ਅਵਤਾਰ ਸਿੰਘ (ਪ੍ਰੋ)
ਫੋਨ: 9417518384
ਹਰ ਪਾਸੇ ਪੰਜਾਬੀ ਬਚਾਉ ਦੀ ਦੁਹਾਈ ਦਿੱਤੀ ਜਾ ਰਹੀ ਹੈ। ਇਸ ਵਿਚ ਕੁਝ ਬੁਰਾ ਵੀ ਨਹੀਂ; ਪੰਜਾਬੀ ਬਚਣੀ ਜਾਂ ਬਚਾਉਣੀ ਜਰੂਰੀ ਹੈ। ਪੰਜਾਬੀ ਬਚਾਉ ਤਰਲਿਆਂ ਦਾ ਮਤਲਬ ਜਾਣਨ ਤੋਂ ਪਹਿਲਾਂ, ਇਹ ਗੱਲ ਸੋਚਣੀ ਬਣਦੀ ਹੈ ਕਿ ਅਸੀਂ ਪੰਜਾਬੀ ਬਚਾਉਣੀ ਕਿਸ ਕੋਲੋਂ ਹੈ? ਸੰਨ 1984 ਵਿਚ ਪੰਜਾਬ ਯੂਨੀਵਰਸਿਟੀ ਵਿਚ ਐਮæ ਏæ ਕਰਦਿਆਂ ਹਾਸ ਵਿਅੰਗ ਲੇਖਕ ਗੁਰਨਾਮ ਸਿੰਘ ਤੀਰ ਦੀ ਅਜੀਬ ਜਿਹੇ ਸਿਰਲੇਖ ਵਾਲੀ ਕਿਤਾਬ ਪੜ੍ਹੀ ਸੀ: ਮੈਨੂੰ ਮੈਥੋਂ ਬਚਾਉ। ਮੈਨੂੰ ਲੱਗਦਾ ਹੈ ਕਿ ਪੰਜਾਬੀ ਨੂੰ ਵੀ ਪੰਜਾਬੀਆਂ ਤੋਂ ਹੀ ਬਚਾਉਣ ਦੀ ਲੋੜ ਹੈ।
ਕਹਿੰਦੇ ਨੇ, ਕਿਤੇ ਕੋਈ ਲੜਾਈ ‘ਚ ਮਾਰਿਆ ਗਿਆ; ਦੇਹ ਘਰੇ ਆਈ ਤਾਂ ਅਫਸੋਸ ਕਰਨ ਆਇਆ ਕੋਈ ਬੂਝੜ, ਮ੍ਰਿਤਕ ਦੀ ਅੱਖ ਹੇਠ ਗੋਲੀ ਲੱਗੀ ਦੇਖ ਕੇ ਬੋਲਿਆ, “ਚਲੋ ਸ਼ੁਕਰ ਹੈ, ਅੱਖ ਬਚ ਗਈ।”
ਪੰਜਾਬੀ ਜ਼ੁਬਾਨ ਪੰਜਾਬ ਦੀ ਅੱਖ ਹੈ। ਜੇ ਪੰਜਾਬ ਮਰ ਗਿਆ ਤਾਂ ਅੱਖ ਬਚਾ ਕੇ ਅਸੀਂ ਕੀ ਕਰਾਂਗੇ! ਪੰਜਾਬ ਦਾ ਅਰਥ ਹੈ, ਇੱਥੋਂ ਦਾ ਪੌਣ-ਪਾਣੀ, ਜਿਸ ਨੂੰ ਜਲ-ਵਾਯੂ ਜਾਂ ਆਬੋ-ਹਵਾ ਵੀ ਕਹਿ ਲੈਂਦੇ ਹਾਂ। ਪੰਜਾਬ ਦਾ ਪਾਣੀ ਅਸੀਂ ਬਚਾ ਨਹੀਂ ਸਕੇ; ਨਾ ਉਤਲਾ, ਨਾ ਹੇਠਲਾ। ਪਉਣ ਅਸੀਂ ਖਤਰੇ ਦੀ ਹੱਦ ਤੋਂ ਕਿਤੇ ਵੱਧ ਦੂਸ਼ਿਤ ਕਰ ਲਈ ਹੈ।
