ਮਾਝਾ ਤੇ ਦੁਆਬਾ ਵੀ ਕੈਂਸਰ ਦੀ ਜਕੜ ‘ਚ ਆਇਆ

ਫਰੀਦਕੋਟ: ਪੰਜਾਬ ਦੇ ਮਾਲਵਾ ਤੋਂ ਬਾਅਦ ਹੁਣ ਮਾਝਾ ਤੇ ਦੁਆਬੇ ਨੂੰ ਵੀ ਕੈਂਸਰ ਨੇ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਸਰਵੇਖਣ ਅਨੁਸਾਰ ਕੈਂਸਰ ਦੇ ਜ਼ਿਆਦਾ ਮਰੀਜ਼ ਅੰਮ੍ਰਿਤਸਰ ਤੇ ਲੁਧਿਆਣਾ ਵਿਚ ਸਾਹਮਣੇ ਆਏ ਹਨ।

ਲੁਧਿਆਣਾ ਜ਼ਿਲ੍ਹਾ ਪਹਿਲੇ, ਅੰਮ੍ਰਿਤਸਰ ਦੂਜੇ ਤੇ ਬਠਿੰਡਾ ਜ਼ਿਲ੍ਹਾ ਤੀਜੇ ਸਥਾਨ ਉਤੇ ਹੈ। 2017 ਤੱਕ ਦੇ ਅੰਕੜਿਆਂ ਮੁਤਾਬਕ ਜਿਲ੍ਹਾ ਅੰਮ੍ਰਿਤਸਰ ‘ਚ 745, ਬਰਨਾਲਾ ਵਿਚ 203, ਬਠਿੰਡਾ ‘ਚ 552, ਫਤਿਹਗੜ੍ਹ ਸਾਹਿਬ ਵਿਚ 127, ਫਰੀਦਕੋਟ ‘ਚ 248, ਫਿਰੋਜ਼ਪੁਰ ‘ਚ 295, ਫਾਜ਼ਿਲਕਾ ‘ਚ 260, ਗੁਰਦਾਸਪੁਰ ਵਿਚ 469, ਹੁਸ਼ਿਆਰਪੁਰ ‘ਚ 310, ਜਲੰਧਰ ‘ਚ 450, ਕਪੂਰਥਲਾ ਵਿਚ 196, ਲੁਧਿਆਣਾ ਵਿਚ 749, ਮਾਨਸਾ ‘ਚ 320, ਮੋਗਾ ‘ਚ 350, ਸ੍ਰੀ ਮੁਕਤਸਰ ਸਾਹਿਬ ‘ਚ 354, ਪਟਿਆਲਾ ‘ਚ 616, ਪਠਾਨਕੋਟ ਵਿਚ 124, ਰੂਪ ਨਗਰ ‘ਚ 97, ਸ਼ਹੀਦ ਭਗਤ ਸਿੰਘ ਨਗਰ ਵਿਚ 113, ਮੋਹਾਲੀ ‘ਚ 98, ਸੰਗਰੂਰ ਵਿਚ 682 ਅਤੇ ਤਰਨਤਾਰਨ ਵਿਚ 399 ਕੈਂਸਰ ਦੇ ਮਰੀਜ਼ ਦਰਜ ਕੀਤੇ ਗਏ ਹਨ।
ਕੈਂਸਰ ਦੇ ਮਰੀਜ਼ਾਂ ਦਾ ਹਰ ਸਾਲ ਅੰਕੜਾ ਵਧਦਾ ਜਾ ਰਿਹਾ ਹੈ। ਸਾਲ 2012 ਵਿਚ 6027, 2013 ਵਿਚ 5565, 2014 ਵਿਚ 8121, 2015 ਵਿਚ 8150, 2016 ਵਿਚ 8925 ਅਤੇ ਸਾਲ 2017 ਵਿਚ 7756 ਕੈਂਸਰ ਦੇ ਮਰੀਜ਼ ਸਾਹਮਣੇ ਆਏ ਹਨ। ਕੈਂਸਰ ਦੇ ਮਰੀਜ਼ਾਂ ਵਿਚ ਉਹ ਮਰਦ ਅਤੇ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਮੂੰਹ, ਫੇਫੜੇ, ਪ੍ਰੋਸਟੈਟ ਫੂਡ ਪਾਈਪ, ਗਲਾ, ਜੀਭ, ਪਿੱਤਾ, ਛਾਤੀ, ਬੱਚੇਦਾਨੀ ਤੇ ਬਲੱਡ ਕੈਂਸਰ ਨਾਲ ਪੀੜਤ ਹਨ। ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਲਈ ਰੋਗੀਆਂ ਦੀ ਮਦਦ ਲਈ 50 ਕਰੋੜ ਰੁਪਏ ਰੱਖੇ ਜਾਂਦੇ ਹਨ ਜੋ ਵਧਾ ਕੇ 100 ਕਰੋੜ ਰੁਪਏ ਤੋਂ ਉਪਰ ਰੱਖੇ ਗਏ ਹਨ ਪਰ ਪੰਜਾਬ ਕੈਂਸਰ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਕ ਮਰੀਜ਼ ਨੂੰ ਇਲਾਜ ਲਈ ਮੁੱਖ ਮੰਤਰੀ ਫੰਡ ਵਿਚ ਸਿਰਫ ਡੇਢ ਲੱਖ ਰੁਪਏ ਦਿੱਤੇ ਜਾਂਦੇ ਹਨ ਜਦ ਕਿ ਖਰਚਾ ਇਸ ਤੋਂ ਬਹੁਤ ਜ਼ਿਆਦਾ ਹੈ।