ਸੁਖਪਾਲ ਸਿੰਘ ਹੁੰਦਲ
ਫੋਨ: 91-98145-28282
ਬਾਦਸ਼ਾਹ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ ਨੇ ਹਿੰਦੁਸਤਾਨ ਵਿਚ ਮੁਗਲ ਸਲਤਨਤ ਦੀ ਨੀਂਹ ਰੱਖੀ, ਪਰ ਅਸੀਂ ਬਾਬਰ ਸਬੰਧੀ ਕਈ ਕਿਸਮ ਦੇ ਭੁਲੇਖਿਆਂ ਦੇ ਸ਼ਿਕਾਰ ਹਾਂ। ਮਿਸਾਲ ਵਜੋਂ ਉਸ ਨੂੰ ਆਮ ਤੌਰ ‘ਤੇ ਬਾਬਰ-ਜਾਬਰ ਕਹਿ ਕੇ ਯਾਦ ਕੀਤਾ ਜਾਂਦਾ ਹੈ ਅਤੇ ਉਸ ਦੀ ਜ਼ਿੰਦਗੀ ਦੇ ਹਾਂ-ਪੱਖੀ ਪਹਿਲੂਆਂ ਨੂੰ ਮੁਕੰਮਲ ਤੌਰ ‘ਤੇ ਅਣਡਿੱਠ ਕੀਤਾ ਜਾਂਦਾ ਹੈ। ਉਹ ਮੁੱਖ ਤੌਰ ‘ਤੇ ਐਮਨਾਬਾਦ ਵਿਚ ਕੀਤੇ ਗਏ ਕਤਲੇਆਮ ਲਈ ਬਦਨਾਮ ਹੈ, ਜਦਕਿ ਇਸ ਗੱਲੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਕ ਮੁਲਕ ਦੀ ਸੈਨਾ ਵੱਲੋਂ ਦੂਜੇ ਮੁਲਕ ਉਤੇ ਹਮਲੇ ਦੌਰਾਨ ਲੁੱਟਮਾਰ ਅਤੇ ਕਤਲੋਗਾਰਤ ਦੀਆਂ ਘਟਨਾਵਾਂ ਨਾਲ ਮਨੁੱਖੀ ਇਤਿਹਾਸ ਭਰਿਆ ਪਿਆ ਹੈ।
ਜ਼ਹੀਰ-ਉਦ-ਦੀਨ ਮੁਹੰਮਦ ਬਾਬਰ ਦਾ ਜਨਮ 24 ਫਰਵਰੀ 1483 ਨੂੰ ਰਿਆਸਤ ਫਰਗਾਨਾ, ਜੋ ਅੱਜ ਕੱਲ੍ਹ ਉਜ਼ਬੇਕਿਸਤਾਨ ਵਿਚ ਹੈ, ਦੀ ਰਾਜਧਾਨੀ ਅੰਦੀਜਾਨ ਵਿਚ ਉਮਰ ਸ਼ੇਖ ਮਿਰਜ਼ਾ ਅਤੇ ਉਸ ਦੀ ਬੇਗਮ ਕੁਤਲਗ ਨਿਗਾਰ ਖਾਨਮ ਦੇ ਘਰ ਹੋਇਆ। ਉਹ ਪਿਓ ਵਲੋਂ ਤੈਮੂਰ ਦੇ ਘਰਾਣੇ ਨਾਲ ਅਤੇ ਮਾਂ ਵਲੋਂ ਚੰਗੇਜ਼ ਖਾਂ ਦੇ ਘਰਾਣੇ ਨਾਲ ਸਬੰਧ ਰੱਖਦਾ ਸੀ। ਇਕਲੌਤਾ ਪੁੱਤ ਹੋਣ ਕਾਰਨ ਆਪਣੇ ਪਿਤਾ ਦੀ ਰਿਆਸਤ ਦਾ ਮਾਲਕ ਉਸ ਨੇ ਬਣਨਾ ਹੀ ਸੀ, ਪਰ ਪਿਤਾ ਦਾ ਅਚਨਚੇਤੀ ਦੇਹਾਂਤ ਹੋਣ ਕਾਰਨ ਉਸ ਨੂੰ 11 ਸਾਲ ਦੀ ਉਮਰ ਵਿਚ ਹੀ ਰਿਆਸਤ ਦੇ ਮੁਖੀ ਦੀ ਜਿੰਮੇਵਾਰੀ ਸੰਭਾਲਣੀ ਪਈ। ਇਸ ਸਭ ਦੇ ਬਾਵਜੂਦ ਉਹ ਜੱਦੋਜਹਿਦ ਕਰਦਾ ਰਿਹਾ ਅਤੇ 1504 ਵਿਚ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ। 1519 ਤੋਂ 1526 ਦੇ ਦਰਮਿਆਨ ਉਸ ਨੇ ਹਿੰਦੁਸਤਾਨ ਉਤੇ ਪੰਜ ਹਮਲੇ ਕੀਤੇ। ਹਿੰਦੁਸਤਾਨ ਉਤੇ ਉਸ ਸਮੇਂ ਲੋਧੀ ਅਫਗਾਨਾਂ ਦਾ ਰਾਜ ਸੀ। 21 ਅਪਰੈਲ 1526 ਨੂੰ ਪਾਣੀਪਤ ਦੀ ਲੜਾਈ ਵਿਚ ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਅਤੇ ਚਾਰ ਸਾਲ ਹਿੰਦੁਸਤਾਨ ਉਤੇ ਹਕੂਮਤ ਕਰ ਕੇ 24 ਦਸੰਬਰ 1530 ਨੂੰ ਚਲਾਣਾ ਕਰ ਗਿਆ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਬਾਬਰ ਮਹਿਜ ਚਾਰ ਸਾਲ ਦੇ ਅਰਸੇ ਵਿਚ ਮੁਗਲ ਰਾਜ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਕਿਵੇਂ ਕਰ ਗਿਆ ਕਿ ਮੁਗਲਾਂ ਦਾ ਰਾਜ ਪੀੜ੍ਹੀ-ਦਰ-ਪੀੜ੍ਹੀ ਤਕਰੀਬਨ ਸਵਾ ਤਿੰਨ ਸੌ ਸਾਲ ਚੱਲਦਾ ਰਿਹਾ, ਜਦਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ 40 ਸਾਲ ਦੇ ਰਾਜ ਦੌਰਾਨ ਵੀ ਸਿੱਖ ਰਾਜ ਦੀਆਂ ਜੜ੍ਹਾਂ ਮਜ਼ਬੂਤ ਨਾ ਕਰ ਸਕਿਆ ਅਤੇ ਉਸ ਦਾ ਰਾਜ-ਭਾਗ ਉਸ ਦੇ ਦੇਹਾਂਤ ਮਗਰੋਂ ਦਸ ਸਾਲ ਦੇ ਅਰਸੇ ਵਿਚ ਹੀ ਤਹਿਸ ਨਹਿਸ ਹੋ ਗਿਆ। ਸੋਚਣ ਵਾਲੀ ਗੱਲ ਇਹ ਹੈ ਕਿ ਉਸ ਸਮੇਂ ਦੇ ਹਿੰਦੁਸਤਾਨ ਦੇ ਸ਼ਾਸਕ ਹੀ ਨਾਅਹਿਲ ਅਤੇ ਨਾਕਾਬਿਲ ਹੋਣਗੇ ਜਿਨ੍ਹਾਂ ਦੀ ਨਾਲਾਇਕੀ ਦਾ ਲਾਭ ਉਠਾ ਕੇ ਮੁਗਲ ਸ਼ਾਸਕਾਂ ਨੇ ਆਪਣਾ ਰਾਜ ਭਾਗ ਪੁਖਤਾ ਕਰ ਲਿਆ। ਬਾਬਰ ਦੀ ਆਤਮਕਥਾ ‘ਬਾਬਰਨਾਮਾ’ ਦਾ ਅਧਿਐਨ ਕਰਦਿਆਂ ਉਸ ਦੀ ਸ਼ਖਸੀਅਤ ਦੇ ਇਹ ਹਾਂ-ਪੱਖੀ ਪਹਿਲੂ ਉਭਰ ਕੇ ਸਾਹਮਣੇ ਆਉਂਦੇ ਹਨ:
ਵਿਦੇਸ਼ੀ ਇਤਿਹਾਸਕਾਰਾਂ ਮਿਰਜ਼ਾ ਮੁਹੰਮਦ ਹੈਦਰ, ਵੀæ ਏæ ਸਮਿਥ ਅਤੇ ਭਾਰਤੀ ਇਤਿਹਾਸਕਾਰ ਸ਼੍ਰੀਨੇਤਰ ਪਾਂਡੇਯ ਅਨੁਸਾਰ ਬਾਬਰ ਦੀ ਸ਼ਖਸੀਅਤ ਵਿਚ ਤੁਰਕਾਂ ਦਾ ਧੀਰਜ, ਸੂਰਬੀਰਤਾ ਤੇ ਦ੍ਰਿੜ੍ਹਤਾ ਅਤੇ ਮੰਗੋਲਾਂ ਦੀ ਮਹੱਤਵਕਾਂਖਿਆ ਤੇ ਕਠੋਰਤਾ ਮੌਜੂਦ ਸੀ। ਇਸ ਦੇ ਨਾਲ ਨਾਲ ਬਾਬਰ ਬੜਾ ਸੱਭਿਆ ਅਤੇ ਤਹਿਜ਼ੀਬ-ਯਾਫਤਾ ਵਿਅਕਤੀ ਸੀ। ਉਹ ਕਵੀ ਹਿਰਦਾ ਰੱਖਦਾ ਸੀ ਅਤੇ ਉਹ ਸ਼ਾਇਰ ਸੀ ਵੀ। ਉਸ ਨੇ ਆਪਣੀ ਸਵੈ-ਜੀਵਨੀ ‘ਬਾਬਰਨਾਮਾ’ ਲਿਖੀ ਜੋ ਚੁਗਤਾਈ ਅਤੇ ਤੁਰਕੀ ਭਾਸ਼ਾ ਵਿਚ ਹੈ ਜੋ ਬਾਬਰ ਦੀ ਮਾਂ-ਬੋਲੀ ਸੀ। ਇਸ ਦਾ ਬਾਅਦ ਵਿਚ ਵਿਦਵਾਨਾਂ ਵੱਲੋਂ ਫਾਰਸੀ ਵਿਚ ਤਰਜਮਾ ਕੀਤਾ ਗਿਆ ਜਿਸ ਦੇ ਆਧਾਰ ‘ਤੇ ਅੰਗਰੇਜ਼ਾਂ ਨੇ ਇਸ ਦਾ ਅੰਗਰੇਜ਼ੀ ਵਿਚ ਤਰਜਮਾ ਕਰਵਾਇਆ।
ਬਾਬਰ ਬਹੁਤ ਵਧੀਆ ਘੋੜਸਵਾਰ, ਬਹੁਤ ਵਧੀਆ ਸੈਨਿਕ, ਚੰਗਾ ਤੈਰਾਕ ਅਤੇ ਸਰੀਰਕ ਪੱਖੋਂ ਬਲਵਾਨ ਸੀ। ਉਸ ਨੇ ਗੰਗਾ ਨੂੰ ਦੋ ਵਾਰ ਤੈਰ ਕੇ ਪਾਰ ਕੀਤਾ ਸੀ। ਉਹ ਦੋ ਵਿਅਕਤੀਆਂ ਨੂੰ ਆਪਣੇ ਸੱਜੇ ਖੱਬੇ ਮੋਢਿਆਂ ‘ਤੇ ਬਿਠਾ ਕੇ ਚੌੜੀ ਦੀਵਾਰ ਉਤੇ ਚੜ੍ਹ ਕੇ ਦੌੜ ਲਾਉਂਦਾ ਸੀ। ਸਰੀਰ ਨੂੰ ਚੁਸਤ-ਫੁਰਤ ਰੱਖਣ ਲਈ ਇਹ ਉਸ ਦਾ ਕਸਰਤ ਦਾ ਨੇਮ ਸੀ।
ਬਾਬਰ ਦੀ ਸੈਨਾ ਕੋਲ ਬਹੁਤ ਵਧੀਆ ਤੋਪਾਂ ਸਨ। ਅਫਗਾਨ ਫੌਜ ਇਨ੍ਹਾਂ ਤੋਪਾਂ ਦੀ ਮਾਰ ਨਾ ਸਹਿ ਸਕੀ ਅਤੇ ਉਸ ਦੇ ਪੈਰ ਉਖੜ ਗਏ। ਉਸ ਦੀ ਯੁੱਧ ਨੀਤੀ ਨੂੰ ਤੁਲਗਮਾ ਨੀਤੀ ਕਿਹਾ ਜਾਂਦਾ ਹੈ। ਤੁਲਗਮਾ ਨੀਤੀ ਨੂੰ ਅੰਗਰੇਜ਼ੀ ਵਿਚ ਔਟੋਮਨ ਫੈਸ਼ਨ ਲਿਖਿਆ ਗਿਆ ਹੈ ਜਿਸ ਦਾ ਅਰਥ ਵੀ ਤੁਰਕਾਂ ਦਾ ਯੁੱਧ ਦਾ ਤਰੀਕਾ ਹੈ। ਇਸ ਨੀਤੀ ਵਿਚ ਖੱਬੇ ਸੱਜੇ ਤੋਂ ਸੈਨਾ ਧਾਵਾ ਬੋਲਦੀ ਹੈ ਅਤੇ ਅੱਗੇ ਗੱਡੀਆਂ ਆਦਿ ਖੜ੍ਹੀਆਂ ਕਰ ਕੇ ਰੁਕਾਵਟ ਕੀਤੀ ਹੁੰਦੀ ਹੈ। ਇਸ ਨੂੰ ਉਸ ਦਾ ਯੁੱਧ ਕੌਸ਼ਲ ਮੰਨਣਾ ਚਾਹੀਦਾ ਹੈ। ਜੇ ਅਫਗਾਨ ਸੈਨਾ ਕੋਲ ਅਜਿਹੀ ਮੁਹਾਰਤ ਅਤੇ ਵਧੀਆ ਤੋਪਾਂ ਹੁੰਦੀਆਂ ਤਾਂ ਉਨ੍ਹਾਂ ਨੂੰ ਬਾਬਰ ਹੱਥੋਂ ਹਾਰ ਦਾ ਮੂੰਹ ਨਾ ਵੇਖਣਾ ਪੈਂਦਾ।
ਬਾਬਰ ਦਾ ਨਾਮ ਵਰਤਮਾਨ ਦੌਰ ਵਿਚ ਬਾਬਰੀ ਮਸਜਿਦ ਨਾਲ ਜੁੜ ਗਿਆ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਸਜਿਦ ਅਯੁੱਧਿਆ ਵਿਚ ਸ੍ਰੀ ਰਾਮ ਚੰਦਰ ਦੇ ਜਨਮ ਅਸਥਾਨ ‘ਤੇ ਬਣੇ ਮੰਦਿਰ ਨੂੰ ਤੋੜ ਕੇ ਬਾਬਰ ਦੇ ਜਰਨੈਲ ਮੀਰ ਬਾਕੀ ਵੱਲੋਂ ਬਣਾਈ ਗਈ ਸੀ। ਇਥੇ ਇਸ ਤੱਥ ਦਾ ਜ਼ਿਕਰ ਕਰਨਾ ਜ਼ਰੂਰੀ ਜਾਪਦਾ ਹੈ ਕਿ ਬਾਬਰ ਨੇ ਆਪਣੀ ਸਵੈ-ਜੀਵਨੀ ਵਿਚ ਇਸ ਤਰ੍ਹਾਂ ਦੀ ਕਿਸੇ ਘਟਨਾ ਦਾ ਜ਼ਿਕਰ ਨਹੀਂ ਕੀਤਾ, ਜਦਕਿ ਉਸ ਨੇ ਫਰਗਾਨਾ ਤੋਂ ਲੈ ਕੇ ਹਿੰਦੁਸਤਾਨ ਤਕ ਆਪਣੀ ਸਾਰੀ ਯਾਤਰਾ ਦੇ ਵੇਰਵੇ ਆਪਣੀ ਆਤਮ-ਕਥਾ ਵਿਚ ਤਫਸੀਲ ਨਾਲ ਦਰਜ ਕੀਤੇ ਹਨ ਅਤੇ ਛੋਟੀਆਂ ਛੋਟੀਆਂ ਗੱਲਾਂ ਦੇ ਵੇਰਵੇ ਵੀ ਦਿੱਤੇ ਹਨ। ਮਿਸਾਲ ਵਜੋਂ ਉਹ ਲਿਖਦਾ ਹੈ: ਫਲਾਣੀ ਥਾਂ ‘ਤੇ ਮੈਂ ਸਰਦਾ (ਅਫਗਾਨੀ ਖਰਬੂਜ਼ਾ) ਦੀ ਫਸਲ ਵੇਖੀ, ਫਲਾਣੀ ਥਾਂ ‘ਤੇ ਘੋੜੇ ਤੇ ਗਧੇ ਚਰਦੇ ਦੇਖੇ। ਉਸ ਨੇ ਪੰਛੀਆਂ ਪਰਿੰਦਿਆਂ ਤੱਕ ਦਾ ਵੇਰਵਾ ਦਿੱਤਾ ਹੈ। ਇਹ ਵੀ ਲਿਖਿਆ ਹੈ ਕਿ ਪਿਸ਼ਾਵਰ ਦੇ ਬਾਜ਼ਾਰ ਵਿਚੋਂ ਆਪਣੀ ਫੌਜ ਲਈ ਚੌਲ ਖਰੀਦੇ। ਜੇ ਉਸ ਨੇ ਮੰਦਿਰ ਤੋੜ ਕੇ ਬਾਬਰੀ ਮਸਜਿਦ ਬਣਵਾਈ ਹੁੰਦੀ ਤਾਂ ਉਹ ਜ਼ਰੂਰ ਫਖਰ ਨਾਲ ਲਿਖਦਾ। ਇਸ ਤੋਂ ਇਲਾਵਾ 28 ਨਵੰਬਰ 2010 ਦੇ ‘ਟਾਈਮਜ਼ ਆਫ ਇੰਡੀਆ’ ਮੁੰਬਈ ਦੀ ਰਿਪੋਰਟ ਮੁਤਾਬਕ ਅਸਲੀ ਬਾਬਰੀ ਮਸਜਿਦ ਪਾਣੀਪਤ (ਹਰਿਆਣਾ) ਵਾਲੀ ਕਾਬੁਲੀ ਬਾਗ ਮਸਜਿਦ ਹੈ ਅਤੇ ਇਹ ਬਾਦਸ਼ਾਹ ਬਾਬਰ ਦੀ ਸ਼ਖਸੀਅਤ ਤੇ ਉਸ ਦੇ ਵਿਚਾਰਾਂ ਮੁਤਾਬਕ ਬਣਾਈ ਗਈ ਸੀ। ਅਯੁੱਧਿਆ ਵਾਲੀ ਬਾਬਰੀ ਮਸਜਿਦ ਦੀ ਇਮਾਰਤਸਾਜ਼ੀ ਮੁਗਲਾਂ ਤੋਂ ਪਹਿਲਾਂ ਦੀ ਅਤੇ ਮੁਗਲ ਭਵਨ ਨਿਰਮਾਣ ਕਲਾ ਨਾਲੋਂ ਵੱਖਰੀ ਕਿਸਮ ਦੀ ਹੈ। ਪਾਣੀਪਤ ਵਾਲੀ ਬਾਬਰੀ ਮਸਜਿਦ ਦੀ ਬਣਾਵਟ ਮੱਧ ਏਸ਼ੀਆ, ਜਿਸ ਇਲਾਕੇ ਦਾ ਬਾਬਰ ਰਹਿਣ ਵਾਲਾ ਸੀ, ਦੇ ਭਵਨ ਨਿਰਮਾਣ ਦੇ ਅੰਦਾਜ਼ ਨਾਲ ਮੇਲ ਖਾਂਦੀ ਹੈ। ਕਾਬੁਲੀ ਬਾਗ ਵਾਲੀ ਮਸਜਿਦ ਚਾਰਬਾਗ ਦੇ ਨਾਲ ਬਣਾਈ ਗਈ ਸੀ ਜੋ ਬਾਬਰ ਦਾ ਖਾਸ ਸ਼ੌਕ ਸੀ, ਇਸ ਲਈ ਇਹੋ ਅਸਲੀ ਬਾਬਰੀ ਮਸਜਿਦ ਹੈ।