ਡਾæ ਗੁਰਨਾਮ ਕੌਰ ਕੈਨੇਡਾ
ਪਿਛਲੇ ਲੇਖ ਵਿਚ ਫੱਗਣ ਦੇ ਮਹੀਨੇ ਵਿਚ ਪਰਮਾਤਮਾ ਨੂੰ ਧਿਆਉਣ ਅਤੇ ਉਸ ਨੂੰ ਪਾਉਣ ਸਬੰਧੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਜੋ ਵਿਚਾਰ ਪ੍ਰਗਟ ਕੀਤੇ ਹਨ, ‘ਤੇ ਗੱਲ ਖਤਮ ਕੀਤੀ ਗਈ ਸੀ। ਇਸ ਲੇਖ ਵਿਚ ਪੰਜਵੀਂ ਨਾਨਕ ਜੋਤਿ ਨੇ ਜਿਸ ਤਰ੍ਹਾ ਫੱਗਣ ਦੇ ਮਹੀਨੇ ਦੀ ਗੱਲ ਕੀਤੀ ਹੈ, ਉਸ ਬਾਰੇ ਚਰਚਾ ਕਰਾਂਗੇ। ਪਹਿਲਾਂ ਵੀ ਗੱਲ ਕੀਤੀ ਜਾ ਚੁੱਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ‘ਪੁਰਸ਼’ ਸਿਰਫ਼ ਇੱਕ ਅਕਾਲ ਪੁਰਖ ਨੂੰ ਮੰਨਿਆ ਗਿਆ ਹੈ ਜਿਸ ਨੂੰ ਵੱਖ ਵੱਖ ਤਰ੍ਹਾਂ ਨਾਲ ਸੰਬੋਧਨ ਕੀਤਾ ਗਿਆ ਹੈ ਜਿਵੇਂ ਵਰ, ਖਸਮ, ਪਤੀ, ਸਹੁ, ਪ੍ਰੀਤਮ, ਪਿਆਰਾ ਆਦਿ। ਜੀਵਾਂ ਅਰਥਾਤ ਮਨੁੱਖਾਂ ਨੂੰ ਉਸ ਦੀਆਂ ਇਸਤਰੀਆਂ ਦੇ ਰੂਪ ਵਿਚ ਤਸੱਵਰ ਕੀਤਾ ਗਿਆ ਹੈ। ਜੀਵ-ਇਸਤਰੀ ਹਰ ਸਮੇਂ ਆਪਣੇ ਉਸ ਪ੍ਰੀਤਮ ਦੇ ਮਿਲਾਪ ਲਈ ਮਨ ਵਿਚ ਤਾਂਘ ਰੱਖਦੀ ਹੈ ਅਤੇ ਉਸ ਨੂੰ ਮਿਲਣ ਲਈ ਜਤਨ ਕਰਦੀ ਹੈ ਜਿਸ ਨੂੰ ਸੁਹਾਗਣ, ਨਾਰ, ਕਾਮਣੀ ਆਦਿ ਕਿਹਾ ਗਿਆ ਹੈ। ਇਹ ਬ੍ਰਹਮ, ਅਕਾਲ ਪੁਰਖ ਨੂੰ ਜੋ ਸਾਰੀ ਸ੍ਰਿਸ਼ਟੀ ਦਾ ਸੋਮਾ ਹੈ, ਜੀਵ-ਆਤਮਾ ਦੇ ਮਿਲਣ ਦੀ, ਉਸ ਵਿਚ ਸਮਾ ਜਾਣ ਦੀ ਲੋਚਾ, ਉਸ ਨੂੰ ਪਾਉਣ ਦੇ ਜਤਨਾਂ ਦਾ ਗਾਇਨ ਹੈ ਜਿਸ ਤੋਂ ਉਹ ਪੈਦਾ ਹੋਈ ਹੈ, ਜਿਸ ਦੀ ਜੋਤਿ ਨਾਲ ਉਹ ਪ੍ਰਕਾਸ਼ਮਾਨ ਹੈ। ਬਾਰਾਮਾਹਾ ਵਿਚ ਜੀਵ-ਆਤਮਾ ਦੀ ਇਸੇ ਤੜਪ ਦਾ ਗਾਇਨ ਹੈ।
