ਡਾ. ਗੁਰਨਾਮ ਕੌਰ, ਕੈਨੇਡਾ
ਪੰਜਾਬ ਟਾਈਮਜ਼ ਵਿਚ ਗੁਰਪਾਲ ਲਿੱਟ ਦੀ ਕਹਾਣੀ ‘ਸੁੰਨੀਆਂ ਟਾਹਣਾਂ ਦਾ ਹਉਕਾ’ ਪੜ੍ਹ ਰਹੀ ਸਾਂ (ਭਾਵੇਂ ਪਹਿਲਾਂ ਵੀ ਇਹ ਕਹਾਣੀ ਪੜ੍ਹੀ ਹੋਈ ਹੈ) ਤਾਂ ਅੱਖਾਂ ਅੱਗੇ ਸਮਰਾਲਾ-ਲੁਧਿਆਣਾ ਸੜਕ ਤੋਂ ਬਿਜਲੀਪੁਰ ਨੂੰ ਜਾਂਦੇ ਰਾਹ ‘ਤੇ ਪਿੰਡ ਦੇ ਐਨ ਗੋਰੇ, ਬਿਜਲੀਪੁਰ ਤੋਂ ਲੱਲਾਂ ਨੂੰ ਜਾਣ ਵਾਲੇ ਰਾਹ ਦੀ ਫਿਰਨੀ ‘ਤੇ ਉਸਰਿਆ ‘ਲੋਹੇ ਦੀਆਂ ਪੱਤੀਆਂ ਦੇ ਗੇਟ’ ਵਾਲਾ ਘਰ, ਘਰ ਦੀਆਂ ਰੌਣਕਾਂ ਅਤੇ ਵਿਹੜੇ ਵਿਚਲੀ ਗਹਿਮਾ-ਗਹਿਮੀ ਯਾਦ ਆ ਗਈ|
ਇਹ ਉਹੀ ਵਿਹੜਾ ਹੈ ਜਿਸ ਵਿਚ ਅਸੀਂ ਸਮਰਾਲੇ ਦੇ ਗੌਰਮਿੰਟ ਗਰਲਜ਼ ਹਾਈ ਸਕੂਲ ਵਿਚ ਪੜ੍ਹਦੀਆਂ ਗੁਰਪਾਲ ਲਿੱਟ ਦੀਆਂ ਭੈਣਾਂ, ਤਾਏ-ਚਾਚੇ, ਮਾਸੀਆਂ-ਫੁੱਫੀਆਂ ਤੇ ਹੋਰ ਰਿਸ਼ਤੇਦਾਰੀਆਂ ਵਿਚੋਂ ਕੁੜੀਆਂ ਅਤੇ ਲੜਕਿਆਂ ਦੇ ਗੌਰਮਿੰਟ ਹਾਇਰ ਸੈਕੰਡਰੀ ਸਕੂਲ, ਸਮਰਾਲਾ ਵਿਚ ਪੜ੍ਹਦੇ ਇਨ੍ਹਾਂ ਹੀ ਘਰਾਂ ਦੇ ਮੁੰਡੇ ਕਿਸੇ ਨਾ ਕਿਸੇ ਵਿਆਹ, ਅਖੰਡ ਪਾਠ ਜਾਂ ਆਮ ਛੁੱਟੀ ‘ਤੇ ਇਕੱਠੇ ਹੋ ਜਾਂਦੇ ਤੇ ਰੌਣਕਾਂ ਲਾਉਂਦੇ|
ਬਿਜਲੀਪੁਰ ਵਾਲੀਆਂ ਸਾਰੀਆਂ ਭੈਣਾਂ ਦੇ ਵਿਆਹ ਤੇ ਅਨੰਦ ਕਾਰਜ ਇਸੇ ਵਿਹੜੇ ਵਿਚ ਹੋਏ ਸਨ; ਵਿਆਹ ਕਿਹੜਾ ਇੱਕ ਹੋਇਆ ਸੀ? ਗੁਰਪਾਲ ਦੇ ਤਾਏ ਦੀਆਂ ਛੋਟੀਆਂ ਦੋ ਕੁੜੀਆਂ-ਮਹਿੰਦਰ ਤੇ ਜਰਨੈਲ; ਗੁਰਪਾਲ ਦੀਆਂ ਤਿੰਨਾਂ ਭੈਣਾਂ-ਹਰਜਿੰਦਰ, ਰਸ਼ਪਾਲ ਤੇ ਪਰਮਜੀਤ ਅਤੇ ਚਾਚੇ ਦੀਆਂ ਪੰਜੇ ਕੁੜੀਆਂ-ਕਰਨੈਲ, ਰਣਜੀਤ, ਛਿੰਦਰ, ਸਰਨੀ ਤੇ ਕੀਤਾਂ, ਸਭ ਦੀਆਂ ਬਰਾਤਾਂ ਵਾਰੋ-ਵਾਰੀ ਇਸੇ ਘਰ ਦੇ ਵੱਡੇ ਵਿਹੜੇ ਵਿਚ ਢੁਕੀਆਂ ਸਨ|
ਸੋਚਿਆ ਜਾ ਸਕਦਾ ਹੈ ਕਿ ਇਸ ਵਿਹੜੇ ਵਿਚ ਕਦੀ ਕਿੰਨੀਆਂ ਰੌਣਕਾਂ ਲੱਗਦੀਆਂ ਹੋਣਗੀਆਂ ਅਤੇ ਇਨ੍ਹਾਂ ਰੌਣਕਾਂ ਵਿਚਲਾ ਕੇਂਦਰ-ਬਿੰਦੂ ਗੁਰਪਾਲ ਲਿੱਟ ਉਰਫ ਸਾਡਾ ‘ਭਾਗ ਵੀਰਾ’ (ਇਹ ਨਾਂ ਮਾਪਿਆਂ ਨੇ ਲਾਡ ਨਾਲ ਦਿੱਤਾ ਸੀ) ਭੈਣਾਂ ਨਾਲ ਲੜਾਈ ਵੀ ਕਰ ਲੈਂਦਾ ਜਿਵੇਂ ਇੱਕੋ ਜਿਹੀ ਉਮਰ ਦੇ ਭੈਣ-ਭਰਾ ਅਕਸਰ ਹੀ ਕਰਦੇ ਹੁੰਦੇ ਹਨ। ਇਸ ਦਾ ਉਲਾਂਭਾ ਇੱਕ ਵਾਰ ਜਦੋਂ ਪਟਿਆਲੇ ਮੈਨੂੰ ਮਿਲਣ ਆਏ ਤਾਂ ਗੁਰਪਾਲ ਭਾਬੀ ਨੇ ਵੀ ਇਹ ਕਹਿੰਦਿਆਂ ਦਿੱਤਾ ਸੀ, “ਗੁਰਨਾਮ ਭੈਣ ਜੀ! ਸਾਰੀਆਂ ਭੈਣਾਂ ਵਿਚੋਂ ਸਿਫਤਾਂ ਇਹ ਸਭ ਤੋਂ ਵੱਧ ਤੁਹਾਡੀਆਂ ਕਰਦੇ ਨੇ ਪਰ ਜਦੋਂ ਹਰਜਿੰਦਰ ਭੈਣ ਜੀ ਤੇ ਇਹ ਇਕੱਠੇ ਹੋਣ ਤਾਂ ਸਭ ਤੋਂ ਵੱਧ ਇਹ ਦੋਵੇਂ ਭੈਣ-ਭਰਾ ਲੜਦੇ ਨੇ| ਮੈਂ ਕਈ ਵਾਰੀ ਸੋਚਦੀ ਹਾਂ ਬਈ ਜੇ ਇੱਕ ਜਾਣਾ ਬੋਲਦਾ ਹੈ ਤਾਂ ਦੂਜਾ ਉਤਰ ਨਾ ਦੇਵੇ; ਪਰ ਦੋਵਾਂ ਵਿਚੋਂ ਕੋਈ ਵੀ ਬਹਿਸ ਕਰਨੋ ਨਹੀਂ ਹਟਦਾ।” ਮੈਂ ਅੱਗੋਂ ਹੱਸ ਪਈ ਸਾਂ| ਪਰ ਜੇ ਕਿਸੇ ਭੈਣ ਦੇ ਹੱਕ ਲਈ ਖੜਨਾ ਪੈਂਦਾ ਤਾਂ ਸਭ ਤੋਂ ਵੱਧ ਘਰ ਦਿਆਂ ਬਜ਼ੁਰਗਾਂ ਨਾਲ ਆਢਾ ਵੀ ਗੁਰਪਾਲ ਹੀ ਲੈਂਦਾ| ਉਸ ਨਾਲ ਫਿਰ ਤਾਏ ਦਾ ਮੁੰਡਾ ਬਿੱਕਰ ਵੀ ਖੜੋ ਜਾਂਦਾ|
ਗੁਰਪਾਲ ਨੇ ਪਹਿਲਾਂ ਪਹਿਲ ਕਵਿਤਾ ‘ਤੇ ਹੱਥ ਅਜ਼ਮਾਇਆ ਤਾਂ ਇੱਕ ਵਾਰ ਇੱਕ ਛੋਟੀ ਜਿਹੀ ਕਵਿਤਾ ਕਾਪੀ ਦੇ ਵਰਕੇ ‘ਤੇ ਲਿਖ ਕੇ ਪੜ੍ਹਨ ਲਈ ਮੈਨੂੰ ਦਿੱਤੀ| ਉਦੋਂ ਅਸੀਂ ਸਭ ਹਾਲੇ ਹਾਈ ਸਕੂਲ ਵਿਚ ਹੀ ਪੜ੍ਹਦੇ ਸਾਂ| ਮੈਂ ਇਹ ਕਹਿ ਕੇ ਪਾਸੇ ਰੱਖ ਦਿੱਤੀ ਕਿ ਐਵੇਂ ਭੁਕਾਈ ਮਾਰੀ ਹੋਣੀ ਹੈ| ਕਵਿਤਾ ਤਾਂ ਹੁਣ ਯਾਦ ਨਹੀਂ ਪਰ ਪਿੱਛੋਂ ਜਦੋਂ ਮੈਂ ਪੜ੍ਹੀ ਤੇ ਸਿਫਤ ਕੀਤੀ, ਤਾਂ ਗੁੱਸਾ ਕੀਤਾ ਅਤੇ ਬੋਲਿਆ, “ਆਹੋ ਭੈਣੇ! ਉਦੋਂ ਤਾਂ ਤੂੰ ਬਿਨਾ ਦੇਖੇ ਕਾਗਜ਼ ਪਾਸੇ ਰੱਖ ਦਿੱਤਾ, ਬਈ ਇਹਨੂੰ ਕੀ ਪਤਾ ਕਵਿਤਾ ਲਿਖਣ ਦਾ|”
ਸਕੂਲ ਪੜ੍ਹਦਿਆਂ ਹੀ ਜਦੋਂ ਛੁੱਟੀਆਂ ਵਿਚ ਕਲਕੱਤੇ ਪਿਤਾ ਜੀ ਕੋਲ ਜਾਂਦਾ (ਸ਼ ਬੁੱਧ ਸਿੰਘ ਨੂੰ ਉਨ੍ਹਾਂ ਦੇ ਬੱਚੇ ‘ਪਿਤਾ ਜੀ’ ਕਹਿ ਕੇ ਬੁਲਾਉਂਦੇ ਸਨ। ਸ਼ ਬੁੱਧ ਸਿੰਘ ਦੀ ਕਲਕੱਤੇ ਟਰਾਂਸਪੋਰਟ ਸੀ ਅਤੇ ਉਹ ਉਥੇ ਇੱਕ ਸਰਗਰਮ ਸਿੱਖ ਲੀਡਰ ਸਨ ਜਿਨ੍ਹਾਂ ਦੀ ਸਿਰਦਾਰ ਕਪੂਰ ਸਿੰਘ ਆਈ. ਸੀ. ਐਸ਼ ਨਾਲ ਬਹੁਤ ਨੇੜਤਾ ਸੀ) ਤਾਂ ਢੇਰ ਸਾਰੀਆਂ ਕਿਤਾਬਾਂ ਖਰੀਦ ਕੇ ਲਿਆਉਂਦਾ ਅਤੇ ਸਾਨੂੰ ਸਭ ਨੂੰ ਪੜ੍ਹਨ ਲਈ ਦਿੰਦਾ| ਵਿਆਹਾਂ ਦੀ ਲੜੀ ਵਿਚ ਸਾਡੀ ਆਪਣੀ ਸੋਝੀ ਵਿਚ ਪਹਿਲਾ ਵਿਆਹ ਮੇਰੇ ਤੋਂ ਵੱਡੀ ਭੈਣ ਗੁਰਮੇਲ ਦਾ ਹੋਇਆ| ਵਿਆਹ ਕਿਉਂਕਿ ਜੂਨ ਮਹੀਨੇ ਦਾ ਸੀ ਸੋ ਹਾੜੀ ਦੀ ਫਸਲ ਕਿਉਂਟਣ ਦੀ ਬਹੁਤ ਕਾਹਲ ਸੀ| ਗੁਰਪਾਲ, ਜੋ ਕਦੇ ਬਿਜਲੀਪੁਰ ਖੇਤ ਰੋਟੀ ਵੀ ਲੈ ਕੇ ਨਹੀਂ ਸੀ ਜਾਂਦਾ ਹੁੰਦਾ, ਉਸ ਨੇ ਘੁੰਗਰਾਲੀ ਰਹਿ ਕੇ ਖੂਬ ਕੰਮ ਕਰਾਇਆ ਅਤੇ ਭੈਣ ਦੇ ਵਿਆਹ ‘ਤੇ ਬੜੀ ਖੂਬਸੂਰਤ ‘ਸਿੱਖਿਆ’ ਲਿਖ ਕੇ ਪੜ੍ਹੀ, ਜਿਸ ਦੇ ਪਰਚੇ ਵੰਡਣ ਲਈ ਆਪ ਹੀ ਕਿਧਰੋਂ ਛਪਵਾ ਕੇ ਲਿਆਇਆ| ਮੇਰੀ ਭੈਣ ਮਸ਼ੀਨ ‘ਤੇ ਸਿਲਾਈ ਬਹੁਤ ਚੰਗੀ ਕਰ ਲੈਂਦੀ ਹੈ ਅਤੇ ਅਸੀਂ ਸਭ ਕੁੜੀਆਂ ਆਪਣੇ ਸੂਟ ਸੁਆਉਣ ਲਈ ਭੈਣ ਦੇ ਦੁਆਲੇ ਹੋਈਆਂ ਰਹਿੰਦੀਆਂ| ਗੁਰਪਾਲ ਭੈਣ ਨੂੰ ਛੇੜਦਾ, “ਭੈਣ ਗੁਰਮੇਲ! ਜਦੋਂ ਭਾਈ ਜੀ ਨੇ ਕਹਿਣੈ ਬੀਬੀ ਨੂੰ ਅਨੰਦ ਕਾਰਜਾਂ ਲਈ ਲੈ ਕੇ ਆਉ ਤਾਂ ਤੂੰ ਕਹਿਣੈ ਭਾਈ ਸਾਹਿਬ ਠਹਿਰ ਜਾਉ ਮੈਂ ਕਮੀਜ਼ ਦੀ ਬਾਂਹ ਜੜ ਲਵਾਂ|”
ਜਦੋਂ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਐਮ. ਏ. ਫਿਲਾਸਫੀ ਵਿਚ ਦਾਖਲਾ ਲਿਆ ਤਾਂ ਮੇਰਾ ਸਮਾਨ ਛੱਡਣ ਲਈ ਮੇਰਾ ਵੱਡਾ ਭਤੀਜਾ ਹਰਦੇਵ, ਜਿਸ ਦੀ ਗੁਰਪਾਲ ਨਾਲ ਬਹੁਤ ਜ਼ਿਆਦਾ ਬਣਦੀ ਸੀ, ਅਤੇ ਗੁਰਪਾਲ ਦੋਵੇਂ ਗਏ| ਰਾਜਪੁਰੇ ਤੋਂ ਸਾਡੇ ਡੱਬੇ ਵਿਚ ਨਾਭੇ ਦੀਆਂ ਕੁੜੀਆਂ ਵੀ ਚੜ੍ਹ ਗਈਆਂ ਜੋ ਯੂਨੀਵਰਸਿਟੀ ਦੇ ਸਪੋਰਟਸ ਕਾਲਜ ਵਿਚ ਪੜ੍ਹਦੀਆਂ ਸਨ| ਉਨ੍ਹਾਂ ਵਿਚੋਂ ਇੱਕ ਦਾ ਭਾਈ ਉਸ ਨੂੰ ਛੱਡਣ ਜਾ ਰਿਹਾ ਸੀ ਜੋ ਕਿਸੇ ਕਾਲਜ ਵਿਚ ਫਿਲਾਸਫੀ ਦਾ ਲੈਕਚਰਰ ਸੀ| ਉਹ ਮੈਨੂੰ ਪੁੱਛਣ ਲੱਗ ਪਿਆ ਕਿ ਮੈਂ ਕਿਸ ਵਿਸ਼ੇ ਵਿਚ ਦਾਖਲਾ ਲਿਆ ਹੈ| ਜਦੋਂ ਮੈਂ ਕਿਹਾ, Ḕਐਮ. ਏ. ਫਿਲਾਸਫੀḔ ਤਾਂ ਕਹਿੰਦਾ, Ḕਵੈਰੀ ਗੁੱਡḔ ਅਤੇ ਜਦੋਂ ਮੈਂ ਦੱਸਿਆ ਕਿ ਮੈਂ ਬੀ. ਏ. ਵਿਚ ਫਿਲਾਸਫੀ ਨਹੀਂ ਪੜ੍ਹੀ ਹੋਈ ਤਾਂ ਕਹਿੰਦਾ, “ਤੇਰੇ ਲਈ ਐਮ. ਏ. ਕਰਨੀ ਬਹੁਤ ਔਖੀ ਹੋਵੇਗੀ| ਜੇ ਬੀ. ਏ. ਵਿਚ ਨਹੀਂ ਪੜ੍ਹੀ ਤਾਂ ਕਿਵੇਂ ਸਮਝੇਂਗੀ?”
ਮੈਨੂੰ ਆਪਣੇ ਵਿਭਾਗ ਦੇ ਮੁਖੀ ਡਾਕਟਰ ਏ. ਕੇ. ਸਿਨਹਾ (ਅਜਿੱਤ ਕੁਮਾਰ ਸਿਨਹਾ) ‘ਤੇ ਵੀ ਹੈਰਾਨੀ ਹੋਈ ਜਿਨ੍ਹਾਂ ਨੇ ਕਿਹਾ ਸੀ ਕਿ ਬੀ. ਏ. ਨਾਲ ਬਹੁਤ ਜ਼ਿਆਦਾ ਸਬੰਧ ਨਹੀਂ ਹੁੰਦਾ ਅਤੇ ‘ਤੁਮਹੇਂ ਕੋਈ ਮੁਸ਼ਕਿਲ ਨਹੀਂ ਆਏਗੀ| ਹਮ ਸਭ ਹੈਂ ਯਹਾਂ ਪਰ ਤੁਮਹਾਰੀ ਸਹਾਇਤਾ ਕੇ ਲੀਏ।Ḕ ਨਾਲ ਹੀ ਮੇਰਾ ਜੀਅ ਕਰੇ ਕਿ ਕੁਰੂਕਸ਼ੇਤਰ ਸਟੇਸ਼ਨ ਤੋਂ ਹੀ ਵਾਪਸੀ ਟਰੇਨ ਫੜ੍ਹ ਕੇ ਘਰ ਚਲੀ ਜਾਵਾਂ| ਇਹ ਗੁਰਪਾਲ ਹੀ ਸੀ ਜਿਸ ਨੇ ਮੇਰਾ ਹੌਸਲਾ ਬੁਲੰਦ ਕੀਤਾ ਅਤੇ ਕਿਹਾ ਕਿ ਉਸ ਮੂਰਖ ਲੈਕਚਰਰ ਦੀਆਂ ਗੱਲਾਂ ਤੋਂ ਮੇਰੇ ਵਰਗੀ ਪੜ੍ਹਨ ਵਾਲੀ ਤੇ ਹਿੰਮਤੀ ਕੁੜੀ ਕਿਉਂ ਘਬਰਾਵੇ?
