ਪੰਜਾਬੀ ਦਾ ਵਿਲੱਖਣ ਫਿਲਮਸਾਜ਼ ਗੁਰਵਿੰਦਰ ਸਿੰਘ

ਸੁਖਵੰਤ ਹੁੰਦਲ
ਗੁਰਵਿੰਦਰ ਸਿੰਘ ਪੰਜਾਬੀ ਦਾ ਵਿਲੱਖਣ ਫਿਲਮਸਾਜ਼ ਹੈ। ਉਸ ਦੀ ਵਿਲੱਖਣਤਾ ਦਾ ਕਾਰਨ ਉਸ ਦੀ ਫਿਲਮਸਾਜ਼ੀ ਦੀ ਵੱਖਰੀ ਸ਼ੈਲੀ ਅਤੇ ਵਿਸ਼ਿਆਂ ਦੀ ਵੱਖਰੀ ਚੋਣ ਹੈ। ਉਸ ਦਾ ਕਹਿਣਾ ਹੈ, “ਸਿਨੇਮਾ ਮੇਰੇ ਲਈ ਜ਼ਿੰਦਗੀ ਤੇ ਘਟਨਾਵਾਂ, ਸਮੇਂ ਤੇ ਥਾਂ, ਪ੍ਰਤੱਖ ਤੇ ਅਪ੍ਰਤੱਖ, ਕਹੀ ਤੇ ਅਣਕਹੀ ਬਾਰੇ ਘੋਖ ਕਰਨ ਦਾ ਦਾਰਸ਼ਨਿਕ ਮਾਧਿਅਮ ਹੈ। ਕੋਈ ਵੀ ਮਹੱਤਵਪੂਰਨ ਜਾਂ ਮਾਮੂਲੀ ਘਟਨਾ ਇਸ ਘੋਖ ਦਾ ਵਿਸ਼ਾ ਬਣ ਸਕਦੀ ਹੈ। ਵਪਾਰਕ ਤੌਰ ਉਤੇ ‘ਕਾਮਯਾਬ’ ਹੋਣ ਜਾਂ ਕਿਸੇ ਸਮੇਂ ਦੇ ਪ੍ਰਚਲਿਤ ਵਿਚਾਰਾਂ ਜਾਂ ਭਾਵਨਾਵਾਂ ਦਾ ਫਾਇਦਾ ਉਠਾਉਣ ਦੀ ਖਾਹਿਸ਼ ਮੈਨੂੰ ਸੇਧ ਨਹੀਂ ਦਿੰਦੀ। ਫਿਰ ਵੀ ਮੈਂ ਉਮੀਦ ਕਰਦਾ ਹਾਂ ਕਿ ਮੇਰੀ ਫਿਲਮ ਨੂੰ ਵੱਧ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾਵੇ।”

ਕੌਮਾਂਤਰੀ ਫਿਲਮ ਜਗਤ ਅਤੇ ਪੰਜਾਬੀਆਂ ਦੇ ਇਕ ਖਾਸ ਦਾਇਰੇ ਵਿਚ ਬੇਸ਼ਕ, ਉਸ ਦੇ ਨਾਂ ਦੀ ਚਰਚਾ ਉਸ ਵਲੋਂ 2011 ਵਿਚ ਬਣਾਈ ਪਹਿਲੀ ਫੀਚਰ ਫਿਲਮ ‘ਅੰਨ੍ਹੇ ਘੋੜੇ ਦੇ ਦਾਨ’ ਦੇ ਨਾਲ ਹੀ ਸ਼ੁਰੂ ਹੋ ਗਈ ਸੀ, ਪਰ ਪੰਜਾਬੀ ਫਿਲਮਾਂ ਦਾ ਆਮ ਦਰਸ਼ਕ ਉਸ ਬਾਰੇ ਬਹੁਤ ਘੱਟ ਜਾਣਦਾ ਹੈ। ਇਸ ਲਈ ਉਸ ਦੀ ਜ਼ਿੰਦਗੀ ਅਤੇ ਕੰਮ ਬਾਰੇ ਇਹ ਸੰਖੇਪ ਜਾਣਕਾਰੀ ਹਾਜ਼ਰ ਹੈ।
