ਫਿਲਮਾਂ, ਅੰਨਾ ਕੌਮਵਾਦ ਅਤੇ ਆਰ ਐਸ ਐਸ ਪੱਖੀ ਰੁਝਾਨ

ਕੁਲਦੀਪ
ਭਾਰਤ ਵਿਚ ਅੰਨ੍ਹੇ ਕੌਮਵਾਦ (ਰਾਸ਼ਟਰਵਾਦ) ਦੀ ਸੁਰ ਦਿਨੋ-ਦਿਨ ਉਚੀ ਹੋ ਰਹੀ ਹੈ ਅਤੇ ਇਸ ਸੁਰ ਨੂੰ ਅਲਾਪਣ ਵਾਲ਼ਾ ਸੰਘੀ ਲਾਣਾ ਵੀ ਦਿਨੋ-ਦਿਨ ਆਪਣਾ ਆਧਾਰ ਮਜ਼ਬੂਤ ਕਰ ਰਿਹਾ ਹੈ। ਇਸ ਦਾ ਅੰਦਾਜ਼ਾ ਸੰਘ ਦੀਆਂ ਤੇਜ਼ੀ ਨਾਲ਼ ਫੈਲ ਰਹੀਆਂ ਸ਼ਾਖ਼ਾਵਾਂ ਤੋਂ ਲਾਇਆ ਜਾ ਸਕਦਾ ਹੈ। ਵਿਅੰਜਨਾ ਭਾਰਤੀ (ਵਿਗਿਆਨ ਤੇ ਖੋਜ ਖੇਤਰ ਵਿਚ ਸਰਗਰਮ ਰਾਸ਼ਟਰੀ ਸੋਇਮਸੇਵਕ ਸੰਘ ਦਾ ਵਿੰਗ ਜਿਸ ਦੀਆਂ 11 ਉਪ-ਸ਼ਾਖਾਵਾਂ ਹਨ ਜੋ ਦੇਸ਼ ਦੇ 24 ਸੂਬਿਆਂ ਵਿਚ ਸਰਗਰਮ ਹੈ), ਵਿੱਦਿਆ ਭਾਰਤੀ (ਸਿੱਖਿਆ ਖੇਤਰ ਦਾ ਵਿੰਗ; ਸ਼ਿਸ਼ੂ ਮੰਦਿਰ, ਸ਼ਿਸ਼ੂ ਵਾਟਿਕਾ, ਵਿੱਦਿਆ ਮੰਦਿਰ, ਸਰਸਵਤੀ ਵਿਦਿਆਲਯਾ ਆਦਿ

ਸ਼ਾਖ਼ਾਵਾਂ), ਸੇਵਾ ਭਾਰਤੀ, ਵਣਵਾਸੀ ਕਲਿਆਣ ਆਸ਼ਰਮ (ਸਮਾਜਿਕ ਸੇਵਾ ਵਿੰਗ), ਦੁਰਗਾ ਵਾਹਿਣੀ, ਹਿੰਦੂ ਯੁਵਾ ਵਾਹਿਣੀ, ਬਜਰੰਗ ਦਲ, ਗਊ ਰਕਸ਼ਾ ਦਲ, ਹਿੰਦੂ ਤਖ਼ਤ, ਸ੍ਰੀਰਾਮ ਸੇਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਯੁਵਾ ਭਾਰਤੀ ਆਦਿ ਵਰਗੀਆਂ ਜਥੇਬੰਦੀਆਂ ਅਤੇ ਸਹਿ-ਜਥੇਬੰਦੀਆਂ ਰਾਹੀਂ ਸੰਘ ਨੇ ਦੇਸ਼ ਦੇ ਕੋਨੇ ਕੋਨੇ ਅਤੇ ਸਮਾਜ ਦੇ ਹਰ ਵਰਗ ਤੱਕ ਆਪਣੀ ਰਸਾਈ ਬਣਾ ਲਈ ਹੈ; ਪਰ ਹੁਣ ਫਿਲਮ ਖੇਤਰ ਵਿਚ ਵੀ ਸੰਘ ਦਾ ਏਜੰਡਾ ਫੈਲ ਰਿਹਾ ਹੈ। ਮੁਕੇਸ਼ ਖੰਨਾ, ਪਹਿਲਾਜ ਨਹਿਲਾਨੀ, ਅਨੁਪਮ ਖੇਰ, ਅਮਿਤਾਬ ਬਚਨ ਆਦਿ ਵਰਗੇ ਕਲਾਕਾਰ ਤਾਂ ਹੈ ਹੀ ਸੰਘ ਦੇ ਬੰਦੇ, ਪਰ ਉਸ ਦੀ ਵਿਚਾਰਧਾਰਾ ਦਾ ਫੈਲਾਅ ਫਿਲਮ ਖੇਤਰ ਵਿਚ ਪਿਛਲੇ ਸਮੇਂ ਤੋਂ ਬਹੁਤ ਵਧਿਆ ਹੈ। ਕੇਂਦਰੀ ਫਿਲਮ ਸਰਟੀਫਕੇਸ਼ਨ ਬੋਰਡ ਦਾ ਮੁਖੀ ਪਹਿਲਾਜ ਨਹਿਲਾਨੀ, ਫਿਲਮ ਤੇ ਟੈਲੀਵਿਜ਼ਨ ਇੰਸਟੀਟਿਊਟ ਆਫ ਇੰਡੀਆ ਦਾ ਮੁਖੀ ਗਜੇਂਦਰ ਚੌਹਾਨ ਅਤੇ ਬਾਲ ਫਿਲਮ ਸੁਸਾਇਟੀ ਦਾ ਮੁਖੀ ਮੁਕੇਸ਼ ਖੰਨਾ ਨੂੰ ਲਾਇਆ ਗਿਆ ਹੈ। ਬਾਅਦ ਵਿਚ ਪਹਿਲਾਜ ਨਹਿਲਾਨੀ ਦੀ ਥਾਂ ਪ੍ਰਸੂਨ ਜੋਸ਼ੀ ਨੂੰ ਕੇਂਦਰੀ ਫਿਲਮ ਸਰਟੀਫਕੇਸ਼ਨ ਬੋਰਡ ਦਾ ਮੁਖੀ ਲਾ ਦਿੱਤਾ ਗਿਆ। 2014 ਤੋਂ ਬਾਅਦ ਭਾਜਪਾ ਦੀ ਸਰਕਾਰ ਆਉਣ ਨਾਲ਼ ਕਲਾ ਦੇ ਖੇਤਰ ਵਿਚ ਸੰਘੀ ਰੁਝਾਨ ਵਧਣਾ ਸ਼ੁਰੂ ਹੋਇਆ ਹੈ।
ਵੈਸੇ ਤਾਂ ਭਾਰਤੀ ਸਿਨੇਮੇ ਵਿਚ ਅੰਨ੍ਹੀ ਦੇਸ਼ਭਗਤੀ ਦਾ ਜਨੂੰਨ ਕੋਈ ਨਵੀਂ ਗੱਲ ਨਹੀਂ ਹੈ, ਪਰ ਪਿਛਲੇ ਤਿੰਨ-ਚਾਰ ਸਾਲਾਂ ਵਿਚ ਇਸ ਵਿਚ ਜੋ ਵਾਧਾ ਹੋਇਆ ਹੈ, ਉਹ ਜ਼ਰੂਰ ਚਿੰਤਾਜਨਕ ਗੱਲ ਹੈ। ਇਸ ਦੀ ਤਸਵੀਰ 2014 ਤੋਂ ਲੈ ਕੇ ਹੁਣ ਤੱਕ ਬਣੀਆਂ ਫਿਲਮਾਂ ‘ਤੇ ਨਜ਼ਰ ਮਾਰਿਆਂ ਸਾਫ਼ ਹੋ ਜਾਵੇਗੀ। ਇਸ ਦੌਰ ਵਿਚ ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਬਣੀਆਂ ਹਨ ਜਿਨ੍ਹਾਂ ਵਿਚ ਅੰਨ੍ਹਾ ਕੌਮਵਾਦ ਯਾਨੀ ਦੇਸ਼ ਦਾ ਅੰਨ੍ਹਾ ਗੁਣਗਾਨ, ਮੁਸਲਿਮ ਵਸੋਂ ਵਿਰੋਧੀ ਪਾਗਲਪਣ ਦੀ ਹੱਦ ਦਾ ਜਨੂੰਨ, ਪਾਕਿਸਤਾਨ ਵਿਰੋਧੀ ਅਤੇ ਸੰਘ ਪੱਖੀ ਰੁਝਾਨ ਸਿੱਧੇ ਜਾਂ ਅਸਿੱਧੇ ਢੰਗ ਨਾਲ਼ ਪੇਸ਼ ਹੋਇਆ ਦੇਖਿਆ ਜਾ ਸਕਦਾ ਹੈ। ਇਸ ਦੌਰ ਦੌਰਾਨ ਬਣੀਆਂ ਫਿਲਮਾਂ ਦੀ ਵੰਡ ਦੋ ਤਰ੍ਹਾਂ ਨਾਲ਼ ਕੀਤੀ ਜਾ ਸਕਦੀ ਹੈ: ਪਹਿਲੀ ਕਿਸਮ ਦੀਆਂ ਉਹ ਫਿਲਮਾਂ ਜਿਨ੍ਹਾਂ ਵਿਚ ਸਪਸ਼ਟ ਅੰਨ੍ਹਾ ਕੌਮਵਾਦ ਅਤੇ ਸੰਘੀ ਰੁਝਾਨ ਪੇਸ਼ ਹੋਇਆ ਹੈ ਅਤੇ ਦੂਜਾ ਜਿਨ੍ਹਾਂ ਫਿਲਮਾਂ ਵਿਚ ਕਿਸੇ ਡਾਇਲਾਗ, ਦ੍ਰਿਸ਼, ਨਾਅਰੇ, ਗੱਲਬਾਤ, ਬਿੰਬ, ਪ੍ਰਤੀਕ, ਰੂਪਕ ਆਦਿ ਰਾਹੀਂ ਅੰਨ੍ਹਾ ਕੌਮਵਾਦ, ਮੁਸਲਿਮ ਵਿਰੋਧ ਆਦਿ ਦੇਖਿਆ ਜਾ ਸਕਦਾ ਹੈ। ਪਹਿਲੀ ਕਿਸਮ ਦੀਆਂ ਫਿਲਮਾਂ ਜੋ 2014 ਤੋਂ ਬਾਅਦ ਬਣੀਆਂ, ਉਨ੍ਹਾਂ ਵਿਚ ‘ਗ਼ਾਜ਼ੀ ਅਟੈਕ’, ‘ਸਰਬਜੀਤ’, ‘ਬੇਬੀ’, ‘ਜੈ ਜਵਾਨ ਜੈ ਕਿਸਾਨ’, ‘ਫੈਂਟਮ’, ‘ਬਜਰੰਗੀ ਭਾਈਜਾਨ’ ਆਦਿ ਦੇ ਨਾਂ ਮੁੱਖ ਹਨ। ਦੂਜੀ ਕਿਸਮ ਦੀਆਂ ਫਿਲਮਾਂ ਵਿਚ ‘ਦੰਗਲ’, ‘ਸੁਲਤਾਨ’, ‘ਜੌਲੀ ਐਲ ਐਲ ਬੀ-2’, ‘ਡਿਸ਼ੂਮ’, ‘ਐਮ ਐਸ ਧੋਨੀ’, ‘ਸਚਿਨ: ਬਿਲੀਅਨ ਡਰੀਮਜ਼’, ‘ਮੈਰੀ ਕੋਮ’, ‘ਏਅਰ ਲਿਫਟ’ ਆਦਿ ਫਿਲਮਾਂ ਹਨ।
ਇਨ੍ਹਾਂ ਫਿਲਮਾਂ ਵਿਚ ਅੰਨ੍ਹੇ ਕੌਮਵਾਦੀ ਮਿੱਸ ਦੀਆਂ ਕੁਝ ਉਦਾਹਰਨਾਂ ਦੇਖਦੇ ਹਾਂ। ‘ਸਰਬਜੀਤ’ (2016) ਫਿਲਮ ਵਿਚ ਵੈਸੇ ਤਾਂ ਦ੍ਰਿਸ਼ਾਂ, ਗੱਲਾਂਬਾਤਾਂ ਵਿਚੋਂ ਅੰਨ੍ਹਾ ਕੌਮਵਾਦੀ ਜਨੂੰਨ ਦੇਖਿਆ ਜਾ ਸਕਦਾ ਹੈ, ਪਰ ਇੱਕ ਗੱਲਬਾਤ ਵਿਚ ਇੱਕ ਕਿਰਦਾਰ ਪਾਕਿਸਤਾਨ ਵਾਲਿਆਂ ਨੂੰ ਕਹਿੰਦਾ ਹੈ, “ਤੁਮ ਲੋਗੋਂ ਕੋ ਪੀਠ ਪੇ ਵਾਰ ਕਰਨਾ ਆਤਾ ਹੈ, ਪਰ ਹਮਨੇ ਸੀਖਾ ਹੀ ਨਹੀਂ”, ਤਾਂ ਇਹ ਡਾਇਲਾਗ ਫਿਲਮ ਦੇ ਪਾਕਿਸਤਾਨ ਵਿਰੋਧੀ ਜਨੂੰਨ ਨੂੰ ਸਿਰੇ ਲਾ ਦਿੰਦਾ ਹੈ। ‘ਬੇਬੀ’ (2015) ਫਿਲਮ ਦਾ ਸਾਰਤੱਤ ਘੋਰ ਮੁਸਲਿਮ ਵਿਰੋਧੀ ਹੈ ਜੋ ਦੇਸ਼ ਰੱਖਿਆ ਦੇ ਨਾਂ ‘ਤੇ ਮੁਸਲਮਾਨਾਂ ਨੂੰ ਦਹਿਸ਼ਤਗਰਦ ਮੰਨਦੀ ਹੋਈ ਜਨੂੰਨ ਦੀ ਹੱਦ ਤੱਕ ਉਨ੍ਹਾਂ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੰਦੀ ਹੈ। ‘ਜੈ ਜਵਾਨ ਜੈ ਕਿਸਾਨ'(2015) ਭਾਵੇਂ ਗਾਂਧੀਵਾਦੀ ਅਹਿੰਸਾਵਾਦ ਨੂੰ ਵਾਜਬ ਠਹਿਰਾਉਂਦੀ ਹੋਈ ਉਸ ਰਾਹੀਂ ਆਜ਼ਾਦੀ ਆਉਣ ਦੀ ਗੱਲ ਕਰਦੀ ਹੈ, ਪਰ ਪਾਕਿਸਤਾਨ ਦਾ ਨਾਂ ਆਉਂਦੇ ਹੀ ਉਸ ਦੀ ਅਹਿੰਸਾ ਦਾ ਸਾਰਾ ਮੁਲੰਮਾ ਲਹਿ ਜਾਂਦਾ ਹੈ ਜਿਸ ਦੀ ਮਿਸਾਲ ਇਹ ਡਾਇਲਾਗ ਹੈ: “ਪਾਕਿਸਤਾਨ ਦੇ ਇਰਾਦੇ ਨੇਕ ਨਹੀਂ ਹਨ, ਪਰ ਅਸੀਂ ਉਨ੍ਹਾਂ ਨੂੰ ਘਰ ਵਿਚ ਘੁਸ ਕੇ ਮਾਰਾਂਗੇ।” 