ਬੰਬੇਲੀ ਵਾਲਾ ਹਰਜੀਤ ਸਿੰਘ ਸੱਜਣ ਕੈਨੇਡੀਅਨ

ਦਲਜੀਤ ਅਮੀ
ਪੰਤਾਲੀ ਸਾਲਾ ਹਰਜੀਤ ਸਿੰਘ ਸੱਜਣ ਕੈਨੇਡਾ ਦੇ 42ਵੇਂ ਰੱਖਿਆ ਮੰਤਰੀ ਹਨ। ਇਸ ਅਹੁਦੇ ਤੱਕ ਉਨ੍ਹਾਂ ਦਾ ਸਫਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਦੀ ਕਿਸਾਨੀ ਤੋਂ ਵੈਨਕੂਵਰ ਦੀ ਖੇਤ ਮਜ਼ਦੂਰੀ ਰਾਹੀਂ ਪੁਲਿਸ ਦੀ ਨੌਕਰੀ ਅਤੇ ਨਾਟੋ ਫੌਜਾਂ ਦੀਆਂ ਫੌਜੀ ਮੁਹਿੰਮਾਂ ਦੇ ਤਜਰਬੇ ਵਿਚੋਂ ਨਿਕਲ ਕੇ ਮੁਕੰਮਲ ਹੋਇਆ ਹੈ। ਲਿਬਰਲ ਪਾਰਟੀ ਦੀ ਟਿਕਟ ਉਤੇ ਦੱਖਣੀ ਵੈਨਕੂਵਰ ਤੋਂ ਜਿੱਤ ਕੇ ਉਹ ਜਸਟਿਨ ਟਰੂਡੋ ਦੀ ਸਰਕਾਰ ਵਿਚ ਰੱਖਿਆ ਮੰਤਰੀ ਬਣੇ ਹਨ।

ਬੰਬੇਲੀ ਵਿਚ ਨੰਗੇ ਪੈਰਾਂ ਵਾਲੇ ਬਚਪਨ ਦੀਆਂ ਯਾਦਾਂ ਸੰਭਾਲਣ ਵਾਲੇ ਹਰਜੀਤ ਸੱਜਣ ਨੂੰ ਸਿਰ ਉਤੇ ਪੱਠਿਆਂ ਦੀ ਪੰਡ ਚੁੱਕੀ ਜਾਂਦੀ ਆਪਣੀ ਦਾਦੀ ਦਾ ਅਕਸ ਅਭੁੱਲ ਜਾਪਦਾ ਹੈ। ਵੈਨਕੂਵਰ ਵਿਚ ਹਰਜੀਤ ਸੱਜਣ ਦੇ ਮਾਪਿਆਂ ਨੇ ਖੇਤਾਂ ਵਿਚ ਚੁਗਾਵਿਆਂ ਵਜੋਂ ਕੰਮ ਕਰ ਕੇ ਆਪਣੇ ਬੱਚਿਆਂ ਨੂੰ ਪਾਲਿਆ ਅਤੇ ਪੜ੍ਹਾਇਆ। ਉਨ੍ਹਾਂ ਮੰਤਰੀ ਬਣਨ ਤੋਂ ਬਾਅਦ ਮੈਕਲੀਅਨ ਨਾਮ ਦੀ ਵੈਬਸਾਈਟ ਨੂੰ ਦੱਸਿਆ ਸੀ, “ਅਸੀਂ ਖੇਤੀ ਵਾਲਾ ਪਰਿਵਾਰ ਸਾਂ ਅਤੇ ਮੇਰੀ ਬੇਬੇ ਪੱਠਿਆਂ ਦੀ ਭਰੀ ਸਿਰ ਉਤੇ ਚੁੱਕ ਕੇ ਲਿਆਉਂਦੀ ਸੀ। ਸਾਡੇ ਤਿੰਨ ਢੱਗੇ ਸਨ ਅਤੇ ਇਕ ਸੁਸਤ ਜਿਹਾ ਢੱਗਾ ਮੇਰੇ ਪਿੱਛੇ ਪਿੱਛੇ ਫਿਰਦਾ ਰਹਿੰਦਾ ਸੀ।”
