ਸੁਰਜੀਤ ਜੱਸਲ
ਫੋਨ: 91-98146-07737
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਗਾਇਕ ਜੋੜੀ ਤੀਹ ਸਾਲ ਪਹਿਲਾਂ ਦੁਨੀਆਂ ਛੱਡਣ ਪਿਛੋਂ ਵੀ ਆਪਣੇ ਗੀਤਾਂ ਸਦਕਾ ਸਰੋਤਿਆਂ ਦੇ ਦਿਲਾਂ Ḕਚ ਅੱਜ ਵੀ ਵਸੀ ਹੋਈ ਹੈ।
ਕਣਕ-ਵੰਨਾ ਰੰਗ, ਗੁੰਦਵਾਂ ਭਰਵਾਂ ਸਰੀਰ, ਸਾਦਾ ਪਹਿਰਾਵਾ ਹੱਸਮੁਖ ਸੁਭਾਅ ਦੀ ਮਾਲਕ ਅਮਰਜੋਤ ਪੰਜਾਬੀ ਗਾਇਕੀ ਵਿਚ ਲੰਮਾ ਸਮਾਂ ਸੁਣੀ ਜਾਣ ਵਾਲੀ ਇੱਕ ਅਮਰ ਗਾਇਕਾ ਹੈ। ਭਾਵੇਂ ਅਮਰਜੋਤ ਦੀ ਪਛਾਣ ਅਮਰ ਸਿੰਘ ਚਮਕੀਲਾ ਨਾਲ ਜੁੜੀ ਹੋਈ ਹੈ ਪਰ ਚਮਕੀਲੇ ਨਾਲ ਜੋੜੀ ਬਣਨ ਤੋਂ ਪਹਿਲਾਂ ਉਸ ਨੇ ਕੁਝ ਸਮਾਂ ਪਿਆਰਾ ਸਿੰਘ ਪੰਛੀ, ਕਰਨੈਲ ਗਿੱਲ, ਧੰਨਾ ਸਿੰਘ ਰੰਗੀਲਾ ਅਤੇ ਕੁਲਦੀਪ ਮਾਣਕ ਨਾਲ ਵੀ ਸਟੇਜਾਂ ਕੀਤੀਆਂ।
ਜਦ ਅਮਰਜੋਤ ਕੌਰ ਨੇ ਪੰਜਾਬੀ ਗਾਇਕੀ ਦੇ ਵਿਹੜੇ ਪੈਰ ਧਰਿਆ, ਉਦੋਂ ਵਿਆਹ ਸਾਹਿਆਂ ਮੌਕੇ ਗਾਇਕਾਂ ਦੇ ਅਖਾੜਿਆਂ ਦਾ ਬਹੁਤ ਰਿਵਾਜ ਸੀ। ਮੁਹੰਮਦ ਸਦੀਕ-ਰਣਜੀਤ ਕੌਰ, ਕਰਤਾਰ ਰਮਲਾ-ਸੁੱਖੀ, ਸੁਰਿੰਦਰ ਛਿੰਦਾ-ਗੁਲਸ਼ਨ ਕੋਮਲ, ਦੀਦਾਰ ਸੰਧੂ-ਸਨੇਹ ਲਤਾ ਆਦਿ ਗਾਇਕ ਜੋੜੀਆਂ ਵਿਸ਼ੇਸ਼ ਪਛਾਣ ਰੱਖਦੀਆਂ ਸਨ। ਬਹੁਤ ਸਾਰੀਆਂ ਅਜਿਹੀਆਂ ਗਾਇਕਾਵਾਂ ਵੀ ਸਨ ਜੋ ਵੱਖ ਵੱਖ ਗਾਇਕਾਂ ਨਾਲ ਅਖਾੜੇ ਲਾਉਣ ਜਾਂਦੀਆਂ। ਇਨ੍ਹਾਂ ਦਾ ਕਿਸੇ ਨਾਲ ਪੱਕਾ ਸੈਟ ਨਹੀਂ ਸੀ। ਅਮਰਜੋਤ ਵੀ ਵੱਖ ਵੱਖ ਗਾਇਕਾਂ ਨਾਲ ਟੁੱਟਵਂੇ ਪ੍ਰੋਗਰਾਮਾਂ Ḕਤੇ ਜਾਂਦੀ। ਫਿਰ ਅਮਰਜੋਤ ਦਾ ਕੁਲਦੀਪ ਮਾਣਕ ਨਾਲ ਸੈਟ ਬਣ ਗਿਆ। ਉਦੋਂ ਅਮਰਜੋਤ ਅੱਲ੍ਹੜ ਮੁਟਿਆਰ ਸੀ।
ਗਾਇਕ ਬਣਨ ਤੋਂ ਪਹਿਲਾਂ ਅਮਰਜੋਤ ਅਥਲੈਟਿਕਸ ਦੀ ਖਿਡਾਰਨ ਸੀ ਜਿਸ ਕਰਕੇ ਉਸ ਦਾ ਫੁਰਤੀਲਾ ਤੇ ਗਠਿਆ ਸਰੀਰ, ਗੋਲਮੋਲ ਚਿਹਰਾ ਹੋਰ ਗਾਇਕਾਵਾਂ ਦੇ ਮੁਕਾਬਲੇ ਸਟੇਜਾਂ Ḕਤੇ ਸਰੋਤਿਆਂ ਨੂੰ ਵਧੇਰੇ ਆਕਰਸ਼ਤ ਕਰਦਾ। ਲੋਕ ਮਾਣਕ ਦੇ ਅਖਾੜਿਆਂ ਵਿਚ ਅਮਰਜੋਤ ਨੂੰ ਵੇਖਣ ਲਈ ਦੂਰੋਂ ਦੂਰੋਂ ਚੱਲ ਕੇ ਆਉਂਦੇ। ਮਾਣਕ ਨਾਲ ਅਮਰਜੋਤ ਨੇ ਲਗਭਗ ਚਾਰ ਸਾਲ ਪ੍ਰੋਗਰਾਮ ਕੀਤੇ। ਇਸ ਦੌਰਾਨ ਮਾਣਕ ਨਾਲ ਦੋਗਾਣਿਆਂ ਦਾ ਇੱਕ ਐਲ਼ ਪੀæ ਰਿਕਾਰਡ ਵੀ ਆਇਆ ਜਿਸ ਵਿਚ ਮਾਣਕ ਤੇ ਅਮਰਜੋਤ ਦੇ ਗਾਏ ਚਾਰ ਦੋਗਾਣੇ Ḕਜਾਗੋ ਛੜਿਓ ਵਿਆਹ ਕਰਵਾ ਲਓ ਵੇਚ ਕੇ ਮੱਝੀਆਂ ਗਾਈਆਂḔ, Ḕਇੱਕ ਤੂੰ ਹੋਵੇਂ ਇੱਕ ਮੈਂ ਹੋਵਾਂḔ, Ḕਲੈ ਗਿਆ ਮੇਰੀ ਜਿੰਦ ਕੱਢ ਕੇḔ, Ḕਸਿਖਰ ਦੁਪਹਿਰੇ ਡੰਗ ਦਿੱਤਾ ਗੱਭਰੂ ਨੀਂ ਪਾ ਕੇ ਸੁਰਮਾ ਅੱਖਾਂ ਦੇ ਵਿਚ ਕਾਲਾḔ ਬੇਹੱਦ ਮਕਬੂਲ ਹੋਏ। ਇਸ ਤੋਂ ਪਹਿਲਾਂ ਅਮਰਜੋਤ ਦੇ ਪਿਆਰਾ ਸਿੰਘ ਪੰਛੀ ਨਾਲ ਵੀ ਦੋ ਗੀਤ-Ḕਅੱਜ ਪਰਚਾ ਸਾਇੰਸ ਦਾḔ ਅਤੇ Ḕਕੱਚੀ ਨੀਂਦ ਨਾ ਜਗਾਈਏ ਮੁਕਲਾਵੇ ਆਈ ਨੂੰḔ ਵੀ ਰਿਕਾਰਡ ਹੋ ਚੁਕੇ ਸਨ।
ਲੁਧਿਆਣਾ ਗਾਇਕ ਮੰਡੀ ਦਾ ਰਿਵਾਜ ਸੀ ਕਿ ਇੱਥੇ ਕਿਸੇ ਜੋੜੀ ਦਾ ਸੈਟ ਬਹੁਤੀ ਦੇਰ ਟਿਕਦਾ ਨਹੀਂ ਸੀ। ਅਮਰਜੋਤ ਤੋਂ ਪਹਿਲਾਂ ਮਾਣਕ ਨਾਲ ਸਤਿੰਦਰ ਬੀਬਾ, ਪ੍ਰਕਾਸ਼ ਕੌਰ ਸੋਢੀ, ਗੁਲਸ਼ਨ ਕੋਮਲ, ਕੁਲਦੀਪ ਕੌਰ, ਪਰਮਿੰਦਰ ਕੌਰ ਆਦਿ ਗਾ ਚੁਕੀਆਂ ਸਨ। ਚਾਰ ਸਾਲ ਇਕੱਠੇ ਗਾ ਕੇ ਆਖਿਰ ਕਿਸੇ ਕਾਰਨ ਅਮਰਜੋਤ ਨੇ ਵੀ ਮਾਣਕ ਤੋਂ ਪਾਸਾ ਵੱਟ ਲਿਆ।
ਮਾਣਕ ਨਾਲੋਂ ਵੱਖ ਹੋਈ ਅਮਰਜੋਤ ਨੂੰ ਪਾਉਣ ਲਈ ਕਈ ਗਾਇਕਾਂ ਵਿਚ ਦੌੜ ਲੱਗੀ ਪਰ ਬਾਜ਼ੀ ਅਮਰ ਸਿੰਘ ਚਮਕੀਲਾ ਮਾਰ ਗਿਆ। ਅਮਰਜੋਤ ਪਹਿਲਾਂ ਚਮਕੀਲੇ ਨੂੰ ਗਾਇਕੀ ਖੇਤਰ ਵਿਚ ਨਵਾਂ ਸਮਝਣ ਕਰਕੇ ਸਹਿਮਤ ਨਹੀਂ ਸੀ ਪਰ ਜਦ ਉਸ ਨੂੰ ਪਤਾ ਲੱਗਾ ਕਿ ਸੁਰਿੰਦਰ ਸੋਨੀਆ ਨਾਲ ਇਸ ਦੇ ਕਈ ਗੀਤ ਆ ਚੁਕੇ ਹਨ ਤਾਂ ਉਹ ਸਹਿਮਤ ਹੋ ਗਈ। ਅਮਰਜੋਤ ਦੇ ਪਰਿਵਾਰਕ ਮੈਂਬਰਾਂ ਦੀ ਇਹ ਸ਼ਰਤ ਸੀ ਕਿ ਜਿਸ ਨਾਲ ਵੀ ਅਮਰਜੋਤ ਗਾਵੇਗੀ, ਉਸ ਨਾਲ ਪੱਕਾ ਸੈਟ ਬਣਾ ਕੇ ਹੀ ਗਾਵੇਗੀ ਤੇ ਉਸੇ ਨਾਲ ਹੀ ਰਿਕਾਰਡਿੰਗ ਕਰਵਾਏਗੀ। ਚਮਕੀਲਾ ਵੀ ਇਹੋ ਚਾਹੁੰਦਾ ਸੀ।
ਡੋਗਰ ਬਸਤੀ, ਫਰੀਦਕੋਟ ਦੀ ਵਸਨੀਕ ਅਮਰਜੋਤ ਹੁਰੀਂ ਤਿੰਨ ਭੈਣਾਂ ਸਨ, ਤਿੰਨਾਂ ਨੂੰ ਹੀ ਗਾਇਕੀ ਨਾਲ ਮੋਹ ਸੀ। ਇਨ੍ਹਾਂ ਦੇ ਮਾਤਾ ਰਾਜਬੰਸ ਕੌਰ ਇੱਕ ਘਰੇਲੂ ਔਰਤ ਸੀ ਜਦਕਿ ਪਿਤਾ ਸ਼ ਗੁਰਚਰਨ ਸਿੰਘ ਲੋਕ ਸੰਪਰਕ ਵਿਭਾਗ ਵਿਚ ਡਰਾਮਾ ਇੰਸਪੈਕਟਰ ਸਨ। ਗਾਇਕ-ਕਲਾਕਾਰਾਂ ਦਾ ਘਰ ਆਉਣ-ਜਾਣ ਸੀ ਤੇ ਉਨ੍ਹਾਂ ਤੋਂ ਪ੍ਰਭਾਵਤ ਹੋ ਕੇ ਹੀ ਉਸ ਨੇ ਗਾਉਣ ਦਾ ਸ਼ੌਕ ਪਾਲਿਆ।
ਅਮਰਜੋਤ ਤੇ ਚਮਕੀਲਾ ਲੁਧਿਆਣੇ ਹੀ ਕਿਰਾਏ Ḕਤੇ ਕਮਰਾ ਲੈ ਕੇ ਰਿਹਰਸਲਾਂ ਕਰਨ ਲੱਗੇ। ਬਹੁਤ ਜਲਦ ਅਮਰਜੋਤ ਨੂੰ ਮਹਿਸੂਸ ਹੋ ਗਿਆ ਕਿ ਚਮਕੀਲੇ ਨਾਲ ਉਸ ਦੀ ਗਾਇਕੀ ਇੱਕ ਵੱਖਰਾ ਮੁਕਾਮ ਸਿਰਜੇਗੀ। ਜਿੱਥੇ ਚਮਕੀਲਾ ਕਲਮ, ਆਵਾਜ਼ ਅਤੇ ਸਾਜ਼ਾਂ ਦਾ ਧਨੀ ਸੀ, ਉਥੇ ਅਮਰਜੋਤ ਵਧੀਆ ਆਵਾਜ਼ ਤੇ ਸਟੇਜੀ ਅੰਦਾਜ਼ ਵਾਲੀ ਕਲਾਕਾਰਾ ਸੀ। ਦੋਹਾਂ ਦੇ ਸੁਰਤਾਲ ਦਾ ਇੰਨਾ ਸਫਲ ਮੇਲ ਹੋਇਆ ਕਿ ਉਹ ਇੱਕ ਦੂਜੇ ਦੇ ਪੂਰਕ ਹੋ ਨਿਬੜੇ। ਅਮਰ ਸਿੰਘ ਚਮਕੀਲੇ ਦੇ ਅਸੂਲ, ਸੁਭਾਅ, ਸਟੇਜ ਪੇਸ਼ਕਾਰੀ ਦਾ ਅੰਦਾਜ਼ ਬਹੁਤ ਵੱਖਰਾ ਸੀ। ਉਹ ਪ੍ਰੋਗਰਾਮ ਦੌਰਾਨ ਸਭ ਨੂੰ ਸਤਿਕਾਰ ਦਿੰਦਾ। ਸਰੋਤਿਆਂ ਦੀਆਂ ਭਾਵਨਾਵਾਂ ਦੀ ਉਹ ਦਿਲੋਂ ਕਦਰ ਕਰਦਾ। ਅਮਰਜੋਤ ਤੇ ਚਮਕੀਲੇ ਦੀ ਜੋੜੀ ਦੀ ਚਰਚਾ ਪਿੰਡ ਪਿੰਡ ਹੋਣ ਲੱਗੀ ਤੇ ਚਮਕੀਲੇ ਦੇ ਅਖਾੜਿਆਂ ਦੀ ਗਿਣਤੀ ਵਧਣ ਲੱਗੀ।
ਚਮਕੀਲਾ ਗਰੀਬ ਪਰਿਵਾਰ Ḕਚੋਂ ਉਠਿਆ ਲੁਧਿਆਣੇ ਦੀਆਂ ਮਿੱਲਾਂ ਵਿਚ ਦਿਨ ਰਾਤ ਪਸੀਨਾ ਵਹਾਉਣ ਵਾਲਾ ਇੱਕ ਕਾਮਾ ਸੀ। ਪੰਜ-ਸੱਤ ਜਮਾਤਾਂ ਪੜ੍ਹੇ ਇਸ ਅਲੂਏਂ ਜਿਹੇ ਮੁੰਡੇ ਨੂੰ ਪਹਿਲਾਂ ਗੀਤ ਲਿਖਣ ਦਾ ਸੌਂਕ ਸੀ ਜੋ ਗਾਇਕ ਸੁਰਿੰਦਰ ਛਿੰਦੇ ਕੋਲ ਲੈ ਆਇਆ, ਜਿੱਥੇ ਉਸ ਦੀ ਕਿਸਮਤ ਨੇ ਰੰਗ ਵਿਖਾਇਆ ਤੇ ਉਹ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਬਣ ਗਿਆ। ਛਿੰਦੇ ਦੇ ਚਰਨੀਂ ਲੱਗ ਉਹ ਗੀਤ ਲੇਖਣੀ, ਹਾਰਮੋਨੀਅਮ ਵਜਾਉਣ ਅਤੇ ਗੀਤਾਂ ਦੀਆਂ ਤਰਜਾਂ ਬਣਾਉਣ ਵਿਚ ਮੁਹਾਰਤ ਖੱਟ ਗਿਆ। ਉਹ ਛਿੰਦੇ ਦੀਆਂ ਸਟੇਜਾਂ Ḕਤੇ ਹੀ ਇੱਕ ਦੋ ਗੀਤ ਵੀ ਗਾ ਲੈਂਦਾ। ਜਦ ਉਸ ਨੇ ਪਰਪੱਕ ਹੋ ਕੇ ਉਸਤਾਦ ਤੋਂ ਆਸ਼ੀਰਵਾਦ ਲੈ ਕੇ ਗਾਇਕੀ ਦੇ ਅੰਬਰਾਂ Ḕਤੇ ਪਰਵਾਜ਼ ਭਰੀ ਤਾਂ ਹਰ ਪਾਸੇ ਚਮਕੀਲਾ-ਚਮਕੀਲਾ ਹੋਣ ਲੱਗੀ।
ਅਮਰਜੋਤ ਨਾਲ ਸੈਟ ਬਣਨ ਤੋਂ ਪਹਿਲਾਂ ਉਹ ਸੁਰਿੰਦਰ ਸੋਨੀਆ ਨਾਲ ਗਾਉਂਦਾ ਸੀ। ਸੋਨੀਆ ਨਾਲ ਹੀ ਚਮਕੀਲੇ ਦੇ ਚਾਰ ਗੀਤਾਂ ਦੇ ਦੋ ਈæ ਪੀæ ਰਿਕਾਰਡ Ḕਟਕੂਏ ‘ਤੇ ਟਕੂਆ ਖੜਕੇḔ ਅਤੇ Ḕਬਾਪੂ ਸਾਡਾ ਗੁੰਮ ਹੋ ਗਿਆḔ ਆਏ, ਜਿਸ ਨਾਲ ਚਮਕੀਲੇ ਦੀ ਗਾਇਕੀ ਸਰੋਤਿਆਂ ‘ਚ ਪ੍ਰਵਾਨ ਚੜ੍ਹੀ। ਅਮਰਜੋਤ ਨਾਲ ਮੇਲ ਹੋਣ ਮਗਰੋਂ ਦੋਹਾਂ ਦਾ ḔਸਿਤਾਰਾḔ ਹੋਰ ਚਮਕ ਪਿਆ ਤੇ ਇਹ ਜੋੜੀ ਰਾਤੋ-ਰਾਤ ਸ਼ਹੁਰਤ ਦੀਆਂ ਸਿਖਰਾਂ ਨੂੰ ਛੋਹਣ ਲੱਗੀ। ਚਮਕੀਲੇ ਦੀ ਗਾਇਕੀ ਆਮ ਗਾਇਕਾਂ ਤੋਂ ਹਟ ਕੇ ਨਵੇਂ ਖੂਨ ਦੇ ਸੋਚ ਦੀ ਸੀ।
ਅਮਰਜੋਤ ਦੀ ਇੱਕ ਸਿਫਤ ਸੀ ਕਿ ਸਟੇਜ Ḕਤੇ ਗਾਉਂਦਿਆਂ ਉਸ ਦਾ ਪਹਿਰਾਵਾ ਬਿਲਕੁਲ ਸਾਦਾ ਤੇ ਆਮ ਔਰਤਾਂ ਵਰਗਾ ਹੀ ਹੁੰਦਾ ਸੀ। ਸਿੱਧੇ ਵਾਲ ਵਾਹ ਕੇ ਗਿੱਚੀ ਤੋਂ ਉਚਾ ਜੂੜਾ ਕਰਨਾ, ਉਸ ਨੂੰ ਚੰਗਾ ਲੱਗਦਾ ਸੀ। ਚੁੰਨੀ ਦੀ ਮਰਿਆਦਾ ਸਮਝਣ ਵਾਲੀ ਅਮਰਜੋਤ ਜ਼ਿਆਦਾਤਰ ਸਿਰ ਤੇ ਹਿੱਕ ਨੂੰ ਢੱਕ ਕੇ ਰੱਖਦੀ। ਪ੍ਰੋਗਰਾਮਾਂ ਦੌਰਾਨ ਹੱਸਦੇ-ਖੇਡਦੇ ਰਹਿਣਾ ਉਸ ਦਾ ਸੁਭਾਅ ਸੀ। ਸਟੇਜ Ḕਤੇ ਹਰ ਛੋਟੇ-ਵੱਡੇ ਕਲਾਕਾਰ ਨਾਲ ਉਸ ਦਾ ਇੱਕੋ ਵਰਤਾਓ ਹੁੰਦਾ। ਗਾਇਕੀ ਉਸ ਦਾ ਪੇਸ਼ਾ ਸੀ ਪਰ ਸਮਾਜਕ ਦਾਇਰੇ ਵਿਚ ਵਿਚਰਨਾ ਉਸ ਨੂੰ ਦਿਲੀ ਸਕੂਨ ਦਿੰਦਾ। ਜਿੱਥੇ ਪ੍ਰੋਗਰਾਮ ਕਰਨ ਜਾਣਾ ਹੁੰਦਾ, ਉਸ ਵਿਆਹ ਵਾਲੇ ਘਰ ਦੀਆਂ ਔਰਤਾਂ Ḕਚ ਬਹਿ ਕੇ ਗੱਲਾਂ ਬਾਤਾਂ ਕਰਨਾ ਉਸ ਨੂੰ ਚੰਗਾ ਲੱਗਦਾ। ਉਸ ਦਾ ਸੁਭਾਅ ਵੇਖ ਪਿੰਡ ਦੀਆਂ ਔਰਤਾਂ ਵੀ ਉਸ ਨੂੰ ਪਿਆਰ ਕਰਦੀਆਂ। ਇਨ੍ਹਾਂ ਦੇ ਅਖਾੜਿਆਂ ਵਿਚ ਸਟੇਜ ਅੱਗੇ ਮਰਦ ਸਰੋਤੇ ਗਾਇਕੀ ਦਾ ਅਨੰਦ ਮਾਣਦੇ ਜਦਕਿ ਔਰਤਾਂ ਨੇੜੇ ਦੇ ਘਰਾਂ ਦੇ ਕੋਠਿਆਂ Ḕਤੇ ਚੜ੍ਹ ਕੇ ਗੀਤ ਸੁਣਦੀਆਂ। ਅਮਰਜੋਤ ਗੀਤ ਦੇ ਵਿਸ਼ੇ ਮੁਤਾਬਕ ਵਧੀਆ ਪੇਸ਼ਕਾਰੀ ਲਈ ਲੋੜੀਂਦੀ ਅਦਾਕਾਰੀ ਅਤੇ ਚੋਹਲ-ਮੋਹਲ ਵੀ ਕਰ ਲੈਂਦੀ ਸੀ। ਗੀਤ ਨੂੰ ਵੇਖਣਯੋਗ ਬਣਾਉਣ ਦੀ ਅਮਰਜੋਤ ਕੋਲ ਇੱਕ ਖਾਸ ਕਲਾ ਸੀ। ਅਮਰਜੋਤ-ਚਮਕੀਲਾ ਦੇ ਕਈ ਗੀਤ ਇਸ ਪੱਖੋਂ ਬੜੇ ਯਾਦਗਰੀ ਬਣੇ ਹਨ। ਕੁਝ ਗੀਤ (ਤਲਵਾਰ ਮੈਂ ਕਲਗੀਧਰ ਦੀ ਹਾਂ, ਕੀ ਜ਼ੋਰ ਗਰੀਬਾਂ ਦਾ ਮਾਰੀ ਝਿੜਕ ਸੋਹਣਿਆ ਮੁੜ ਗਏ, ਕੁੜੀਓ ਰਾਹ ਛੱਡ ਦਿਓ ਮੇਰੇ ਯਾਰ ਨੇ ਗਲੀ ਦੇ ਵਿਚੋਂ ਲੰਘਣਾ ਆਦਿ) ਅਮਰਜੋਤ ਦੇ ਦਿਲ ਦੇ ਬਹੁਤ ਕਰੀਬ ਸਨ ਜਿਨ੍ਹਾਂ ਨੂੰ ਗਾਉਂਦਿਆਂ ਉਸ ਨੂੰ ਇੱਕ ਵੱਖਰਾ ਸਰੂਰ ਚੜ੍ਹ ਜਾਂਦਾ ਸੀ।
ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਸੀ ਕਿ ਚਰਚਿਤ ਗਾਇਕ ਜੋੜੀਆਂ ਦੇ ਸੈਟ ਟੁੱਟਣਾ ਆਮ ਗੱਲ ਹੁੰਦੀ ਸੀ, ਇਸ ਲਈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਅਮਰਜੋਤ ਤੇ ਚਮਕੀਲੇ ਨੂੰ ਮਿਲਾਉਣ ਵਾਲਾ ਇੱਕ ਢੋਲਕ ਮਾਸਟਰ ਕੇਸਰ ਸਿੰਘ ਟਿੱਕੀ ਸੀ ਜਿਸ ਨਾਲ ਚਮਕੀਲੇ ਦੀ ਗੂੜ੍ਹੀ ਯਾਰੀ ਸੀ। ਇਹ ਬੰਦਾ ਚਮਕੀਲੇ ਨਾਲ ਜਿੰæਦਗੀ ਦੇ ਹਰ ਮੋੜ Ḕਤੇ ਖੜ੍ਹਿਆ। ਚਮਕੀਲੇ ਤੇ ਅਮਰਜੋਤ ਦਾ ਵਿਆਹ ਵੀ ਇਸੇ ਮਿੱਤਰ ਦੇ ਘਰ ਫਗਵਾੜੇ ਹੋਇਆ। ਜਿੱਥੇ ਅਮਰਜੋਤ, ਚਮਕੀਲਾ ਤੇ ਕੇਸਰ ਟਿੱਕੀ ਦੇ ਪਰਿਵਾਰਕ ਮੈਂਬਰ ਹੀ ਮੌਜੂਦ ਸਨ। ਇਹ ਚਮਕੀਲੇ ਦਾ ਦੂਜਾ ਵਿਆਹ ਸੀ ਜਦਕਿ ਪਹਿਲੇ ਵਿਆਹ ਦੀ ਪਤਨੀ ਗੁਰਮੇਲ ਕੌਰ ਪਿੰਡ ਦੁਗਰੀ ਰਹਿੰਦੀ ਸੀ, ਜਿਸ ਦੀਆਂ ਦੋ ਬੇਟੀਆਂ ਵੀ ਸਨ। ਇਸ ਬਾਰੇ ਅਮਰਜੋਤ ਨੂੰ ਨਹੀਂ ਸੀ ਪਤਾ।
ਉਂਜ ਇਹ ਵੀ ਜ਼ਿਕਰਯੋਗ ਸੀ ਕਿ ਚਮਕੀਲਾ ਤੇ ਅਮਰਜੋਤ ਦੇ ਇਕੱਠਿਆਂ ਗਾਉਣ ਕਰਕੇ ਉਨ੍ਹਾਂ ਵਿਚਾਲੇ ਆਪਸੀ ਮੋਹ ਦੀਆਂ ਤੰਦਾਂ ਵੀ ਸੰਘਣੀਆਂ ਹੋਣ ਲੱਗੀਆਂ ਸਨ। ਚਮਕੀਲਾ ਅਮਰਜੋਤ ਨੂੰ ਪਿਆਰ ਨਾਲ ḔਬੱਬੀḔ ਕਹਿ ਕੇ ਬੁਲਾਉਂਦਾ।
ਸਮਾਜਕ ਵਿਸ਼ਿਆਂ ਨੂੰ ਪਾਰਦਰਸ਼ੀ ਕਰਨ ਦੀ ਆੜ ਵਿਚ ਚਮਕੀਲੇ ਦੀ ਗਾਇਕੀ ਨੂੰ ਲੱਚਰਤਾ ਦਾ ਜਾਮਾ ਪਹਿਨਾਇਆ ਜਾਣ ਲੱਗਾ। ਇਸ ਬਾਰੇ ਨਿੱਤ ਦਿਨ ਮਿਲਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਵੇਖ ਕੇ ਵੀ ਅਮਰਜੋਤ ਨਹੀਂ ਘਬਰਾਈ ਤੇ ਨਾ ਹੀ ਉਸ ਦਾ ਸਾਥ ਛੱਡ ਕੇ ਭੱਜੀ। ਮਰਨ ਵੇਲੇ ਚਮਕੀਲੇ ਤੋਂ ਪਹਿਲਾਂ ਮੌਤ ਨੂੰ ਅਮਰਜੋਤ ਨੇ ਹੀ ਗਲ ਲਾਇਆ। ਜਦ ਅਮਰਜੋਤ ਦੇ ਗੋਲੀ ਲੱਗੀ ਤਾਂ ਚਮਕੀਲਾ ਭੱਜ ਕੇ ਤੜਫਦੀ ਅਮਰਜੋਤ ਕੋਲ ਆ ਕੇ ਚਿਲਾਇਆ, “ਬੱਬੀ! ਬੱਬੀ! ਕੀ ਹੋ ਗਿਆ ਤੈਨੂੰæææ!” ਅਗਲੇ ਹੀ ਪਲ ਤਾੜ ਤਾੜ ਕਰਦੀਆਂ ਗੋਲੀਆਂ ਦੀ ਬੁਛਾੜ ਨੇ ਚਮਕੀਲੇ ਨੂੰ ਵੀ ਥਾਂਏਂ ਢੇਰ ਕਰ ਦਿੱਤਾ।
