ਬਲਜੀਤ ਬਾਸੀ
ਜਦੋਂ ਸੀਮੈਂਟ ਦੀ ਕਾਢ ਨਹੀਂ ਸੀ ਨਿਕਲੀ ਤਾਂ ਮਕਾਨਾਂ ਆਦਿ ਦੀਆਂ ਕੰਧਾਂ ਤੇ ਫਰਸ਼ਾਂ ਆਦਿ ਦੀਆਂ ਜਿਰੀਆਂ ਭਰ ਭਰ ਕੇ ਜੋੜਨ, ਪੱਕਾ ਕਰਨ ਅਤੇ ਪਲੱਸਤਰ ਕਰਨ ਲਈ ਇਕ ਮਸਾਲੇ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਨੂੰ ਗੱਚ ਕਿਹਾ ਜਾਂਦਾ ਸੀ। ਅਸਲ ਵਿਚ ਗੱਚ ਇਕ ਤਰ੍ਹਾਂ ਦਾ ਚੂਨਾ ਹੀ ਹੈ, ਹਾਲਾਂ ਕਿ ਚੂਨਾ ਸ਼ਬਦ ਸੰਸਕ੍ਰਿਤ ਅਤੇ ਗੱਚ ਫਾਰਸੀ ਵਲੋਂ ਆਇਆ ਹੈ।
‘ਮਹਾਨ ਕੋਸ਼’ ਨੇ ਗੱਚ/ਗਚ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ: 1æ ਚੂਨਾ, ਇੱਟ ਪੱਥਰ ਆਦਿ ਦੀ ਚਿਣਾਈ ਦਾ ਮਸਾਲਾ। 2æ ਪੱਕੀ ਚਿਣਾਈ ਦੀਆਂ ਕੰਧਾਂ ਅਤੇ ਡਾਟਦਾਰ ਛੱਤਾਂ ਨੂੰ ਅੰਦਰੋਂ ਸੁੰਦਰ ਅਤੇ ਬਾਹਰੋਂ ਮਜ਼ਬੂਤ ਬਣਾਉਣ ਲਈ ਇੱਕ ਲੇਪ ਤਿਆਰ ਕੀਤਾ ਜਾਂਦਾ ਹੈ, ਜੋ ਗਚ ਕਹਾਉਂਦਾ ਹੈ। ਇਹ ਬਹੁਤ ਪੁਰਾਣੇ ਸਮਿਆਂ ਤੋਂ ਵਰਤੀਂਦਾ ਆਉਂਦਾ ਹੈ, ਅਰ ਇਸ ਵਿਚ ਜੋ ਵਸਤਾਂ ਜਿਸ ਮਿਕਦਾਰ ਵਿਚ ਮਿਲਾਈਆਂ ਜਾਂਦੀਆਂ ਹਨ, ਉਨ੍ਹਾਂ ਤੋਂ ਪਤਾ ਚਲਦਾ ਹੈ ਕਿ ਇਹ ਕਈ ਪ੍ਰਕਾਰ ਦਾ ਹੁੰਦਾ ਹੈ। ਦੀਵਾਰਾਂ ਦੀ ਅੰਦਰੂਨੀ ਸ਼ੋਭਾ ਲਈ ਜੋ ਗਚ ਤਿਆਰ ਹੁੰਦਾ ਹੈ, ਉਸ ਵਿਚ ਬਹੁਤ ਬਾਰੀਕ ਰੇਤਾ, ਸੰਗਮਰਮਰ ਦਾ ਚੂਰਨ ਅਤੇ ਖਾਸ ਤਰ੍ਹਾਂ ਦਾ ਚੂਨਾ ਪੈਂਦਾ ਹੈ। ਬਾਹਰ ਵਰਤਣ ਲਈ ਗਚ ਇਤਨਾ ਸ਼ੁੱਧ ਅਰ ਸੂਖਮ ਨਹੀਂ ਹੁੰਦਾ, ਪਰ ਇਹ ਭੀ ਐਸਾ ਹੁੰਦਾ ਹੈ ਕਿ ਅਗਰ ਲੇਪ ਨੂੰ ਸੁਕਾ ਕੇ ਚੰਗੀ ਤਰ੍ਹਾਂ ਘੋਟਿਆ ਜਾਵੇ ਤਾਂ ਸੰਗਮਰਮਰ ਦੀ ਆਭਾ ਦੇਂਦਾ ਹੈ। ਰੇਤ ਅਤੇ ਬਾਰੀਕ ਚੂਨੇ ਨਾਲ ਮਿਸ਼੍ਰਿਤ ਪਲਾਸਟਰ ਆਫ ਪੈਰਿਸ (ਫਲਅਸਟeਰ ਾ ਫਅਰਸਿ) ਦੇ ਤੀਜੇ ਪੋਚ ਨੂੰ ਭੀ ਗਚ ਆਖਦੇ ਹਨ। ਗਚ ਦੀ ਇੱਕ ਹੋਰ ਕਿਸਮ ਭੀ ਹੈ ਜਿਸ ਵਿਚ ਕਿਸੇ ਕਦਰ ਵਾਲ ਭੀ ਰਲਾਏ ਜਾਂਦੇ ਹਨ। ਗਚ ਅਤਿ ਕਰੜਾ, ਪਧਰਾ ਤੇ ਕੂਲਾ ਹੁੰਦਾ ਹੈ।
ਅੱਜ ਕਲ੍ਹ ਸੀਮੈਂਟ ਅਤੇ ਕੰਕਰੀਟ ਵਾਂਗ ਪੁਰਾਣੇ ਜ਼ਮਾਨੇ ਵਿਚ ਗੱਚ ਵਾਲੇ ਮਕਾਨ ਬਣਾਉਣਾ ਅਮੀਰੀ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਗੁਰੂਆਂ ਦੀ ਸਾਖੀ ਲੈਂਦੇ ਹਾਂ, “ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ॥ ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ॥” ਅਰਥਾਤ ਜਿਵੇਂ ਕੋਈ ਕਿਸਾਨ ਕੱਲਰੀ ਭੋਇੰ ਨੂੰ ਸਿੰਜ ਕੇ ਜੀਵਨ ਨੂੰ ਅਜਾਈਂ ਗਵਾ ਰਿਹਾ ਹੈ, ਇਹ ਕੱਚੀ ਕੰਧ ਉਤੇ ਚੂਨੇ ਦਾ ਪਲੱਸਤਰ ਫੇਰਨ ਵਾਂਗ ਹੀ ਹੈ ਜੋ ਛੇਤੀ ਢਹਿ ਜਾਵੇਗਾ। ਇਸੇ ਤਰ੍ਹਾਂ, “ਕਾਪੜੁ ਕਾਠੁ ਰੰਗਾਇਆ ਰਾਂਗਿ॥ ਘਰ ਗਚ ਕੀਤੇ ਬਾਗੇ ਬਾਗ॥ ਸਾਦ ਸਹਜ ਕਰਿ ਮਨੁ ਖੇਲਾਇਆ॥” ਅਰਥਾਤ (ਮਨੁੱਖ ਨੇ) ਕੱਪੜੇ ਤੇ ਲੱਕੜ ਦਾ ਸਮਾਨ ਰੰਗਾ ਲਿਆ, ਘਰਾਂ ਨੂੰ ਚੂਨੇ ਫੇਰ ਫੇਰ ਕੇ ਚਿੱਟੇ ਬਣਾ ਲਿਆ, (ਅਜਿਹੇ) ਸੁਆਦਾਂ ਤੇ ਸੁਖਾਂ ਨਾਲ ਉਹ ਮਨ ਨੂੰ ਪਰਚਾਉਂਦਾ ਰਿਹਾ।
ਚੌਥੇ ਮਹਲੇ ਦੇ ਸ਼ਬਦ ਵੀ ਸ਼ਰਵਣਯੋਗ ਹਨ, “ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ॥ ਗੜ੍ਹ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ॥” ਹੋਰ ਦੇਖੋ, “ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ।” ਪਹਾੜਾਂ ਜਿਹੇ ਉਚੇ ਗੱਚ ਲੱਗੇ ਮੰਦਰਾਂ ਨੂੰ ਵੀ ਮੈਂ ਢਹਿੰਦੇ ਦੇਖਿਆ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਚ ਵੀ ਇਹ ਸ਼ਬਦ ਮਿਲਦਾ ਹੈ,
ਮੰਜਲ ਕੁਸਮਾਂਜੁਲ ਮਲਿਯਾਗਰ।
ਕਰ ਕਪੂਰ ਬਰ ਗੰਧਿ ਉਜਾਗਰ।
ਦੇਖਾ ਏਕ ਸਿੰਘਾਸਨ ਸੁੰਦਰ।
ਸੂਚੇ ਮਾਣਿਕ ਗਚ ਰੁਚਿਰੰਦਰ।
ਅਸੀਂ ਜ਼ਬਰਦਸਤ ਜਾਂ ਫਸਵੇਂ ਦੇ ਅਰਥਾਂ ਵਾਲਾ ਗਹਿਗੱਚ ਸ਼ਬਦ ਵਰਤਦੇ ਹਾਂ, ਖਾਸ ਤੌਰ ‘ਤੇ ਫਸਵੀਂ ਲੜਾਈ ਜਾਂ ਮੁਕਾਬਲੇ ਦੇ ਪ੍ਰਸੰਗ ਵਿਚ; ਭਗਤ ਕਬੀਰ ਨੇ ਇਹ ਸ਼ਬਦ ਆਪਣੇ ਪਦ ਵਿਚ ਇਸ ਤਰ੍ਹਾਂ ਜੜਿਆ ਹੈ, “ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਠੈ ਰਹਿ ਗਇਓ ਰਾਮੁ॥” ਅਰਥਾਤ ਮਨੁੱਖ ਪਰਿਵਾਰਕ ਜੀਵਨ ਵਿਚ ਬੁਰੀ ਤਰ੍ਹਾਂ ਫਸ ਗਿਆ ਹੈ, ਪਰਮਾਤਮਾ ਇਕ ਪਾਸੇ ਰਹਿ ਗਿਆ ਹੈ। ਇਥੇ ਗਹਿਗਚਿ ਤੋਂ ਭਾਵ ਹੈ, ਚੂਨੇ ਵਾਂਗ ਜਕੜਿਆ (ਗਹਿ=ਪਕੜ; ਗਚਿ=ਚੂਨਾ)।
ਇਹ ਸ਼ਬਦ ਭਾਰਤ ਦੀਆਂ ਕਈ ਭਾਸ਼ਾਵਾਂ ਵਿਚ ਵਰਤਿਆ ਜਾਂਦਾ ਹੈ। ਮਰਾਠੀ ਵਿਚ ਚੂਨੇ ਵਾਲੀ ਛੱਤ ਅਤੇ ਫਰਸ਼ ਨੂੰ ਗੱਚੀ ਆਖਦੇ ਹਨ। ਕਸ਼ਮੀਰੀ ਵਿਚ ਚੂਨੇ ਦੇ ਪਲੱਸਤਰ ਜਾਂ ਸਫੈਦੀ ਨੂੰ ‘ਗੱਛ ਸੁਧਾ’ ਕਿਹਾ ਜਾਂਦਾ ਹੈ। ਗੱਚ ਤੋਂ ਗਚਕਾਰੀ ਸ਼ਬਦ ਬਣਿਆ, ਜਿਸ ਦਾ ਮਤਲਬ ਗੱਚ ਦਾ ਕੰਮ ਹੈ। ਗੱਚਕਾਰ ਅਜਿਹਾ ਕੰਮ ਕਰਨ ਵਾਲਾ ਕਾਰੀਗਰ ਹੈ। ਗੱਚ ਦਾ ਅਰਥ ਤੂੜਿਆ, ਫਸਵਾਂ, ਘਣਾ, ਘੁੱਟਿਆ, ਠੁਸਤ, ਭੀੜ ਭਰਿਆ ਵੀ ਹੈ। ਗੱਚ ਨਾਲ ਜੁੜਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦਿਉ: ਘਚਾਪੀਚ, ਘਿਚਮਿੱਚ, ਗੜੁੱਚ। ਮਰਾਠੀ ਵਿਚ ਗੱਚਾ ਦਾ ਇਕ ਅਰਥ ਹੈ, ਬਾਜਰੇ ਦਾ ਸਿੱਟਾ। ਇਸ ਵਿਚਾਰ ਤੋਂ ਕਿ ਬਾਜਰੇ ਦਾ ਸਿੱਟਾ ਦਾਣਿਆਂ ਨਾਲ ਗਹਿਗੱਚ ਹੁੰਦਾ ਹੈ।
ਧੋਖਾ, ਹੇਰਾ-ਫੇਰੀ ਦੇ ਅਰਥਾਂ ਵਿਚ ਗੱਚਾ ਸ਼ਬਦ ਦੀ ਲਾਖਣਿਕ ਵਰਤੋਂ ਵੀ ਹੁੰਦੀ ਹੈ, “ਇਸ ਵਾਰ ਬਾਬਾ ਰਾਮ ਰਹੀਮ ਵੱਡੇ ਲੋਕਾਂ ਦੇ ਝਾਂਸੇ ਵਿਚ ਆ ਕੇ ਗੱਚਾ ਖਾ ਗਏ। ਬਾਬਾ ਹੁਣ ਤੱਕ ਸਰਕਾਰਾਂ ਅਤੇ ਵੱਡੇ-ਵੱਡੇ ਸਿਆਸਤਦਾਨਾਂ ਨੂੰ ਗੱਚਾ ਦਿੰਦੇ ਆਏ ਸਨ ਪਰ ਹੁਣ ਅਤਿ ਆਤਮ-ਵਿਸ਼ਵਾਸ ਵਿਚ ਉਹ ਪੂਰੀ ਤਰ੍ਹਾਂ ਨਾ ਸਿਰਫ ਮਾਤ ਖਾ ਗਏ ਸਗੋਂ ਉਨ੍ਹਾਂ ਦਾ ਹਰ ਦਾਅ ਉਲਟਾ ਪੈ ਗਿਆ।” ਸ਼ਬਦ ਦੀ ਅਜਿਹੀ ਵਰਤੋਂ ਕਿਉਂ ਹੁੰਦੀ ਹੈ? ਇਹ ਵਰਤੋਂ ਕੁਝ ‘ਚੂਨਾ ਲਾਉਣਾ’ ਵਰਗੀ ਹੀ ਹੈ।
ਮਕਾਨਾਂ ਵਿਚ ਚੂਨਾ ਲਾਉਣਾ ਅਮੀਰੀ ਦੀ ਨਿਸ਼ਾਨੀ ਹੈ। ਜ਼ਿਆਦਾ ਚੂਨਾ, ਮਤਲਬ ਜ਼ਿਆਦਾ ਖਰਚਾ ਮਤਲਬ ਮਕਾਨ ਬਣਾਉਣ ਵਾਲੇ ਦੀ ਜ਼ਿਆਦਾ ਅਮੀਰੀ। ਚੂਨਾ ਮਹਿੰਗਾ ਵੀ ਹੁੰਦਾ ਸੀ। ਸੋ ਠੇਕੇਦਾਰ ਖਰਚੇ ਦੀ ਬਚਤ ਕਰਦਿਆਂ ਮਕਾਨਾਂ ਨੂੰ ਘੱਟ ਚੂਨਾ ਲਾਉਂਦੇ ਸਨ ਪਰ ਦਿਖਾਉਂਦੇ ਵੱਧ ਸਨ। ਇਸ ਤਰ੍ਹਾਂ ‘ਚੂਨਾ ਲਾਉਣਾ’ ਮੁਹਾਵਰਾ ਇਕ ਤਰ੍ਹਾਂ ਧੋਖਾ ਕਰਨ, ਠੱਗੀ ਕਰਨ ਦੇ ਅਰਥਾਂ ਵਿਚ ਵਰਤਿਆ ਜਾਣ ਲੱਗਾ। ਐਪਰ ਗੱਚਾ ਖਾਣਾ ਜਾਂ ਗੱਚਾ ਦੇਣਾ ਮੁਹਾਵਰੇ ਦੇ ਅਜਿਹੇ ਅਰਥਾਂ ਦੀ ਵਿਆਖਿਆ ਹੋਰ ਪਾਸੇ ਤੋਂ ਹੈ, ਜਿਸ ਦੀ ਵਿਆਖਿਆ ਬਾਅਦ ਵਿਚ ਕੀਤੀ ਜਾਵੇਗੀ।
