ਪ੍ਰਾਈਵੇਸੀ

ਮਾਪੇ ਆਪਣੀ ਔਲਾਦ ਨੂੰ ਬੜੇ ਚਾਅ ਮਲ੍ਹਾਰ ਨਾਲ ਪਾਲਦੇ ਹਨ ਅਤੇ ਉਸ ਤੋਂ ਉਨ੍ਹਾਂ ਨੂੰ ਆਸਾਂ ਵੀ ਬੜੀਆਂ ਹੁੰਦੀਆਂ ਹਨ, ਖਾਸ ਕਰ ਪੁੱਤਰਾਂ ਤੋਂ। ਪਰ ਜਦੋਂ ਪੁੱਤਰ ਵੱਡੇ ਹੋ ਕੇ ਵਿਆਹ ਕਰਵਾ ਕੇ ਆਪਣੀ ਘਰ ਗ੍ਰਹਿਸਥੀ ਦੀਆਂ ਵਲਗਣਾਂ ਵਿਚ ਕੈਦ ਹੋ ਮਾਪਿਆਂ ਨੂੰ ਵਿਸਾਰ ਹੀ ਬੈਠਦੇ ਹਨ। ਪਰਦੇਸਾਂ ਵਿਚ ਤਾਂ ਕਈ ਵਾਰ ਧੀਆਂ-ਪੁੱਤਰ ਮਾਪਿਆਂ ਨੂੰ ਬੇਬੀ ਸਿਟਰ ਬਣਨ ਤੱਕ ਹੀ ਮਹਿਦੂਦ ਕਰ ਦਿੰਦੇ ਹਨ। ਜਿੰਨਾ ਚਿਰ ਲੋੜ ਹੋਈ, ਨਾਲ ਰੱਖੇ, ਨਹੀਂ ਤਾਂ ਘਰੋਂ ਬੇਘਰ ਕਰ ਦਿੱਤੇ।

ਮਾਪਿਆਂ ਦੇ ਦਿਲ ‘ਤੇ ਜੋ ਗੁਜ਼ਰਦੀ ਹੈ, ਉਹ ਤਾਂ ਮਾਪੇ ਹੀ ਜਾਣਦੇ ਹਨ। ਕਦੇ ਕਦੇ ਕੋਈ ਪੁੱਤਰ ਆਪਣੇ ਮਾਪਿਆਂ ਨੂੰ ਵਿਸਾਰ ਬੈਠਣ ਦਾ ਪਛਤਾਵਾ ਇਸ ਕਹਾਣੀ ਦੇ ਮੁੱਖ ਪਾਤਰ ਮਾਪਿਆਂ ਦੀ ਤ੍ਰਾਸਦੀ ਨੂੰ ਤੱਕ ਕੇ ਕਰਦਾ ਹੈ। ਕਹਾਣੀ ਵਿਚ ਕੁਝ ਅਜਿਹਾ ਮਾਹੌਲ ਬਣਦਾ ਹੈ ਕਿ ਪਾਠਕ ਦੀਆਂ ਅੱਖਾਂ ਸੁਤੇ ਸਿੱਧ ਹੀ ਨਮ ਹੋ ਜਾਂਦੀਆਂ ਹਨ। -ਸੰਪਾਦਕ

ਚਰਨਜੀਤ ਸਿੰਘ ਸਾਹੀ
ਫੋਨ: 317-430-6545

ਅੰਮ੍ਰਿਤ ਵੇਲਾ, ਚਾਰ ਵਜੇ ਸਨ। ਦੋ ਦਿਨ ਪਹਿਲਾਂ ਹੀ ਟਿੱਕਟਾਂ ਬੁੱਕ ਹੋਈਆਂ ਟੋਰਾਂਟੋ ਜਾਣ ਲਈ। ਫਲਾਈਟ ਹੀ ਸਵੇਰ ਦੀ ਮਿਲੀ। ਮੁੰਡੇ ਨੇ ਟੈਕਸੀ ਮੰਗਾ ਦਿੱਤੀ, ਏਅਰਪੋਰਟ ਜਾਣ ਲਈ। ਵੈਨਕੂਵਰ ਦਾ ਏਅਰਪੋਰਟ ਘਰੋਂ ਕਰੀਬ ਘੰਟੇ ਦੀ ਵਾਟ ‘ਤੇ ਸੀ। ਪੁੱਤਰ ਕਾਫੀ ਉਦਾਸ ਸੀ, ਗੈਰਾਜ ਵਿਚੋਂ ਮਾਂ-ਪਿਉ ਦੇ ਅਟੈਚੀ ਖਿੱਚ ਡਰਾਈਵਰ ਨੂੰ ਫੜ੍ਹਾਉਂਦਿਆਂ ਉਸ ਦੇ ਮਨ ‘ਤੇ ਮਣਾਂ ਮੂੰਹੀਂ ਭਾਰ ਲੱਦਿਆ ਜਾ ਰਿਹਾ ਸੀ। ਉਹ ਮਾਂ-ਪਿਉ ਨਾਲ ਹੋਈ ਜ਼ਿਆਦਤੀ ਬਾਰੇ ਆਪਣੀ ਘਰਵਾਲੀ ਨੂੰ ਇਕ ਲਫਜ਼ ਵੀ ਨਾ ਬੋਲ ਸਕਿਆ ਕਿਉਂਕਿ ਮਾਂ ਨੇ ਦੋਵੇਂ ਹੱਥ ਬੰਨ ਪੁੱਤਰ ਨੂੰ ਸਹੁੰ ਪਾਈ ਸੀ, “ਪੁੱਤ ਆਹ ਦੇਖ ਮੇਰਾ ਮਰੀ ਦਾ ਮੂੰਹ ਦੇਖੇਂ ਜੇ ਬਹੂ ਨੂੰ ਇਕ ਲਫਜ਼ ਵੀ ਬੋਲੇਂ। ਪੁੱਤ! ਆਪਣੇ ਬੱਚੇ ਪਾਲੋ, ਸਾਡਾ ਕੀ ਆ, ਅਸੀਂ ਕੈਨੇਡਾ ਨਹੀਂ ਤਾਂ ਇੰਡੀਆ ਆਪਣੇ ਘਰ ਜਾ ਵੜਨਾ।” ਪਰ ਪਿੱਛੋਂ ਮਾਂ ਘੰਟਾ ਵਾਸ਼ਰੂਮ ਵਿਚ ਬੈਠ ਇਕੱਲੀ ਰੋਈ ਸੀ। ਅਟੈਚੀ ਤਾਰਾ ਸਿੰਘ ਨੇ ਰਾਤ ਹੀ ਬੈਡ ਰੂਮ ਵਿਚੋਂ ਕੱਢ ਗੈਰਾਜ ਵਿਚ ਰੱਖਵਾ ਦਿੱਤੇ ਸਨ। ਨੂੰਹ ਮੂੰਹ ਦੁਆਲੇ ਸ਼ਾਲ ਵਲ੍ਹੇਟੀ ਜੇਤੂ ਖਿਡਾਰੀ ਵਾਂਗ ਏਧਰ ਉਧਰ ਟਹਿਲ ਰਹੀ ਸੀ।
“ਆ ਜਾ ਹੁਣ! ਤੇਰਾ ਨਿਕਲਣ ਨੂੰ ਜੀ ਨਹੀਂ ਕਰਦਾ।” ਤਾਰਾ ਸਿੰਘ ਨੇ ਗੈਰਾਜ ਵਿਚ ਜੁੱਤੀ ਪਾ ਰਹੀ ਤੇ ਅੱਖਾਂ ਵਿਚ ਪਾਣੀ ਭਰੀ ਆਪਣੀ ਧਰਮ ਪਤਨੀ ਨਸੀਬ ਕੌਰ ਨੂੰ ਕਾਹਲੇ ਪੈਂਦਿਆਂ ਆਵਾਜ਼ ਮਾਰੀ। ਦੋਵੇਂ ਹੌਲੀ ਹੌਲੀ ਲੱਤਾਂ ਘੜੀਸਦੇ ਟੈਕਸੀ ਕੋਲ ਆ ਖੜ੍ਹੇ ਹੋਏ।
“ਸਤਿ ਸ੍ਰੀ ਅਕਾਲ ਬਜ਼ੁਰਗੋ। ਚੱਲੀਏ ਫਿਰ! ਬੈਠੋ।” ਸਰਦਾਰ ਡਰਾਈਵਰ ਨੇ ਮੁਸਕਰਾਉਂਦਿਆਂ ਦੋਹਾਂ ਦਾ ਸਵਾਗਤ ਕਰਦਿਆਂ ਕਾਰ ਦਾ ਦਰਵਾਜਾ ਖੋਲ੍ਹਿਆ ਤੇ ਵਿਚ ਬਿਠਾਇਆ। ਟੈਕਸੀ ਘਰ ਦੇ ਗੇਟੋਂ ਬਾਹਰ ਹੋ ਗਈ। ਦੋਵਾਂ ਨੇ ਪਿੱਛੇ ਧੌਣਾਂ ਘੁਮਾ ਨੂੰਹ-ਪੁੱਤ ਵੱਲ ਹੱਥ ਹਿਲਾਏ। ਨਸੀਬ ਕੌਰ ਦੇ ਹੰਝੂ ਤੇ ਹਟਕੋਰੇ ਹੋਰ ਤੇਜ਼ ਹੋ ਗਏ, ਜੋ ਟੈਕਸੀ ਡਰਾਈਵਰ ਨੇ ਵੀ ਚੋਰ ਨਜ਼ਰ ਨਾਲ ਕਾਰ ਦੇ ਸ਼ੀਸ਼ੇ ਵਿਚੋਂ ਵੇਖ-ਸੁਣ ਵੀ ਲਏ। ਉਹ ਬਜ਼ੁਰਗਾਂ ਦੇ ਦੁੱਖ ਨਾ ਚਾਹੁੰਦਾ ਹੋਇਆ ਵੀ, ਸੁਣਦਾ ਰਿਹਾ।
“ਹੁਣ ਚੁੱਪ ਵੀ ਕਰ, ਬੱਚਿਆਂ ਵਾਂਗ ਤੇਰਾ ਰੋਣਾ ਨ੍ਹੀਂ ਬੰਦ ਹੁੰਦਾ।” ਤਾਰਾ ਸਿੰਘ ਨੇ ਖਿਝਦਿਆਂ ਕਿਹਾ।
ਅੱਖਾਂ ਪੁੰਝਦਿਆਂ ਤੇ ਆਪਣੇ ਆਪ ਨੂੰ ਸੰਭਾਲਦਿਆਂ ਨਸੀਬ ਕੌਰ ਦੱਬਵੀਂ ਜ਼ੁਬਾਨ ਵਿਚ ਬੋਲੀ, “ਐਂ ਤਾਂ ਕੋਈ ਨੌਕਰ ਨਾਲ ਵੀ ਨਹੀਂ ਕਰਦਾ, ਬਹੂ ਨੇ ਇਕ ਵਾਰੀ ਵੀ ਨਹੀਂ ਕਿਹਾ, ‘ਬੀਬੀ-ਬਾਪੂ ਫੇਰ ਕਦੋਂ ਆਓਗੇ?’ ਇਸ ਕੁੜੀ ਨੇ ਮੈਨੂੰ ਮਾਂ ਸਮਝਿਆ ਹੀ ਨਹੀਂ, ਸਮਝਿਆ ਤਾਂ ਬੱਸ ਕੰਮ ਕਰਨ ਵਾਲੀ ਮਾਈ।”
“ਮੈਨੂੰ ਕਿਹੜਾ ਬਾਪੂ ਸਮਝਿਆ! ਬੱਸ ਮਾਲੀ ਹੀ ਸਮਝਿਆ। ਘਰ ਫੁੱਲ ਬੂਟਿਆਂ ਦੀ ਦੇਖ-ਭਾਲ ਕਰੋ ਜਾਂ ਬੱਚਿਆਂ ਨੂੰ ਸਕੂਲ ਛੱਡ ਕੇ ਤੇ ਲੈ ਕੇ ਆਓ। ਚਲ ਇਹ ਕੋਈ ਅਹਿਸਾਨ ਨਹੀਂ, ਸਾਡੇ ਆਪਣੇ ਬੱਚੇ ਸੀ, ਅਸੀਂ ਆਪਣਾ ਫਰਜ਼ ਸਮਝਿਆ। ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਪਰ ਦੁੱਖ ਤਾਂ ਇਸ ਗੱਲ ਦਾ, ਜਦੋਂ ਲੋੜ ਸੀ ਤਾਂ ਕਹਿੰਦੀ ਸੀ, ‘ਮੌਮ-ਡੈਡ ਬੱਚੇ ਤੁਹਾਡੇ ਨਾਲ ਬਹੁਤ ਖੁਸ਼ ਨੇ, ਤੁਸੀਂ ਸਾਡੇ ਘਰ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਦੇ ਹੋਂ, ਤੁਹਾਡੇ ਹੁੰਦਿਆਂ ਸਾਨੂੰ ਕਿਸੇ ਗੱਲ ਦਾ ਫਿਕਰ ਨਹੀਂ।’ ਤੇ ਹੁਣ! ਮੁੰਡੇ ਨੂੰ ਕਹਿੰਦੀ, ‘ਸਾਡੀ ਪ੍ਰਾਈਵੇਸੀ ਨ੍ਹੀਂ, ਅਖੇ ਪਹਿਲਾਂ ਤਾਂ ਅਸੀਂ ਸਾਰਾ ਦਿਨ ਕੰਮ ਵਿਚ ਬਿਜੀ ਰਹਿੰਦੇ ਹਾਂ, ਮਸੀਂ ਸਾਨੂੰ ਸਵੇਰੇ-ਸ਼ਾਮ ਟਾਈਮ ਮਿਲਦਾ ਇਕੱਠੇ ਬੈਠਣ ਦਾ, ਤੇਰੇ ਮਾਂ-ਬਾਪ ਸਾਡੇ ਵਿਚ ਅੜ ਕੇ ਬੈਠ ਜਾਂਦੇ ਨੇ, ਸਾਨੂੰ ਪ੍ਰਾਈਵੇਸੀ ਚਾਹੀਦੀ ਏ।’ ਸਾਡਾ ਆਪਣੇ ਪੁੱਤ ਕੋਲ ਬੈਠਣਾ ਈ ਚੰਗਾ ਨਾ ਲੱਗਾ ਇਹਨੂੰ।”
