ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਵਰਤਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਇਸ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜ਼ਾਹਰ ਕੀਤਾ ਹੈ।
ਪਿਛਲੇ ਲੇਖ ਵਿਚ ਉਨ੍ਹਾਂ ਰਾਤ ਦੀਆਂ ਨਿਆਮਤਾਂ ਦੀ ਗੱਲ ਕਰਦਿਆਂ ਬੰਦੇ ਵੱਲੋਂ ਕੀਤੀਆਂ ਜਾ ਰਹੀਆਂ ਖਿਆਮਤਾਂ ‘ਤੇ ਗਿਲਾ ਪ੍ਰਗਟਾਇਆ ਸੀ ਕਿ ਅੱਜ ਕੱਲ ਹਰ ਦਿਨ ਹੀ ਰਾਤ ਵਰਗਾ ਅਤੇ ਮਨੁੱਖ ਦਿਨ ਦੇ ਪਿੰਡੇ ‘ਤੇ ਰਾਤ ਦੀ ਨਿਸ਼ਾਨਦੇਹੀ ਕਰਨ ਲੱਗਿਆਂ ਪਲ ਵੀ ਨਹੀਂ। ਹਥਲੇ ਲੇਖ ਵਿਚ ਉਨ੍ਹਾਂ ਚੰਦ ਅਤੇ ਇਸ ਦੀ ਚਾਨਣੀ ਦੀਆਂ ਨਿਆਮਤਾਂ ਦਾ ਵਿਖਿਆਨ ਕੀਤਾ ਹੈ। ਉਹ ਕਹਿੰਦੇ ਹਨ, “ਚੰਨ-ਚਾਨਣੀ, ਚੰਦ ‘ਚੋਂ ਚੰਨ ਦਾ ਦੀਦਾਰ, ਚਾਨਣ-ਰਾਹਾਂ ਨਾਲ ਪਿਆਰ, ਚਾਨਣ-ਸੰਸਾਰ ਦਾ ਵਿਸਥਾਰ ਅਤੇ ਹਨੇਰਿਆਂ ਦਾ ਉਤਰਦਾ ਉਛਾੜ।æææਚਾਨਣੀ ਰਾਤ ਵਿਚ ਕੋਠੇ ‘ਤੇ ਦਾਦੀ ਦੀਆਂ ਬਾਤਾਂ, ਹੁੰਮਸੀ ਰਾਤ ਵਿਚ ਹਵਾ ਦੇ ਆਉਂਦੇ ਬੁੱਲ੍ਹੇ ਅਤੇ ਚੰਦ ਉਪਰ ਦਾਦੀ ਮਾਂ ਦੇ ਚਰਖੇ ਦੀਆਂ ਯਾਦਾਂ ਜਦ ਮਨ-ਦਰ ‘ਤੇ ਦਸਤਕ ਦਿੰਦੀਆਂ ਤਾਂ ਬੀਤਿਆ ਸਮਾਂ ਯਾਦਗਾਰੀ ਸ਼ਿਦਤ ਬਣ ਜਾਂਦਾ।” -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਚੰਨ-ਚਾਨਣੀ, ਰੌਸ਼ਨ-ਤਰੌਂਕਾ, ਹਨੇਰ ਨਾਲ ਆਢਾ, ਰਾਹ-ਦਸੇਰਾ, ਮੰਜ਼ਿਲ ਪਛਾਣ ਅਤੇ ਰਾਹਾਂ ‘ਤੇ ਕਦਮਾਂ ਦੀ ਪੈੜਚਾਲ ਨੂੰ ਸੁਣਨ ਦਾ ਹੁਨਰ।
ਚੰਨ-ਚਾਨਣੀ, ਅੰਬਰ ‘ਚੋਂ ਤ੍ਰਿਪ ਤ੍ਰਿਪ ਚੋਂਦਾ ਚਾਨਣ, ਨਿੱਕੀਆਂ ਨਿੱਕੀਆਂ ਰੌਸ਼ਨ-ਕਿਰਨਾਂ ਦਾ ਆਗਮਨ ਅਤੇ ਇਸ ਵਿਚ ਭਿੱਜਣ ਦਾ ਅਕਹਿ ਅਨੰਦ।
ਚੰਨ-ਚਾਨਣੀ, ਸਮੁੱਚੀ ਕਾਇਨਾਤ ‘ਤੇ ਦੁਧੀਆ ਚਾਦਰ, ਦੂਰ ਦੂਰ ਤੀਕ ਪਸਰੀਆਂ ਰਾਹਾਂ ਦੀ ਚਿੱਤਰਕਾਰੀ ਅਤੇ ਪ੍ਰਛਾਵਿਆਂ ਵਿਚੋਂ ਰੌਸ਼ਨ-ਰਾਹਾਂ ਦੀ ਤਸਦੀਕ।
