ਲੋਕ ਗੀਤ ਦਿਲ ਵਿਚੋਂ ਉਠੀ ਕੋਈ ਹੂਕ ਹੁੰਦੇ ਹਨ ਅਤੇ ਇਹ ਮੋੜਵੇਂ ਰੂਪ ਵਿਚ ਫਿਰ ਦਿਲਾਂ ਨੂੰ ਹੀ ਹਾਕਾਂ ਮਾਰਦੇ ਹਨ। ਇਨ੍ਹਾਂ ਦੀ ਅਮੀਰੀ, ਇਨ੍ਹਾਂ ਦੀ ਭਾਸ਼ਾ ਅਤੇ ਇਨ੍ਹਾਂ ਅੰਦਰ ਲੁਕੀਆਂ ਪਈਆਂ ਗੁੱਝੀਆਂ ਰਮਜ਼ਾਂ ਨਾਲ ਇਕਮਿਕ ਹੋਈ ਹੁੰਦੀ ਹੈ। ਧਿਆਨ ਸਿੰਘ ਸ਼ਾਹ ਸਿਕੰਦਰ ਨੇ ਆਪਣੇ ਇਸ ਲੇਖ ਵਿਚ ਕੁਝ ਲੋਕ ਗੀਤਾਂ ਦੇ ਪਿਛੋਕੜ ਦੀਆਂ ਪਰਤਾਂ ਫਰੋਲਣ ਦਾ ਯਤਨ ਕੀਤਾ ਹੈ।
-ਸੰਪਾਦਕ
ਧਿਆਨ ਸਿੰਘ ਸ਼ਾਹ ਸਿਕੰਦਰ
ਲੋਕ ਗੀਤ ਦਿਲਾਂ ਦੀ ਧੜਕਣ ਹੁੰਦੇ ਹਨ। ਲੋਕ ਗੀਤ ਮਨਾਂ ਦਾ ਉਦਗਾਰ ਹੁੰਦੇ ਹਨ। ਲੋਕ ਗੀਤ ਢਿੱਡਾਂ ਵਿਚਲਾ ਸੱਚ ਹੁੰਦੇ ਹਨ। ਲੋਕ ਗੀਤ ਸਮਿਆਂ ਦਾ ਦਰਪਣ ਹੁੰਦੇ ਹਨ। ਲੋਕ ਗੀਤ ਸਾਂਝੀ ਲੋਕ-ਪੀੜਾ ਹੁੰਦੇ ਹਨ। ਲੋਕ ਗੀਤ ਸੱਚ ਤੇ ਸੁੱਚਾ ਇਤਿਹਾਸ ਹੁੰਦੇ ਹਨ। ਲੋਕ ਗੀਤ ਜੀਵੇ ਗਏ ਜੀਵਨ ਦਾ ਅਸਲ ਹੁੰਦੇ ਹਨ। ਲੋਕ ਗੀਤ ਪਰਤ-ਦਰ-ਪਰਤ ਡੂੰਘੀਆਂ ਤਹਿਆਂ ਸਮੋਈ ਬੈਠੇ ਹੁੰਦੇ ਹਨ।
ਲੋਕ ਗੀਤਾਂ ਨੂੰ ਅਸੀਂ ਗਾਉਂਦੇ ਹਾਂ, ਸੁਣਦੇ ਹਾਂ, ਸੁਣ ਕੇ ਝੂਮਦੇ ਹਾਂ, ਨੱਚਦੇ ਹਾਂ, ਗੁਣਗੁਣਾਉਂਦੇ ਹਾਂ, ਪਰ ਉਨ੍ਹਾਂ ਦੇ ਧੁਰ ਅੰਦਰ ਛੁਪੀ ਵੇਦਨਾ ਸੰਵੇਦਨਾ ਤਕ ਘੱਟ ਵੱਧ ਹੀ ਪੁੱਜਦੇ ਹਾਂ। ਲੋਕ ਗੀਤਾਂ ਨੂੰ ਅਸੀਂ ਪਿਆਰਦੇ ਹਾਂ, ਪਰ ਉਨ੍ਹਾਂ ਹੇਠ ਛੁਪੇ ਸਮਿਆਂ ਦੇ ਸੱਚ ਨੂੰ ਕਦੇ ਵੀ ਨਹੀਂ ਵਿਚਾਰਦੇ। ਜੇ ਅਸੀਂ ਲੋਕ ਗੀਤਾਂ ਦੀ ਗਹਿਰਾਈ ਤਕ ਪਹੁੰਚ ਸਕੀਏ ਤਾਂ ਉਹ ਸਾਡੇ ਲਈ ਅਨੂਠਾ ਆਨੰਦੀ ਹੁਲਾਰਾ ਬਣ ਜਾਂਦੇ ਹਨ। ਕੁਝ ਉਦਾਹਰਣਾਂ ਹਾਜ਼ਰ ਹਨ:
ਜੱਟੀ ਹੱਟ ‘ਤੇ ਸ਼ਰਾਬਣ ਹੋਈ,
ਸੱਪ-ਰੰਗੀ ਛੀਂਟ ਵੇਖ ਕੇ।
ਇਹ ਲੋਕ ਬੋਲੀ ਆਪਣੇ ਆਪ ਵਿਚ ਇਕ ਸੰਸਾਰ ਸਮੋਈ ਬੈਠੀ ਹੈ। ਜੱਟੀ ਜੋ ਸਾਰਾ ਵਰ੍ਹਾ ਕਰੜੀ ਘਾਲਣਾ ਕਰਦੀ ਹੈ, ਨਰਮਾ-ਕਪਾਹ ਚੁਗਦੀ, ਤੁੰਬਦੀ, ਛੰਡਦੀ, ਵੇਲਦੀ, ਕੱਤਦੀ, ਅਟੇਰਦੀ ਰਹੀ, ਉਹਦਾ ਪਹਿਨਣ ਪਚਰਨ ਦਾ ਸ਼ੌਕ ਫਿਰ ਵੀ ਪੂਰਾ ਨਹੀਂ ਹੁੰਦਾ। ਸਾਡੀ ਅਰਥ ਵਿਵਸਥਾ ਹੀ ਕੁਝ ਅਜਿਹੀ ਹੈ। ਇਹ ਸਾਡੀ ਅਰਥ ਵਿਵਸਥਾ ‘ਤੇ ਬੜਾ ਵੱਡਾ ਵਿਅੰਗ ਹੈ। ਕੱਪੜੇ ਦੀ ਹੱਟੀ ‘ਤੇ ਸੋਹਣੀ ਛੀਂਟ ਤੇ ਉਹ ਵੀ ਸੱਪ-ਰੰਗੀ! ਡੰਗ ਜਾਂਦੀ ਹੈ ਉਹਦੇ ਹਿਰਦੇ ਨੂੰ, ਉਹਦੀ ਪਹਿਨਣ ਰੀਝ ਨੂੰ ਅਤੇ ਉਹ ਮਦਮਸਤ ਹੋ ਜਾਂਦੀ ਹੈ ਛੀਂਟ ਦੇ ਰੰਗਾਂ ‘ਤੇ ਹੀ।
ਖਚਰਾ ਹਟਵਾਣੀਆਂ ਜੱਟੀ ਦੀ ਇਸ ਕਮਜ਼ੋਰੀ ਨੂੰ ਭਲੀਭਾਂਤ ਜਾਣਦਾ ਹੈ। ਉਹ ਉਹਦੀ ਇਸ ਕਮਜ਼ੋਰੀ ਦਾ ਸੋਸ਼ਣ ਕਰਨਾ ਵੀ ਜਾਣਦਾ ਹੈ। ਉਹਦਾ ਇਹ ਵਪਾਰ ਹੈ। ਉਹਦੀ ਕਮਾਈ ਦਾ ਇਹ ਹੁਨਰ ਹੈ। ਹੁਨਰ ਕਮਾਲ ਦਾ ਹੈ। ਕਿਵੇਂ ਉਹਨੇ ਫਟਾਕਾ ਮਾਰ ਕੇ ਥਾਨ ਖਿਲਾਰਿਆ ਹੋਵੇਗਾ, ਭਖ ਭਖ ਪੈਂਦੀ ਜਵਾਨੀ ਸਾਹਮਣੇ। ਆਤਮ-ਵਿਸ਼ਵਾਸ ਦੀ ਭਰੀ, ਗਰਬ ਦੀ ਭਰੀ, ਜਬ੍ਹੇ ਦੀ ਭਰੀ ਜੱਟੀ ਕਿਵੇਂ ਹਾਰ ਗਈ ਹੋਵੇਗੀ ਆਪਣੇ ਸ਼ੌਕ ਸਾਹਵੇਂ। ਮਨਮੋਹਕ ਰੰਗਾਂ ਦੀ ਛੀਂਟ ਸਾਹਵੇਂ। ਪਲੋ ਪਲੀ ਖ਼ਰੀਦਦਾਰ ਬਣ ਗਈ ਹੋਵੇਗੀ, ਭਾਵੇਂ ਕਰਜ਼ਾਈ ਹੋ ਕੇ ਹੀ ਸਹੀ।
ਕਿੱਡਾ ਵੱਡਾ ਮਨੋਵਿਗਿਆਨਕ ਪਹਿਲੂ ਛੋਹ ਗਈ ਹੈ ਇਹ ਇਕ ਸਤਰ ਹੀ! ਜੱਟੀ ਦਾ ਮਨੋਵਿਗਿਆਨ, ਹਟਵਾਣੀਏ ਦਾ ਮਨੋਵਿਗਿਆਨ, ਸਾਰੀ ਸਮਾਜਿਕ ਵਿਵਸਥਾ ਦਾ ਮਨੋਵਿਗਿਆਨ। ਤੇ ਫਿਰ ਸਮਿਆਂ ਦਾ ਸੱਚ- ਇਕ ਸੱਚਾ ਇਤਿਹਾਸ- ਘਰਾਂ, ਸਮਾਜਾਂ, ਰਾਜਾਂ, ਆਰਥਿਕ ਸਥਿਤੀਆਂ, ਕੱਪੜੇ ਦੀ ਕਿੱਲਤ ਦੇ ਵਕਤਾਂ ਦਾ; ਤੇ ਬੜਾ ਹੀ ਕੁਝ ਹੋਰ। ਜਿੰਨਾ ਵਿਚਾਰੋ, ਓਨਾ ਹੀ ਹੋਰ ਡੂੰਘੇਰਾ, ਓਨਾ ਹੀ ਹੋਰ ਮਿੱਠਾ, ਓਨਾ ਹੀ ਹੋਰ ਵਧੇਰੇ ਮਾਨਣਯੋਗ।
ਮਿੱਟੀ ਦਾ ਬਾਵਾ ਬਣਾਉਨੀ ਆਂ,
ਝੱਗਾ ਪਾਉਂਨੀ ਆਂ,
ਉਤੇ ਦੇਨੀ ਆਂ ਖੇਸੀ
ਨਾ ਰੋ ਮਿੱਟੀ ਦਿਆ ਬਾਵਿਆ,
ਵੇ ਤੇਰਾ ਪਿਓ ਪਰਦੇਸੀæææ
ਇਥੇ ਵੀ ਗੱਲ ਧੁਰ ਕਲੇਜੇ ਵੱਜਦੀ ਹੈ। ਦਰਦ ਨਵਵਿਆਹੀ ਮੁਟਿਆਰ ਦਾ ਜਿਹਦਾ ਗੱਭਰੂ (ਪਤੀ) ਲਾਮ ‘ਤੇ ਚਲਾ ਗਿਆ ਜਾਂ ਪਰਦੇਸੀਂ ਚਲਾ ਗਿਆ ਕਮਾਈ ਕਰਨ। ਚਲਾ ਗਿਆ ਇਕੱਲੀ ਨੂੰ ਛੱਡ ਕੇ। ਉਹਦੀਆਂ ਰੀਝਾਂ, ਮੁਹੱਬਤਾਂ ਸਭ ਅਧਵਾਟੇ ਰਹਿ ਗਈਆਂ, ਅਧੂਰੀਆਂ। ਔਰਤ ਜਾਤ ਮਮਤਾ ਦੀ ਮੂਰਤ ਹੁੰਦੀ ਹੈ। ਕਿਸੇ ਨਿੱਕੀ ਜਿਹੀ ਬੱਚੀ ਦੇ ਹਿਰਦੇ ਵਿਚ ਵੀ ਮਾਂ ਬੈਠੀ ਹੁੰਦੀ ਹੈ। ਹਰ ਮੁਟਿਆਰ ਮਾਂ ਬਣਨਾ ਲੋਚਦੀ ਹੈ। ਇਸ ਲੋਚਾ, ਇਸ ਮਾਂਪੁਣੇ ਦੀ ਮੂਲ ਪ੍ਰਵਿਰਤੀ ਕਾਰਨ ਹੀ ਇਸ਼ਕ ਮੁਹੱਬਤ ਜਾਗਦੀ ਹੈ, ਕਾਮ ਇੱਛਾ ਜਾਗਦੀ ਹੈ, ਮਮਤਾ ਜਾਗਦੀ ਹੈ। ਤੇ ਫਿਰ ਹਰ ਵਿਆਹੀ ਵਰ੍ਹੀ ਮੁਟਿਆਰ ਲਈ ਇਹ ਸਾਰੀਆਂ ਭਾਵਨਾਵਾਂ ਹੱਕ-ਬਜਾਨਬ ਹਨ।
ਇਨ੍ਹਾਂ ਸਤਰਾਂ ਵਿਚ ਨਵਵਿਆਹੀ ਮੁਟਿਆਰ ਦੇ ਬਿਰਹੇ ਦੀ ਡੂੰਘੀ ਚੀਸ ਹੈ, ਮਿਲਾਪ ਦੀ ਤਾਂਘ ਲਈ ਅੰਬਰ ਚੀਰਵੀਂ ਹੂਕ ਹੈ; ਪਰ ਓਧਰ ਪਰਿਵਾਰਕ ਮਜਬੂਰੀ ਹੈ, ਅਰਥ ਵਿਵਸਥਾ ਦੀ ਤਸਵੀਰ ਹੈ, ਸਮਿਆਂ ਦਾ ਇਤਿਹਾਸ ਹੈ। ਗੀਤ ਦੀ ਅਦਾਇਗੀ ਵਿਚ ਅਭਿਨੈ ਹੈ, ਕਾਵਿਕ ਨਾਟਕੀਅਤਾ ਤੇ ਮਨ ਦੀ ਤਸੱਲੀ ਵੀ ਹੈ।
ਪਰ ‘ਮਿੱਟੀ ਦਾ ਬਾਵਾ’ ਤਾਂ ਨਾ ਬੋਲਦਾ, ਨਾ ਚਾਲਦਾ, ਨਾ ਹੁੰਗਾਰਾ ਹੀ ਦਿੰਦਾ ਹੈ, ਪਰ ਰੋਂਦਾ ਜ਼ਰੂਰ ਹੈ। ਕਿੰਨਾ ਗਹਿਰਾ ਰੁਦਨ ਹੈ। ਕਿੰਨੀ ਡੂੰਘੀ ਪੀੜ ਹੈ, ਕਲੇਜਾ ਚੀਰਵੀਂ ਪੀੜ। ਹਿਰਦੇ ਵਿਚ ਬੈਠੀ ਮਮਤਾ ਨੂੰ ਤਾਂ ਜਿਊਂਦਾ ਜਾਗਦਾ ਬਾਵਾ ਲੋੜੀਂਦਾ ਹੈ, ਜੋ ਬੋਲਦਾ ਚਾਲਦਾ, ਬੁੱਲ੍ਹੀਆਂ ਟੇਰਦਾ, ਲੱਤਾਂ-ਬਾਹਾਂ ਮਾਰਦਾ, ਹੁੰਗਾਰੇ ਭਰਦਾ, ਉਛਲ-ਉਛਲ ਪੈਂਦਾ, ਗਲ ਨੂੰ ਚੰਬੜਦਾ, ਸੌ-ਸੌ ਖੇਖਣ ਕਰਦਾ, ਸੀਨੇ ਠੰਢ ਪਾਉਂਦਾ, ਮਾਂ ਦੀ ਮਮਤਾ ਨੂੰ ਤ੍ਰਿਪਤ ਕਰਦਾ ਹੋਵੇ।