ਕਾਰ ਦੀ ਬਾਰੀ ‘ਚੋਂ ਬਾਹਰ ਦੇਖਦਿਆਂ ਤਾਰਾ ਸਿੰਘ ਫਿਰ ਬੋਲਿਆ, “ਅਸਲ ਵਿਚ ਗੱਲ ਤਾਂ ਇਹ ਐ ਨਸੀਬ ਕੌਰੇ! ਹੁਣ ਬੱਚੇ ਹੋ ਗਏ ਵੱਡੇ, ਹੁਣ ਸਾਡੀ ਕੀ ਲੋੜ? ਅੱਠ ਸਾਲ ਨੌਕਰਾਂ ਵਾਂਗ ਵਰਤਿਆ, ਅਜੇ ਤਾਂ ਸਾਡੇ ਨੈਣ-ਪ੍ਰਾਣ ਚੱਲਦੇ ਨੇ, ਮੈਂ ਵੀ ਕਹਾਂ ਪਿਛਲੇ ਦੋ ਮਹੀਨੇ ਤੋਂ ਨੂੰਹ ਰਾਣੀ ਦੇ ਬੋਲ ਚਾਲ ਵਿਚ ਈ ਫਰਕ ਕਿਉਂ ਪੈ ਗਿਆ, ਜੇ ਹੁਣ ਸਾਡੀ ਲੋੜ ਨਹੀਂ ਸੀ ਤਾਂ ਕਹਿ ਦਿੰਦੀ, ‘ਬੀਬੀ-ਬਾਪੂ ਤੁਸੀਂ ਹੁਣ ਚਲੇ ਜਾਓ, ਸਾਡਾ ਹੁਣ ਸਰਦਾ।’ ਇਸ ਤਰ੍ਹਾਂ ਜਲੀਲ ਤਾਂ ਨਾ ਕਰਦੀ, ਹੱਦ ਹੋ ਗਈ! ਕਹਿੰਦੀ ਅਖੇ, ‘ਮੇਰਾ ਆਪਣਾ ਘਰ, ਮੇਰਾ ਦਮ ਘੁਟਦਾ ਘਰ ਵੜਦੀ ਦਾ।’ ਬੰਦਾ ਪੁੱਛੇ, ਘਰ ਏਹਦੇ ਦੋਵੇਂ ਬੱਚੇ ਤੇ ਘਰਵਾਲਾ, ਵਾਧੂ ਤਾਂ ਅਸੀਂ ਦੋਵੇਂ ਸੀ। ਫਿਰ ਸਾਨੂੰ ਵੇਖ ਕੇ ਈ ਦਮ ਘੁਟਦਾ ਸੀ, ਹੋਰ ਕੀ? ਮੈਨੂੰ ਤਾਂ ਐਂ ਸਮਝ ਆਉਂਦੀ ਆ ਬਈ ਇਹਨੂੰ ਤਾਂ ਇਹੀ ਹੋਣਾ ਬਈ ਇਹ ਬੁੱਢੇ ਮੇਰੇ ਪੱਲੇ ਪੈ ਗਏ, ਪਰ ਅਸੀਂ ਤਾਂ ਅਜੇ ਕਦੀ ਦਵਾ ਦਾਰੂ ਵਾਸਤੇ ਤੰਗ ਨ੍ਹੀਂ ਕਰਿਆæææ।”
ਵਿਚੋਂ ਟੋਕਦੀ ਨਸੀਬ ਕੌਰ ਬੋਲੀ, “ਸਰਦਾਰ ਜੀ! ਇਹਦੀ ਆਪਣੀ ਮਾਂ ਤਾਂ ਕਹਿੰਦੀ, ਅਖੇ ਮੇਰੀਆਂ ਕੁੜੀਆਂ ਤਾਂ ਵੈਨਕੂਵਰ ਨਹੀਂ ਛੱਡਣਾ ਮੰਗਦੀਆਂ।”