ਚੰਨ-ਚਾਨਣੀ, ਉਧਾਰੀ ਰੌਸ਼ਨੀ ਨੂੰ ਧਰਤ ਦੇ ਨਾਮ ਲਾਉਣਾ, ਕਿਸੇ ਦੇ ਚਾਨਣ ਵਿਚੋਂ ਖੁਦ ਨੂੰ ਪਰਿਭਾਸ਼ਤ ਤੇ ਵਿਸਥਾਰਤ ਕਰਨਾ ਅਤੇ ਸ਼ੁਕਰਗੁਜ਼ਾਰੀ ਵਿਚੋਂ ਜੀਵਨ ਦੀ ਸਾਰਥਕਤਾ ਨੂੰ ਕਿਆਸਣਾ।
ਚੰਨ-ਚਾਨਣੀ, ਚੰਨ ਦਾ ਚਾਨਣ-ਰਾਗ ਜੋ ਸੂਖਮ ਸੰਦੇਸ਼ ਦਿੰਦਾ ਕਿ ਖੁਦ ਦਾ ਚਾਨਣ ਨਾ ਹੁੰਦਿਆਂ, ਚਾਨਣ ਮੰਗਣ ਵਿਚ ਕੋਈ ਹਰਜ ਨਹੀਂ ਕਿਉਂਕਿ ਚਾਨਣ ਵੰਡਣਾ ਹੀ ਮਨੁੱਖਤਾ ਦਾ ਸਭ ਤੋਂ ਉਚਤਮ ਧਰਮ।
ਚੰਨ-ਚਾਨਣੀ, ਰਾਤ-ਵਿਹੜੇ ਮਹਿਕਾਂ ਵੰਡਦੀ, ਰਾਤ ਨੂੰ ਸੰਦਲੀ ਰੰਗਤ ਬਖਸ਼ਦੀ ਅਤੇ ਰੰਗਲੀ ਰਾਤ ਸੁਹੰਢਣੇ ਸਾਥ ਦਾ ਨਸੀਬ ਬਣਦੀ।
ਚੰਨ-ਚਾਨਣੀ ਰਾਤ ਦਾ ਦੂਜਾ ਪਹਿਰ, ਛੱਤ ‘ਤੇ ਅਲਸਾਈਆਂ ਦੋ ਰੂਹਾਂ, ਇਕ ਦੂਜੇ ਵਿਚ ਸਮਾਈਆਂ, ਚਾਨਣ ਚਾਨਣ ਹੋਈਆਂ, ਜੀਵਨ ਪੈਂਡਿਆਂ ਦੀ ਸੁਰਖ ਦਾਸਤਾਨ। ਚਾਨਣ ਰੱਤੇ ਰਾਹਾਂ ਦੇ ਮਾਰਗ-ਦਰਸ਼ਕ।
ਚੰਨ-ਚਾਨਣੀ ਵਿਚ ਸਫਰ ਨੂੰ ਖੰਭ ਲੱਗਦੇ, ਮੰਜਿਲ ਧਾਹ ਕੇ ਮਿਲਦੀ ਅਤੇ ਸੁਖਨ-ਸਾਥ ਵਿਚ ਸਾਹ-ਸੰਵੇਦਨਾ ਜੀਵਨੀ-ਸੱਚ ਬਣਦੀ।
ਚੰਨ-ਚਾਨਣੀ ਦੌਰਾਨ ਨਿੱਤਰੇ ਪਾਣੀਆਂ ਵਿਚਲੇ ਬਿੰਬ ਸਪੱਸ਼ਟ ਨਜ਼ਰ ਆਉਂਦੇ, ਇਕ ਦੂਜੇ ਵਿਚ ਸਮਾਉਂਦੇ ਅਤੇ ਆਤਮਕ-ਅੰਤਰੀਵ ਦੀ ਥਾਹ ਪਾਉਂਦੇ।
ਚੰਨ-ਚਾਨਣੀ, ਰਾਤ ਨੂੰ ਭਾਗ ਲਾਉਂਦੀ, ਸਮੁੱਚੇ ਚੌਗਿਰਦੇ ਵਿਚ ਚਾਨਣ ਦਾ ਇਤਰ ਡੋਲ੍ਹਦੀ ਅਤੇ ਸੰਧੂਰੀ ਸੁਗੰਧ ਨੂੰ ਸਰਬੱਤ ਦੇ ਨਾਮ ਲਾਉਂਦੀ।
ਚੰਨ-ਚਾਨਣੀ ਵਿਚ ਸਮੁੰਦਰ ਸ਼ਾਂਤ, ਪਾਣੀਆਂ ਵਿਚ ਠਹਿਰਾਅ। ਸਮੁੰਦਰੀ-ਜੀਵਨ ਤੋਰ ਨੂੰ ਅਗਰ ਮਨੁੱਖ ਆਪਣੀ ਜੀਵਨ ਜਾਚ ਬਣਾ ਲਵੇ ਤਾਂ ਸਾਹ-ਸੰਗੀਤ ਜਿੰਦ ਦਾ ਹਾਸਲ ਬਣ ਜਾਵੇ।
ਚੰਨ-ਚਾਨਣੀ, ਸੁਪਨਿਆਂ ਦੇ ਨੈਣਾਂ ਵਿਚ ਝਾਕਣਾ, ਸੁਪਨਿਆਂ ਨੂੰ ਸੰਦਲਾਪਣ ਬਖਸ਼ਣਾ ਅਤੇ ਸੁਪਨ-ਸਫਲਤਾ ਨੂੰ ਪੌੜੀ ਬਣਾ ਅੰਬਰਾਂ ਨੂੰ ਹੱਥ ਲਾਉਣ ਦਾ ਵਰ ਦੇਣਾ।
ਚੰਨ-ਚਾਨਣੀ, ਚੰਦ ਕੁ ਦਿਨਾਂ ਦੀ ਪ੍ਰਾਹੁਣੀ, ਪੁੰਨਿਆਂ ਨੂੰ ਭਰ ਜਵਾਨ ਅਤੇ ਅਹਿਸਤਾ ਅਹਿਸਤਾ ਮੱਸਿਆ ਵਾਲੇ ਦਿਨ ਹਨੇਰ ਵਿਚ ਡੁੱਬ ਜਾਂਦੀ। ਫਿਰ ਹੌਲੀ ਹੌਲੀ ਚੰਨ ਦੀ ਕਾਤਰ ਹਨੇਰ ਨਾਲ ਆਢਾ ਲਾਉਂਦੀ, ਚੰਨ ਦਾ ਅਕਾਰ ਵਧਦਾ, ਚਾਨਣੀ ਦੀ ਉਮਰ ਇਕ ਪਹਿਰ ਤੋਂ ਚਾਰੇ ਪਹਿਰ ‘ਤੇ ਪਹੁੰਚ ਫਿਰ ਰੁਖਸਤ ਦਾ ਰਾਹ ਪਕੜਦੀ।
ਚੰਨ-ਚਾਨਣੀ ਰਾਤ ਇਕ ਜੀਵਨ ਯਾਤਰਾ ਜਿਸ ਨੂੰ ਕਿਆਸ ਅਤੇ ਅੰਤਰੀਵ ਵਿਚ ਉਤਾਰ ਮਨੁੱਖ ਸਦੀਵੀ ਸੱਚ ਦੇ ਬਹੁਤ ਕਰੀਬ ਹੁੰਦਾ।
ਚੰਨ-ਚਾਨਣੀ, ਹੁਸਨ, ਜਵਾਨੀ, ਮਾਪੇ ਅਤੇ ਰਾਹੀ ਵਾਂਗ ਸਦੀਵ ਨਹੀਂ ਰਹਿੰਦੀ। ਕੁਝ ਚਿਰ ਦਾ ਸਾਥ ਅਤੇ ਫਿਰ ਪਰਤਣ ਦੀ ਆਸ।
ਚੰਨ-ਚਾਨਣੀ ‘ਚ ਬੱਚਿਆਂ ਦਾ ਚੰਦਾ ਮਾਮਾ ਧਰਤੀ ‘ਤੇ ਆ, ਧਰਤ ਨੂੰ ਚਾਂਦੀ ਰੰਗ ਦੇ ਬਸਤਰ ਪਹਿਨਾਉਂਦਾ। ਚੰਦਰਮਾ ‘ਤੇ ਪਹੁੰਚਣ ਦੀ ਮਨੁੱਖੀ ਰੀਝ ਜਦ ਸੱਚ ਹੋਈ ਤਾਂ ਪਤਾ ਲੱਗਾ ਕਿ ਚੰਨ ਤਾਂ ਨਿਰਾ ਮਾਰੂਥਲ, ਬਿਨ ਪਾਣੀ, ਹਵਾ ਤੇ ਬਨਸਪਤੀ। ਬੇਆਬਾਦ ਉਜਾੜ ਅਤੇ ਸੁੰਨ ਦਾ ਨਾਮ। ਪਰ ਫਿਰ ਵੀ ਸੂਰਜ ਦੀ ਰੌਸ਼ਨੀ ਨੂੰ ਧਰਤ ਦੇ ਨਾਮ ਕਰਦਾ, ਚੰਨ-ਚਾਨਣੀ ਦਾ ਰੂਪ ਧਾਰ ਪਰਉਪਕਾਰੀ ਕਾਰਜ ਵੱਲ ਊਰਜਿਤ ਰਹਿੰਦਾ। ਪਰ ਮਨੁੱਖ ਸਭ ਕੁਝ ਹੁੰਦਿਆਂ ਵੀ ਨਾ-ਸ਼ੁਕਰੀ ਵਿਚ ਹੀ ਜੀਵਨ-ਪੈਂਡਾ ਖੋਟਾ ਕਰ ਜਾਂਦਾ।
ਚੰਨ-ਚਾਨਣੀ, ਦੂਧੀਆ ਚਾਨਣ, ਤਪਸ਼ਹੀਣ, ਠੰਢਕ ਪਹੁੰਚਾਂਦਾ ਜੋ ਤੜਫਦੇ ਅਰਮਾਨਾਂ ਲਈ ਰਾਹਤ, ਸੱਧਰਾਂ ਨੂੰ ਪੂਰਨਤਾ ਦਾ ਵਰ ਅਤੇ ਬੇਆਸ ਲਈ ਨਰੋਈ ਆਸ।
ਚੰਨ-ਚਾਨਣੀ ‘ਚ ਦਰਿਆ ਦੀ ਰਵਾਨੀ, ਲਹਿਰਾਂ ਦੀ ਤਰੰਗ ਅਤੇ ਚੱਪੂਆਂ ਦੀ ਆਵਾਜ਼ ਨੂੰ ਕੁਦਰਤੀ ਇਕਸੁਰਤਾ ਰਾਹੀਂ ਮਾਣਨਾ, ਤੁਹਾਨੂੰ ਸਮੁੱਚੀ ਕਾਇਨਾਤ ਗਾਉਂਦੀ ਪ੍ਰਤੀਤ ਹੋਵੇਗੀ।
ਚੰਨ-ਚਾਨਣੀ ਵਿਚ ਤਾਰਿਆਂ ਦੀ ਮੱਧਮਤਾ, ਤਾਰਿਆਂ ਦਾ ਵਡੱਪਣ ਤੇ ਹਲੀਮੀ ਕਿਉਂਕਿ ਜਦ ਉਭਰਦੇ ਚਾਨਣ ਨੂੰ ਰਾਹ ਦੇਣ ਲਈ, ਤਾਰੇ ਰਾਹ ਮੋਕਲਾ ਕਰ ਦੇਣ ਤਾਂ ਚਾਨਣ ਹੋਰ ਮੌਲਦੇ ਨੇ। ਟਿਮਟਿਮਾਉਂਦੇ ਤਾਰੇ, ਚੰਨ-ਚਾਨਣੀ ਦੀਆਂ ਫੁਲਝੜੀਆਂ, ਚਾਨਣ-ਛਿੱਟਾਂ ਅਤੇ ਚਾਨਣ-ਫੁਲਕਾਰੀ ਦੀਆਂ ਬੂਟੀਆਂ।