ਮਿੱਟੀ ਦਾ ਬਾਵਾ ਤਾਂ ਬੱਸ ਝੂਠਾ ਜਿਹਾ ਮਨ ਦਾ ਠੁੰਮਣਾ ਹੀ ਬਣ ਕੇ ਰਹਿ ਜਾਂਦਾ ਹੈ, ਅਸਲ ਦੀ ਨਕਲ। ਤੇ ਗੀਤ ਇਕ ਵਿਛੋੜੇ ਦਾ ਦਰਦ, ਬਿਰਹੇ ਦੀ ਚੀਸ, ਦੱਬਿਆ ਘੁੱਟਿਆ ਰੁਦਨ ਤੇ ਇਕ ਸੁੱਚੀ ਚਾਹਤ ਦੇ ਜਾਂਦਾ ਹੈ।
ਖੂਹੇ ‘ਤੇ ਪਾਣੀ ਭਰੇਂਦੀਏ ਮੁਟਿਆਰੇ ਨੀ।
ਘੁੱਟ ਕੁ ਪਾਣੀ ਪਿਲਾ ਬਾਂਕੀਏ ਨਾਰੇ ਨੀ।
ਘੱਟ ਕੁ ਪਾਣੀ ਨੂੰ ਤਰਸਦੀ, ਲਾਮ ਤੋਂ ਮੁੜੇ, ਥੱਕੇ ਟੁੱਟੇ ਫ਼ੌਜੀ ਦੀ ਰੂਹ- ਲੰਮੇ ਵਿਯੋਗ ਪਿੱਛੋਂ ਮਿਲਣ-ਸਿੱਕ ਦਾ ਤਰਲਾ, ਆਪਣਿਆਂ ਨੂੰ ਗਲੇ ਮਿਲਣ ਦੀ ਚਾਹਤ; ਪਰ ਮੁਟਿਆਰ, ਬਾਂਕੀ ਨਾਰ ਦਾ ਸਦਾਚਾਰ ਕਿਸੇ ਓਪਰੇ ਮਰਦ ਸਿਰ ਅਹਿਸਾਨ ਕਰ ਕੇ ਕੋਈ ਨਵਾਂ ਪੁਆੜਾ ਨਹੀਂ ਸਹੇੜਨਾ ਚਾਹੁੰਦਾ। ਸਮਾਜਿਕ ਬੰਦਸ਼ਾਂ, ਰਹੁ-ਰੀਤਾਂ ਦੀ ਪਵਿਤਰ ਦੀਵਾਰ ਬੜੀ ਉਚੀ ਹੈ।
ਆਪਣਾ ਭਰਿਆ ਨਾ ਦਿਆਂ ਸਿਪਾਹੀਆ ਵੇ!
ਲੱਜ ਪਈ ਭਰ ਪੀ ਕਿ ਮੈਂ ਤੇਰੀ ਮਹਿਰਮਾ ਨਾ ਆਂ।
ਝੇੜੇ ਝਗੜਦਿਆਂ, ਰੇੜਕੇ ਰਿੜਕਦਿਆਂ ਆਖ਼ਿਰਕਾਰ ਪਛਾਣ ਹੋ ਹੀ ਜਾਂਦੀ ਹੈ। ਵੇਦਨਾ ਕਿੰਨੀ ਗਹਿਰੀ ਹੈ:
ਨਿੱਕੀ ਹੁੰਦੀ ਨੂੰ ਛੱਡ ਗਇਓਂ ਸਿਪਾਹੀਆ ਵੇ!
