ਅਮਰੀਕਾ ਵਿਚ ਬੰਦੂਕ ਸਭਿਆਚਾਰ ਖਿਲਾਫ ਲਾਮਬੰਦੀ

ਵਾਸ਼ਿੰਗਟਨ: ਫਲੋਰਿਡਾ ਦੇ ਹਾਈ ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਪਿੱਛੋਂ ਦੇਸ਼ ਭਰ ਦੇ ਸਕੂਲਾਂ ਦੇ ਬਾਹਰ ਧਰਨੇ-ਮੁਜ਼ਾਹਰਿਆਂ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਅਮਰੀਕੀ ਸੰਸਦ ਵਿਚ ਵੀ ਗੰਨ ਕੰਟਰੋਲ ਕਾਨੂੰਨਾਂ ਨੂੰ ਸਖਤ ਬਣਾਉਣ ਦੀ ਮੰਗ ਜ਼ੋਰ ਫੜ ਗਈ ਹੈ।

ਔਰਤਾਂ ਦੇ ਹੱਕਾਂ ਲਈ ਕਾਰਜਸ਼ੀਲ ਗਰੁੱਪਾਂ ਵੱਲੋਂ 14 ਮਾਰਚ ਨੂੰ ਗੰਨ ਕੰਟਰੋਲ ਦੇ ਮੁੱਦੇ ‘ਤੇ ਅਮਰੀਕੀ ਸੰਸਦ ਦੀ ਢਿੱਲ ਮੱਠ ਖਿਲਾਫ਼ ਰੋਸ ਦਰਜ ਕਰਾਉਣ ਲਈ ਮਹਿਲਾ ਮਾਰਚ ਉਲੀਕਿਆ ਗਿਆ ਹੈ। ਨੈੱਟਵਰਕ ਫਾਰ ਪਬਲਿਕ ਐਜੂਕੇਸ਼ਨ ਨਾਂ ਦੇ ਇਕ ਗਰੁੱਪ ਵੱਲੋਂ 20 ਅਪਰੈਲ ਨੂੰ ‘ਨੈਸ਼ਨਲ ਐਕਸ਼ਨ ਡੇਅ’ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਹਥਿਆਰ ਸਭਿਆਚਾਰ ਖਿਲਾਫ ਇੰਨੇ ਵੱਡੇ ਪੱਧਰ ‘ਤੇ ਲਾਮਬੰਦੀ ਨੂੰ ਡੋਨਲਡ ਸਰਕਾਰ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਵਿਰੋਧ ਕਰ ਰਹੀਆਂ ਜਥੇਬੰਦੀਆਂ ਨੇ ਹਥਿਆਰਾਂ ਦੀ ਨੁਮਾਇਸ਼ ਲਈ ਟਰੰਪ ਸਰਕਾਰ ਨੂੰ ਸਿੱਧਾ ਦੋਸ਼ੀ ਮੰਨਿਆ ਹੈ। ਦੱਸ ਦਈਏ ਕਿ ਫਲੋਰਿਡਾ ਹਾਈ ਸਕੂਲ ਵਿਚੋਂ ਕੱਢੇ ਗਏ ਵਿਦਿਆਰਥੀ ਨੇ ਸਕੂਲ ‘ਚ ਅਸਾਲਟ ਰਾਈਫਲ ਨਾਲ ਅੰਨ੍ਹੇਵਾਹ ਗੋਲੀਬਾਰੀ ਕਰ ਕੇ 17 ਵਿਅਕਤੀਆਂ ਦੀ ਜਾਨ ਲੈ ਲਈ। ਇਸੇ ਸਾਲ ਸਕੂਲਾਂ ਵਿਚ ਗੋਲੀਬਾਰੀ ਦੀਆਂ 18 ਵਾਰਦਾਤਾਂ ਵਾਪਰ ਚੁੱਕੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਬੰਦੂਕਾਂ ਦੀ ਖਰੀਦ ਉਤੇ ਪਾਬੰਦੀ ਲਾਉਣ ਦੀ ਮੁਹਿੰਮ ਵਿੱਢੀ ਹੈ।