ਮਨੁੱਖੀ ਹੱਕ, ਕੈਨੇਡਾ ਅਤੇ ਭਾਰਤ

ਪੈਦਾ ਹੋਏ ਟਕਰਾਅ ਦੇ ਕੀ ਹਨ ਕਾਰਨ?
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਕਈ ਕਾਰਨਾਂ ਕਰ ਕੇ ਬਹੁਤ ਚਰਚਿਤ ਰਿਹਾ ਹੈ। ਇਸ ਚਰਚਾ ਨਾਲ ਦੋਹਾਂ ਮੁਲਕਾਂ ਦੀ ਸਿਆਸਤ ਬਾਰੇ ਵੀ ਵਾਹਵਾ ਚਰਚਾ ਹੋਈ ਹੈ। ਆਕਸਫ਼ੋਰਡ ਬਰੁਕਸ ਯੂਨੀਵਰਸਿਟੀ, ਯੂ ਕੇ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਪ੍ਰੋæ ਪ੍ਰੀਤਮ ਸਿੰਘ ਨੇ ਇਸ ਲੇਖ ਵਿਚ ਕੈਨੇਡਾ ਅਤੇ ਭਾਰਤ ਦੇ ਸਿਆਸੀ-ਸਮਾਜਿਕ-ਸਭਿਆਚਾਰਕ ਧਰਾਤਲ ਦੀਆਂ ਸਾਂਝਾਂ ਅਤੇ ਮੱਤਭੇਦਾਂ ਦੀ ਗੱਲ ਕਰਦਿਆਂ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਹਨ ਜੋ ਅਸੀਂ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ।

-ਸੰਪਾਦਕ

ਪ੍ਰੋæ ਪ੍ਰੀਤਮ ਸਿੰਘ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਾਲੀਆ ਭਾਰਤ ਦੌਰੇ ਦੌਰਾਨ ਦੋਹਾਂ ਦੇਸ਼ਾਂ ਦਾ ਮੀਡੀਆ (ਖ਼ਾਸ ਕਰ ਕੇ ਭਾਰਤੀ ਮੀਡੀਆ) ਇਸ ਮਾਮਲੇ ਨੂੰ ਕੁਝ ਵਧੇਰੇ ਹੀ ਇਸ ਤਰ੍ਹਾਂ ਬਣਾ ਕੇ ਪੇਸ਼ ਕਰਨ ਦਾ ਯਤਨ ਕਰਦਾ ਰਿਹਾ, ਜਿਵੇਂ ਕੈਨੇਡਾ ਦੇ ਕੁਝ ਸਿੱਖ ਗਰੁੱਪਾਂ ਵੱਲੋਂ ਕੀਤੀ ਜਾ ਰਹੀ ਖ਼ਾਲਿਸਤਾਨ ਦੀ ਮੰਗ ਨੂੰ ਉਥੋਂ ਦੀ ਸਰਕਾਰ ਕਥਿਤ ਤੌਰ ‘ਤੇ ਹਮਾਇਤ ਦੇ ਰਹੀ ਹੋਵੇ ਅਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਸਬੰਧਾਂ ਵਿਚਾਲੇ ਤਣਾਅ ਦਾ ਇਹੋ ਮੁੱਖ ਕਾਰਨ ਹੋਵੇ। ਇਸ ਧਾਰਨਾ ਵਿਚ ਕੁਝ ਤਾਂ ਸੱਚਾਈ ਹੈ, ਪਰ ਇਸ ਮਾਮਲੇ ਨੂੰ ਬਹੁਤ ਸਿੱਧੜ ਢੰਗ ਨਾਲ ਸਾਹਮਣੇ ਲਿਆਂਦਾ ਗਿਆ ਹੈ, ਸਿੱਟੇ ਵਜੋਂ ਕੈਨੇਡਾ ਤੇ ਭਾਰਤ ਦੇ ਸਿਆਸੀ ਸਭਿਆਚਾਰ ਵਿਚਲੇ ਗੰਭੀਰ ਮਤਭੇਦਾਂ ਤੇ ਸਾਂਝਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮੁੱਖ ਸਿਆਸੀ-ਸਭਿਆਚਾਰਕ ਮਤਭੇਦ ਤਾਂ ਮਨੁੱਖੀ ਹੱਕਾਂ ਬਾਰੇ ਵਿਚਾਰਾਂ ਨੂੰ ਲੈ ਕੇ ਹਨ। ਅਸਲ ਵਿਚ ਮਨੁੱਖੀ ਹੱਕਾਂ ਪ੍ਰਤੀ ਵੱਖ ਵੱਖ ਵਿਚਾਰਾਂ ‘ਤੇ ਡੂੰਘੇ ਬੁਨਿਆਦੀ ਮਤਭੇਦ ਹੀ ਖ਼ਾਲਿਸਤਾਨ ਦੇ ਮੁੱਦੇ ‘ਤੇ ਤਣਾਅ ਦਾ ਮੁੱਖ ਕਾਰਨ ਹਨ।
ਕੈਨੇਡਾ ਭਾਵੇਂ ਆਰਥਿਕ ਤੌਰ ‘ਤੇ ਵਿਕਸਤ ਅਤੇ ਭਾਰਤ ਅਜੇ ਵੀ ਵਿਕਾਸਸ਼ੀਲ ਦੇਸ਼ ਹੀ ਹੈ, ਉਂਜ ਦੋਵੇਂ ਪੂੰਜੀਵਾਦੀ ਅਰਥ ਵਿਵਸਥਾ ਤਹਿਤ ਚੱਲਦੇ ਹਨ, ਤੇ ਦੋਹਾਂ ਨੂੰ ਇਸ ਵੇਲੇ ਪੂੰਜੀਵਾਦ ਦੇ ਮਾੜੇ ਪ੍ਰਭਾਵ ਝੱਲਣੇ ਪੈ ਰਹੇ ਹਨ। ਵੱਡੀ ਆਰਥਿਕ ਅਸਮਾਨਤਾ ਅਤੇ ਇਸ ਦੇ ਸਮਾਜਿਕ ਤੇ ਸਭਿਆਚਾਰਕ ਨਤੀਜੇ, ਦੋਹਾਂ ਦੇਸ਼ਾਂ ਦੇ ਸਾਂਝੇ ਊਣੇ ਸਿਆਸੀ-ਆਰਥਿਕ ਰਾਜ-ਪ੍ਰਬੰਧ ਵੱਲ ਸੰਕੇਤ ਕਰਦੇ ਹਨ। ਇਸ ਸਾਂਝ ਦੇ ਪ੍ਰਸੰਗ ਵਿਚ ਡੂੰਘੇ ਸਿਆਸੀ-ਸਭਿਆਚਾਰਕ ਫਰਕ ਹਨ। ਜੇ ਕੈਨੇਡਾ-ਭਾਰਤ ਸਬੰਧਾਂ ਨੂੰ ਡੂੰਘੀ ਤਰ੍ਹਾਂ ਸਮਝਣਾ ਹੈ, ਤਾਂ ਦੋਹਾਂ ਦੇਸ਼ਾਂ ਦੇ ਸਿਆਸੀ ਸਭਿਆਚਾਰ ਦੇ ਮੱਦੇਨਜ਼ਰ ਮਨੁੱਖੀ ਅਧਿਕਾਰਾਂ ਬਾਰੇ ਮੁੱਖ ਫਰਕ ਨੂੰ ਸਮਝਣਾ ਪਵੇਗਾ।
ਕੈਨੇਡਾ ਦਾ ਅਜਿਹਾ ਸ਼ਰਮਨਾਕ ਅਤੇ ਮੁਸੀਬਤਾਂ ਭਰਿਆ ਇਤਿਹਾਸ ਹੈ, ਜਿਸ ਵਿਚ ਉਥੋਂ ਦੇ ਮੂਲਵਾਸੀ ਭਾਈਚਾਰਿਆਂ ਦਾ ਮੁਕੰਮਲ ਖ਼ਾਤਮਾ ਕੀਤਾ ਗਿਆ ਤੇ ਗ਼ੈਰ-ਗੋਰੀਆਂ ਨਸਲੀ ਘੱਟ-ਗਿਣਤੀਆਂ ਨੂੰ ਦਬਾਇਆ ਗਿਆ, ਪਰ ਹੌਲੀ ਹੌਲੀ ਇਸ ਪੀੜ ਨੂੰ ਪਿਛਾਂਹ ਛੱਡਦਿਆਂ, ਇਸ ਨੇ ਆਪਣੀਆਂ ਇਹ ਇਤਿਹਾਸਕ ਬੇਇਨਸਾਫ਼ੀਆਂ ਮੰਨੀਆਂ ਤੇ ਇਸ ਸਬੰਧੀ ਖ਼ੁਦ ਨੂੰ ਸੁਧਾਰਿਆ। ਇਉਂ ਅੰਤਿਮ ਰੂਪ ਵਿਚ ਇਹ ਮੁਲਕ ਵਧੇਰੇ ਸਹਿਣਸ਼ੀਲ ਤੇ ਬਹੁ-ਸਭਿਆਚਾਰਕ ਸਮਾਜ ਦਾ ਰੂਪ ਅਖ਼ਤਿਆਰ ਕਰਦਾ ਗਿਆ।
ਮਨੁੱਖੀ ਅਧਿਕਾਰਾਂ ਤੇ ਸਮਾਨਤਾ ਲਈ ਕਈ ਪੀੜ੍ਹੀਆਂ ਤੋਂ ਕੰਮ ਕਰਨ ਵਾਲੇ ਕਾਰਕੁਨਾਂ ਨੇ ਕੈਨੇਡਾ ਦੇ ਸਿਆਸੀ ਸਭਿਆਚਾਰ ਲਈ ਅਣਥੱਕ ਸੰਘਰਸ਼ ਕੀਤੇ। ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਪੀਅਰੀ ਟਰੂਡੋ ਨੇ ਦੇਸ਼ ਵਿਚ ਅਜਿਹੀ ਸਿਆਸੀ-ਸਭਿਆਚਾਰਕ ਆਮ ਸਹਿਮਤੀ ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਸੀ ਕਿ ਵਧੀਆ ਸਮਾਜ ਉਹ ਹੁੰਦਾ ਹੈ, ਜੋ ਅੰਦਰੂਨੀ ਮਤਭੇਦਾਂ ਨੂੰ ਸਮਝਦਾ ਹੈ, ਵਿਭਿੰਨਤਾ ਜਾਂ ਵਖਰੇਵੇਂ ਜਾਂ ਮੱਤਭੇਦਾਂ ਦੀ ਕਦਰ ਪਾਉਂਦਾ ਹੈ। ਅਜਿਹੇ ਸਮਾਜ ਉਨ੍ਹਾਂ ਸੰਸਥਾਵਾਂ ਦਾ ਨਿਰਮਾਣ ਕਰਦੇ ਹਨ ਜੋ ਅੰਦਰੂਨੀ ਮਤਭੇਦਾਂ ਤੇ ਵਿਭਿੰਨਤਾਵਾਂ ਵਿਚਾਲੇ ਸੰਤੁਲਨ ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਬੇਸ਼ੱਕ, ਇਸ ਆਮ ਸਹਿਮਤੀ ‘ਤੇ ਪੱਛਮੀ ਪੂੰਜੀਵਾਦੀ ਅਰਥ ਵਿਵਸਥਾਵਾਂ ਵਿਚ ਵੱਡੇ ਪੱਧਰ ‘ਤੇ ਬਹਿਸ ਹੋਈ ਸੀ ਕਿ ਕਾਰਜਕੁਸ਼ਲ ਅਰਥ ਵਿਵਸਥਾ ਦੇ ਨਿਰਮਾਣ ਲਈ ਅਰਥ-ਵਿਵਸਥਾ ਨੂੰ ਚਲਾਉਣ ਵਿਚ ਸਹਾਇਕ ਹਰ ਤਰ੍ਹਾਂ ਦੀ ਕਿਰਤ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਕੁਝ ਪੱਛਮੀ ਦੇਸ਼ਾਂ ਵਿਚ ਨਸਲੀ/ਅਰਧ-ਨਸਲੀ ਸਿਆਸੀ ਸਮੂਹਾਂ ਤੇ ਪਾਰਟੀਆਂ (ਅਮਰੀਕਾ ਵਿਚ ਟਰੰਪ ਦਾ ਰਾਸ਼ਟਰਪਤੀ ਬਣਨਾ ਉਘੜਵੀਂ ਮਿਸਾਲ ਹੈ) ਵਿਚ ਆਏ ਹਾਲੀਆ ਨਿਘਾਰ ਦੇ ਬਾਵਜੂਦ ਪੱਛਮੀ ਸੰਸਾਰ ਵਿਚ ਵੱਡੇ ਪੱਧਰ ‘ਤੇ ਇਹੀ ਪ੍ਰਵਾਨਿਤ ਆਮ ਸਹਿਮਤੀ ਹੈ। ਕੈਨੇਡਾ ਨੇ ਇਹ ਆਮ ਸਹਿਮਤੀ ਕਾਇਮ ਕਰਨ ਵਿਚ ਨਾ ਸਿਰਫ਼ ਅਹਿਮ ਭੂਮਿਕਾ ਨਿਭਾਈ ਹੈ, ਸਗੋਂ ਇਸ ਪ੍ਰਤੀ ਪ੍ਰਤੀਬੱਧ ਰਹਿਣ ਦਾ ਦ੍ਰਿੜ੍ਹ ਇਰਾਦਾ ਵੀ ਪ੍ਰਗਟਾਇਆ ਹੈ। ਮਨੁੱਖੀ ਅਧਿਕਾਰਾਂ ਲਈ ਸਤਿਕਾਰ, ਵਿਭਿੰਨਤਾ ਅਤੇ ਬਹੁਲਵਾਦ ਕੈਨੇਡਾ ਦੇ ਪ੍ਰਵਾਨਿਤ ਮਾਹੌਲ ਵਿਚ ਨਿਹਿਤ ਹਨ।
ਕੈਨੇਡਾ ਵਿਚ ਬਹੁ-ਸਭਿਆਚਾਰ ਬਾਰੇ ਸਿਧਾਂਤਕ ਅਤੇ ਅਕਾਦਮਿਕ ਕੰਮ ਸਭ ਤੋਂ ਅਗਾਂਹਵਧੂ ਰਿਹਾ ਹੈ। ਇਹ ਕੰਮ ਬਹੁ-ਸਭਿਆਚਾਰਵਾਦ ਲਈ ਸਤਿਕਾਰ ਦੇ ਸਭਿਆਚਾਰ ਕਾਰਨ ਪ੍ਰਫ਼ੁਲਿਤ ਹੋ ਸਕਿਆ ਸੀ ਅਤੇ ਇਹ ਮੋੜਵੇਂ ਰੂਪ ਵਿਚ ਬਹੁ-ਸਭਿਆਚਾਰਵਾਦ ਦੇ ਹੱਕ ਵਿਚ ਵਿਚਾਰਾਂ, ਵਿਹਾਰਾਂ ਤੇ ਸੰਸਥਾਵਾਂ ਦਾ ਮਜ਼ਬੂਤ ਸਰੂਪ ਘੜਨ-ਸੰਵਾਰਨ ਲਈ ਰਾਹ ਮੋਕਲੇ ਕਰਦਾ ਹੈ। ਬਹੁ-ਸਭਿਆਚਾਰਵਾਦ ਦੇ ਰਾਹ ‘ਤੇ ਤੁਰਨ ਦੇ ਕੈਨੇਡਾ ਨੂੰ ਕਈ ਲਾਭ ਹੋਏ ਹਨ। ਪਿਛਲੇ 20 ਵਰ੍ਹਿਆਂ ਦੌਰਾਨ, ਮਨੁੱਖੀ ਵਿਕਾਸ ਸੂਚਕ ਅੰਕ ਦੀਆਂ ਮੱਦਾਂ ਵਿਚ ਕੈਨੇਡਾ ਸੰਸਾਰ ਦਾ ਪਹਿਲਾ ਦੇਸ਼ ਬਣਿਆ ਰਿਹਾ ਹੈ, ਜਾਂ ਪਹਿਲੇ 10 ਦੇਸ਼ਾਂ ਵਿਚ ਉਸ ਦਾ ਸ਼ੁਮਾਰ ਹੁੰਦਾ ਰਿਹਾ ਹੈ। ਕੈਨੇਡਾ ਇਸ ਤੱਥ ‘ਤੇ ਮਾਣ ਕਰ ਸਕਦਾ ਹੈ ਕਿ ਉਹ ਪੱਛਮੀ ਸੰਸਾਰ ਦਾ ਇਕਲੌਤਾ ਅਜਿਹਾ ਦੇਸ਼ ਹੈ, ਜਿਥੇ ਕੋਈ ਗ਼ੈਰ-ਗੋਰਾ ਵਿਅਕਤੀ (ਜਗਮੀਤ ਸਿੰਘ) ਦੇਸ਼ ਦੀ ਅਹਿਮ ਕੌਮੀ ਪਾਰਟੀ ਦਾ ਮੁਖੀ ਬਣਿਆ ਹੈ।
ਬਹੁਲਵਾਦ, ਵਿਭਿੰਨਤਾ ਤੇ ਮਨੁੱਖੀ ਅਧਿਕਾਰਾਂ ਦੇ ਦ੍ਰਿਸ਼ਟੀਕੋਣ ਤੋਂ ਭਾਰਤ, ਕੈਨੇਡਾ ਦੇ ਮੁਕਾਬਲੇ ਉਲਟੇ ਰਾਹ ‘ਤੇ ਹੀ ਚੱਲਿਆ ਹੈ। ਵੀਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ, ਭਾਰਤ ਵਿਚ ਮਨੁੱਖੀ ਅਧਿਕਾਰਾਂ ਦੇ ਪਾਸਾਰ ਤੇ ਆਜ਼ਾਦੀਆਂ ਲਈ ਬਸਤੀਵਾਦ-ਵਿਰੋਧੀ ਬਹੁਤ ਸ਼ਾਨਦਾਰ ਸੰਘਰਸ਼ ਚੱਲੇ। 1947 ਵਿਚ ਬਸਤੀਵਾਦ-ਵਿਰੋਧੀ ਸੰਘਰਸ਼ਾਂ ਦੀ ਸਫ਼ਲਤਾ ਦੀ ਖ਼ੁਸ਼ੀ ਭਾਵੇਂ ਨਸਲੀ ਹਿੰਸਾ ਤੇ ਕਤਲੇਆਮ ਕਾਰਨ ਖ਼ਤਮ ਹੋ ਗਈ ਸੀ, ਪਰ ਇਸ ਦੇ ਬਾਵਜੂਦ ‘ਏਕਤਾ ਤੇ ਵਿਭਿੰਨਤਾ’ ਦੇ ਸਿਧਾਂਤ ਦੇ ਆਧਾਰ ‘ਤੇ ਸਮਾਜ ਦੇ ਨਿਰਮਾਣ ਦੀਆਂ ਆਸਾਂ ਕਾਇਮ ਹੋਈਆਂ। ਭਾਰਤ ਵਿਚ ਬਸਤੀਵਾਦ ਤੋਂ ਬਾਅਦ ਸਰਕਾਰ ਕਾਇਮ ਹੋਣ ਦੇ ਛੇਤੀ ਬਾਅਦ ਵਿਭਿੰਨਤਾ ਨਾਲੋਂ ਏਕਤਾ ਉਤੇ ਵਧੇਰੇ ਜ਼ੋਰ ਦਿੱਤਾ ਗਿਆ। ਹਿੰਦੂ ਬਹੁ-ਗਿਣਤੀ ਜੋ ਪਹਿਲਾਂ ਚੁੱਪ ਅਤੇ ਲੁਕੀ-ਛਿਪੀ ਹੀ ਰਹੀ, ਉਸ ਨੇ ਪਿਛਲੇ 30 ਵਰ੍ਹਿਆਂ ਦੌਰਾਨ ਕਈ ਤਰ੍ਹਾਂ ਨਾਲ ਆਪਣਾ ਰੂਪ ਵਿਖਾਉਣਾ ਸ਼ੁਰੂ ਕੀਤਾ ਤੇ ਹੁਣ (ਇਸ ਦਾ ਹਿੰਸਕ ਰੂਪ) ਤੇਜ਼ੀ ਨਾਲ ਵਧ ਰਿਹਾ ਹੈ। ਬਹੁ-ਗਿਣਤੀ ਨੇ ਆਪਣਾ ਸਿਆਸੀ ਰਾਹ ਵਿਭਿੰਨਤਾ ਤੋਂ ਲਾਂਭੇ ਕਰ ਕੇ ‘ਏਕਤਾ ਤੇ ਅਖੰਡਤਾ’ ਉਤੇ ਕੇਂਦ੍ਰਿਤ ਕਰ ਲਿਆ ਹੈ ਤੇ ਖੇਤਰੀ ਅਖੰਡਤਾ ਉਤੇ ਵਧੇਰੇ ਜ਼ੋਰ ਦਿੱਤਾ ਜਾਣ ਲੱਗਾ। ਇਸ ਏਕਤਾਵਾਦੀ ਤੇ ਕੇਂਦਰਵਾਦੀ ਰਾਹ ਵਿਚ ਮਨੁੱਖੀ ਹੱਕ ਸ਼ੱਕ ਵਾਲਾ ਮਸਲਾ ਹੋ ਗਏ। ਮਨੁੱਖੀ ਹੱਕਾਂ ਦੇ ਕਾਰਕੁਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਿਆਂ ਦੇਸ਼ ਦੇ ਗ਼ੱਦਾਰਾਂ ਅਤੇ ਰਾਸ਼ਟਰ ਵਿਰੋਧੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਜੇ ਕੈਨੇਡਾ ਵਿਚ, ਅਪਮਾਨਿਤ ਇਤਿਹਾਸ ਤੋਂ ਮਨੁੱਖ ਹਿਤੈਸ਼ੀ ਮੁਲਕ ਬਣਨ ਤੱਕ ਇਤਿਹਾਸਕ ਤਬਦੀਲੀ ਹੋਈ ਹੈ ਤਾਂ ਭਾਰਤ ਵਿਚ ਮਨੁੱਖੀ ਆਜ਼ਾਦੀ ਲਈ ਬਸਤੀਵਾਦ ਵਿਰੋਧੀ ਸੰਘਰਸ਼ਾਂ ਦੇ ਇਤਿਹਾਸਕ ਰਿਕਾਰਡ ਤੋਂ ਮੌਜੂਦਾ ਸੱਤਾਵਾਦ ਤੱਕ ਦਾ ਤਬਾਦਲਾ ਹੋਇਆ ਹੈ। ਕੈਨੇਡਾ ਵਿਚ ਜੇ ਕਿਤੇ ਮਤਭੇਦ ਹੁੰਦੇ ਹਨ ਤਾਂ ਵੀ ਉਨ੍ਹਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਤਾਂ ਜੋ ਸਭਿਆਚਾਰਕ ਤੌਰ ‘ਤੇ ਨਰੋਏ ਸਮਾਜ ਦਾ ਨਿਰਮਾਣ ਹੋ ਸਕੇ। ਇਸੇ ਲਈ ਦੇਸ਼ ਦੇ ਫ਼ਰੈਂਚ ਭਾਸ਼ੀ ਸੂਬੇ ਕਿਊਬੇਕ ਨੂੰ ਇਸ ਬੁਨਿਆਦੀ ਸੁਆਲ ‘ਤੇ ਰਾਇਸ਼ੁਮਾਰੀ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਕਿ ਇਹ ਸੂਬਾ ਦੇਸ਼ ਤੋਂ ਵੱਖ ਹੋਣਾ ਚਾਹੁੰਦਾ ਹੈ। ਭਾਰਤ ਵਿਚ ਵੱਖ ਹੋਣ ਦੀ ਗੱਲ ਤਾਂ ਛੱਡ ਹੀ ਦੇਵੋ, ਜੇ ਕਿਤੇ ਕੋਈ ਸੀਮਤ ਖੇਤਰੀ ਖ਼ੁਦਮੁਖ਼ਤਾਰੀ ਦੀ ਗੱਲ ਵੀ ਕਰੇ ਤਾਂ ਉਸ ਨੂੰ ਵਿਸ਼ਵਾਸਘਾਤ ਮੰਨਿਆ ਜਾਂਦਾ ਹੈ। ਜੇ ਕੈਨੇਡਾ ਆਪਣੇ ਸੂਬਿਆਂ ਨੂੰ ਵੱਖ ਹੋਣ ਦੇ ਅਧਿਕਾਰ ‘ਤੇ ਖੁੱਲ੍ਹੀ ਬਹਿਸ ਕਰਵਾਉਣ ਦੀ ਇਜਾਜ਼ਤ ਦਿੰਦਾ ਹੈ, ਤਾਂ ਉਸ ਤੋਂ ਇਹ ਆਸ ਰੱਖਣੀ ਤਰਕ-ਵਿਹੂਣੀ ਹੋਵੇਗੀ ਕਿ ਉਹ ਉਨ੍ਹਾਂ ਸਿੱਖਾਂ, ਕੁਰਦਾਂ, ਚੇਚਨਾਂ, ਬਲੋਚਾਂ ਜਾਂ ਤਾਮਿਲਾਂ ਨੂੰ ਦਬਾਉਣ ਲਈ ਸਰਕਾਰੀ ਤਾਕਤ ਦੀ ਵਰਤੋਂ ਕਰੇ, ਜੋ ਆਪਣੇ ਮੂਲ ਦੇਸ਼ਾਂ ਵਿਚੋਂ ਵੱਖ ਹੋਣ ਦੀ ਵਕਾਲਤ ਕਰ ਰਹੇ ਹਨ। ਕੈਨੇਡਾ ਦੀਆਂ ਇਨ੍ਹਾਂ ਘੱਟ-ਗਿਣਤੀਆਂ ਦੇ ਬਹੁਤੇ ਮੈਂਬਰ ਵੱਖਵਾਦ ਦੀ ਕੋਈ ਹਮਾਇਤ ਨਹੀਂ ਕਰਦੇ, ਉਹ ਸਿਰਫ਼ ਮੁਤਬਾਦਲ ਸਿਆਸੀ ਰਾਹਾਂ ‘ਤੇ ਬਹਿਸ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨੀ ਚਾਹੁੰਦੇ ਹਨ। ਕੈਨੇਡੀਅਨ ਕਾਨੂੰਨ ਤੇ ਸਿਆਸੀ ਸਭਿਆਚਾਰ ਸ਼ਾਂਤੀਪੂਰਨ ਢੰਗ-ਤਰੀਕਿਆਂ ਨਾਲ ਉਠਾਏ ਜਾ ਰਹੇ ਮਤਭੇਦਾਂ ਨੂੰ ਦਬਾਉਣ ਦੀ ਇਜਾਜ਼ਤ ਨਹੀਂ ਦਿੰਦਾ।
ਭਾਰਤੀ ਸਿਆਸੀ ਸਭਿਆਚਾਰ ਵਿਚ ਮਨੁੱਖੀ ਹੱਕਾਂ ਦੀ ਇਮਾਨਦਾਰਾਨਾ, ਸਹੀ ਤੇ ਸੱਚੀ ਸਮਝ ਨਦਾਰਦ ਹੈ। ਭਾਰਤ ਵਿਚ ਮਨੁੱਖੀ ਹੱਕਾਂ ‘ਤੇ ਆਧਾਰਤ ਨਰੋਆ ਸਿਆਸੀ ਸਭਿਆਚਾਰ ਵਿਕਸਤ ਕਰਨ ਲਈ ਕੈਨੇਡਾ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਤਿਹਾਸਕ ਤੌਰ ‘ਤੇ ਦੇਖਿਆਂ, ਟਰੂਡੋ ਦੇ ਇਸ ਬਹੁ-ਚਰਚਿਤ ਭਾਰਤ ਦੌਰੇ ਦਾ ਵੱਡਾ ਹਾਸਲ ਇਹੀ ਹੋਵੇਗਾ।