ਜਦੋਂ ਸਮਾਨ ਛਡਵਾ ਕੇ ਉਹ ਤੇ ਹਰਦੇਵ ਮੁੜਨ ਲੱਗੇ ਤਾਂ ਹੌਲੀ ਦੇਣੇ ਮੈਨੂੰ ਕਹਿੰਦਾ, “ਭੈਣੇ! ਜੇ ਕੋਈ ਨਾਲ ਪੜ੍ਹਦਾ ਮੁੰਡਾ ਚੰਗਾ ਲੱਗ ਗਿਆ ਤਾਂ ਚੁੱਪਚਾਪ ਮੈਨੂੰ ਦੱਸ ਦਈਂ, ਮੈਂ ਆਪੇ ਘਰ ਦਿਆਂ ਨੂੰ ਮਨਾ ਲਊਂਗਾ|” ਗੁਰਪਾਲ ਦੀ ਮੇਰੀ ਪੜ੍ਹਾਈ ਲਈ ਕੀਤੀ ਭਵਿੱਖਵਾਣੀ ਸੱਚ ਵੀ ਹੋਈ| ਮੈਂ ਨਾ ਸਿਰਫ ਫਸਟ ਕਲਾਸ ਵਿਚ ਡਿਗਰੀ ਲਈ ਬਲਕਿ ਯੂਨੀਵਰਸਿਟੀ ਮੈਰਿਟ ਲਿਸਟ ਵਿਚ ਦੂਸਰਾ ਸਥਾਨ ਲਿਆ| ਜਦੋਂ ਮੈਂ ਐਮ. ਏ. ਫਾਈਨਲ ਵਿਚ ਸਾਂ ਤਾਂ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਕਵੀ ਦਰਬਾਰ ਰੱਖਿਆ ਜਿਸ ਵਿਚ ਹਿੱਸਾ ਲੈਣ ਗੁਰਪਾਲ ਨੇ ਵੀ ਆਉਣਾ ਸੀ| ਮੈਂ ਥੋੜ੍ਹੀ ਲੇਟ ਹੋ ਗਈ ਪਰ ਗੁਰਪਾਲ ਦੀ ਵਾਰੀ ਹਾਲੇ ਆਉਣੀ ਸੀ| ਵਾਰੀ ਆਉਣ ‘ਤੇ ਉਸ ਨੇ ਲੇਟ ਪਹੁੰਚਣ ਵਾਲੀ ਆਪਣੀ ਸੁਸਤ ਭੈਣ ‘ਤੇ ਉਸੇ ਵੇਲੇ ਕਵਿਤਾ ਦੀਆਂ ਕੁਝ ਸਤਰਾਂ ਜੋੜੀਆਂ ਤੇ ਪੜ੍ਹ ਕੇ ਸੁਣਾਈਆਂ; ਫਿਰ ਆਪਣੀ ਅਸਲੀ ਕਵਿਤਾ ਸੁਣਾਉਣੀ ਸ਼ੁਰੂ ਕੀਤੀ|
ਸਾਡੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਸਤੀਸ਼ ਵਰਮਾ ਨੇ ਕੈਂਪਸ ਵਿਚਲੇ ਛੋਟੇ ਬੱਚਿਆਂ ਦਾ ਥਿਏਟਰ ਸ਼ੁਰੂ ਕੀਤਾ ਜਿਸ ਵਿਚ ਮੇਰੀ ਵਿਛੜ ਚੁਕੀ ਧੀ ਪੂਨਮ ਅਤੇ ਬੇਟੇ ਮਨਵੀਰ ਨੂੰ ਵੀ ਸ਼ਾਮਲ ਕਰ ਲਿਆ| ਨਾਟਕ ਸੀ ‘ਹਾਏ ਨੀ ਧੀਏ ਮੋਰਨੀਏḔ ਜਿਸ ਵਿਚ ਪੂਨਮ ਹਿੱਸਾ ਲੈ ਰਹੀ ਸੀ ਅਤੇ ਮਨਵੀਰ ਕਿਉਂਕਿ ਹਾਲੇ ਛੋਟਾ ਸੀ ਇਸ ਲਈ ਉਹ ਤੇ ਮੈਡਮ ਬਰਾੜ ਦਾ ਬੇਟਾ ਸੂਤਰਧਾਰ ਦਾ ਰੋਲ ਅਦਾ ਕਰ ਰਹੇ ਸਨ| ਟੈਗੋਰ ਥਿਏਟਰ ਚੰਡੀਗੜ੍ਹ ਵਿਚ ਬੱਚਿਆਂ ਦਾ ਨਾਟਕ ਮੁਕਾਬਲਾ ਹੋਣਾ ਸੀ| ਡਾ. ਸਤੀਸ਼ ਵਰਮਾ ਆਪਣੀ ਟੀਮ ਲੈ ਕੇ ਟੈਗੋਰ ਥਿਏਟਰ ਚੰਡੀਗੜ੍ਹ ਗਏ, ਜਿੱਥੇ ਗੁਰਪਾਲ ਵੀ ਖੰਨੇ ਤੋਂ ਆਪਣੇ ਸਕੂਲ ਦੀ ਟੀਮ ਨਾਲ (ਗੁਰਪਾਲ ਨੇ ਆਪਣਾ ਨਿਜ ਦਾ ਸਕੂਲ ਖੋਲ੍ਹਿਆ ਹੋਇਆ ਸੀ ਜਿਸ ਵਿਚ ਉਹ ਤੇ ਭਾਬੀ ਗੁਰਪਾਲ ਪੜ੍ਹਾਉਂਦੇ ਵੀ ਸਨ) ਹਿੱਸਾ ਲੈਣ ਵਾਸਤੇ ਆਇਆ ਹੋਇਆ ਸੀ| ਪੂਨਮ ਦੀ ਅਦਾਕਾਰੀ ਦੇਖ ਕੇ ਉਹ ਏਨਾ ਖੁਸ਼ ਹੋਇਆ ਕਿ ਮਿਲਣ ਲਈ ਉਚੇਚਾ ਪਟਿਆਲੇ ਆਇਆ ਤੇ ਮੈਨੂੰ ਕਹਿੰਦਾ, “ਭੈਣੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪਣੀ ਪੂਨਮ ਏਨੀ ਮੈਚਿਓਰ ਐਕਟਿੰਗ ਕਰਦੀ ਹੈ?”
ਇਸ ਤੋਂ ਪਤਾ ਲਗਦਾ ਹੈ ਕਿ ਆਪਣੇ ਆਲੇ-ਦੁਆਲੇ ਉਹ ਸਾਹਿਤਕ ਗੁਣਾਂ ਦੀ ਕਿੰਨੀ ਕਦਰ ਵੀ ਕਰਦਾ ਅਤੇ ਪ੍ਰੇਰਨਾ ਵੀ ਦਿੰਦਾ ਸੀ| ਸਦਾ ਲਈ ਤੁਰ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਹਸਪਤਾਲ ਤੋਂ ਛੁੱਟੀ ਹੋ ਜਾਣ ਤੋਂ ਬਾਅਦ ਫੇਸਬੁੱਕ ‘ਤੇ ਵੀਡੀਓ ਪਾਈ ਤਾਂ ਉਸ ਦਾ ਏਨਾ ਕਮਜ਼ੋਰ ਚਿਹਰਾ ਦੇਖ ਕੇ ਬਹੁਤ ਤਕਲੀਫ ਹੋਈ| ਫਟਾ ਫਟ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ 15 ਦਿਨ ਪਟਿਆਲੇ ਦੇ ਅਮਰ ਹਸਪਤਾਲ ਤੇ ਫਿਰ 15 ਦਿਨ ਦਇਆਨੰਦ ਹਸਪਤਾਲ, ਲੁਧਿਆਣਾ ਵਿਚ ਲਾ ਕੇ ਆਇਆ ਹੈ ਅਤੇ ਉਸ ਦਾ ਦਿਲ ਸਿਰਫ 20% ਕੰਮ ਕਰ ਰਿਹਾ ਹੈ| ਕਹਿੰਦਾ, “ਭੈਣੇ ਤੂੰ ਮੈਨੂੰ ਫੋਨ ਕਰ ਲਿਆ ਕਰ| ਬਿਮਾਰ ਬੰਦੇ ਦਾ ਜੀਅ ਊਈਂ ਉਦਾਸ ਹੋ ਜਾਂਦੈ।” ਅਗਲੇ ਹਫਤੇ ਫਿਰ ਫੋਨ ਕੀਤਾ ਤਾਂ ਕਹਿੰਦਾ, “ਅੱਜ ਮੈਂ ਭਾਦਸੋਂ ਬੇਟੀ ਕੋਲ ਨਹੀਂ ਗਿਆ| ਮੇਰੀ ਸਕੂਲ ਦੀ ਵਿਦਿਆਰਥਣ ਤੇ ਉਸ ਦਾ ਪਤੀ ਮਿਲਣ ਆਏ ਹਨ ਕਿ ਅੱਜ ਉਹ ਮੇਰੇ ਨਾਲ ਇਥੇ ਆਪ ਖਾਣਾ ਤਿਆਰ ਕਰਨਗੇ ਤੇ ਅਸੀਂ ਇਕੱਠੇ ਬੈਠ ਕੇ ਖਾਵਾਂਗੇ|”
ਜਿਸ ਦਿਨ ਤੁਰ ਜਾਣਾ ਸੀ, ਫੇਸਬੁੱਕ ‘ਤੇ ਕਵਿਤਾ ਪੜ੍ਹਦੇ ਦੀ ਵੀਡੀਓ ਪਾਈ| ਸ਼ਾਮ ਨੂੰ ਉਹ ਵੀਡੀਓ ਦੇਖੀ ਅਤੇ ਦੂਜੇ ਦਿਨ ਸਵੇਰੇ ਆਪਣੇ ਭਤੀਜੇ ਦਲੀਪ ਸਿੰਘ ਨੂੰ ਸਮਰਾਲੇ ਹਾਲ-ਚਾਲ ਪੁੱਛਣ ਲਈ ਫੋਨ ਕੀਤਾ ਤੇ ਅੱਗੋਂ ਉਸ ਦਾ ਉਦਾਸੀ ਭਰਿਆ ਪਹਿਲਾ ਹੀ ਵਾਕ ਸੀ, “ਭੂਆ ਜੀ! ਗੁਰਪਾਲ ਲਿੱਟ ਕੱਲ ਤੁਰ ਗਿਆ।” ਇਸ ਵਾਕ ਨੇ ਝੰਜੋੜ ਕੇ ਹੀ ਰੱਖ ਦਿੱਤਾ ਕਿਉਂਕਿ ਇਸ ਤੋਂ ਪਹਿਲੀ ਸ਼ਾਮ ਹੀ ਤਾਂ ਉਸ ਨੂੰ ਫੇਸਬੁੱਕ ‘ਤੇ ਸੁਣਿਆ ਅਤੇ ਦੇਖਿਆ ਸੀ; ਹਫਤਾ ਪਹਿਲਾਂ ਹੀ ਤਾਂ ਉਸ ਨਾਲ ਵਾਅਦਾ ਕੀਤਾ ਸੀ ਕਿ ਮੈਂ ਹੁਣ ਹਰ ਹਫਤੇ ਉਸ ਨੂੰ ਫੋਨ ਜ਼ਰੂਰ ਕਰਿਆ ਕਰਾਂਗੀ! ਇਸ ਤਰ੍ਹਾਂ ਅਛੋਪਲੇ ਹੀ ਆਪਣੇ ਹਿੱਸੇ ਦੀਆਂ ਖੁਸ਼ੀਆਂ ਤੇ ਗਮ ਹੰਢਾ ਕੇ ਗੁਰਪਾਲ ਲਿੱਟ ਉਰਫ ਸਾਡਾ ‘ਭਾਗ ਵੀਰਾ’ ਤੁਰ ਗਿਆ| ਸਿਆਣੇ ਕਹਿੰਦੇ ਹਨ ਕਿ ਔਲਾਦ ਦੇ ਤੁਰ ਜਾਣ ਦਾ ਗਮ ਬੰਦੇ ਨੂੰ ਅੰਦਰੇ ਅੰਦਰ ਖਾ ਲੈਂਦਾ ਹੈ ਭਾਵੇਂ ਬੰਦਾ ਬਾਹਰੋਂ ਕਿੰਨਾ ਵੀ ਖੁਸ਼ ਨਜ਼ਰ ਕਿਉਂ ਨਾ ਆਉਂਦਾ ਹੋਵੇ! ਗੁਰਪਾਲ ਲਿੱਟ ਅਤੇ ਭਾਬੀ ਗੁਰਪਾਲ ਨੂੰ ਵੀ ਪੁੱਤ ਦੀ ਚੜ੍ਹਦੀ ਜੁਆਨੀ ਵਿਚ ਮੌਤ ਨੇ ਵਿਚੇ ਵਿਚ ਖਾ ਲਿਆ|