“ਆਹੋ ਜੀ! ਜਵਾਈਆਂ ਕੋਲੋਂ ਮਾਂ-ਬਾਪ ਤੇ ਆਪਣੇ ਭੈਣ-ਭਾਈ ਛਡਾਈ ਜਾਵੋ। ਸਰਦਾਰਨੀਏ! ਮਾਂ ਵੀ ਸਿਆਣੀ ਤੇ ਕੁੜੀਆਂ ਵੀ, ਸਾਰੇ ਧੀ-ਜਵਾਈ ਵੈਨਕੂਵਰ ਦੁਆਲੇ ਪਰਿਕਰਮਾ ਕਰਦੇ ਨੇ, ਸਾਰੇ ਈ ਕਾਰ ‘ਤੇ ਘੰਟੇ ਦੀ ਵਾਟ ‘ਤੇ ਨੇ। ਮਾਂ-ਬਾਪ ਨੂੰ ਛਿੱਕ ਵੀ ਲੱਗੇ, ਝੱਟ ਸਿਰਹਾਣੇ ਜਾ ਖੜ੍ਹਦੀਆਂ ਨੇ। ਬੰਦਾ ਪੁੱਛੇ, ਮੁੰਡਿਆਂ ਦੇ ਨ੍ਹੀਂ ਮਾਂ-ਬਾਪ? ਮੈਂ ਤਾਂ ਦੇਖਿਆ ਏਸ ਮੁਲਖ ਵਿਚ ਜ਼ਿਆਦਾ ਤੀਵੀਆਂ ਦੀ ਚੱਲਦੀ ਆ, ਮੁੰਡੇ ਵਾਲੇ ਬਾਹਰ ਤੁਰੇ ਫਿਰਦੇ ਤੇ ਕੁੜੀ ਦੇ ਮਾਂ-ਬਾਪ ਪਲੰਘਾਂ ‘ਤੇ ਚੜ੍ਹੇ ਬੈਠੇ ਨੇ। ਨੂੰਹ ਦੀ ਚੱਲੇ, ਉਹ ਚਲਾਈ ਜਾਂਦੀ ਤੇ ਜੇ ਸੱਸ ਦੀ ਚੱਲੇ, ਉਹ ਨੂੰਹ ਨੂੰ ਸੁੱਕਣੇ ਪਾ ਰੱਖਦੀ। ਬੰਦਾ ਜਾਤ ਤਾਂ ਦੋਹੀਂ ਪਾਸੇ ਊਂਈ ਰਗੜੇ ਖਾਈ ਜਾਂਦਾ। ਹਾਂ! ਸਾਡੇ ਵਾਲਿਆਂ ਨੂੰ ਵੀ ਪਤਾ ਫੇਰ ਲੱਗੇ ਜੇ ਟੋਰਾਂਟੋ ਜਿੰਨੀ ਦੂਰ ਜਹਾਜੇ ਬੈਠ ਧੀ-ਜਵਾਈ ਨੂੰ ਮਿਲਣ ਜਾਣਾ ਹੋਵੇ। ਝੁੱਡੂ ਤਾਂ ਜਵਾਈ ਨੇ ਜੋ ਆਪਣੇ ਪਰਿਵਾਰ ਛੱਡ-ਛਡਾ ਬੋਰੀ ਬਿਸਤਰਾ ਚੁੱਕ ਸਹੁਰਿਆਂ ਦੇ ਗਵਾਂਢ ਆ ਬੈਠੇ। ਬੰਦਾ ਪੁੱਛੇ, ਬਈ ਟੋਰਾਂਟੋ ਦੁਨੀਆਂ ਨ੍ਹੀਂ ਵੱਸਦੀ ਜਾਂ ਉਥੇ ਜਾਬਾਂ ਹੈ ਨ੍ਹੀਂ? ਉਥੋਂ ਕਿਉਂ ਕਿਲਾ ਪਟਾਇਆ ਸਾਡਾ?” ਤਾਰਾ ਸਿੰਘ ਨੇ ਆਪਣੇ ਵੱਲੋਂ ਸੱਚ ਕਹਿ ਦਿਲ ਦੀ ਭੜਾਸ ਕੱਢੀ।
“ਸਰਦਾਰ ਜੀ! ਪੋਤਾ-ਪੋਤੀ ਤਾਂ ਬਹੁਤ ਪਿਆਰ ਕਰਦੇ ਨੇ, ਰਾਤੀਂ ਦੋਵੇਂ ਬੈਡ ‘ਤੇ ਆ ਬੈਠੇ। ਕੱਪੜੇ ‘ਕੱਠੇ ਕਰਦੀ ਨੂੰ ਵੇਖ ਕਹਿਣ ਲੱਗੇ, ‘ਦਾਦੀ ਤੁਸੀਂ ਕਿਉਂ ਚੱਲੇ ਓਂ? ਫੇਰ ਕਦ ਆਓਗੇ?’ ਮੈਂ ਕੀ ਦੱਸਦੀ? ਮੇਰੇ ਤੋਂ ਤਾਂ ਗੱਲ ਨਹੀਂ ਸੀ ਹੁੰਦੀ। ਫਿਰ ਕਹਿਣ, ‘ਦਾਦੀ ਮਾਂ! ਤੂੰ ਰੋਂਦੀ ਕਿਉਂ ਏ?’ ਗੱਲਾਂ ਕਰ ਰਹੇ ਜਵਾਕਾਂ ਨੂੰ ਚੰਦਰੀ ਖਿੱਚ ਕੇ ਲੈ ਗਈ, ‘ਚਲੋ ਸੋਵੋਂ! ਸਵੇਰੇ ਸਕੂਲ ਨ੍ਹੀਂ ਜਾਣਾ?”