ਪੰਜ ਸਾਲਾਂ ਦੀ ਉਮਰ ਵਿਚ ਹਰਜੀਤ ਸਿੰਘ ਸੱਜਣ ਆਪਣੀ ਮਾਂ ਅਤੇ ਭੈਣਾਂ ਸਮੇਤ ਪਿਓ ਕੋਲ ਵੈਨਕੂਵਰ ਪੁੱਜ ਗਿਆ। ਖੁੱਲ੍ਹੇ ਖੇਤਾਂ ਵਿਚ ਘੁੰਮਣ ਵਾਲੇ ਹਰਜੀਤ ਨੂੰ ਜ਼ਿਆਦਾਤਰ ਘਰ ਅੰਦਰ ਰਹਿਣਾ ਪੈਂਦਾ ਸੀ, ਪਰ ਉਹ ਨਵੇਂ ਮੁਲਕ ਦੇ ਮਾਹੌਲ ਵਿਚ ਜਲਦੀ ਹੀ ਰਚ-ਮਿਚ ਗਿਆ। ਉਸ ਦੌਰ ਵਿਚ ਤੀਜੀ ਦੁਨੀਆਂ ਦੇ ਕੈਨੇਡਾ ਆਏ ਨੌਜਵਾਨਾਂ ਦੀ ਖਿੱਚ ਦਾ ਸਬੱਬ ਗੁੰਡਾ-ਢਾਣੀਆਂ (ਗੈਂਗਜ਼) ਬਣੀਆਂ ਹੋਈਆਂ ਸਨ, ਪਰ ਹਰਜੀਤ ਆਪਣੇ ਰਾਹ ਬਾਬਤ ਦੱਸਦਾ ਹੈ, “ਨਸਲੀ ਵਿਤਕਰਾ ਹੁੰਦਾ ਸੀ, ਪਰ ਸਾਡੀ ਜੋਟੀ ਨੂੰ ਗੁੰਡਾਗਰਦੀ ਨਾਪਸੰਦ ਸੀ।” ਇਸੇ ਦੌਰਾਨ ਉਸ ਦੀ ਬਿਰਤੀ ਧਾਰਮਿਕ ਹੋ ਗਈ, “ਮੈਨੂੰ ਸ਼ਰਾਬ ਅਤੇ ਮਾੜੀਆਂ ਬਿਰਤੀਆਂ ਤੋਂ ਬਚਣ ਲਈ ਆਸਰਾ ਦਰਕਾਰ ਸੀ।”
ਹਰਜੀਤ ਨੇ ਜਦੋਂ ਵਾਲ ਰੱਖਣ ਅਤੇ ਪੱਗ ਬੰਨ੍ਹਣ ਦਾ ਫੈਸਲਾ ਕੀਤਾ ਤਾਂ ਉਸ ਨੂੰ ਸਲਾਹ ਦਿੱਤੀ ਗਈ ਕਿ ਇਸ ਤਰ੍ਹਾਂ ਉਹ ਜ਼ਿਆਦਾ ਨਜ਼ਰਾਂ ਵਿਚ ਰਹੇਗਾ ਅਤੇ ਇਸ਼ਕਮਿਜ਼ਾਜੀ ਮੁਸ਼ਕਿਲ ਹੋਵੇਗੀ, ਪਰ ਹੁਣ ਉਹ ਯਾਦ ਕਰਦੇ ਹਨ, “ਇਸ ਮਾਮਲੇ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਮੈਨੂੰ ਭਰੋਸਾ ਸੀ ਕਿ ਲੋਕ ਸਵੈ-ਭਰੋਸੇ ਦੇ ਕਾਇਲ ਹੁੰਦੇ ਹਨ।”
ਇਸ ਤੋਂ ਬਾਅਦ ਹਰਜੀਤ ਸਿੰਘ ਸੱਜਣ ਫੌਜੀ ਪਾਇਲਟ ਬਣਨ ਦੇ ਇਰਾਦੇ ਨਾਲ ਰਿਜ਼ਰਵ ਫੌਜ ਵਿਚ ਭਰਤੀ ਹੋ ਗਏ। ਸਿਖਲਾਈ ਦੌਰਾਨ ਉਸ ਨੇ ਬਾਕੀਆਂ ਤੋਂ ਵੱਧ ਰਗੜਾ ਬਰਦਾਸ਼ਤ ਕੀਤਾ, “ਉਸ ਵੇਲੇ ਕੈਨੇਡੀਅਨ ਫੌਜ ਵਿਚ ਨਸਲੀ ਵਿਤਕਰਾ ਹੁੰਦਾ ਸੀ। ਉਹ ਨਸਲੀ ਵੰਨ-ਸੁਵੰਨਤਾ ਦੇ ਪ੍ਰਵਾਨ ਹੋਣ ਤੋਂ ਪਹਿਲਾਂ ਤਬਦੀਲੀ ਦਾ ਦੌਰ ਸੀ।” ਇਸ ਰਗੜੇ ਦੇ ਸਤਾਏ ਹਰਜੀਤ ਨੇ ਫੌਜ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਬਾਪੂ ਨਾਲ ਗੱਲ ਤੋਰੀ। ਉਸ ਨੂੰ ਬਾਪੂ ਦੀ ਸਲਾਹ ਹੁਣ ਵੀ ਯਾਦ ਹੈ, “ਆ ਜਾਹ ਘਰ, ਪਰ ਯਾਦ ਰੱਖੀਂ ਕਿ ਪੱਗ ਬੰਨ੍ਹਣ ਵਾਲਾ ਹਰ ਜਣਾ ਜਾਂ ਹਰ ਦੂਜਾ ਜੀਅ ਘੱਟ-ਗਿਣਤੀਆਂ ਵਿਚ ਸ਼ੁਮਾਰ ਹੈ। ਤੇਰੇ ਮੁੜ ਆਉਣ ਨਾਲ ਸਾਰਿਆਂ ਉਤੇ ਨਾਕਾਮਯਾਬੀ ਦਾ ਦਾਗ ਲੱਗ ਜਾਣੈ।”
ਪੁਲਿਸ ਵਿਚ ਹਰਜੀਤ ਨੂੰ ਦੱਖਣੀ-ਵੈਨਕੂਵਰ ਦੀਆਂ ਗੁੰਡਾ-ਢਾਣੀਆਂ ਉਤੇ ਜਾਸੂਸੀ ਲਈ ਤਾਇਨਾਤ ਕੀਤਾ ਗਿਆ। ਜੂਨੀਅਰ ਕੈਪਟਨ ਵਜੋਂ ਨਾਟੋ ਫੌਜਾਂ ਦੀ ਬੋਸਨੀਆ ਮੁਹਿੰਮ ਵਿਚ ਸ਼ਾਮਿਲ ਹੋਣਾ ਉਸ ਲਈ ਵੱਡਾ ਮੌਕਾ ਸੀ। ਇਸ ਮੁਹਿੰਮ ਦੌਰਾਨ ਉਸ ਦੀ ਜ਼ਿੰਦਗੀ ਦਾ ਤਜਰਬਾ ਕਸਬੀ ਹੁਨਰ ਬਣ ਗਿਆ। ਉਹ ਦੱਸਦੇ ਹਨ, “ਮੈਂ ਸਰਬ ਬਰਾਦਰੀ ਨਾਲ ਸਾਂਝ ਬਣਾਈ। ਸਰਬਾਂ ਦੀਆਂ ਕਰਤੂਤਾਂ ਕਾਰਨ ਉਹ ਸਭ ਦੀਆਂ ਨਜ਼ਰਾਂ ਵਿਚ ਸ਼ੈਤਾਨ ਸਨ। ਪਿੰਡਾਂ ਵਿਚ ਲੋਕਾਂ ਨਾਲ ਗੱਲਾਂ ਕਰ ਕੇ ਲੱਗਦਾ ਸੀ ਕਿ ਉਨ੍ਹਾਂ ਦੀਆਂ ਵੀ ਬਾਕੀਆਂ ਵਰਗੀਆਂ ਪਰਿਵਾਰਕ ਜ਼ਿੰਦਗੀਆਂ ਸਨ।” ਇਸ ਮੁਹਿੰਮ ਤੋਂ ਬਾਅਦ ਹਰਜੀਤ ਕੁਲ-ਵਕਤੀ ਫੌਜੀ ਨੌਕਰੀ ਦੀ ਥਾਂ ਪੁਲਿਸ ਮਹਿਕਮੇ ਵਿਚ ਭਰਤੀ ਹੋਇਆ। ਨਸ਼ਿਆਂ ਦੇ ਵਪਾਰ ਨਾਲ ਜੁੜੀਆਂ ਢਾਣੀਆਂ ਬਾਬਤ ਮੁਹਾਰਤ ਵਾਲਾ ਜਾਸੂਸ ਬਣਿਆ। ਉਸ ਦੇ ਕਈ ਜਾਣੂ ਅਤੇ ਜਮਾਤੀ ਦੂਜੀ ਧਿਰ ਵਿਚ ਸਨ। ਇਨ੍ਹਾਂ ਢਾਣੀਆਂ ਦੀ ਘੇਰਾਬੰਦੀ ਲਈ ਉਸ ਨੇ ਕਿਰਾਏ ਉਤੇ ਮਕਾਨ ਦੇਣ ਵਾਲੇ ਮਾਲਕਾਂ, ਮਾਪਿਆਂ ਅਤੇ ਪਾਂਡੀਆਂ ਦੁਆਲੇ ਆਪਣਾ ਮੁਖਬਰ ਘੇਰਾ ਬਣਾਇਆ। ਇਹ ਤਜਰਬਾ ਉਸ ਨੇ ਨਾਟੋ ਦੀਆਂ ਅਗਲੀਆਂ ਮੁਹਿੰਮਾਂ ਵਿਚ ਅਫਗਾਨਿਸਤਾਨ ਵਿਚ ਲਾਗੂ ਕੀਤਾ।
ਹਰਜੀਤ ਨੂੰ ਕੰਧਾਰ ਸੂਬੇ ਵਿਚ ਮੁਕਾਮੀ ਸਮਾਜ ਅੰਦਰ ਮੁਖਬਰ ਢਾਂਚਾ ਉਸਾਰਨ ਵਿਚ ਕਾਮਯਾਬੀ ਮਿਲੀ, ਕਿਉਂਕਿ ਉਹ ਮੁਕਾਮੀ ਬੋਲੀ ਦੇ ਪੰਜਾਬੀ ਨਾਲ ਮਿਲਦੀ-ਜੁਲਦੀ ਹੋਣ ਕਾਰਨ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਸਨ। ਉਨ੍ਹਾਂ ਨੂੰ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜਰ ਨੇ ‘ਸਮੁੱਚੇ ਜੰਗੀ ਮੁਹਾਜ ਉਤੇ ਕੈਨੇਡੀਅਨ ਖੁਫੀਆ ਤੰਤਰ ਦਾ ਬਿਹਤਰੀਨ ਸਰੋਤ’ ਕਰਾਰ ਦਿੱਤਾ। ਦੋ ਮੁਹਿੰਮਾਂ ਤੋਂ ਬਾਅਦ ਉਸ ਨੇ ਪੁਲਿਸ ਵਿਚੋਂ ਅਸਤੀਫਾ ਦੇ ਦਿੱਤਾ ਅਤੇ ਅਮਰੀਕੀ ਮੇਜਰ ਜਰਨਲ ਜੇਮਸ ਟੈਰੀ ਦੇ ਵਿਸ਼ੇਸ਼ ਸਹਾਇਕ ਵਜੋਂ ਅਫਗਾਨਿਸਤਾਨ ਗਿਆ।
ਜਦੋਂ ਜਸਟਿਨ ਟਰੂਡੋ ਦੀ ਹਮਾਇਤ ਨਾਲ ਹਰਜੀਤ ਦੱਖਣੀ ਵੈਨਕੂਵਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਦੀ ਦੌੜ ਵਿਚ ਸ਼ਾਮਿਲ ਹੋਇਆ ਤਾਂ ਨਵੀਂ ਬਹਿਸ ਸ਼ੁਰੂ ਹੋ ਗਈ। ਦਿੱਖ ਕਾਰਨ ਉਨ੍ਹਾਂ ਨੂੰ ਸਿੱਖ ਕੱਟੜਪੰਥੀਆਂ ਦੀ ਹਮਾਇਤ ਹਾਸਿਲ ਹੋਈ ਅਤੇ ਇਸ ਸਿਆਸਤ ਨਾਲ ਜੁੜੇ ਸੁਆਲ ਉਨ੍ਹਾਂ ਨੂੰ ਕੀਤੇ ਗਏ। ਉਨ੍ਹਾਂ ਦੇ ਮੁਕਾਬਲੇ ਸਾਬਕਾ ਮੈਂਬਰ ਪਾਰਲੀਮੈਂਟ ਬਰਜ ਢਾਹਾਂ ਸਨ ਜਿਨ੍ਹਾਂ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ। ਹਰਜੀਤ ਸੱਜਣ ਦੇ ਹਵਾਲੇ ਨਾਲ ਸਿੱਖ ਬਰਾਦਰੀ ਦੀ ਧੜੇਬੰਦੀ ਸਾਹਮਣੇ ਆਈ, ਪਰ ਉਨ੍ਹਾਂ ਦਾ ਦਾਅਵਾ ਹੈ, “ਮੈਂ ਆਪਣੀ ਬਰਾਦਰੀ ਨੂੰ ਜਾਣਦਾ ਸਾਂ ਅਤੇ ਇਸੇ ਕਾਰਨ ਵੱਖ ਵੱਖ ਧੜਿਆਂ ਵਿਚ ਮੇਰੇ ਨਾਮ ਉਤੇ ਏਕਾ ਹੋਇਆ।”
ਹਰਜੀਤ ਨੇ ਆਪਣੇ ਜਾਸੂਸੀ ਜੀਵਨ ਦੌਰਾਨ ਇਕ ਪਾਸੇ ਮੁਕਾਮੀ ਸਭਿਆਚਾਰ ਅਤੇ ਰੀਤ-ਰਿਵਾਜ ਨੂੰ ਇਸਤੇਮਾਲ ਕੀਤਾ ਅਤੇ ਦੂਜੇ ਪਾਸੇ ਖੋਜਾਰਥੀਆਂ ਨਾਲ ਵੀ ਰਾਬਤਾ ਕਾਇਮ ਰੱਖਿਆ। ਕਈ ਕਿਤਾਬਾਂ ਲਿਖਣ ਵਾਲੇ ਅਮਰੀਕੀ ਮਾਹਿਰ ਬਰਨਟ ਰੂਬਿਨ ਨਾਲ ਹਰਜੀਤ ਸੱਜਣ ਦਾ ਪੁਰਾਣਾ ਰਾਬਤਾ ਹੈ। ਰੂਬਿਨ ਨੇ ਇਕ ਇੰਟਰਵਿਊ ਵਿਚ ਦੱਸਿਆ, “ਹਰਜੀਤ ਨੇ ਗੁੰਡਾ-ਢਾਣੀਆਂ ਨਾਲ ਮੁਕਾਬਲਾ ਕਰਦਿਆਂ ਵੈਨਕੂਵਰ ਦੀਆਂ ਗਲੀਆਂ ਵਿਚ ਹਾਸਿਲ ਕੀਤਾ ਹੁਨਰ ਤਾਲਿਬਾਨ ਖਿਲਾਫ ਲਾਗੂ ਕੀਤਾ।”
ਜਦੋਂ ਹਰਜੀਤ ਸੱਜਣ ਚੋਣ ਜਿੱਤ ਗਏ ਤਾਂ ਓਟਾਵਾ ਹਲਕੇ ਤੋਂ ਜਿੱਤੇ ਸਾਬਕਾ ਜਨਰਲ ਐਂਡਰਿਓ ਲੈਸਲੇ ਰੱਖਿਆ ਮੰਤਰੀ ਦੇ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਸਨ। ਹਰਜੀਤ ਸੱਜਣ ਨੇ ਬਰਨਟ ਰੂਬਿਨ ਤੋਂ ਆਪਣਾ ਅਕਸ ਉਘਾੜਨ ਲਈ ਮਦਦ ਮੰਗੀ। ਬਰਨਟ ਰੂਬਿਨ ਨੇ ਇਕ ਇੰਟਰਵਿਊ
ਵਿਚ ਕਿਹਾ ਹੈ, “ਮੈਂ ਜਾਣਦਾ ਹਾਂ ਕਿ ਹਰਜੀਤ ਬਹੁਤ ਖਵਾਇਸ਼ਮੰਦ ਹੈ, ਪਰ ਮੈਨੂੰ ਇਹ ਨਹੀਂ ਸੁਝਿਆ ਕਿ ਉਹ ਰੱਖਿਆ ਮੰਤਰੀ ਬਣ ਜਾਵੇਗਾ।”