ਗੁਰਵਿੰਦਰ ਦਾ ਜਨਮ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਵਿਚ ਸੰਨ 1973 ਵਿਚ ਹੋਇਆ। ਇਹ ਇਲਾਕਾ ਵੰਡ ਸਮੇਂ ਪਾਕਿਸਤਾਨ ਤੋਂ ਉਜੜ ਕੇ ਆਏ ਪੰਜਾਬੀਆਂ ਦਾ ਗੜ੍ਹ ਸੀ। ਉਸ ਦਾ ਬਚਪਨ ਅਤੇ ਜਵਾਨੀ ਦਿੱਲੀ ਵਿਚ ਲੰਘੇ। ਉਸ ਦੇ ਪਿਤਾ ਇਸ਼ਤਿਹਾਰਾਂ ਦੀਆਂ ਕੰਪਨੀਆਂ ਲਈ ਆਰਟ ਡਿਜ਼ਾਇਨਰ ਦਾ ਕੰਮ ਕਰਦੇ ਸਨ। ਇਸ ਕਰ ਕੇ ਘਰ ਵਿਚ ਆਰਟ ਬਾਰੇ ਕਿਤਾਬਾਂ, ਕੈਟਾਲੌਗ ਅਤੇ ਗਿਆਨਕੋਸ਼ ਪਏ ਰਹਿੰਦੇ ਸਨ। ਇਨ੍ਹਾਂ ਨੂੰ ਦੇਖਦਿਆਂ ਉਹ ਫੋਟੋਗ੍ਰਾਫਰ ਬਣਨ ਵਿਚ ਰੁਚਿਤ ਹੋ ਗਿਆ। ਦਿੱਲੀ ਯੂਨੀਵਰਸਟੀ ਵਿਚ ਪੜ੍ਹਦਿਆਂ ਉਹ ਐਡਵਰਟਾਈਜ਼ਿੰਗ ਦੇ ਖੇਤਰ ਵਿਚ ਗ੍ਰਾਫਿਕ ਆਰਟਿਸਟ ਦੇ ਤੌਰ ‘ਤੇ ਕੰਮ ਕਰਨ ਲੱਗਾ। ਫਿਰ ਉਹ ਪੁਣੇ ਯੂਨੀਵਰਸਿਟੀ ਵਿਚ ਮਾਸ ਕਮਿਊਨੀਕੇਸ਼ਨ ਦਾ ਕੋਰਸ ਕਰਨ ਚਲਾ ਗਿਆ। ਪੁਣੇ ਰਹਿੰਦਿਆਂ ਉਹ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਵਿਚ ਆਉਣ-ਜਾਣ ਲੱਗਾ ਅਤੇ ਉਸ ਤੋਂ ਬਾਅਦ ਉਸ ਨੇ ਇਸ ਇੰਸਟਿਚਿਊਟ ਤੋਂ ਫਿਲਮ ਨਿਰਦੇਸ਼ਕ ਦਾ ਪੋਸਟ-ਗਰੈਜੂਏਟ ਦਾ ਕੋਰਸ ਕੀਤਾ।
ਪੰਜਾਬ ਦੇ ਸਬੰਧ ਵਿਚ ਉਸ ਨੇ ਸਭ ਤੋਂ ਪਹਿਲੀ ਫਿਲਮ ‘ਪਾਲਾ’ ਬਣਾਈ ਜੋ ਪੰਜਾਬ ਦੇ ਪਾਲਾ ਨਾਂ ਦੇ ਢਾਡੀ ਬਾਰੇ ਦਸਤਾਵੇਜ਼ੀ ਫਿਲਮ ਸੀ। ਫਿਲਮ ਐਂਡ ਟੈਲੀਵਿਜ਼ਨ ਇੰਸਟਿਚਿਊਟ ਪੁਣੇ ਤੋਂ ਆਪਣੀ ਪੜ੍ਹਾਈ ਖਤਮ ਕਰਨ ਬਾਅਦ ਉਹ ਚਾਰ ਸਾਲ ਤੱਕ ਪੰਜਾਬ ਵਿਚ ਕਿੱਸਾ ਗਾਉਣ ਵਾਲਿਆਂ ਨਾਲ ਘੁੰਮਦਾ ਫਿਰਦਾ ਰਿਹਾ ਤਾਂ ਕਿ ਉਹ ਉਨ੍ਹਾਂ ਦੇ ਕੰਮ ਨੂੰ ਸੰਭਾਲ ਸਕੇ। ਇਹ ਦਸਤਾਵੇਜ਼ੀ ਇਸ ਸਮੇਂ ਦੌਰਾਨ ਇਕੱਤਰ ਕੀਤੀ ਸਮੱਗਰੀ ਦੇ ਆਧਾਰ ‘ਤੇ ਬਣੀ। ਇਨ੍ਹਾਂ ਚਾਰ ਸਾਲਾਂ ਦੌਰਾਨ ਪੰਜਾਬ ਦੀਆਂ ਫੇਰੀਆਂ ਨੇ ਉਸ ਨੂੰ ਪੰਜਾਬ ਨਾਲ ਜੋੜਨ ਦਾ ਕੰਮ ਕੀਤਾ। ਦਿੱਲੀ ਵਿਚ ਜੰਮਿਆ ਪਲਿਆ ਹੋਣ ਕਰ ਕੇ ਉਹ ਇਸ ਤੋਂ ਪਹਿਲਾਂ ਪੰਜਾਬ ਵਿਚ ਇਸ ਤਰ੍ਹਾਂ ਘੁੰਮਿਆ ਫਿਰਿਆ ਨਹੀਂ ਸੀ, ਨਾ ਹੀ ਉਸ ਨੂੰ ਪੰਜਾਬੀ ਪੜ੍ਹਨੀ ਆਉਂਦੀ ਸੀ।
ਫਿਲਮ ਐਂਡ ਟੈਲੀਵਿਜ਼ਨ ਇੰਸਟਿਚਿਊਟ ਪੁਣੇ ਵਿਚ ਪੜ੍ਹਦੇ ਸਮੇਂ ਗੁਰਵਿੰਦਰ ਪਹਿਲਾਂ ਹਿੰਦੀ ਵਿਚ ਫਿਲਮ ਬਣਾਉਣ ਬਾਰੇ ਸੋਚਦਾ ਸੀ। ਫਿਰ ਉਥੋਂ ਦੀ ਲਾਇਬਰੇਰੀ ਵਿਚੋਂ ਉਸ ਨੂੰ ਨਾਵਲਕਾਰ ਗੁਰਦਿਆਲ ਸਿੰਘ ਦਾ ਨਾਵਲ ‘ਅੰਨ੍ਹੇ ਘੋੜ੍ਹੇ ਦਾ ਦਾਨ’ ਹਿੰਦੀ ਵਿਚ ਅਨੁਵਾਦ ਹੋਇਆ ਮਿਲਿਆ। ਉਸ ਨੇ ਗੁਰਦਿਆਲ ਸਿੰਘ ਦੇ 5-6 ਨਾਵਲ ਪੜ੍ਹੇ। ਉਹ ਨਾਵਲ ਪੜ੍ਹ ਕੇ ਉਸ ਨੂੰ ਪੰਜਾਬ ਨੂੰ ਦੇਖਣ ਲਈ ਇਕ ਨਵੀਂ ਖਿੜਕੀ ਮਿਲ ਗਈ। ‘ਕਾਰਵਾਂ’ ਮੈਗਜ਼ੀਨ ਦੀ ਪੱਤਰਕਾਰ ਤ੍ਰਿਸ਼ਾ ਗੁਪਤਾ ਨਾਲ ਇੰਟਰਵਿਊ ਦੌਰਾਨ ਗੁਰਵਿੰਦਰ ਸਿੰਘ ਆਪਣੇ ਇਸ ਤਜਰਬੇ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, “ਮੈਂ ਪੰਜਾਬ ਦਾ ਇਹ ਪਾਸਾ ਨਹੀਂ ਦੇਖਿਆ ਸੀ। ਇਸ ਤਰ੍ਹਾਂ ਦੇ ਪਾਤਰ, ਇਸ ਤਰ੍ਹਾਂ ਦੇ ਮਸਲੇ, ਇਸ ਤਰ੍ਹਾਂ ਦਾ ਪੇਂਡੂ ਪੰਜਾਬ। ਉਸ (ਗੁਰਦਿਆਲ ਸਿੰਘ) ਦਾ ਵਰਨਣ ਬਿਲਕੁਲ ਚੈਖੋਵ ਵਾਂਗ ਸੀ: ਵਾਤਾਵਰਨ, ਮੂਡ, ਲੈਂਡਸਕੇਪ – ਬਹੁਤ ਹੀ ਭਾਵਨਾਵਾਂ ਭਰਪੂਰ। ‘ਅੰਨ੍ਹੇ ਘੋੜੇ ਦਾ ਦਾਨ’ ਮੇਰੇ ਦਿਮਾਗ ਵਿਚ ਘਰ ਕਰ ਗਿਆ। ਮੈਂ ਸੋਚਿਆ ਕਿ ਜੇ ਕੋਈ ਕਿਤਾਬ ਹੈ ਜਿਸ ਬਾਰੇ ਮੈਂ ਫਿਲਮ ਬਣਾਉਣੀ ਚਾਹੁੰਦਾ ਹਾਂ, ਤਾਂ ਉਹ ਹੈ ਇਹ ਕਿਤਾਬ; ਤੇ ਉਦੋਂ ਤੱਕ ਮੈਂ ਕਦੇ ਪੰਜਾਬ ਨਹੀਂ ਗਿਆ ਸੀ।”
