ਅਰੁੰਧਤੀ ਰਾਏ ਨੇ ਸਦਾ ਲੀਕ ਤੋਂ ਹਟਵੀਂ ਗੱਲ ਕੀਤੀ ਹੈ। ਉਹਦੀਆਂ ਲਿਖਤਾਂ ਵਿਚ ਪੇਸ਼ ਤੱਥ ਬੜੇ ਜ਼ੋਰਦਾਰ ਹੁੰਦੇ ਹਨ। ਸਥਾਪਤੀ ਨੂੰ ਉਸ ਨੇ ਪੂਰੇ ਤਾਣ ਨਾਲ ਵੰਗਾਰਿਆ ਹੈ। ਆਪਣੇ ਇਸ ਨਵੇਂ ਇਸ ਲੇਖ ਵਿਚ ਉਸ ਨੇ ਗੱਲ ਭਾਵੇਂ ਅਫ਼ਜ਼ਲ ਗੁਰੂ ਤੋਂ ਆਰੰਭੀ ਹੈ, ਪਰ ਚਰਚਾ ਸਮੁੱਚੇ ਖਿੱਤੇ ਦੇ ਬਣ-ਵਿਗਸ ਰਹੇ ਹਾਲਾਤ ਦੀ ਕੀਤੀ ਹੈ। ਇਸ ਚਰਚਾ ਵਿਚ ਭਾਰਤ ਸਰਕਾਰ ਤੇ ਇੱਥੋਂ ਦੇ ਫਿਰਕਾਪ੍ਰਸਤ ਲਾਣੇ ਦੇ ਨਾਲ-ਨਾਲ ਪਾਕਿਸਤਾਨ ਅਤੇ ਅਮਰੀਕਾ ਦੀ ਪਹੁੰਚ ਬਾਰੇ ਵੀ ਤਿੱਖੀਆਂ ਟਿੱਪਣੀਆਂ ਹਨ। ਇਸ ਲੇਖ ਦਾ ਅਨੁਵਾਦ ਬੂਟਾ ਸਿੰਘ ਨੇ ਕੀਤਾ ਹੈ।
ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ
2001 ਦੇ ਸੰਸਦ ਹਮਲੇ ਦੇ ਮੁੱਖ ਦੋਸ਼ੀ ਅਫ਼ਜ਼ਲ ਗੁਰੂ ਨੂੰ ਚੁੱਪ-ਚੁਪੀਤੇ ਅਤੇ ਅਚਾਨਕ ਫ਼ਾਂਸੀ ਦੇਣ ਦੇ ਕੀ ਸਿੱਟੇ ਨਿਕਲਣਗੇ? ਕੀ ਕੋਈ ਜਾਣਦਾ ਹੈ? ਕੇਂਦਰੀ ਜੇਲ੍ਹ ਨੰæ 3, ਤਿਹਾੜ, ਨਵੀਂ ਦਿੱਲੀ ਦੇ ਸੁਪਰਡੈਂਟ ਵਲੋਂ ‘ਸ਼੍ਰੀਮਤੀ ਤਬੱਸੁਮ, ਪਤਨੀ ਸ੍ਰੀ ਅਫ਼ਜ਼ਲ ਗੁਰੂ’ ਨੂੰ ਭੇਜੇ ਗਏ ਰੁੱਕੇ ਜਿਸ ਵਿਚ ਸੰਵੇਦਨਹੀਣ, ਨੌਕਰਸ਼ਾਹ ਅੰਦਾਜ਼ ‘ਚ ਹਰ ਨਾਂ ਅਪਮਾਨਜਨਕ ਤਰੀਕੇ ਨਾਲ ਲਿਖਿਆ ਗਿਆ ਹੈ, ਕਿਹਾ ਗਿਆ ਹੈ: ‘ਸ਼ੀ੍ਰ ਮੁਹੰਮਦ ਅਫ਼ਜ਼ਲ ਗੁਰੂ, ਵਾਲਿਦ ਹਬੀਬ ਉੱਲਾ ਦੀ ਮੁਆਫ਼ੀ ਦੀ ਅਰਜ਼ੀ ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਮੁਹੰਮਦ ਅਫ਼ਜ਼ਲ ਵਾਲਿਦ ਹਬੀਬਉੱਲਾ ਨੂੰ 09/੦2/2013 ਨੂੰ ਸਵੇਰੇ ਅੱਠ ਵਜੇ ਕੇਂਦਰੀ ਜੇਲ੍ਹ ਨੰਬਰ 3 ਵਿਚ ਫ਼ਾਂਸੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਤੁਹਾਨੂੰ ਇਤਲਾਹ ਦੇਣ ਅਤੇ ਅਗਲੀ ਜ਼ਰੂਰੀ ਕਾਰਵਾਈ ਲਈ ਭੇਜਿਆ ਗਿਆ।’
ਰੁੱਕਾ ਭੇਜਣ ਦਾ ਵਕਤ ਜਾਣ-ਬੁੱਝ ਕੇ ਅਜਿਹਾ ਚੁਣਿਆ ਗਿਆ ਕਿ ਉਹ ਤਬੱਸੁਮ ਤੱਕ ਉਸ ਦੇ ਖਾਵੰਦ ਨੂੰ ਫਾਹੇ ਲਾਏ ਜਾਣ ਤੋਂ ਪਿੱਛੋਂ ਹੀ ਪਹੁੰਚੇ, ਤੇ ਇਸ ਤਰ੍ਹਾਂ ਉਨ੍ਹਾਂ ਨੂੰ ਉਨ੍ਹਾਂ ਦੇ ਆਖ਼ਿਰੀ ਕਾਨੂੰਨੀ ਮੌਕੇ, ਭਾਵ ਰਹਿਮ ਦੀ ਅਪੀਲ ਰੱਦ ਕਰਨ ਨੂੰ ਚੁਣੌਤੀ ਦੇਣ ਦੇ ਹੱਕ, ਤੋਂ ਵਾਂਝੇ ਕਰ ਦਿੱਤਾ ਗਿਆ। ਅਫ਼ਜ਼ਲ ਅਤੇ ਉਸ ਦੇ ਪਰਿਵਾਰ, ਦੋਵਾਂ ਨੂੰ ਵੱਖੋ-ਵੱਖਰਾ ਇਹ ਹੱਕ ਹਾਸਲ ਸੀ। ਦੋਵਾਂ ਨੂੰ ਹੀ ਇਹ ਹੱਕ ਇਸਤੇਮਾਲ ਕਰਨ ਤੋਂ ਰੋਕ ਦਿੱਤਾ ਗਿਆ। ਇੱਥੋਂ ਤੱਕ ਕਿ ਕਾਨੂੰਨ ਵਿਚ ਲਾਜ਼ਮੀ ਹੋਣ ਦੇ ਬਾਵਜੂਦ ਤਬੱਸੁਮ ਨੂੰ ਭੇਜੇ ਰੁੱਕੇ ਵਿਚ ਰਾਸ਼ਟਰਪਤੀ ਵਲੋਂ ਰਹਿਮ ਦੀ ਅਰਜ਼ੀ ਰੱਦ ਕੀਤੇ ਜਾਣ ਦੀ ਕੋਈ ਵਜਾ੍ਹ ਨਹੀਂ ਦੱਸੀ ਗਈ। ਜੇ ਕੋਈ ਵਜਾ੍ਹ ਨਹੀਂ ਦੱਸੀ ਗਈ ਹੈ, ਤਾਂ ਤੁਸੀਂ ਕਿਸ ਆਧਾਰ ‘ਤੇ ਅਪੀਲ ਕਰੋਗੇ? ਭਾਰਤ ਵਿਚ ਫ਼ਾਂਸੀ ਦੀ ਸਜ਼ਾ ਪ੍ਰਾਪਤ ਸਾਰੇ ਕੈਦੀਆਂ ਨੂੰ ਇਹ ਆਖ਼ਿਰੀ ਮੌਕਾ ਦਿੱਤਾ ਜਾਂਦਾ ਰਿਹਾ ਹੈ।
ਫ਼ਾਂਸੀ ਦੇਣ ਤੋਂ ਪਹਿਲਾਂ ਕਿਉਂਕਿ ਤਬੱਸੁਮ ਨੂੰ ਆਪਣੇ ਖਾਵੰਦ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਕਿਉਂਕਿ ਉਨ੍ਹਾਂ ਦੇ ਬੇਟੇ ਨੂੰ ਆਪਣੇ ਬਾਪ ਨਾਲ ਆਖ਼ਰੀ ਦੋ ਬੋਲ ਸਾਂਝੇ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ, ਕਿਉਂਕਿ ਉਨ੍ਹਾਂ ਨੂੰ ਸਪੁਰਦੇ-ਖ਼ਾਕ ਕਰਨ ਲਈ ਅਫ਼ਜ਼ਲ ਦੀ ਲਾਸ਼ ਨਹੀਂ ਦਿੱਤੀ ਗਈ, ਤੇ ਕਿਉਂਕਿ ਕੋਈ ਜਨਾਜ਼ਾ ਨਹੀਂ ਨਿਕਲਿਆ, ਤਾਂ ਜੇਲ੍ਹ ਮੈਨੂਅਲ ਮੁਤਾਬਿਕ ‘ਅਗਲੀ ਜ਼ਰੂਰੀ ਕਾਰਵਾਈ ਕੀ ਹੈ’ ਭਲਾ? ਰੋਹ? ਕਦੇ ਨਾ ਦੂਰ ਹੋਣ ਵਾਲਾ ਦੁੱਖ? ਬਿਨਾਂ ਕਿਸੇ ਸਵਾਲ ਦੇ, ਜੋ ਹੋਇਆ ਉਸ ਨੂੰ ਭਾਣਾ ਮੰਨ ਲੈਣਾ? ਸੰਪੂਰਨ ਅਖੰਡਤਾ?
