ਜਵਾਬ ਦੇਹੀ ਤੋਂ ਮੁਨਕਰ ਹੋਣਾ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ

ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਬੇਸ਼ੱਕ ਅੱਜ ਸਾਡਾ ਦੇਸ਼ ਆਬਾਦੀ ਪੱਖੋਂ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦਾ ਮਾਣ ਪ੍ਰਾਪਤ ਕਰਦਾ ਹੈ। ਜਿੱਥੇ ਇਹ ਖੁਸ਼ੀ ਵਾਲੀ ਗੱਲ ਹੈ, ਉਥੇ ਹੀ ਸਾਨੂੰ ਇਹ ਕਹਿਣ ‘ਚ ਵੀ ਸੰਕੋਚ ਨਹੀਂ ਕਿ ਪਿਛਲੇ ਕੁਝ ਸਮੇਂ ਤੋਂ ਬੇਕਾਬੂ ਹੋਏ ਫਿਰਕਾਪ੍ਰਸਤੀ ਦੇ ਜਨੂਨ ਨੇ ਜਿਸ ਪ੍ਰਕਾਰ ਕੌਮਾਂਤਰੀ ਪੱਧਰ ‘ਤੇ ਸਾਡੇ ਮੁਲਕ ਦੀ ਸਾਖ ਨੂੰ ਖੋਰਾ ਲਾਇਆ ਹੈ ਅਤੇ ਪੂਰੀ ਦੁਨੀਆਂ Ḕਚ ਅਸੀਂ ਦੇਸ਼ ਵਾਸੀ ਸ਼ਰਮਿੰਦਾ ਹੋਏ ਹਾਂ, ਉਸ ਦੀ ਨੇੜਲੇ ਇਤਿਹਾਸ ਵਿਚ ਮਿਸਾਲ ਨਹੀਂ ਮਿਲਦੀ।

ਜ਼ਿਕਰਯੋਗ ਹੈ ਕਿ ਲੋਕਤੰਤਰੀ ਪ੍ਰਣਾਲੀ ਦੀ ਇਹ ਇੱਕ ਖੂਬਸੂਰਤੀ ਹੀ ਕਹੀ ਜਾ ਸਕਦੀ ਹੈ ਕਿ ਅੰਤਿਮ ਰੂਪ ਵਿਚ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਹੁੰਦੀ ਹੈ, ਪਰ ਦੁਖਾਂਤ ਇਹ ਹੈ ਕਿ ਪਿਛਲੇ ਦਿਨੀਂ ਸੰਸਦ ਦੇ ਇਜਲਾਸਾਂ ਦੌਰਾਨ ਹਾਕਮ ਧਿਰ ਨੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਨਾ ਦੇ ਕੇ ਉਸ ਦੀ ਥਾਂ ਸਦਨ ਨੂੰ ਇਤਿਹਾਸਕ ਘਟਨਾਵਾਂ ਦਾ ਫਰਜ਼ੀ ਵਿਖਿਆਨ ਕਰਦਿਆਂ ਭੰਬਲਭੂਸੇ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਜਿਸ ਪ੍ਰਕਾਰ ਇੱਕ ਮਹਿਲਾ ਮੈਂਬਰ ਦੇ ਹਾਸੇ ਦਾ ਭਰੀ ਮਹਿਫਿਲ ‘ਚ ਮਜ਼ਾਕ ਉਡਾਇਆ ਗਿਆ, ਉਸ ਦੀ ਕੋਈ ਵੀ ਸਭਿਅਕ ਸਮਾਜ ਇਜਾਜ਼ਤ ਨਹੀਂ ਦਿੰਦਾ। ਇਹ ਸਭ ਕਿਸੇ ਵਿਅਕਤੀ ਵਿਸ਼ੇਸ਼ ਦਾ ਮਜ਼ਾਕ ਨਹੀਂ ਸਗੋਂ ਸਮੁੱਚੀ ਜਮਹੂਰੀਅਤ ਦਾ ਮਜ਼ਾਕ ਹੈ।
ਉਕਤ ਘਟਨਾਵਾਂ ‘ਤੇ ਜਿੱਥੇ ਸਿਆਸੀ ਮਾਹਰਾਂ ਨੇ ਚਿੰਤਾ ਪ੍ਰਗਟਾਈ ਹੈ, ਉਥੇ ਦੇਸ਼ ਦੀ ਜਨਤਾ ਨੂੰ ਵੀ ਡਾਢੇ ਦੁੱਖ ਅਤੇ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਜਨਤਾ ਤਾਂ ਆਪਣੇ ਮੈਂਬਰਾਂ ਨੂੰ ਇਹ ਸੋਚ ਕੇ ਸੰਸਦ Ḕਚ ਭੇਜਦੀ ਹੈ ਕਿ ਉਹ ਉਨ੍ਹਾਂ ਦੇ ਰੋਜ਼ਾਨਾ ਜੀਵਨ Ḕਚ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਸਦਨ ਵਿਚ ਉਠਾ ਕੇ ਉਨ੍ਹਾਂ ਦਾ ਸਰਕਾਰ ਪਾਸੋਂ ਕੋਈ ਹੱਲ ਕਰਵਾਉਣਗੇ ਪਰ ਜੇ ਉਨ੍ਹਾਂ ਦੇ ਚੁਣੇ ਮੈਂਬਰਾਂ ਦੁਆਰਾ ਜਾਂ ਵਿਰੋਧੀ ਧਿਰ ਰਾਹੀਂ ਉਠਾਏ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਹਕੂਮਤ ਦੀ ਪ੍ਰਤੀਨਿਧਤਾ ਕਰਨ ਵਾਲੇ ਸੰਸਦ ਨੂੰ ਭੰਬਲਭੂਸੇ ਵਿਚ ਪਾਉਣ ਜਾਂ ਗੁਮਰਾਹ ਕਰਨ ਦੀਆਂ ਕੋਝੀਆਂ ਤੇ ਹੋਛੀਆਂ ਹਰਕਤਾਂ ‘ਤੇ ਉਤਰ ਆਉਣ ਤਾਂ ਲੋਕਤੰਤਰੀ ਪ੍ਰਣਾਲੀ ਨਾਲ ਕਿਸ ਹੱਦ ਤੱਕ ਖਿਲਵਾੜ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਬਾਖੂਬੀ ਲਾਇਆ ਜਾ ਸਕਦਾ ਹੈ।