ਚੰਨ-ਚਾਨਣੀ ਵਿਚ ਚੰਨ ਦਾ ਟਿੱਕਾ ਲਾ ਕੇ ਜਦ ਕੋਈ ਆਲੇ-ਦੁਆਲੇ ਵਿਚ ਮਹਿਕਾਂ ਦਾ ਵਣਜ ਕਰਦਾ ਤਾਂ ਹਵਾਵਾਂ ਦੀ ਮਦਹੋਸ਼ੀ ਸਾਹਾਂ ਦਾ ਹਾਸਲ ਬਣਦੀ।
ਚੰਨ-ਚਾਨਣੀ ‘ਚ ਨਹਾਤੀ ਰਾਤ ਜਦ ਕੁਦਰਤ ਦੇ ਵਿਹੜੇ ਜਲਵੇ ਬਿਖੇਰਦੀ ਤਾਂ ਬਨਸਪਤੀ ਦੇ ਮੁੱਖ ‘ਤੇ ਮੌਲਣ-ਰੁੱਤ ਦੀ ਦਸਤਕ ਹੁੰਦੀ।
ਚੰਨ-ਚਾਨਣੀ, ਗਰਮੀਆਂ ਵਿਚ ਰੱਜ ਕੇ ਮਾਣੀ ਜਾਂਦੀ, ਇਸ ਨੂੰ ਅੰਤਰੀਵ ਵਿਚ ਉਤਾਰਿਆ ਜਾਂਦਾ ਅਤੇ ਇਸ ਦੀ ਮਧੁਰ ਮੁਸਕਣੀ ਨੂੰ ਜੀਵਨ-ਤੰਦਾਂ ਦੇ ਨਾਮ ਲਾਇਆ ਜਾਦਾ। ਪਰ ਜਦ ਸਰਦੀਆਂ ਦੀ ਚੰਨ-ਚਾਨਣੀ, ਗਰੀਬ ਦੀ ਜਵਾਨੀ ਵਾਂਗ ਬਿਨ ਮਾਣਿਆਂ ਹੀ ਲੰਘ ਜਾਂਦੀ ਤਾਂ ਚੰਨ-ਚਾਨਣੀ ਸੋਗੀ ਜਾਂਦੀ।
ਚੰਨ-ਚਾਨਣੀ, ਚਾਨਣ-ਸਾਥ ਦਾ ਨਿੱਘ, ਰੌਸ਼ਨ-ਰਾਹਾਂ ਦੀ ਕਲਾ-ਨਿਕਾਸ਼ੀ, ਸੁਪਨ-ਸੋਚਾਂ ਦਾ ਆਗਮਨ ਅਤੇ ਹੁਲਾਰ ਨੂੰ ਮਾਣਨ ਦਾ ਹੁਲਾਸ।
ਚੰਨ-ਚਾਨਣੀ ਮਾਣਨਾ, ਹਰੇਕ ਦਾ ਨਸੀਬ ਨਹੀਂ। ਕੁਝ ਵਿਰਲੇ ਹੀ ਇਸ ਦੀ ਸੁੰਦਰਤਾ, ਸੂਖਮ-ਸੰਦੇਸ਼, ਸਦੀਵ-ਸੁਹਜ, ਸਗਵੇਂ-ਸਰੂਪ ਅਤੇ ਸੰਪੂਰਨ-ਸਮਰਪਣ ਨੂੰ ਪਛਾਣ, ਚੰਨ ਨੂੰ ਮਨ ‘ਚ ਵਸਾ, ਚੰਨ-ਚਾਨਣੀ ਵਰਗਾ ਬਣਨ ਦੀ ਲੋਚਾ ਮਨ ‘ਚ ਪਾਲਦੇ।
ਚੰਨ-ਚਾਨਣੀ ਸੂਰਜ, ਧਰਤੀ ਅਤੇ ਚੰਦਰਮਾ ਦੀ ਗ੍ਰਹਿ ਚਾਲ ਵਿਚੋਂ ਉਦੈ ਹੁੰਦੀ। ਆਪਸੀ ਇਕਸੁਰਤਾ, ਮੋਹ ਅਤੇ ਸਬੰਧ ਦਾ ਸਭ ਤੋਂ ਸਾਰਥਕ ਪ੍ਰਮਾਣ। ਨਿਰੰਤਰਤਾ ਦੀ ਹਾਮੀ ਅਤੇ ਖਾਸ ਸਮੇਂ ਤੇ ਸਥਾਨ ਦੀ ਨਿਯਮਤਾ।
ਚੰਨ-ਚਾਨਣੀ, ਚੋਰਾਂ-ਯਾਰਾਂ ਲਈ ਸਰਾਪ। ਕਮੀਨਗੀਆਂ ਅਤੇ ਕਰਤੂਤਾਂ ਨੂੰ ਜੱਗ-ਜਾਹਰ ਹੋਣ ਦਾ ਡਰ। ਇਸ ਲਈ ਉਹ ਹਨੇਰ ਲੋਚਦੇ, ਚੰਨ-ਚਾਨਣੀ ਦਾ ਕੀਰਤਨ-ਸੋਹਲਾ ਪੜ੍ਹਨ ਲਈ ਕਾਹਲੇ। ਪਰ ਚਾਨਣ ਕਦ ਮਰਦੇ ਨੇ!
