ਚੰਡੀਗੜ੍ਹ: ਦਲਿਤਾਂ ਦੇ ਮਾਮਲੇ ਵਿਚਾਰਨ ਵਾਲੀ ‘ਉਚ ਤਾਕਤੀ’ ਕਮੇਟੀ ਦੀ ਮੀਟਿੰਗ ਵਿਚੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਨੂੰ ਕਾਂਗਰਸ ਦੇ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਮੁੱਦੇ ਵਜੋਂ ਉਭਾਰਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ, ਭਾਜਪਾ ਦੇ ਸੋਮ ਪ੍ਰਕਾਸ਼ (ਦੋਵੇਂ ਵਿਧਾਇਕ) ਅਤੇ ਸ੍ਰੀ ਦੂਲੋ ਨੇ ਇਕੋ ਸੁਰ ਵਿਚ ਕੈਪਟਨ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਉਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲਾਏ ਹਨ।
ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਵਜੋਂ ਮੁੱਖ ਮੰਤਰੀ ਨੇ ਕਰਨੀ ਸੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਜਿਉਂ ਹੀ ਕਾਰਵਾਈ ਸ਼ੁਰੂ ਕਰਨ ਲੱਗੇ ਤਾਂ ਸਭ ਤੋਂ ਪਹਿਲਾਂ ਕਾਂਗਰਸ ਦੇ ਹੀ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਮੁੱਖ ਮੰਤਰੀ ਦੀ ਗੈਰਹਾਜ਼ਰੀ ਉਤੇ ਸਵਾਲ ਖੜ੍ਹਾ ਕੀਤਾ। ਮੁੱਖ ਮੰਤਰੀ ਦੀ ਸਿਹਤ ਨਾਸਾਜ਼ ਹੋਣ ਦੀ ਦਲੀਲ ਦੇ ਕੇ ਮੀਟਿੰਗ ਕਰਨ ਦੀ ਵਿੱਤ ਮੰਤਰੀ ਦੀ ਬੇਨਤੀ ਨੂੰ ਸ੍ਰੀ ਦੂਲੋ ਅਤੇ ਤਿੰਨਾਂ ਵਿਧਾਇਕਾਂ ਪਵਨ ਕੁਮਾਰ ਟੀਨੂੰ, ਸੋਮ ਪਕਾਸ਼ ਅਤੇ ‘ਆਪ’ ਦੇ ਬੁੱਧ ਰਾਮ ਨੇ ਰੱਦ ਕਰ ਦਿੱਤਾ। ਇਨ੍ਹਾਂ ਚਾਰਾਂ ਦਲਿਤ ਆਗੂਆਂ ਨੇ ਆਪਣੀਆਂ ਦਲੀਲਾਂ ਰੱਖਣ ਤੋਂ ਬਾਅਦ ਮੀਟਿੰਗ ਵਿਚੋਂ ਵਾਕਆਊਟ ਕਰ ਦਿੱਤਾ।
ਸ੍ਰੀ ਦੂਲੋ ਨੇ ਤਾਂ ਇਥੋਂ ਤੱਕ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਲਿਤਾਂ ਦੇ ਮਾਮਲਿਆਂ ਪ੍ਰਤੀ ਗੰਭੀਰ ਨਹੀਂ ਤੇ ਪਹਿਲਾਂ ਵੀ ਸੂਬੇ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਈ ਮਾਮਲੇ ਵਿੱਤ ਮੰਤਰੀ ਅਤੇ ਭਲਾਈ ਮੰਤਰੀ ਦੇ ਵਿਭਾਗਾਂ ਜਾਂ ਕਾਨੂੰਨ ਵਿਵਸਥਾ ਨਾਲ ਜੁੜੇ ਹੋਏ ਹਨ ਤੇ ਅਜਿਹੇ ਮਾਮਲਿਆਂ ਉਤੇ ਸਮਰੱਥ ਅਥਾਰਟੀ ਮੁੱਖ ਮੰਤਰੀ ਨੂੰ ਹੀ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਮਿਸਾਲ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਕਹੀ ਜਾ ਸਕਦੀ ਹੈ ਤੇ ਇਹ ਮਾਮਲਾ ਮਨਪ੍ਰੀਤ ਸਿੰਘ ਬਾਦਲ ਅਤੇ ਸ੍ਰੀ ਧਰਮਸੋਤ (ਦੋਹਾਂ) ਦੇ ਵਿਭਾਗਾਂ ਨਾਲ ਸਬੰਧਤ ਹੈ। ਸਰਕਾਰ ਵੱਲੋਂ ਆਪਣੇ ਹਿੱਸੇ ਦੀ ਰਕਮ ਪਾਉਣੀ ਤਾਂ ਦੂਰ, ਕੇਂਦਰ ਤੋਂ ਆਈ ਰਕਮ ਵੀ ਲਾਭਪਾਤਰੀਆਂ ਨੂੰ ਦਿੱਤੀ ਨਹੀਂ ਜਾ ਰਹੀ। ਰਾਜ ਸਭਾ ਮੈਂਬਰ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿਚ ਬਾਲਦ ਕਲਾਂ ਪਿੰਡ ਦੀ ਪੰਚਾਇਤੀ ਜ਼ਮੀਨ ਵਿਚ ਦਲਿਤਾਂ ਦੇ ਹਿੱਸੇ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਭਾਰੂ ਹੈ ਤੇ ਦਲਿਤਾਂ ਨੂੰ ਲਗਾਤਾਰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਾਂਗਰਸ ਸ਼ਾਸਨ ਦੌਰਾਨ ਦਲਿਤਾਂ ‘ਤੇ ਅਤਿਆਚਾਰ ਹੋਣ ਦੇ ਦੋਸ਼ ਵੀ ਲਾਏ।
ਭਾਜਪਾ ਦੇ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿਚ ਦਲਿਤਾਂ ਉਤੇ ਸਰਕਾਰੀ ਸ਼ਹਿ ‘ਤੇ ਤਸ਼ੱਦਦ ਦੇ ਮਾਮਲੇ ਵਧ ਰਹੇ ਹਨ ਤੇ ਮੁੱਖ ਮੰਤਰੀ ਨੇ ਉਚ-ਤਾਕਤੀ ਕਮੇਟੀ ਦੀ ਮੀਟਿੰਗ ਪ੍ਰਤੀ ਬੇਰੁਖੀ ਦਿਖਾ ਕੇ ਦਲਿਤ ਮਾਮਲਿਆਂ ਤੋਂ ਮੂੰਹ ਮੋੜਨ ਦਾ ਸਬੂਤ ਦਿੱਤਾ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਮੀਟਿੰਗ ਤਕਰੀਬਨ ਢਾਈ ਸਾਲਾਂ ਬਾਅਦ ਹੋ ਰਹੀ ਸੀ। ਸ੍ਰੀ ਦੂਲੋ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ 2015 ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਟਿੰਗ ਕੀਤੀ ਸੀ। ਕਾਂਗਰਸ ਹਕੂਮਤ ਵਿਚ ਪਹਿਲੀ ਵਾਰੀ ਮੀਟਿੰਗ ਹੋਣੀ ਸੀ ਪਰ ਮੁੱਖ ਮੰਤਰੀ ਗੈਰਹਾਜ਼ਰ ਹੋ ਗਏ।
_____________________
ਮੁੱਖ ਮੰਤਰੀ ਨੂੰ ਬੈਠਕ ‘ਚ ਆਉਣਾ ਚਾਹੀਦਾ ਸੀ: ਦੂਲੋ
ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਸੰਸਦ ਮੈਂਬਰਾਂ ਦੀ ਬੈਠਕ ‘ਚ ਨਹੀਂ ਪਹੁੰਚੇ ਸਨ। ਪੰਜਾਬ ਦੇ ਦਲਿਤ ਭਾਈਚਾਰੇ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹਨ, ਜਿਨ੍ਹਾਂ ਦੇ ਹੱਲ ਬਾਰੇ ਗੰਭੀਰ ਹੋਣ ਦੀ ਲੋੜ ਹੈ, ਇਸ ਲਈ ਮੁੱਖ ਮੰਤਰੀ ਨੂੰ ਬੈਠਕ ‘ਚ ਆਉਣਾ ਚਾਹੀਦਾ ਸੀ।