ਅਸ਼ੋਕ ਭੌਰਾ
ਕਹਿ ਤਾਂ ਭਾਵੇਂ ਆਪਾਂ ਕਈ ਵਾਰ ਝੱਟ ਦੇਣੀ ਦਈਏ ਕਿ ਫਲਾਣਾ ਸਾਡੀਆਂ ਅੱਖਾਂ ਵਿਚ ਵਸਦੈ, ਪਰ ਸੱਚਾਈ ਇਹ ਹੈ ਕਿ ਕਿਸੇ ਦੀਆਂ ਅੱਖਾਂ ਵਿਚ ਵੱਸਣਾ ਔਖਾ ਬਹੁਤ ਹੈ ਤੇ ਅੱਖਾਂ ਦੇ ਨਾਲ ਨਾਲ ਜੋ ਲੋਕ ਤੁਹਾਡੇ ਅੰਦਰ ਦਿਲ ਦੀਆਂ ਖਿੜਕੀਆਂ ਖੋਲ੍ਹ ਕੇ ਵੀ ਆ ਵੜ੍ਹਨ, ਉਹ ਢਾਡੀ ਨਰਾਇਣ ਸਿੰਘ ਚੰਦਨ ਵਰਗੇ ਹੀ ਹੋ ਸਕਦੇ ਹਨ। ਕਈ ਵਾਰ ਇਉਂ ਵੀ ਹੋ ਜਾਂਦਾ ਹੈ ਕਿ ਕੁਝ ਲੋਕ ਵਾਰਿਸ ਸ਼ਾਹ ਵਾਂਗ ‘ਕੱਲੀ ਹੀਰ ਲਿਖ ਕੇ ਵੀ ਅਮਰ ਹੋ ਜਾਂਦੇ ਹਨ, ਅਜਿਹੀ ਸਤਿਕਾਰ ਭਰੀ ਥਾਂ ਪੰਥਕ ਹਲਕਿਆਂ, ਸਫਾਂ ਤੇ ਢਾਡੀ ਰਾਗ ਦੇ ਵਿਹੜਿਆਂ ਅੰਦਰ ਢਾਡੀ ਚੰਦਨ ਦੀ ਹੈ। ਕਲਾ ਦੇ ਚੁਬਾਰੇ ਵਾਲੀਆਂ ਪੌੜੀਆਂ ਸਿੱਧੀਆਂ ਚੜ੍ਹਨ ਤੋਂ ਪਹਿਲਾਂ ਇਹ ਗੱਲ ਕਹਿ ਦਿਆਂਗਾ ਕਿ ਦਰਜੀ ਨਾਪ ਤਾਂ ਲੈ ਲੈਂਦਾ ਹੈ, ਕਾਰੀਗਰੀ ਕੱਪੜਾ ਸਿਊਣ ਵੇਲੇ ਵਿਖਾਉਂਦਾ ਹੈ ਤੇ ਜਾਂ ਫਿਰ ਜਿਹਨੂੰ ਕਲਾ ਵਿਚ ਅਦਾ ਨਾ ਦਿਖਾਉਣੀ ਆਵੇ, ਉਹਦੇ ਕੋਲ ਨਖਰਾ ਨਹੀਂ ਹੋ ਸਕਦਾ। ਸਾਰੀਆਂ ਔਰਤਾਂ ਸੁਹੱਪਣ ਨਾਲੋਂ ਇਸੇ ਹੁਨਰ ਕਰਕੇ ਸੋਹਣੀਆਂ ਲੱਗਦੀਆਂ ਹਨ ਤੇ ਨਰਾਇਣ ਸਿੰਘ ਨੇ ਵੀ ਆਪਣੀ ਜ਼ਿੰਦਗੀ ਵਿਚ ਬਹੁਤ ਕੁਝ ਵੱਖਰਾ ਵਿਖਾਇਆ ਹੋਣ ਕਰਕੇ ਉਹਦੇ ਢਾਡੀ ਹੁਨਰ ਅੱਗੇ ਸਤਿਕਾਰ ਗੋਡਣੀਆਂ ਭਾਰ ਹੁੰਦਾ ਰਿਹਾ ਹੈ।
ਕਿਸੇ ਵੇਲੇ ਧਾਰਨਾ ਸੀ ਕਿ ਜਿਸ ਨੂੰ ਆਲ ਰੇਡੀਓ ਪ੍ਰਵਾਨ ਨਾ ਕਰੇ, ਉਹ ਗਵੱਈਆ ਨਹੀਂ ਹੋ ਸਕਦਾ ਤੇ ਅਜਿਹੀ ਵਡਿਆਈ ਢਾਡੀਆਂ ‘ਚੋਂ ਨਰਾਇਣ ਸਿੰਘ ਚੰਦਨ ਨੂੰ ਮਿਲੀ ਹੈ। ਪੰਜਾਬ ਦੇ ਸੱਭਿਆਚਾਰ ਵਿਭਾਗ ਨੇ ਢਾਡੀ ਵਿਰਸੇ ਨੂੰ ਸੰਭਾਲਣ ਲਈ ਜਦੋਂ ਪਹਿਲੀ ਵਾਰ ਤਿੰਨ ਆਵਾਜ਼ਾਂ ਰਿਕਾਰਡ ਕੀਤੀਆਂ ਤਾਂ ਉਨ੍ਹਾਂ ਵਿਚ ਇੱਕ ਟਣਕਵੀਂ ਆਵਾਜ਼ ਢਾਡੀ ਚੰਦਨ ਦੀ ਵੀ ਸ਼ਾਮਿਲ ਸੀ।
ਵਡਿਆਈ ਤੇ ਅਦਬ ਦੀ ਲਪੇਟ ਕੇ ਪੁੜੀ ਬੰਨ੍ਹਣ ਵਾਲੇ ਕਹਿ ਹੀ ਦਿੰਦੇ ਹਨ ਕਿ ਚੰਦਨ ਢਾਡੀ ਕਲਾ ਦਾ ਅਸਲ ਵਾਰਿਸ ਹੀ ਨਹੀਂ, ਪੂਜਿਆ ਜਾਣ ਵਾਲਾ ਨਾਂ ਵੀ ਹੈ। ਉਹ ਆਪਣੇ ਖਾਨਦਾਨ ‘ਚੋਂ ਚੌਥੀ ਪੀੜ੍ਹੀ ਦਾ ਮਹਾਨ ਤੇ ਵਿਦਵਾਨ ਢਾਡੀ ਹੈ। ਉਹਦੇ ਦਾਦਾ, ਪੜਦਾਦਾ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਚਲਾਈ ਇਸ ਢਾਡੀ ਕਲਾ ਤੇ ਰਾਗ ਪਾਠ ਪੜ੍ਹਦੇ-ਪੜ੍ਹਾਉਂਦੇ ਇਤਿਹਾਸਕ ਪੈੜਾਂ ਖਿੱਚ ਕੇ ਚਲੇ ਗਏ। ਇਸ ਹਵਾਲੇ ਵਿਚ ਪਹਿਲੀ ਪ੍ਰਮਾਣਿਤ ਮਿਸਾਲ ਇਹ ਹੈ ਕਿ ਚੰਦਨ ਦੇ ਪਿਤਾ ਗਿਆਨੀ ਰਾਮ ਸਿੰਘ ਟੂਸਿਆਂ ਵਾਲੇ ਨੂੰ ਭਲਾ ਕੌਣ ਨਹੀਂ ਜਾਣਦਾ? ਤੇ ਵੇਲ ਵਧਦੀ ਦੇਖਣੀ ਹੈ ਤਾਂ ਇਹ ਕਿ ਚੰਦਨ ਦਾ ਵੱਡਾ ਪੁੱਤਰ ਜਗਦੀਸ਼ ਸਿੰਘ ਚੰਦਨ ਅਫਸਰ ਹੁੰਦਿਆਂ ਵੀ ਵੰਸ਼ ਨੂੰ ਕਲਾ ਦਾ ਚੋਲਾ ਦੇਣ ਵਾਲਾ ਨਾਮੀ ਢਾਡੀ ਹੈ। ਇਸੇ ਨੂੰ ਕਹਿੰਦੇ ਨੇ ਕਿ ਜਦੋਂ ਲਗਨ ਤੇ ਹਿੰਮਤ ‘ਕੱਠੀਆਂ ਹੋ ਕੇ ਕਿੱਕਲੀ ਪਾਉਂਦੀਆਂ ਹਨ ਤਾਂ ਯੁੱਗ ਕਲਾ ਦੇ ਨਾਂ ਆਪਣੇ ਆਪ ਹੀ ਇੰਤਕਾਲ ਕਰਵਾ ਲੈਂਦੇ ਹਨ।
ਪੰਜਾਬ ਦੇ ਸਿਹਤਮੰਦ ਢਾਡੀਆਂ ‘ਚੋਂ ਇਸ ਵਕਤ ਸਭ ਤੋਂ ਲੰਮੇਰੀ ਉਮਰ ਦਾ ਢਾਡੀ ਨਰਾਇਣ ਸਿੰਘ ਚੰਦਨ ਹੀ ਹੈ ਤੇ ਉਹ ਇਹ ਗੱਲ ਹੁਣ ਵੀ ਆਖਦਾ ਹੈ ਕਿ ਪ੍ਰਸਾਰ ਮਾਧਿਅਮਾਂ ਦੀ ਬੇਈਮਾਨੀ ਅਤੇ ਸਰਕਾਰਾਂ ਤੇ ਪੰਥਕ ਆਗੂਆਂ ਦੀ ਬੇਰੁਖੀ ਨੇ ਢਾਡੀ ਕਲਾ ਨੂੰ ਸੱਟ ਬਹੁਤ ਮਾਰੀ ਹੈ ਪਰ ਸਿੱਖ ਕਿਉਂਕਿ ਆਪਣੀ ਵਿਰਾਸਤ ਜਿਉਂਦੀ ਰੱਖਣੀ ਜਾਣਦੇ ਹਨ, ਇਸ ਲਈ ਵਕਤ ਦੇ ਵਾ-ਵਰੋਲੇ ਛੂ-ਮੰਤਰ ਹੁੰਦੇ ਰਹੇ ਹਨ। ਇੱਕ ਹੋਰ ਨੁਕਤੇ ਨਾਲ ਜੇ ਢਾਡੀ ਚੰਦਨ ਬਾਰੇ ਬਰਫੀ ‘ਤੇ ਵਰਕ ਲਾਉਣ ਵਾਂਗ ਆਖਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਹਨੇ ਪੈਂਡਾ ਛੜੱਪਿਆਂ ਨਾਲ ਨਹੀਂ, ਮੜ੍ਹਕ ਤੇ ਸਿਰੜ ਵਾਲੀ ਕਦਮ ਚਾਪ ਨਾਲ ਤੈਅ ਕੀਤਾ ਹੈ। ਉਹਨੇ ਜ਼ਿੰਦਗੀ ਨੂੰ ਜ਼ਿੰਦਗੀ ਵਾਂਗ ਤੇ ਕਲਾ ਨੂੰ ਕਲਾ ਵਾਂਗ ਗੁਜ਼ਾਰਿਆ ਹੈ ਪਰ ਜੇ ਹਟਕੋਰਾ ਲਿਆ ਜਾ ਸਕਦਾ ਹੈ ਤਾਂ ਉਹ ਇਹ ਕਿ ਜੇ ਕਿਤੇ ਨਰਾਇਣ ਸਿੰਘ ਚੰਦਨ ਨੂੰ ਸਾਰੇ ਦੇ ਸਾਰੇ ਨੂੰ ਰਿਕਾਰਡਿੰਗ ਕੰਪਨੀਆਂ ਜਾਂ ਰੇਡੀਓ ਟੀæ ਵੀæ ਵਾਲੇ ਰਿਕਾਰਡ ਕਰਕੇ ਤੇ ਸਾਂਭ ਕੇ ਰੱਖ ਲੈਂਦੇ ਤਾਂ ਕਲਾ ਦਾ ਅਸਲਾ ਚੋਰੀ ਦੀ ਬੰਦੂਕ ਵਾਂਗ ਇੱਕ ਨੰਬਰ ‘ਚ ਕਾਗਜ਼ਾਂ ‘ਚ ਚੜ੍ਹ ਜਾਣਾ ਸੀ। ਖੈਰ! ਕਈ ਵਾਰ ਮਾਹਿਰ ਸੁਨਿਆਰਿਆਂ ਤੋਂ ਵੀ ਵਾਲੀਆਂ ਦਾ ਸਾਇਜ਼ ਵੱਡਾ ਛੋਟਾ ਹੋ ਜਾਂਦਾ ਹੈ।
ਭਾਵੇਂ ਘਰ ਵਿਚ ਪਿਤਾ ਜੀ ਦੀ ਨਸੀਹਤ ਤੇ ਹਦਾਇਤ ਪੰਥਕ ਰਾਹਾਂ ‘ਤੇ ਢਾਡੀ ਕਲਾ ਦਾ ਕਲਾਵਾ ਭਰ ਕੇ ਤੁਰਨ ਦੀ ਸੀ ਪਰ ਚੰਦਨ ਨੇ ਸਕੂਲ ਪੜ੍ਹਦਿਆਂ ਹੀ ਆਪਣਾ ਨਿਸ਼ਾਨਾ ਦਰੋਣਾਚਾਰੀਆ ਵਾਂਗ ਢਾਡੀ ਰਾਗ ਨੂੰ ਜੀਵਨ ਸਮਰਪਿਤ ਕਰਨ ਦਾ ਮਿਥ ਲਿਆ ਸੀ। ਲੱਗਦੇ ਹੱਥ ਉਹਨੇ ਆਪਣੇ ਪਿਤਾ ਰਾਮ ਸਿੰਘ ਨੂੰ ਪ੍ਰੇਰਨਾ ਸ੍ਰੋਤ ਅਤੇ ਉਸਤਾਦ ਵਜੋਂ ਵੀ ਚੁਣ ਲਿਆ ਤੇ ਜਦੋਂ ਪਿਉ-ਪੁੱਤ ਗੁਰੂ-ਚੇਲਾ ਬਣ ਕੇ ਵੀ ਚੱਤੋ-ਪਹਿਰ ‘ਕੱਠੇ ਰਹਿਣ ਲੱਗ ਪੈਣ ਤਾਂ ਚਕੋਰ ਨੂੰ ਚਾਨਣੀ ਰਾਤ ਦੀ ਉਡੀਕ ਕਰਨ ਦੀ ਜ਼ਰੂਰਤ ਹੀ ਕਿੱਥੇ ਰਹਿ ਜਾਂਦੀ ਹੈ? ਐਵੇਂ ਖਾਹ-ਮਖਾਹ ਕਿਸੇ ਦੇ ਗੋਡੇ ਘੁੱਟਣ ਨਾਲੋਂ ਘਰ ਵਿਚ ਹੀ ਪੁੰਨ ਤੇ ਫਲੀਆਂ ਨੂੰ ‘ਕੱਠਿਆਂ ਸ਼ਰਧਾ ਦੇ ਥਾਲ ਵਿਚ ਰੱਖ ਲਿਆ ਤੇ ਚੰਦਨ ਨੇ ਸਕੂਲ ਵਿਦਿਆ ਦੀਆਂ ਕਾਗਜ਼ੀ ਕਾਰਵਾਈਆਂ ਠੱਪ ਕਰਕੇ ਕਲਾ ਦੇ ਅਮਲ ਵਾਲੇ ਚੌ-ਮੁਖੀਏ ਦੀਵੇ ਬਾਲ ਲਏ।