ਹੁਣ ਹੋਈ ਮੁਟਿਆਰ ਤੇ ਮੈਂ ਤੇਰੀ ਮਹਿਰਮ ਹੋਈ।
ਪੁਰਾਣੇ ਵੇਲਿਆਂ ਦੀ ਬਾਤ ਹੈ, ਪੁਰਾਣਾ ਇਤਿਹਾਸ ਹੈ, ਪੁਰਾਣੇ ਸਮਾਜਿਕ ਰਿਵਾਜ, ਨਿੱਕੀਆਂ ਨਿੱਕੀਆਂ ਮਾਸੂਮ ਬਾਲੜੀਆਂ ਦੇ ਵਿਆਹ, ਸਹੁਰੇ ਘਰ ਦਾ ਗੋਲਪੁਣਾ ਕਰਦੀ ਬਾਲ-ਵਧੂ ਦਾ ਸੰਤਾਪ, ਪਤੀ ਦੀ ਲਾਮ ‘ਤੇ ਚਲੇ ਜਾਣ ਦੀ ਮਜਬੂਰੀ, ਵਹੁਟੀ ਨੂੰ ਆਪਣੇ ਲਾੜੇ ਦੀ ਪਛਾਣ ਤਕ ਨਾ ਰਹਿਣੀ; ਤੇ ਫਿਰ ਭਰ ਜਵਾਨ ਮੁਟਿਆਰ ਦਾ ਆਪਣੇ ਪਤੀ ਨਾਲ ਅਚਨਚੇਤੀ ਮਿਲਾਪ। ਉਹ ਵੀ ਖੂਹ ‘ਤੇ, ਇਕ ਮੌਕਾ ਮੇਲ। ਭਰ ਜਵਾਨ ਮੁਟਿਆਰ ਦਾ ਸਹਿਕਦਾ ਸਬਰ ਸੰਤੋਖ ਤੇ ਸਬਰ ਸੰਤੋਖ ਦੀ ਤਹਿ ‘ਤੇ ਵਿਛੋੜੇ ਦਾ ਹੇਰਵਾ। ਮਹਿਰਮਾ ਨਾ ਹੋਣ ਤੋਂ ਮਹਿਰਮ ਹੋਣ ਦਾ ਸਫ਼ਰ- ਕਿੰਨਾ ਹੀ ਕੁਝ ਸਾਂਭੀ ਬੈਠਾ ਹੈ ਇਹ ਗੀਤ। ਉਹ ਇਤਿਹਾਸ ਜੋ ਇਤਿਹਾਸਕਾਰਾਂ ਨੇ ਨਾ ਕਦੇ ਲਿਖਿਆ ਹੈ, ਨਾ ਕਦੇ ਲਿਖ ਸਕਣਾ ਹੈ। ਇਤਿਹਾਸ ਤਾਂ ਰਾਜਿਆਂ ਰਜਵਾੜਿਆਂ ਦਾ ਲਿਖਿਆ ਜਾਂਦਾ ਹੈ- ਜੰਗਾਂ ਯੁੱਧਾਂ ਦਾ, ਜਿੱਤਾਂ ਹਾਰਾਂ ਦਾ। ਇਤਿਹਾਸ ਤਾਂ ਵੱਡੇ ਲੋਕਾਂ ਦਾ ਲਿਖਿਆ ਜਾਂਦਾ ਹੈ- ਨਿਮਾਣੀਆਂ ਰੂਹਾਂ ਵਿਚ ਕਲਵਲ ਹੁੰਦੇ ਜਜ਼ਬਿਆਂ ਦਾ ਇਤਿਹਾਸ ਕਿਹੜਾ ਇਤਿਹਾਸਕਾਰ ਲਿਖੇਗਾ?
ਫੁਲੜੀਏ ਧਰੇਕੇ, ਇਕ ਫੁੱਲ ਮੈਨੂੰ ਦੇ!
