ਮੋਗਾ ਜ਼ਿਮਨੀ ਚੋਣ ਵਿਚ ਹਾਵੀ ਰਿਹਾ ਤਾਕਤ ਤੇ ਪੈਸਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਲਈ ਵੱਕਾਰ ਦਾ ਸਵਾਲ ਬਣੀ ਮੋਗਾ ਜ਼ਿਮਨੀ ਚੋਣ ਵਿਚ ਰੱਜ ਕੇ ਬੇਨੇਮੀਆਂ ਹੋਈਆਂ। ਇਥੇ ਅਸੂਲਾਂ ਤੇ ਸਿਧਾਂਤਾਂ ਦੀ ਥਾਂ ਪੈਸੇ ਤੇ ਤਾਕਤ ਦਾ ਖੁੱਲ੍ਹ ਕੇ ਮੁਜ਼ਾਹਰਾ ਹੋਇਆ। ਸ਼ਰੇਆਮ ਵੋਟਾਂ ਦੀ ਬੋਲੀ ਲੱਗੀ ਤੇ ਖੁੱਲ੍ਹ ਕੇ ਪੈਸਾ ਵੰਡਿਆ ਗਿਆ। ਇਸ ਵਾਰ ਚੋਣ ਕਮਿਸ਼ਨ ਦਾ ਡੰਡਾ ਵੀ ਕਿਧਰੇ ਨਜ਼ਰ ਨਾ ਆਇਆ। ਚੋਣ ਕਮਿਸ਼ਨ ਨੇ ਹਲਕੇ ਤੋਂ ਬਾਹਰਲੇ ਲੋਕਾਂ ਨੂੰ ਭਾਵੇਂ ਕਿ ਮੋਗਾ ਵਿਧਾਨ ਸਭਾ ਹਲਕਾ ਛੱਡਣ ਦੇ ਹੁਕਮ ਦਿੱਤੇ ਸਨ ਪਰ ਇਨ੍ਹਾਂ ਦਾ ਹਾਕਮ ਪਾਰਟੀ ਦੇ ਆਗੂਆਂ ‘ਤੇ ਕੋਈ ਅਸਰ ਨਹੀਂ ਹੋਇਆ। ਮੰਤਰੀ, ਮੁੱਖ ਪਾਰਲੀਮਾਨੀ ਸਕੱਤਰ, ਵਿਧਾਇਕ ਤੇ ਅਕਾਲੀ ਲੀਡਰ ਪਿੰਡਾਂ ਤੇ ਸ਼ਹਿਰ ਵਿਚ ਡੇਰੇ ਲਾਈ ਬੈਠੇ ਰਹੇ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਹਲਕੇ ਤੋਂ ਬਾਹਰ ਕੱਢ ਦਿੱਤਾ ਗਿਆ।
ਉਂਜ, ਚੰਗੀ ਗੱਲ ਇਹ ਰਹੀ ਕਿ ਮੋਗਾ ਸ਼ਹਿਰ ਤੇ ਪਿੰਡਾਂ ਵਿਚ ਵੋਟਾਂ ਪੈਣ ਸਮੇਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਕੁੱਲ ਮਿਲਾ ਕੇ 71æ18 ਫੀਸਦੀ ਤੱਕ ਵੋਟਾਂ ਦਾ ਭੁਗਤਾਨ ਹੋਇਆ। ਪੇਂਡੂ ਖੇਤਰ ਵਿਚ ਵੋਟਾਂ ਜ਼ਿਆਦਾ ਪਈਆਂ ਤੇ ਸ਼ਹਿਰੀ ਘਰਾਂ ਤੋਂ ਵੋਟਰ ਘੱਟ ਹੀ ਨਿਕਲੇ। ਲੋਕਾਂ ਨੇ ਸ਼ਾਂਤੀ ਤਾਂ ਬਣਾਈ ਰੱਖੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੋਟਾਂ ਦੀ ਖਰੀਦੋ-ਫਰੋਖ਼ਤ ਤੇ ਬੂਥਾਂ ‘ਤੇ ਕਬਜ਼ੇ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋਇਆ। ਚੋਣ ਕਮਿਸ਼ਨ ਵੱਲੋਂ ਹਲਕੇ ਵਿਚ ਤਾਇਨਾਤ ਅਬਜ਼ਰਵਰਾਂ ਦੀਆਂ ਗੱਡੀਆਂ ਗਸ਼ਤ ਕਰਦੀਆਂ ਤਾਂ ਦਿਸਦੀਆਂ ਪਰ ਉਨ੍ਹਾਂ ਦੀ ਕਾਰਵਾਈ ਕੋਈ ਅਸਰਦਾਰ ਨਹੀਂ ਸੀ।