ਅੱਟੇ-ਸੱਟੇ ਨਾਲ 1931 ਦੇ ਕਰੀਬ ਜਨਮਿਆ ਨਰਾਇਣ ਸਿੰਘ ਚੰਦਨ ਉਮਰ ਦੇ ਨੌਵੇਂ ਦਹਾਕੇ ਵਿਚ ਹੈ ਤੇ ਸਰੀਰਕ ਹਾਲਾਤ ਦੱਸਦੇ ਹਨ ਕਿ ਜਸਵੰਤ ਸਿੰਘ ਕੰਵਲ ਵਾਂਗ ਉਹਦੀ ਸਦੀ ਜਿੱਡੀ ਉਮਰ ਤਾਂ ਵੱਟ ‘ਤੇ ਪਈ ਹੈ। ਰਾਹ ਜਾਂਦੇ ਰਾਹੀਆਂ ਨੂੰ ਕਲਾ ਨਾਲ ਘੇਰ ਕੇ ਕਿਵੇਂ ਡੱਕੀਦਾ, ਇਹ ਗੁਣ ਸਿਰਫ ਚੰਦਨ ਕੋਲੋਂ ਸਿੱਖਿਆ ਜਾ ਸਕਦਾ ਹੈ। ਉਹਦੀ ਕਲਮ ਦੀ ਤਾਕਤ, ਜ਼ੁਬਾਨ ਅੰਦਰ ਕਹਿਰਾਂ ਦਾ ਰਸ, ਰਾਗ ਦਾ ਜੋਸ਼ ਮਹਿਜ ਨਿਸ਼ਾਨੀਆਂ ਨਹੀਂ, ਉਹ ਅਮਲ ਹਨ ਜਿਨ੍ਹਾਂ ਸਦਕਾ ਸੰਗੀਤ ਦੇ ਮੁਹਾਣ ਮੋੜੇ ਜਾ ਸਕਦੇ ਹਨ। ਜੇ ਵਾਕ ਬਣਤਰ ਨੂੰ ਛੱਡ ਕੇ ਉਹਦੇ ਪ੍ਰੋਗਰਾਮਾਂ ਵਿਚ ਸੰਗੀਤ ਤੇ ਸਰੋਤਿਆਂ ਦੇ ‘ਕੱਠ ਦੀ ਵੰਨਗੀ ਕਲਾਤਮਕ ਨਜ਼ਰੀਏ ਨਾਲ ਪੇਸ਼ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਚੰਦਨ ਨੂੰ ਦੇਖਣ ਲਈ ਓਡੇ ਵੱਡੇ ਜੋੜ ਮੇਲਿਆਂ ਵਰਗੇ ‘ਕੱਠ ਹੁੰਦੇ ਸਨ, ਜਿੱਥੋਂ ਤੱਕ ਬਿਨਾ ਐਨਕਾਂ ਵਾਲੇ ਰਿਸ਼ਟ-ਪੁਸ਼ਟ ਬੰਦੇ ਦੀ ਨਿਗਾ ਦੌੜ ਕੇ ਚਲੀ ਜਾਂਦੀ ਹੋਵੇ। ਬਿਨਾ ਪੱਖਪਾਤ ਦੇ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਢਾਡੀ ਨਰਾਇਣ ਸਿੰਘ ਚੰਦਨ ਦਾ ਜਥਾ ਉਮਰਾਂ ਵਰਗੀ ਮਿਥ ਵਾਂਗ ਧਾਰਮਕ ਦੀਵਾਨਾਂ, ਪੰਥਕ ਇਕੱਠਾਂ ਅਤੇ ਮਾਘੀ ‘ਤੇ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲਿਆਂ ਦੀ ਸ਼ਾਨ ਬਣਿਆ ਆ ਰਿਹਾ ਹੈ।
ਊਂ ਕਹਿਣ ਨੂੰ ਤਾਂ ਲੋਕ ਮਲਕ ਦੇਣੀ ਮੂੰਹ ਹਿਲਾ ਕੇ ਕਹਿ ਦਿੰਦੇ ਨੇ ਕਿ ਢਾਡੀ ਕਲਾ ਪਿੱਛੇ ਪਈ ਰਹੀ ਹੈ ਪਰ ਜੇ ਗੱਭਰੂ ਸਿੱਖ ਢਾਡੀ ਜਥਿਆਂ ਵਿਚ ਕਲਾ ਦਾ ਜੋਸ਼ ਉਬਲ ਰਿਹਾ ਹੈ ਤਾਂ ਇਹ ਮੰਨ ਲੈਣ ਵਿਚ ਕੋਈ ਹਰਜ਼ ਨਹੀਂ ਕਿ ਹਨੇਰਿਆਂ ਨੂੰ ਚੀਰ ਕੇ ਅੱਗੇ ਨਿਕਲਣ ਵਾਲੇ ਢਾਡੀ ਸੀਤਲ, ਦਿਲਬਰ ਤੇ ਚੰਦਨ ਕਰਕੇ ਇਹ ਮਾਣਮੱਤੇ ਹਾਲਾਤ ਬਣੇ ਹਨ। ਕੁਝ ਵਰ੍ਹੇ ਪਹਿਲਾਂ ਢਾਡੀ ਚੰਦਨ ਦੇ ਜਥੇ ਵਿਚ ਸਾਰੰਗੀ ‘ਤੇ ਕਮਾਲ ਦੇ ਪੋਟੇ ਲਾਉਣ ਵਾਲੇ ਛੋਟੇ ਭਰਾ ਅਜਾਇਬ ਸਿੰਘ ਦੀ ਜਦੋਂ ਮੌਤ ਹੋਈ ਤਾਂ ਉਹ ਓਦਰ ਗਿਆ ਪਰ ਛੇਤੀ ਸੰਭਲ ਤਾਂ ਗਿਆ ਕਿ ਬਰਨਾਲੇ ਜਿਸ ਥਾਂ ‘ਤੇ ਬਾਬਾ ਨਾਮਦੇਵ ਗੁਰਦੁਆਰੇ ਦੀ ਜਿਸ ਸਟੇਜ ‘ਤੇ ਉਹਨੇ ਸਾਰੰਗੀ ‘ਤੇ ਗਜ ਫੇਰਦਿਆਂ ਬੱਚਿਆਂ ਨੂੰ ਮੁਕਾਬਲੇ ਵਿਚ ਬਲ ਦੇਣ ਲਈ ਜੋ ਪੋਟੇ ਲਾਏ, ਉਹ ਤਾਂ ਯਾਦ ਰਹਿਣਗੇ ਹੀ ਸਗੋਂ ਇਹ ਵੀ ਹਵਾਲਾ ਦਿੱਤਾ ਜਾਂਦਾ ਰਹੇਗਾ ਕਿ ਕਲਾ ਵਾਲਾ ਪਰਿਵਾਰ ਕਲਾ ਦੇ ਰੰਗ ਵਿਖਾਉਂਦਿਆਂ ਹੀ ਸਾਹਾਂ ਦੇ ਰੰਗ ਉਡਾ ਕੇ ਗਿਆ ਹੈ।
ਢਾਡੀ ਨਰਾਇਣ ਸਿੰਘ ਚੰਦਨ ਨੇ ਬੜਾ ਕੁਝ ਆਪ ਹੀ ਲਿਖ ਕੇ ਗਾਇਆ ਹੈ। ਉਹਦੀਆਂ ਕੁਝ ਸਰਵ-ਪ੍ਰਵਾਣਿਤ ਵੰਨਗੀਆਂ, ਜਿਨ੍ਹਾਂ ਕਰਕੇ ਵੀ ਉਹ ਖੁਦ ਇੱਕ ਇਤਿਹਾਸਕ ਅੰਕੜਾ ਬਣ ਗਿਆ ਸੀ, ਹਨ:
-ਪੰਜ ਘੁੱਟ ਅੰਮ੍ਰਿਤ ਪੀਤਾ ਜਿਸ ਨੇ ਕਲਗੀਆਂ ਵਾਲੇ ਦਾ,
ਗਿੱਦੜੋਂ ਸ਼ੇਰ ਬਣਾਇਆ ਮੱਥੇ ਭੜਕੇ ਲਾਲੀ।
-ਸੋਹਣੇ ਦੇਸ਼ ਪੰਜਾਬ ਦੀਆਂ ਨੇ ਅਜਬ ਬਹਾਰਾਂ
ਜਿੱਥੇ ਗੱਭਰੂ ਮਰਦੇ ਅਣਖ ‘ਤੇ, ਰਣ ਜੂਝਣ ਨਾਰਾਂ
ਤੇ ਪੁੱਤ ਜੰਮਦੀਆਂ ਸੂਰਮੇ ਧਰਮੀ ਮੁਟਿਆਰਾਂ
ਤੇ ਚੰਦਨ ਢਾਡੀ ਗਾਂਵਦੇ ਮਰਦਾਂ ਦੀਆਂ ਵਾਰਾਂ।
-ਗੁਰੂ ਨਾਨਕ ਨਿਰੰਕਾਰੀ ਬਾਬਾ ਜਗਤ ਜਲੰਦਾ ਤਾਰ ਗਿਆ
ਹੱਕ ਪਰਾਇਆ ਖਾਣਾ ਮਾੜਾ, ਕਰਦਾ ਇਹ ਪ੍ਰਚਾਰ ਗਿਆ।
-ਸੁਣ ਕੇ ਉਠਿਆ ਸੂਰਮਾ ਬਣ ਖੰਡੇ ਦੀ ਧਾਰ
ਉਹਦੇ ਮੱਥੇ ਲਾਲੀ ਚਮਕਦੀ ਚਿਹਰਾ ਭਖਦਾ ਜਿਉਂ ਅੰਗਿਆਰ।