ਰੱਖਿਆ ਮੰਤਰੀ ਬਣਨ ਤੋਂ ਬਾਅਦ ਹਰਜੀਤ ਸੱਜਣ ਨੇ ਸੀਰੀਆ ਦੇ ਪਨਾਹਗੀਰਾਂ ਬਾਬਤ ਲਗਾਤਾਰ ਬਿਆਨ ਦਿੱਤੇ। ਉਹ ਪੁਰਾਣੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਦਾ ਰਿਹਾ ਹੈ ਅਤੇ ਮੌਜੂਦਾ ਸਰਕਾਰ ਵਿਚ ਮੰਤਰੀ ਉਨ੍ਹਾਂ ਪ੍ਰਾਪਤੀਆਂ ਸਦਕਾ ਹੀ ਬਣਿਆ ਹੈ। ਨਵੀਂ ਸਰਕਾਰ ਦੀ ਸਮਝ ਪੁਰਾਣੀ ਸਰਕਾਰ ਤੋਂ ਵੱਖਰੀ ਹੈ, ਪਰ ਹਰਜੀਤ ਸੱਜਣ ਨੇ ਅਹਿਮ ਅਹੁਦਿਆਂ ਉਤੇ ਆਪਣੀ ਨਿਰੰਤਰਤਾ ਕਾਇਮ ਰੱਖੀ ਹੈ। ਇਸੇ ਦੌਰ ਵਿਚ ਕੈਨੇਡਾ ਨੇ ਕਾਮਾਗਾਟਾ ਮਾਰੂ ਕਾਂਡ ਦੀ ਵਧੀਕੀ ਦੀ ਜ਼ਿੰਮੇਵਾਰੀ ਕਬੂਲਦਿਆਂ ਮੁਆਫੀ ਮੰਗੀ ਹੈ। ਹਰਜੀਤ ਸੱਜਣ ਕਾਮਾਗਾਟਾ ਮਾਰੂ ਕਾਂਡ ਲਈ ਕਸੂਰਵਾਰ ਬ੍ਰਿਟਿਸ਼ ਕੋਲੰਬੀਆ ਰੈਜਮੈਂਟ ਦਾ ਕਮਾਂਡਿੰਗ ਅਫਸਰ ਰਿਹਾ ਹੈ। ਹਰਜੀਤ ਨੇ ਗਲੋਬ ਐਂਡ ਮੇਲ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਸੀ, “ਸਾਡੀ ਰੈਜਮੈਂਟ ਉਸ ਦਿਨ ਨੂੰ ਕਾਲੇ ਦਿਵਸ ਵਜੋਂ ਯਾਦ ਕਰਦੀ ਹੈ।”
ਜਦੋਂ ਓਂਟਾਰੀਓ ਸੂਬੇ ਵਿਚ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿੱਤਾ ਗਿਆ ਤਾਂ ਹਰਜੀਤ ਸੱਜਣ ਦੇ ਭਾਰਤੀ ਦੌਰੇ ਦੌਰਾਨ ਬਹਿਸ ਮਘ ਗਈ। ਉਨ੍ਹਾਂ ਦਾ ਬਿਆਨ ਸੀæ ਬੀæ ਐਸ਼ ਨਿਊਜ਼ ਵਿਚ ਦਰਜ ਹੈ, “ਮੈਂ ਆਪਣੀ ਹਮਰੁਤਬਾ ਨੂੰ ਦੱਸਿਆ ਹੈ ਕਿ ਓਂਟਾਰੀਓ ਜਮਹੂਰੀ ਢੰਗ ਨਾਲ ਚੁਣੀ ਹੋਈ ਸੂਬਾ ਸਰਕਾਰ ਹੈ। ਓਂਟਾਰੀਓ ਦੀ ਸੂਬਾ ਲਿਬਰਲ ਪਾਰਟੀ ਹੀ ਫੈਡਰਲ ਲਿਬਰਲ ਪਾਰਟੀ ਨਹੀਂ ਹੈ।” ਇਸੇ ਤਰ੍ਹਾਂ ਜਦੋਂ ਉਨ੍ਹਾਂ ਨੂੰ ਖਾਲਿਸਤਾਨੀ ਕਰਾਰ ਦਿੱਤਾ ਜਾਂਦਾ ਹੈ ਤਾਂ ਐਸ਼ ਬੀæ ਐਸ਼ ਵਿਚ ਉਨ੍ਹਾਂ ਦਾ ਬਿਆਨ ਛਪਦਾ ਹੈ, “ਮੈਂ ਪੁਲਿਸ ਅਫਸਰ ਰਿਹਾ ਹਾਂ ਅਤੇ ਆਪਣੇ ਮੁਲਕ ਦੀ ਸੇਵਾ ਕੀਤੀ ਹੈ। ਮੇਰੇ ਖਿਲਾਫ ਅਜਿਹਾ ਇਲਜ਼ਾਮ ਬੇਹੂਦਗੀ ਤੋਂ ਘੱਟ ਨਹੀਂ ਹੈ ਅਤੇ ਮੈਂ ਇਸ ਨੂੰ ਹਮਲਾਵਰ ਮੰਨਦਾ ਹਾਂ।”
ਇਸ ਮੋੜ ਉਤੇ ਹਰਜੀਤ ਸੱਜਣ ਨੂੰ ਸਮਝਣ ਵਿਚ ਬਰਨਟ ਰੂਬਿਨ ਤੋਂ ਮਦਦ ਮਿਲ ਸਕਦੀ ਹੈ ਜੋ ਮਾਹਿਰ ਵਜੋਂ ਉਨ੍ਹਾਂ ਦੇ ਹੁਨਰ ਅਤੇ ਖਵਾਇਸ਼ਮੰਦੀ ਦੀ ਗਵਾਹੀ ਭਰਦਾ ਹੈ। ਨੌਮ ਚੌਮਸਕੀ ਅਤੇ ਮਾਈਕਲ ਐਲਬਰਟ ਦੇ ਬੋਸਨੀਆ ਬਾਬਤ ਲੇਖ (ਨਾਟੋ, ਮੀਡੀਆ ਅਤੇ ਝੂਠ) ਅਤੇ ਅਫਗਾਨਿਸਤਾਨ ਵਿਚ ਨਾਟੋ ਦੀਆਂ ਮੁਹਿੰਮਾਂ ਬਾਬਤ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੀਆਂ ਰਿਪੋਰਟਾਂ ਵੀ ਨਾਟੋ ਫੌਜਾਂ ਦੀਆਂ ਪ੍ਰਾਪਤੀਆਂ ਦੀ ਤਸਦੀਕ ਕਰਦੀਆਂ ਹਨ, ਪਰ ਮਾਅਨੇ ਪਲਟ ਦਿੰਦੀਆਂ ਹਨ। ਹਰਜੀਤ ਸੱਜਣ ਦਾ ਹਾਊਸ ਆਫ ਕਾਮਨਜ਼ ਵਿਚ ਦਿੱਤਾ ਬਿਆਨ ਸਰਕਾਰੀ ਵੈਬਸਾਈਟ ਉਤੇ ਦਰਜ ਹੈ, “ਅਸੀਂ ਇਹ ਯਕੀਨੀ ਬਣਾਉਣਾ ਹੈ ਕਿ ਜਦੋਂ ਕੈਨੇਡਾ ਦੇ ਮੁੰਡੇ-ਕੁੜੀਆਂ ਫੌਜੀ ਮੁਹਿੰਮਾਂ ਉਤੇ ਜਾਣ ਤਾਂ ਉਨ੍ਹਾਂ ਕੋਲ ਕਾਮਯਾਬੀ ਲਈ ਲੋੜੀਂਦੀ ਸਮਰੱਥਾ ਹੋਵੇ।” ਇਸ ਬਿਆਨ ਵਿਚ ਹੁਨਰ ਦੀ ਦਾਅਵੇਦਾਰੀ ਹੈ ਅਤੇ ਖਵਾਇਸ਼ਮੰਦੀ ਦਾ ਇਜ਼ਹਾਰ ਹੈ ਜੋ ਕੈਨੇਡਾ ਅਤੇ ਹਰਜੀਤ ਸੱਜਣ ਨੂੰ ਇਕ-ਮਿਕ ਕਰਦਾ ਜਾਪਦਾ ਹੈ। ਸ਼ਾਇਦ ਇਸੇ ਲਈ ਉਹ ਕੈਨੇਡਾ ਦੇ ਰੱਖਿਆ ਮੰਤਰੀ ਹਨ।
(ਬੀæ ਬੀæ ਸੀæ ਪੰਜਾਬੀ ਤੋਂ ਧੰਨਵਾਦ ਸਹਿਤ)