“ਨਸੀਬ ਕੌਰੇ! ਅਜੇ ਤਾਂ ਸ਼ੁਕਰ ਏ, ਇੰਡੀਆ ਵਾਲਾ ਘਰ ਨਹੀਂ ਵੇਚਿਆ। ਹੁਣ ਵੱਡੇ ਭਰਾ ਕੋਲ ਕਿੰਨਾ ਕੁ ਚਿਰ ਬੈਠਣਾ ਟੋਰਾਂਟੋ ਜਾ ਕੇ! ਪਰ ਮੈਂ ਤਾਂ ਸਾਰਿਆਂ ਨੂੰ ਇਹੀ ਸਲਾਹ ਦਊਂ, ਜੇ ਭਾਈ ਕਿਸੇ ਦਾ ਸਰਦਾ, ਕਦੀ ਵੀ ਨੂੰਹ-ਪੁੱਤ ਨਾਲ ਨਾ ਰਹੋ।”
“ਤੁਸੀਂ ਤਾਂ ਬਥੇਰੇ ਕਾਹਲੇ ਸੀ ਵੇਚਣ ਨੂੰ, ਬਈ ਵੇਚ ਕੇ ਮੁੰਡੇ ਨੂੰ ਪੈਸੇ ਲਿਆ ਫੜ੍ਹਾਉਨੇ ਆਂ, ਉਹ ਤਾਂ ਮੈਂ ਈ ਅੜੀ ਰਹੀ ਹੁਣ ਤੱਕ। ਐਵੇਂ ਤਾਂ ਨਹੀਂ ਸਿਆਣੇ ਕਹਿੰਦੇ ਬਈ ਜਿਉਂਦੇ ਜੀ ਆਪਣਾ ਟਿਕਾਣਾ ਤੇ ਪੱਲੇ ਜ਼ਰੂਰ ਕੁਝ ਰੱਖਣਾ ਚਾਹੀਦਾ।”
“ਚੱਲ ਤੂੰ ਠੀਕ ਕਿਹਾ ਸੀ, ਨਸੀਬ ਕੌਰੇ! ਤੀਵੀਂ ਜਾਤ ਹੁੰਦੀ ਓ ਸਿਆਣੀ! ਐਂ ਕਰਦੇ ਆਂ ਮਹੀਨਾ ਖੰਡ ਭਰਾ ਕੋਲ ਠਹਿਰ ਕੇ ਇੰਡੀਆ ਚਲਦੇ ਆਂ, ਪੈਨਸ਼ਨ ਨੂੰ ਤਾਂ ਸਾਲ ਲੱਗ ਜਾਣਾ, ਪਤਾ ਨ੍ਹੀਂ ਲੱਗਣੀ ਆ ਕਿ ਨਹੀਂ? ਜਦੋਂ ਲੱਗ ਗਈ, ਆਪਣੀ ਅਪਾਰਟਮੈਂਟ ਲੈ ਲਵਾਂਗੇ।”
“ਠੀਕ ਐ, ਜਿਵੇਂ ਕਹਿਨੇ ਓਂ, ਕਰ ਲਵਾਂਗੇ।”
“ਨਸੀਬ ਕੌਰੇ! ਆਪਣਾ ਕੀ ਆ, ਇਥੇ ਨਹੀਂ ਤਾਂ ਇੰਡੀਆ ਨਿਕਲ ਜੁ ਟਾਈਮ, ਜਿਹੜੇ ਚਾਰ ਸਾਲ ਜ਼ਿੰਦਗੀ ਹੈਗੇ ਕਿ ਨਹੀਂ। ਬੱਚਿਆਂ ਦੀ ਆਪਸ ਵਿਚ ਬਣ ਆਵੇ, ਤੈਨੂੰ ਪਤਾ ਈ ਆ ਇੱਥੋਂ ਦਾ, ਜੇ ਆਪਸ ਵਿਚ ਤੀਵੀਂ ਆਦਮੀ ਦੀ ਵਿਗੜ ਜੇ ਤਾਂ ਜਵਾਕ ਰੁਲ ਜਾਂਦੇ ਆ। ਸਾਡੇ ਸਿਰ ਨਾ ਕੋਈ ਇਲਜ਼ਾਮ ਆਵੇ।”
“ਨਾ ਜੀ ਨਾ। ਵਾਹਿਗੁਰੂ, ਵਾਹਿਗੁਰੂ ਕਹੋ। ਮੈਂ ਸੋਚਦੀ ਆਂ, ਚੰਦਰੀ ਜਵਾਕਾਂ ਨੂੰ ਮਿਲਾਊ ਸਾਨੂੰ?”