ਜ਼ਰਾ ਦੇਖੀਏ ਇਹ ਸ਼ਬਦ ਕਿਵੇਂ ਹੋਂਦ ਵਿਚ ਆਇਆ ਹੋਵੇਗਾ। ਪਲੈਟਸ ਅਨੁਸਾਰ ਇਹ ਸ਼ਬਦ ਪੁਰਾਣੀ ਫਾਰਸੀ ਦੇ ਸ਼ਬਦ ਗਚ ਤੋਂ ਬਣਿਆ ਹੈ, ਜਿਸ ਦਾ ਹੋਰ ਪੁਰਾਤਨ ਜ਼ੈਂਦ ਰੂਪ ‘ਵਿਚਿਚਾ’ ਜਿਹਾ ਹੈ। ਉਸ ਨੇ ਸੰਭਾਵਨਾ ਜਤਾਈ ਹੈ ਕਿ ਇਹ ਸੰਸਕ੍ਰਿਤ ਵਿਚਿਤ੍ਰ ਜਾਂ ਵਿਸਤ੍ਰਿਤ ਦਾ ਸਜਾਤੀ ਹੋ ਸਕਦਾ ਹੈ। ਇਹ ਖਿੱਚ-ਧੂਹ ਕੇ ਕੀਤੀ ਵਿਆਖਿਆ ਲਗਦੀ ਹੈ।
ਲਿਲੀ ਟਰਨਰ ਨੇ ਇਸ ਦਾ ਅਰਥ ਗਾਰਾ ਕਰਦਿਆਂ ਇਸ ਦੇ ਧੁਨੀ-ਅਨੁਕਰਣਕ ਹੋਣ ਵੱਲ ਸੰਕੇਤ ਕੀਤਾ ਹੈ। ਧੁਨੀ-ਅਨੁਕਰਣਕ ਸ਼ਬਦ ਵਿਭਿੰਨ ਭਾਸ਼ਾਵਾਂ ਵਿਚ ਸੁਤੰਤਰ ਤੌਰ ‘ਤੇ ਕਿਸੇ ਕੁਦਰਤੀ ਵਰਤਾਰੇ ਦੀ ਧੁਨੀ ਦੀ ਮਨੁੱਖ ਦੁਆਰਾ ਕੀਤੀ ਮੌਖਿਕ ਨਕਲ ਤੋਂ ਉਪਜੇ ਹੁੰਦੇ ਹਨ। ਮਿਸਾਲ ਵਜੋਂ ਪੰਜਾਬੀ ਕਾਂ ਤੇ ਅੰਗਰੇਜ਼ੀ ਕਰੋਅ; ਪੰਜਾਬੀ ਚਿੜੀ ਤੇ ਅੰਗਰੇਜ਼ੀ ਚਿਰਪ। ਦ੍ਰਾਵੜੀ ਭਾਸ਼ਾਵਾਂ ਵਿਚ ‘ਗਿਚ’ ਸ਼ਬਦ ਮੌਜੂਦ ਹੈ। ਟਰਨਰ ਨੇ ਪਹਿਲਵੀ ਗੱਚ ਦਾ ਵੀ ਹਵਾਲਾ ਦਿੱਤਾ ਹੈ ਜਿਸ ਦਾ ਅਰਥ ਗਾਰਾ ਹੈ।
ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਨੇ ਵੀ ਇਸ ਸ਼ਬਦ ਨੁੰ ਧੁਨੀ-ਅਨੁਕਰਣਕ ਮੰਨਿਆ ਹੈ। ਉਸ ਨੇ ਫਾਰਸੀ ਗਚ ਦੀ ਰਿਸ਼ਤੇਦਾਰੀ ਸੰਸਕ੍ਰਿਤ ‘ਖਚ’ ਧਾਤੂ ਨਾਲ ਦਰਸਾਈ ਹੈ। ‘ਖਚ’ ਧਾਤੂ ਵਿਚ ਜਕੜਨ, ਬੰਨ੍ਹਣ, ਜੜ੍ਹਨ, ਗੱਡਮੱਡ ਕਰਨ ਦੇ ਭਾਵ ਹਨ। ਮਨਿ-ਖਚਿਤ ਸ਼ਬਦ ਦਾ ਅਰਥ ਹੁੰਦਾ ਹੈ, ਮਣੀ-ਜੜਿਤ। ਗੁਰਬਾਣੀ ਵਿਚ ਕਈ ਮਿਸਾਲਾਂ ਉਪਲਭਦ ਹਨ। ਅਸੀਂ ਗੁਰੂ ਰਾਮ ਦਾਸ ਦੀਆਂ ਦੋ ਤੁਕਾਂ ਲੈਂਦੇ ਹਾਂ, “ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਤੀ ਹੋਤ॥” ਅਤੇ “ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ॥”
ਗੌਰਤਲਬ ਹੈ ਕਿ ਕੁਝ ਸ੍ਰੋਤਾਂ ਨੇ ਇਸ ਸ਼ਬਦ ਦਾ ਅਰਥਾਪਣ ਕੁਝ ਇਸ ਤਰ੍ਹਾਂ ਕੀਤਾ ਹੈ ਜਿਵੇਂ ਇਸ ਸ਼ਬਦ ਦਾ ਸਬੰਧ ਆਕਰਸ਼ਣ ਸ਼ਬਦ ਦੇ ਅਰਥਾਂ ਵਾਲੇ ਸ਼ਬਦ ‘ਖਿੱਚਣ’ ਨਾਲ ਹੋਵੇ ਜਦਕਿ ਅਸਲ ਵਿਚ ਇਥੇ ਭਾਵ ਜੁੜਨ ਨਾਲ ਹੈ, ਨਾ ਕਿ ਮਨ ਆਦਿ ਦਾ ਆਕਰਸ਼ਤ ਹੋਣ ਵੱਲ। ਇਸ ਤੋਂ ਬਣੇ ਦਰੁਕਤੀ ਸ਼ਬਦ ‘ਖਚਾਖਚ’ ਦਾ ਮੂਲ ਅਰਥ ਹੈ, ਨਾਲ ਨਾਲ ਲੱਗਾ ਹੋਇਆ। ਟਾਕਰਾ ਕਰੋ ਪਿਛੇ ਵਰਣਿਤ ਸ਼ਬਦ ਗਹਿਗੱਚ, ਘਿਚਮਿੱਚ, ਘਚਾਪੀਚ। ਮਰਾਠੀ ਵਿਚ ਖਚਾਖਚ ਲਈ ਗਚਾਗੱਚ ਸ਼ਬਦ ਚਲਦਾ ਹੈ।
ਇਸ ਤਰ੍ਹਾਂ ਸਪੱਸ਼ਟ ਹੈ ਕਿ ਪਹਿਲਵੀ ਵਲੋਂ ਆਏ ਫਾਰਸੀ ਗੱਚ ਅਤੇ ਸੰਸਕ੍ਰਿਤ ਖੱਚ ਦੀ ਸਜਾਤੀ ਸਾਂਝ ਹੈ। ਫਾਰਸੀ ਗੱਚ ਵਿਚ ਤੂੜ ਤੂੜ ਕੇ ਭਰਨ ਦਾ ਭਾਵ ਹੈ। ਜ਼ਾਹਰ ਹੈ ਕਿ ਚਿਣਾਈ ਸਮੇਂ ਦੋ ਇੱਟਾਂ ਜਾਂ ਪੱਥਰਾਂ ਵਿਚਕਾਰਲੀ ਖਾਲੀ ਜਗ੍ਹਾ ਨੂੰ ਚੂਨੇ ਨਾਲ ਤੂੜ ਤੂੜ ਕੇ ਭਰਿਆ ਜਾਂਦਾ ਹੈ। ਇਸ ਲਈ ਗੱਚ ਵਿਚੋਂ ਭਾਵ ਨਿਕਲਦੇ ਹਨ, ਉਹ ਸਮੱਗਰੀ ਜਿਸ ਨੂੰ ਠੋਸ ਠੋਸ ਕੇ ਭਰਿਆ ਜਾਵੇ ਜਾਂ ਜੜਿਆ ਜਾਵੇ। ਸ਼ਾਇਦ ‘ਗੱਚ ਭਰ ਜਾਣਾ’ ਉਕਤੀ ਵਿਚ ਵੀ ਥੁੱਕ ਆਦਿ ਦਾ ਗਲੇ ਤੱਕ ਪੂਰੀ ਤਰ੍ਹਾਂ ਭਰ ਜਾਣ ਦਾ ਭਾਵ ਹੈ।