ਕਰਵਾ ਚੌਥ ਨੂੰ ਛਾਨਣੀ ਵਿਚੋਂ ਝਾਕਦਾ ਚੰਨ, ਸੁਹਾਗਣਾਂ ਲਈ ਸੁਹਾਗ ਦੀ ਖੈਰ। ਚੰਨ ਕੋਲੋਂ ਚਾਨਣ ਦੀ ਖੈਰ, ਵਿਆਹੁਤਾ ਜੀਵਨ ਲਈ ਚਾਨਣ-ਅਸੀਸ ਜੋ ਮੀਆਂ-ਬੀਵੀ ਦੀ ਸਦੀਵੀ ਸੀਰਤ ਅਤੇ ਸੂਰਤ ਦੇ ਸੁਹੱਪਣ ਦਾ ਸਬੱਬ। ਇਸੇ ਲਈ ਤਾਂ ਸੁਹਾਗਣਾਂ ਚੰਨ ਕੋਲੋਂ ਆਪਣੇ ਚੰਨ ਦੀ ਸੁੱਖ ਮੰਗਦੀਆਂ।
ਚੰਨ-ਚਾਨਣੀ ‘ਚ ਜਦ ਚੰਨ ਆਪਣੀ ਚਾਨਣੀ ਨੂੰ ਬੁੱਕਲ ‘ਚ ਲੈ, ਦੋ ਜਿਸਮ ਇਕ ਜਾਨ ਦਾ ਸੰਕਲਪ ਬਣਦਾ ਤਾਂ ਚੰਨ-ਚਾਨਣੀ ਅਜਿਹੇ ਪਲਾਂ ਦੇ ਬਲਿਹਾਰੇ ਜਾਂਦੀ ਅਤੇ ਉਨ੍ਹਾਂ ਦੇ ਸਾਹ-ਪੈਂਡਿਆਂ ਵਿਚ ਖੁਸ਼ੀਆਂ ਤੇ ਖੇੜਿਆਂ ਦਾ ਚਮਨ ਖਿੜਾਉਂਦੀ।
ਚੰਨ-ਚਾਨਣੀ ਵਿਚ ਜਦ ਦੋ ਪ੍ਰਛਾਵੇਂ ਜੀਵਨੀ ਪੈਂਡਿਆਂ ਨੂੰ ਸਰ ਕਰਦੇ, ਇਕਸੁਰਤਾ, ਇਕਸੀਰਤਾ ਅਤੇ ਇਕਸਾਰਤਾ ਦਾ ਸੁੱਚਾ ਰਾਗ ਬਣਦੇ ਤਾਂ ਚਾਨਣ-ਰਾਗ ਉਚੀ ਸੁਰ ਵਿਚ ਫਿਜ਼ਾ ਨੂੰ ਤਰੰਗਤ ਕਰਦਾ।
ਚੰਨ-ਚਾਨਣੀ ਇਕ ਹੀ ਹੁੰਦੀ। ਬਹੁਤ ਸਾਰੇ ਹਨੇਰ ਇਸ ਨੂੰ ਨਿਗਲਣ ਲਈ ਤਿਆਰ। ਪਰ ਚੰਨ-ਚਾਨਣੀ ਹਮੇਸ਼ਾ ਸਦੀਵ। ਚਾਨਣ-ਰੰਗ ਨੂੰ ਪੂਰਨ ਸਮਰਪਣ ਨਾਲ ਚੌਗਿਰਦੇ ਦੇ ਨਾਮ ਲਾਉਂਦੀ।
ਮੱਸਿਆ ਦੀ ਰਾਤ ਨੂੰ ਬਹੁਤ ਸਾਰੇ ਟਿਮਟਿਮਾਉਂਦੇ ਤਾਰੇ ਅਤੇ ਟੁੱਟਦੇ ਤਾਰੇ ਰੁਸ਼ਨਾਉਣ ਦੀ ਕੋਸ਼ਿਸ਼ ਕਰਦੇ ਪਰ ਅਸਫਲ। ਚੰਨ-ਚਾਨਣੀ ‘ਕੱਲੀ ਹੀ ਰਾਤ ਨੂੰ ਜਗਮਗਾਉਂਦੀ। ਹਨੇਰਿਆਂ ਦੀ ਭੀੜ ਨੂੰ ਚੀਰਨ ਲਈ ਚਾਨਣ ਦੀ ਇਕ ਹੀ ਕਾਤਰ ਕਾਫੀ। ਕਾਤਲਾਂ/ਗੁਨਾਹਗਾਰਾਂ ਦੀ ਭੀੜ ਹੁੰਦੀ। ਬੇਗੁਨਾਹ/ਕਤਲ ਹੋਣ ਵਾਲੇ ਕਦੇ ਭੀੜ ਨਹੀਂ ਹੁੰਦੇ। ਚਾਨਣ ‘ਕੱਲਾ ਹੀ ਬਹੁਤ ਹੁੰਦਾ ਹਨੇਰਿਆਂ ਦੀ ਭੀੜ ਨਾਲ ਆਢਾ ਲਾਉਣ ਲਈ।
ਚੰਨ-ਚਾਨਣੀ ਪਲਾਂ ਦੀ ਜਦ ਮਨ ਬਣੇ ਤਸ਼ਬੀਹ, ਤਾਂ ਅੱਟੇ ਰਾਹੀਂ ਫੁੱਲ ਵਰਸਾਉਣ ਦੀ ਬਣਦੀ ਤਰਜੀਹ। ਚੰਨ-ਚਾਨਣੀ ਜਦ ਕਾਲਖਾਂ ਦੇ ਪਿੰਡੇ ਲਿਖੇ ਪੈਗਾਮ। ਤਦ ਕੁਕਰਮਾਂ ਦੀ ਬੀਹੀ ਦੇ ਵਿਚ ਉਤਰੇ ਡੂੰਘੀ ਸ਼ਾਮ। ਚੰਨ-ਚਾਨਣੀ ਦੀ ਦਸਤਕ ਜਦ ਸੋਚ-ਦਰ ਖੜਕਾਵੇ ਤਾਂ ਸਾਹ-ਜਲਧਾਰਾ ਵਿਚ ਸੰਗੀਤ ਘੁੱਲ ਜਾਵੇ। ਚੰਨ-ਚਾਨਣੀ ਵਿਚ ਜਦ ਕੋਈ ਫੁੱਲ ਮਲ-ਮਲ ਨਹਾਵੇ, ਤਾਂ ਚਮਨ ਦਾ ਹਰ ਬਿਰਖ ਸੁਗੰਧ ਦੀ ਉਮਰ ਹੰਢਾਵੇ। ਚੰਨ-ਚਾਨਣੀ ਲੇਖੀਂ ਚਾਨਣ-ਜਾਗ ਜਦ ਲਾਉਂਦੀ, ਤਾਂ ਕਰਮ-ਸਾਧਨਾ, ਕਰਮ-ਧਰਮ ਬਣ ਜਾਂਦੀ। ਚੰਨ-ਚਾਨਣੀ ਜਦ ਕਲਮ ਦਾ ਰੂਪ ਵਟਾਵੇ ਤਾਂ ਹਰ ਅੱਖਰ ਦੇ ਵਿਹੜੇ ‘ਚ ਚੰਨ ਉਤਰ ਆਵੇ। ਚੰਨ-ਚਾਨਣੀ ਜਦ ਸਾਹੀਂ ਰਮ ਕੇ ਅੰਦਰ ਚਾਨਣ ਕਰਦੀ ਤਾਂ ਜਿੰਦ ਚੰਨ-ਪਤਵਾਰ ਨਾਲ ਭਵ-ਸਾਗਰ ਤਰਦੀ।
ਚੰਨ-ਚਾਨਣੀ ਖੁਦ ਵਿਚੋਂ ਚਾਨਣ-ਰਾਹਾਂ ਦੀ ਨਿਸ਼ਾਨਦੇਹੀ, ਖੁਦ ਵਿਚੋਂ ਉਦੈ ਹੁੰਦੇ ਚੰਨ ਦਾ ਦੀਦਾਰ ਅਤੇ ਖੁਦ ਵਿਚੋਂ ਖੁਦਾਈ-ਮਾਰਗ ਦੀ ਅਰਘ-ਅਰਾਧਨਾ।
ਚੰਨ-ਚਾਨਣੀ, ਰੌਸਨ-ਮਾਰਗ ਦੀ ਦੱਸ, ਰਾਹਾਂ ਦੀਆਂ ਦੁਸ਼ਵਾਰੀਆਂ ਦੀ ਹਾਥ ਅਤੇ ਰਾਹਾਂ ਨੂੰ ਨੈਣ-ਨਜ਼ਰਾਨੇ।
ਚੰਨ-ਚਾਨਣੀ, ਚੰਦ ‘ਚੋਂ ਚੰਨ ਦਾ ਦੀਦਾਰ, ਚਾਨਣ-ਰਾਹਾਂ ਨਾਲ ਪਿਆਰ, ਚਾਨਣ-ਸੰਸਾਰ ਦਾ ਵਿਸਥਾਰ ਅਤੇ ਹਨੇਰਿਆਂ ਦਾ ਉਤਰਦਾ ਉਛਾੜ।
ਚੰਨ-ਚਾਨਣੀ, ਚਮਕਦੇ ਮੀਲ ਪੱਥਰ, ਆਲ੍ਹਣਿਆਂ ਵਿਚ ਚਹਿਕਦੇ ਪਰਿੰਦਿਆਂ ਦੇ ਬੋਲ, ਪੱਤਿਆਂ ਦਾ ਰੁਮਕਣ-ਸਾਜ਼ ਅਤੇ ਪੋਲੇ ਪੋਲੇ ਪੱਬ ਧਰਦੀ ਕੋਮਲ ਆਵਾਜ਼ ਜਿਸ ਦਾ ਪ੍ਰਭਾਵੀ ਅੰਦਾਜ਼ ਬਣਦਾ ਜੀਵਨ-ਧਰਾਤਲ ਦਾ ਰਾਜ਼।
ਚਾਨਣੀ-ਰਾਤ ਸਿਰਫ ਉਨ੍ਹਾਂ ਲੋਕਾਂ ਦਾ ਨਸੀਬ ਜਿਨ੍ਹਾਂ ਦੇ ਹਿੱਸੇ ਰਾਤ ਆਉਂਦੀ। ਦਿਨ ਵੇਲੇ ਕਿਸ ਨੂੰ ਨਜ਼ਰ ਆਵੇਗਾ ਚੰਨ ਤੇ ਚਾਨਣੀ?
ਹਰ ਚੰਨ-ਚਾਨਣੀ ਰਾਤ ਇਕਸਾਰ ਨਹੀਂ। ਅਗਰ ਹਰ ਚਾਨਣੀ ਰਾਤ ਨੂੰ ਨਵੇਂ ਖਿਆਲਾਂ, ਨਵੀਆਂ ਸੁਪਨ-ਉਡਾਰੀਆਂ, ਨਵੇਂ ਦਿਸਹੱਦਿਆਂ ਅਤੇ ਨਵੇਂ ਪੂਰਨਿਆਂ ਦੀ ਪ੍ਰਾਪਤੀ ਦੇ ਨਾਮ ਲਾ ਸਕੀਏ ਤਾਂ ਚੰਨ-ਚਾਨਣੀ ਦਾ ਧਰਮ ਨਿਭਦਾ।
ਚੰਨ-ਚਾਨਣੀ ਵਿਚ ਅਗਰ ਖਾਮੋਸ਼ੀ ਅਤੇ ਠਹਿਰੇ ਹੋਏ ਖਿਆਲਾਂ ਦਾ ਸਾਥ ਮਿਲ ਜਾਵੇ ਤਾਂ ਇਸ ਦੀ ਕੁੱਖ ਵਿਚ ਸੂਰਜ ਜਨਮ ਲੈਂਦੇ, ਇਸ ਦੀ ਜੂਹ ਵਿਚ ਕਲੀਆਂ ਮਹਿਕਦੀਆਂ ਅਤੇ ਕੁਦਰਤੀ ਨਿਆਮਤਾਂ ਅਹੁਲਦੀਆਂ।
ਚੰਨ ਦਾਗਦਾਰ ਹੋ ਕੇ ਵੀ ਚਾਨਣੀ ਵੰਡਦਾ, ਧਰਤ ਨੂੰ ਨੂਰੋ-ਨੂਰ ਕਰਦਾ ਏ। ਕੋਝੇਪਣ ਨੂੰ ਆਪਣੇ ਕੋਲ ਰੱਖ, ਸੁਹਜ ਵੰਡਣ ਦਾ ਗੁਰ, ਚੰਨ ਦਾ ਹਾਸਲ। ਕਿੰਜ ਰੀਸ ਕਰੇਗਾ ਮਨੁੱਖ?