ਫ਼ਾਂਸੀ ਤੋਂ ਪਿੱਛੋਂ ਜਸ਼ਨ ਮਨਾਏਆ ਗਏ। ਸੰਸਦ ਹਮਲੇ ਵਿਚ ਮਾਰੇ ਗਏ ਲੋਕਾਂ ਦੀਆਂ ਗ਼ਮਗੀਨ ਪਤਨੀਆਂ ਟੀæਵੀæ ਉੱਪਰ ਦਿਖਾਈਆਂ ਗਈਆਂ, ਠੂੰਹੇ ਦੀ ਪੂਛ ਵਰਗੀਆਂ ਮੁੱਛਾਂ ਵਾਲਾ ਐਂਟੀ-ਟੈਰਰਿਸਟ ਫਰੰਟ ਦਾ ਪ੍ਰਧਾਨ ਐੱਮæਐੱਸ਼ ਬਿੱਟਾ ਉਨ੍ਹਾਂ ਦੀ ਨਿੱਕੀ ਜਿਹੀ ਉਦਾਸ ਕੰਪਨੀ ਦੇ ਸੀæਈæਓæ ਦੀ ਭੂਮਿਕਾ ਨਿਭਾਅ ਰਿਹਾ ਸੀ। ਕੀ ਕੋਈ ਉਨ੍ਹਾਂ ਨੂੰ ਦੱਸੇਗਾ ਕਿ ਜਿਸ ਇਨਸਾਨ ਨੇ ਉਨ੍ਹਾਂ ਦੇ ਪਤੀਆਂ ਨੂੰ ਮਾਰਿਆ, ਉਹ ਵੀ ਉਸੇ ਵਕਤ, ਥਾਏਂ ਮਾਰਿਆ ਗਿਆ ਸੀ? ਤੇ ਜਿਨ੍ਹਾਂ ਲੋਕਾਂ ਨੇ ਹਮਲੇ ਦੀ ਯੋਜਨਾ ਬਣਾਈ, ਉਨ੍ਹਾਂ ਨੂੰ ਕਦੇ ਸਜ਼ਾ ਨਹੀਂ ਮਿਲੇਗੀ, ਕਿਉਂਕਿ ਸਾਨੂੰ ਅੱਜ ਵੀ ਨਹੀਂ ਪਤਾ ਉਹ ਕੌਣ ਸਨ?
ਇਸ ਦਰਮਿਆਨ ਇਕ ਵਾਰ ਫਿਰ ਕਸ਼ਮੀਰ ਵਿਚ ਕਰਫ਼ਿਊ ਲੱਗਿਆ। ਇਕ ਵਾਰ ਫਿਰ ਇਸ ਦੇ ਅਵਾਮ ਨੂੰ ਵਾੜੇ ਵਿਚ ਡੰਗਰਾਂ ਵਾਂਗ ਡੱਕ ਦਿੱਤਾ ਗਿਆ। ਇਕ ਵਾਰ ਫਿਰ ਉਹ ਕਰਫ਼ਿਊ ਨੂੰ ਮੰਨਣ ਤੋਂ ਨਾਬਰ ਹੋਏ। ਤਿੰਨ ਦਿਨਾਂ ‘ਚ ਤਿੰਨ ਬੰਦੇ ਮਾਰੇ ਜਾ ਚੁੱਕੇ ਸਨ ਅਤੇ ਪੰਜਾਹ ਗੰਭੀਰ ਰੂਪ ‘ਚ ਫੱਟੜ ਸਨ। ਅਖ਼ਬਾਰ ਬੰਦ ਕਰਾ ਦਿੱਤੇ, ਪਰ ਜਿਸ ਕਿਸੇ ਨੂੰ ਵੀ ਇੰਟਰਨੈੱਟ ਉੱਪਰ ਤਲਾਸ਼ ਕਰਨ ਦਾ ਵੱਲ ਆਉਂਦਾਂ, ਉਹ ਦੇਖੇਗਾ ਕਿ ਨੌਜਵਾਨ ਕਸ਼ਮੀਰੀਆਂ ਦਾ ਗੁੱਸਾ ਉਨਾ ਨਾਬਰ ਅਤੇ ਸਾਫ਼ ਜ਼ਾਹਿਰ ਨਹੀਂ ਹੈ ਜਿੰਨਾ ਇਹ 2008, 2009 ਅਤੇ 2010 ਦੇ ਹੁਨਾਲਾਂ ਦੇ ਲੋਕ ਉਭਾਰਾਂ ਸਮੇਂ ਸੀ-ਇੱਥੋਂ ਤੱਕ ਕਿ ਉਨ੍ਹਾਂ ਮੌਕਿਆਂ ‘ਤੇ 180 ਲੋਕਾਂ ਨੇ ਆਪਣੀ ਜਾਨ ਗਵਾਈ ਸੀ। ਇਸ ਵਾਰ ਰੋਹ ਠੰਢਾ ਯਖ ਅਤੇ ਤਿੱਖਾ ਹੈ। ਬੇਰਹਿਮ। ਇਹ ਇੱਦਾਂ ਹੀ ਹੋਣਾ ਸੀ। ਕੀ ਕੋਈ ਵਜ੍ਹਾ ਹੈ ਕਿ ਇਸ ਨੂੰ ਅਜਿਹਾ ਨਹੀਂ ਸੀ ਹੋਣਾ ਚਾਹੀਦਾ?
20 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਕਸ਼ਮੀਰੀ ਫ਼ੌਜੀ ਕਬਜ਼ੇ ਦਾ ਸੰਤਾਪ ਝੱਲ ਰਹੇ ਹਨ। ਜਿਨ੍ਹਾਂ ਦਹਿ ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ; ਉਹ ਜੇਲ੍ਹਾਂ, ਤਸੀਹਾ ਕੇਂਦਰਾਂ ‘ਚ ਅਤੇ ਅਸਲੀ ਜਾਂ ਝੂਠੇ ‘ਮੁਕਾਬਲਿਆਂ’ ਵਿਚ ਮਾਰੇ ਗਏ। ਅਫ਼ਜ਼ਲ ਗੁਰੂ ਦੀ ਫ਼ਾਂਸੀ ਨੂੰ ਜਿਹੜੀ ਚੀਜ਼ ਇਨ੍ਹਾਂ ਸਾਰਿਆਂ ਤੋਂ ਵਖਰਿਆਉਂਦੀਂ, ਉਹ ਇਹ ਹੈ ਕਿ ਇਸ ਫ਼ਾਂਸੀ ਨੇ ਉਨ੍ਹਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕਦੇ ਵੀ ਜਮਹੂਰੀਅਤ ਦਾ ਸਿੱਧਾ ਅਨੁਭਵ ਨਹੀਂ ਰਿਹਾ, ਸਭ ਤੋਂ ਅਗਲੀਆਂ ਕੁਰਸੀਆਂ ‘ਤੇ ਬੈਠ ਕੇ ਭਾਰਤੀ ਜਮਹੂਰੀਅਤ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਕੰਮ ਕਰਦਿਆਂ ਦੇਖਣ ਦਾ ਮੌਕਾ ਮੁਹੱਈਆ ਕਰਾਇਆ ਹੈ। ਉਨ੍ਹਾਂ ਨੇ ਇਸ ਦੇ ਪਹੀਏ ਘੁੰਮਦੇ ਦੇਖੇ ਹਨ, ਉਨ੍ਹਾਂ ਨੇ ਇਕ ਇਨਸਾਨ, ਇਕ ਕਸ਼ਮੀਰੀ ਨੂੰ ਫਾਹੇ ਟੰਗਣ ਲਈ ਇਸ ਦੇ ਤਮਾਮ ਪੁਰਾਣੇ ਅਦਾਰਿਆਂ, ਹਕੂਮਤ, ਪੁਲਿਸ, ਅਦਾਲਤਾਂ, ਰਾਜਸੀ ਪਾਰਟੀਆਂ ਅਤੇ ਹਾਂ, ਮੀਡੀਆ ਨੂੰ ਇਕਜੁੱਟ ਹੁੰਦੇ ਦੇਖਿਆ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਉਸ ਦੇ ਮੁਕੱਦਮੇ ਦੀ ਨਿਰਪੱਖ ਸੁਣਵਾਈ ਨਹੀਂ ਹੋਈ ਅਤੇ ਉਨ੍ਹਾਂ ਦੇ ਅਜਿਹਾ ਮੰਨਣ ਦੇ ਚੋਖੇ ਕਾਰਨ ਹਨ।
