ਫੁੱਟਬਾਲ ਦੇ ਫੀਫਾ ਵਿਸ਼ਵ ਕੱਪ ਦੀਆਂ ਬਾਤਾਂ

ਪਰਦੀਪ, ਸੈਨ ਹੋਜੇ
ਫੋਨ: 408-540-4547
1958 ਸਵੀਡਨ: ਇਹ ਟੂਰਨਾਮੈਂਟ 8 ਜੂਨ ਤੋਂ ਲੈ ਕੇ 29 ਜੂਨ ਤਕ ਹੋਇਆ। ਬ੍ਰਾਜ਼ੀਲ ਨੇ ਮੇਜ਼ਬਾਨ ਸਵੀਡਨ ਨੂੰ 5-2 ਨਾਲ ਹਰਾ ਕੇ ਇਹ ਕੱਪ ਜਿਤਿਆ। 17 ਸਾਲ ਦਾ ਪੇਲੇ ਇਸ ਵਿਸ਼ਵ ਕੱਪ ਦਾ ਨਾਇਕ ਬਣਿਆ। ਪਸੀਨੇ ਨਾਲ ਭਿਜੇ ਪੇਲੇ ਨੂੰ ਗੋਰੀਆਂ ਉਂਗਲੀ ਲਾ ਲਾ ਕੇ ਵੇਖਦੀਆਂ ਕਿ ਇਸ ਦਾ ਰੰਗ ਪੱਕਾ ਹੈ ਜਾਂ ਕੱਚਾ? ਫਰਾਂਸ ਦੇ ਜਸਟ ਫੌਨਟੀਨ ਨੇ ਇਸ ਵਿਸ਼ਵ ਕੱਪ ਵਿਚ 13 ਗੋਲ ਕਰਕੇ ਨਵਾਂ ਰਿਕਾਰਡ ਬਣਾਇਆ, ਜੋ ਅੱਜ ਵੀ ਬਰਕਰਾਰ ਹੈ। ਉਸ ਨੇ ਜੋ ਬੂਟ ਪਾਏ ਸਨ, ਉਹ ਕਿਸੇ ਸਾਥੀ ਖਿਡਾਰੀ ਤੋਂ ਮੰਗਵੇ ਲੈ ਕੇ ਪਾਏ ਸਨ। ਰੂਸ ਦਾ ਵਿਸ਼ਵ ਕੱਪ ਵਿਚ ਪਹਿਲਾ ਦਾਖਲਾ ਵੀ ਇਸੇ ਵਾਰ ਹੋਇਆ ਸੀ। ਯੂæ ਕੇæ ਦੀਆਂ ਚਾਰ ਟੀਮਾਂ-ਇੰਗਲੈਂਡ, ਸਕਾਟਲੈਂਡ, ਨਾਰਥ ਆਇਰਲੈਂਡ ਅਤੇ ਵੇਲਜ਼ ਨੇ ਅਲੱਗ-ਅਲੱਗ ਹਿੱਸਾ ਲਿਆ। ਬ੍ਰਾਜ਼ੀਲ ਦੀ ਇਹ ਪਹਿਲੀ ਟਰਾਫੀ ਸੀ।

1962: ਚਿੱਲੀ ਵਿਚ ਇਹ ਕੱਪ 30 ਮਈ ਤੋਂ 17 ਜੂਨ ਤਕ ਹੋਇਆ। ਇਸ ਦੇ ਫਾਈਨਲ ਵਿਚ ਬ੍ਰਾਜ਼ੀਲ ਨੇ ਚੈਕੋਸਲੋਵਾਕੀਆ ਨੂੰ 3-1 ਨਾਲ ਹਰਾ ਕੇ ਵਿਸ਼ਵ ਕੱਪ ਦੂਜੀ ਵਾਰ ਜਿੱਤਿਆ। ਟੂਰਨਾਮੈਂਟ ਤੋਂ ਪਹਿਲਾਂ ਚਿੱਲੀ ਭੁਚਾਲ ਦੀ ਮਾਰ ਹੇਠ ਆ ਗਿਆ ਸੀ, ਕਈ ਤਿਆਰੀਆਂ ਨਵੇਂ ਸਿਰੇ ਤੋਂ ਕਰਨੀਆਂ ਪਈਆਂ। ਇੱਕ ਮੈਚ ਚਿੱਲੀ ਅਤੇ ਇਟਲੀ ਵਿਚਾਲੇ ਹੋਇਆ ਜਿਸ ਨੂੰ ‘ਬੈਟਲ ਆਫ ਸੈਂਟੀਆਗੋ’ ਦੇ ਨਾਂ ਨਾਲ ਚੇਤੇ ਕੀਤਾ ਜਾਂਦਾ ਹੈ। ਇੰਗਲੈਂਡ ਦਾ ਕੈਨ ਆਸਟਨ ਕਦੇ ਭਾਰਤ ਵਿਚ ਫੌਜੀ ਅਫਸਰ ਹੋਇਆ ਕਰਦਾ ਸੀ, ਉਹ ਇਸ ਮੈਚ ਦਾ ਰੈਫਰੀ ਸੀ। ਇਟਲੀ ਦੇ ਖਿਡਾਰੀ ਜੌਰਜੀਓ ਫਰੀਨੀ ਨੂੰ ਉਸ ਦੀ ਗੰਦੀ ਖੇਡ ਕਰਕੇ ਮੈਚ ‘ਚੋਂ ਬਾਹਰ ਕੱਢ ਦਿੱਤਾ ਗਿਆ। ਪਰ ਜੌਰਜੀਓ ਨੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਪੁਲਿਸ ਦੀ ਮਦਦ ਨਾਲ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ।
1966: ਫੁਟਬਾਲ ਦੀ ਖੇਡ ਨੂੰ ਜਨਮ ਦੇਣ ਵਾਲੇ ਇੰਗਲੈਂਡ ਵਿਚ ਇਹ ਵਿਸ਼ਵ ਕੱਪ 11 ਤੋਂ 30 ਜੁਲਾਈ ਤਕ ਹੋਇਆ। ਇਸ ਦੇ ਫਾਈਨਲ ਵਿਚ ਇੰਗਲੈਂਡ ਨੇ ਆਪਣੇ ਕੱਟੜ ਵਿਰੋਧੀ ਜਰਮਨੀ ਨੂੰ 4-2 ਨਾਲ ਹਰਾ ਕੇ ਪਹਿਲੀ ਵਾਰ ਕੱਪ ਆਪਣੇ ਨਾਂ ਕੀਤਾ ਪਰ ਮੁੜ ਉਹ ਚੈਂਪੀਅਨ ਨਾ ਬਣ ਸਕਿਆ। ਇਸ ਟੂਰਨਾਮੈਂਟ ਵਿਚ ਨਾਰਥ ਕੋਰੀਆ ਪਹਿਲੀ ਵਾਰ ਸ਼ਾਮਲ ਹੋਇਆ, ਪਰ ਇੰਗਲੈਂਡ ਇਸ ਗੱਲੋਂ ਖੁਸ਼ ਨਹੀਂ ਸੀ। ਅਫਰੀਕਾ ਦੇ 31 ਦੇਸ਼ ਫੀਫਾ ਦੀਆਂ ਨੀਤੀਆਂ ਕਰਕੇ ਖੁਸ਼ ਨਹੀਂ ਸਨ, ਉਨ੍ਹਾਂ ਇਸ ਵਿਚ ਹਿੱਸਾ ਨਾ ਲਿਆ। ਇਸ ਕੱਪ ਤੋਂ ਪਹਿਲਾਂ ਟਰਾਫੀ ਗੁੰਮ ਹੋ ਗਈ ਸੀ, ਜਿਸ ਨੂੰ ਐਨ ਮੌਕੇ ‘ਤੇ ਪਿਕਲਸ ਨਾਂ ਦੇ ਕੁੱਤੇ ਨੇ ਅਖਬਾਰ ਵਿਚ ਲਪੇਟੀ ਨੂੰ ਲੱਭਿਆ ਸੀ। ਇਹ ਕੁੱਤਾ ਇਸ ਵਿਸ਼ਵ ਕੱਪ ਦਾ ਹੀਰੋ ਬਣ ਗਿਆ ਸੀ।
