ਗੁਲਜ਼ਾਰ ਸਿੰਘ ਸੰਧੂ
“ਮੈਂ ਹੁਣ 86 ਵਰ੍ਹੇ ਦੀ ਹਾਂ। 3 ਮਾਰਚ 1986 ਤੋਂ ਇਕੱਲੀ ਹਾਂ। ਇਹ (ਐਮæ ਐਸ਼ ਰੰਧਾਵਾ) ਦਿਲ ਦੇ ਦੌਰੇ ਨਾਲ ਚੱਲ ਵੱਸੇ ਸਨ। ਬੱਚੇ ਆਪੋ ਆਪਣੀ ਥਾਂ ਹਨ। ਮੈਂ ਆਪਣੇ ਛੋਟੇ ਭਰਾ ਕੋਲ ਹਾਂ। ਸਭ ਠੀਕ ਹੈ। ਪੈਨਸ਼ਨ ਮਿਲਦੀ ਹੈ। ਕੋਈ ਦਿੱਕਤ ਨਹੀਂ। ਆਲ ਇੰਡੀਆ ਵੁਮਨ ਕਾਨਫਰੰਸ ਦੀ ਪ੍ਰਧਾਨ ਹਾਂ। ਜੀ ਲੱਗਿਆ ਰਹਿੰਦਾ ਹੈ। ਸਾਬ੍ਹ ਦੇ ਸਮਿਆਂ ਦੇ ਅਫਸਰ ਮੇਰੀ ਗੱਲ ਮੰਨਦੇ ਹਨ। ਮੈਨੂੰ ਇਸ ਕੰਮ ਦੀ ਜਾਚ ਹੈ। ਸੱਠ ਸਾਲ ਤੋਂ ਕਰ ਰਹੀ ਹਾਂ। ਉਦੋਂ ਤੋਂ ਜਦੋਂ ਅਸੀਂ ਇਲਾਹਾਬਾਦ ਸਾਂ। ਉਦੋਂ ਵਿਜੈ ਲਕਸ਼ਮੀ ਪੰਡਿਤ ਪ੍ਰਧਾਨ ਸੀ।
ਦਿੱਲੀ ਵਿਚ ਕਰਤਾਰ ਸਿੰਘ ਦੁੱਗਲ ਤੇ ਭਾਪਾ ਪ੍ਰੀਤਮ ਸਿੰਘ ਨੂੰ ਪਸੰਦ ਕਰਦੇ ਸਨ। ਜਦੋਂ ਜਾਂਦੇ, ਉਨ੍ਹਾਂ ਨੂੰ ਮਿਲ ਕੇ ਆਉਂਦੇ ਜਾਂ ਆਪਣੇ ਕੋਲ ਬੁਲਾ ਲੈਂਦੇ। ਜਿਵੇਂ ਇਥੇ ਆ ਕੇ ਤੈਨੂੰ ਤੇ ਕੁਲਵੰਤ ਸਿੰਘ ਵਿਰਕ ਨੂੰ। ਤੇਰੇ ਕੰਮ ਤੋਂ ਖੁਸ਼ ਸਨ, ਸੁਭਾਅ ਤੋਂ ਬਹੁਤਾ। ਆਪਣੇ ਭਾਈਚਾਰੇ ਦੇ ਬੰਦਿਆਂ ਨੂੰ ਦਿੱਲੀ ਦੱਖਣ ਵਿਚ ਵੀ ਪਸੰਦ ਕਰਦੇ ਸਨ।
ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਚੇਤੇ ਨਹੀਂ। ਕਹਿੰਦੇ ਹਨ ਕਿ ਅਸੀਂ ਇੱਕੋ ਥਾਂ ਪਲੇ ਸਾਂ। ਊਨਾ ਵਿਖੇ। ਉਨ੍ਹਾਂ ਦੇ ਪਿਤਾ ਤਹਿਸੀਲਦਾਰ ਸਨ ਤੇ ਮੇਰੇ ਪਿਤਾ ਸਿਵਲ ਸਰਜਨ। ਪਿਤਾ ਜੀ ਅੱਖਾਂ ਦੇ ਡਾਕਟਰ ਸਨ। ਗੋਜਰੇ ਵਾਲੇ ਹਰਭਜਨ ਸਿੰਘ ਵਜੋਂ ਜਾਣੇ ਜਾਂਦੇ ਸਨ। ਮੈਂ ਮਾਲਵੇ ਦੇ ਗਰੇਵਾਲਾਂ ਦੀ ਧੀ ਹਾਂ ਤੇ ਇਹ ਦੁਆਬੇ ਤੋਂ ਸਨ। ਜੇ ਪਹਿਲਾਂ ਦੇ ਜਾਣੂ ਨਾ ਹੁੰਦੇ ਤਾਂ ਰਿਸ਼ਤਾ ਨਹੀਂ ਸੀ ਹੋਣਾ। ਜਦੋਂ ਸਿਵਲ ਸਰਵਿਸ ਵਿਚ ਪਾਸ ਹੋਏ ਤਾਂ ਉਨ੍ਹਾਂ ਦੇ ਸਕੂਲ ਵਾਲੇ ਬੈਂਡ ਵਾਜਾ ਲੈ ਕੇ ਇਨ੍ਹਾਂ ਨੂੰ ਸਟੇਸ਼ਨ ਤੋਂ ਲੈ ਕੇ ਆਏ ਸਨ। ਮੇਰੇ ਪਿਤਾ ਵੀ ਸ਼ਗਨ ਪਾ ਆਏ। ਕਹਿੰਦੇ ਸੌਖੀ ਰਹੇਗੀ।