ਆਪਣੇ ਸਾਥੀਆਂ ਢੱਡ ‘ਤੇ ਗਿਆਨ ਸਿੰਘ ਤੇ ਵਲਾਇਤ ਸਿੰਘ ਅਤੇ ਸਾਰੰਗੀ ‘ਤੇ ਅਜਾਇਬ ਸਿੰਘ ਦਾ ਸਾਂਝਾ ਢਾਡੀ ਤੇ ਸੰਗੀਤਕ ਰੰਗ ਮੰਚ ਵਾਲਾ ਰੰਗ ਆਪਣੇ ਹੀ ਨਿਵੇਕਲੇ ਰੰਗ ਦਾ ਰਿਹਾ ਹੈ।
ਢਾਡੀ ਚੰਦਨ ਨੇ ਇੱਕ ਵੀ ਕਲਾ ਤਵਾ ਤਵਿਆਂ ਦੇ ਯੁੱਗ ਦਾ ਢਾਡੀ ਹੋ ਕੇ ਵੀ ਨਹੀਂ ਭਰਵਾਇਆ ਪਰ ਉਹਦੀਆਂ ਕੁਝ ਰਿਕਾਰਡ ਕੈਸਿਟਾਂ ਸਾਂਭਣਯੋਗ ਹਨ। ‘ਬੰਦਾ ਬਹਾਦਰ ਦੀ ਸਰਹਿੰਦ ‘ਤੇ ਚੜ੍ਹਾਈ’, ‘ਬਚਿੱਤਰ ਸਿੰਘ ਦੀ ਹਾਥੀ ਨਾਲ ਜੰਗ’, ‘ਜਮਰੌਦ ਦੀ ਜੰਗ’, ‘ਸਰਦਾਰ ਊਧਮ ਸਿੰਘ’, ‘ਕਰਤਾਰ ਸਿੰਘ ਸਰਾਭਾ’ ਤੇ ‘ਸ਼ਹੀਦ ਭਗਤ ਸਿੰਘ’ ਜ਼ਿਕਰਯੋਗ ਹਨ। ਫਿਰ ਭਾਵੇਂ ਚੰਦਨ ਮੂਲ ਰੂਪ ਵਿਚ ਪੂਰੇ ਦਾ ਪੂਰਾ ਪੰਥ ਤੇ ਧਰਮ ਪ੍ਰਚਾਰ ਨਾਲ ਜੁੜ ਕੇ ਕੌਮ ਦਾ ਅਲਬੇਲਾ ਢਾਡੀ ਬਣ ਗਿਆ ਸੀ ਪਰ ਸ਼ੁਰੂ ਸ਼ੁਰੂ ਵਿਚ ਉਹਨੇ ਕਲੀ, ਪੂਰਨ, ਮਿਰਜ਼ਾ, ਕੌਲਾਂ ਆਦਿ ਪ੍ਰੇਮ ਕਿੱਸਿਆਂ ‘ਤੇ ਆਧਾਰਤ ਪਿੰਗਲ ਦੀ ਕਾਵਿ-ਲਿਖਣ ਤਕਨੀਕ ਤਹਿਤ ਢਾਈਆ, ਮਿਸ਼ਰੀ, ਬੈਂਤ ਤੇ ਵਾਰਾਂ ਦੀ ਰਚਨਾ ਵੀ ਕੀਤੀ।
ਸਨਮਾਨ ਦੀਆਂ ਘੜੀਆਂ ਵਿਚ ਢਾਡੀ ਨਰਾਇਣ ਸਿੰਘ ਚੰਦਨ ਨੂੰ 1979 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲੇ-ਮਹੱਲੇ ‘ਤੇ ਕਰਵਾਏ ਢਾਡੀ ਦਰਬਾਰ ਵਿਚ ਗਿਆਰਾਂ ਸੌ ਰੁਪਿਆ ਤੇ ਗੋਲਡ ਮੈਡਲ ਦੇ ਕੇ ਸਨਮਾਨਿਆ ਗਿਆ। ਹੁਣ ਭਾਵੇਂ ਗੋਲਡ ਮੈਡਲਿਸਟ ਆਪਣੇ ਨਾਂ ਨਾਲ ਲਿਖਣਾ ਆਮ ਢਾਡੀ ਜਥਿਆਂ ਵਿਚ ਰਿਵਾਜ ਚੱਲ ਰਿਹਾ ਹੈ ਪਰ ਕਲਾ ਦੇ ਜੌਹਰੀਆਂ ਦੀ ਪਰਖ ‘ਚੋਂ ਨਿਕਲਣ ਵਾਲਾ ਚੰਦਨ ਵਿਰਲਿਆਂ ‘ਚੋਂ ਇੱਕ ਸੀ। ਪ੍ਰੋਫੈਸਰ ਮੋਹਨ ਸਿੰਘ ਮੇਲੇ ‘ਤੇ ਸਾਲ 1987 ਵਿਚ ਜਗਦੇਵ ਸਿੰਘ ਜੱਸੋਵਾਲ ਦੇ ਯਤਨਾਂ ਨਾਲ ਉਹਨੂੰ ਮਾਣ ਸਨਮਾਨ ਮਿਲਿਆ। ਇਸ ਤੋਂ ਅਗਲੇ ਵਰੇ 1988 ‘ਚ ਲੁਧਿਆਣੇ ਦੀ ਨੇਤਰਹੀਣ ਸਮਾਜ ਸੇਵੀ ਸੰਸਥਾ ਵੱਲੋਂ ਗਿਆਨੀ ਲਛਮਣ ਸਿੰਘ ਗੰਧਰਵ ਐਵਾਰਡ ਚੰਦਨ ਨੂੰ ਦਿੱਤਾ ਗਿਆ। ਦੇਸ਼ ਤੋਂ ਬਾਹਰ ਤੇ ਸੂਬੇ ਤੋਂ ਬਾਹਰ ਵੀ ਦਿਲਬਰ ਵਾਂਗ ਵੱਡੇ ਸਨਮਾਨ ਲੈਣ ਵਾਲਾ ਚੰਦਨ ਹੀ ਰਿਹਾ ਹੈ। ਅਨੇਕਾਂ ਸਿੰਘ ਸਭਾਵਾਂ ਨੇ ਉਹਦੇ ਗਲੇ ਵਿਚ ਹਾਰ ਪਾਈ ਹੀ ਰੱਖੇ ਹਨ। ਆਉਣ ਵਾਲੀਆਂ ਨਸਲਾਂ ‘ਚੋਂ ਢਾਡੀ ਸਿੰਘ, ਕਲਾ ਵੱਲ ਪ੍ਰੇਰਿਤ ਕਰਕੇ ਲਿਆਉਣ ਵਾਲੇ ਨਰਾਇਣ ਸਿੰਘ ਚੰਦਨ ਨੂੰ ਸਭ ਤੋਂ ਵੱਡਾ ਮਾਣ ਇਹ ਜਾਂਦਾ ਰਹੇਗਾ ਕਿ ਉਸ ਨੇ ਚਾਲੀ ਸਿੱਖ ਗੱਭਰੂਆਂ ਨੂੰ ਸ਼ਾਗਿਰਦੀ ਦੇ ਰੂਪ ਵਿਚ ਸਵੀਕਾਰ ਕਰਕੇ ਤਿਆਰ ਕੀਤਾ, ਕਲਾ ਨਾਲ ਸ਼ਿੰਗਾਰਿਆ ਤੇ ਸਮੇਂ ਦੀ ਢਾਡੀ ਬੁੱਕਲ ਦੇ ਹੀਰੇ ਬਣਾ ਦਿੱਤਾ। ਕਿਉਂਕਿ ਉਹ ਕਹਿੰਦਾ ਵੀ ਰਿਹਾ ਤੇ ਅਮਲੀ ਰੂਪ ਵਿਚ ਵਾਅਦਾ ਪੂਰਾ ਵੀ ਕਰਦਾ ਰਿਹਾ ਕਿ ਢਾਡੀ ਰਾਗ ਤੇ ਕਲਾ ਨੂੰ ਚੰਦਨ ਦੇ ਚਰਖੇ ਦਾ ਗੇੜਾ ਦੁਆਉਣ ਲਈ ਚੰਦਨ ਕੰਮ ਕਰਦਾ ਹੀ ਰਹੇਗਾ।
ਇਸ ਗੱਲ ਦੀ ਵਡਿਆਈ ਵੀ ਢਾਡੀ ਚੰਦਨ ਦੇ ਹੱਕ ਵਿਚ ਜਾਵੇਗੀ ਕਿ ਨਵੀਆਂ ਲੀਹਾਂ ਪਾਉਣ ਲਈ ਉਹ ਸ੍ਰੀ ਗੁਰੂ ਹਰਿਗੋਬਿੰਦ ਢਾਡੀ ਸਭਾ ਦਾ ਬੜੀ ਦੇਰ ਮੁੱਖ ਸੇਵਾਦਾਰ ਰਿਹਾ। ਢਾਡੀ ਹੋਣ ਦੇ ਨਾਲ ਉਹ ਰਾਜਨੀਤੀ ਦੀਆਂ ਸਰਗਰਮ ਗਤੀਵਿਧੀਆਂ ਵਾਲੀਆਂ ਪੂਣੀਆਂ ਵੀ ਕੱਤਦਾ ਰਿਹਾ। ਉਹ ਪੰਜਾਬੀ ਸੂਬੇ ਤੇ ਧਰਮ ਯੁੱਧ ਮੋਰਚੇ ਵੇਲੇ ਅਨੇਕਾਂ ਵਾਰ ਜੇਲ੍ਹ ਵੀ ਗਿਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲੋਂ ਉਹ ਸੰਤ ਫਤਿਹ ਸਿੰਘ ਨੂੰ ਇਸ ਦਲੀਲ ਨਾਲ ਵੱਡਾ ਸਿੱਖ ਤੇ ਧਾਰਮਕ ਆਗੂ ਮੰਨਦਾ ਰਿਹਾ ਕਿ ਉਹਦੇ ਅੰਦਰ ਲੋਹੜੇ ਦੀ ਤਿਆਗ ਭਾਵਨਾ ਸੀ ਅਤੇ ਉਹਦੀ ਕਹਿਣੀ ਤੇ ਕਰਨੀ ਵਿਚ ਅੰਤਰ ਨਹੀਂ ਸੀ। ਹਾਂ, ਜਗਦੇਵ ਸਿੰਘ ਜੱਸੋਵਾਲ ਦੀ ਇਮਾਨਦਾਰੀ, ਹਮਦਰਦੀ ਤੇ ਸਮਾਜ ਜਾਂ ਕਲਾ ਪ੍ਰਤੀ ਨਿਸ਼ਕਾਮ ਸੇਵਾਵਾਂ ਦਾ ਵੀ ਚੰਦਨ ਕਾਇਲ ਰਿਹਾ ਹੈ।