ਜਦੋਂ ਉਹ ਢਾਡੀਆਂ ਬਾਰੇ ਦਸਤਾਵੇਜ਼ੀ ਬਣਾਉਣ ਲਈ ਚਾਰ ਸਾਲ ਪੰਜਾਬ ਵਿਚ ਘੁੰਮਿਆ ਤਾਂ ਉਸ ਨੂੰ ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਬਿਆਨੇ ਪੰਜਾਬ ਦੇ ਦਰਸ਼ਨ ਹੋਏ। ਉਸ ਦਾ ਪੰਜਾਬ ਵਿਚਲੀ ਜਾਤਪਾਤ ਨਾਲ ਸਾਹਮਣਾ ਹੋਇਆ। ਇਸ ਸਮੇਂ ਦੌਰਾਨ ਉਹ ਜਿਹੜੇ ਕਿੱਸਾ ਗਾਉਣ ਵਾਲਿਆਂ ਨੂੰ ਮਿਲਿਆ, ਉਹ ਸਾਰੇ ਅਖੌਤੀ ਛੋਟੀਆਂ ਜਾਤਾਂ – ਬਾਲਮੀਕੀ, ਮਜ਼ਹਬੀਆਂ- ਨਾਲ ਸਬੰਧਤ ਸਨ। ਪਿੰਡਾਂ ਵਿਚ ਉਸ ਨੇ ਜੱਟਾਂ ਅਤੇ ਅਖੌਤੀ ਛੋਟੀਆਂ ਜਾਤਾਂ ਦੇ ਵੱਖ ਵੱਖ ਗੁਰਦਵਾਰੇ ਦੇਖੇ। ਨਾਵਲ ‘ਅੰਨ੍ਹੇ ਘੋੜੇ ਦੇ ਦਾਨ’ ਦੀ ਯਾਦ ਫਿਰ ਤਾਜ਼ਾ ਹੋ ਗਈ, ਕਿਉਂਕਿ ਇਹ ਨਾਵਲ ਪੰਜਾਬ ਵਿਚਲੇ ਦਲਿਤਾਂ ਦੇ ਜੀਵਨ ਉਤੇ ਆਧਾਰਤ ਹੈ। ਉਸ ਨੇ ਇਸ ‘ਤੇ ਫਿਲਮ ਬਣਾਉਣ ਦਾ ਫੈਸਲਾ ਕਰ ਲਿਆ।
‘ਅੰਨ੍ਹੇ ਘੋੜੇ ਦਾ ਦਾਨ’ ਫਿਲਮ 2011 ਵਿਚ ਰਿਲੀਜ਼ ਹੋਈ। ਇਹ ਫਿਲਮ ਪੰਜਾਬੀ ਦੀਆਂ ਉਨ੍ਹਾਂ ਇਕ ਦੋ ਫਿਲਮਾਂ ਵਿਚੋਂ ਹੈ ਜਿਨ੍ਹਾਂ ਵਿਚ ਪੰਜਾਬ ਦੇ ਦਲਿਤਾਂ ਦੀ ਜ਼ਿੰਦਗੀ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਬਣੀਆਂ ਪੰਜਾਬੀ ਫਿਲਮਾਂ ਵਿਚੋਂ ਸ਼ਾਇਦ 1989 ਵਿਚ ਬਣੀ ‘ਮੜ੍ਹੀ ਦਾ ਦੀਵਾ’ ਹੀ ਅਜਿਹੀ ਫਿਲਮ ਹੈ ਜਿਸ ਦੀ ਕਹਾਣੀ ਪੰਜਾਬ ਦੇ ਦਲਿਤਾਂ ‘ਤੇ ਕੇਂਦਰਿਤ ਹੈ। ‘ਅੰਨ੍ਹੇ ਘੋੜੇ ਦਾ ਦਾਨ’ ਫਿਲਮ ਵਿਚ 1960ਵਿਆਂ ਦੇ ਪੰਜਾਬ ਵਿਚ ਵਿਕਾਸ ਮਾਡਲ ਅਧੀਨ ਹਾਸ਼ੀਏ ‘ਤੇ ਧੱਕੇ ਜਾ ਰਹੇ ਦਲਿਤਾਂ ਦੀ ਦਾਸਤਾਨ ਦਰਸਾਈ ਗਈ ਹੈ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਇਸ ਸਮੇਂ ਪੰਜਾਬ ਦੇ ਦਲਿਤ ਨੂੰ ਨਾ ਤਾਂ ਪਿੰਡ ਵਿਚ ਚੰਗੀ ਜ਼ਿੰਦਗੀ ਨਸੀਬ ਹੁੰਦੀ ਹੈ ਅਤੇ ਨਾ ਹੀ ਨਵੇਂ ਵਿਕਸਤ ਹੋ ਰਹੇ ਸ਼ਹਿਰਾਂ ਵਿਚ। ਇਹ ਫਿਲਮ ਵੈਨਿਸ ਦੇ ਕੌਮਾਂਤਰੀ ਫਿਲਮ ਮੇਲੇ ਵਿਚ ਦਿਖਾਈ ਗਈ। ਹਿੰਦੁਸਤਾਨ ਵਿਚ ਇਸ ਫਿਲਮ ਨੇ ਬੈਸਟ ਡਾਇਰੈਕਟਰ ਦਾ ਅਵਾਰਡ ਜਿੱਤਿਆ। ਕੌਮਾਂਤਰੀ ਪੱਧਰ ‘ਤੇ ਇਸ ਨੂੰ ਹੋਰ ਵੀ ਕਈ ਫਿਲਮ ਮੇਲਿਆਂ ਵਿਚ ਦਿਖਾਇਆ ਗਿਆ ਅਤੇ ਇਸ ਦੀ ਕਾਫੀ ਪ੍ਰਸ਼ੰਸਾ ਹੋਈ, ਪਰ ਇਸ ਫਿਲਮ ਦੀ ਇਕ ਵੱਡੀ ਸਮੱਸਿਆ ਸੀ। ਫਿਲਮ ਦੀ ਕਹਾਣੀ ਟੁੱਟਵੇਂ ਢੰਗ ਨਾਲ ਪੇਸ਼ ਕੀਤੀ ਗਈ ਸੀ ਅਤੇ ਫਿਲਮ ਦੇ ਕਈ ਪਾਤਰਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਨਤੀਜੇ ਵਜੋਂ ਇਸ ਫਿਲਮ ਨੂੰ ਸਮਝਣਾ ਬਹੁਤ ਮੁਸ਼ਕਿਲ ਸੀ। ਬਹੁਤ ਸਾਰੇ ਦਰਸ਼ਕਾਂ ਨੂੰ ਇਹ ਫਿਲਮ ਸਮਝ ਨਾ ਆਈ ਅਤੇ ਉਨ੍ਹਾਂ ਨੇ ਇਸ ਫਿਲਮ ਨੂੰ ਦੇਖਣ ਵਿਚ ਕਾਫੀ ਮੁਸ਼ਕਿਲ ਮਹਿਸੂਸ ਕੀਤੀ। ਨਤੀਜੇ ਵਜੋਂ ਉਨ੍ਹਾਂ ਨੇ ਸਵਾਲ ਕੀਤਾ ਕਿ ਗੁਰਵਿੰਦਰ ਸਿੰਘ ਇਸ ਫਿਲਮ ਵਿਚ ਕੀ ਕਹਿਣਾ ਚਾਹੁੰਦਾ ਹੈ? ਇਸ ਦੇ ਨਾਲ ਹੀ ਇਹ ਸਵਾਲ ਵੀ ਉਠਿਆ ਕਿ ਜੇ ਫਿਲਮ ਉਨ੍ਹਾਂ ਲੋਕਾਂ ਨੂੰ ਸਮਝ ਨਹੀਂ ਆਈ ਜਿਨ੍ਹਾਂ ਦੇ ਜੀਵਨ ਦੀ ਕਹਾਣੀ ਇਹ ਪੇਸ਼ ਕਰਦੀ ਹੈ ਤਾਂ ਇਸ ਫਿਲਮ ਨੂੰ ਬਣਾਉਣ ਦਾ ਮਕਸਦ ਕੀ ਹੈ?