ਸੱਭਿਆਚਾਰਕ ਗੀਤ-ਸੰਗੀਤ ਨੂੰ ਅਸੀਂ ਜਾਤੀਵਾਦੀ ਹੈਂਕੜ ਦੀ ਪੁੱਠ ਚਾੜ੍ਹ ਚਾੜ੍ਹ ਕੇ ਦੁਸ਼ਟਤਾ ਦੀ ਹੱਦ ਪਾਰ ਕਰਵਾ ਦਿੱਤੀ ਹੈ। ਸਾਡੀ ਗੀਤਕਾਰੀ ਦੇ ਲੇਖਕ ਵੀ ਪੰਜਾਬੀ ਹਨ, ਗਵੱਈਏ ਵੀ ਪੰਜਾਬੀ ਤੇ ਸਰੋਤੇ ਵੀ ਪੰਜਾਬੀ ਹਨ। ਕੰਪਨੀਆਂ ਨੇ ਸਿਰਫ ਤਵੇ ਬਣਾਉਣੇ ਹਨ। ਜੋ ਅਸੀਂ ਲਿਖਾਂਗੇ ਤੇ ਗਾਵਾਂਗੇ, ਉਸੇ ਦੇ ਉਨ੍ਹਾਂ ਤਵੇ, ਕੈਸਿਟਾਂ, ਸੀਡੀਆਂ ਜਾਂ ਟ੍ਰੈਕ ਬਣਾਉਣੇ ਹਨ।
ਪੰਜਾਬ ਦੀ ਮਿੱਟੀ ਨੂੰ ਕੈਂਸਰ ਹੋ ਗਿਆ ਹੈ। ਬੜਵੇ ਬਘੌਰਾਂ ਦੇ ਲੋਕ ਆਪਣੀ ਫਸਲ ਆਪ ਨਹੀਂ ਖਾਂਦੇ; ਆਪਣੀ ਵੇਚ ਦਿੰਦੇ ਹਨ ਤੇ ਆਪਣੇ ਲਈ ਦੂਰ ਦੁਰਾਡਿਉਂ ਖਰੀਦ ਲਿਆਉਂਦੇ ਹਨ। ਪਸੂਆਂ ਦਾ ਕੀ ਕਰਨ! ਉਹ ਕਿਹੜਾ ਇਨਸਾਨ ਹਨ! ਉਸ ਇਲਾਕੇ ਦੇ ਪਸੂਆਂ ਦੇ ਮੂੰਹ ਖੁਰ ਗਲ ਰਹੇ ਹਨ, ਜਿਨ੍ਹਾਂ ਦਾ ਰੋਗੀ ਦੁੱਧ ਉਹ ਆਪ ਵੀ ਪੀ ਰਹੇ ਹਨ ਤੇ ਦੂਸਰਿਆਂ ਨੂੰ ਵੀ ਪਿਆ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ਬਾਕੀ ਇਲਾਕਿਆਂ ‘ਚ ਵੀ ਬਣ ਰਹੇ ਹਨ।
ਪੰਜਾਬ ਦੇ ਪਿੰਡ, ਕਸਬੇ, ਸ਼ਹਿਰ, ਪਰਿਵਾਰ, ਰਿਸ਼ਤੇ-ਨਾਤੇ, ਖਾਣ-ਪੀਣ, ਪਹਿਰਾਵੇ, ਬੋਲ-ਚਾਲ, ਲੈਣ-ਦੇਣ, ਵਰਤੋਂ-ਵਿਹਾਰ, ਆਉਣ-ਜਾਣ, ਬਹਿਣ-ਖਲੋਣ, ਮੇਲ-ਮਿਲਾਪ, ਝਗੜੇ, ਗੱਲਾਂ ਬਾਤਾਂ, ਖੇਲਾਂ, ਛੇੜਾਂ, ਝੇਡਾਂ-ਸਭ ਕੁਝ ਪੱਛਮ ਦੀ ਕੋਝੀ ਤੇ ਕਰੂਪ ਨਕਲ ਬਣ ਗਿਆ ਹੈ।