ਹੇਠਲੀ ਅਦਾਲਤ ਵਿਚ ਅਫ਼ਜ਼ਲ ਦਾ ਪੱਖ ਪੇਸ਼ ਕਰਨ ਵਾਲਾ ਲਗਭਗ ਕੋਈ ਨਹੀਂ ਸੀ। ਅਦਾਲਤ ਵੱਲੋਂ ਉਸ ਨੂੰ ਦਿੱਤਾ ਵਕੀਲ ਉਸ ਨੂੰ ਕਦੇ ਜੇਲ੍ਹ ‘ਚ ਜਾ ਕੇ ਮਿਲਿਆ ਵੀ ਨਹੀਂ, ਤੇ ਅਸਲ ਵਿਚ ਉਸ ਨੇ ਆਪਣੇ ਹੀ ਮੁਵੱਕਿਲ ਦੇ ਖ਼ਿਲਾਫ਼ ਇਲਜ਼ਾਮ ਲਾਉਣ ਵਾਲੇ ਸਬੂਤ ਪੇਸ਼ ਕੀਤੇ। (ਸੁਪਰੀਮ ਕੋਰਟ ਨੇ ਇਸ ਮਾਮਲੇ ਬਾਰੇ ਵਿਚਾਰ ਕੀਤੀ ਅਤੇ ਫਿਰ ਫ਼ੈਸਲਾ ਲਿਆ ਕਿ ਠੀਕ ਹੀ ਤਾਂ ਹੈ!) ਸੰਖੇਪ ‘ਚ, ਕਿਸੇ ਵੀ ਤਰ੍ਹਾਂ ਨਾਲ ਤਰਕਪੂਰਨ ਸ਼ੱਕ ਤੋਂ ਉੱਪਰ ਉੱਠ ਕੇ ਉਸ ਦਾ ਦੋਸ਼ ਸਾਬਤ ਨਹੀਂ ਹੋਇਆ। ਹੁਣ ਨੌਜਵਾਨ ਕਸ਼ਮੀਰੀਆਂ ਨੇ ਦੇਖਿਆ ਕਿ ਹਕੂਮਤ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਉਡੀਕ ਰਹੇ ਲੋਕਾਂ ਦੇ ਵਿਚੋਂ ਚੁਣ ਕੇ, ਬੇਵਕਤ ਫਾਹੇ ਲਾ ਦਿੱਤਾ। ਇਹ ਨਵਾਂ ਠੰਢਾ ਯੱਖ, ਤਿੱਖਾ ਰੋਹ ਕੀ ਰੁਖ਼ ਅਤੇ ਕੀ ਰੂਪ ਅਖ਼ਤਿਆਰ ਕਰੇਗਾ? ਕੀ ਇਹ ਉਨ੍ਹਾਂ ਨੂੰ ਉਹ ਮੁਕਤੀ (ਆਜ਼ਾਦੀ) ਦਿਵਾਏਗਾ ਜੋ ਉਨ੍ਹਾਂ ਦੀ ਰੀਝ ਹੈ ਅਤੇ ਜਿਸ ਦੇ ਲਈ ਉਨ੍ਹਾਂ ਨੇ ਪੂਰੀ ਪੀੜ੍ਹੀ ਕੁਰਬਾਨ ਕਰ ਦਿੱਤੀ ਹੈ; ਜਾਂ ਇਸ ਦਾ ਅੰਜਾਮ ਤਬਾਹੀ ਨਾਲ ਲਬਰੇਜ਼ ਹਿੰਸਾ ਦੇ ਇਕ ਹੋਰ ਸਿਲਸਿਲਾ, ਮਸਲ ਦਿੱਤੀ ਜਾਣ ਵਾਲੀ ਅਤੇ ਫ਼ੌਜੀ ਬੂਟਾਂ ਦੁਆਰਾ ਥੋਪੀ ਗਈ ‘ਆਮ ਹਾਲਾਤ’ ਵਾਲੀ ਜ਼ਿੰਦਗੀ ਹੋਵੇਗਾ?
ਇਨ੍ਹਾਂ ਵਿਚੋਂ ਜਿਹੜੇ ਵੀ ਇਸ ਇਲਾਕੇ ਵਿਚ ਰਹਿੰਦੇ ਹਨ, ਉਹ ਜਾਣਦੇ ਹਨ ਕਿ 2014 ਇਤਿਹਾਸਕ ਵਰ੍ਹਾ ਬਣਨ ਜਾ ਰਿਹਾ ਹੈ। ਪਾਕਿਸਤਾਨ, ਭਾਰਤ ਅਤੇ ਜੰਮੂ ਤੇ ਕਸ਼ਮੀਰ ਵਿਚ ਚੋਣਾਂ ਹੋਣਗੀਆਂ। ਅਸੀਂ ਜਾਣਦੇ ਹਾਂ ਕਿ ਜਦੋਂ ਅਮਰੀਕਾ ਅਫ਼ਗਾਨਿਸਤਾਨ ‘ਚੋਂ ਆਪਣੀਆਂ ਫ਼ੌਜਾਂ ਕੱਢ ਲਵੇਗਾ ਤਾਂ ਪਹਿਲਾਂ ਤੋਂ ਹੀ ਨਾਜ਼ੁਕ ਰੂਪ ‘ਚ ਅਸਥਿਰ ਪਾਕਿਸਤਾਨ ਦੀ ਗੜਬੜ ਕਸ਼ਮੀਰ ਤੱਕ ਫੈਲ ਜਾਵੇਗੀ, ਜਿਵੇਂ ਪਹਿਲਾਂ ਵਾਪਰ ਚੁੱਕਾ ਹੈ। ਜਿਸ ਤਰ੍ਹਾਂ ਨਾਲ ਅਫ਼ਜ਼ਲ ਨੂੰ ਫ਼ਾਂਸੀ ਦਿੱਤੀ ਗਈ ਹੈ, ਉਸ ਨਾਲ ਭਾਰਤ ਸਰਕਾਰ ਨੇ ਇਸ ਅਸਥਿਰਤਾ ਦੇ ਅਮਲ ਨੂੰ ਜਰਬਾਂ ਦੇਣ ਦਾ ਫ਼ੈਸਲਾ ਲਿਆ ਹੈ। ਅਸਲ ਵਿਚ ਉਸ ਨੇ ਇਸ ਨੂੰ ਦਾਅਵਤ ਦਿੱਤੀ ਹੈ। (ਜਿਵੇਂ ਇਸ ਨੇ ਪਹਿਲਾਂ ਵੀ, 1987 ‘ਚ ਕਸ਼ਮੀਰ ਦੀਆਂ ਚੋਣਾਂ ਵਿਚ ਧੋਖਾਧੜੀ ਕਰ ਕੇ ਕੀਤਾ ਸੀ) ਵਾਦੀ ਵਿਚ ਲਗਾਤਾਰ ਤਿੰਨ ਵਰ੍ਹੇ ਚੱਲੀ ਅਵਾਮੀ ਤਹਿਰੀਕ ਦੇ 2010 ‘ਚ ਖ਼ਤਮ ਹੋਣ ਤੋਂ ਬਾਅਦ ਹਕੂਮਤ ਨੇ ‘ਆਮ ਹਾਲਾਤ’ ਦਾ ਆਪਣਾ ਵਿਚਾਰ ਲਾਗੂ ਕਰਨ ਦੀ ਕਾਫ਼ੀ ਵਾਹ ਲਾਈ ਹੈ (ਖੁਸ਼ਹਾਲ ਸੈਲਾਨੀ, ਵੋਟਾਂ ਪਾ ਰਹੇ ਕਸ਼ਮੀਰੀ)। ਸਵਾਲ ਹੈ ਕਿ ਕਿਉਂ ਇਹ ਆਪਣੇ ਹੀ ਯਤਨਾਂ ਨੂੰ ਉਲਟਾਉਣਾ ਚਾਹੁੰਦੀ ਹੈ? ਜਿਵੇਂ ਅਫ਼ਜ਼ਲ ਗੁਰੂ ਨੂੰ ਫਾਹੇ ਲਾਇਆ ਗਿਆ, ਜੇ ਉਸ ਦੇ ਕਾਨੂੰਨੀ, ਇਖ਼ਲਾਕੀ ਤੇ ਅਣਮਨੁੱਖੀ ਪਹਿਲੂਆਂ ਨੂੰ ਦਰਕਿਨਾਰ ਵੀ ਕਰ ਦੇਈਏ ਅਤੇ ਇਸ ਨੂੰ ਮਹਿਜ਼ ਸਿਆਸੀ, ਦਾਅਪੇਚਕ ਰੂਪ ‘ਚ ਦੇਖੀਏ ਤਾਂ ਇਹ ਖ਼ਤਰਨਾਕ ਅਤੇ ਗ਼ੈਰ-ਜ਼ਿੰਮੇਦਾਰਾਨਾ ਕਾਰਵਾਈ ਹੈ; ਪਰ ਇਹ ਕੀਤੀ ਗਈ ਹੈ। ਸਾਫ਼ ਸਾਫ਼ ਅਤੇ ਜਾਣ-ਬੁੱਝ ਕੇ। ਕਿਉਂ ਭਲਾ?
