ਪਰਸ਼ੋਤਮ ਲਾਲ ਸਰੋਏ
ਫੋਨ: 91-92175-44348
ਮੌਤ ਇੱਕ ਅਟਲ ਸੱਚਾਈ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮਨੁੱਖੀ ਸਰੀਰ ਮਿੱਟੀ ਦੇ ਇੱਕ ਪੁਤਲੇ ਸਮਾਨ ਹੈ, ਜਿਸ ਦਾ ਕੋਈ ਭਰੋਸਾ ਨਹੀਂ ਕਿ ਕਦ ਭੱਜ ਜਾਵੇ। ਬਿਧੀ ਦੇ ਵਿਧਾਨ ਨੂੰ ਕੋਈ ਵੀ ਨਹੀਂ ਟਾਲ ਸਕਦਾ। ਜੀਵਨ ਕਿਸੇ ਡਰਾਮੇ ਜਾਂ ਕਿਸੇ ਫਿਲਮ ਦੀ ਨਿਆਈਂ ਹੈ, ਜਿਸ ਦੀ ਜੇ ਸ਼ੁਰੂਆਤ ਹੈ ਤਾਂ ਅੰਤ ਵੀ ਯਕੀਨੀ ਹੈ। ਜੇ ਫਿਲਮੀ ਜਗਤ ਦੀ ਗੱਲ ਕਰੀਏ ਤਾਂ ਕੁਝ ਨਾਮੀ ਹਸਤੀਆਂ ਆਪਣੇ ਕਿਰਦਾਰ ਦੀ ਜੋ ਅਮਿੱਟ ਯਾਦ ਸਾਡੇ ਦਿਲਾਂ ‘ਚ ਛੱਡ ਗਏ ਹਨ, ਉਸ ਨੂੰ ਅਸੀਂ ਭੁੱਲਣਾ ਵੀ ਚਾਹੀਏ ਤਾਂ ਭੁਲਾ ਨਹੀਂ ਸਕਦੇ।
ਜਿਨ੍ਹਾਂ ਨੇ ਫਿਲਮੀ ਕਿਰਦਾਰ ਨੂੰ ਲੀਡਿੰਗ ਅੰਦਾਜ਼ ‘ਚ ਨਿਭਾਉਣ ਦੇ ਨਾਲ ਨਾਲ ਅਸਲ ਜੀਵਨ ‘ਚ ਵੀ ਅਗਵਾਈ ਵਾਲਾ ਕਿਰਦਾਰ ਨਿਭਾਇਆ ਹੈ, ਉਨ੍ਹਾਂ ਦੀ ਯਾਦ ਹਮੇਸ਼ਾ ਸਾਡੇ ਜੀਵਨ ‘ਚ ਵਸ ਗਈ।
ਹੁਣੇ ਹੁਣੇ ਇੱਕ ਹੋਰ ਫਿਲਮੀ ਸਿਤਾਰਾ ਸ੍ਰੀਦੇਵੀ ਆਪਣੇ ਜੀਵਨ ਦੀ 54 ਸਾਲ ਦੀ ਜੀਵਨ ਯਾਤਰਾ ਪੂਰੀ ਕਰ ਕੇ ਅਸਮਾਨੀ ਸਿਤਾਰਿਆਂ ਦੀ ਥਾਲੀ ‘ਚ ਜਾ ਬਿਰਾਜਮਾਨ ਹੋਈ ਹੈ। ਮੌਤ ਦੀ ਖਬਰ ਸੁਣਦੇ ਸਾਰ ਹੀ ਸਾਰੇ ਫਿਲਮ ਜਗਤ ‘ਚ ਸ਼ੋਕ ਦੀ ਲਹਿਰ ਦੌੜ ਗਈ।
ਸ੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਤਮਿਲ ਪਿਤਾ ਸ੍ਰੀ ਅਯਅੱਪਨ ਅਤੇ ਤੈਲਗੂ ਮਾਤਾ ਸ੍ਰੀਮਤੀ ਰਾਜੇਸ਼ਵਰੀ ਦੇ ਘਰ ਹੋਇਆ। ਸ੍ਰੀਦੇਵੀ ਦੇ ਪਿਤਾ ਪੇਸ਼ੇ ਵਜੋਂ ਵਕੀਲ ਸਨ। 1996 ਵਿਚ ਸ੍ਰੀਦੇਵੀ ਦਾ ਵਿਆਹ ਪ੍ਰਸਿੱਧ ਅਦਾਕਾਰ ਅਨਿਲ ਕਪੂਰ ਤੇ ਸੰਜੇ ਕਪੂਰ ਦੇ ਵੱਡੇ ਭਰਾ ਫਿਲਮ ਨਿਰਮਾਤਾ ਬੌਨੀ ਕਪੂਰ ਨਾਲ ਹੋਇਆ। ਬੌਨੀ ਕਪੂਰ ਨਾਲ ਵਿਆਹ ਤੋਂ ਉਸ ਦੇ ਦੋ ਧੀਆਂ ਹਨ-ਜਾਨਵੀ ਤੇ ਖੁਸ਼ੀ।