2015 ਵਿਚ ਆਈ ਸਲਮਾਨ ਖਾਨ ਦੀ ਫਿਲਮ ‘ਬਜਰੰਗੀ ਭਾਈਜਾਨ’ ਵਿਚ “ਸੱਚੇ-ਸੁੱਚੇ”, “ਸੰਵੇਦਨਸ਼ੀਲ” ਤੇ ਆਦਰਸ਼ ਹਿੰਦੂ ਦੇ ਬਿੰਬ ਰਾਹੀਂ ਦੱਸਿਆ ਗਿਆ ਹੈ ਕਿ ਹਿੰਦੂ ਬਹੁਤ ਚੰਗੇ, ਸੰਵੇਦਨਸ਼ੀਲ਼, ਮਦਦ ਕਰਨ ਵਾਲ਼ੇ ਹੁੰਦੇ ਹਨ, ਭਾਵੇਂ ਕਿਸੇ ਬੇਸਹਾਰੇ ਦੀ ਮਦਦ ਲਈ ਉਨ੍ਹਾਂ ਨੂੰ ਕਿੰਨਾ ਵੀ ਦੁੱਖ ਉਠਾਉਣਾ ਪਏ, ਉਹ ਦੂਜਿਆਂ ਦੀ ਮਦਦ ਕਰਦੇ ਹਨ; ਭਾਵੇਂ ਮੁਸਲਮਾਨ ਹੀ ਕਿਉਂ ਨਾ ਹੋਣ, ਉਨ੍ਹਾਂ ਦੀ ਵੀ ਮਦਦ ਕਰਦੇ ਹਨ। ਇਸ ਫਿਲਮ ਰਾਹੀਂ ਸੰਘੀ ਕੱਟੜਪੰਥੀਆਂ ਨੇ ਮੁਸਲਮਾਨ ਵਿਰੋਧੀ ਜਨੂੰਨ ਭੜਕਾ ਕੇ ਜੋ ਹਜ਼ਾਰਾਂ ਮੁਸਲਮਾਨਾਂ ਨੂੰ ਮਾਰਿਆ ਹੈ ਅਤੇ ਇਸ ਦੇਸ਼ ਦੀ ਮੁਸਲਿਮ ਆਬਾਦੀ ਨੂੰ ਖ਼ੌਫ਼ ਦੇ ਸਾਏ ਹੇਠ ਰਹਿਣ ਲਈ ਮਜਬੂਰ ਕੀਤਾ ਹੈ, ਉਸ ਉਤੇ ਠੰਢਾ ਪੋਚਾ ਮਾਰਨ ਦਾ ਕੰਮ ਕੀਤਾ ਹੈ। ਫਿਲਮ ਵਿਚ ਸੰਘ ਦੀ ਸ਼ਾਖ਼ ਦਾ ਦ੍ਰਿਸ਼ ਦਿਖਾਇਆ ਹੈ। ‘ਫੈਂਟਮ’ (2015) ਤਾਂ ਬਿਲਕੁਲ ਸਪਸ਼ਟ ਹੀ ਪਾਕਿਸਤਾਨ ਤੇ ਮੁਸਲਿਮ ਵਿਰੋਧੀ ਫਿਲਮ ਹੈ ਜੋ ਸੰਘੀਆਂ ਦੀ ਇਸ ਸੁਰ ਵਿਚ ਸੁਰ ਮਿਲਾਉਂਦੀ ਹੈ ਕਿ ਪਾਕਿਸਤਾਨ ਵਾਲਿਆਂ ਨੂੰ ਉਨ੍ਹਾਂ ਦੇ ਘਰ ਵਿਚ ਘੁਸ ਕੇ ਮਾਰਨਾ ਚਾਹੀਦਾ ਹੈ।
ਇਸ ਤੋਂ ਬਿਨਾਂ ਬਹੁਤ ਸਾਰੀਆਂ ਫਿਲਮਾਂ ਵਿਚ ਕਿਸੇ ਇਸ਼ਾਰੇ, ਤਨਜ਼, ਬਿੰਬ, ਤਸਵੀਰ, ਪ੍ਰਤੀਕ, ਰੂਪਕ, ਗੱਲਬਾਤ ਆਦਿ ਰਾਹੀਂ ਸੰਘੀ ਕੌਮਵਾਦ ਲੋਕਾਂ ਦੇ ਗਲਾਂ ਹੇਠ ਉਤਾਰਨ ਦਾ ਯਤਨ ਹੋਇਆ ਹੈ। ਜਿਵੇਂ ‘ਦੰਗਲ’ (2016) ਫਿਲਮ ਵਿਚ ਕੁਸ਼ਤੀ ਵਰਗੀ ਭਾਰਤੀ ਖੇਡ ਨਾਲ਼ ਜੁੜੀਆਂ ਲੋਕ ਭਾਵਨਾਵਾਂ ਨੂੰ ਵਰਤ ਕੇ ਗੀਤਾ ਫੋਗਾਟ ਦੀ ਕਹਾਣੀ ਰਾਹੀਂ ਭਾਰਤੀ ਸਰਮਾਏਦਾਰ ਜਮਾਤ ਦੀ ਉਤਮਤਾ ਦੀ ਕਹਾਣੀ ਬਿਆਨ ਕੀਤੀ ਹੈ, ਪਰ ਅਖ਼ੀਰ ਵਿਚ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲੁਆ ਕੇ ਸੰਘੀ ਵਿਚਾਰਧਾਰਾ ਲੋਕਾਂ ਨੂੰ ਹਜ਼ਮ ਕਰਾਉਂਦੀ ਹੈ। ਸੰਗ ਨੂੰ ਆਮੀਰ ਖਾਨ ਪਿਛਲੇ ਕਾਫ਼ੀ ਸਮੇਂ ਤੋਂ ਰੜਕ ਰਿਹਾ ਸੀ, ਪਰ ਇਸ ਫਿਲਮ ਨਾਲ਼ ਆਮੀਰ ਖਾਨ ਦੇ ਸੰਘ ਨਾਲ਼ ਸਬੰਧ ਸੁਖਾਵੇਂ ਹੋ ਗਏ। ਐਵੇਂ ਨਹੀਂ ਆਰ ਐਸ ਐਸ ਦੇ ਰਸਾਲੇ ‘ਪੰਚਜਨਯਾ’ ਤੇ ‘ਆਰਗੇਨਾਈਜ਼ਰ’ ਵਿਚ ਦੰਗਲ ਦੀ ਤਰੀਫ਼ ਹੋਈ ਅਤੇ ਪਿੱਛੇ ਜਿਹੇ ਮੋਹਨ ਭਾਗਵਤ ਨੇ ਅਮੀਰ ਖਾਨ ਨੂੰ ‘ਦੰਗਲ’ ਫਿਲਮ ਲਈ ਸਨਮਾਨਿਤ ਵੀ ਕੀਤਾ। ‘ਸੁਲਤਾਨ’ (2016) ਫਿਲਮ ਵੀ ਕੁਸ਼ਤੀ ਦੀ ਖੇਡ ਨੂੰ ਆਧਾਰ ਬਣਾ ਕੇ ਬਣੀ ਹੈ, ਪਰ ਇਸ ਵਿਚ ਵੀ ਇੱਕ ਛੋਟਾ ਜਿਹਾ ਦ੍ਰਿਸ਼ ਆਉਂਦਾ ਹੈ ਜਿਸ ਵਿਚ ਸੁਲਤਾਨ ਹਾਰਨ ਤੋਂ ਬਾਅਦ ਦੁਬਾਰਾ ਰਿੰਗ ਵਿਚ ਜਾਂਦਾ ਹੋਇਆ ਕਾਹਲੀ ਨਾਲ਼ ‘ਭਾਰਤ ਮਾਤਾ ਦੀ ਜੈ’ ਕਹਿ ਜਾਂਦਾ ਹੈ, ਤਾਂ ਇਸ ਵਾਰ ਉਹ ਜਿੱਤ ਜਾਂਦਾ ਹੈ। ‘ਜੌਲੀ ਐਲ ਐਲ ਬੀ-2’ (2017) ਵਰਗੀ ਫਿਲਮ ਭਾਵੇਂ ਹਲਕੀ ਕਮੇਡੀ ਵਾਲ਼ੀ ਫਿਲਮ ਹੈ, ਪਰ ਉਸ ਵਿਚ ਵੀ ਕੁਝ ਦ੍ਰਿਸ਼ਾਂ ਤੇ ਡਾਇਲਾਗਾਂ ਰਾਹੀਂ ਸੰਘੀ ਵਿਚਾਰਧਾਰਾ ਦੀਆਂ ਬੁੱਕਾਂ ਦਰਸ਼ਕ ਨੂੰ ਪਿਆਉਣ ਦਾ ਯਤਨ ਹੋਇਆ ਹੈ। ਫਿਲਮ ਵਿਚ ਮੁਸਲਮਾਨ ਨੌਜਵਾਨ ਜਦ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਂਦਾ ਹੈ ਤਾਂ ਉਸ ਦੌਰਾਨ ਇੱਕ ਸਿਪਾਹੀ ਨੂੰ ਜਖ਼ਮੀ ਕਰਨਾ ਪੈਂਦਾ ਹੈ, ਪਰ ਉਹ ਮਰ ਜਾਂਦਾ ਹੈ ਤਾਂ ਪੁਲਿਸ ਅਫ਼ਸਰ ਥਾਣੇਦਾਰ ਨੂੰ ਡਾਂਟਦਾ ਹੋਇਆ ਕਹਿੰਦਾ ਹੈ ਕਿ ਮੁਸਲਿਮ ਮੁੰਡਾ ਮਾਰਿਆ ਗਿਆ, ਇਹਦੀ ਤਾਂ ਕੋਈ ਗੱਲ ਨਹੀਂ, ਪਰ ਸਿਪਾਹੀ ਨਹੀਂ ਮਾਰਨਾ ਚਾਹੀਦਾ ਸੀ। ਫਿਰ ਬੁਰਕੇ ਵਾਲ਼ੀਆਂ ਔਰਤਾਂ ਅਤੇ ਸਾੜੀਆਂ ਵਾਲ਼ੀਆਂ ਔਰਤਾਂ ਦੇ ਕ੍ਰਿਕਟ ਮੈਚ ਵਿਚ ਬੁਰਕੇ ਵਾਲ਼ੀ ਜਦ ਸ਼ੌਟ ਮਾਰਦੀ ਹੈ ਤਾਂ ਸਾੜੀ ਵਾਲ਼ੀ ਬੌਂਡਰੀ ਲਾਇਨ ‘ਤੇ ਕੈਚ ਕਰ ਲੈਂਦੀ ਹੈ, ਧੋਤੀ ਵਾਲ਼ੇ ਜਸ਼ਨ ਮਨਾਉਂਦੇ ਆਉਂਦੇ ਹਨ ਅਤੇ ਮੁਸਲਮਾਨਾਂ ਨੂੰ ਉਦਾਸ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ‘ਡਿਸ਼ੂਮ’ ਵਰਗੀ ਹਲਕੀ ਜਿਹੀ ਫਿਲਮ ਵਿਚ ਵੀ ਸ਼ੇਖਰ ਧਵਨ ਦਾ ਡਾਇਲਾਗ “ਸੁਣਤਾ ਸਭ ਕੀ ਹੂੰ ਪਰ ਮਾਨਤਾ ਮੋਦੀ ਜੀ ਕੀ।” ਇਸ ਤੋਂ ਬਿਨਾਂ ਹਾਕੀ, ਕ੍ਰਿਕਟ, ਬਾਕਸਿੰਗ ਆਦਿ ਖੇਡਾਂ ਨਾਲ਼ ਜੁੜੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਅੰਨ੍ਹਾ ਕੌਮਵਾਦੀ ਏਜੰਡੇ ਲਈ ਵਰਤਣ ਦਾ ਕੰਮ ‘ਐਮ ਐਸ ਧੋਨੀ’, ‘ਸਚਿਨ: ਏ ਬਿਲੀਅਨ ਡਰੀਮਜ਼’, ‘ਮੈਰੀ ਕੋਮ’ ਆਦਿ ਵਰਗੀਆਂ ਫਿਲਮਾਂ ਰਾਹੀਂ ਕੀਤਾ ਗਿਆ ਹੈ। ‘ਨਾਮ ਸ਼ਬਾਨਾ’ ਫਿਲਮ ਵੀ ਆਪਣੇ ਢੰਗ ਨਾਲ਼ ਅੰਨਾ ਕੌਮੀ ਗੁਣਗਾਨ ਦਾ ਅਸਿੱਧਾ ਇਸ਼ਾਰਾ ਕਰਦੀ ਹੈ।
ਬਹੁਤ ਪਹਿਲਾਂ ਤੋਂ ਭਾਵੇਂ ਸੈਂਕੜੇ ਫਿਲਮਾਂ ਰਾਹੀਂ ਭਾਰਤੀ ਹਾਕਮ ਜਮਾਤ ਅੰਨ੍ਹਾ ਕੌਮਵਾਦੀ ਗੁਣਗਾਨ, ਪਾਕਿਸਤਾਨ ਤੇ ਮੁਸਲਿਮ ਵਿਰੋਧੀ ਪ੍ਰਾਪੇਗੰਡਾ ਕਰਦੀ ਆ ਰਹੀ ਹੈ, ਪਰ ਪਿਛਲੇ ਕੁਝ ਸਮੇਂ ਵਿਚ ਇਹ ਬਹੁਤ ਵਧਿਆ ਹੈ ਜਿਸ ਦਾ ਇਜ਼ਹਾਰ ਤਿੰਨ ਚਾਰ ਸਾਲਾਂ ਵਿਚ ਰਿਲੀਜ਼ ਹੋਈਆਂ ਫਿਲਮਾਂ ਵਿਚ ਦੇਖਿਆ ਜਾ ਸਕਦਾ ਹੈ। ਹਰ ਤੀਜੀ ਫਿਲਮ ਵਿਚ ਸੰਘੀ ਵਿਚਾਰਧਾਰਾ ਲੋਕਾਂ ਨੂੰ ਸੁਚੇਤ ਢੰਗ ਨਾਲ਼ ਹਜ਼ਮ ਕਰਵਾਈ ਜਾ ਰਹੀ ਹੈ। ਸਵਾਲ ਬਣਦਾ ਹੈ ਕਿ ਇਹ ਕਿਉਂ ਹੋ ਰਿਹਾ ਹੈ?