“ਇਹ ਤਾਂ ਪਤਾ ਨ੍ਹੀਂ ਭਾਗਵਾਨੇ, ਪਰ ਮੈਂ ਨ੍ਹੀਂ ਵੈਨਕੂਵਰ ਆਉਂਦਾ ਮੁੜ ਕੇ। ਇਨ੍ਹਾਂ ਦਾ ਚਿੱਤ ਕਰੂ ਮਿਲ ਜਾਣਗੇ ਬੱਚਿਆਂ ਨਾਲ।”
ਨਸੀਬ ਕੌਰ ਕੁਝ ਔਖੀ ਬੈਠੀ ਸੀ ਤੇ ਕਾਹਲੀ ਪੈਂਦਿਆਂ ਉਸ ਨੇ ਤਾਰਾ ਸਿੰਘ ਦੇ ਕੰਨ ਵਿਚ ਕੁਝ ਕਿਹਾ।
ਤਾਰਾ ਸਿੰਘ ਡਰਾਈਵਰ ਨੂੰ ਕਹਿਣ ਲੱਗਾ, “ਪੁੱਤ ਕੀ ਨਾਂਓ ਤੇਰਾ? ਸ਼ੇਰਾ ਕਿੰਨਾ ਕੁ ਟਾਈਮ ਲੱਗਣਾ ਏਅਰਪੋਰਟ ਨੂੰ?”
ਪਰ ਡਰਾਈਵਰ ਮੁੰਡਾ ਤਾਂ ਆਪਣੇ ਬੀਤੇ ਵਿਚ ਗਵਾਚਿਆ ਹੋਇਆ ਸੀ, ਕਿਵੇਂ ਉਹ ਚੰਗਾ ਭਲਾ ਟੋਰਾਂਟੋ ਵਧੀਆ ਜਾਬ ਕਰਦਾ ਆਪਣੇ ਮਾਂ-ਬਾਪ ਨਾਲ ਤੇ ਭੈਣ-ਭਾਈਆਂ ਦੇ ਗਵਾਂਢ ਸੁਖੀ ਵੱਸ ਰਿਹਾ ਸੀ, ਵਿਆਹ ਬਾਅਦ ਕਿਵੇਂ ਸਹੁਰਿਆਂ ਦਾ ਹੇਜ ਤੇ ਘਰਵਾਲੀ ਦੇ ਪਿੱਛੇ ਲੱਗ ਬੋਰੀ ਬਿਸਤਰਾ ਚੁਕ ਵੈਨਕੂਵਰ ਸਹੁਰਿਆਂ ਦੇ ਸਿਰਹਾਣੇ ਆ ਬੈਠਾ ਤੇ ਹੁਣ ਸਵੇਰੇ-ਸ਼ਾਮ ਊਬਰ ਟੈਕਸੀ ਚਲਾਉਂਦਾ ਤੇ ਦਿਨ ਵੇਲੇ ਜਾਬ। ਉਸ ਨੂੰ ਇਨ੍ਹਾਂ ਬਜ਼ੁਰਗਾਂ ਦੀ ਹਾਲਤ ਆਪਣੇ ਮਾਂ ਬਾਪ ਵਰਗੀ ਲੱਗ ਰਹੀ ਸੀ, ਜੋ ਬੁਢਾਪੇ ਵਿਚ ਇਕੱਲੇ ਉਹਦੇ ਪਰਿਵਾਰ ਦੇ ਸਾਥ ਤੇ ਪਿਆਰ ਤੋਂ ਵਾਂਝੇ ਦਿਨ ਕੱਟ ਰਹੇ ਸਨ।
ਤਾਰਾ ਸਿੰਘ ਨੂੰ ਐਂ ਲੱਗਾ ਜਿਵੇਂ ਡਰਾਈਵਰ ਨੇ ਸੁਣਿਆ ਨਹੀਂ। ਉਸ ਨੇ ਫੇਰ ਥੋੜ੍ਹਾ ਉਚੀ ਆਵਾਜ਼ ਵਿਚ ਡਰਾਈਵਰ ਦੀ ਸੀਟ ਵੱਲ ਅੱਗੇ ਝੁੱਕ ਕੇ ਬੁਲਾਇਆ।
“ਓ! ਮੈਂ ਸੁਣਿਆ ਨਹੀਂ ਸੀ ਬਜ਼ੁਰਗੋ! ਨਾਂਓ ਤਾਂ ਮੇਰਾ ਗੁਰਦੀਪ ਸਿੰਘ, ਵੈਸੇ ਛੋਟੇ ਹੁੰਦੇ ਦਾ ਘਰਦਿਆਂ ਗੋਰਾ ਰੱਖ ਦਿੱਤਾ, ਜੋ ਹੁਣ ਤੱਕ ਚੱਲਦਾ, ਤੇ ਏਅਰਪੋਰਟ ਨੂੰ ਟਾਈਮ ਲੱਗਣਾ ਅੱਧਾ ਘੰਟਾ। ਬਾਪੂ ਜੀ, ਕੀ ਗੱਲ ਵਾਸ਼ਰੂਮ ਤਾਂ ਨ੍ਹੀਂ ਜਾਣਾ?”
