ਮਾਰੂ ਹਥਿਆਰਾਂ ‘ਤੇ ਪਾਬੰਦੀ ਦੇ ਰਾਹ ਪਈ ਟਰੰਪ ਸਰਕਾਰ

ਵਾਸ਼ਿੰਗਟਨ: ਫਲੋਰਿਡਾ ਦੇ ਇਕ ਸਕੂਲ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਜਾਨਾਂ ਲੈਣ ਦੀ ਘਟਨਾ ਪਿੱਛੋਂ ਲੋਕ ਰੋਹ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮਾਰੂ ਹਥਿਆਰਾਂ ਉਤੇ ਰੋਕ ਲਾਉਣ ਬਾਰੇ ਸੋਚਣ ਲੱਗੇ ਹਨ। ਇਸ ਬਾਰੇ ਟਰੰਪ ਆਮ ਲੋਕਾਂ ਦੇ ਸੁਝਾਵਾਂ ਨੂੰ ਵੀ ਅੱਗੇ ਰੱਖ ਰਹੇ ਹਨ। ਟਰੰਪ ਨੇ 21 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਦੇ ਹੱਥਾਂ ‘ਚ ਅਸਾਲਟ ਰਾਈਫਲਾਂ ਨਾ ਫੜਾਉਣ ਦੀ ਵਕਾਲਤ ਵੀ ਕੀਤੀ ਹੈ। ਅਮਰੀਕਾ ‘ਚ ਬੰਦੂਕ ਹਿੰਸਾ ਉਤੇ ਛਿੜੀ ਬਹਿਸ ਦਰਮਿਆਨ ਟਰੰਪ ਨੇ ਕੌਮੀ ਰਾਈਫਲ ਐਸੋਸੀਏਸ਼ਨ (ਐਨæਆਰæਏæ) ਵਿਚ ਆਪਣੇ ਵਫਾਦਾਰ ਹਮਾਇਤੀਆਂ ਨੂੰ ਝਕਾਨੀ ਦੇ ਦਿੱਤੀ ਹੈ।

ਉਨ੍ਹਾਂ ਸਕੂਲਾਂ ‘ਚ ਸੁਰੱਖਿਆ ਕਰਮੀਆਂ ਅਤੇ ਕਈ ਅਧਿਆਪਕਾਂ ਨੂੰ ਹਥਿਆਰਾਂ ਨਾਲ ਲੈਸ ਕਰਨ ‘ਤੇ ਜ਼ੋਰ ਦਿੱਤਾ ਹੈ। ਇਸ ਸਮੇਂ 18 ਵਰ੍ਹਿਆਂ ਦਾ ਨੌਜਵਾਨ ਕਾਨੂੰਨੀ ਤੌਰ ‘ਤੇ ਬੰਦੂਕ ਖਰੀਦ ਸਕਦਾ ਹੈ। ਟਰੰਪ ਦਾ ਦਾਅਵਾ ਹੈ ਕਿ ਗੋਲੀਬਾਰੀ ਮਗਰੋਂ ਉਨ੍ਹਾਂ ਕਾਂਗਰਸ ਦੇ ਕਈ ਮੈਂਬਰਾਂ ਅਤੇ ਐਨæਆਰæਏæ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਉਨ੍ਹਾਂ ਦੀ ਯੋਜਨਾ ਨੂੰ ਲਾਗੂ ਕਰਨ ਦੀ ਹਾਮੀ ਭਰੀ ਹੈ। ਇਸ ਤੋਂ ਪਹਿਲਾਂ ਟਰੰਪ ਮਾਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ 14 ਫਰਵਰੀ ਨੂੰ ਗੋਲੀਬਾਰੀ ਵਿਚ ਜ਼ਿੰਦਾ ਬਚੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਰੂਬਰੂ ਹੋਏ ਜਿਨ੍ਹਾਂ ਨੇ ਹਿੰਸਾ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਇਥੇ ਵੱਖ-ਵੱਖ ਲੋਕਾਂ ਨੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਆਪਣੇ ਸੁਝਾਅ ਦਿੱਤੇ ਅਤੇ ਆਪਣੇ ਅੰਦਰ ਪੈਦਾ ਹੋਏ ਸਹਿਮ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਾਇਆ। ਟਰੰਪ ਨੇ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ।
ਇਸੇ ਦੌਰਾਨ ਪ੍ਰੋਗਰਾਮ ਵਿਚ ਮੌਜੂਦ ਇਕ ਵਿਅਕਤੀ ਨੇ ਸੁਝਾਅ ਦਿੱਤਾ ਕਿ ਸਕੂਲ ਵਿਚ ਮੌਜੂਦ ਜਿਹੜੇ ਅਧਿਆਪਕਾਂ ਜਾਂ ਪ੍ਰਸ਼ਾਸਕਾਂ ਕੋਲ ਹਥਿਆਰਾਂ ਦਾ ਲਾਇਸੈਂਸ ਹੈ, ਉਹ ਸਕੂਲ ਵਿਚ ਹਥਿਆਰ ਲਾਕ ਕਰ ਕੇ ਸੁਰੱਖਿਅਤ ਰੱਖ ਸਕਦੇ ਹਨ ਅਤੇ ਇਸ ਸਬੰਧੀ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ। ਟਰੰਪ ਨੂੰ ਇਹ ਸੁਝਾਅ ਪਸੰਦ ਆਇਆ। ਇਹ ਵੀ ਪਤਾ ਲੱਗਾ ਹੈ ਕਿ ਟਰੰਪ ਨੇ ਨਿਆਂ ਵਿਭਾਗ ਨੂੰ ਉਨ੍ਹਾਂ ਵਿਵਾਦਗ੍ਰਸਤ ‘ਬੰਪ ਸਟੌਕ’ ਯੰਤਰਾਂ ਉਤੇ ਪਾਬੰਦੀ ਲਾਉਣ ਬਾਰੇ ਵਿਚਾਰ ਲਈ ਕਿਹਾ ਹੈ, ਜਿਨ੍ਹਾਂ ਨਾਲ ਨੀਮ-ਆਟੋਮੈਟਿਕ ਰਾਈਫਲ ਨੂੰ ਪੂਰੀ ਆਟੋਮੈਟਿਕ ਬਣਾਇਆ ਜਾ ਸਕਦਾ ਹੈ। ਅਜਿਹੇ ਯੰਤਰਾਂ ਨਾਲ ਰਾਈਫਲ ਤੋਂ ਇਕ ਮਿੰਟ ਵਿਚ ਸੈਂਕੜੇ ਗੋਲੀਆਂ ਦਾਗੀਆਂ ਜਾ ਸਕਦੀਆਂ ਹਨ।