ਅਜਿਤ ਵਡਨੇਰਕਰ ਅਨੁਸਾਰ ਗਿੱਲੀ ਜਗ੍ਹਾ ‘ਤੇ ਪੈਰ ਜਾਂ ਕਿਸੇ ਹੋਰ ਚੀਜ਼ ਦੇ ਡਿੱਗਣ ਨਾਲ ਗੱਚ, ਖੱਚ ਜਾਂ ਫੱਚ ਜਿਹੀ ਧੁਨੀ ਪੈਦਾ ਹੁੰਦੀ ਹੈ। ਹਿੰਦੀ ਵਿਚ ਗਚਾਕਾ ਦਾ ਅਰਥ ਡਿੱਗਣਾ ਹੈ। ਧੋਖਾ ਖਾਣਾ ਦੇ ਅਰਥਾਂ ਵਿਚ ‘ਗੱਚਾ ਖਾਣਾ’ ਮੁਹਾਵਰਾ ਇਥੋਂ ਹੀ ਆ ਰਿਹਾ ਹੈ। ਗੱਚਾ ਦੇਣ ਵਿਚ ਜਾਣ ਬੁਝ ਕੇ ਨੁਕਸਾਨ ਪਹੁੰਚਾਉਣ ਜਾਂ ਧੋਖਾ ਦੇਣ ਦਾ ਭਾਵ ਹੈ। ਚਿੱਕੜ ਜਾਂ ਚਿਪਚਿਪੀ ਜਗ੍ਹਾ ਵਿਚ ਡਿੱਗਣ ਤੋਂ ਉਪਜੀ ਆਵਾਜ਼ ਖੱਚ ਜਾਂ ਗੱਚ ਦਾ ਵਿਕਾਸ ਬਾਅਦ ਵਿਚ ਜਕੜਨ, ਜੜ੍ਹਨ, ਬੰਨ੍ਹਣ, ਫਸਾਉਣ ਆਦਿ ਦੇ ਭਾਵਾਂ ਵਿਚ ਹੋਇਆ। ਚਿੱਕੜ ਜਾਂ ਦਲਦਲ ਆਦਿ ਵਿਚ ਡਿੱਗੀ ਕੋਈ ਵਸਤੂ ਜਕੜੀ ਜਾਂਦੀ ਹੈ ਅਤੇ ਸੁੱਕਣ ‘ਤੇ ਉਥੇ ਹੀ ਧੱਸ ਜਾਂਦੀ ਹੈ।
ਇਸ ਤਰ੍ਹਾਂ ਗੱਚ ਅਤੇ ਇਸ ਨਾਲ ਸਬੰਧਤ ਸ਼ਬਦਾਂ ਦਾ ਮੁਢ ਧੁਨੀ ਤੋਂ ਬੱਝਦਾ ਹੈ। ਖਾਣ ਵਾਲਾ ਗੱਚਕ ਸ਼ਬਦ ਵੀ ਇਥੇ ਥਾਂ ਸਿਰ ਲੱਗਦਾ ਹੈ ਅਰਥਾਤ ਅਜਿਹਾ ਪਦਾਰਥ ਜੋ ਗੱਚ ਦੀ ਤਰ੍ਹਾਂ ‘ਅਤਿ ਕਰੜਾ, ਪੱਧਰਾ ਤੇ ਕੂਲਾ’ ਹੋਵੇ, ਭਾਵੇਂ ਮੈਂ ਬਹੁਤੇ ਯਕੀਨ ਨਾਲ ਨਹੀਂ ਕਹਿ ਸਕਦਾ। ਮੁਲਤਾਨੀ ਮਿੱਟੀ ਲਈ ਗਾਚੀ ਜਾਂ ਗਾਚਨੀ ਸ਼ਬਦ ਵਰਤਿਆ ਜਾਂਦਾ ਹੈ। ਸਾਡੇ ਸਮੇਂ ਪ੍ਰਾਇਮਰੀ ਸਕੂਲਾਂ ਵਿਚ ਲਿਖਣ ਵਾਲੀ ਫੱਟੀ ਪੋਚ ਕੇ ਇਸ Ḕਤੇ ਮਿੱਟੀ ਦਾ ਲੇਪ ਕੀਤਾ ਜਾਂਦਾ ਸੀ। ਇਸ ਪੂਰੀ ਕ੍ਰਿਆ ਨੂੰ ਵੀ ਫੱਟੀ ਪੋਚਣਾ ਕਿਹਾ ਜਾਂਦਾ ਸੀ। ਗਾਚੀ/ਗਾਚਣੀ ਸ਼ਬਦ ਦਾ ਸਬੰਧ ਗੱਚ ਨਾਲ ਹੋਣ ਦੀ ਸੰਭਾਵਨਾ ਹੈ।