ਇਸੇ ਸਬੰਧ ਵਿਚ ਭਗਤ ਕਬੀਰ ਫਰਮਾਉਂਦੇ ਹਨ ਕਿ ਸੰਸਾਰ ਤਾਂ ਸਮਝਦਾ ਹੈ ਕਿ ਇਹ ਕੋਈ ਗੀਤ ਹੈ ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ ਜੋ ਮਨੁੱਖ ਨੂੰ ਜਿਉਂਦੇ ਜੀਅ ਮੁਕਤੀ ਦਿਵਾਉਂਦੀ ਹੈ ਜਿਵੇਂ ਕਾਸ਼ੀ ਵਿਚ ਮਰਦੇ ਸਮੇਂ ਮਨੁੱਖ ਨੂੰ ਉਸ ਦੀ ਮੁਕਤੀ ਲਈ ਮੰਤਰ ਜਾਂ ਉਪਦੇਸ਼ ਦਿੱਤਾ ਜਾਂਦਾ ਹੈ। ਕਬੀਰ ਜੀ ਕਹਿੰਦੇ ਹਨ ਕਿ ਜੋ ਮਨੁੱਖ ਇਸ ਬ੍ਰਹਮ-ਵਿਚਾਰ ਵਿਚ ਮਨ ਲਾ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਪਰਮ ਗਤਿ ਨੂੰ ਪ੍ਰਾਪਤ ਕਰ ਲੈਂਦਾ ਹੈ,
ਲੋਗੁ ਜਾਨੈ ਇਹੁ ਗੀਤੁ ਹੈ
ਇਹੁ ਤਉ ਬ੍ਰਹਮ ਬੀਚਾਰ॥
ਜਿਉ ਕਾਸੀ ਉਪਦੇਸੁ ਹੋਇ
ਮਾਨਸ ਮਰਤੀ ਬਾਰ॥3॥
ਕੋਈ ਗਾਵੈ ਕੋ ਸੁਣੈ
ਹਰਿ ਨਾਮਾ ਚਿਤੁ ਲਾਇ॥
ਕਹੁ ਕਬੀਰ ਸੰਸਾ ਨਹੀ
ਅੰਤਿ ਪਰਮ ਗਤਿ ਪਾਇ॥4॥
(ਪੰਨਾ 335)
ਇਸੇ ਵਿਚਾਰ ਨੂੰ ਪ੍ਰਗਟ ਕਰਦਿਆਂ ਗੁਰੂ ਅਰਜਨ ਦੇਵ ਫੱਗਣ ਦੇ ਸਬੰਧ ਵਿਚ ਫਰਮਾਉਂਦੇ ਹਨ ਕਿ ਜੋ ਮਨੁੱਖ ਆਪਣੇ ਅੰਦਰ ਵੱਸਦੀ ਉਸ ਈਸ਼ਵਰੀ ਜੋਤਿ ਦਾ ਅਨੁਭਵ ਕਰ ਲੈਂਦੇ ਹਨ, ਜਿਨ੍ਹਾਂ ਦੇ ਅੰਦਰ ਉਸ ਮਾਲਕ ਦੀ ਜੋਤਿ ਪ੍ਰਗਟ ਹੋ ਜਾਂਦੀ ਹੈ, ਉਨ੍ਹਾਂ ਅੰਦਰ ਇਸ ਫੱਗਣ ਦੇ ਮਹੀਨੇ ਦਾ ਆਤਮਕ ਅਨੰਦ ਪੈਦਾ ਹੁੰਦਾ ਹੈ (ਪਰੰਪਰਕ ਤੌਰ ‘ਤੇ ਇਹ ਮਹੀਨਾ ਰੰਗਾਂ ਦਾ ਮਹੀਨਾ ਹੈ, ਹੋਲੀ ਖੇਡ ਕੇ ਲੋਕੀ ਅਨੰਦ ਮਾਣਦੇ ਹਨ)। ਗੁਰਮਤਿ ਅਨੁਸਾਰ ਗੁਰੂ ਨੁੰ, ਜਿਸ ਨੇ ਆਪ ਅਕਾਲ ਪੁਰਖ ਨੂੰ ਪਾ ਲਿਆ ਹੈ, ਅਕਾਲ ਪੁਰਖ ਨੂੰ ਮਿਲਾਉਣ ਵਾਲਾ ਮੰਨਿਆ ਗਿਆ ਹੈ। ਇਥੇ ਗੁਰੂ ਅਰਜਨ ਦੇਵ ਜਦੋਂ ‘ਸੰਤ’ ਸ਼ਬਦ ਵਰਤਦੇ ਹਨ ਤਾਂ ਇਸੇ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਉਸ ਅਕਾਲ ਪੁਰਖ ਦਾ ਮਿਲਾਪ ਕਰਾਉਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਕਿਰਪਾ ਕਰਕੇ ਉਨ੍ਹਾਂ ਨੂੰ ਅਕਾਲ ਪੁਰਖ ਨਾਲ ਜੋੜ ਦਿੰਦੇ ਹਨ (ਸੰਤ ਤੋਂ ਭਾਵ ਅੱਜ ਕਲ੍ਹ ਦੇ ਡੇਰੇਦਾਰ ਸੰਤ ਬਿਲਕੁਲ ਨਹੀਂ ਹੈ ਭਾਵੇਂ ਉਹ ਵੀ ਸਿੱਧੇ-ਸਾਦੇ ਲੋਕਾਂ ਨੂੰ ‘ਨਾਮ’ ਦੇ ਕੇ ਦਾਅਵਾ ਅਜਿਹਾ ਹੀ ਕਰਦੇ ਹਨ। ਬਾਣੀ ਅਨੁਸਾਰ ਸ਼ਬਦ ਹੀ ਗੁਰੂ ਹੈ)।
