-ਜਤਿੰਦਰ ਪਨੂੰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਖੁਸ਼ ਹੋਣਗੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਵੱਲ ਜੋ ਪੈਂਤੜਾ ਉਨ੍ਹਾਂ ਨੇ ਅਪਨਾਇਆ ਸੀ, ਉਸ ਵਿਚ ਆਖਰੀ ਪੜਾਅ ਉਤੇ ਗੱਲ ਉਹੋ ਹੋਈ ਹੈ, ਜਿਹੜੀ ਉਨ੍ਹਾਂ ਨੇ ਚਿਤਵੀ ਸੀ। ਇਸ ਵਿਚ ਉਨ੍ਹਾਂ ਲਈ ਸਭ ਤੋਂ ਵੱਧ ਮਦਦ ਕੈਨੇਡਾ ਦੇ ਉਨ੍ਹਾਂ ਲੋਕਾਂ ਨੇ ਕੀਤੀ, ਜਿਨ੍ਹਾਂ ਵਿਰੁਧ ਇਸ ਤਰ੍ਹਾਂ ਦਾ ਪੈਂਤੜਾ ਅਪਨਾਇਆ ਗਿਆ ਸੀ। ਉਹ ਲੋਕ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਸੋਚ ਲਈ ਵਰਤਣ ਦੇ ਚੱਕਰ ਵਿਚ ਹੱਦ ਤੋਂ ਅੱਗੇ ਨਿਕਲ ਗਏ ਤੇ ਫਿਰ
ਇਹ ਹੀ ਮੂਰਖਤਾ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੀ ਪੁਜ਼ੀਸ਼ਨ ਖਰਾਬ ਕਰਨ ਦਾ ਕਾਰਨ ਬਣ ਗਈ। ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਭਾਰਤ ਯਾਤਰਾ ਦੌਰਾਨ ਹੀ ਜਸਟਿਨ ਟਰੂਡੋ ਨੂੰ ਕਈ ਕਿਸਮ ਦੀਆਂ ਸਫਾਈਆਂ ਦੇਣੀਆਂ ਪੈ ਗਈਆਂ ਤਾਂ ਇਸ ਤੋਂ ਮੋਦੀ ਸਰਕਾਰ ਖੁਸ਼ ਹੈ, ਕੈਪਟਨ ਅਮਰਿੰਦਰ ਸਿੰਘ ਵੀ। ਗੱਲ ਸਿਰਫ ਏਨੀ ਨਹੀਂ, ਸਗੋਂ ਹੁਣ ਅਮਰਿੰਦਰ ਸਿੰਘ ਇਹ ਵੀ ਕਹਿ ਸਕਦੇ ਹਨ ਕਿ ਪਹਿਲ ਮੈਂ ਹੀ ਕੀਤੀ ਸੀ।
ਜਿਸ ਮਸਲੇ ਉਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਦੇਸ਼ ਦੀ ਸਰਕਾਰ ਤੋਂ ਸਿਹਰਾ ਲੈ ਸਕਦੇ ਹਨ ਕਿ ਪਹਿਲ ਮੈਂ ਕੀਤੀ ਸੀ, ਉਸ ਦੀ ਕਹਾਣੀ ਫਿਰ ਕਿਸੇ ਵੇਲੇ ਪਾਈ ਜਾਵੇਗੀ, ਇਸ ਵਕਤ ਸਾਡਾ ਧਿਆਨ ਇਹ ਸੋਚਣ ਉਤੇ ਹੈ ਕਿ ਉਨ੍ਹਾਂ ਨੂੰ ਵੋਟਾਂ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਮਿਲੀਆਂ ਸਨ, ਦੇਸ਼ ਦਾ ਵਿਦੇਸ਼ ਮੰਤਰੀ ਬਣਨ ਵਾਸਤੇ ਨਹੀਂ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਗਿਆਰਾਂ ਮਹੀਨੇ ਪਹਿਲਾਂ ਪੰਜਾਬ ਦੀ ਵਾਗਡੋਰ ਸੌਂਪੀ ਸੀ, ਉਨ੍ਹਾਂ ਲਈ ਹੁਣ ਤੱਕ ਕਿੰਨਾ ਤੇ ਕਿੱਦਾਂ ਦਾ ਕੰਮ ਕੀਤਾ ਹੈ ਤੇ ਜੋ ਕੁਝ ਹੁਣ ਤੱਕ ਕੀਤਾ ਨਹੀਂ ਗਿਆ, ਉਹ ਕਦੋਂ ਕਰਨਾ ਹੈ? ਲੋਕ ਬਹੁਤੀ ਉਡੀਕ ਨਹੀਂ ਕਰਦੇ ਹੁੰਦੇ।
ਹਾਲਾਤ ਵੀ ਇਸ ਤਰ੍ਹਾਂ ਬਦਲ ਰਹੇ ਹਨ ਕਿ ਖੁਦ ਅਮਰਿੰਦਰ ਸਿੰਘ ਨੂੰ ਉਡੀਕਣ ਲਈ ਵਕਤ ਨਹੀਂ ਮਿਲ ਸਕਣਾ। ਉਨ੍ਹਾਂ ਨੂੰ ਇਹ ਚੇਤਾ ਕਰ ਲੈਣਾ ਚਾਹੀਦਾ ਹੈ ਕਿ ਜਦੋਂ ਪਿਛਲੀ ਵਾਰੀ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਅਗਲੇਰੇ ਸਾਲ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਸਨ ਤੇ ਪੰਜਾਬ ਦੀਆਂ ਤੇਰਾਂ ਸੀਟਾਂ ਵਿਚੋਂ ਕਾਂਗਰਸ ਪਾਰਟੀ ਨੂੰ ਸਿਰਫ ਦੋ ਮਿਲੀਆਂ ਸਨ, ਗਿਆਰਾਂ ਸੀਟਾਂ ਅਕਾਲੀ-ਭਾਜਪਾ ਗੱਠਜੋੜ ਜਿੱਤ ਗਿਆ ਸੀ। ਸਿਰਫ ਉਨ੍ਹਾਂ ਨਾਲ ਹੀ ਏਦਾਂ ਨਹੀਂ ਸੀ ਹੋਈ, ਉਨ੍ਹਾਂ ਤੋਂ ਪਹਿਲਾਂ ਜਦੋਂ ਅਕਾਲੀ-ਭਾਜਪਾ ਗੱਠਜੋੜ ਦੀ ਪਹਿਲੀ ਸਰਕਾਰ ਬਣੀ ਤਾਂ ਅਗਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਬਾਰਾਂ ਸੀਟਾਂ ਲੈ ਗਿਆ ਤੇ ਤੇਰਵੀਂ ਜਲੰਧਰ ਵਾਲੀ ਸੀਟ ਜਨਤਾ ਦਲ ਵੱਲੋਂ ਇੰਦਰ ਕੁਮਾਰ ਗੁਜਰਾਲ ਹੁਰੀਂ ਅਕਾਲੀ-ਭਾਜਪਾ ਦੀ ਮਦਦ ਨਾਲ ਜਿੱਤ ਗਏ ਸਨ। ਜਦੋਂ ਉਸੇ ਬਾਦਲ ਸਰਕਾਰ ਦਾ ਦੂਸਰਾ ਸਾਲ ਲੰਘਿਆ ਤਾਂ ਕਾਰਗਿਲ ਦੀ ਜੰਗ ਦੇ ਹੁਲਾਰੇ ਨਾਲ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਿਚ ਸਰਕਾਰ ਬਣ ਗਈ ਸੀ, ਪੰਜਾਬ ਵਿਚ ਇਸ ਗੱਠਜੋੜ ਦੇ ਪੱਲੇ ਸਿਰਫ ਤਿੰਨ ਸੀਟਾਂ ਪਈਆਂ ਸਨ ਅਤੇ ਨੌਂ ਸੀਟਾਂ ਕਾਂਗਰਸ ਅਤੇ ਸੀæ ਪੀæ ਆਈæ ਦਾ ਗੱਠਜੋੜ ਲੈ ਗਿਆ ਸੀ। ਤੇਰ੍ਹਵੀਂ ਸੀਟ ਉਦੋਂ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਲਈ ਸੀ।
