ਗੁਰੂ ਕੀਆਂ ਲਾਡਲੀਆਂ ਫੌਜਾਂ-ਨਿਹੰਗ ਸਿੰਘ

ਰਮੇਸ਼ ਬੱਗਾ ਚੋਹਲਾ
ਫੋਨ: 91-94631-32719
ਸਿੱਖ ਪੰਥ ਨਿਆਰਾ, ਪਿਆਰਾ ਅਤੇ ਦੀਨ-ਦੁਖੀਆਂ ਦਾ ਸਹਾਰਾ ਪੰਥ ਹੈ। ਇਸ ਨਿਰਮਲ ਪੰਥ ਦੇ ਸਿਰਜਣਹਾਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਲੋਕਾਈ ਨੂੰ ਬਦੀ ਨਾਲੋਂ ਤੋੜਨ, ਨੇਕੀ ਵੱਲ ਮੋੜਨ ਅਤੇ ਸੱਚ (ਪਰਮਾਤਮਾ) ਨਾਲ ਜੋੜਨ ਹਿੱਤ ਲਾਇਆ। ਗੁਰੂ ਸਾਹਿਬ ਦੀ ਇਸ ਲਾਗਤ ਨੇ ਸਿੱਖੀ (ਇੱਕ ਉਤਮ ਜੀਵਨ-ਜਾਚ) ਵਿਚ ਨਿਖਾਰ ਲਿਆਉਣ ਦੇ ਨਾਲ-ਨਾਲ ਇਸ ਦੇ ਪਸਾਰ ਵਿਚ ਵੀ ਅਹਿਮ ਯੋਗਦਾਨ ਪਾਇਆ। ਇਸ ਪੰਥ ਦੀ ਨਿਆਰੀ ਅਤੇ ਸਤਿਕਾਰੀ ਹੋਂਦ ਨੂੰ ਕਾਇਮ ਰੱਖਣ ਲਈ ਬਾਕੀ ਦੇ ਨੌਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਮ ਸੇਵਕਾਂ ਨੇ ਵੀ ਆਪੋ-ਆਪਣੇ ਸਮੇਂ ਵਿਚ ਭਰਵਾਂ ਤੇ ਸ਼ਲਾਘਾਯੋਗ ਹਿੱਸਾ ਪਾਇਆ ਹੈ।

1708 ਈæ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖਸ਼ ਕੇ ਜਿਥੇ ਪੰਥ ਨੂੰ ਸਦੀਵੀ ਤੌਰ ‘ਤੇ ਸ਼ਬਦ ਗੁਰੂ ਦੇ ਸਿਧਾਂਤ ਨਾਲ ਜੋੜ ਦਿੱਤਾ, ਉਥੇ ਇਸ ਦੀ ਚੜ੍ਹਦੀ ਕਲਾ ਲਈ (ਆਪਣੇ ਵਿਸ਼ੇਸ਼ ਥਾਪੜੇ ਨਾਲ) ਕੁਝ ਕੁ ਜਥੇਬੰਦੀਆਂ/ਸੰਪਰਦਾਵਾਂ ਦੀ ਸਥਾਪਨਾ ਵੀ ਕੀਤੀ, ਜਿਨ੍ਹਾਂ ਵਿਚੋਂ ਇੱਕ ਸਿਰਕੱਢਵੀਂ ਜਥੇਬੰਦੀ ਹੈ, ਨਿਹੰਗ ਸਿੰਘਾਂ ਦੀ। ਇਸ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਨਿਹੰਗ ਸਿੰਘ ਸਿੱਖ ਪੰਥ ਦਾ ਅਨਿੱਖੜ ਅਤੇ ਅਹਿਮ ਅੰਗ ਹਨ। ਬਾਣੀ ਅਤੇ ਬਾਣੇ ਨਾਲ ਜੁੜੇ ਹੋਣ ਕਰਕੇ ਇਨ੍ਹਾਂ ਦੀ ਇੱਕ ਵਿਲੱਖਣ ਪਛਾਣ ਹੈ। ਪੁਰਾਤਨ ਜੰਗੀ ਸਰੂਪ ਅਤੇ ਅਚਾਰ-ਵਿਹਾਰ ਨੂੰ ਸੰਭਾਲਣ ਵਿਚ ਨਿਹੰਗ ਸਿੰਘਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਨਿਹੰਗ ਸ਼ਬਦ ਫਾਰਸੀ ਭਾਸ਼ਾ ਵਿਚੋਂ ਲਿਆ ਗਿਆ ਹੈ ਜਿਸ ਦੇ ਅਰਥ ਹਨ-ਖੜਗ, ਤਲਵਾਰ, ਕਲਮ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ, ਜਿਸ ਨੂੰ ਮੌਤ ਦਾ ਭੈਅ ਨਾ ਹੋਵੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨਿਹੰਗ ਸਿੰਘਾਂ ਦੀ ਨਿਰਭੈਅਤਾ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਅੰਗ 392 ‘ਤੇ ਇਸ ਤਰ੍ਹਾਂ ਫੁਰਮਾਉਂਦੇ ਹਨ, “ਨਿਰਭਉ ਹੋਇਓ ਭਇਆ ਨਿਹੰਗਾ॥” ‘ਚੰਡੀ ਦੀ ਵਾਰḔ ਵਿਚ ਦਸਮ ਪਾਤਸ਼ਾਹ ਲਿਖਦੇ ਹਨ, “ਪਹਿਲਾਂ ਦਲਾਂ ਮਿਲੰਦਿਆਂ, ਭੇੜ ਪਿਆ ਨਿਹੰਗਾਂ॥”
ਪੰਥ ਪ੍ਰਸਿੱਧ ਲਿਖਾਰੀ ਭਾਈ ਰਤਨ ਸਿੰਘ ਭੰਗੂ ‘ਸ੍ਰੀ ਗੁਰ ਪੰਥ ਪ੍ਰਕਾਸ਼Ḕ ਵਿਚ ਨਿਹੰਗ ਸਿੰਘਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ, “ਨਿਹੰਗ ਕਹਾਵੈ ਸੋ ਪੁਰਸ਼, ਦੁਖ ਸੁਖ ਮੰਨੇ ਨਾ ਅੰਗ।” ‘ਮਹਾਨ ਕੋਸ਼Ḕ ਦੇ ਪੰਨਾ ਨੰਬਰ 704 ‘ਤੇ ਨਿਹੰਗ ਸਿੰਘਾਂ ਬਾਰੇ ਦਰਜ ਹੈ, “ਨਿਹੰਗ ਸਿੰਘ, ਸਿੰਘਾਂ ਦਾ ਇੱਕ ਫਿਰਕਾ ਹੈ, ਜੋ ਸੀਸ ‘ਪੁਰ ਫਰਹਰੇ ਵਾਲਾ ਦੁਮਾਲਾ, ਚੱਕ੍ਰ, ਤੋੜਾ, ਕਿਰਪਾਨ, ਖੰਡਾ, ਗਜਗਾਹ ਆਦਿ ਸ਼ਸਤਰ ਅਤੇ ਨੀਲਾ ਬਾਣਾ ਪਹਿਨਦਾ ਹੈ।”
ਪੰਥ ਦੀ ਸ਼ਸਤਰਧਾਰੀ ਧਿਰ ਨਿਹੰਗ ਸਿੰਘਾਂ ਨੂੰ ਅਕਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਇੱਕ ਅਕਾਲ (ਵਹਿਗੁਰੂ) ਦੇ ਪੁਜਾਰੀ ਹਨ ਅਤੇ ਅਕਾਲ-ਅਕਾਲ ਜਪਦੇ ਹਨ। ਇਨ੍ਹਾਂ ਦੇ ਵਿਲੱਖਣ ਸਰੂਪ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਪ੍ਰਚਲਿਤ ਹਨ। ‘ਮਾਲਵਾ ਇਤਿਹਾਸḔ ਦੇ ਪੰਨਾ 436 ਉਤੇ ਦਰਜ ਹੈ, “ਜਦੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਸਨ ਤਾਂ ਗੁਰੂ ਨਾਨਕ ਨਾਮ-ਲੇਵਾ ਸੰਗਤ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਗੁਰੂ-ਦਰਸ਼ਨਾਂ ਲਈ ਕਿਲ੍ਹੇ ਵੱਲ ਜਾਇਆ ਕਰਦੀ ਸੀ। ਬਾਬਾ ਬੁੱਢਾ ਜੀ ਨਿਸ਼ਾਨ ਸਾਹਿਬ ਲੈ ਕੇ ਸੰਗਤ ਦੇ ਅੱਗੇ-ਅੱਗੇ ਚੱਲਦੇ। ਬਾਬਾ ਜੀ ਦੀ ਇਸ ਪਿਆਰ ਅਤੇ ਦੀਦਾਰ ਭਾਵਨਾ ਤੋਂ ਖੁਸ਼ ਹੋ ਕੇ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਬਾਬਾ ਜੀ ਕੁਝ ਸਮਾਂ ਪਾ ਕੇ ਤੇਰਾ ਇਹ ਨਿਸ਼ਾਨਾਂ ਵਾਲਾ ਪੰਥ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰੇਗਾ।”
ਇੱਕ ਹੋਰ ਧਾਰਨਾ ਅਨੁਸਾਰ ਇਕ ਵਾਰ ਸਾਹਿਬਜ਼ਾਦਾ ਫਤਿਹ ਸਿੰਘ ਸੀਸ ‘ਤੇ ਦੁਮਾਲਾ ਸਜਾ ਕੇ ਕਲਗੀਧਰ ਪਾਤਸ਼ਾਹ ਦੇ ਸਨਮੁੱਖ ਹੋਏ ਜਿਸ ਨੂੰ ਦੇਖ ਕੇ ਗੁਰੂ ਸਾਹਿਬ ਨੇ ਫੁਰਮਾਇਆ ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ। ਇੱਕ ਵਿਚਾਰ ਅਨੁਸਾਰ ਦਸਮ ਪਾਤਸ਼ਾਹ ਨੇ ਮਾਛੀਵਾੜੇ ਤੋਂ (ਉਚ ਦਾ ਪੀਰ ਬਣ ਕੇ) ਚੱਲਣ ਸਮੇਂ ਜੋ ਨੀਲਾ ਬਾਣਾ ਧਾਰਨ ਕੀਤਾ ਸੀ, ਜਦੋਂ ਉਸ ਨੂੰ ਅੱਗ ਵਿਚ ਸਾੜਿਆ ਗਿਆ ਤਾਂ ਉਸ ਦੀ ਇੱਕ ਲੀਰ ਭਾਈ ਮਾਨ ਸਿੰਘ ਨੇ ਆਪਣੀ ਦਸਤਾਰ ਵਿਚ ਸਜਾ ਲਈ ਸੀ ਜਿਸ ਤੋਂ ਨਿਹੰਗ ਸਿੰਘਾਂ ਦੇ ਬਾਣੇ ਦੀ ਅਰੰਭਤਾ ਮੰਨੀ ਜਾਂਦੀ ਹੈ।
ਜਦੋਂ ਮੁਗਲਾਂ ਨੇ ਖਾਲਸਾ ਪੰਥ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦਾ ਅਤਿਆਚਾਰੀ ਹੀਲਾ-ਵਸੀਲਾ ਵਰਤਣਾ ਸ਼ੁਰੂ ਕੀਤਾ ਤਾਂ ਉਸ ਸੰਕਟਕਾਲ ਦਾ ਟਾਕਰਾ ਕਰਨ ਲਈ ਖਾਲਸਾ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਲੱਗਾ। ਇਸ ਟਾਕਰੇ ਲਈ ਖਾਲਸੇ ਨੇ ਵੱਧ ਤੋਂ ਵੱਧ ਸ਼ਸਤਰ ਰੱਖਣ ਦੇ ਨਾਲ-ਨਾਲ ਆਪਣੀ ਵੱਖਰੀ ਵਰਦੀ ਵੀ ਧਾਰਨ ਕਰ ਲਈ ਜਿਸ ਵਿਚ ਨੀਲੇ ਰੰਗ ਦਾ ਲੰਮਾ ਚੋਲਾ, ਲੱਕ ਨੂੰ ਕਮਰਕੱਸਾ, ਗੋਡਿਆਂ ਤੱਕ ਕਛਹਿਰਾ, ਸਿਰ ‘ਤੇ ਉਚੀ ਦਸਤਾਰ ਤੇ ਉਸ ਦੁਆਲੇ ਚੱਕਰ ਸਜਾਉਣਾ ਸ਼ਾਮਿਲ ਹੈ। ਇਸ ਤਰ੍ਹਾਂ ਸ਼ਸਤਰ ਅਤੇ ਬਸਤਰ (ਨਿਹੰਗ ਬਾਣੇ) ਦਾ ਧਾਰਨੀ ਹੋ ਕੇ ਖਾਲਸਾ ਅਕਾਲ ਪੁਰਖ ਦੀ ਫੌਜ ਦੇ ਰੂਪ ਵਿਚ ਮੈਦਾਨ-ਏ-ਜੰਗ ਵਿਚ ਨਿੱਤਰਦਾ ਰਿਹਾ ਹੈ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਭਾਜੜਾਂ ਪਾਉਂਦਾ ਰਿਹਾ ਹੈ।
ਸਿੱਖ ਧਰਮ ਦੀ ਪਰੰਪਰਾ ਅਤੇ ਗੁਰ ਮਰਿਆਦਾ ਨੂੰ ਕਾਇਮ ਰੱਖਣ ਤੇ ਗੁਰਧਾਮਾਂ ਦੀ ਸੇਵਾ-ਸੰਭਾਲ ਹਿੱਤ ਨਿਹੰਗ ਸਿੰਘ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ ਅਤੇ ਲੋੜ ਪੈਣ ‘ਤੇ ਕੁਰਬਾਨੀਆਂ ਵੀ ਕੀਤੀਆਂ ਹਨ। ਨਿਹੰਗ ਸਿੰਘਾਂ ਵਿਚ ਉਹ ਸਭ ਖੂਬੀਆਂ ਸਨ, ਜਿਨ੍ਹਾਂ ਨੂੰ ਕਲਗੀਧਰ ਪਿਤਾ ਪਿਆਰਦੇ ਅਤੇ ਸਤਿਕਾਰਦੇ ਸਨ। ਇਨ੍ਹਾਂ ਖੂਬੀਆਂ ਕਾਰਨ ਹੀ ਨਿਹੰਗ ਸਿੰਘਾਂ ਨੂੰ Ḕਗੁਰੂ ਕੀਆਂ ਲਾਡਲੀਆਂ ਫੌਜਾਂḔ ਦਾ ਖਿਤਾਬ ਹਾਸਲ ਹੈ। ਪੰਜ ਸ਼ਸਤਰ-ਕਿਰਪਾਨ, ਖੰਡਾ, ਬਾਘ ਨਖਾ, ਤੀਰ-ਕਮਾਨ ਅਤੇ ਚੱਕਰ ਨਿਹੰਗ ਸਿੰਘਾਂ ਨੂੰ ਜਾਨ ਤੋਂ ਵੀ ਪਿਆਰੇ ਹਨ। ਇਹ ਸਾਰੇ ਨਿੱਕੇ ਆਕਾਰ ਦੇ ਹੁੰਦੇ ਹਨ ਅਤੇ ਨਿਹੰਗ ਸਿੰਘ ਇਨ੍ਹਾਂ ਨੂੰ ਦੁਮਾਲੇ ਵਿਚ ਸਜਾ ਕੇ ਰੱਖਦੇ ਹਨ।
ਸਿੱਖ ਫੌਜਾਂ ਵਿਚ ਵੱਡੀ ਤਾਦਾਦ ਨਿਹੰਗ ਸਿੰਘਾਂ ਦੀ ਹੀ ਹੁੰਦੀ ਸੀ। ਇਨ੍ਹਾਂ ਦੇ ਕਿਰਦਾਰ ਦਾ ਇੱਕ ਤਸੱਲੀਬਖਸ਼ ਪੱਖ ਇਹ ਵੀ ਰਿਹਾ ਹੈ ਕਿ ਜਦੋਂ ਇਹ ਜੈਕਾਰੇ ਗਜਾਉਂਦੇ ਕਿਸੇ ਨਗਰ-ਖੇੜੇ ਵਿਚ ਪੈਰ ਪਾਉਂਦੇ ਤਾਂ ਲੋਕ ਆਪ ਮੁਹਾਰੇ ਹੀ ਆਪਣੀਆਂ ਨੂੰਹਾਂ-ਧੀਆਂ ਨੂੰ ਕਹਿ ਦਿੰਦੇ, “ਆਏ ਨੀ ਨਿਹੰਗ, ਬੂਹੇ ਖੋਲ੍ਹ ਦਿਓ ਨਿਸੰਗ।” ਉਚੇ ਅਤੇ ਸੁੱਚੇ ਕਿਰਦਾਰ ਦੇ ਮਾਲਕ ਨਿਹੰਗ ਸਿੰਘ ਬਹੁਤ ਹੀ ਭਜਨੀਕ, ਸੂਰਬੀਰ, ਨਿਰਭੈ, ਨਿਰਵੈਰ ਅਤੇ ਕਹਿਣੀ-ਕਰਨੀ ਦੇ ਧਨੀ ਹੋਏ ਹਨ। ਸਿੱਖ ਵਿਸ਼ਵਾਸ ਅਤੇ ਇਤਿਹਾਸ ਨੂੰ ਮਾਣ-ਮੱਤਾ ਬਣਾਉਣ ਵਿਚ ਇਨ੍ਹਾਂ ਦੀ ਭੂਮਿਕਾ ਹਾਂ-ਪੱਖੀ ਰਹੀ ਹੈ।