ਚੰਨ ਦੇਖਣ ਦੇ ਬਹਾਨੇ ਕੋਠੇ ‘ਤੇ ਚੜ੍ਹਨਾ ਇਕ ਪੁੰਨ ਕਿਉਂਕਿ ਚਾਨਣੀ ਰਾਤ ਵਿਚ ਚੰਨ ਅਤੇ ਚੰਦ ਇਕੋ ਸਮੇਂ ਦੂਰੋਂ ਹੀ ਨਜ਼ਰ ਆਉਂਦੇ।
ਚੰਨ-ਚਾਨਣੀ ਰਾਤ, ਪੁਰਾਣੀ ਪੀੜ੍ਹੀ ਦੇ ਚੇਤਿਆਂ ਵਿਚ ਵੱਸਦੀ। ਬਿਜਲੀ-ਵਿਹੂਣੇ ਪਿੰਡਾਂ-ਸ਼ਹਿਰਾਂ ਵਿਚ ਚਾਨਣੀਆਂ ਰਾਤਾਂ ਵਿਚ ਦੇਰ ਰਾਤ ਤੀਕ ਖੇਡਦੇ ਰਹਿਣਾ, ਪਿੰਡ ਦੀਆਂ ਸੱਥਾਂ ਵਿਚ ਮਜਲਿਸਾਂ ਸੱਜਦੀਆਂ ਅਤੇ ਚਾਨਣ-ਤੋਰ ਵਿਚੋਂ ਹੀ ਸਮੇਂ ਨੂੰ ਕਿਆਸ, ਗਈ ਰਾਤ ਅਤੇ ਸਵੇਰ ਹੋਣ ਵਿਚ ਦੇਰੀ ਦਾ ਅੰਦਾਜ਼ਾ ਲਾਇਆ ਜਾਂਦਾ ਸੀ।
ਚੰਨ ਚਾਨਣੀ ਉਦਾਸੀ ਦਾ ਲਿਬਾਸ ਪਾਉਂਦੀ ਜਦ ਤੇਜ ਰੌਸ਼ਨੀਆਂ ਚਾਨਣੀ ਨੂੰ ਧੁੰਦਲਾ ਕਰਦੀਆਂ, ਰੌਸ਼ਨੀ ਦਾ ਪ੍ਰਦੂਸ਼ਣ ਚਾਨਣੀ ਦੀ ਨਿੰਮੀ-ਨਿੰਮੀ ਲੋਅ ਨੂੰ ਦੁਰਕਾਰਦਾ ਅਤੇ ਆਧੁਨਿਕ ਮਨੁੱਖ ਵਿਚ ਚਾਨਣੀ ਨੂੰ ਮਾਣਨ ਦਾ ਸੁਹਜ-ਸਵਾਦ, ਗੁੰਮਸ਼ੁਦਗੀ ਦੀ ਜੂਨ ਹੰਢਾਉਂਦਾ।
ਚੰਨ-ਚਾਨਣੀ ਵਰਗੇ ਕੁਝ ਲੋਕ ਜਦ ਜ਼ਿੰਦਗੀ ਵਿਚ ਆਉਂਦੇ ਤਾਂ ਜੀਵਨ-ਰਾਹਾਂ ਚਾਨਣ ‘ਚ ਧੋਤੀਆਂ ਜਾਂਦੀਆਂ, ਜੰਗਾਲੇ ਸੁਪਨਿਆਂ ਨੂੰ ਨਰੋਈ ਦਿੱਖ ਮਿਲਦੀ ਅਤੇ ਰੁਕੇ ਹੋਏ ਕਦਮਾਂ ਨੂੰ ਤੁਰਨ ਦਾ ਸਾਹਸ ਤੇ ਪ੍ਰੇਰਨਾ ਮਿਲਦੇ।
ਚੰਨ ਚਾਨਣੀ ਵਿਚ ਰਾਤ ਖਾਮੋਸ਼, ਹਵਾ ਠਹਿਰੀ, ਤਾਰਿਆਂ ਦਾ ਭਰਮਣ ਅਤੇ ਸਮੁੰਦਰੀ ਲਹਿਰਾਂ ਦੀ ਖਾਮੋਸ਼ੀ। ਪ੍ਰਭਾਤ ਦੇ ਰਾਹਾਂ ਵਿਚ ਅੱਖਾਂ ਵਿਛਾਈ ਪਲ ਪਲ ਲੰਘ ਰਹੀ ਰਾਤ।
ਚੰਨ-ਚਾਨਣੀ ਦੇ ਚਾਨਣ-ਰਾਗ ਵਿਚ, ਸਾਹੀਂ ਸੰਗੀਤ, ਜੀਵ-ਸੰਸਾਰ ਮਸਤ, ਸਰੂਰੀ ਪਲਾਂ ਵਿਚ ਅਲਸਾਈ ਕੁਦਰਤ, ਖੁਦ ਨੂੰ ਵਿਸਥਾਰਨ ਦੇ ਰਾਹ ਤੁਰੀ ਬਨਸਪਤੀ ਅਤੇ ਹੌਲੀ ਹੌਲੀ ਚਾਨਣ-ਰਾਹ ਦਾ ਸਫਰ ਮੁਕਾ ਰਿਹਾ ਚੰਦਰਮਾ।
ਚੰਨ ਚਾਨਣੀ ਰਾਤ ਵਿਚ ਚੰਨ ‘ਤੇ ਥੁੱਕਣ ਵਾਲੇ ਲੋਕ ਭੁੱਲ ਜਾਂਦੇ ਨੇ ਦਾਗਦਾਰ ਚੰਨ ਹੀ ਚਾਨਣ ਦਾ ਵਣਜਾਰਾ। ਮਨੁੱਖ ਤਾਂ ਚਾਨਣ ਦੇ ਦੰਭ ਵਿਚ ਕਪਟ ਦਾ ਵਪਾਰੀ।
ਚਾਨਣੀ ਰਾਤ ਵਿਚ ਕੋਠੇ ‘ਤੇ ਦਾਦੀ ਦੀਆਂ ਬਾਤਾਂ, ਹੁੰਮਸੀ ਰਾਤ ਵਿਚ ਹਵਾ ਦੇ ਆਉਂਦੇ ਬੁੱਲ੍ਹੇ ਅਤੇ ਚੰਦ ਉਪਰ ਦਾਦੀ ਮਾਂ ਦੇ ਚਰਖੇ ਦੀਆਂ ਯਾਦਾਂ ਜਦ ਮਨ-ਦਰ ‘ਤੇ ਦਸਤਕ ਦਿੰਦੀਆਂ ਤਾਂ ਬੀਤਿਆ ਸਮਾਂ ਯਾਦਗਾਰੀ ਸ਼ਿਦਤ ਬਣ ਜਾਂਦਾ।
ਚੰਨ-ਚਾਨਣੀ ਰਾਤ ਹੋਵੇ, ਪ੍ਰਛਾਵੇਂ ਵਰਗਾ ਸਾਥ ਹੋਵੇ, ਮਨ ‘ਚ ਉਗੀ ਪ੍ਰਭਾਤ ਹੋਵੇ ਤਾਂ ਪੱਲੇ ਪੈਂਦੀ ਚਾਨਣ-ਚੋਗ। ਚੰਨ-ਚਾਨਣਾ ਮੁੱਖ ਹੋਵੇ, ਚਿਹਰੇ ‘ਤੇ ਨੂਰੀ ਚੁੱਪ ਹੋਵੇ, ਮਨ ‘ਚ ਉਤਰੀ ਧੁੱਪ ਹੋਵੇ ਤਾਂ ਮਿਲਦਾ ਸਾਥ ਦਾ ਜੋਗ। ਚੰਨ-ਚਾਨਣੀ ਲੋਅ ਹੋਵੇ, ਦਿਲ ‘ਚ ਸੱਜਣ ਦਾ ਮੋਹ ਹੋਵੇ, ਚਾਅਵਾਂ ਨੂੰ ਮਿਲਦੀ ਢੋਅ ਹੋਵੇ ਤਾਂ ਅਸਾਧੀ ਆਸ ਵੀ ਹੋਵੇ ਅਰੋਗ। ਚੰਨ-ਚਾਨਣ ਦੀ ਜਾਗ ਹੋਵੇ, ਅਰਥ-ਆਲੇ ਧਰਿਆ ਚਿਰਾਗ ਹੋਵੇ, ਸੋਚਾਂ ‘ਚ ਜੀਵਨ-ਨਾਦ ਹੋਵੇ ਤਾਂ ਬੋਲੀਂ ਉਗਦਾ ਸ਼ਬਦ-ਸੰਜੋਗ।
ਚੰਨ-ਚਾਨਣੀ, ਹਨੇਰਿਆਂ ਨੂੰ ਬੇਦਾਵਾ ਤੇ ਰੌਸ਼ਨੀ ਨੂੰ ਬੁਲਾਵਾ। ਕਾਲੇ ਦੌਰ ਦਾ ਖਾਤਮਾ ਤੇ ਚਾਨਣ-ਯੁੱਗ ਦਾ ਆਗਾਜ਼। ਅਕਾਰਾਂ ਦੇ ਧੁੰਦਲੇਪਣ ਤੋਂ ਪ੍ਰਛਾਵਿਆਂ ਦੀ ਸਪਸ਼ਟਤਾ ਤੀਕ ਦਾ ਸਫਰ। ਮਸਤਕ ‘ਤੇ ਉਕਰੀ ਕਾਲਖ ਤੋਂ ਸੋਚ-ਸੂਰਜ ਦਾ ਜਲੌਅ।
ਚਾਨਣੀ ਰਾਤ ਵਿਚ ਜਿਨ੍ਹਾਂ ਦੇ ਸੁਪਨੇ ਜਾਗਦੇ, ਨੈਣਾਂ ਵਿਚ ਤੈਰਦੇ ਹੰਝੂਆਂ ਦੀ ਇਬਾਰਤ ਪੜ੍ਹਦੇ, ਕਰਮ ਵਿਚ ਧਰਮ ਧੜਕਦਾ, ਬੋਲਾਂ ਵਿਚ ਹਮਦਰਦੀ, ਪਿਆਰ ਤੇ ਦੁਲਾਰ ਦੀ ਭਾਸ਼ਾ ਪਨਪਦੀ, ਉਹ ਹੀ ਚਾਨਣੀ ਰਾਤ ਦੇ ਦਰਦ ਨੂੰ ਹਾਸਿਆਂ ਦੇ ਸ਼ਗੂਫੇ ਵਿਚ ਬਦਲਦੇ।