ਚਮਕੀਲਾ-ਅਮਰਜੋਤ ਦੀ ਮੌਤ ਤੋਂ ਬਾਅਦ ਅਨੇਕਾਂ ਨਵੇਂ ਗਾਇਕਾਂ ਨੇ ਪ੍ਰਸਿੱਧੀ ਪਾਉਣ ਲਈ ਆਪਣੇ ਆਪ ਨੂੰ ਚਮਕੀਲੇ ਦੇ ਚੇਲੇ ਅਖਵਾਉਣ ਲਈ ਉਸ ਦੇ ਨਾਂ ਨਾਲ ਮਿਲਦੇ-ਜੁਲਦੇ ਨਾਂ ਰੱਖ ਕੇ ਆਪਣਾ ਤੋਰੀ ਫੁਲਕਾ ਚਲਾਉਣ ਦਾ ਢਕਵੰਜ ਰਚਿਆ, ਪਰ ਕੋਈ ਵੀ ਚਮਕੀਲਾ-ਅਮਰਜੋਤ ਦੇ ਮਾਰਗ ਦਾ ਪਾਂਧੀ ਨਾ ਬਣ ਸਕਿਆ। ਅੱਜ ਦੇ ਕਈ ਗਾਇਕਾਂ ਨੇ ਚਮਕੀਲੇ ਦੇ ਗੀਤਾਂ ਅਤੇ ਤਰਜਾਂ ਨੂੰ ਤੋੜ ਮਰੋੜ ਕੇ ਜਰੂਰ ਗਾਇਆ ਹੈ।
ਅਮਰਜੋਤ ਨੇ ਦੋ ਲੜਕਿਆਂ ਨੂੰ ਜਨਮ ਦਿੱਤਾ। ਛੋਟਾ ਬੇਟਾ ਉਸ ਦੀ ਮੌਤ ਵੇਲੇ ਸਿਰਫ ਤਿੰਨ ਕੁ ਮਹੀਨਿਆਂ ਦਾ ਹੀ ਸੀ ਜੋ ਬਾਅਦ ਵਿਚ ਚੱਲ ਵਸਿਆ। ਵੱਡਾ ਬੇਟਾ ਜੈਮਨ ਗਾਇਕੀ ਦਾ ਸ਼ੌਕੀਨ ਹੈ। ਚਮਕੀਲੇ ਦੇ ਪਹਿਲੇ ਵਿਆਹ ਦੀਆਂ ਬੇਟੀਆਂ ਵੀ ਗਾਇਕੀ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਦਾ ਗਾਇਕੀ ਖੇਤਰ ਵਿਚ ਸੰਘਰਸ਼ ਜਾਰੀ ਹੈ।
ਤੀਹ ਸਾਲ ਹੋ ਗਏ ਇਸ ਗਾਇਕ ਜੋੜੀ ਨੂੰ ਜਹਾਨੋਂ ਗਿਆ ਪਰ ਅੱਜ ਵੀ ਇਨ੍ਹਾਂ ਦੇ ਗਾਏ ਗੀਤ ਪਹਿਲਾਂ ਨਾਲੋਂ ਵੱਧ ਗਿਣਤੀ ਵਿਚ ਸੁਣੇ ਜਾਂਦੇ ਹਨ। ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਧਾਰਮਕ ਗਾਇਕੀ ਲਈ ਨਰਿੰਦਰ ਬੀਬਾ, ਮਰਦ ਅੰਦਾਜ਼ ਦੀ ਬੁਲੰਦ ਗਾਇਕਾ ਵਜੋਂ ਜਗਮੋਹਨ ਕੌਰ ਵਾਂਗ ਅਮਰ ਗੀਤਾਂ ਦੀ ਇਸ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀਆਂ ਆਵਾਜ਼ਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।