ਮੈਂ ਵੀ ਜਾਣਾ ਪੇਕੇ, ਇਕ ਫੁੱਲ ਮੈਨੂੰ ਦੇ।
ਰੱਬ, ਗੁਰ ਪੀਰ, ਦੇਵੀ ਦੇਵਤਿਆਂ ਤੋਂ ਤਾਂ ਸਭ ਲੋਕ ਮੰਗਾਂ ਮੰਗਦੇ ਤੇ ਮੰਨਤਾਂ ਮੰਨਦੇ ਹਨ; ਪਰ ਰੁੱਖਾਂ ਬੂਟਿਆਂ, ਕਾਵਾਂ-ਕਬੂਤਰਾਂ, ਚਿੜੀਆਂ ਤੇ ਘੁੱਗੀਆਂ ਤੋਂ ਲੋਕ ਗੀਤ ਹੀ ਮੰਨਤਾਂ ਮੰਗਦੇ ਹਨ। ਇਥੇ ਫੁੱਲਾਂ ਲੱਦੀ ਧਰੇਕ ਅੱਗੇ ਅਰਜੋਈ ਹੈ। ਖਿੜੀ ਪੁੜੀ ਧਰੇਕ ਵੀ ਪੇਕੇ ਪੁੱਜੀ ਵਿਆਹੁਤਾ ਦਾ ਚਿੰਨ੍ਹ ਬਣ ਜਾਂਦੀ ਹੈ। ਫੁੱਲਾਂ ਨਾਲ ਲੱਦੀ ਧਰੇਕ ਪ੍ਰਸੰਨਤਾ ਦੀ ਸਿਖਰ ਹੈ; ਪ੍ਰਾਪਤੀ ਦਾ ਰੂਪ ਹੈ। ਸਹੁਰੇ ਵੱਸਦੀ ਮੁਟਿਆਰ ਨੇ ਪੇਕੇ ਘਰ ਜਾਣਾ ਹੈ। ਗੋਦ ਵਿਚ ਖਿੜ ਖਿੜ ਕਰਦਾ ਫੁੱਲ ਹੋਵੇ, ਪੇਕੇ ਘਰ- ਘਰਦਿਆਂ, ਸਖੀਆਂ ਸਹੇਲੀਆਂ ਨੂੰ ਆਪਣੀ ਪ੍ਰਾਪਤੀ ਦੀ ਖ਼ੁਸ਼ੀ ਵਿਚ ਭਾਈਵਾਲ ਬਣਾਉਣ ਲਈ, ਆਪਣੇ ਮੁਕੰਮਲ ਹੋ ਜਾਣ ਦੇ ਸਬੂਤ ਲਈ। ਔਰਤ ਜਾਨ ‘ਤੇ ਖੇਡ ਕੇ ਮਾਂ ਬਣਦੀ ਹੈ; ਪਰ ਉਹ ਮਾਂ ਬਣ ਕੇ ਮੁਕੰਮਲ ਹੋਈ ਅਨੁਭਵ ਕਰਦੀ ਹੈ। ‘ਫੁੱਲੜੀ’ ਮੁਕੰਮਲ ਹੋਣ ਦੀ ਲੋੜ, ਮਮਤਾ ਦੀ ਤ੍ਰਿਪਤੀ ਦੀ ਇੱਛਾ, ਧਰੇਕ ਵਾਂਗ ਹੀ ਸੁਗੰਧੀਆਂ ਤੇ ਖੇੜਿਆਂ ਭਰਿਆ ਆਪਾ ਲੈ ਕੇ ਪੇਕੇ ਘਰ ਪਰਤਣਾ, ਰੱਬ ਬਣ ਜਾਣ ਵਰਗਾ ਕਰਤਾਰੀ ਸਵੈਮਾਣ! ਨਿੱਕੇ ਜਿਹੇ ਗੀਤ ਵਿਚ ਕਿੱਡੀ ਵੱਡੀ ਗੱਲ ਹੈ।
ਇਨ੍ਹਾਂ ਗੱਲਾਂ ਦਾ ਕੋਈ ਅੰਤ ਨਹੀਂ। ਖ਼ਜ਼ਾਨਾ ਹਨ ਸਾਡੇ ਲੋਕ ਗੀਤ।