ਲੰਮੇ ਸਮੇਂ ਤੋਂ ਕਈ ਸ਼ਹੀਦੀ ਸਥਾਨਾਂ ਅਤੇ ਡੇਰਿਆਂ ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਨਿਹੰਗ ਸਿੰਘ ਨਿਭਾ ਰਹੇ ਹਨ। ਇਨ੍ਹਾਂ ਦੇ ਡੇਰਿਆਂ ਨੂੰ ਛਾਉਣੀਆਂ ਕਿਹਾ ਜਾਂਦਾ ਹੈ। ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਵਿਸਾਖੀ, ਸ੍ਰੀ ਅੰਮ੍ਰਿਤਸਰ ਦੀ ਦੀਵਾਲੀ ਅਤੇ ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਨਿਹੰਗ ਸਿੰਘਾਂ ਦੀ ਭਰਪੂਰ ਤੇ ਮਸ਼ਹੂਰ ਹਾਜ਼ਰੀ ਵਾਲੇ ਤਿਉਹਾਰ ਹਨ। ਹੋਲੇ-ਮਹੱਲੇ ਦੇ ਰੰਗ ਤਾਂ ਨਿਹੰਗ ਸਿੰਘਾਂ ਦੀ ਹਾਜ਼ਰੀ ਤੋਂ ਬਗੈਰ ਉਘੜਦੇ ਹੀ ਨਹੀਂ। ਸਰਬ-ਲੋਹ ਦੇ ਬਰਤਨਾਂ ਅਤੇ ਘੋੜਿਆਂ ਨਾਲ ਨਿਹੰਗ ਸਿੰਘਾਂ ਨੂੰ ਵਿਸ਼ੇਸ਼ ਪ੍ਰੇਮ ਹੁੰਦਾ ਹੈ। ਉਹ ਸ਼ਸਤਰਾਂ ਨੂੰ ਵੀ ਅੰਗ ਲਾ ਕੇ ਰੱਖਦੇ ਹਨ।
ਨਿਹੰਗ ਸਿੰਘਾਂ ਦੀ ਬੋਲ-ਬਾਣੀ ਵੀ ਵਿਲੱਖਣ ਅਤੇ ਰੌਚਕ ਹੁੰਦੀ ਹੈ। ਘਾਟੇਵੰਦੀ ਸਥਿਤੀ ਨੂੰ ਲਾਹੇਵੰਦੀ ਨਜ਼ਰ ਨਾਲ ਦੇਖਣਾ ਇਸ ਬੋਲ-ਬਾਣੀ ਦਾ ਅਹਿਮ ਪੱਖ ਰਿਹਾ ਹੈ। ਇਸੇ ਕਰਕੇ ਹੀ ਇਸ ਬੋਲ-ਬਾਣੀ ਨੂੰ ‘ਗੜਗੱਜ ਬੋਲਿਆਂḔ ਦਾ ਨਾਂ ਦਿੱਤਾ ਗਿਆ। ਇਨ੍ਹਾਂ ਬੋਲਿਆਂ ਤਹਿਤ ਇੱਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣ ਦੰਗ ਰਹਿ ਜਾਂਦੇ ਸਨ ਅਤੇ ਮੈਦਾਨ ਛੱਡ ਜਾਂਦੇ ਸਨ। ਅਜੋਕੇ ਸਮੇਂ ਵੀ ਨਿਹੰਗ ਸਿੰਘਾਂ ਦੇ ਕਈ ਦਲ ਮੌਜੂਦ ਹਨ ਜੋ ਵੱਖਰੀਆਂ ਲੀਹਾਂ ਦੇ ਪਾਂਧੀ ਹੋਣ ਕਰਕੇ ਕਈ ਤਰ੍ਹਾਂ ਦੀ ਆਲੋਚਨਾ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।