1970: ਨਾਰਥ ਅਮਰੀਕਾ ਵਿਚ ਪਹਿਲੀ ਵਾਰ ਹੋਇਆ ਇਹ ਵਿਸ਼ਵ ਕੱਪ ਮੈਕਸੀਕੋ ਦੇ ਹਿੱਸੇ ਆਇਆ, ਜੋ 31 ਮਈ ਤੋਂ 21 ਜੂਨ ਤਕ ਚੱਲਿਆ। ਇਹ ਕੱਪ ਬ੍ਰਾਜ਼ੀਲ ਨੇ ਇਟਲੀ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਜਿਤਿਆ। ਇਹ ਜੂਲਜ਼ ਰਿਮਟ ਟਰਾਫੀ ਤਿੰਨ ਵਾਰ ਜਿੱਤਣ ਕਰਕੇ ਪੱਕੀ ਹੀ ਬ੍ਰਾਜ਼ੀਲ ਨੂੰ ਦੇ ਦਿੱਤੀ ਗਈ। ਇਸ ਟੂਰਨਾਮੈਂਟ ਵਿਚ ਪਹਿਲੀ ਵਾਰ ਜ਼ਖਮੀ ਖਿਡਾਰੀ ਨੂੰ ਬਦਲਣ ਦੀ ਨੀਤੀ ਲਾਗੂ ਕੀਤੀ ਗਈ। ਪਹਿਲੀ ਵਾਰ ਹੀ ਯੈਲੋ ਅਤੇ ਰੈਡ ਕਾਰਡ ਦਾ ਇਸਤੇਮਾਲ ਕੀਤਾ ਗਿਆ। ਬ੍ਰਾਜ਼ੀਲ ਦਾ ਕੋਚ ਮਾਰੀਓ ਜ਼ਗੈਲੋ ਖਿਡਾਰੀ ਅਤੇ ਕੋਚ ਦੇ ਤੌਰ ‘ਤੇ ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ।
1974: ਦਸਵਾਂ ਵਿਸ਼ਵ ਕੱਪ 13 ਜੂਨ ਤੋਂ 7 ਜੁਲਾਈ ਤਕ ਜਰਮਨੀ ਵਿਚ ਹੋਇਆ। ਇਹ ਕੱਪ ਜਰਮਨੀ ਨੇ ਨੀਦਰਲੈਂਡ ਨੂੰ 2-1 ਦੇ ਫਰਕ ਨਾਲ ਹਰਾ ਕੇ ਆਪਣੇ ਨਾਂ ਕੀਤਾ। ਅਫਰੀਕਾ ਦੇ ਦੇਸ਼ ਯਹਾਰੇ ਨੇ ਪਹਿਲੀ ਵਾਰ ਕਾਲੀ ਨਸਲ ਦੇ ਲੋਕਾਂ ਦੇ ਤੌਰ ‘ਤੇ ਹਿੱਸਾ ਲਿਆ। ਇਸ ਵਾਰ ਨਵੀਂ ਟਰਾਫੀ ਬਣਾ ਕੇ ਜਰਮਨੀ ਨੂੰ ਦਿੱਤੀ ਗਈ। ਰੂਸ ਨੇ ਚਿੱਲੀ ਨਾਲ ਕੁਆਲੀਫਾਈ ਮੈਚ ਇਸ ਕਰਕੇ ਖੇਡਣ ਤੋਂ ਇਨਕਾਰ ਕਰ ਦਿੱਤਾ ਕਿ ਉਥੋਂ ਦਾ ਤਾਨਾਸ਼ਾਹ ਜਨਰਲ ਪਿਨੋਚੈਟ ਅਮਰੀਕਾ ਦੀ ਸ਼ਹਿ ‘ਤੇ ਕਮਿਊਨਿਸਟਾਂ ‘ਤੇ ਅੱਤਿਆਚਾਰ ਕਰਦਾ ਹੈ। ਸੈਂਟੀਆਗੋ ਦੇ ਸਟੇਡੀਅਮ ਵਿਚ 40,000 ਲੋਕਾਂ ਦੇ ਸਾਹਮਣੇ ਖਾਲੀ ਗੋਲਾਂ ਵਿਚ ਚਿੱਲੀ ਦੇ ਖਿਡਾਰੀ ਨੇ ਗੋਲ ਕਰਕੇ ਇਹ ਮੈਚ ਜਿੱਤਿਆ।