ਗੁਰਮਤਿ ਦਰਸ਼ਨ ਵਿਚ ਕਿਉਂਕਿ ਤਿਆਗ ਦੇ ਰਸਤੇ ‘ਤੇ ਚੱਲ ਕੇ ਮੁਕਤੀ ਪ੍ਰਾਪਤ ਕਰਨ ਦੀ ਥਾਂ ਗ੍ਰਹਿਸਥ ਜੀਵਨ ਜਿਉਂਦਿਆਂ ਪਰਮਾਤਮਾ ਨੂੰ ਪਾ ਲੈਣ ਦੀ ਪ੍ਰੇਰਣਾ ਕੀਤੀ ਗਈ ਹੈ, ਇਸੇ ਲਈ ਸਾਰੇ ਚਿੰਨ੍ਹ ਅਤੇ ਪ੍ਰਤੀਕ ਗ੍ਰਹਿਸਥ ਜੀਵਨ ਵਿਚੋਂ ਹੀ ਲਏ ਗਏ ਹਨ। ਮਨੁੱਖ ਦੇ ਹਿਰਦੇ ਨੂੰ ‘ਸੇਜ’ ਕਿਹਾ ਹੈ ਜਿਥੇ ਪਰਮਾਤਮਾ ਨੇ ਬਿਰਾਜਣਾ ਹੈ। ਗੁਰੂ ਅਰਜਨ ਦੇਵ ਇਸੇ ਦਾ ਹਵਾਲਾ ਦਿੰਦਿਆਂ ਫਰਮਾਉਂਦੇ ਹਨ ਕਿ ਜਿੱਥੇ ਪ੍ਰਭੂ-ਪਤੀ ਪ੍ਰਗਟ ਹੋ ਜਾਂਦਾ ਹੈ, ਉਹ ਹਿਰਦਾ-ਸੇਜ ਸੁਹਣਾ ਹੋ ਜਾਂਦਾ ਹੈ, ਸੁੰਦਰ ਹੋ ਜਾਂਦਾ ਹੈ ਅਤੇ ਅਜਿਹੇ ਜਿਊੜਿਆਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ, ਦੁੱਖਾਂ ਲਈ ਕੋਈ ਥਾਂ ਨਹੀਂ ਰਹਿ ਜਾਂਦੀ। ਅਜਿਹੇ ਜੀਵਾਂ ਦੀ ਪਰਮਾਤਮਾ ਨੂੰ ਮਿਲਣ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ। ਉਨ੍ਹਾਂ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਅਤੇ ਉਹ ਸਤਿਸੰਗੀਆਂ ਨਾਲ ਮਿਲ ਕੇ ਉਸ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਗਾਉਂਦੇ ਹਨ, ਗੁਰਬਾਣੀ ਦਾ ਕੀਰਤਨ ਕਰਦੇ ਹਨ ਜੋ ਆਤਮਕ ਅਨੰਦ ਪੈਦਾ ਕਰਦੀ ਹੈ। ਅਜਿਹੇ ਜਿਉੜਿਆਂ ਨੂੰ ਪਰਮਾਤਮਾ ਦੇ ਬਰਾਬਰ ਹੋਰ ਕੋਈ ਨਜ਼ਰ ਨਹੀਂ ਆਉਂਦਾ (ਕਹਿਣ ਤੋਂ ਭਾਵ ਹੈ ਕਿ ਉਨ੍ਹਾਂ ਨੂੰ ਇੱਕ ਅਕਾਲ ਪੁਰਖ ਦੀ ਹਸਤੀ ਵਿਚ ਹੀ ਵਿਸ਼ਵਾਸ ਦ੍ਰਿੜ ਹੋ ਜਾਂਦਾ ਹੈ)। ਅਕਾਲ ਪੁਰਖ ਨੇ ਅਜਿਹੇ ਮਨੁੱਖਾਂ ਦੇ ਸੰਸਾਰਕ ਅਤੇ ਪਰਮਾਰਥਕ ਜੀਵਨ-ਦੋਵੇਂ ਅਕਾਲ ਪੁਰਖ ਦੀ ਨਦਰਿ ਸਦਕਾ ਸਫ਼ਲ ਹੋ ਗਏ ਹਨ। ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਉਨ੍ਹਾਂ ਨੂੰ ਉਸ ਦੇ ਚਰਨਾਂ ਵਿਚ ਅਜਿਹੀ ਥਾਂ ਮਿਲ ਗਈ ਹੈ ਜੋ ਕਦੀ ਡੋਲਦੀ ਨਹੀਂ। ਪਰਮਾਤਮਾ ਨੇ ਆਪ ਉਨ੍ਹਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲਾ ਕੇ ਜਨਮ-ਮਰਨ ਦੇ ਚੱਕਰ ਤੋਂ ਮੁਕਤ ਕਰ ਦਿਤਾ ਹੈ।
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮਨੁੱਖ ਦੀ ਜੀਭਾ ਇੱਕ ਹੈ ਗਾਉਣ ਵਾਸਤੇ ਪਰ ਉਸ ਅਕਾਲ ਪੁਰਖ ਦੇ ਅਨੇਕਾਂ ਗੁਣ ਹਨ-ਗਾਏ ਜਾਣ ਲਈ। ਜਿਹੜੇ ਮਨੁੱਖ ਉਸ ਦੇ ਚਰਨੀਂ ਲੱਗ ਜਾਂਦੇ ਹਨ ਉਹ ਇਸ ਸੰਸਾਰ-ਰੂਪੀ ਸਮੁੰਦਰ ਤੋਂ ਪਾਰ ਲੱਗ ਜਾਂਦੇ ਹਨ। ਫੱਗਣ ਦੇ ਮਹੀਨੇ ਉਸ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੂੰ ਰਤੀ-ਮਾਸਾ ਵੀ ਲਾਲਚ ਦਾ ਲੇਪ ਨਹੀਂ ਹੈ, ਜੋ ਅਲੇਪ ਹੈ,
ਫਲਗੁਣਿ ਅਨੰਦ ਉਪਾਰਜਨਾ
ਹਰਿ ਸਜਣ ਪਰਗਟੇ ਆਇ॥
ਸੰਤ ਸਹਾਈ ਰਾਮ ਕੇ ਕਰਿ
ਕਿਰਪਾ ਦੀਆ ਮਿਲਾਏ॥
ਸੇਜ ਸੁਹਾਵੀ ਸਰਬ ਸੁਖ
ਹੁਣਿ ਦੁਖਾ ਨਾਹੀ ਜਾਇ॥
—
ਜਿਹਵਾ ਏਕ ਅਨੇਕ ਗੁਣ
ਤਰੇ ਨਾਨਕ ਚਰਣੀ ਪਾਇ॥
ਫਲਗੁਣਿ ਨਿਤ ਸਲਾਹੀਐ
ਜਿਸ ਨੋ ਤਿਲੁ ਨ ਤਮਾਇ॥
ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਸਾਰੇ ਡੇਰੇਦਾਰ ਪੂਰਨਮਾਸ਼ੀ ਜਾਂ ਮੱਸਿਆ ਆਪਣੇ ਡੇਰਿਆਂ ਵਿਚ ਮਨਾਉਂਦੇ ਹਨ ਅਤੇ ਇਨ੍ਹਾਂ ਦੋ ਦਿਨਾਂ ‘ਤੇ ਡੇਰਿਆਂ ਵਿਚ ਸੰਗਤਾਂ ਦਾ ਖ਼ਾਸ ਇਕੱਠ ਹੁੰਦਾ ਹੈ। ਇਸੇ ਲਈ ਨਾਨਕਸ਼ਾਹੀ ਕੈਲੰਡਰ ਨੂੰ ਉਨ੍ਹਾਂ ਪੂਰਨਮਾਸ਼ੀ ਅਤੇ ਮੱਸਿਆ ਨੂੰ ਮਹੱਤਵ ਦਿੰਦਿਆਂ ਚੰਦਰਮਾ ਕੈਲੰਡਰ ਅਨੁਸਾਰ ਕਰਵਾਇਆ ਅਤੇ ਸ੍ਰੀ ਅਕਾਲ ਤਖ਼ਤ ਵੱਲੋਂ ਪਹਿਲਾਂ ਦਾ ਕੀਤਾ ਆਪਣਾ ਫੈਸਲਾ ਬਦਲਾਇਆ। ਅਕਾਲ ਤਖ਼ਤ ਮੌਜੂਦਾ ਅਕਾਲੀ ਦਲ ਦੇ ਦਬਦਬੇ ਹੇਠ ਫੈਸਲੇ ਕਰਦਾ ਹੈ ਅਤੇ ਅਕਾਲੀ ਦਲ ਨੂੰ ਸੱਤਾ ‘ਤੇ ਕਾਬਜ ਰਹਿਣ ਲਈ ਡੇਰਿਆਂ ਦੀ ਸੰਗਤ ਦੀਆਂ ਵੋਟਾਂ ਚਾਹੀਦੀਆਂ ਹਨ। ਸਿੱਖ ਧਰਮ ਵਿਚ ਪੂਰਨਮਾਸ਼ੀ ਜਾਂ ਮੱਸਿਆ ਦੀ ਕੋਈ ਮਨੌਤ ਜਾਂ ਮਹੱਤਤਾ ਨਹੀਂ ਹੈ। ਇਨ੍ਹਾਂ ਦਾ ਮਹੱਤਵ ਹਿੰਦੂ ਸ਼ਾਸਤਰਾਂ ਵਿਚ ਮੰਨਿਆ ਗਿਆ ਹੈ। ਡੇਰੇਦਾਰ ਇਨ੍ਹਾਂ ਨੂੰ ਇਸ ਲਈ ਮਹੱਤਤਾ ਦਿੰਦੇ ਹਨ ਕਿ ਉਨ੍ਹਾਂ ਨੇ ਹਰ ਤਰ੍ਹਾਂ ਦੇ ਲੋਕ ਮਗਰ ਲਾਉਣੇ ਹੁੰਦੇ ਹਨ।
ਬਾਣੀ ਅਨੁਸਾਰ ਸਾਰੇ ਦਿਨ, ਥਿੱਤ, ਮਹੀਨੇ ਭਲੇ ਹਨ ਜੋ ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਿਆਂ ਗੁਜ਼ਾਰੇ ਜਾਂਦੇ ਹਨ। ਗੁਰੂ ਨਾਨਕ ਰਾਗ ਤੁਖਾਰੀ ਵਿਚ ਰਚੇ ਬਾਰਾਮਾਹਾ ਵਿਚ ਇਸੇ ਵਿਚਾਰਧਾਰਾ ਨੂੰ ਦ੍ਰਿੜ ਕਰਵਾਉਂਦਿਆਂ ਫਰਮਾਉਂਦੇ ਹਨ ਕਿ ਉਸ ਜੀਵ ਲਈ, ਮਨੁੱਖ ਲਈ ਬਾਰਾਂ ਹੀ ਮਹੀਨੇ, ਸਾਰੀਆਂ ਰੁੱਤਾਂ, ਥਿੱਤਾਂ, ਘੜੀਆਂ, ਸਾਰੇ ਦਿਨ, ਮਹੂਰਤ ਅਤੇ ਪਲ ਸੁਲੱਖਣੇ ਹਨ ਜਿਸ ਦੇ ਸਹਿਜ ਅਵਸਥਾ ਵਿਚ ਆਏ ਹਿਰਦੇ ਵਿਚ ਅਕਾਲ ਪੁਰਖ ਨੇ ਨਿਵਾਸ ਕਰ ਲਿਆ ਹੈ। ਉਹੀ ਘੜੀ ਸੁਲੱਖਣੀ ਹੈ ਜੋ ਪਰਮਾਤਮਾ ਦੇ ਲੇਖੇ ਲੱਗ ਜਾਂਦੀ ਹੈ। ਅਜਿਹੇ ਗੁਰੂ ਵਰੋਸਾਏ ਮਨੁੱਖ ਲਈ ਕਿਸੇ ਕਾਰਜ ਨੂੰ ਸ਼ੁਰੂ ਕਰਨ ਲਈ ਕਿਸੇ ਖਾਸ ਦਿਨ ਜਾਂ ਮਹੂਰਤ ਜਾਂ ਘੜੀ ਦੀ ਜ਼ਰੂਰਤ ਨਹੀਂ ਹੁੰਦੀ। ਗੁਰੂ ਨਾਨਕ ਦੱਸਦੇ ਹਨ ਕਿ ਜਦੋਂ ਪਿਆਰਾ ਪਰਮਾਤਮਾ ਮਿਲ ਪਵੇ, ਉਸ ਦਾ ਓਟ-ਆਸਰਾ ਲਿਆਂ ਸਾਰੇ ਕਾਰਜ ਰਾਸ ਆ ਜਾਂਦੇ ਹਨ। ਕਰਤਾ ਪੁਰਖ ਜਾਣੀਜਾਣ ਹੈ, ਉਹ ਸਭ ਬਿਧੀਆਂ ਜਾਣਦਾ ਹੈ (ਜ਼ਰੂਰਤ ਉਸ ‘ਤੇ ਭਰੋਸਾ ਕਰਨ ਦੀ ਹੈ। ਇਹ ਸਿਦਕ ਅਤੇ ਭਰੋਸਾ ਵੀ ਅਕਾਲ ਪੁਰਖ ਨੇ ਆਪਣੀ ਕਿਰਪਾ ਦ੍ਰਿਸ਼ਟੀ ਰਾਹੀਂ ਆਪ ਹੀ ਮਨੁੱਖ ਦੇ ਅੰਦਰ ਪੈਦਾ ਕਰਨਾ ਹੈ)। ਅਕਾਲ ਪੁਰਖ ਨੇ ਆਪ ਹੀ ਮਨੁੱਖ ਦੀ ਆਤਮਾ ਨੂੰ ਸਵਾਰਨਾ ਹੈ ਅਤੇ ਆਪ ਉਸ ਨੂੰ ਪਿਆਰ ਕਰਨਾ ਹੈ। ਇਸ ਲਈ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਜਿਸ ਜੀਵ-ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ, ਉਸ ਨੂੰ ਆਤਮਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰਮਤਿ ਅਨੁਸਾਰ ਇਹ ਪ੍ਰਾਪਤੀ ਗੁਰੂ ਰਾਹੀਂ ਸੰਭਵ ਹੈ। ਗੁਰੂ ਨਾਨਕ ਦੇਵ ਕਹਿੰਦੇ ਹਨ ਕਿ ਗੁਰੂ ਦੀ ਮਿਹਰ ਸਦਕਾ ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪੈਂਦੇ ਹਨ, ਜਦੋਂ ਅਕਾਲ-ਪੁਰਖ ਮਾਲਕ ਨੇ ਉਸ ਮਨੁੱਖ ਨੂੰ ਆਪਣੇ ਨਾਲ ਮਿਲਾ ਲਿਆ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰ ਦਿੱਤੀ ਤਾਂ ਉਸ ਦੇ ਮਨ ਦੀ ਸੇਜ ਸੁੰਦਰ ਹੋ ਗਈ। ਅਜਿਹੇ ਸੁਭਾਗੇ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ ਦਿਨ-ਰਾਤ ਅਰਥਾਤ ਸਦੀਵੀ ਹੋਇਆ ਰਹਿੰਦਾ ਹੈ। ਅਕਾਲ ਪੁਰਖ ਉਸ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ (ਜੋ ਨਾ ਕਦੀ ਵਿਛੜਦਾ ਹੈ, ਨਾ ਮਰਦਾ ਹੈ),
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ
ਕਰਤਾ ਸਭ ਬਿਧਿ ਜਾਣੈ॥
ਜਿਨਿ ਸੀਗਾਰੀ ਤਿਸਹਿ ਪਿਆਰੀ
ਮੇਲੁ ਭਇਆ ਰੰਗੁ ਮਾਣੈ॥
ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ
ਗੁਰਮੁਖਿ ਮਸਤਕਿ ਭਾਗੋ॥
ਨਾਨਕ ਅਹਿ ਨਿਸਿ ਰਾਵੈ ਪ੍ਰੀਤਮੁ
ਹਰਿ ਵਰੁ ਥਿਰੁ ਸੋਹਾਗੋ॥
ਇਹ ਨਿਸ਼ਕਰਸ਼ ਗੁਰੂ ਨਾਨਕ ਸਾਹਿਬ ਨੇ ਮਹੀਨਿਆਂ, ਥਿਤਾਂ, ਵਾਰਾਂ ਆਦਿ ਸਮਂੇ ਦਾ ਕੱਢਿਆ ਹੈ ਕਿ ਉਹੀ ਘੜੀ ਸੁਲੱਖਣੀ ਹੈ ਜੋ ਪਰਮਾਤਮਾ ਦੇ ਲੇਖੇ ਲਾਈ ਜਾਂਦੀ ਹੈ, ਕਿਸੇ ਭਲੇ ਕਾਰਜ ਹਿਤ ਖਰਚ ਕੀਤੀ ਜਾਂਦੀ ਹੈ। ਪੰਚਮ ਪਾਤਿਸ਼ਾਹ ਹਜ਼ੂਰ ਫਰਮਾਉਂਦੇ ਹਨ ਕਿ ਜਿਸ ਜਿਸ ਪ੍ਰਾਣੀ ਨੇ ਉਸ ਅਕਾਲ ਪੁਰਖ ਦਾ ਨਾਮ ਜਪਿਆ ਹੈ, ਉਸ ਨੂੰ ਧਿਆਇਆ ਹੈ, ਉਸ ਉਸ ਦੇ ਸਾਰੇ ਕਾਰਜ ਰਾਸ ਆ ਜਾਂਦੇ ਹਨ, ਸਫਲ ਹੋ ਜਾਂਦੇ ਹਨ। ਜਿਨ੍ਹਾਂ ਨੇ ਅਕਲ ਪੁਰਖ ਅਤੇ ਪੂਰੇ ਗੁਰੂ ਦੀ ਅਰਾਧਨਾ ਕੀਤੀ ਹੈ, ਉਹ ਉਸ ਅਕਾਲ ਪੁਰਖ ਦੀ ਸੱਚੀ ਦਰਗਾਹ ਵਿਚ ਨਿਤਰਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ। ਪਰਮਾਤਮਾ ਦੇ ਚਰਨਾਂ ਨਾਲ ਮਨ ਨੂੰ ਜੋੜਨਾ ਹੀ, ਉਸ ਦਾ ਓਟ-ਆਸਰਾ ਤੱਕਣਾ ਹੀ, ਸਾਰੇ ਸੁੱਖਾਂ ਦੀ ਪ੍ਰਾਪਤੀ ਹੈ। ਉਸ ਦੇ ਚਰਨੀਂ ਲੱਗੇ ਮਨੁੱਖ ਇਸ ਸੰਸਾਰ-ਰੂਪੀ ਡੂੰਘੇ ਸਾਗਰ ਨੂੰ ਪਾਰ ਕਰ ਲੈਂਦੇ ਹਨ। ਉਨ੍ਹਾਂ ਨੂੰ ਪਰਮਾਤਮਾ ਦੀ ਪ੍ਰੇਮਾ-ਭਗਤੀ ਪ੍ਰਾਪਤ ਹੋ ਜਾਂਦੀ ਹੈ। ਉਹ ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਨਹੀਂ ਸੜਦੇ। ਗੁਰਮਤਿ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਰੱਖਦੇ ਹਨ, ਇਹ ਪੰਜੇ ਵਿਕਾਰ ਮਨੁੱਖ ਦੇ ਮਨ ਨੂੰ ਭਟਕਣਾ ਵਿਚ ਪਾਈ ਰੱਖਦੇ ਹਨ ਅਤੇ ਅਧਿਆਤਮਕ ਪ੍ਰਾਪਤੀ ਦੇ ਰਾਹ ਵਿਚ ਰੋੜਾ ਹਨ। ਗੁਰੂ ਅਰਜਨ ਦੇਵ ਫਰਮਾਉਂਦੇ ਹਨ ਕਿ ਅਜਿਹੇ ਰੱਬ ਦੇ ਭਗਤਾਂ ਦੇ ਵਿਅਰਥ ਅਤੇ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਨ੍ਹਾਂ ਦੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ, ਮਨ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਉਨ੍ਹਾਂ ਦਾ ਮਨ ਪੂਰੀ ਤਰ੍ਹਾਂ ਉਸ ਸਦਾ ਰਹਿਣ ਵਾਲੀ ਹਸਤੀ ਪਰਮਾਤਮਾ ਵਿਚ ਟਿਕ ਜਾਂਦਾ ਹੈ। ਉਹ ਆਪਣੇ ਮਨ ਵਿਚ ਉਸ ਇੱਕ ਨੂੰ ਹੀ ਸਿਮਰਦੇ ਹਨ ਅਤੇ ਉਸ ਇੱਕੋ ਪਰਮ ਜੋਤਿ ਨੂੰ ਆਪਣੇ ਮਨ ਵਿਚ ਟਿਕਾ ਕੇ ਰੱਖਦੇ ਹਨ।
ਗੁਰਮਤਿ ਅਨੁਸਾਰ ਅਧਿਆਤਮਕ ਪ੍ਰਾਪਤੀ ਉਸ ਅਕਾਲ ਪੁਰਖ ਦੀ ਮਿਹਰ, ਉਸ ਦੀ ਨਦਰਿ ‘ਤੇ ਨਿਰਭਰ ਹੈ ਅਤੇ ਨਦਰਿ ਦੀ ਪ੍ਰਾਪਤੀ ਲਈ ਮਨੁੱਖ ਨੂੰ ਉਦਮ ਕਰਨਾ ਪੈਂਦਾ ਹੈ। ਗੁਰੂ ਅਰਜਨ ਦੇਵ ਦੱਸਦੇ ਹਨ ਕਿ ਅਕਾਲ ਪੁਰਖ ਜਿਨ੍ਹਾਂ ਜੀਵਾਂ ‘ਤੇ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਅਰਥਾਤ ਜਿਨ੍ਹਾਂ ਨੂੰ ਉਸ ਦੀ ਕਿਰਪਾ-ਦ੍ਰਿਸ਼ਟੀ ਰਾਹੀਂ ਪਰਮਾਤਮਾ ਦੇ ਨਾਮ ਦੀ ਦਾਤ ਮਿਲ ਜਾਂਦੀ ਹੈ ਉਨ੍ਹਾਂ ਲਈ ਸਾਰੇ ਮਹੀਨੇ, ਸਾਰੇ ਦਿਨ, ਸਾਰੇ ਹੀ ਮਹੂਰਤ ਸ਼ੁਭ ਹਨ, ਸੁਲੱਖਣੇ ਹਨ (ਉਨ੍ਹਾਂ ਨੂੰ ਪਰਮਾਤਮਾ ਦਾ ਨਾਮ ਸਿਮਰਨ ਲਈ, ਕੋਈ ਸ਼ੁਭ ਕਾਰਜ ਕਰਨ ਲਈ ਕਿਸੇ ਖਾਸ ਥਿਤ, ਦਿਨ ਜਾਂ ਮਹੂਰਤ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਸਾਰਾ ਸਮਾਂ ਉਸ ਪਰਮਾਤਮਾ ਦਾ ਘੜਿਆ ਹੋਇਆ ਹੈ)। ਉਨ੍ਹਾਂ ਲਈ ਹਰ ਸਮਾਂ ਪਵਿੱਤਰ ਅਤੇ ਸ਼ੁਭ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਮਿਹਰ ਕਰ, ਤੇਰੇ ਦਰਵਾਜ਼ੇ ‘ਤੇ ਤੇਰੇ ਦਰਸ਼ਨਾਂ ਦੀ ਦਾਤਿ ਮੰਗਦਾ ਹਾਂ,
ਜਿਨਿ ਜਿਨਿ ਨਾਮੁ ਧਿਆਇਆ
ਤਿਨ ਕੇ ਕਾਜ ਸਰੇ॥
ਹਰਿ ਗੁਰੁ ਪੂਰਾ ਆਰਾਧਿਆ
ਦਰਗਹ ਸਚਿ ਖਰੇ॥
ਸਰਬ ਸੁਖਾ ਨਿਧਿ ਚਰਣ
ਹਰਿ ਭਉਜਲੁ ਬਿਖਮੁ ਤਰੇ॥
ਪ੍ਰੇਮ ਭਗਤਿ ਤਿਨ ਪਾਈਆ
ਬਿਖਿਆ ਨਾਹਿ ਜਰੇ॥
ਕੂੜ ਗਏ ਦੁਬਿਧਾ ਨਸੀ
ਪੂਰਨ ਸਚਿ ਭਰੇ॥
ਪਾਰਬ੍ਰਹਮੁ ਪ੍ਰਭੁ ਸੇਵਦੇ
ਮਨ ਅੰਦਰਿ ਏਕੁ ਧਰੇ॥
ਮਾਹ ਦਿਵਸ ਮੂਰਤ ਭਲੇ
ਜਿਨ ਕਉ ਨਦਰਿ ਕਰੇ॥
ਨਾਨਕ ਮੰਗੈ ਦਰਸ ਦਾਨ
ਕਿਰਪਾ ਕਰਹੁ ਹਰੇ॥14॥
Leave a Reply