ਮੋਗਾ ਸ਼ਹਿਰ ਦੇ ਵਿਚਕਾਰ ਸਮਰਾਟ ਹੋਟਲ ਵਿਚ ਹਾਕਮ ਧਿਰ ਨਾਲ ਸਬੰਧਤ ਆਗੂ ਚਰਨਜੀਤ ਸਿੰਘ ਸ਼ਰੇਆਮ ਪ੍ਰਤੀ ਵੋਟ 300 ਤੋਂ 500 ਰੁਪਏ ਤੱਕ ਅਦਾ ਕਰ ਰਿਹਾ ਸੀ ਪਰ ਐਨ ਨਾਲ ਖੜ੍ਹੀ ਨੀਮ ਸੁਰੱਖਿਆ ਬਲਾਂ ਦੀ ਟੁਕੜੀ ਤਮਾਸ਼ਬੀਨ ਬਣੀ ਹੋਈ ਸੀ। ਹਲਕੇ ਦੇ ਲੋਕਾਂ ਨੇ ਆਪਣਾ ਪ੍ਰਤੀਨਿਧ ਚੁਣਨ ਲਈ ਨਿੱਠ ਕੇ ਵੋਟਾਂ ਪਾਈਆਂ। ਪਿੰਡਾਂ ਵਿਚ 79æ44 ਫੀਸਦੀ ਤੇ ਸ਼ਹਿਰ ਵਿਚ 64æ09 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ।
ਮੋਗਾ ਸ਼ਹਿਰ ਦੇ ਗੋਧੇਵਾਲਾ ਪੋਲਿੰਗ ਬੂਥ ‘ਤੇ ਸ਼੍ਰੋਮਣੀ ਅਕਾਲੀ ਦੇ ਬੰਦਿਆਂ ਵੱਲੋਂ ਕਬਜ਼ਾ ਕਰਨ ਦਾ ਰੌਲਾ ਵੀ ਪਿਆ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਬੂਥ ‘ਤੇ ਕਬਜ਼ਾ ਨਹੀਂ ਹੋਇਆ ਪਰ ਇਸ ਇਲਾਕੇ ਅੰਦਰ ਹਾਲਤ ਤਣਾਅਪੂਰਨ ਬਣੀ ਰਹੀ।
ਹਲਕੇ ਵਿਚ ਵੋਟਾਂ ਦੇ ਭੁਗਤਾਨ ਦਾ ਅੰਤ ਹੋਣ ਤੱਕ ਧੜੱਲੇ ਨਾਲ ਵੋਟਾਂ ਵਿਕੀਆਂ। ਗਰੀਬਾਂ ਦੀਆਂ ਵੋਟਾਂ ਖਰੀਦਣ ਵਿਚ ਕਾਂਗਰਸ ਨੇ ਵੀ ਜ਼ੋਰ ਲਾਇਆ ਪਰ ਪੈਸਾ ਵੰਡਣ ਪੱਖੋਂ ਉਹ ਹਾਕਮ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕੀ। ਦੋਹਾਂ ਪਾਰਟੀਆਂ ਨੇ ਗਰੀਬਾਂ ਦੇ ਘਰਾਂ ਵਿਚ ਭਾਂਡੇ ਤੇ ਹੋਰ ਲੋੜੀਂਦਾ ਸਾਮਾਨ ਵੀ ਵੰਡਿਆ। ਲੰਘੀ ਰਾਤ ਅਕਾਲੀ ਦਲ ਦਾ ਆਗੂ ਨਵਤੇਜ ਸਿੰਘ ਕਾਉਣੀ ਪਿੰਡ ਸੋਸਣ ਵਿਚ ਵੋਟਾਂ ਖਰੀਦਦਾ ਫੜਿਆ ਵੀ ਗਿਆ। ਹਾਕਮ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ। ਹਲਕੇ ਵਿਚਲੀਆਂ ਡੇਰਾ ਬਿਆਸ ਦੇ ਪੈਰੋਕਾਰਾਂ ਦੀਆਂ ਵੋਟਾਂ ਅਕਾਲੀ ਉਮੀਦਵਾਰ ਜੋਗਿੰਦਰ ਪਾਲ ਜੈਨ ਨੂੰ ਭੁਗਤਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਜਦੋਂਕਿ ਡੇਰਾ ਸਿਰਸਾ ਦੀ ਵੋਟ ਵੰਡੇ ਜਾਣ ਦੀ ਖ਼ਬਰਾਂ ਹਨ।
_____________________________
ਪਿਛਲੇ ਮੁਕਾਬਲੇ ਨਾਲੋਂ ਪੋਲਿੰਗ ਘਟੀ
ਚੰਡੀਗੜ੍ਹ: ਮੋਗਾ ਜ਼ਿਮਨੀ ਚੋਣ ਲਈ ਬਾਰਸ਼ ਦੇ ਬਾਵਜੂਦ 71æ18 ਫੀਸਦ ਵੋਟਾਂ ਭੁਗਤੀਆਂ। ਉਂਜ ਜਨਵਰੀ 2012 ਨੂੰ ਹੋਈਆਂ ਆਮ ਚੋਣਾਂ ਵਿਚ ਮੋਗਾ ਹਲਕੇ ਵਿਚ ਪਿਛਲੇ 35 ਸਾਲਾਂ ਦੇ ਚੋਣ ਇਤਿਹਾਸ ਦੀਆਂ ਸਭ ਤੋਂ ਵੱਧ 76æ82 ਫੀਸਦੀ ਵੋਟਾਂ ਭੁਗਤੀਆਂ ਸਨ ਤੇ ਇਸ ਤਰ੍ਹਾਂ ਪਿਛਲੇ ਸਾਲ ਨਾਲੋਂ ਐਤਕੀਂ 5æ64 ਫੀਸਦੀ ਘੱਟ ਵੋਟਾਂ ਭੁਗਤੀਆਂ।
ਇਸ ਵਾਰ ਚੋਣ ਕਮਿਸ਼ਨ ਨੂੰ ਵੱਖ-ਵੱਖ ਪਾਰਟੀਆਂ ਵੱਲੋਂ 12 ਲਿਖਤੀ ਤੇ 10 ਟੈਲੀਫੋਨ ਰਾਹੀਂ ਸ਼ਿਕਾਇਤਾਂ ਮਿਲੀਆਂ। ਇਸ ਹਲਕੇ ਦੀਆਂ ਕੁੱਲ 1,79,752 ਵੋਟਰਾਂ ਵਿਚੋਂ 1,27,947 ਦੇ ਕਰੀਬ ਵੋਟਰਾਂ ਨੇ ਮੱਤਦਾਨ ਕੀਤਾ। ਜ਼ਿਕਰਯੋਗ ਹੈ ਕਿ ਜਨਵਰੀ 2012 ਵਿਚ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਮੋਗਾ ਹਲਕੇ ਦੇ ਕੁੱਲ 1,74,531 ਵੋਟਰਾਂ ਵਿਚੋਂ 1,34,065 ਵੋਟਰਾਂ ਨੇ ਮਤਦਾਨ ਕੀਤਾ ਸੀ ਤੇ ਉਦੋਂ 76æ82 ਫੀਸਦੀ ਵੋਟਾਂ ਭੁਗਤੀਆਂ ਸਨ। ਇਸ ਤਰ੍ਹਾਂ ਜ਼ਿਮਨੀ ਚੋਣ ਦੌਰਾਨ ਪਿਛਲੀ ਚੋਣ ਤੋਂ 5æ64 ਫੀਸਦੀ ਘੱਟ ਵੋਟਾਂ ਭੁਗਤੀਆਂ।
ਚੋਣ ਕਮਿਸ਼ਨ ਅਨੁਸਾਰ ਕੁੱਲ ਮਿਲਾ ਕੇ ਵੋਟਾਂ ਸ਼ਾਂਤਮਈ ਢੰਗ ਨਾਲ ਪਈਆਂ। ਮੋਗਾ ਹਲਕੇ ਵਿਚਲੀਆਂ ਕੁੱਲ 1,79,752 ਵੋਟਾਂ ਵਿਚੋਂ 94,652 ਪੁਰਸ਼ਾਂ ਤੇ 84,796 ਮਹਿਲਾਵਾਂ ਦੀਆਂ ਵੋਟਾਂ ਹਨ। ਇਸ ਤੋਂ ਇਲਾਵਾ 304 ਸਰਵਿਸ ਵੋਟਾਂ ਹਨ। ਚੋਣ ਕਮਿਸ਼ਨ ਅਨੁਸਾਰ ਕੁੱਲ 188 ਚੋਣ ਬੂਥਾਂ ਵਿਚੋਂ 69 ਅਤਿ ਨਾਜ਼ੁਕ ਬੂਥ ਐਲਾਨੇ ਗਏ ਸਨ। ਦੱਸਣਯੋਗ ਹੈ ਮੋਗਾ ਹਲਕੇ ਦੇ  ਸ਼ਹਿਰੀ ਖੇਤਰ ਵਿਚੋਂ ਅਕਸਰ ਕਾਂਗਰਸ ਨੂੰ ਵੱਧ ਵੋਟਾਂ ਭੁਗਤਦੀਆਂ ਰਹੀਆਂ ਹਨ ਤੇ ਪੇਂਡੂ ਖੇਤਰ ਵਿਚੋਂ ਅਕਸਰ ਅਕਾਲੀ ਦਲ ਮੋਹਰੀ ਰਿਹਾ ਹੈ।
__________________________
ਪੂਰੀ ਤਰ੍ਹਾਂ ਖਮੋਸ਼ ਰਹੇ ਵੋਟਰ
ਚੰਡੀਗੜ੍ਹ: ਸਿਆਸਤਦਾਨਾਂ ਦੇ ਲਾਰਿਆਂ ਤੋਂ ਅੱਕ ਕੇ ਆਮ ਵੋਟਰ ਵੀ ਹੁਣ ਸਿਆਣੇ ਹੋ ਗਏ ਹਨ। ਇਹ ਨਜ਼ਾਰਾ ਮੋਗਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਵੇਖਣ ਨੂੰ ਮਿਲਿਆ ਜਿੱਥੇ ਮਹੀਨਾ ਭਰ ਚੋਣ ਪ੍ਰਚਾਰ ਕਰਨ ਤੋਂ ਬਾਅਦ ਵੀ ਸਿਆਸਤਦਾਨ ਲੋਕਾਂ ਦੇ ਦਿਲ ਦੀ ਘੁੰਡੀ ਖੋਲ੍ਹਣ ਵਿਚ ਕਾਮਯਾਬ ਨਾ ਹੋ ਸਕੇ। ਵੋਟਰਾਂ ਦੀ ਖਮੋਸ਼ੀ ਨੂੰ ਵੇਖ ਕੇ ਸਿਆਸਤਦਾਨਾਂ ਦੇ ਦਿਲ ਦੀਆਂ ਧੜਕਣਾਂ ਆਖਰੀ ਵੇਲੇ ਤੱਕ ਤੇਜ਼ ਰਹੀਆਂ। ਇਸ ਖਮੋਸ਼ੀ ਕਰਕੇ ਹੀ ਮੁੱਖ ਧਿਰਾਂ ਨੇ ਵੋਟਰਾਂ ਨੂੰ ਖੁਸ਼ ਕਰਨ ਲਈ ਪੈਸਾ ਪਾਣੀ ਵਾਂਗ ਵਹਾਇਆ।
ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵੱਡੇ ਆਗੂ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਤਾਂ ਕਰਦੇ ਰਹੇ ਪਰ ਉਨ੍ਹਾਂ ਨੂੰ ਹਾਰ ਦਾ ਡਰ ਵੀ ਨਾਲੋ-ਨਾਲ ਸਤਾਉਂਦਾ ਰਿਹਾ। ਇਸ ਵਾਰ ਜੋਗਿੰਦਰ ਪਾਲ ਜੈਨ ਤੇ ਵਿਜੇ ਕੁਮਾਰ ਸਾਥੀ ਦਰਮਿਆਨ ਸਿੱਧੀ ਟੱਕਰ ਸੀ। ਪੀਪਲਜ਼ ਪਾਰਟੀ ਆਫ਼ ਪੰਜਾਬ ਪੀਪੀਪੀ ਦੇ ਉਮੀਦਵਾਰ ਡਾæ ਰਵਿੰਦਰਪਾਲ ਸਿੰਘ ਵੀ ਮੈਦਾਨ ਵਿਚ ਸਨ। ਇਸ ਹਲਕੇ ਵਿਚ ਵੋਟਾਂ ਦੀ ਵੱਡੇ ਪੱਧਰ ‘ਤੇ ਖਰੀਦੋ ਫਰੋਖਤ ਦੀ ਚਰਚਾ ਸ਼ੁਰੂ ਤੋਂ ਹੋਣ ਲੱਗੀ ਸੀ।
ਦੋਹਾਂ ਪਾਰਟੀਆਂ ਵੱਲੋਂ ਹੀ ਇਸ ਵਕਾਰੀ ਸੀਟ ਨੂੰ ਹਥਿਆਉਣ ਲਈ ਪੈਸਾ ਪਾਣੀ ਵਾਂਗ ਵਹਾਇਆ ਗਿਆ। ਹਲਕੇ ਵਿਚ 50 ਹਜ਼ਾਰ ਦੇ ਕਰੀਬ ਅਜਿਹੀਆਂ ਵੋਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਨ੍ਹਾਂ ਨੂੰ ਖਰੀਦਿਆ ਜਾ ਸਕਦਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੋਹਾਂ ਪਾਰਟੀਆਂ ਦੇ ਆਗੂਆਂ ਨੇ ਵੋਟਾਂ ਖਰੀਦਣ ਦੀ ਗੱਲ ਕਬੂਲੀ। ਪੰਜਾਬ ਪੁਲਿਸ ਦੇ ਖ਼ੁਫੀਆ ਵਿੰਗ (ਸੀ ਆਈ ਡੀ) ਵੱਲੋਂ ਹਾਕਮ ਪਾਰਟੀ ਦੀ ਇਸ ਕਦਰ ਸੇਵਾ ਕੀਤੀ ਗਈ ਕਿ ਕਾਂਗਰਸ ਦੇ ਲੁਕੇ ਹੋਏ ਆਗੂਆਂ ਦੀ ਨਿਸ਼ਾਨਦੇਹੀ ਕਰਕੇ ਹਲਕੇ ਤੋਂ ਬਾਹਰ ਕੱਢਿਆ ਗਿਆ। ਸੀ ਆਈ ਡੀ ਅਕਾਲੀਆਂ ਨੂੰ ਹਰ ਤਰ੍ਹਾਂ ਦੀ ਖ਼ੁਫੀਆ ਜਾਣਕਾਰੀ ਪਹੁੰਚਾਉਂਦੀ ਰਹੀ।
________________________________________
ਕਾਂਗਰਸੀਆਂ ‘ਤੇ ਵਰਤੀ ਸਖ਼ਤੀ
ਚੰਡੀਗੜ੍ਹ: ਇਸ ਵਾਰ ਚੋਣ ਕਮਿਸ਼ਨ ਦੇ ਨਿਰਦੇਸ਼ ਕਾਂਗਰਸੀਆਂ ‘ਤੇ ਵੱਧ ਲਾਗੂ ਹੋਏ। ਚੋਣ ਕਮਿਸ਼ਨ ਵੱਲੋਂ ਹਲਕੇ ਤੋਂ ਬਾਹਰਲੇ ਲੋਕਾਂ ਨੂੰ ਮੋਗਾ ਵਿਧਾਨ ਸਭਾ ਹਲਕਾ ਛੱਡਣ ਦੇ ਜਾਰੀ ਹੁਕਮਾਂ ਦਾ ਹਾਕਮ ਪਾਰਟੀ ਦੇ ਆਗੂਆਂ ‘ਤੇ ਕੋਈ ਅਸਰ ਨਹੀਂ ਹੋਇਆ। ਅਕਾਲੀ ਲੀਡਰ ਪਿੰਡਾਂ ਤੇ ਸ਼ਹਿਰ ਵਿਚ ਡੇਰੇ ਲਾਈ ਬੈਠੇ ਰਹੇ ਪਰ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਹਲਕੇ ਤੋਂ ਬਾਹਰ ਕੱਢ ਦਿੱਤਾ ਗਿਆ।
ਸੂਤਰਾਂ ਅਨੁਸਾਰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤਾਂ ਮੋਗਾ ਛੱਡ ਗਏ ਪਰ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ, ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੇ ਮਾਝੇ ਦੇ ਕਈ ਵਿਧਾਇਕ ਤੇ ਮੁੱਖ ਪਾਰਲੀਮਾਨੀ ਸਕੱਤਰ ਹੋਟਲਾਂ ਵਿਚ ਟਿਕੇ ਰਹੇ ਜਦੋਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਗਰਾਉਂ ਵਿਚ ਡੇਰਾ ਲਾ ਕੇ ਬੈਠੇ ਰਹੇ।
ਕਮਿਸ਼ਨ ਨੇ ਬਾਹਰਲੇ ਬੰਦਿਆਂ ਦਾ ਦਖ਼ਲ ਰੋਕਣ ਲਈ ਸਾਰੇ ਹੋਟਲਾਂ, ਮੈਰਿਜ ਪੈਲੇਸਾਂ, ਧਾਰਮਿਕ ਸਥਾਨਾਂ ਤੇ ਐਂਬੂਲੈਂਸਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਪਰ ਚੋਣ ਕਮਿਸ਼ਨ ਦੀ ਸਖ਼ਤੀ ਦੇ ਬਾਵਜੂਦ ਹਾਕਮ ਧਿਰ ਨਾਲ ਸਬੰਧਤ ਕਈ ਆਗੂ ਪਿੰਡਾਂ ਵਿਚ ਡੇਰੇ ਲਾਈ ਬੈਠੇ ਰਹੇ। ਸੂਬੇ ਵਿਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਵਿਧਾਨ ਸਭਾ ਹਲਕੇ ਦੇ ਸਮੁੱਚੇ ਬੂਥਾਂ ‘ਤੇ ਨੀਮ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ। ਕਮਿਸ਼ਨ ਦੀਆਂ ਹਦਾਇਤਾਂ ‘ਤੇ ਹਰ ਬੂਥ ‘ਤੇ ਚਾਰ ਜਵਾਨ ਪੰਜਾਬ ਪੁਲਿਸ ਦੇ ਤੇ ਚਾਰ ਜਵਾਨ ਨੀਮ ਸੁਰੱਖਿਆ ਬਲਾਂ ਦੇ ਤਾਇਨਾਤ ਕੀਤੇ ਗਏ। ਹਲਕੇ ਵਿਚ ਗਸ਼ਤ ਵੀ ਪੰਜਾਬ ਪੁਲਿਸ ਤੇ ਨੀਮ ਸੁਰੱਖਿਆ ਬਲਾਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।
________________________________
ਪੌਣੇ ਦੋ ਲੱਖ ਵੋਟਰਾਂ ਦਾ ਫਤਵਾ
ਮੋਗਾ: ਇਸ ਜ਼ਿਮਨੀ ਚੋਣ ਵਿਚ ਪੌਣੇ ਦੋ ਲੱਖ ਵੋਟਰਾਂ ਨੇ ਫਤਵਾ ਦਿੱਤਾ ਹੈ। ਚੋਣ ਦੌਰਾਨ ਕੁੱਲ 10 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਪਰ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਜੋਗਿੰਦਰ ਪਾਲ ਜੈਨ ਤੇ ਕਾਂਗਰਸੀ ਉਮੀਦਵਾਰ ਵਿਜੇ ਸਾਥੀ ਵਿਚਕਾਰ ਹੀ ਰਿਹਾ। ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਵਕਾਰ ਦਾਅ ‘ਤੇ ਲੱਗਿਆ ਹੋਇਆ ਸੀ।
ਜਨਵਰੀ 2012 ਦੀਆਂ ਚੋਣਾਂ ਵਿਚ ਤੀਜੇ ਨੰਬਰ ‘ਤੇ ਰਹੇ ਡਾæ ਰਵਿੰਦਰ ਸਿੰਘ ਧਾਲੀਵਾਲ ਵੀ ਸਾਂਝੇ ਮੋਰਚੇ ਵੱਲੋਂ ਇਸ ਜ਼ਿਮਨੀ ਚੋਣ ਵਿਚ ਉਮੀਦਵਾਰ ਸਨ। ਇਸ ਵਿਧਾਨ ਸਭਾ ਹਲਕੇ ਵਿੱਚ ਮੋਗਾ ਸ਼ਹਿਰ ਤੋਂ ਇਲਾਵਾ 46 ਪਿੰਡ ਤੇ ਕੁੱਲ ਇਕ ਲੱਖ 79 ਹਜ਼ਾਰ 448 ਵੋਟਰ ਹਨ ਜਿਨ੍ਹਾਂ ਵਿਚ 94 ਹਜ਼ਾਰ 652 ਪੁਰਸ਼ ਤੇ 84 ਹਜ਼ਾਰ 796 ਮਹਿਲਾ ਵੋਟਰ ਹਨ। ਇਸ ਜ਼ਿਮਨੀ ਲਈ ਚੋਣ 93 ਪੋਲਿੰਗ ਸਟੇਸ਼ਨ ਤੇ 188 ਬੂਥ ਸਨ ਜਿੰਨ੍ਹਾਂ ਵਿਚੋਂ ਸ਼ਹਿਰ ਦੇ 40 ਤੇ ਪਿੰਡਾਂ ਦੇ 29 ਕੁੱਲ 69 ਬੂਥ ਤੇ 27 ਪੋਲਿੰਗ ਅਤਿ-ਸੰਵੇਦਨਸ਼ੀਲ, 90 ਬੂਥ ਤੇ 47 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਕਿਹਾ ਗਿਆ।
_______________________________________
ਡੇਰਾ ਸ਼ਕਤੀ ਨੇ ਨਿਭਾਇਆ ਅਹਿਮ ਰੋਲ
ਮੋਗਾ: ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਲਈ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਡੇਰਿਆਂ, ਸੰਤਾਂ-ਸਾਧਾਂ ਤੇ ਧਰਮ ਅਸਥਾਨਾਂ ‘ਤੇ ਵਾਰ-ਵਾਰ ਹਾਜ਼ਰੀਆਂ ਲੁਆਈਆਂ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰ ਪਾਲ ਜੈਨ ਡੇਰਾ ਬਿਆਸ ਦੇ ਪੈਰੋਕਾਰ ਹਨ। ਇਸੇ ਲਈ ਇਹ ਪ੍ਰਭਾਵ ਆਮ ਰਿਹਾ ਕਿ ਡੇਰਾ ਰਾਧਾਸੁਆਮੀ ਸਤਿਸੰਗ ਬਿਆਸ ਨੇ ਸ੍ਰੀ ਜੈਨ ਦੀ ਮਦਦ ਕੀਤੀ ਪਰ ਕਾਂਗਰਸ ਨੇ ਇਸ ਪ੍ਰਭਾਵ ਨੂੰ ਗ਼ਲਤ ਕਰਾਰ ਦਿੱਤਾ।
ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹ ਡੇਰਾ ਬਿਆਸ ਦੇ ਮੁਖੀ ਨੂੰ ਮਿਲੇ ਸਨ ਤੇ ਉਨ੍ਹਾਂ ਨੇ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਆਪਣੇ ਪੈਰੋਕਾਰਾਂ ਨੂੰ ਕਿਸੇ ਉਮੀਦਵਾਰ ਦੀ ਮਦਦ ਕਰਨ ਲਈ ਨਹੀਂ ਕਿਹਾ। ਇਸ ਸ਼ਹਿਰ ਵਿਚ ਨਾਨਕਸਰ ਸੰਪਰਦਾ ਦੇ ਵੀ ਪੈਰੋਕਾਰ ਹਨ। ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਾਨਕਸਰ, ਬੱਧਨੀ ਕਲਾਂ ਤੇ ਸਮਾਧ ਭਾਈ ਵਿਖੇ ਨਾਨਕਸਰ ਸੰਪਰਦਾਇ ਦੇ ਮੁਖੀਆਂ ਕੋਲ ਹਾਜ਼ਰੀ ਲੁਆਈ। ਇਸ ਤੋਂ ਇਲਾਵਾ ਪਿੰਡ ਦੌਧਰ ਵਿਖੇ ਸੰਤ ਗਿਆਰਵੀਂ ਵਾਲੇ, ਸੰਤ ਜਗਜੀਤ ਸਿੰਘ ਲੋਪੋ, ਬਾਬਾ ਤੇਗਾ ਸਿੰਘ ਚੰਦ ਪੁਰਾਣਾ ਦੇ ਮੁਖੀ ਬਾਬਾ ਗੁਰਦੀਪ ਸਿੰਘ, ਸਲ੍ਹੀਣਾ ਵਿਚ ਬਾਬਾ ਗੁਰਜੰਟ ਸਿੰਘ ਕੋਲ ਵੀ ਸਿਆਸੀ ਆਗੂਆਂ ਦਾ ਗੇੜਾ ਲੱਗਾ ਰਿਹਾ।