“ਜਾਣਾ ਤਾਂ ਹੈ, ਗੋਰਿਆ।”
ਫਿਰ ਅਗਲੇ ਗੈਸ ਸਟੇਸ਼ਨ ਗੱਡੀ ਰੁਕੀ। ਵਾਸ਼ਰੂਮ ਜਾਣ ਪਿਛੋਂ ਵਾਪਿਸ ਆਉਂਦਿਆਂ ਗੋਰਾ ਤਿੰਨ ਕੱਪ ਚਾਹ ਤੇ ਨਾਲ ਕੁਝ ਖਾਣ ਨੂੰ ਫੜ੍ਹ ਲਿਆਇਆ।
“ਓਏ ਪੁੱਤ ਗੋਰਿਆ, ਇਹਦੀ ਕੀ ਲੋੜ ਸੀ?” ਤਾਰਾ ਸਿੰਘ ਨੇ ਚਾਹ ਦੇ ਦੋਵੇਂ ਕੱਪ ਫੜ੍ਹਦਿਆ ਕਿਹਾ।
“ਕੋਈ ਗੱਲ ਨਹੀਂ ਬਾਪੂ ਜੀ, ਤੱਤਾ ਪਾਣੀ ਆ, ਮੈਂ ਵੀ ਪੀਣੀ ਸੀ।” ਨਾਲ ਹੀ ਮੂੰਹ ਵਿਚ ਬੁੜਬੁੜਾਇਆ ਜਿਵੇਂ ਕੋਈ ਪਛਤਾਵਾ ਕਰਦਾ ਕਹਿ ਰਿਹਾ ਹੋਵੇ, “ਬਜ਼ੁਰਗੋ ਮੇਰਾ ਵੱਸ ਚੱਲੇ ਮੈਂ ਤੁਹਾਨੂੰ ਆਪਣੇ ਘਰ ਲੈ ਜਾਵਾਂ।”
ਕਾਰ ਏਅਰਪੋਰਟ ‘ਤੇ ਜਾ ਰੁਕੀ। ਸਮਾਨ ਕੱਢਣ ਪਿੱਛੋਂ ਗੋਰਾ ਬਜ਼ੁਰਗਾਂ ਦੇ ਗੋਡੀਂ ਹੱਥ ਲਾਉਣ ਨੂੰ ਝੁਕਿਆ ਤਾਂ ਤਾਰਾ ਸਿੰਘ ਨੇ ਜੱਫੀ ਮਾਰ ਪਿਆਰ ਦਿੱਤਾ ਤੇ ਨਾਲ ਹੀ ਕਿਹਾ, “ਗੋਰੇ ਪੁੱਤ! ਤੂੰ ਵੀ ਸਾਡੇ ਪੁੱਤ ਵਰਗਾ। ਸ਼ੇਰਾ! ਜੋ ਵੀ ਤੂੰ ਸਾਡਾ ਦੁੱਖ-ਸੁੱਖ ਸੁਣਿਆ, ਬੱਸ ਕਾਰ ਵਿਚ ਹੀ ਰਹੇ। ਸਾਡੇ ਵਿਚ ਈ ਕੋਈ ਘਾਟ ਹੋਣੀ, ਨੂੰਹ-ਪੁੱਤ ਤਾਂ ਸਾਨੂੰ ਬਹੁਤ ਪਿਆਰ ਕਰਦੇ ਆ।”
ਗੋਰਾ ਅੱਖਾਂ ਵਿਚ ਪਾਣੀ ਭਰੀ ਬਜ਼ੁਰਗਾਂ ਨੂੰ ਅਟੈਚੀ ਘੜੀਸਦੇ ਜਾਂਦੇ ਵੇਖਦਾ ਰਹਿ ਗਿਆ।