ਮੈਂ ਚਾਹ ਬਹੁਤ ਪੀਂਦੀ ਸਾਂ। ਇਨ੍ਹਾਂ ਦੇ ਟੱਬਰ ਨੂੰ ਚਾਹ ਪੀਣ ਲਾਇਆ। ਹੁਣ ਮੈਂ ਦੁੱਧ ਰਿੜਕਦੀ ਹਾਂ, ਮੱਖਣ ਤੇ ਲੱਸੀ ਲਈ। ਥੋੜ੍ਹੇ ਬਹੁਤ ਅੰਗ ਵੀ ਹਿਲਦੇ ਹਨ। ਬਿਜਲੀ ਦੀ ਮਧਾਣੀ ਨਹੀਂ ਖਰੀਦੀ। ਇਹ ਜਦੋਂ ਵੀ ਚਾਹ ਪੀਂਦੇ, ਮੈਨੂੰ ਯਾਦ ਕਰਦੇ। ਇੱਕ ਵਾਰੀ ਕੁਰਸੀ ਵਿਚ ਹੱਥ ਆ ਕੇ ਮੇਰੀਆਂ ਦੋ ਉਂਗਲਾਂ ਪਿਚਕ ਗਈਆਂ। ਮੈਂ ਰੋਈ ਨਹੀਂ। ਗੁਰਬਖਸ਼ ਸਿੰਘ ਹੁਰਾਂ ਇਹ ਗੱਲ ਪ੍ਰੀਤ ਲੜੀ ਵਿਚ ਲਿਖੀ। ਉਹ ਸਾਨੂੰ ਮਿਲਣ ਦੋ ਵਾਰ ਇਲਾਹਾਬਾਦ ਆਏ। ਇਨ੍ਹਾਂ ਦੇ ਮੱਦਾਹ ਸਨ।
ਅੰਗਰੇਜ਼ਾਂ ਨੂੰ ਪਸੰਦ ਨਹੀਂ ਸੀ ਕਰਦੇ। ਫੈਜ਼ਾਬਾਦ ਕੰਮ ਕਰਦਿਆਂ ਅਦਿੱਤਿਆ ਨਾਥ ਝਾਅ ਨਾਲ ਦੋਸਤੀ ਪਾਈ ਤੇ ਅਲਮੋੜ੍ਹਾ ਵਿਚ ਧਰਮ ਵੀਰ ਨਾਲ। ਉਹ ਬੜਾ ਖੁਸ਼ ਮਿਜਾਜ਼ ਬੰਦਾ ਸੀ। ਰੰਗੀਲਾ ਤੇ ਪਹਾੜਾਂ ਦੀ ਸੈਰ ਦਾ ਸ਼ੌਂਕੀ। ਇਨ੍ਹਾਂ ਨੇ ਕਾਂਗੜੇ ਦੀ ਸੈਰ ਕਰਾਈ। ਮੈਨੂੰ ਇਲਾਹਾਬਾਦ ਪਸੰਦ ਸੀ। ਜ਼ਿਲੇ ਦੀਆਂ ਦੋ ਤਹਿਸੀਲਾਂ ਵਿਚੋਂ ਗੰਗਾ ਵਗਦੀ ਸੀ ਤੇ ਦੋ ਵਿਚੋਂ ਯਮਨਾ। ਗੰਗਾ ਦਾ ਪਾਣੀ ਸਾਫ ਸੀ ਤੇ ਯਮਨਾ ਦਾ ਗੰਦਾ। ਅੱਧਾ ਜ਼ਿਲਾ ਰਿਸ਼ਟ ਪੁਸ਼ਟ, ਅੱਧਾ ਗਰੀਬ। ਦਰਿਆਈ ਪਾਣੀਆਂ ਦਾ ਸਿਹਤ ਉਤੇ ਕੀ ਅਸਰ ਪੈਂਦਾ ਹੈ? ਉਥੇ ਰਹਿ ਕੇ ਪਤਾ ਲੱਗਾ। ਹਾਂ! ਉਥੇ ਗੰਗਾ, ਯਮਨਾ ਤੇ ਸਰਸਵਤੀ ਦੀ ਤ੍ਰਿਵੈਣੀ ਕਮਾਲ ਸੀ।
ਇਹ ਵਕਤ ਦੇ ਬੜੇ ਪਾਬੰਦ ਸਨ। ਕਦੀ ਲੇਟ ਨਹੀਂ ਸੀ ਹੁੰਦੇ। ਜੇ ਹੋ ਜਾਂਦੇ ਤਾਂ ਗੁੱਸਾ ਮੇਰੇ ਉਤੇ ਕੱਢਦੇ। ਮੈਂ ਜਾਣਦੀ ਸਾਂ ਕਿ ਇਨ੍ਹਾਂ ਨੇ ਖੁਦ ਹੀ ਸੰਭਵ ਜਾਣੈ। ਮੈਂ ਹੀ ਸਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਤਿਆਰ ਕਰਕੇ ਤੋਰ ਦਿੰਦੀ ਸਾਂ। ਮੇਰੀ ਵੀ ਆਦਤ ਬਣ ਗਈ। ਮੈਂ ਅੱਜ ਵੀ ਕਿਤੇ ਜਾਣਾ ਹੋਵੇ ਤਾਂ ਪੰਦਰਾਂ ਮਿੰਟ ਪਹਿਲਾਂ ਤਿਆਰ ਹੋ ਜਾਂਦੀ ਹਾਂ। ਆਪਸ ਵਿਚ ਲੜਾਈ ਦਾ ਸਵਾਲ ਹੀ ਨਹੀਂ ਸੀ। ਮੱਝਾਂ-ਗਾਈਆਂ, ਦੁੱਧ-ਮਧਾਣੀ, ਰਸੋਈ ਤੇ ਬਾਲ ਪਰਿਵਾਰ-ਲੜਨ ਦੀ ਵਿਹਲ ਕਿਸ ਨੂੰ ਸੀ। ਮੈਂ ਤਾਂ ਉਨ੍ਹਾਂ ਦੇ ਹੁੰਦਿਆਂ ਸੈਰ ਵੀ ਨਹੀਂ ਸੀ ਕੀਤੀ। ਹੁਣ ਹਰ ਰੋਜ਼ ਡੇਢ ਘੰਟਾ ਸੈਰ ਕਰਦੀ ਹਾਂ।”
ਉਪਰੋਕਤ ਗੱਲਾਂ 2001 ਦੀ ਮਿਲਣੀ ਦੀਆਂ ਹਨ। 3 ਮਾਰਚ 2018 ਨੂੰ ਰੰਧਾਵਾ ਸਾਹਿਬ ਦੇ ਅਕਾਲ ਚਲਾਣੇ ਨੂੰ 32 ਸਾਲ ਹੋ ਜਾਣੇ ਹਨ। 22 ਜੂਨ ਨੂੰ ਇਕਬਾਲ ਕੌਰ ਰੰਧਾਵਾ ਨੇ 102 ਵਰ੍ਹੇ ਦੇ ਹੋ ਜਾਣਾ ਸੀ। ਹਸਪਤਾਲ ਦਾਖਲ ਹੋਣ ਤੋਂ ਪਹਿਲੇ ਦਿਨ ਲੰਮੀ ਸੈਰ ਕਰਕੇ ਆਏ ਸਨ। ਠੰਢ ਲਗਦੀ ਗਈ। ਨਮੂਨੀਆ ਕਾਬੂ ਨਹੀਂ ਆਇਆ।
ਦਿੱਲੀ ਦੀ ਸਾਹਿਤ ਅਕਾਦਮੀ ਉਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੀ ਛਾਪ: ਇਸ ਵਾਰੀ ਦੇ ਨਵੀਂ ਦਿੱਲੀ ਸਾਹਿਤ ਉਤਸਵ (12-17 ਫਰਵਰੀ 2018) ਸਮੇਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ ਦਾ ਕੇਂਦਰ ਦੀ ਸਾਹਿਤ ਅਕਾਦਮੀ ਦਾ ਮੀਤ ਪ੍ਰਧਾਨ ਚੁਣੇ ਜਾਣਾ ਇਕ ਬਹੁਤ ਵੱਡੀ ਖਬਰ ਹੈ। ਇਹ ਛੇ ਰੋਜ਼ਾ ਸਾਹਿਤ ਉਤਸਵ ਭਾਰਤੀ ਸੁਤੰਤਰਤਾ ਦੇ 70 ਸਾਲਾਂ ਨੂੰ ਸਮਰਪਿਤ ਸੀ। ਇਸ ਵਿਚ ਭਾਰਤੀ ਭਾਸ਼ਾਵਾਂ ਦੇ 24 ਲੇਖਕਾਂ ਨੂੰ 2017 ਦੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਪੰਜਾਬੀ ਪੁਰਸਕਾਰ ਪ੍ਰਾਪਤ ਕਰਨ ਵਾਲਾ ਦਿੱਲੀ ਨਿਵਾਸੀ ਨਛੱਤਰ ਸੀ। ਦੇਸ਼ ਭਰ ਦੇ ਲੇਖਕਾਂ ਦੀ ਮਹਾ ਮਿਲਣੀ ਤੋਂ ਬਿਨਾ ਭੋਟੀਆ, ਢੋਡੀਆ, ਗਾਰੋ, ਗੋਜਰੀ, ਕਾਰਬੀ, ਖਾਸੀ ਆਦਿ ਤਿੰਨ ਦਰਜਨ ਆਦਿਵਾਸੀ ਭਾਸ਼ਾਵਾਂ ਦੇ ਲੇਖਕ ਵੀ ਇੱਕ ਦੂਜੇ ਦੇ ਰੂ-ਬ-ਰੂ ਹੋਏ। ਮੇਲੇ ਹੀ ਮੇਲੇ!