ਸ੍ਰੀਦੇਵੀ ਕੇਵਲ ਅਦਾਕਾਰਾ ਹੀ ਨਹੀਂ ਸੀ ਬਲਕਿ ਇੱਕ ਵਧੀਆ ਪ੍ਰੋਡਿਊਸਰ ਵੀ ਸੀ। ਉਸ ਨੇ ਤਮਿਲ, ਤੈਲਗੂ, ਹਿੰਦੀ ਤੇ ਕੰਨੜ ਭਾਸ਼ਾਵਾਂ ਵਿਚ ਆਪਣੇ ਅਭਿਨੈ ਦਾ ਲੋਹਾ ਮੰਨਵਾਇਆ। ਭਾਰਤੀ ਸਿਨੇਮਾ ਦੀ ਮਹਿਲਾ ਸੁਪਰ ਸਟਾਰ ਹੋਣ ਕਰਕੇ ਹੀ ਉਸ ਨੂੰ ਪੰਜ ਫਿਲਮ ਫੇਅਰ ਐਵਾਰਡ ਵੀ ਪ੍ਰਾਪਤ ਹੋਏ। 1980 ਤੋਂ 1990 ਦੌਰਾਨ ਉਹ ਇੱਕ ਮੰਨੀ-ਪ੍ਰਮੰਨੀ ਤੇ ਸਭ ਤੋਂ ਵੱਧ ਪੈਸਾ ਲੈਣ ਵਾਲੇ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਿਲ ਸੀ। ਉਹ 1967 ਤੋਂ 1997 ਤੱਕ ਅਤੇ ਫਿਰ ਪਿਛਲੇ 5-6 ਸਾਲਾਂ ਤੋਂ ਫਿਲਮੀ ਖੇਤਰ ਵਿਚ ਐਕਟਿਵ ਰਹੀ।
ਸ੍ਰੀਦੇਵੀ ਨੇ ਆਪਣੇ ਬਚਪਨ (4 ਸਾਲ) ਦੀ ਉਮਰ ਯਾਨਿ 1967 ਵਿਚ ਥਿਰੂਮੁਗਾਮ ਦੇ ਨਿਰਦੇਸ਼ਨ ਹੇਠ ਬਣੀ ਭਗਤੀ ਫਿਲਮ ‘ਥੂਨੀਆਵੈਨ’ ਰਾਹੀਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਲਗਾਤਾਰ ਤੈਲਗੂ, ਤਮਿਲ, ਮਲਿਆਲਮ ਤੇ ਕੰਨੜ ਫਿਲਮਾਂ ‘ਚ ਬਾਲ ਕਿਰਦਾਰ ਨਿਭਾਇਆ। ਉਸ ਨੇ ਤਮਿਲ ਫਿਲਮਾਂ ‘ਜੂਲੀ’ (1975) ਅਤੇ ‘ਮੰਡਰੂ-ਮੰਡੀਚੂ’ (1976) ਵਿਚ ਆਪਣੀ ਵਧੀਆ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਸਮੇਂ ਦੌਰਾਨ ਸ੍ਰੀਦੇਵੀ ਨੇ ਆਪਣੇ ਅਭਿਨੈ ਨਾਲ ਆਪਣੇ ਆਪ ਨੂੰ ਇੱਕ ਮੋਹਰੀ ਅਭਿਨੇਤਰੀਆਂ ਦੀ ਲਿਸਟ ਵਿਚ ਖੜ੍ਹਾ ਕਰ ਲਿਆ ਸੀ। ਉਸ ਨੇ ਲਗਾਤਾਰ 1978, 1981, 1982, 1990, 1992 ‘ਚ ਬਣੀਆਂ ਤਮਿਲ ਤੇ ਤੈਲਗੂ ਫਿਲਮਾਂ ‘ਚ ਕਿਰਦਾਰ ਨਿਭਾਇਆ।
