ਭਾਰਤੀ ਬੈਂਕਾਂ ਨੂੰ ਟੱਕਰਿਆ ਇਕ ਹੋਰ ਵਿਜੇ ਮਾਲਿਆ

ਹੁਣ ਨੀਰਵ ਮੋਦੀ 11400 ਕਰੋੜ ਦਾ ਚੂਨਾ ਲਾ ਕੇ ਫਰਾਰ
ਨਵੀਂ ਦਿੱਲੀ: ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਮਾਰ ਕੇ ਇੰਗਲੈਂਡ ਭੱਜੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ‘ਚ ਜੁਟੀ ਨਰੇਂਦਰ ਮੋਦੀ ਸਰਕਾਰ ਪੱਲੇ ਉਸ ਸਮੇਂ ਨਮੋਸ਼ੀ ਪਈ ਜਦੋਂ ਅਜਿਹਾ ਹੀ ਕਾਰਾ ਕਰ ਕੇ ਹੀਰਿਆਂ ਦਾ ਕਾਰੋਬਾਰੀ ਨੀਰਵ ਮੋਦੀ ਤੇ ਮੇਹੁਲ ਚੋਕਸੀ ਵੀ ਵਿਦੇਸ਼ ਜਾ ਬੈਠੇ। ਇਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਕੁਝ ਬੈਂਕ ਅਧਿਕਾਰੀਆਂ ਨਾਲ ਮਿਲ ਕੇ 11400 ਕਰੋੜ ਰੁਪਏ ਦਾ ਚੂਨਾ ਲਾਇਆ। ਹਾਲਾਂਕਿ ਇਸ ਦੀ ਜਾਂਚ ਕਰ ਰਹੇ ਈ.ਡੀ. ਵਿਭਾਗ ਦਾ ਕਹਿਣਾ ਹੈ ਕਿ ਇਸ ਦੀ ਰਕਮ 14,400 ਕਰੋੜ ਤੋਂ ਵੀ ਜ਼ਿਆਦਾ ਹੈ। ਸੋਸ਼ਲ ਮੀਡੀਆ ‘ਤੇ ਦੱਸਿਆ ਜਾ ਰਿਹਾ ਹੈ ਕਿ ਘੁਟਾਲੇ ਕਾਰਨ ਨੁਕਸਾਨ ਦੀ ਰਕਮ 36 ਹਜ਼ਾਰ ਕਰੋੜ ਰੁਪਏ ਤੱਕ ਵੀ ਜਾ ਸਕਦੀ ਹੈ।

ਪੰਜਾਬ ਨੈਸ਼ਨਲ ਬੈਂਕ ਨੂੰ ਅੰਦਰੂਨੀ ਆਡਿਟ ਦੌਰਾਨ ਉਪਰੋਕਤ ਘਪਲੇ ਦਾ ਪਤਾ 15 ਜਨਵਰੀ ਨੂੰ ਲੱਗਿਆ। ਦੋਵਾਂ ਕਾਰੋਬਾਰੀਆਂ ਦੇ ਵਿਦੇਸ਼ ਭੱਜਣ ਪਿੱਛੋਂ ਘਪਲੇ ਦਾ ਰੌਲਾ ਪਾਉਣ ਕਾਰਨ ਵੀ ਸਰਕਾਰ ਦੀ ਨੀਅਤ ‘ਤੇ ਸਵਾਲ ਉਠ ਰਹੇ ਹਨ। ਇਸ ਤੋਂ ਪਹਿਲਾਂ ਵਿਜੇ ਮਾਲਿਆ ਤੇ ਉਸ ਤੋਂ ਪਹਿਲਾਂ ਲਲਿਤ ਮੋਦੀ ਨੇ ਇਹੋ ਕੁਝ ਕੀਤਾ ਸੀ।
ਪਤਾ ਲੱਗਾ ਹੈ ਕਿ ਨੀਰਵ ਮੋਦੀ ਮੁੰੰਬਈ ਵਿਚ ਇਸ ਬੈਂਕ ਦੀ ਇਕ ਸ਼ਾਖਾ ਤੋਂ ਫਰਜ਼ੀ ਗਾਰੰਟੀ ਲੈ ਕੇ ਦੂਸਰੇ ਬੈਂਕਾਂ ਦੀਆਂ ਵਿਦੇਸ਼ਾਂ ਵਿਚਲੀਆਂ ਸ਼ਾਖਾਵਾਂ ਤੋਂ ਕਰਜ਼ਾ ਲੈਂਦਾ ਰਿਹਾ। ਉਸ ਨੇ ਸਵਿੱਫਟ ਮੈਸੇਜਿੰਗ ਪ੍ਰਬੰਧ ਦੇ ਜ਼ਰੀਏ ਆਪਣੀਆਂ ਗਹਿਣਿਆਂ ਦੀਆਂ ਕੰਪਨੀਆਂ ਲਈ ਵਿਦੇਸ਼ਾਂ ਵਿਚ ਕਰਜ਼ੇ ਲਏ। ਇਸ ਘੁਟਾਲੇ ਦੇ ਸਾਹਮਣੇ ਆਉਣ ‘ਤੇ ਨੀਰਵ ਮੋਦੀ ਦੇ ਦਿੱਲੀ, ਮੁੰਬਈ ਤੇ ਸੂਰਤ ਆਦਿ ਵਿਚ ਦਰਜਨਾਂ ਹੀ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਉਸ ਦੀ 5,100 ਕਰੋੜ ਦੇ ਲਗਭਗ ਮੁੱਲ ਦੀ ਸੰਪਤੀ ਵੀ ਜ਼ਬਤ ਕਰ ਲਈ ਗਈ ਹੈ।
ਬੈਂਕ ਵੱਲੋਂ ਘੁਟਾਲਾ ਸਾਹਮਣੇ ਆਉਣ ‘ਤੇ 31 ਜਨਵਰੀ ਨੂੰ ਉਸ ਖਿਲਾਫ਼ ਐਫ਼ਆਈ.ਆਰ. ਦਰਜ ਕਰਵਾਈ ਗਈ ਸੀ ਪਰ ਇਹ ਕਾਰਵਾਈ ਹੋਣ ਤੋਂ ਪਹਿਲਾਂ ਹੀ ਉਹ ਦੇਸ਼ ‘ਚੋਂ ਭੱਜ ਗਿਆ ਸੀ।
ਸੀ.ਬੀ.ਆਈ. ਵੱਲੋਂ ਨੀਰਵ ਮੋਦੀ ਦੀ ਕੰਪਨੀ ਫਾਇਰ ਸਟਾਰ ਡਾਇਮੰਡ ਦੇ ਮੁੱਖ ਵਿੱਤ ਅਧਿਕਾਰੀ ਅਤੇ ਸਵਰਗੀ ਧੀਰੂਭਾਈ ਅੰਬਾਨੀ ਦੇ ਰਿਸ਼ਤੇਦਾਰ ਸਮਝੇ ਜਾਂਦੇ ਵਿਪੁਲ ਅੰਬਾਨੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸੀ.ਬੀ.ਆਈ. ਮੁਤਾਬਕ ਵਿਪੁਲ ਅੰਬਾਨੀ ਪਿਛਲੇ ਤਿੰਨ ਸਾਲਾਂ ਤੋਂ ਮੁੱਖ ਵਿੱਤ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਕੰਪਨੀ ਦੇ ਵਿੱਤੀ ਲੈਣ-ਦੇਣ ਤੋਂ ਵਾਕਿਫ ਸੀ। ਸੀ.ਬੀ.ਆਈ. ਵੱਲੋਂ ਨੀਰਵ ਦੇ ਮਾਮੇ ਦੀ ਗੀਤਾਂਜਲੀ ਗਰੁੱਪ ਦੀਆਂ 18 ਕੰਪਨੀਆਂ ਦੇ ਵਿੱਤੀ ਲੈਣ-ਦੇਣ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਈ.ਡੀ. ਕਾਲੇ ਧਨ ਨੂੰ ਸਫੈਦ ਬਣਾਉਣ ਤੋਂ ਰੋਕਣ ਵਾਲੇ ਐਕਟ ਤਹਿਤ ਮੋਦੀ, ਚੋਕਸੀ ਅਤੇ ਹੋਰਾਂ ਦੀਆਂ ਕਰੀਬ ਦੋ ਦਰਜਨ ਅਚੱਲ ਜਾਇਦਾਦਾਂ ਜ਼ਬਤ ਕਰਨ ਜਾ ਰਹੀ ਹੈ। ਈਡੀ ਅਤੇ ਆਮਦਨ ਕਰ ਵਿਭਾਗ ਵੱਲੋਂ ਭਾਰਤ ਅਤੇ ਵਿਦੇਸ਼ ‘ਚ ਕਰੀਬ 200 ਫਰਜ਼ੀ ਕੰਪਨੀਆਂ ਨੂੰ ਜਾਂਚ ਦੇ ਘੇਰੇ ਵਿਚ ਲਿਆ ਹੈ ਜਿਨ੍ਹਾਂ ਦੀ ਵਰਤੋਂ ਫੰਡ ਹਾਸਲ ਕਰਨ ਜਾਂ ਫੰਡਾਂ ‘ਚ ਹੇਰ-ਫੇਰ ਲਈ ਕੀਤੀ ਗਈ ਸੀ।
_________________________
ਰੋਟੋਮੈਕ ਦਾ ਮਾਲਕ ਵੀ 800 ਕਰੋੜ ਲੈ ਕੇ ਭੱਜਿਆ
ਨਵੀਂ ਦਿੱਲੀ: ਰੋਟੋਮੈਕ ਪੈੱਨ ਕੰਪਨੀ ਦਾ ਮਾਲਕ ਵਿਕਰਮ ਕੋਠਾਰੀ ਵੀ ਅਲਾਹਾਬਾਦ ਬੈਂਕ, ਬੈਂਕ ਆਫ ਇੰਡੀਆ ਤੇ ਯੂਨੀਅਨ ਬੈਂਕ ਆਫ ਇੰਡੀਆ ਸਮੇਤ ਹੋਰਨਾਂ ਸਰਕਾਰੀ ਬੈਂਕਾਂ ਨਾਲ 800 ਕਰੋੜ ਰੁਪਏ ਦੀ ਠੱਗੀ ਮਾਰ ਕੇ ਵਿਦੇਸ਼ ਨੱਠ ਗਿਆ ਹੈ। ਕਾਨਪੁਰ ਅਧਾਰਤ ਇਸ ਕੰਪਨੀ ਦੇ ਮਾਲਕ ਨੇ ਪੰਜ ਤੋਂ ਵੱਧ ਸਰਕਾਰੀ ਬੈਂਕਾਂ ਤੋਂ ਅੱਠ ਸੌ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਲਿਆ ਸੀ।
______________________________
ਸ਼ਿਵ ਸੈਨਾ ਵੱਲੋਂ ਨੀਰਵ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਬਣਾਉਣ ਦੀ ਸਲਾਹ
ਮੁੰਬਈ: ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਸਰਕਾਰ ‘ਤੇ ਤਨਜ ਕਸਦੇ ਹੋਏ ਕਿਹਾ ਕਿ ਨੀਰਵ ਮੋਦੀ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਬਣਾ ਦੇਣਾ ਚਾਹੀਦਾ ਹੈ, ਤਾਂ ਕਿ ਉਹ ਦੇਸ਼ ਨੂੰ ਬਰਬਾਦ ਕਰ ਸਕੇ। ਸ਼ਿਵ ਸੈਨਾ ਨੇ ਕਿਹਾ ਕਿ ਇਹ ਬਿਲਕੁਲ ਸਪਸ਼ਟ ਹੈ ਕਿ ਨੀਰਵ ਮੋਦੀ ਆਪਣੇ ਪਰਿਵਾਰ ਦੇ ਨਾਲ ਪਿਛਲੇ ਮਹੀਨੇ ਦੇਸ਼ ਤੋਂ ਫਰਾਰ ਹੋ ਚੁੱਕਾ ਹੈ।