ਭਾਰਤੀ ਸੁਤੰਤਰਤਾ ਦੇ ਸੱਤ ਦਹਾਕਿਆਂ ਦੀ ਕਥਾ ਨੂੰ ਰਿੜਕਣ ਲਈ ਜੰਗ ਸਮੇਂ ਦਾ ਸਾਹਿਤ ਹੀ ਨਹੀਂ, ਐਮਰਜੈਂਸੀ ਤੇ ਰਾਜਨੀਤੀ ਸਾਹਿਤ ਵੀ ਨਿੱਠ ਕੇ ਵਿਚਾਰਿਆ ਗਿਆ। ਅੰਤਲੇ ਸੈਸ਼ਨ ਵਿਚ ਦੇਸ਼ ਦੀ ਸੁਤੰਤਰਤਾ ਵਿਚ ਸਾਹਿਤ ਦੇ ਯੋਗਦਾਨ ਬਾਰੇ ਭਰਪੂਰ ਚਰਚਾ ਹੋਈ-ਅਨੁਵਾਦਤ ਅਤੇ ਮੂੰਹ ਜ਼ੁਬਾਨੀ ਪੇਸ਼ ਕੀਤੇ ਸਾਹਿਤ ਸਮੇਤ। ਪ੍ਰਕਾਸ਼ਕਾਂ ਤੇ ਮੀਡੀਆ ਦੇ ਯੋਗਦਾਨ ਬਾਰੇ ਵੀ ਵੱਖਰੇ ਸੈਸ਼ਨ ਰੱਖੇ ਗਏ, ਜਿਨ੍ਹਾਂ ਵਿਚ ਸੰਕਟ ਕਾਲੀਨ ਸਥਿਤੀਆਂ ਉਤੇ ਖੂਬ ਚਾਨਣਾ ਪਾਇਆ ਗਿਆ।
ਮਾਧਵ ਕੌਸ਼ਿਕ ਨੇ ਛੇ ਦਿਨ ਇਸ ਉਤਸਵ ਵਿਚ ਹਾਜ਼ਰੀ ਭਰੀ। ਉਹ ਹਿੰਦੀ ਕਵੀ ਵਜੋਂ ਪ੍ਰਸਿੱਧ ਹੈ ਅਤੇ 12 ਸਾਲ ਤੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਉਪਰਲੇ ਅਹੁਦਿਆਂ ‘ਤੇ ਤਾਇਨਾਤ ਹੈ। ਕੇਂਦਰੀ ਸਾਹਿਤ ਅਕਾਦਮੀ ਦੀ ਪਰੰਪਰਾ ਅਨੁਸਾਰ ਅਗਲੀ ਵਾਰ ਉਹਦੇ ਵੱਲੋਂ ਅਕਾਦਮੀ ਦੀ ਪ੍ਰਧਾਨਗੀ ਸੰਭਾਲਣਾ ਨਿਸ਼ਚਿਤ ਹੈ। ਮਾਧਵ ਕੌਸ਼ਿਕ ਨੂੰ ਵੱਡੀ ਪਦਵੀ ਮੁਬਾਰਕ।
ਅੰਤਿਕਾ: ਟੀæ ਐਨæ ਰਾਜ
(ਦਰਿਆਈ ਪਾਣੀ)
ਬਹਿਤਾ ਦਰਿਆ ਕਾਟ ਦੋ ਤਲਵਾਰ ਸੇ
ਇਸ ਤਰਫ ਕਾ ਮੇਰਾ ਪਾਨੀ ਔਰ ਹੈ।