ਬਾਹਰ ਜਾਣ ਖਾਤਰ ਸਾਡੇ ਪੰਜਾਬੀ ਅਸਲੀ ਪਤਨੀ ਨੂੰ ਜਾਅਲੀ ਤਲਾਕ ਦੇ ਕੇ ਕਿਸੇ ਗੋਰੀ ਕੁਨਸਲ ਨਾਲ ਨਕਲੀ ਵਿਆਹ ਕਰਵਾ ਲੈਂਦੇ ਹਨ। ਹੁਣ ਪੰਜਾਬੀ ਜਹਾਜੇ ਚੜ੍ਹਨ ਜਾਂ ਵੜਨ ਲਈ, ਆਪਣੀ ਮਾਸੀ, ਭੂਆ ਆਦਿ ਜਿਹੇ ਨਜ਼ਦੀਕੀ ਰਿਸ਼ਤਿਆਂ ‘ਚੋਂ ਲੱਗਦੀਆਂ ਭੈਣਾਂ ਨਾਲ ਸ਼ਾਦੀ ਦਾ ਡਰਾਮਾ ਰਚਾ ਲੈਂਦੇ ਹਨ; ਦੱਸਣ ਵਾਲੇ ਦੱਸਦੇ ਹਨ ਕਿ ਹੁਣ ਪੰਜਾਬੀ ਆਪਣੀ ਅਣਖ, ਆਬਰੂ ਜਾਂ ਜ਼ਮੀਰ ‘ਤੇ ਭੋਰਾ ਵੀ ਬੋਝ ਪਾਏ ਬਿਨਾ, ਜਾਅਲੀ ਪਤਨੀ ਨੂੰ ਅਸਲੀ ਸਾਬਤ ਕਰਨ ਲਈ ਅੰਬੈਸੀ ਦਾ Ḕਬੰਦ ਕਮਰਾ ਟੈਸਟḔ ਵੀ ਬੜੇ ਅਰਾਮ ਨਾਲ ḔਪਾਸḔ ਕਰ ਲੈਂਦੇ ਹਨ।
ਪੰਜਾਬੀਅਤ ਦਾ ਹੁਣ ਹਰ ਪੱਖੋਂ ਵਿਗੜੀਕਰਣ, ਭ੍ਰਸ਼ਟੀਕਰਣ, ਬਦਚਲਨੀਕਰਣ ਅਤੇ ਹਰਾਮੀਕਰਣ ਹੋ ਗਿਆ ਹੈ, ਜਿਸ ਨੂੰ ਅਸੀਂ ਮੁਗਾਲਤੇ ਵੱਸ ਨਵੀਨੀਕਰਣ ਜਾਂ ਆਧੁਨਿਕੀਕਰਣ ਸਮਝ ਰਹੇ ਹਾਂ। ਜਦ ਪੰਜਾਬ ਦੇ ਲੋਕ ਹੀ ਪੰਜਾਬੀ ਨਹੀਂ ਰਹੇ ਤਾਂ ਪੰਜਾਬੀ ਜ਼ੁਬਾਨ ਕਿਵੇਂ ਬਚ ਸਕਦੀ ਹੈ! ਸਾਡੇ ਤਾਂ ਸੁਪਨੇ ਵੀ ਪੰਜਾਬੀ ਨਹੀਂ ਰਹੇ। ਏਅਰਪੋਰਟ ‘ਤੇ ਸੈਲਫੀ ਖਿੱਚ ਕੇ ਫੇਸਬੁੱਕ ‘ਤੇ ਪਾਉਣਾ ਸਾਡਾ ਸਭ ਤੋਂ ਪਿਆਰਾ ਸ਼ੌਕ ਹੈ। ਨਵੀਂ ਪੀੜ੍ਹੀ ਵਲੈਤੀ ਸੁਪਨੇ ਦੇਖਦੀ ਹੈ। ਸਾਡਾ ḔਅਸਲੀḔ ਮੁੱਖ ਮੰਤਰੀ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਸੁਪਨੇ ਦਿਖਾਉਂਦਾ ਸੀ।
ਕੈਨੇਡਾ ਦਾ ਪ੍ਰਧਾਨ ਮੰਤਰੀ ਪੰਜਾਬ ‘ਚ ਆਵੇ ਤਾਂ ਅਸੀਂ ਅੱਡੀਆਂ ਚੁੱਕ ਚੁੱਕ ਦੇਖਦੇ ਹਾਂ, ਜਿਵੇਂ ਪੰਜਾਬ ਦਾ ਜੁਆਈ ਭਾਈ ਆਇਆ ਹੋਵੇ। ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਲੰਗਰ ਦੀ ਮਰਿਆਦਾ ਵੀ ਸਾਨੂੰ ਭੁੱਲ ਜਾਂਦੀ ਹੈ।
ਆਮ ਹਾਲਤਾਂ ਵਿਚ ਕਿਸੇ ਮੋਨੇ ਬੰਦੇ ਨੂੰ ਦਰਬਾਰ ਸਾਹਿਬ ਦੇ ਲੰਗਰ ‘ਚ ਫੁਲਕੇ ਬਣਾਉਣ ਦੀ ਇਜਾਜ਼ਤ ਨਹੀਂ ਹੈ। ਪੰਜਾਬ ਦੇ ਕਿਸੇ ਡੇਰੇ ‘ਚ ਲੰਗਰ ਛਕਣ ਲਈ Ḕਜਿਮੀਂਦਾਰਾਂ ਦੇ ਭਾਂਡੇḔ ਅਲੱਗ ਹਨ; ਕਿਤੇ ਗੁਰਦੁਆਰੇ ‘ਚ ਦਲਿਤ ਦੀ ਲੜਕੀ ਦੀਆਂ ਲਾਵਾਂ ਨਹੀਂ ਪੜ੍ਹੀਆਂ ਜਾ ਸਕਦੀਆਂ; ਕਿਤੇ ਦਲਿਤ ਦੀ ਮ੍ਰਿਤਕ ਮਾਂ ਦਾ ਭੋਗ ਨਹੀਂ ਪਾਇਆ ਜਾ ਸਕਦਾ। ਕਿਹੜੀ ਮਰਿਆਦਾ ਸੀ, ਜੋ ਅਸੀਂ ਟਰੂਡੋ ਲਈ ਤੋੜਨ ਨੂੰ ਤਿਆਰ ਨਹੀਂ ਸੀ।
ਪੰਜਾਬੀ ਬਚੇਗੀ ਜੇ ਪੰਜਾਬ ਬਚੇਗਾ। ਪੰਜਾਬ ਬਚੇਗਾ ਜੇ ਅਸੀਂ ਇਸ ਨੂੰ ਜੀਣ ਦੇਵਾਂਗੇ। ਪੰਜਾਬੀ ਬਚਾਉਣ ਲਈ ਪੰਜਾਬ ਨੂੰ ਜਾਤੀ ਹੈਂਕੜ, ਅਵੈੜ ਅਤੇ ਫੂੜ੍ਹ ਮਾਨਸਿਕਤਾ ਤੋਂ ਆਜ਼ਾਦ ਕਰਨ ਦੀ ਲੋੜ ਹੈ।