ਮੈਂ ‘ਗ਼ੈਰਜ਼ਿੰਮੇਦਾਰਾਨਾ’ ਲਫ਼ਜ਼ ਸੋਚ-ਸਮਝ ਕੇ ਹੀ ਵਰਤਿਆ ਹੈ। ਪਿਛਲੇ ਸਮੇਂ ‘ਚ ਜੋ ਕੁਝ ਹੋਇਆ, ਉਸ ‘ਤੇ ਨਿਗ੍ਹਾਹ ਮਾਰ ਲੈਂਦੇ ਹਾਂ।
2001 ‘ਚ ਸੰਸਦ ਉੱਪਰ ਹਮਲੇ ਦੇ ਹਫ਼ਤੇ ਦੇ ਅੰਦਰ (ਅਫ਼ਜ਼ਲ ਗੁਰੂ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨਾਂ ਪਿੱਛੋਂ) ਹਕੂਮਤ ਨੇ ਪਾਕਿਸਤਾਨ ਤੋਂ ਆਪਣਾ ਸਫ਼ੀਰ ਵਾਪਸ ਬੁਲਾ ਲਿਆ ਅਤੇ ਆਪਣੀ ਪੰਜ ਲੱਖ ਫ਼ੌਜ ਸਰਹੱਦ ਉੱਪਰ ਲਾ ਦਿੱਤੀ। ਅਜਿਹਾ ਕਿਸ ਆਧਾਰ ‘ਤੇ ਕੀਤਾ ਗਿਆ? ਅਵਾਮ ਨੂੰ ਸਿਰਫ਼ ਇਹੀ ਦੱਸਿਆ ਗਿਆ ਕਿ ਦਿੱਲੀ ਪੁਲਿਸ ਵਿਸ਼ੇਸ਼ ਸੈੱਲ ਦੀ ਹਿਰਾਸਤ ਵਿਚ ਅਫ਼ਜ਼ਲ ਗੁਰੂ ਨੇ ਪਾਕਿਸਤਾਨ ਸਥਿਤ ਅਤਿਵਾਦੀ ਧੜੇ ਜੈਸ਼-ਏ-ਮੁਹੰਮਦ ਦਾ ਮੈਂਬਰ ਹੋਣ ਦਾ ਇਕਬਾਲ ਕਰ ਲਿਆ ਹੈ। ਸੁਪਰੀਮ ਕੋਰਟ ਨੇ ਪੁਲਿਸ ਹਿਰਾਸਤ ‘ਚ ਦਿੱਤੇ ਇਕਬਾਲੀਆ ਬਿਆਨ ਨੂੰ ਕਾਨੂੰਨੀ ਨੁਕਤਾ-ਨਜ਼ਰ ਤੋਂ ਗ਼ੈਰਮੰਨਣਯੋਗ ਕਰਾਰ ਦਿੱਤਾ; ਫਿਰ ਕਾਨੂੰਨ ਦੀ ਨਜ਼ਰ ‘ਚ ਜੋ ਮੰਨਣ ਯੋਗ ਨਹੀਂ ਹੈ, ਕੀ ਉਹ ਜੰਗ ‘ਚ ਮੰਨਣਯੋਗ ਹੋ ਸਕਦਾ ਹੈ?
ਇਸ ਮਾਮਲੇ ਦੇ ਆਪਣੇ ਆਖ਼ਰੀ ਫ਼ੈਸਲੇ ‘ਚ, ਹੁਣ ਕਾਫ਼ੀ ਮਸ਼ਹੂਰ ਹੋ ਚੁੱਕੇ ‘ਸਮੂਹਕ ਆਤਮਾ ਦੀ ਸੰਤੁਸ਼ਟੀ’ ਵਾਲੇ ਬਿਆਨ ਅਤੇ ਕੋਈ ਸਬੂਤ ਨਾ ਹੋਣ ਤੋਂ ਇਲਾਵਾ, ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਸ ਦਾ ‘ਕੋਈ ਸਬੂਤ ਨਹੀਂ ਸੀ ਕਿ ਮੁਹੰਮਦ ਅਫ਼ਜ਼ਲ ਗੁਰੂ ਦਾ ਸਬੰਧ ਕਿਸੇ ਦਹਿਸ਼ਤਪਸੰਦ ਧੜੇ ਜਾਂ ਜਥੇਬੰਦੀ ਨਾਲ ਹੈ।’ ਤਾਂ ਫਿਰ ਕਿਹੜੀ ਗੱਲ ਉਸ ਫ਼ੌਜੀ ਚੜ੍ਹਾਈ, ਫ਼ੌਜੀਆਂ ਦੇ ਉਸ ਜਾਨੀ ਨੁਕਸਾਨ, ਅਵਾਮ ਦੇ ਪੈਸੇ ਨੂੰ ਪਾਣੀ ਵਾਂਗ ਰੋੜ੍ਹਨ ਅਤੇ ਪਰਮਾਣੂ ਯੁੱਧ ਦੇ ਸੱਚਮੁੱਚ ਖ਼ਤਰੇ ਨੂੰ ਜਾਇਜ਼ ਠਹਿਰਾਉਂਦੀਂ? (ਤੁਹਾਨੂੰ ਚੇਤੇ ਹੈ, ਵਿਦੇਸ਼ੀ ਸਫ਼ਾਰਤਖ਼ਾਨਿਆਂ ਵੱਲੋਂ ਸਫ਼ਰ ਸਲਾਹਕਾਰ ਲਾਉਣ ਅਤੇ ਆਪਣੇ ਅਮਲੇ-ਫ਼ੈਲੇ ਨੂੰ ਵਾਪਸ ਬੁਲਾਉਣ ਦੀ ਗੱਲ?) ਸੰਸਦ ਹਮਲੇ ਅਤੇ ਅਫ਼ਜ਼ਲ ਗੁਰੂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਕੀ ਕੋਈ ਖੁਫ਼ੀਆ ਸੂਚਨਾ ਆਈ ਸੀ, ਜਿਸ ਬਾਰੇ ਸਾਨੂੰ ਨਹੀਂ ਦੱਸਿਆ ਗਿਆ? ਜੇ ਅਜਿਹਾ ਸੀ, ਤਾਂ ਹਮਲਾ ਹੋਣ ਕਿਵੇਂ ਦਿੱਤਾ ਗਿਆ? ਤੇ ਜੇ ਖੁਫ਼ੀਆ ਸੂਚਨਾ ਸਿੱਕੇਬੰਦ ਸੀ, ਤੇ ਇਹ ਦਰੁਸਤ ਸੀ ਕਿ ਉਸ ਨਾਲ ਅਜਿਹੀ ਖ਼ਤਰਨਾਕ ਫ਼ੌਜੀ ਤਾਇਨਾਤੀ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਸੀ, ਤਾਂ ਕੀ ਭਾਰਤ, ਪਾਕਿਸਤਾਨ ਅਤੇ ਕਸ਼ਮੀਰ ਦੇ ਅਵਾਮ ਨੂੰ ਇਹ ਜਾਣਨ ਦਾ ਹੱਕ ਨਹੀਂ ਹੈ ਕਿ ਉਹ ਜਾਣਕਾਰੀ ਕੀ ਸੀ? ਅਫ਼ਜ਼ਲ ਗੁਰੂ ਦਾ ਜੁਰਮ ਸਾਬਤ ਕਰਨ ਲਈ ਉਹ ਸਬੂਤ ਅਦਾਲਤ ‘ਚ ਕਿਉਂ ਨਹੀਂ ਪੇਸ਼ ਕੀਤਾ ਗਿਆ?
ਸੰਸਦ ਉੱਪਰ ਹਮਲੇ ਦੇ ਮਾਮਲੇ ਦੀਆਂ ਕੁਲ ਅਮੁੱਕ ਬਹਿਸਾਂ ‘ਚ ਇਸ ਮੁੱਦੇ ਉੱਪਰ, ਜੋ ਸਭ ਤੋਂ ਅਹਿਮ ਮੁੱਦਾ ਹੈ, ਖੱਬੇਪੱਖੀ, ਸੱਜੇਪੱਖੀ, ਹਿੰਦੂਤਵਵਾਦੀ, ਧਰਮਨਿਰਪੱਖ, ਕੌਮਵਾਦੀ, ਦੇਸ਼ਧ੍ਰੋਹੀ, ਸਨਕੀ, ਆਲੋਚਕ-ਸਾਰੇ ਹਲਕਿਆਂ ‘ਚ ਮੁਰਦਾ ਖ਼ਾਮੋਸ਼ੀ ਹੈ। ਕਿਉਂ?