ਦਿੱਲੀ ਦੀ ਗੱਲ ਹੋਵੇ ਤਾਂ ਉਥੇ ਵੋਟਰ ਇਹ ਵੇਖਦੇ ਹਨ ਕਿ ਕੇਂਦਰ ਸਰਕਾਰ ਵਿਚ ਕੌਣ ਚਾਹੀਦਾ ਹੈ ਅਤੇ ਦਿੱਲੀ ਦੇ ਸ਼ਹਿਰ ਲਈ ਕਿਹੜਾ ਠੀਕ ਰਹੇਗਾ, ਪਰ ਪੰਜਾਬ ਵਿਚ ਚੋਣ ਲੋਕ ਸਭਾ ਦੀ ਹੋਵੇ ਜਾਂ ਵਿਧਾਨ ਸਭਾ ਦੀ, ਲੋਕ ਇਸ ਰਾਜ ਵਿਚ ਰਾਜ ਕਰਦੀ ਧਿਰ ਦਾ ਕੰਮ ਵੇਖ ਕੇ ਭੁਗਤਦੇ ਹਨ। ਇਹੋ ਕਾਰਨ ਹੈ ਕਿ ਉਦੋਂ ਬਾਦਲ ਸਰਕਾਰ ਦੇ ਦੋ ਸਾਲ ਬੀਤਣ ਪਿੱਛੋਂ ਦੇ ਚੋਣ ਨਤੀਜੇ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੋ ਸਾਲਾਂ ਪਿੱਛੋਂ ਦੇ ਚੋਣ ਨਤੀਜੇ ਨੂੰ ਕੇਂਦਰ ਨਾਲ ਜੋੜਨ ਦੀ ਥਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਲੋਕਾਂ ਵੱਲੋਂ ਹੁੰਗਾਰਾ ਜਾਂ ਵਿਰੋਧ ਮੰਨਿਆ ਗਿਆ ਸੀ। ਹੁਣ ਵੀ ਫਿਰ ਪੰਜਾਬ ਸਰਕਾਰ ਦਾ ਇੱਕ ਸਾਲ ਲੰਘਣ ਵਾਲਾ ਹੈ ਤੇ ਦੂਸਰਾ ਲੰਘਦੇ ਸਾਰ ਜਦੋਂ ਅਗਲੇ ਸਾਲ ਲੋਕ ਸਭਾ ਚੋਣ ਹੋਈ ਤਾਂ ਲੋਕ ਇਸ ਸਰਕਾਰ ਦੀ ਕਾਰਗੁਜ਼ਾਰੀ ਵੇਖ ਕੇ ਵੋਟਾਂ ਪਾਉਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਟੀਮ ਨੂੰ ਇਸ ਗੱਲ ਦੀ ਕੋਈ ਚਿੰਤਾ ਹੀ ਨਹੀਂ ਜਾਪਦੀ। ਉਨ੍ਹਾਂ ਨੂੰ ਚਿੰਤਾ ਕਰਨੀ ਚਾਹੀਦੀ ਹੈ ਤੇ ਸਗੋਂ ਇਸ ਤੋਂ ਵੀ ਵੱਧ ਕਰਨੀ ਚਾਹੀਦੀ ਹੈ।
ਇਸ ਤੋਂ ਵੱਧ ਦਾ ਭਾਵ ਇਹ ਕਿ ਲੋਕ ਸਭਾ ਵਾਲੀ ਚੋਣ ਹੀ ਨਹੀਂ, ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀ ਚੋਣ ਦਾ ਸਬੱਬ ਵੀ ਬਣ ਸਕਦਾ ਹੈ। ਸਾਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਏਨੇ ਵਿਧਾਇਕ ਹਨ ਕਿ ਬਾਹਰੋਂ ਤਾਂ ਕੀ, ਪਾਰਟੀ ਵਿਚੋਂ ਵੀ ਢਾਹ ਲਾਈ ਜਾਣ ਲੱਗੀ ਤਾਂ ਬਹੁਤਾ ਖਤਰਾ ਨਹੀਂ ਹੋਣਾ, ਪਰ ਜਦੋਂ ਅਗਲੇ ਸਾਲ ਚੋਣਾਂ ਵਾਲੀ ਗੱਲ ਅਸੀਂ ਕਹਿ ਰਹੇ ਹਾਂ ਤਾਂ ਇਹ ਸਿਰਫ ਪੰਜਾਬ ਦੀਆਂ ਨਹੀਂ, ਸਾਰੇ ਦੇਸ਼ ਦੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਏ ਜਾਣ ਦੀ ਗੱਲ ਕਹਿਣੀ ਪੈ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦਾ ਸਾਰਾ ਜ਼ੋਰ ਇਸ ਗੱਲ ਲਈ ਲੱਗਾ ਪਿਆ ਹੈ ਕਿ ਅਗਲੀ ਵਾਰੀ ਪਾਰਲੀਮੈਂਟ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਾਈਆਂ ਜਾਣ। ਉਹ ‘ਇੱਕ ਦੇਸ਼, ਇੱਕ ਚੋਣ’ ਦਾ ਬਹੁਤ ਚੁਸਤ ਨਾਅਰਾ ਉਭਾਰ ਰਹੇ ਹਨ। ਭਾਜਪਾ ਦੇ ਹਰਿਆਣਾ ਵਾਂਗ ਕਈ ਸਰਕਾਰਾਂ ਦੇ ਮੰਤਰੀ ਅਤੇ ਵਿਧਾਇਕ ਵੀ ਇਸ ਤੋਂ ਨਾਰਾਜ਼ ਹਨ, ਪਰ ਉਭਾਸਰ ਕੇ ਬੋਲਣ ਦੀ ਹਿੰਮਤ ਨਹੀਂ ਕਰਦੇ। ਹਾਲੇ ਗੁਜਰਾਤ ਦੀ ਮਸਾਂ ਜਿੱਤੀ ਗਈ ਚੋਣ ਨਾਲ ਬਣੀ ਸਰਕਾਰ ਦੀ ਇੱਕ ਤਿਮਾਹੀ ਨਹੀਂ ਹੋਈ ਅਤੇ ਉਸ ਦਾ ਫਸਤਾ ਵੀ ਭਾਜਪਾ ਦੀ ‘ਇੱਕ ਦੇਸ਼, ਇੱਕ ਚੋਣ’ ਮੁਹਿੰਮ ਨਾਲ ਵੱਢੇ ਜਾਣ ਵਾਲੀ ਹਾਲਤ ਬਣਨ ਲੱਗ ਪਈ ਹੈ। ਜਦੋਂ ਉਨ੍ਹਾਂ ਨੇ ਆਪਣੇ ਰਾਜਾਂ ਵਿਚ ਇਹ ਚੋਣਾਂ ਕਰਵਾ ਲੈਣੀਆਂ ਹਨ ਤਾਂ ਪੰਜਾਬ ਨੂੰ ਕਿਸੇ ਨੇ ਬਖਸ਼ ਨਹੀਂ ਦੇਣਾ।
ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਕਹੀ ਜਾਂਦਾ ਹੈ ਕਿ ਪੰਜਾਬ ਦਾ ਚੌਥਾ ਬਜਟ ਘਾਟੇ ਦਾ ਨਹੀਂ, ਮੁਨਾਫੇ ਦਾ ਬਣਾ ਕੇ ਵਿਖਾ ਦਿਆਂਗੇ। ਉਹ ਸਮਝ ਨਹੀਂ ਰਹੇ ਕਿ ਚੌਥਾ ਸਾਲ ਹੋਣ ਤੱਕ ਉਨ੍ਹਾਂ ਦੀ ਸਰਕਾਰ ਦਾ ਚੌਥਾ ਕਰਨ ਦੀਆਂ ਗੋਂਦਾਂ ਜਦੋਂ ਦਿੱਲੀ ਵਿਚ ਗੁੰਦੀਆਂ ਜਾ ਰਹੀਆਂ ਹਨ ਤਾਂ ਉਨ੍ਹਾਂ ਨੂੰ ਲੰਮੀ ਵਾਟ ਵਾਲੇ ਘੋੜੇ ਵਾਂਗ ਨਹੀਂ, ਸੌ ਮੀਟਰ ਦੀ ਦੌੜ ਵਾਲੇ ਓਸਾਨ ਬੁਲੇਟ ਵਾਂਗ ਇੱਕਦਮ ਤੇਜ਼ੀ ਨਾਲ ਰਫਤਾਰ ਫੜ੍ਹਨ ਦੀ ਲੋੜ ਹੈ, ਜਿਸ ਬਾਰੇ ਉਹ ਸੋਚ ਵੀ ਨਹੀਂ ਰਹੇ।
