਂਕ ਆਫ ਕਾਮਰਸ (ਓæਬੀæਸੀæ) ਵਿਚ ਤਕਰੀਬਨ 200 ਕਰੋੜ ਦੇ ਘਪਲੇ ਦਾ ਪਤਾ ਲੱਗਾ ਹੈ। ਇਸ ਘੁਟਾਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਮਾਨ ਦਾ ਨਾਮ ਵੀ ਸ਼ਾਮਲ ਹੈ। ਗੁਰਪਾਲ ਸਿੰਘ ਮਾਨ ਸਿੰਭਾਵਲੀ ਸ਼ੂਗਰ ਮਿੱਲ ਲਿਮਟਿਡ ਦੇ ਡਿਪਟੀ ਐਮæਡੀæ ਹਨ। ਮਾਨ ਤੋਂ ਇਲਾਵਾ ਸੀæਬੀæਆਈæ ਨੇ ਮਿੱਲ ਦੇ ਚੇਅਰਮੈਨ ਗੁਰਮੀਤ ਸਿੰਘ ਤੇ ਸੀæਈæਓæ ਜੀæਐਸ਼ਟੀæ ਰਾਵ ਸਮੇਤ ਤਕਰੀਬਨ 10 ਵਿਅਕਤੀਆਂ ਉਤੇ ਮਾਮਲਾ ਦਰਜ ਕੀਤਾ ਹੈ। ਇਹ ਧੋਖਾਧੜੀ ਓæਬੀæਸੀæ ਦੀ ਮੇਰਠ ਬਰਾਂਚ ਵਿਚ 2011 ਵਿਚ ਤੇ ਫਿਰ 2015 ਵਿਚ ਕੀਤੀ ਗਈ। ਸਿੰਭਾਵਲੀ ਸ਼ੂਗਰ ਮਿੱਲ ਦੇਸ਼ ਦੀਆਂ ਸਭ ਤੋਂ ਵੱਡੀਆਂ ਸ਼ੂਗਰ ਕੰਪਨੀਆਂ ਵਿੱਚੋਂ ਹੈ।