ਹੋ ਸਕਦਾ ਹੈ ਕਿ ਹਮਲੇ ਦੇ ਪਿੱਛੇ ਜੈਸ਼-ਏ-ਮੁਹੰਮਦ ਦਾ ਦਿਮਾਗ ਹੋਵੇ। ਭਾਰਤੀ ਮੀਡੀਆ ਦੇ ਮੰਨੇ-ਪ੍ਰਮੰਨੇ ‘ਦਹਿਸ਼ਤਵਾਦ’ ਮਾਹਰ ਪ੍ਰਵੀਨ ਸਵਾਮੀ ਜਿਸ ਦੇ ਭਾਰਤੀ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਵਿਚ ਅਜਿਹੇ ਸੂਤਰ ਹਨ ਕਿ ਦੇਖ ਕੇ ਈਰਖਾ ਹੁੰਦੀ ਹੈ, ਵੱਲੋਂ ਹਾਲ ਹੀ ਵਿਚ ਇਕ ਸਾਬਕਾ ਆਈæਐੱਸ਼ਆਈæ ਮੁਖੀ ਲੈਫਟੀਨੈਂਟ ਜਨਰਲ ਜਾਵੇਦ ਅਸ਼ਰਫ਼ ਕਾਜੀ ਦੇ 2003 ਦੇ ਇਕ ਬਿਆਨ ਦਾ ਅਤੇ ਇਕ ਪਾਕਿਸਤਾਨੀ ਵਿਦਵਾਨ ਮੁਹੰਮਦ ਆਮਿਰ ਰਾਣਾ ਦੀ 2004 ਦੀ ਇਕ ਕਿਤਾਬ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿਚ ਸੰਸਦ ਹਮਲੇ ਵਿਚ ਜੈਸ਼-ਏ-ਮੁਹੰਮਦ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ। (ਇਕ ਐਸੀ ਜਥੇਬੰਦੀ ਦੇ ਮੁਖੀ ਦੇ ਬਿਆਨ ਦੀ ਸਚਾਈ ਉੱਪਰ ਯਕੀਨ ਨੇ ਮਨ ਮੋਹ ਲਿਆ ਜਿਸ ਦਾ ਕੰਮ ਭਾਰਤ ਨੂੰ ਅਸਥਿਰ ਕਰਨਾ ਹੈ!) ਪਰ ਤਾਂ ਵੀ ਇਹ, ਇਹ ਨਹੀਂ ਦੱਸਦਾ ਕਿ 2001 ‘ਚ ਜਦੋਂ ਫ਼ੌਜ ਲਾਈ ਜਾ ਰਹੀ ਸੀ, ਇਨ੍ਹਾਂ ਦੇ ਕੋਲ ਕਿਹੜੇ ਸਬੂਤ ਸਨ!
ਚਲੋ ਬਹਿਸ ਦੀ ਖ਼ਾਤਰ ਮੰਨ ਲੈਂਦੇ ਹਾਂ ਕਿ ਜੈਸ਼-ਏ-ਮੁਹੰਮਦ ਨੇ ਹਮਲਾ ਕਰਾਇਆ ਸੀ। ਹੋ ਸਕਦਾ ਹੈ ਕਿ ਆਈæਐੱਸ਼ਆਈæ ਵੀ ਇਸ ਵਿਚ ਸ਼ਾਮਲ ਹੋਵੇ। ਸਾਨੂੰ ਇਹ ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਪਾਕਿਸਤਾਨ ਦੀ ਹਕੂਮਤ ਦਾ ਕਸ਼ਮੀਰ ਵਿਚ ਖੁਫ਼ੀਆ ਕਾਰਵਾਈਆਂ ਕਰਨ ਤੋਂ ਦਾਮਨ ਸਾਫ਼ ਹੈ। (ਜਿਵੇਂ ਭਾਰਤ ਸਰਕਾਰ ਬਲੋਚਸਤਾਨ ਅਤੇ ਪਾਕਿਸਤਾਨ ਦੇ ਹੋਰ ਇਲਾਕਿਆਂ ‘ਚ ਕਰਦਾ ਹੈ। ਚੇਤੇ ਕਰੋ ਕਿ ਭਾਰਤੀ ਫ਼ੌਜ ਨੇ 1970 ਦੇ ਦਹਾਕੇ ਵਿਚ ਪੂਰਬੀ ਪਾਕਿਸਤਾਨ ਵਿਚ ਮੁਕਤੀ ਵਾਹਿਨੀ ਨੂੰ ਅਤੇ 1980 ‘ਚ ਲਿੱਟੇ ਸਹਿਤ ਸ੍ਰੀਲੰਕਾ ਦੇ ਛੇ ਇੰਤਹਾਪਸੰਦ ਧੜਿਆਂ ਨੂੰ ਸਿਖਲਾਈ ਦਿੱਤੀ ਸੀ)
ਇਹ ਬੜਾ ਘ੍ਰਿਣਤ ਮੰਜ਼ਰ ਹੈ। ਪਾਕਿਸਤਾਨ ਨਾਲ ਯੁੱਧ ਵਿਚੋਂ ਕੀ ਮਿਲਣਾ ਸੀ ਅਤੇ ਹਾਲੇ ਵੀ ਇਸ ਵਿਚੋਂ ਕੀ ਮਿਲੇਗਾ? (ਘੋਰ ਜਾਨੀ ਨੁਕਸਾਨ ਤੋਂ ਬਿਨਾਂ। ਤੇ ਹਥਿਆਰਾਂ ਦੇ ਕੁਝ ਤਾਜ਼ਰਾਂ ਦੇ ਬੈਂਕ ਖ਼ਾਤਿਆਂ ਨੂੰ ਜਰਬਾਂ ਆਉਣ ਤੋਂ ਬਿਨਾਂ) ਭਾਰਤੀ ਜੰਗਬਾਜ਼ ਲਗਾਤਾਰ ਇਹ ਸੁਝਾਅ ਦੇ ਰਹੇ ਹਨ ਕਿ ‘ਮਸਲੇ ਨੂੰ ਜੜ੍ਹੋਂ ਖ਼ਤਮ ਕਰਨ’ ਦਾ ਇਕੋ ਇਕ ਢੰਗ ‘ਸਖ਼ਤੀ ਨਾਲ ਪਿੱਛਾ ਕਰਦੇ ਹੋਏ’ ਪਾਕਿਸਤਾਨ ਵਿਚ ਮੌਜੂਦ ‘ਅਤਿਵਾਦੀ ਕੈਂਪ ਖ਼ਤਮ ਕਰਨਾ’ ਹੈ। ਸੱਚਮੁੱਚ? ਮਜ਼ੇ ਦੀ ਗੱਲ ਇਹ ਹੈ ਕਿ ਸਾਡੇ ਟੀæਵੀæ ਸਕਰੀਨਾਂ ਉੱਪਰ ਨਜ਼ਰ ਆਉਣ ਵਾਲੇ ਕਿੰਨੇ ਹਮਲਾਵਰ ਰਣਨੀਤਕ ਮਾਹਰਾਂ ਅਤੇ ਰੱਖਿਆ ਵਿਸ਼ਲੇਸ਼ਣਕਾਰਾਂ ਦੇ ਹਿੱਤ ਰੱਖਿਆ ਅਤੇ ਹਥਿਆਰਾਂ ਦੀ ਸਨਅਤ ‘ਚ ਹਨ। ਉਨ੍ਹਾਂ ਨੂੰ ਯੁੱਧ ਦੀ ਲੋੜ ਹੀ ਨਹੀਂ ਹੈ। ਉਨ੍ਹਾਂ ਨੂੰ ਤਾਂ ਇਕ ਯੁੱਧ ਵਰਗੀ ਹਾਲਤ ਦੀ ਲੋੜ ਹੈ ਜਿਸ ਵਿਚ ਫ਼ੌਜੀ ਖ਼ਰਚ ਦਾ ਗ੍ਰਾਫ਼ ਉੱਚਾ ਹੁੰਦਾ ਜਾਵੇ। ਸਖ਼ਤੀ ਨਾਲ ਪਿੱਛਾ ਕਰਨ ਦਾ ਖ਼ਿਆਲ ਬੇਵਕੂਫ਼ੀ ਭਰਿਆ ਹੈ ਅਤੇ ਜਿੰਨਾ ਲਗਦਾ ਹੈ, ਉਸ ਤੋਂ ਕਿਤੇ ਵੱਧ ਤਰਸਯੋਗ ਹੈ। ਇਹ ਕਿਸ ਉੱਪਰ ਬੰਬਾਰੀ ਕਰਨਗੇ? ਕੁਝ ਬੰਦਿਆਂ ਉੱਪਰ? ਉਨ੍ਹਾਂ ਦੀਆਂ ਬੈਰਕਾਂ ਅਤੇ ਖਾਣੇ ਦੀ ਸਪਲਾਈ ਉੱਪਰ? ਜਾਂ ਉਨ੍ਹਾਂ ਦੀ ਵਿਚਾਰਾਧਾਰਾ ਉੱਪਰ? ਜ਼ਰਾ ਦੇਖੋ, ਅਫ਼ਗਾਨਿਸਤਾਨ ਵਿਚ ਅਮਰੀਕਾ ਵਲੋਂ ‘ਸਖ਼ਤੀ ਨਾਲ ਪਿੱਛਾ ਕਰਨ’ ਦਾ ਅੰਜਾਮ ਕੀ ਹੋਇਆ ਹੈ। ਤੇ ਜ਼ਰਾ ਦੇਖੋ ਕਿ ਕਿਵੇਂ ਪੰਜ ਲੱਖ ਫ਼ੌਜੀਆਂ ਦਾ ‘ਸੁਰੱਖਿਆ ਤਾਣਾਬਾਣਾ’ ਕਸ਼ਮੀਰ ਦੀ ਨਿਹੱਥੀ, ਨਾਗਰਿਕ ਆਬਾਦੀ ਨੂੰ ਕਾਬੂ ਨਹੀਂ ਕਰ ਸਕਿਆ। ਤੇ ਭਾਰਤ ਸਰਹੱਦ ਟੱਪ ਕੇ ਇਕ ਐਸੇ ਮੁਲਕ ਉੱਪਰ ਬੰਬਾਰੀ ਕਰਨ ਜਾ ਰਿਹਾ ਹੈ ਜਿਸ ਦੇ ਕੋਲ ਪਰਮਾਣੂ ਬੰਬ ਹੈ ਅਤੇ ਜੋ ਦਿਨੋ-ਦਿਨ ਗੜਬੜ ‘ਚ ਧਸਦਾ ਜਾ ਰਿਹਾ ਹੈ। ਭਾਰਤ ਵਿਚਲੇ ਜੰਗਬਾਜ਼ ਪੇਸ਼ੇਵਰਾਂ ਨੂੰ ਪਾਕਿਸਤਾਨ ਵਿਚਲੀ ਗੜਬੜ ਦੇਖ ਕੇ ਕਾਫ਼ੀ ਸਕੂਨ ਮਿਲਦਾ ਹੈ। ਜਿਸ ਨੂੰ ਇਤਿਹਾਸ ਤੇ ਭੂਗੋਲ ਦਾ ਮਾੜਾ-ਮੋਟਾ, ਕੰਮ ਚਲਾਊ ਇਲਮ ਵੀ ਹੋਵੇਗਾ, ਉਹ ਵੀ ਜਾਣ ਸਕਦਾ ਹੈ ਕਿ ਪਾਕਿਸਤਾਨ ਦਾ ਟੁੱਟਣਾ (ਜਨੂੰਨੀ, ਸਰਵਨਿਖੇਧਵਾਦੀ, ਮਜ਼੍ਹਬੀ ਹਮਾਇਤੀਆਂ ਦੇ ਗੈਂਗਲੈਂਡ ਦੇ ਰੂਪ ‘ਚ ਇਸ ਦਾ ਟੁਕੜੇ ਟੁਕੜੇ ਹੋਣਾ) ਕਿਸੇ ਲਈ ਵੀ ਖੁਸ਼ੀ ਮਨਾਉਣ ਦੀ ਵਜਾ੍ਹ ਨਹੀਂ ਹੈ।
ਅਫ਼ਗਾਨਿਸਤਾਨ ਅਤੇ ਇਰਾਕ ਵਿਚ ਅਮਰੀਕੀ ਮੌਜੂਦਗੀ ਅਤੇ ਅਤਿਵਾਦ ਖ਼ਿਲਾਫ਼ ਜੰਗ ਵਿਚ ਅਮਰੀਕੀ ਮਾਤਹਿਤ ਦੇ ਰੂਪ ‘ਚ ਪਾਕਿਸਤਾਨ ਦੀ ਭੂਮਿਕਾ ਨੇ ਇਸ ਇਲਾਕੇ ਨੂੰ ਸਭ ਤੋਂ ਵੱਧ ਖ਼ਬਰਾਂ ਦੀਆਂ ਸੁਰਖ਼ੀਆਂ ਵਿਚ ਰਹਿਣ ਵਾਲਾ ਮੁਲਕ ਬਣਾ ਦਿੱਤਾ ਹੈ। ਉੱਥੇ ਜੋ ਵੱਧ ਖ਼ਤਰਨਾਕ ਚੀਜ਼ਾਂ ਹੋ ਰਹੀਆਂ ਹਨ, ਘੱਟੋ ਘੱਟ ਬਾਕੀ ਦਾ ਆਲਮ ਉਸ ਬਾਰੇ ਜਾਣਦਾ ਹੈ, ਪਰ ਉਸ ਖ਼ਤਰਨਾਕ ਤੂਫ਼ਾਨ ਬਾਰੇ ਬਹੁਤ ਘੱਟ ਜਾਣਿਆ-ਸਮਝਿਆ ਜਾਂਦਾ ਹੈ ਅਤੇ ਉਸ ਤੋਂ ਵੀ ਘੱਟ ਪੜ੍ਹਿਆ ਜਾਂਦਾ ਹੈ ਜੋ ਆਲਮ ਦੀ ਪਸੰਦ ਦੀ ਮਹਾਸ਼ਕਤੀ ਦੀ ਦੁਨੀਆਂ ਵਿਚ ਤੇਜ਼ੀ ਅਖਤਿਆਰ ਕਰ ਰਿਹਾ ਹੈ। ਭਾਰਤੀ ਅਰਥਚਾਰਾ ਗੰਭੀਰ ਮੁਸ਼ਕਿਲਾਂ ‘ਚ ਘਿਰਿਆ ਹੋਇਆ ਹੈ। ਆਰਥਿਕ ਉਦਾਰੀਕਰਨ ਨੇ ਨਵੇਂ ਨਵੇਂ ਉੱਭਰੇ ਮੱਧ ਵਰਗ ਵਿਚ ਜੋ ਹਮਲਾਵਰ, ਲੋਭੀ ਲਾਲਸਾਵਾਂ ਪੈਦਾ ਕਰ ਦਿੱਤੀਆਂ ਹਨ, ਉਹ ਤੇਜ਼ੀ ਨਾਲ ਉਨੀ ਹੀ ਹਮਲਾਵਰ ਮਾਯੂਸੀ ‘ਚ ਬਦਲ ਰਹੀਆਂ ਹਨ। ਜਿਸ ਹਵਾਈ ਜਹਾਜ਼ ਵਿਚ ਉਹ ਸਵਾਰ ਸਨ, ਉਹ ਉਡਾਣ ਭਰਦੇ ਸਾਰ ਤੁਰੰਤ ਬੰਦ ਹੋ ਗਿਆ ਹੈ। ਖੁਸ਼ੀ ਦਾ ਦੌਰਾ ਦਹਿਸ਼ਤ ‘ਚ ਬਦਲ ਗਿਆ ਹੈ।
2014 ‘ਚ ਆਮ ਚੋਣਾਂ ਹੋਣ ਵਾਲੀਆਂ ਹਨ। ਐਗਜ਼ਿਟ ਪੋਲ ਤੋਂ ਬਗ਼ੈਰ ਵੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਨਤੀਜੇ ਕੀ ਹੋਣਗੇ; ਹਾਲਾਂਕਿ ਹੋ ਸਕਦਾ ਹੈ ਕਿ ਇਹ ਨੰਗੀ ਅੱਖ ਨੂੰ ਨਜ਼ਰ ਨਾ ਆਵੇ, ਸਾਡੇ ਕੋਲ ਇਕ ਵਾਰ ਫਿਰ ਕਾਂਗਰਸ-ਭਾਜਪਾ ਗੱਠਜੋੜ ਹੋਵੇਗਾ। (ਦੋਵਾਂ ਵਿਚੋਂ ਹਰੇਕ ਪਾਰਟੀ ਦੇ ਦਾਮਨ ਉੱਪਰ ਘੱਟ-ਗਿਣਤੀਆਂ ਦੇ ਹਜ਼ਾਰਾਂ ਲੋਕਾਂ ਦੇ ਕਤਲੇਆਮ ਦੇ ਕਲੰਕ ਹਨ) ਸੀæਪੀæਆਈæ (ਐੱਮæ) ਬਾਹਰੋਂ ਹਮਾਇਤ ਕਰੇਗੀ, ਹਾਲਾਂਕਿ ਉਸ ਤੋਂ ਇਹ ਮੰਗੀ ਨਹੀਂ ਜਾਵੇਗੀ। ਵਾਹ! ਤੇ ਇਹ ਮਜ਼ਬੂਤ ਰਾਜ ਹੋਵੇਗਾ। (ਫ਼ਾਂਸੀ ਲਈ ਫੰਦੇ ਤਿਆਰ ਹਨ। ਕੀ ਅਗਲੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਲਈ ਫ਼ਾਂਸੀ ਦਾ ਇੰਤਜ਼ਾਰ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਹੋਵੇਗੀ? ਉਸ ਦੀ ਫ਼ਾਂਸੀ ਪੰਜਾਬ ਵਿਚ ਖ਼ਾਲਿਸਤਾਨੀ ਭਾਵਨਾਵਾਂ ਭੜਕਾ ਦੇਵੇਗੀ ਅਤੇ ਅਕਾਲੀ ਦਲ ਮੁਸ਼ਕਿਲ ‘ਚ ਫਸ ਜਾਵੇਗਾ। ਇਹ ਕਾਂਗਰਸੀ ਸਿਆਸਤ ਦਾ ਉਹੀ ਪੁਰਾਣਾ ਤਰੀਕਾ ਹੈ।)