ਇਸ ਵੇਲੇ ਅਸੀਂ ਇਸ ਸਰਕਾਰ ਅਤੇ ਇਸ ਦੇ ਮੁਖੀ ਵੱਲੋਂ ਚੋਣਾਂ ਵਿਚ ਪੇਸ਼ ਕੀਤੇ ਗਏ ਮੈਨੀਫੈਸਟੋ ਤੇ ਕੀਤੇ ਗਏ ਵਾਅਦਿਆਂ ਦੀ ਚਰਚਾ ਨਹੀਂ ਛੇੜਨੀ ਚਾਹੁੰਦੇ, ਜਿਨ੍ਹਾਂ ਦਾ ਹਾਲ ਮਸਾਂ ਗੋਹੜੇ ਵਿਚੋਂ ਪੂਣੀ ਚੁੱਕਣ ਤੱਕ ਸੀਮਤ ਹੈ। ਉਨ੍ਹਾਂ ਦੇ ਆਪਣੇ ਟੱਬਰ ਵਿਚ ਛਿੜਦੀ ਜਾਂਦੀ ਖਾਨਾਜੰਗੀ ਦੀਆਂ ਕਨਸੋਆਂ ਵੀ ਮਿਲ ਰਹੀਆਂ ਹਨ। ਵਜ਼ੀਰੀ ਦੀ ਝਾਕ ਵਾਲੇ ਸੱਜਣਾਂ ਨੇ ਜਦੋਂ ਇਹ ਵੇਖ ਲਿਆ ਕਿ ਇਨ੍ਹਾਂ ਤਿਲਾਂ ਵਿਚ ਤੇਲ ਨਹੀਂ ਜਾਪਦਾ ਤਾਂ ਉਹ ਗੁਰਦਾਸਪੁਰ ਦੇ ਡੇਰੇ ਵੱਲ ਤੁਰਨ ਲੱਗੇ ਸੁਣੇ ਜਾ ਰਹੇ ਹਨ। ਇਨ੍ਹਾਂ ਗੱਲਾਂ ਬਾਰੇ ਮੁੱਖ ਮੰਤਰੀ ਨੂੰ ਕੋਈ ਚਿੰਤਾ ਹੀ ਨਹੀਂ ਜਾਪਦੀ।
ਸਥਿਤੀ ਇਸ ਵਕਤ ਪੰਜਾਬ ਸਰਕਾਰ ਦੀ ‘ਤਿਲ ਥੋੜੜੇ’ ਵਾਲੀ ਜਾਪਦੀ ਹੈ, ਅੱਗੋਂ ਹਾਲਾਤ ਕਿਸੇ ਵੀ ਅਣਕਿਆਸੇ ਰੁਖ ਵੱਲ ਮੋੜਾ ਕੱਟ ਸਕਦੇ ਹਨ ਤੇ ਜਿਹੜੇ ਪਾਸੇ ਵੀ ਮੋੜਾ ਕੱਟਣਗੇ, ਓਧਰ ਦਾ ਪੈਂਡਾ ਪੰਜਾਬ ਦੀ ਮੌਜੂਦਾ ਸਰਕਾਰ ਤੇ ਇਸ ਦੇ ਮੁਖੀ ਲਈ ਸੁਖਾਵਾਂ ਹੋਣ ਦੀ ਬਹੁਤੀ ਆਸ ਹਾਲ ਦੀ ਘੜੀ ਨਹੀਂ ਜਾਪਦੀ। ਕਬੂਤਰ ਅੱਖਾਂ ਵੀ ਮੀਟ ਲਵੇ ਤਾਂ ਬਿੱਲੀ ਨੇ ਬਖਸ਼ ਨਹੀਂ ਦੇਣਾ। ਅਜਿਹੇ ਸੱਜਣਾਂ ਦੀ ਕਮੀ ਨਹੀਂ, ਜੋ ਆਖਦੇ ਹਨ ਕਿ ਨਰਿੰਦਰ ਮੋਦੀ ਏਡੀ ਛੇਤੀ ਇਹ ਫੈਸਲਾ ਅਮਲ ਵਿਚ ਲਾਗੂ ਕਰਨ ਵਾਲੀ ਸਥਿਤੀ ਵਿਚ ਨਹੀਂ, ਪਰ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਨਰਿੰਦਰ ਮੋਦੀ ਤਾਂ ਨਰਿੰਦਰ ਮੋਦੀ ਹੈ, ਇੱਕ ਵਾਰ ਫੈਸਲਾ ਕਰ ਲਵੇ ਤਾਂ ਇਸ ਨੂੰ ਪਾਸ ਕਰਵਾਉਣ ਲਈ ਮੁਲਾਇਮ ਸਿੰਘ ਅਤੇ ਸ਼ਰਦ ਪਵਾਰ ਵਰਗਿਆਂ ਨੂੰ ਵੀ ਵਰਤ ਕੇ ਦੇਸ਼ ਨੂੰ ਹਲੂਣਾ ਦੇ ਸਕਦਾ ਹੈ। ਭਾਜਪਾ ਦੀ ਮੋਹਰੀ ਟੀਮ ਗਿਣੇ ਜਾਂਦੇ ਦੋਵੇਂ ਬੰਦੇ, ਜੀ ਹਾਂ, ਸਿਰਫ ਦੋਵੇਂ ਬੰਦੇ ਹੀ ਟੀਮ ਹਨ, ਇਸ ਵੇਲੇ ਇੱਕ ਚੋਣ-ਜੂਆ ਖੇਡਣ ਦਾ ਮਨ ਬਣਾਈ ਬੈਠੇ ਜਾਪਦੇ ਹਨ। ਕੱਲ੍ਹ ਨੂੰ ਕੀ ਹੋਵੇਗਾ, ਇਹ ਕੋਈ ਨਹੀਂ ਕਹਿ ਸਕਦਾ!