ਕਹਿਣ ਦਾ ਭਾਵ ਇਹ ਹੈ ਕਿ ਜਿਸ ਪ੍ਰਕਾਰ ਵਿਰੋਧੀ ਧਿਰ ਦੇ ਜਵਾਬ ਦੇਣ ਦੀ ਥਾਂ ਚੋਣ ਰੈਲੀਆਂ ਦੀ ਤਰਜ਼ ‘ਤੇ ਸਿਰਫ ਤੇ ਸਿਰਫ ਦੂਸ਼ਣਬਾਜ਼ੀ ਕਰ ਕੇ ਇਕ ਵਾਰ ਫਿਰ ਤੋਂ ਆਪਣੇ ਡੰਗ ਟਪਾਊ ਰਵੱਈਏ ਅਤੇ ਖੋਖਲੀ ਜ਼ਹਾਨਤ ਦਾ ਮੁਜਾਹਰਾ ਕੀਤਾ ਗਿਆ, ਉਹ ਲੋਕਤੰਤਰੀ ਪ੍ਰਣਾਲੀ ਲਈ ਕੋਈ ਵਧੀਆ ਪਿਰਤ ਨਹੀਂ ਹੈ। ਸੰਸਦ Ḕਚ ਵਾਪਰੀਆਂ ਉਕਤ ਘਟਨਾਵਾਂ ਨਾਲ ਜਿੱਥੇ ਲੋਕਤੰਤਰੀ ਪ੍ਰਣਾਲੀ ਵਿਚ ਲੋਕਾਂ ਪ੍ਰਤੀ ਜਵਾਬ ਦੇਹੀ ਦੇ ਮੁਢਲੇ ਅਧਿਕਾਰ ਦਾ ਹਨਨ ਹੋਇਆ ਹੈ, ਉਥੇ ਹੀ ਇਸਤਰੀ ਜਾਤੀ ਦਾ ਅਪਮਾਨ ਵੀ ਹੋਇਆ ਹੈ, ਜਿਸ ਦੇ ਚਲਦਿਆਂ ਪੂਰੀ ਦੁਨੀਆਂ Ḕਚ ਦੇਸ਼ ਦੀ ਸਾਖ ਨੂੰ ਚੋਟ ਲੱਗੀ ਹੈ।
ਅੱਜ ਕਲ੍ਹ ਉਕਤ ਬੈਠਕਾਂ ਵਿਚ ਜੋ ਕੁਝ ਵੇਖਣ ਨੂੰ ਮਿਲ ਰਿਹਾ ਹੈ, ਜਿਸ ਤਰ੍ਹਾਂ ਅਦਨੇ ਤੋਂ ਅਦਨਾ ਅਤੇ ਆਹਲੇ ਤੋਂ ਆਹਲਾ ਰਹਿਨੁਮਾ ਅਸਭਿਅਕ ਤੇ ਬਾਜ਼ਾਰੂ ਕਿਸਮ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ, ਉਸ ਨੂੰ ਕਦੀ ਵੀ ਦਰੁਸਤ ਨਹੀਂ ਕਿਹਾ ਜਾ ਸਕਦਾ। ਸਾਡਾ ਭਾਵੇਂ ਕਿਸੇ ਨਾਲ ਕਿੰਨਾ ਹੀ ਵਿਰੋਧ ਕਿਉਂ ਨਾ ਹੋਵੇ, ਵਿਚਾਰਾਂ ਦਾ ਭਾਵੇਂ ਕਿੰਨਾ ਹੀ ਮਤਭੇਦ ਕਿਉਂ ਨਾ ਹੋਵੇ, ਪਰ ਕਿਸੇ ਦੀ ਆਲੋਚਨਾ ਕਰਦਿਆਂ ਸਾਡੇ ਅਲਫਾਜ਼ ਵਿਆਕਰਣ ਦੇ ਅਨੁਕੂਲ ਹੋਣੇ ਚਾਹੀਦੇ ਹਨ।
ਚਾਹੀਦਾ ਤਾਂ ਇਹ ਸੀ ਕਿ ਲੋਕਤੰਤਰ ਦੇ ਮੰਦਿਰ ਵਿਚ ਰੁਜ਼ਗਾਰ ਪ੍ਰਾਪਤੀ ਲਈ ਜੂਝ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਿਸੇ ਪਾਸੇ ਰੋਜ਼ਗਾਰ ਦੇਣ ਦੀ ਸਾਕਾਰਾਤਮਕ ਚਰਚਾ ਹੁੰਦੀ, ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਹਕੀਕੀ ਉਪਰਾਲਾ ਹੁੰਦਾ ਜਾਂ ਮੁਲਕ ਨੂੰ ਦਰਪੇਸ਼ ਗੁਆਂਢੀ ਦੇਸ਼ਾਂ ਨਾਲ ਪੇਚੀਦਾ ਮਸਲਿਆਂ ਦੇ ਹੱਲ ਲਈ ਕੋਈ ਠੋਸ ਗੱਲ ਹੁੰਦੀ, ਜਾਂ ਦੇਸ਼ Ḕਚ ਵੱਧ ਰਹੀਆਂ ਫਿਰਕਾਪ੍ਰਸਤੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਦੀਆਂ ਕਾਰਵਾਈਆਂ ਆਦਿ ਜਿਹੇ ਵਿਸ਼ਿਆਂ ‘ਤੇ ਖੁੱਲ੍ਹੇ ਦਿਮਾਗ ਨਾਲ ਗੱਲ ਹੁੰਦੀ ਤਾਂ ਯਕੀਨਨ ਇਸ ਦੇ ਫਲਸਰੂਪ ਦੇਸ਼ ਅੰਦਰ ਅੱਜ ਇਨਕਲਾਬੀ ਤਬਦੀਲੀਆਂ ਵੇਖਣ ਨੂੰ ਮਿਲਦੀਆਂ। ਪਰ ਉਕਤ ਮੁੱਦਿਆਂ ‘ਤੇ ਵਾਰਤਾਲਾਪ ਜਾਂ ਬਹਿਸ ਦਾ ਨਾ ਹੋਣਾ ਸਾਡੀ ਲੋਕਰਾਜੀ ਵਿਵਸਥਾ ਨੂੰ ਲਗਾਤਾਰ ਅਸਮਰਥ ਅਤੇ ਕਮਜ਼ੋਰ ਕਰਦਾ ਜਾਪਦਾ ਹੈ।
ਜੇ ਗੰਭੀਰਤਾ ਨਾਲ ਵਾਚੀਏ ਤਾਂ ਪਿਛਲੇ ਕੁਝ ਸਾਲਾਂ ਤੋਂ ਸੰਸਦ ਦੀਆਂ ਕਦਰਾਂ-ਕੀਮਤਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀਆਂ ਜਿਸ ਪ੍ਰਕਾਰ ਸੱæਰੇਆਮ ਧੱਜੀਆਂ ਉਡ ਰਹੀਆਂ ਹਨ ਅਤੇ ਦੋਹਾਂ ਸਦਨਾਂ ਵਿਚ ਲੋਕ-ਹਿਤ ਮੁੱਦਿਆਂ ‘ਤੇ ਸੁਚਾਰੂ ਬਹਿਸ ਦੀ ਥਾਂ ਆਲੋਚਨਾ-ਦਰ-ਆਲੋਚਨਾ ਦੀ ਨੀਤੀ ਉਤੇ ਲਗਾਤਾਰ ਅਮਲ ਹੋ ਰਿਹਾ ਹੈ, ਉਸ ਨਾਲ ਦੇਸ਼ ਦਾ ਭਾਰੀ ਨੁਕਸਾਨ ਤਾਂ ਹੋ ਹੀ ਰਿਹਾ ਹੈ, ਟੈਕਸਾਂ ਦੇ ਰੂਪ ਵਿਚ ਲੋਕਾਂ ਵਲੋਂ ਦਿੱਤੀ ਖੂਨ-ਪਸੀਨੇ ਦੀ ਕਮਾਈ ਵੀ ਅਜਾਈਂ ਜਾ ਰਹੀ ਹੈ।
ਕੁਝ ਸਾਲ ਪਹਿਲਾਂ ਜਿਨ੍ਹਾਂ ਢੇਰ ਚਾਅਵਾਂ ਅਤੇ ਉਮੀਦਾਂ ਨਾਲ ਲੋਕਾਂ ਨੇ ਨਵੇਂ ਹਾਕਮਾਂ ਦੇ ਹੱਥ Ḕਚ ਦੇਸ਼ ਦੀ ਵਾਗਡੋਰ ਸੌਂਪੀ ਸੀ, ਅੱਜ ਉਹੀ ਲੋਕ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਇਸ ਸਮੇਂ ਉਨ੍ਹਾਂ ਦੀਆਂ ਸਭ ਉਮੀਦਾਂ ਤੇ ਸੱਧਰਾਂ ਇੱਕ ਇੱਕ ਕਰਕੇ ਢਹਿ ਢੇਰੀ ਹੋ ਰਹੀਆਂ ਹਨ ਕਿਉਂਕਿ ਚੋਣ ਰੈਲੀਆਂ ਦੌਰਾਨ ਦੇਸ਼ ਦੇ ਆਵਾਮ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ‘ਚੋਂ ਇਕ ਵੀ ਵਾਅਦਾ ਹਾਲੇ ਤੱਕ ਵਫਾ ਹੁੰਦਾ ਵਿਖਾਈ ਨਹੀਂ ਦੇ ਰਿਹਾ। ਸ਼ਾਇਰ ਰਮਜ਼ਾਨ ਸਈਦ ਨੇ ਕਿਆ ਖੂਬ ਕਿਹਾ ਹੈ:
ਉਸਕੇ ਵਾਅਦੇ ਲਾਲ ਕਿਲ੍ਹੇ ਕੀ ਦੀਵਾਰੋਂ ਸੇ ਊਂਚੇ ਥੇ,
ਅਬ ਪੂਛੋ ਤੋ ਆਂਏਂ, ਬਾਂਏਂ, ਸ਼ਾਂਏਂ ਕਰਨੇ ਲਗਤਾ ਹੈ।
ਇਹੋ ਕਹਾਂਗਾ ਕਿ ਸਾਨੂੰ ਕਿਸੇ ਵੀ ਭੁਲੇਖੇ ਤੇ ਘੁਮੰਡ ਵਿਚ ਨਹੀਂ ਰਹਿਣਾ ਚਾਹੀਦਾ। ਕੋਈ ਵੀ ਜਿੱਤ ਹਮੇਸ਼ਾ ਲਈ ਨਹੀਂ ਹੁੰਦੀ ਅਤੇ ਨਾ ਹੀ ਕੋਈ ਹਾਰ ਸਦੀਵੀ ਹੋਇਆ ਕਰਦੀ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਲੋਕਤੰਤਰ ਵਿਚ ਅਸਲ ਤਾਕਤ ਲੋਕਾਂ ਪਾਸ ਹੁੰਦੀ ਹੈ, ਲੋਕ ਜਿਸ ਨੂੰ ਚਾਹੁਣ, ਰਾਜਾ ਬਣਾ ਦੇਣ ਅਤੇ ਜਿਸ ਨੂੰ ਚਾਹੁਣ ਅਰਸ਼ੋਂ ਲਾਹ ਕੇ ਫਰਸ਼ ‘ਤੇ ਲੈ ਆਉਣ।
ਅੱਜ ਅਸੀਂ ਜੋ ਬੀਜ ਰਹੇ ਹਾਂ, ਸਾਨੂੰ ਉਹੋ ਕੱਲ ਨੂੰ ਵੱਢਣਾ ਪੈਣਾ ਹੈ। ਜੇ ਅਸੀਂ ਨਫਰਤ ਬੀਜ ਕੇ ਕੱਲ ਨੂੰ ਪਿਆਰ-ਮੁੱਹਬਤ ਦੀ ਫਸਲ ਵੱਢਣ ਦੀ ਇੱਛਾ ਰੱਖੀਏ ਤਾਂ ਇਹ ਸਾਡੀ ਮੂਰਖਤਾ ਹੀ ਸਮਝੀ ਜਾਵੇਗੀ। ਇਹ ਵੀ ਇੱਕ ਹਕੀਕਤ ਹੈ ਕਿ ਬਾਰੂਦ ਦਾ ਵਪਾਰ ਕਰਨ ਵਾਲੇ ਅਕਸਰ ਆਪਣਾ ਘਰ-ਬਾਰ ਤਾਂ ਜਲਾ ਹੀ ਬਹਿੰਦੇ ਹਨ, ਨਾਲ ਹੀ ਕਈ ਵਾਰ ਉਸ ਦੀ ਲਪੇਟ Ḕਚ ਆ ਕੇ ਖੁਦ ਵੀ ਛਲਣੀ ਹੋ ਬਹਿੰਦੇ ਹਨ।