ਦੋ ਹਜ਼ਾਰ ਪੰਦਰਾਂ ਵਿਚ ਬਣੀ ‘ਚੌਥੀ ਕੂਟ’ ਉਸ ਦੀ ਦੂਸਰੀ ਫੀਚਰ ਫਿਲਮ ਹੈ। ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆਂ ਦੋ ਕਹਾਣੀਆਂ ‘ਚੌਥੀ ਕੂਟ’ ਅਤੇ ‘ਮੈਂ ਹੁਣ ਠੀਕ ਠਾਕ ਹਾਂ’ ਉਤੇ ਆਧਾਰਤ ਇਹ ਫਿਲਮ ਸਰਕਾਰੀ ਅਤੇ ਗੈਰ-ਸਰਕਾਰੀ ਦਹਿਸ਼ਤ ਹੇਠ ਪਿਸਦੇ ਪੰਜਾਬੀਆਂ ਦੀ ਕਹਾਣੀ ਪੇਸ਼ ਕਰਦੀ ਹੈ। ਫਿਲਮ ਦਾ ਇਕੱਲਾ ਇਕੱਲਾ ਦ੍ਰਿਸ਼ ਉਸ ਸਮੇਂ ਪੰਜਾਬੀਆਂ ਵਲੋਂ ਹੰਢਾਈ ਪੀੜ ਅਤੇ ਸੰਤਾਪ ਨੂੰ ਬਹੁਤ ਹੀ ਖੂਬਸੂਰਤ ਅਤੇ ਭਾਵਮਈ ਢੰਗ ਨਾਲ ਬਿਆਨ ਕਰਦਾ ਹੈ।
ਚੌਥੀ ਕੂਟ ਪੰਜਾਬ ਦੇ 1980ਵਿਆਂ ਦੇ ਹਿੰਸਕ ਦੌਰ ਬਾਰੇ ਹੈ, ਪਰ ਸਾਰੀ ਫਿਲਮ ਵਿਚ ਬਹੁਤ ਹੀ ਮਾਮੂਲੀ ਹਿੰਸਾ ਦਿਖਾਈ ਗਈ ਹੈ। ਸਾਰੀ ਫਿਲਮ ਵਿਚ ਇਕ ਗੋਲੀ ਚਲਦੀ ਹੈ ਅਤੇ ਪੁਲਿਸ ਨਾਲ ਇਕ ਝੜਪ ਹੁੰਦੀ ਹੈ। ਫਿਰ ਵੀ ਦਰਸ਼ਕ ਫਿਲਮ ਦੇਖਦਾ ਹੋਇਆ ਹਰ ਪਲ ਉਸ ਦੌਰ ਦੀ ਹਿੰਸਾ ਦੀ ਦਹਿਸ਼ਤ ਨੂੰ ਮਹਿਸੂਸ ਕਰਦਾ ਹੈ। ਦਹਿਸ਼ਤ ਦਾ ਇਹ ਅਹਿਸਾਸ ਇਸ ਫਿਲਮ ਦੀ ਪ੍ਰਾਪਤੀ ਹੈ। ‘ਦਿ ਹਿੰਦੂ’ ਅਖਬਾਰ ਵਿਚ ਨਮਰਤਾ ਜੋਸ਼ੀ ਨਾਲ ਕੀਤੀ ਇੰਟਰਵਿਊ ਵਿਚ ਗੁਰਵਿੰਦਰ ਸਿੰਘ ਫਿਲਮ ਵਿਚ ਹਿੰਸਾ ਨਾ ਦਿਖਾਉਣ ਦੀ ਆਪਣੀ ਚੋਣ ਬਾਰੇ ਇਸ ਤਰ੍ਹਾਂ ਕਹਿੰਦਾ ਹੈ, “ਇਸ ਸਮੇਂ ਅਸੀਂ ਹਿੰਸਾ ਬਾਰੇ ਬਹੁਤ ਜ਼ਿਆਦਾ ਅਸੰਵੇਦਨਸ਼ੀਲ ਹੋ ਗਏ ਹਾਂ। ਇਹ ਹਰ ਵੇਲੇ ਮੀਡੀਏ ਵਿਚ ਦਿਖਾਈ ਜਾਂਦੀ ਹੈ – ਇਧਰ ਉਧਰ ਖਿੰਡਰੀਆਂ ਹੋਈਆਂ ਲਾਸ਼ਾਂ, ਬੰਬ ਧਮਾਕੇ, ਆਤਮਘਾਤੀ ਬੰਬਾਰ। ਖੂਨ ਨੇ ਆਪਣੇ ਅਰਥ ਗਵਾ ਦਿੱਤੇ ਹਨ। ਲੋਕਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਮੇਰੀ ਫਿਲਮ ਵਿਚ ਬਹੁਤ ਹੀ ਘੱਟ ਹਿੰਸਾ ਹੈ। ਸਿਰਫ ਇਕ ਗੋਲੀ ਚਲਦੀ ਹੈ ਅਤੇ ਤੁਹਾਨੂੰ ਉਸ ਦਾ ਨਤੀਜਾ ਨਹੀਂ ਦਿਸਦਾ। ਸਜੀਵਤਾ ਕੁਝ ਚਿਰ ਲਈ ਲਟਕ ਜਾਂਦੀ ਹੈ। ਸਾਰੀ ਫਿਲਮ ਵਿਚ ਇਕ ਝੜਪ ਹੁੰਦੀ ਹੈ ਅਤੇ ਬੰਦੂਕ ਦੀ ਇਕ ਗੋਲੀ ਚਲਦੀ ਹੈ; ਫਿਰ ਵੀ ਇਹ ਹਿੰਸਾ ਅਤੇ ਡਰ ਬਾਰੇ ਹੈ। ‘ਨਾਟਯ ਸ਼ਾਸਤਰ’ ਵਿਚ ਕਿਹਾ ਗਿਆ ਹੈ ਕਿ ਜਜ਼ਬਾ ਸਿਰਫ ਅਦਾਕਾਰਾਂ ਵਲੋਂ ਮਹਿਸੂਸ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਇਹ ਦਰਸ਼ਕਾਂ ਤੱਕ ਪਹੁੰਚਣਾ ਚਾਹੀਦਾ ਹੈ, ਇਹ ਦਰਸ਼ਕਾਂ ਵਿਚ ਪੈਦਾ ਹੋਣਾ ਚਾਹੀਦਾ ਹੈ। ਹਿੰਸਾ ਦਿਖਾਏ ਬਿਨਾਂ ਤੁਹਾਡੇ ਲਈ ਹਿੰਸਾ ਦਾ ਡਰ ਪੈਦਾ ਕਰਨਾ ਜ਼ਰੂਰੀ ਹੈ।”
‘ਚੌਥੀ ਕੂਟ’ ਵਿਚ ਗੁਰਵਿੰਦਰ ਸਿੰਘ ਨੇ ਆਪਣੀ ਗੱਲ ਕਹਿਣ ਲਈ ਪੰਜਾਬ ਦੇ ਲੈਂਡਸਕੇਪ ਨੂੰ ਵੱਖਰੇ ਅਤੇ ਖੂਬਸੂਰਤ ਢੰਗ ਨਾਲ ਵਰਤਿਆ ਹੈ। ਫਿਲਮ ਦੇ ਕੇਂਦਰ ਵਿਚਲਾ ਪਰਿਵਾਰ ਖੇਤਾਂ ਵਿਚ ਬਣੇ ਡੇਰੇ ‘ਤੇ ਰਹਿੰਦਾ ਹੈ। ਇਕ ਰਾਤ ਉਨ੍ਹਾਂ ਦੇ ਡੇਰੇ ‘ਤੇ ਅਤਿਵਾਦੀ ਚੱਕਰ ਮਾਰਦੇ ਹਨ ਅਤੇ ਅਗਲੀ ਸਵੇਰ ਸੀ ਆਰ ਪੀ ਐਫ। ਇਨ੍ਹਾਂ ਦੋਹਾਂ ਦੀਆਂ ਫੇਰੀਆਂ ਤੋਂ ਬਾਅਦ ਮੀਂਹ ਤੇ ਹਨ੍ਹੇਰੀ ਦੇ ਸੀਨ ਵਿਚ ਚੜ੍ਹ ਕੇ ਆਉਂਦੇ ਬੱਦਲ, ਹਨ੍ਹੇਰੀ ਦੀ ਮਾਰ ਝੱਲਦੀਆਂ ਹਰੀਆਂ ਕਚੂਰ ਕਣਕਾਂ ਅਤੇ ਮੋਹਲੇਦਾਰ ਮੀਂਹ ਉਸ ਪਰਿਵਾਰ ਦੇ ਮੈਂਬਰਾਂ ਦੇ ਮਨਾਂ ਅੰਦਰ ਉਠਦੀਆਂ ਸੋਚਾਂ ਦੀ ਹਨ੍ਹੇਰੀ ਨੂੰ ਬਹੁਤ ਹੀ ਸ਼ਕਤੀਸ਼ਾਲੀ ਢੰਗ ਨਾਲ ਪੇਸ਼ ਕਰਦੇ ਹਨ। ਦਰਸ਼ਕ ਨਾ ਹੀ ਇਸ ਝੱਖੜ ਦੇ ਸੀਨ ਨੂੰ ਭੁੱਲ ਸਕਦਾ ਹੈ ਅਤੇ ਨਾ ਹੀ ਇਸ ਝੱਖੜ ਰਾਹੀਂ ਪੇਸ਼ ਕੀਤੇ ਉਸ ਪਰਿਵਾਰ ਦੇ ਸੰਤਾਪ ਨੂੰ।