ਅੱਜ ਸਰਮਾਏਦਾਰਾ ਸੰਕਟ ਦੇ ਸਮੇਂ ਵਿਚ ਜਿਥੇ ਲੋਕ ਗ਼ਰੀਬੀ, ਭੁੱਖਮਰੀ, ਕੰਗਾਲੀ, ਬੇਰੁਜ਼ਗਾਰੀ ਨਾਲ਼ ਜਾਂ ਇਲਾਜ ਖੁਣੋਂ ਮਰ ਰਹੇ ਹਨ ਅਤੇ ਭਾਰਤੀ ਹਾਕਮ ਜਮਾਤ ਇਸ ਦਾ ਹੱਲ ਕਰਨ ਦੀ ਬਜਾਏ ‘ਊਠ ਦੇ ਮੂੰਹ ਵਿਚ ਜ਼ੀਰੇ ਸਮਾਨ’ ਲੋਕਾਂ ਨੂੰ ਮਿਲ਼ ਰਹੀਆਂ ਸਹੂਲਤਾਂ ਵੀ ਉਨ੍ਹਾਂ ਤੋਂ ਖੋਹ ਰਹੀ ਹੈ। ਅਜਿਹੇ ਸਮੇਂ ਮਿਥਕ ਦੁਸ਼ਮਣ ਖੜ੍ਹਾ ਕਰ ਕੇ ਅੰਨ੍ਹੇ ਕੌਮਵਾਦੀ ਤੀਰ ਨਾਲ਼ ਨਕਲੀ ਰਾਵਣ ਮਾਰਨ ਦੀ ਸਿਆਸਤ ਖੇਡੀ ਜਾ ਰਹੀ ਹੈ; ਪਰ ਇਹ ਅੰਨ੍ਹਾ ਕੌਮਵਾਦੀ ਤੀਰ ਅੱਗੇ ਤਿੰਨ ਸ਼ਿਕਾਰ ਕਰਦਾ ਹੈ। ਪਹਿਲਾ ਮੁਸਲਮਾਨਾਂ ਦਾ ਦਹਿਸ਼ਤਗਰਦ ਦਾ ਬਿੰਬ ਉਘੇੜਦਾ ਹੋਇਆ ਉਨ੍ਹਾਂ ‘ਤੇ ਪਹਿਲਾਂ ਤੋਂ ਹੋ ਰਹੇ ਸੰਘੀ ਜਾਂ ਫ਼ੌਜੀ ਜਬਰ ਨੂੰ ਵਾਜਬ ਠਹਿਰਾਉਂਦਾ ਹੈ (ਭਾਵੇਂ ਇਹ ਗੱਲ ਹੀ ਗ਼ਲਤ ਹੈ ਕਿ ਸਾਰੇ ਮੁਸਲਮਾਨ ਦਹਿਸ਼ਤਗਰਦ ਹਨ, ਸਗੋਂ ਬਹੁ-ਗਿਣਤੀ ਮੁਸਲਮਾਨ ਵਸੋਂ ਤਾਂ ਦਹਿਸ਼ਤਗਰਦੀ ਦੇ ਸਾਏ ਹੇਠ ਜਿਉਂ ਰਹੀ ਹੈ। ਤੇ ਜਦ ਇਹ ਸੋਚਦੇ ਹਾਂ ਕਿ ਜਿਹੜੇ ਮੁਸਲਮਾਨ ਦਹਿਸ਼ਤਗਰਦ ਹਨ, ਉਹ ਪੈਦਾ ਕਿਵੇਂ ਹੋਏ ਤਾਂ ਇਹ ਮੁੱਖ ਤੌਰ ‘ਤੇ ਭਾਰਤੀ ਰਾਜਸੱਤਾ ਦੇ ਜਬਰ ਦੀ ਪੈਦਾਵਾਰ ਹਨ ਜਿਸ ਦਾ ਲੰਬਾ ਇਤਿਹਾਸ ਹੈ)। ਦੂਜਾ ‘ਦੇਸ਼ ਦੀ ਮਹਾਨਤਾ’, ‘ਭਾਰਤ ਮਾਤਾ ਦੀ ਜੈ’, ‘ਮੇਰਾ ਭਾਰਤ ਮਹਾਨ’ ਵਰਗੇ ਫੋਕੇ ਅਤੇ ਹਵਾਈ ਨਾਅਰਿਆਂ ਦੇ ਚੀਕ-ਚੰਗਿਆੜੇ ਵਿਚ ਲੋਕਾਂ ਦੀਆਂ ਹੱਕੀ ਅਵਾਜ਼ਾਂ ਨੂੰ ਦਬਾਉਣ ਦਾ ਕੰਮ ਕਰਦਾ ਹੈ। ਤੀਜਾ ਦਹਿਸ਼ਤਗਰਦੀ ਦਹਿਸ਼ਤਗਰਦੀ ਦਾ ਰੌਲਾ ਪਾ ਕੇ ਲੋਕਾਂ ਦੇ ਹਰ ਹੱਕੀ ਸ਼ੰਘਰਸ਼ ਨੂੰ ਖ਼ੂਨ ਦੀਆਂ ਨਦੀਆਂ ਵਿਚ ਡੋਬਣ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਬਕਸ਼ਦਾ ਹੈ। ਅੱਜ ਜ਼ਮੀਨੀ ਪੱਧਰ ‘ਤੇ ਵੀ ਤਾਂ ‘ਦੇਸ਼ ਨੂੰ ਖ਼ਤਰਾ’, ‘ਅਤਿਵਾਦ’, ‘ਦਹਿਸ਼ਤਵਾਦ’, ‘ਨਕਸਲਵਾਦ’ ਆਦਿ ਦੇ ਨਾਂ ‘ਤੇ ਮੁਸਲਮਾਨਾਂ ਤੇ ਆਮ ਲੋਕਾਂ ਨੂੰ ਮਾਰਨ ਦੀ ਖੇਡ ਖੇਡੀ ਜਾ ਰਹੀ ਹੈ ਜਿਸ ਦੇ ਟਾਕਰੇ ਵਿਚੋਂ ਇਨ੍ਹਾਂ ਲੋਕਾਂ ਦਾ ਇੱਕ ਹਿੱਸਾ ਦਹਿਸ਼ਤਗਰਦੀ ਦਾ ਰਾਹ ਅਪਨਾਉਂਦਾ ਹੈ। ਹਰ ਮੁਲਕ ਆਪਣੀਆਂ ਵਿਸਥਾਰਵਾਦੀ ਨੀਤੀਆਂ ਦੇ ਚਲਦੇ, ਦੂਜੇ ਦੇਸ਼ ਵਿਚ ਪੈਂਦੇ ਰੌਲੇ-ਰੱਪੇ ਦਾ ਫਾਇਦਾ ਉਠਾਉਂਦਾ ਹੈ ਤਾਂ ਜਦ ਭਾਰਤ ਵਿਚ ਕੁਝ ਦਹਿਸ਼ਤੀ ਗਰੁਪ ਪੈਦਾ ਹੁੰਦੇ ਹਨ ਤਾਂ ਪਾਕਿਸਤਾਨ ਉਨ੍ਹਾਂ ਦੀ ਮਦਦ ਕਰਦਾ ਹੈ ਅਤੇ ਜਦ ਪਾਕਿਸਤਾਨ ਵਿਚ ਕੋਈ ਰੱਫੜ ਪੈਂਦਾ ਹੈ ਤਾਂ ਭਾਰਤ ਵੀ ਪਿਛੇ ਨਹੀਂ ਹਟਦਾ। ਨਾਲ ਹੀ ਸੰਘ ਆਪਣੀਆਂ ਫਿਰਕੂ ਕਵਾਇਦਾਂ ਨਾਲ਼ ਇਸ ਨੂੰ ਬਲ ਬਖਸ਼ਦਾ ਹੈ। ਮੁਸਲਮਾਨਾਂ ਦੇ ਪਹਿਰਾਵੇ, ਰਸਮਾਂ-ਰਿਵਾਜਾਂ, ਖਾਣੇ ਆਦਿ ਵਰਗੇ ਨਿੱਜੀ ਮਾਮਲਿਆਂ ਵਿਚ ਘੁਸਪੈਠ ਕੀਤੀ ਜਾ ਰਹੀ ਹੈ। ਫਿਲਮਾਂ ਵਿਚ ਵਧ ਰਿਹਾ ਇਹ ਰੁਝਾਨ ਜ਼ਮੀਨੀ ਪੱਧਰ ‘ਤੇ ਫਾਸ਼ੀਵਾਦੀ ਤਾਕਤਾਂ ਦੀ ਮਜ਼ਬੂਤੀ ਅਤੇ ਵਧਦੇ ਫਿਰਕੂ ਤਣਾਅ ਨੂੰ ਦਿਖਾਉਂਦਾ ਹੈ। ਕਲਾ ਯਥਾਰਥ ਦੀ ਕਲਾਤਮਕ ਮੁੜ-ਪੇਸ਼ਕਾਰੀ ਹੀ ਹੁੰਦੀ ਹੈ। ਕਿਸੇ ਸਮਾਜ ਵਿਚ ਸਮਾਜਿਕ-ਆਰਥਿਕ-ਸਿਆਸੀ ਪੱਧਰ ‘ਤੇ ਕੀ ਚੱਲ ਰਿਹਾ ਹੈ, ਉਸ ਸਮੇਂ ਦੀ ਕਲਾ ਵਿਚ ਇਸ ਦਾ ਇਜ਼ਹਾਰ ਹੁੰਦਾ ਹੀ ਹੈ। ਸਮਾਜਿਕ ਚੇਤਨਾ ਦਾ ਰੂਪ ਹੋਣ ਕਰ ਕੇ ਕਲਾ ਆਪਣੇ ਸਮੇਂ ਦੇ ਸਮਾਜਿਕ ਮਸਲਿਆਂ ਤੋਂ ਅਣਭਿੱਜ ਕਿਵੇਂ ਰਹਿ ਸਕਦੀ ਹੈ।