ਪਤਾ ਲੱਗਾ ਹੈ ਕਿ ਲੰਘੇ ਦਿਨੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੰਡ ਬੁੱਕਣਵਾਲਾ ਤੇ ਮੋਠਾਂਵਾਲੀ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਪੁੱਜੇ ਤਾਂ ਉਥੇ ਕਿਸੇ ਆਗੂ ਨੇ ਪਿੰਡ ਵਿਚ ਡੇਰਾ ਚਲਾ ਰਹੇ ਬਾਬੇ ਦੀ ਸਿਫਤ ਕਰ ਦਿੱਤੀ। ਇਸ ‘ਤੇ ਮੁੱਖ ਮੰਤਰੀ ਉਸੇ ਵੇਲੇ ਬਾਬਾ ਜੀ ਕੋਲ ਗਏ ਤੇ ਉਨ੍ਹਾਂ ਦਾ ਅਸ਼ੀਰਵਾਦ ਹਾਸਲ ਕੀਤਾ। ਸਿਆਸੀ ਆਗੂ ਇੱਥੇ ਵੋਟ ਬੈਂਕ ਵਜੋਂ ਜਾਣੇ ਜਾਂਦੇ ਡੇਰਾ ਬਿਆਸ ਤੇ ਡੇਰਾ ਸਿਰਸਾ ਦੇ ਮੁਖੀਆਂ ਦਾ ਸਮਰਥਨ ਲੈਣ ਦੀ ਦੌੜ ਵਿਚ ਲੱਗੇ ਰਹੇ। ਦੋਵਾਂ ਡੇਰਿਆਂ ਦਾ ਇਥੇ ਚੰਗਾ ਆਧਾਰ ਹੈ। ਫਰਵਰੀ 2007 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣ ਗਈ ਸੀ ਪਰ ਡੇਰਿਆਂ ਦਾ ਅਸ਼ੀਰਵਾਦ ਕਾਂਗਰਸ ਨੂੰ ਮਿਲਣ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਮਾਲਵੇ ਖਿੱਤੇ ਵਿਚ ਸਫਾਇਆ ਹੋ ਗਿਆ ਸੀ।
ਇਸ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੌਰਾਨ ਡੇਰਿਆਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਹਰੇਕ ਹੀਲਾ ਵਰਤਦੀਆਂ ਆ ਰਹੀਆਂ ਹਨ। ਉਂਜ, ਹੁਣ ਪਹਿਲਾਂ ਵਾਂਗ ਡੇਰਿਆਂ ਨੇ ਸ਼ਰ੍ਹੇਆਮ ਕਿਸੇ ਵਿਸ਼ੇਸ਼ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਥਾਂ ਖਾਮੋਸ਼ ਰਹਿਣ ਦੀ ਨੀਤੀ ਅਪਣਾਈ ਹੋਈ ਹੈ। ਹਰ ਡੇਰੇ ਦਾ ਤਰਜਮਾਨ ਇਹੋ ਕਹਿੰਦਾ ਹੈ ਕਿ ਡੇਰਾ ਸਿਆਸਤ ਵਿਚ ਦਖ਼ਲ ਨਹੀਂ ਦਿੰਦਾ ਪਰ ਅਸਲੀਅਤ ਇਹ ਵੀ ਹੈ ਕਿ ਅੰਦਰਖਾਤੇ ਹਦਾਇਤਾਂ ਜ਼ਰੂਰ ਜਾਰੀ ਹੁੰਦੀਆਂ ਹਨ।

Be the first to comment

Leave a Reply

Your email address will not be published.