ਉਂਜ, ਪੁਰਾਣੇ ਤਰੀਕੇ ਦੀ ਇਹ ਸਿਆਸਤ ਕੁਝ ਮੁਸ਼ਕਿਲ ‘ਚ ਹੈ। ਉੱਥਲ-ਪੁੱਥਲ ਭਰੇ ਪਿਛਲੇ ਕੁਝ ਮਹੀਨਿਆਂ ਚ, ਸਿਰਫ਼ ਕੁਝ ਮੁੱਖ ਸਿਆਸੀ ਪਾਰਟੀਆਂ ਦੇ ਅਕਸ ਨੂੰ ਹੀ ਨਹੀਂ, ਖ਼ੁਦ ਸਿਆਸਤ ਨੂੰ ਤੇ ਸਿਆਸਤ ਦੇ ਵਿਚਾਰ ਨੂੰ ਹੀ ਧੱਕਾ ਲੱਗਿਆ ਹੈ। ਚਾਹੇ ਭ੍ਰਿਸ਼ਟਾਚਾਰ ਹੋਵੇ, ਚਾਹੇ ਮਹਿੰਗਾਈ ‘ਚ ਵਾਧਾ ਹੋਵੇ, ਜਾਂ ਜਬਰ ਜਨਾਹ ਜਾਂ ਔਰਤਾਂ ਖ਼ਿਲਾਫ਼ ਵਧ ਰਹੀ ਹਿੰਸਾ ਹੋਵੇ, ਨਵਾਂ ਮੱਧ ਵਰਗ ਮੁੜ ਮੁੜ ਮੋਰਚਾਬੰਦੀਆਂ ਉੱਪਰ ਹੈ। ਉਨ੍ਹਾਂ ਉੱਪਰ ਪਾਣੀ ਦੀਆਂ ਬੌਛਾੜਾਂ ਸੁੱਟੀਆਂ ਜਾ ਸਕਦੀਆਂ ਹਨ ਜਾਂ ਲਾਠੀਆਂ ਚਲਾਈਆਂ ਜਾ ਸਕਦੀਆਂ ਹਨ, ਪਰ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਹਜ਼ਾਰਾਂ ਦੀ ਤਾਦਾਦ ਵਿਚ ਮਾਰਿਆ ਨਹੀਂ ਜਾ ਸਕਦਾ; ਜਿਸ ਤਰ੍ਹਾਂ ਗ਼ਰੀਬਾਂ ਨੂੰ ਮਾਰਿਆ ਜਾ ਸਕਦਾ ਹੈ, ਜਿਸ ਤਰ੍ਹਾਂ ਦਲਿਤਾਂ, ਆਦਿਵਾਸੀਆਂ, ਮੁਸਲਮਾਨਾਂ, ਕਸ਼ਮੀਰੀਆਂ, ਨਾਗਿਆਂ ਅਤੇ ਮਨੀਪੁਰੀਆਂ ਨੂੰ ਮਾਰਿਆ ਜਾ ਸਕਦਾ ਹੈ ਤੇ ਮਾਰਿਆ ਜਾਂਦਾ ਰਿਹਾ ਹੈ। ਪੁਰਾਣੀਆਂ ਸਿਆਸੀ ਪਾਰਟੀਆਂ ਜਾਣਦੀਆਂ ਹਨ ਕਿ ਜੇ ਪੂਰੀ ਤਬਾਹੀ ਆਉਣੋਂ ਰੋਕਣੀ ਹੈ ਤਾਂ ਇਸ ਹਮਲਵਾਰ ਰੁਖ਼ ਨੂੰ ਅੱਗੇ ਵਧ ਕੇ ਖ਼ਤਮ ਕਰਨਾ ਪੈਣਾ ਹੈ, ਇਸ ਦਾ ਰੁਖ਼ ਬਦਲਣਾ ਪੈਣਾ ਹੈ। ਉਹ ਜਾਣਦੇ ਹਨ ਕਿ ਪਹਿਲਾਂ ਜੋ ਸਿਆਸਤ ਹੁੰਦੀ ਸੀ, ਉਸ ਨੂੰ ਪਹਿਲੀ ਹਾਲਤ ‘ਚ ਲਿਆਉਣ ਲਈ ਉਨ੍ਹਾਂ ਦਾ ਮਿਲ-ਜੁਲ ਕੇ ਕੰਮ ਕਰਨਾ ਜ਼ਰੂਰੀ ਹੈ। ਫਿਰ, ਫਿਰਕੂ ਅੱਗ ਤੋਂ ਬਿਹਤਰ ਰਾਸਤਾ ਹੋਰ ਕਿਹੜਾ ਹੋ ਸਕਦਾ ਹੈ? (ਵਰਨਾ ਕੋਈ ਧਰਮਨਿਰਪੇਖ ਹੋਰ ਕਿਵੇਂ ਧਰਮ-ਨਿਰਪੇਖ ਬਣਿਆ ਰਹਿ ਸਕਦਾ ਹੈ ਅਤੇ ਕੋਈ ਫ਼ਿਰਕਾਪ੍ਰਸਤ ਫ਼ਿਰਕਾਪ੍ਰਸਤ?) ਸੰਭਵ ਹੈ ਕਿ ਨਿੱਕਾ ਜਿਹਾ ਯੁੱਧ ਵੀ ਹੋਵੇ, ਤਾਂ ਕਿ ਅਸੀਂ ਦੁਬਾਰਾ ਘੁੱਗੀ-ਬਾਜ ਦੀ ਖੇਡ, ਖੇਡ ਸਕੀਏ।*
ਫਿਰ ਉਸ ਅਜ਼ਮਾਏ ਹੋਏ ਅਤੇ ਭਰੋਸੇਯੋਗ ਪੁਰਾਣੇ ਸਿਆਸੀ ਫੁੱਟਬਾਲ, ਕਸ਼ਮੀਰ ਨੂੰ ਉਛਾਲਣ ਨਾਲੋਂ ਹੋਰ ਬਿਹਤਰ ਹੱਲ ਹੋਰ ਕੀ ਹੋ ਸਕਦਾ ਹੈ? ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੀ। ਪੂਰੀ ਬੇਹਯਾਈ ਨਾਲ ਅਜਿਹਾ ਕੀਤਾ ਗਿਆ ਅਤੇ ਜਿਹੜਾ ਇਸ ਦਾ ਵਕਤ ਚੁਣਿਆ, ਇਹ ਦੋਵੇਂ ਗੱਲਾਂ ਜਾਣ-ਬੁੱਝ ਕੇ ਕੀਤੀਆਂ ਗਈਆਂ। ਇਸ ਨੇ ਕਸ਼ਮੀਰ ਦੀਆਂ ਸੜਕਾਂ ਉੱਪਰ ਸਿਆਸਤ ਅਤੇ ਗੁੱਸਾ ਉਤਾਰ ਦਿੱਤਾ ਹੈ।
ਭਾਰਤ ਇਸ ਨੂੰ ਮੈਕਿਆਵਲੀ ਵਾਲੀਆਂ ਚਾਲਾਂ, ਬੇਰਹਿਮ ਤਾਕਤ ਅਤੇ ਜ਼ਹਿਰੀਲੇ ਪ੍ਰਚਾਰ, ਨਾਲ ਕਾਬੂ ਕਰ ਲੈਣ ਦੀ ਉਮੀਦ ਕਰਦਾ ਹੈ, ਇਹ ਚਾਲਾਂ ਲੋਕਾਂ ਨੂੰ ਇਕ-ਦੂਜੇ ਖ਼ਿਲਾਫ਼ ਖੜ੍ਹੇ ਕਰਨ ਲਈ ਹੀ ਈਜਾਦ ਕੀਤੀਆਂ ਗਈਆਂ ਹਨ। ਦੁਨੀਆਂ ਅੱਗੇ ਕਸ਼ਮੀਰ ਵਿਚਲੇ ਯੁੱਧ ਨੂੰ ਸਭ ਨੂੰ ਕਲਾਵੇ ਵਿਚ ਲੈਣ ਵਾਲੀ, ਧਰਮਨਿਰਪੇਖ ਜਮਹੂਰੀਅਤ ਅਤੇ ਇੰਤਹਾਪਸੰਦ ਇਸਲਾਮਵਾਦੀਆਂ ਦਰਮਿਆਨ ਲੜਾਈ ਦੇ ਰੂਪ ‘ਚ ਪੇਸ਼ ਕੀਤਾ ਜਾਂਦਾ ਹੈ। ਫਿਰ ਅਸੀਂ ਇਸ ਤੱਥ ਦਾ ਕੀ ਕਰੀਏ ਕਿ ਕਸ਼ਮੀਰ ਦਾ ਅਖੌਤੀ ਗਰੈਂਡ ਮੁਫ਼ਤੀ (ਜੋ ਮੁਕੰਮਲ ਕਠਪੁਤਲੀ ਅਹੁਦਾ ਹੈ) ਬਸ਼ੀਰੂਦੀਨ ਅਸਲ ਵਿਚ ਸਰਕਾਰ ਵਲੋਂ ਤਾਇਨਾਤ ਕੀਤਾ ਮੁਫਤੀ ਹੈ ਜਿਸ ਨੇ ਸਭ ਤੋਂ ਨਫ਼ਰਤ ਭਰੀਆਂ ਤਕਰੀਰਾਂ ਕੀਤੀਆਂ ਅਤੇ ਇਕ ਪਿੱਛੋਂ ਇਕ ਫ਼ਤਵੇ ਜਾਰੀ ਕੀਤੇ; ਜਿਸ ਦਾ ਇਰਾਦਾ ਮੌਜੂਦਾ ਕਸ਼ਮੀਰ ਨੂੰ ਭਿਆਨਕ, ਅਖੰਡ ਵਹਾਬੀ ਸਮਾਜ ਬਣਾਉਣ ਦਾ ਹੈ? ਫੇਸ ਬੁੱਕ ‘ਤੇ ਲਿਖਣ ਵਾਲੀਆਂ ਬੱਚੀਆਂ ਗ੍ਰਿਫ਼ਤਾਰ ਕੀਤੀਆਂ ਜਾ ਸਕਦੀਆਂ ਹਨ, ਪਰ ਇਸ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਅਸੀਂ ਇਸ ਤੱਥ ਦਾ ਕੀ ਕਰੀਏ, ਜਦੋਂ ਸਾਊਦੀ ਅਰਬ (ਅਮਰੀਕਾ ਦਾ ਭਰੋਸੇਯੋਗ ਮਿੱਤਰ) ਕਸ਼ਮੀਰੀ ਮਦਰੱਸਿਆਂ ‘ਚ ਪੈਸਾ ਝੋਕਦਾ ਹੈ ਤਾਂ ਭਾਰਤ ਸਰਕਾਰ ਮੂੰਹ ਫੇਰ ਲੈਂਦੀ ਹੈ? ਸੀæਆਈæਏæ ਨੇ ਅਫ਼ਗਾਨਿਸਤਾਨ ‘ਚ ਉਨ੍ਹਾਂ ਸਾਰੇ ਵਰ੍ਹਿਆਂ ‘ਚ ਜੋ ਕੁਝ ਕੀਤਾ, ਇਹ ਉਸ ਤੋਂ ਵੱਖਰਾ ਕਿਵੇਂ ਹੈ? ਉਨ੍ਹਾਂ ਕਰਤੂਤਾਂ ਨੇ ਹੀ ਉਸਾਮਾ ਬਿਨ-ਲਾਦਿਨ, ਅਲ-ਕਾਇਦਾ ਅਤੇ ਤਾਲਿਬਾਨ ਨੂੰ ਜਨਮ ਦਿੱਤਾ। ਉਨ੍ਹਾਂ ਕਰਤੂਤਾਂ ਨੇ ਹੀ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਨੂੰ ਬਰਬਾਦ ਕਰ ਦਿੱਤਾ। ਹੁਣ ਇਹ ਕਿਸ ਤਰ੍ਹਾਂ ਦੇ ਭੈੜੇ ਜਿੰਨ ਨੂੰ ਜਗਾਏਗਾ?
ਹੁਣ ਮਸਲਾ ਇਹ ਹੈ-ਹੋ ਸਕਦਾ ਹੈ ਕਿ ਹੁਣ ਪੁਰਾਣੇ ਸਿਆਸੀ ਫੁੱਟਬਾਲ ਨੂੰ ਕਾਬੂ ‘ਚ ਰੱਖਣਾ ਪੂਰੀ ਤਰ੍ਹਾਂ ਆਸਾਨ ਨਾ ਰਹੇ। ਤੇ ਇਹ ਰੇਡੀਓਐਕਟਿਵ ਵੀ ਹੈ। ਹੋ ਸਕਦਾ ਹੈ ਕਿ ਇਹ ਮਹਿਜ਼ ਇਤਫ਼ਾਕ ਨਾ ਹੋਵੇ ਕਿ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ‘ਉੱਭਰ ਰਹੇ ਦ੍ਰਿਸ਼’ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਦੇ ਖ਼ਿਲਾਫ਼ ਆਪਣੀ ਰੱਖਿਆ ਦੀ ਖ਼ਾਤਰ ਛੋਟੀ ਦੂਰੀ ਵਾਲੀ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀ ਪਰਮਾਣੂ ਮਿਸਾਈਲ ਦਾ ਤਜਰਬਾ ਕੀਤਾ ਹੈ। ਦੋ ਹਫ਼ਤੇ ਪਹਿਲਾਂ, ਕਸ਼ਮੀਰ ਪੁਲਿਸ ਨੇ ਪਰਮਾਣੂ ਯੁੱਧ ਵਿਚ ‘ਬਚਾਅ ਦੀਆਂ ਤਰਕੀਬਾਂ’ ਛਾਪੀਆਂ ਹਨ। ਇਸ ਵਿਚ ਗੁਸਲਖ਼ਾਨਿਆਂ ਦੀ ਸਹੂਲਤ ਵਾਲੇ ਬੰਬਾਰੀ ਤੋਂ ਮਹਿਫੂਜ਼ ਭੋਰੇ ਬਣਾਉਣ ਦੇ ਨਾਲ-ਨਾਲ ਜੋ ਐਨਾ ਵੱਡਾ ਹੋਵੇ ਕਿ ਪੂਰਾ ਟੱਬਰ ਦੋ ਹਫ਼ਤਿਆਂ ਲਈ ਇਸ ਵਿਚ ਛੁਪ ਸਕੇ, ਕਿਹਾ ਗਿਆ ਹੈ ਕਿ ‘ਪਰਮਾਣੂ ਹਮਲੇ ਦੌਰਾਨ, ਗੱਡੀ ਚਾਲਕਾਂ ਨੂੰ ਛੇਤੀ ਪਲਟ ਜਾਣ ਵਾਲੀਆਂ ਗੱਡੀਆਂ ਦੇ ਹੇਠਾਂ ਕੁਚਲੇ ਜਾਣ ਤੋਂ ਬਚਣ ਲਈ ਉਨ੍ਹਾਂ ਵਿਚੋਂ ਨਿਕਲ ਕੇ ਧਮਾਕੇ ਵੱਲ ਛਾਲ ਮਾਰਨ ਦੀ ਜਾਚ ਆਉਣੀ ਚਾਹੀਦੀ ਹੈ।’ ਅਤੇ ‘ਉਨ੍ਹਾਂ ਨੂੰ ਬੌਂਦਲਾ ਜਾਣ ਦੀ ਮੁੱਢਲੀ ਹਾਲਤ ਲਈ ਤਿਆਰ ਰਹਿਣਾ ਚਾਹੀਦਾ ਹੈ, ਜਦੋਂ ਧਮਾਕੇ ਦੀਆਂ ਤਰੰਗਾਂ ਫੈਲਣਗੀਆਂ ਅਤੇ ਅਨੇਕਾਂ ਅਹਿਮ ਅਤੇ ਜਾਣੀਆਂ-ਪਛਾਣੀਆਂ ਵਿਸ਼ੇਸ਼ਤਾਵਾਂ ਨੂੰ ਵਹਾ ਲਿਜਾਣਗੀਆਂ।’
ਸੰਭਵ ਹੈ ਕਿ ਅਹਿਮ ਅਤੇ ਜਾਣੀਆਂ-ਪਛਾਣੀਆਂ ਵਿਸ਼ੇਸ਼ਤਾਵਾਂ ਪਹਿਲਾਂ ਹੀ ਮਿਟ ਚੁੱਕੀਆਂ ਹੋਣ। ਸ਼ਾਇਦ ਸਾਨੂੰ ਸਭ ਨੂੰ ਆਪਣੀਆਂ ਛੇਤੀ ਹੀ ਪਲਟ ਜਾਣ ਵਾਲੀਆਂ ਗੱਡੀਆਂ ਤੋਂ ਛਾਲ ਮਾਰ ਦੇਣੀ ਚਾਹੀਦੀ ਹੈ।
(*ਅਨੁਵਾਦਕੀ ਨੋਟ: ਘੁੱਗੀ ਅਤੇ ਬਾਜ ਅੰਗਰੇਜ਼ੀ ਕਾਮਿਕਸ ਦੇ ਜੁਰਮ ਨਾਲ ਭਿੜਨ ਵਾਲੇ ਸੁਪਰ ਨਾਇਕ ਹਨ; ਹਾਲਾਂਕਿ ਇਨ੍ਹਾਂ ਦੋਵਾਂ ਦਾ ਕਿਰਦਾਰ ਵੱਖ ਵੱਖ ਹੈ, ਬਾਜ ਗਰਮਮਿਜ਼ਾਜ ਤੇ ਸਖ਼ਤ ਹੈ; ਪਰ ਘੁੱਗੀ ਨਰਮਮਿਜ਼ਾਜ ਹੈ, ਪਰ ਜੁਰਮ ਨਾਲ ਦੋਵੇਂ ਮਿਲ ਕੇ ਲੜਦੇ ਹਨ। ਇਥੇ ਇਨ੍ਹਾਂ ਨੂੰ ਕ੍ਰਮਵਾਰ ਭਾਜਪਾ ਅਤੇ ਕਾਂਗਰਸ ਨਾਲ ਜੋੜ ਕੇ ਦਿਖਾਇਆ ਗਿਆ ਹੈ।)
Leave a Reply