ਆਪਣੇ ਸਮਕਾਲੀ ਢਾਡੀਆਂ ‘ਚੋਂ ਉਹ ਗਿਆਨੀ ਉਦੈ ਸਿੰਘ, ਗਿਆਨੀ ਗੁਰਦਿਆਲ ਸਿੰਘ ਦਰਦੀ, ਗਿਆਨੀ ਅਮਲ ਸਿੰਘ ਦਲੇਰ, ਢਾਡੀ ਸੋਹਣ ਸਿੰਘ ਸੀਤਲ ਅਤੇ ਰਣਜੀਤ ਸਿੰਘ ਸਿੱਧਵਾਂ ਨੂੰ ਢਾਡੀ ਕਲਾ, ਸੰਗੀਤ ‘ਚ ਕਲਾ ਦੇ ਵਾਰਿਸ ਮੰਨਦਿਆਂ ਵਡਿਆਉਂਦਾ ਰਿਹਾ ਹੈ।
ਲੁਕਮਾਨ ਵਾਂਗ ਇਹ ਢਾਡੀ ਹਿਕਮਤ ਵੀ ਕਰਦਾ ਰਿਹਾ ਹੈ। ਹੁਣ ਵੀ ਲੁਧਿਆਣੇ ਉਹਦੇ ਹਰਿਗੋਬਿੰਦ ਨਗਰ ਵਾਲੇ ਘਰ ਜਾਓਗੇ ਤਾਂ ਉਹ ਤਿੱਬਿਆ ਕਾਲਜ ਲਾਹੌਰ ਦੇ ਪ੍ਰਧਾਨ ਮਲੇਰਕੋਟਲੇ ਵਾਲੇ ਰਾਮਾਨੰਦ ਤੋਂ ਲਈ ਯੂਨਾਨੀ ਤੇ ਆਯੁਰਵੈਦਿਕ ਇਲਾਜ ਕਲਾ ਜ਼ਰੀਏ ਰੋਗੀਆਂ ਨੂੰ ਦਵਾਈਆਂ ਦੀਆਂ ਪੁੜੀਆਂ ਦਿੰਦਾ ਵੀ ਨਜ਼ਰੀ ਪਵੇਗਾ।
ਢਾਡੀ ਨਰਾਇਣ ਸਿੰਘ ਚੰਦਨ ਖਿਝ ਕੇ ਕਹਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਕਦੇ ਵੀ ਢਾਡੀਆਂ ਵੱਲ ਉਲਾਰ ਨਹੀਂ ਹੋਈ ਤਾਂ ਸਰਕਾਰਾਂ ਨੂੰ ਕਿਉਂ ਦੋਸ਼ ਦੇਣੇ ਚਾਹੀਦੇ ਹਨ? ਬੁੱਢੇ ਢਾਡੀਆਂ ਦੀ ਸਾਰ ਪਹਿਲਾਂ ਸ਼੍ਰੋਮਣੀ ਕਮੇਟੀ ਲਵੇ ਫਿਰ ਸਰਕਾਰਾਂ ਨੂੰ ਕਹਾਂਗੇ।
1950 ਵਿਚ ਚੰਦਨ ਦਾ ਰਣਜੀਤ ਕੌਰ ਨਾਲ ਲਾਵਾਂ ਵਾਲਾ ਜ਼ਿੰਦਗੀ ਤੇ ਗ੍ਰਹਿਸਥ ਦਾ ਸਫਰ ਅਰੰਭ ਹੋ ਗਿਆ ਸੀ। ਉਹਦਾ ਇੱਕ ਪੁੱਤਰ ਜਗਦੀਸ਼ ਸਿੰਘ ਢਾਡੀ ਹੈ, ਦੂਜਾ ਅਮਰੀਕਾ ਦੇ ਬੌਸਟਨ ਸ਼ਹਿਰ ਵਿਚ ਕਾਰੋਬਾਰੀ ਹੈ ਤੇ ਧੀ ਮਨਜੀਤ ਕੌਰ ਹੈ।
ਸੱਚੀਂ! ਢਾਡੀ ਕਲਾ ਦੀਆਂ ਅੱਖੀਆਂ ਵਿਚ ਨਰਾਇਣ ਸਿੰਘ ਚੰਦਨ ਸੁਪਨਾ ਬਣ ਕੇ ਆਉਂਦਾ ਹੀ ਰਹੇਗਾ।