ਚੰਡੀਗੜ੍ਹ: ਅਕਾਲੀ ਦਲ ਬਾਦਲ ‘ਪੋਲ ਖੋਲ੍ਹ ਰੈਲੀਆਂ’ ਰਾਹੀਂ ਪੰਜਾਬ ਦੇ ਲੋਕਾਂ ਦੇ ਮਨ ਟਟੋਲਨ ਵਿਚ ਜੁਟਿਆ ਹੋਇਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਰੈਲੀਆਂ ਜ਼ਰੀਏ ਵਰਕਰ ਵਿਚ ਜੋਸ਼ ਭਰਨ ਦਾ ਕੰਮ ਵੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ 7 ਫਰਵਰੀ ਤੋਂ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਪੋਲ ਖੋਲ੍ਹ ਰੈਲੀਆਂ ਅਰੰਭੀਆਂ ਹਨ, ਜੋ ਹਰ ਹਲਕੇ ‘ਚ ਕੀਤੀਆਂ ਜਾਣਗੀਆਂ।
ਹਾੜ੍ਹੀ ਤੋਂ ਪਹਿਲਾਂ 30 ਦੇ ਕਰੀਬ ਰੈਲੀਆਂ ਕੀਤੀਆਂ ਜਾਣੀਆਂ ਹਨ
ਅਤੇ ਹਾੜੀ ਵਿਚ ਵਿਰਾਮ ਦੇ ਕੇ ਫਿਰ ਇਹ ਰੈਲੀਆਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ। ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਹੱਥੋਂ ਕਰਾਰੀ ਹਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਰੁਤਬਾ ਖੋਹ ਲੈਣ ਕਾਰਨ ਅਕਾਲੀ ਦਲ ਸਾਹ ਸਤਹੀਣ ਹੋ ਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀਆਂ ਸੀਮਤ ਸਰਗਰਮੀਆਂ ਅਕਾਲੀ ਦਲ ਨੂੰ ਫਿੱਟ ਬੈਠਣ ਲੱਗੀਆਂ ਹਨ। ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਰੈਲੀਆਂ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਇਸ ਕਾਰਨ ਪਾਰਟੀ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਨੂੰ ਮਜ਼ਬੂਤੀ ਨਾਲ ਵਿਚਰਨ ਦਾ ਮੌਕਾ ਮਿਲ ਰਿਹਾ ਹੈ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਨਾਲ ਹੀ ਮੌਜੂਦਾ ਅਹੁਦੇਦਾਰ ਉਨ੍ਹਾਂ ਦੀ ਪ੍ਰਧਾਨਗੀ ਨੂੰ ਖਿੜੇ ਮੱਥੇ ਕਬੂਲ ਰਹੇ ਹਨ।
ਰੈਲੀਆਂ ਵਿਚ ਆਮ ਤੌਰ ‘ਤੇ ਅਗਲੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਹੀ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਸੁਖਬੀਰ ਨੇ ਤਾਂ ਵਰਕਰਾਂ ਨੂੰ ਇਹ ਅਪੀਲ ਵੀ ਕਰ ਦਿੱਤੀ ਕਿ ਉਹ 13 ਦੀਆਂ 13 ਸੀਟਾਂ ‘ਤੇ ਕਾਂਗਰਸ ਨੂੰ ਕਰਾਰੀ ਹਾਰ ਦੇਣ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵੀ ਪਾਰਟੀ ਵਰਕਰਾਂ ਨੂੰ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰਨ ਲਈ ਕਹਿ ਦਿੱਤਾ। ਲੋਕ ਸਭਾ ਚੋਣਾਂ ਲਈ ਤੀਜੀ ਵਾਰ ਬਠਿੰਡਾ ਹਲਕੇ ਤੋਂ ਪਾਰਟੀ ਵੱਲੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ‘ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਉਨ੍ਹਾਂ ਪੋਲ ਖੋਲ੍ਹ ਰੈਲੀ ‘ਚ ਭਰਵੀਂ ਹਾਜ਼ਰੀ ਲਗਾਈ ਤੇ ਕਾਂਗਰਸ ਨੂੰ ਸਬਕ ਸਿਖਾਉਣ ਲਈ ਲੋਕ ਸਭਾ ਚੋਣਾਂ ‘ਚ ਹਰਾਉਣ ਦਾ ਸੱਦਾ ਦਿੱਤਾ। ਹੋਰ ਬੁਲਾਰਿਆਂ ਦੀਆਂ ਤਕਰੀਰਾਂ ‘ਚ ਵੀ ਲੋਕ ਸਭਾ ਚੋਣਾਂ ਦਾ ਜ਼ਿਕਰ ਸ਼ਾਮਲ ਸੀ। ਦੂਜੇ ਪਾਸੇ ਕਾਂਗਰਸ ਪਾਰਟੀ ਦੀਆਂ ਠੱਪ ਪਈਆਂ ਸਰਗਰਮੀਆਂ ਤੋਂ ਪਾਰਟੀ ਵਰਕਰ ਅੰਦਰੋਂ ਅੰਦਰੀਂ ਝੁਰ ਰਹੇ ਹਨ। ਰਾਜ ਭਾਗ ਹੋਣ ਦੇ ਬਾਵਜੂਦ ਕਾਂਗਰਸੀਆਂ ਵਿਚ ਪਹਿਲਾਂ ਵਾਂਗ ਉਤਸ਼ਾਹ ਗਾਇਬ ਹੈ।