____________________________
ਸੱਤ ਸਾਲਾਂ ‘ਚ 22700 ਕਰੋੜ ਤੋਂ ਵੱਧ ਲੈ ਕੇ ਦੌੜੇ ਅਰਬਪਤੀ
ਪੀ.ਐਨ.ਪੀ. ‘ਚ ਹੋਏ ਮਹਾਘੁਟਾਲੇ ਨਾਲ ਬੈਂਕਿੰਗ ਸਿਸਟਮ ਹਿੱਲ ਚੁੱਕਾ ਹੈ। ਸਰਕਾਰ ਭਾਵੇਂ ਬੈਂਕਿੰਗ ਸਿਸਟਮ ਮਜ਼ਬੂਤ ਬਣਾਉਣ ਦਾ ਦਾਅਵਾ ਕਰੇ ਪਰ ਪਿਛਲੇ 7 ਸਾਲ ‘ਚ ਦੇਸ਼ ਦੇ ਕਈ ਅਰਬਪਤੀ ਬੈਂਕਾਂ ਦਾ 22743 ਕਰੋੜ ਰੁਪਏ ਲੈ ਕੇ ਫਰਾਰ ਹੋ ਚੁੱਕੇ ਹਨ। ਬੈਂਕਾਂ ‘ਚ ਹੋਏ ਘੁਟਾਲੇ ਸਬੰਧੀ ਆਈ.ਆਈ.ਐਮ. ਬੈਂਗਲੁਰੂ ‘ਚ ਕੀਤੀ ਖੋਜ ਦੌਰਾਨ ਸਾਹਮਣੇ ਆਇਆ ਕਿ 2012 ਤੋਂ 2016 ਦੇ ਦਰਮਿਆਨ ਸਰਕਾਰੀ ਬੈਂਕਾਂ ਦੇ ਕੁੱਲ 227.43 ਅਰਬ ਰੁਪਏ ਡੁੱਬ ਚੁੱਕੇ ਹਨ। ਸਿਰਫ ਸਾਲ 2017 ‘ਚ ਬੈਂਕਾਂ ਦਾ 179 ਕਰੋੜ ਦਾ ਨੁਕਸਾਨ ਹੋਇਆ।
_____________________________
ਭਾਜਪਾ ਸਰਕਾਰ ਨੇ ਭਜਾਇਆ ਨੀਰਵ ਮੋਦੀ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੀਰਵ ਮੋਦੀ ਦੇ ਵਿਦੇਸ਼ ਫਰਾਰ ਹੋਣ ‘ਚ ਸਰਕਾਰ ਦੀ ਮਿਲੀਭੁਗਤ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕੀ ਇਸ ‘ਤੇ ਵਿਸ਼ਵਾਸ ਕਰਨਾ ਸੰਭਵ ਹੈ ਕਿ ਉਹ (ਨੀਰਵ ਮੋਦੀ) ਜਾਂ ਵਿਜੇ ਮਾਲਿਆ ਭਾਜਪਾ ਦੀ ਮਦਦ ਤੋਂ ਬਿਨਾਂ ਦੇਸ਼ ਛੱਡ ਕੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮਦਦ ਨਾਲ ਨੀਰਵ ਮੋਦੀ ਦੇਸ਼ ਵਿਚੋਂ ਫਰਾਰ ਹੋਇਆ।