ਸ੍ਰੀਦੇਵੀ ਦਾ ਹਿੰਦੀ ਫਿਲਮ ਜਗਤ ਵਿਚ ਪ੍ਰਵੇਸ਼ 1979 ਵਿਚ ਬਣੀ ਡਰਾਮਾ ਫਿਲਮ ‘ਸੋਲਵਾਂ ਸਾਵਨ’ ਨਾਲ ਹੋਇਆ। ਫਿਰ 1983 ਵਿਚ ਜਤਿੰਦਰ ਨਾਲ ਫਿਲਮ ‘ਹਿੰਮਤਵਾਲਾ’ ਤੇ ‘ਮਵਾਲੀ’ ਵਿਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ। 1984 ਵਿਚ ‘ਤੋਹਫਾ’, 1985 ‘ਚ ‘ਨਯਾ ਕਦਮ’ ਤੇ ‘ਮਕਸਦ’, 1985 ‘ਚ ‘ਮਾਸਟਰ ਜੀ’, 1987 ‘ਚ ‘ਨਜ਼ਰਾਨਾ’ ਤੇ ‘ਮਿਸਟਰ ਇੰਡੀਆ’, 1988 ‘ਚ ‘ਵਕਤ ਕੀ ਆਵਾਜ਼’, 1989 ‘ਚ ਫਿਲਮ ‘ਸਦਮਾ’ ਅਤੇ ‘ਚਾਲਬਾਜ਼’ ਵਿਚ ਆਪਣੀ ਅਦਾਕਾਰੀ ਦਿਖਾਈ। ਇਸ ਤੋਂ ਇਲਾਵਾ ਹੋਰ ਕਈ ਫਿਲਮਾਂ ਜਿਵੇਂ ‘ਨਗੀਨਾ’, ‘ਲਮਹੇ’, ‘ਖੁਦਾ ਗਵਾਹ’, ‘ਗੁਮਰਾਹ’, ‘ਲਾਡਲਾ’ ਤੇ ‘ਜੁਦਾਈ’ ਆਦਿ ਫਿਲਮਾਂ ਕੀਤੀਆਂ, ਜੋ ਸੁਪਰ ਹਿੱਟ ਰਹੀਆਂ।
2013 ‘ਚ ਭਾਰਤ ਸਰਕਾਰ ਨੇ ਉਸ ਨੂੰ ਮਨੋਰੰਜਨ ਉਦਯੋਗ ਦੇ ਖੇਤਰ ਵਿਚ ਚੰਗੇ ਯੋਗਦਾਨ/ਵਧੀਆ ਰੋਲ ਅਦਾ ਕਰਨ ਕਰਕੇ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਕੇਰਲ ਆਦਿ ਦੀਆਂ ਰਾਜ ਸਰਕਾਰਾਂ ਨੇ ਵੀ ਉਸ ਨੂੰ ਪੁਰਸਕਾਰ ਦੇ ਕੇ ਨਿਵਾਜਿਆ। ਸੀæ ਐਨæ ਐਨ- ਆਈæ ਬੀæ ਐਨæ ਵਲੋਂ ਕਰਵਾਏ ਗਏ ਨੈਸ਼ਨਲ ਸਰਵੇਖਣ ਵਿਚ ਸ੍ਰੀਦੇਵੀ ਨੂੰ 100 ਸਾਲ ਵਿਚ ਸਭ ਤੋਂ ਮਹਾਨ ਐਕਟਰੈਸ ਦੇ ਤੌਰ ‘ਤੇ ਵੋਟਾਂ ਮਿਲੀਆਂ।
ਸ੍ਰੀਦੇਵੀ ਆਪਣੇ ਪਤੀ ਬੌਨੀ ਕਪੂਰ ਨਾਲ ਡੁਬਈ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਗਈ ਸੀ ਕਿ ਦਿਲ ਦਾ ਦੌਰਾ ਪੈਣ ਨਾਲ 24 ਫਰਵਰੀ 2018 ਨੂੰ ਉਸ ਦੀ ਅਚਾਨਕ ਮੌਤ ਹੋ ਗਈ। ਜਿਸ ਸਮੇਂ ਉਸ ਦੀ ਮੌਤ ਹੋਈ ਉਸ ਸਮੇਂ ਬੌਨੀ ਕਪੂਰ ਅਤੇ ਉਸ ਦੀ ਬੇਟੀ ਖੁਸ਼ੀ ਵੀ ਉਸ ਦੇ ਨਾਲ ਹੀ ਸਨ।