ਬੇਸ਼ਕ ਚੌਥੀ ਕੂਟ ਦੀ ਕਹਾਣੀ ਪੰਜਾਬ ‘ਤੇ ਕੇਂਦਰਿਤ ਹੈ, ਪਰ ਇਹ ਇਕੱਲੇ ਪੰਜਾਬ ਦੀ ਕਹਾਣੀ ਨਹੀਂ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਸਰਕਾਰੀ ਅਤੇ ਗੈਰ-ਸਰਕਾਰੀ ਦਹਿਸ਼ਤ ਦੀ ਮਾਰ ਝੱਲ ਰਿਹਾ ਮਨੁੱਖ ਇਸ ਕਹਾਣੀ ਵਿਚ ਆਪਣੇ ਦੁੱਖ ਦਰਦ ਨੂੰ ਦੇਖ ਸਕਦਾ ਹੈ। ਉਹ ਭਾਵੇਂ ਅਫਗਾਨਿਸਤਾਨ ਹੋਵੇ, ਭਾਵੇਂ ਸੀਰੀਆ ਜਾਂ ਇਰਾਕ ਜਾਂ ਦੁਨੀਆ ਦਾ ਕੋਈ ਹੋਰ ਦੇਸ਼, ਜਿਥੇ ਵੀ ਲੋਕ ਦੋ ਤਰਫੀ ਹਿੰਸਾ ਦਾ ਸ਼ਿਕਾਰ ਹਨ, ਉਹ ਇਸ ਫਿਲਮ ਨੂੰ ਆਪਣੀ ਫਿਲਮ ਦੇ ਤੌਰ ‘ਤੇ ਦੇਖ ਸਕਦੇ ਹਨ। ਨਮਰਤਾ ਜੋਸ਼ੀ ਨਾਲ ਇੰਟਰਵਿਊ ਵਿਚ ਗੁਰਵਿੰਦਰ ਸਿੰਘ ਕਹਿੰਦਾ ਹੈ, “ਮੈਂ ਅਤਿਵਾਦੀ, ਪੁਲਿਸ ਤੇ ਫੌਜ ਬਾਰੇ ਸੋਚਦਾ ਹੋਇਆ ਅਤਿਵਾਦੀ, ਪੁਲਿਸ ਤੇ ਫੌਜ ਬਾਰੇ ਸੋਚਦਾ ਹਾਂ; ‘ਭਾਰਤੀ’ ਜਾਂ ‘ਪੰਜਾਬੀ’ ਅਤਿਵਾਦੀ, ਪੁਲਿਸ ਜਾਂ ਫੌਜ ਬਾਰੇ ਨਹੀਂ। ਮੈਂ ਸਥਾਨਕ ਪੱਧਰ ‘ਤੇ ਸੋਚਣ ਦੇ ਨਾਲ ਨਾਲ ਯੂਨੀਵਰਸਲ ਪੱਧਰ ‘ਤੇ ਸੋਚ ਰਿਹਾ ਹਾਂ।”
2015 ਵਿਚ ਰਿਲੀਜ਼ ਹੋਣ ਤੋਂ ਬਾਅਦ ਫਿਲਮ ‘ਚੌਥੀ ਕੂਟ’ ਦੀ ਦੁਨੀਆ ਭਰ ਵਿਚ ਪ੍ਰਸ਼ੰਸਾ ਹੋਈ ਹੈ। ਫਿਲਮ ਦਾ ਪ੍ਰੀਮੀਅਰ ਫਰਾਂਸ ਦੇ 68ਵੇਂ ਕਾਨ ਫਿਲਮ ਮੇਲੇ ਵਿਚ ਹੋਇਆ ਅਤੇ ਇਸ ਨੂੰ ਸਿੰਗਾਪੁਰ ਕੌਮਾਂਤਰ ਮੇਲੇ ਵਿਚ ਏਸ਼ੀਆ ਦੀ ਸਭ ਤੋਂ ਵਧੀਆ ਫਿਲਮ ਹੋਣ ਦਾ ਅਵਾਰਡ ਮਿਲਿਆ। ਸੰਨ 2016 ਵਿਚ ਇਸ ਨੂੰ ਹਿੰਦੁਸਤਾਨ ਵਿਚ ਪੰਜਾਬੀ ਵਿਚ ਬੈਸਟ ਫੀਚਰ ਫਿਲਮ ਹੋਣ ਦਾ ਅਵਾਰਡ ਮਿਲਿਆ। ‘ਚੌਥੀ ਕੂਟ’ ਦੀ ‘ਅੰਨ੍ਹੇ ਘੋੜੇ ਦੇ ਦਾਨ’ ਵਾਲੀ ਨਾ ਸਮਝ ਆਉਣ ਵਾਲੀ ਸਮੱਸਿਆ ਵੀ ਨਹੀਂ। ਇਹ ਆਮ ਦਰਸ਼ਕ ਦੇ ਸਮਝ ਆਉਣ ਵਾਲੀ ਫਿਲਮ ਹੈ।