ਫਲੋਰਿਡਾ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਫਾਇਰਿੰਗ, 17 ਹਲਾਕ

ਵਾਸ਼ਿੰਗਟਨ: ਫਲੋਰਿਡਾ ਹਾਈ ਸਕੂਲ ਵਿਚੋਂ ਕੱਢੇ ਵਿਦਿਆਰਥੀ ਨੇ ਸਕੂਲ ਵਿਚ ਅਸਾਲਟ ਰਾਈਫਲ ਨਾਲ ਅੰਨ੍ਹੇਵਾਹ ਗੋਲੀਬਾਰੀ ਕਰ ਕੇ 17 ਵਿਅਕਤੀਆਂ ਦੀ ਜਾਨ ਲੈ ਲਈ। ਅਮਰੀਕਾ ਵਿਚ ਘਾਤਕ ਗੋਲੀਬਾਰੀ ਵਿਚੋਂ ਇਕ ਮੰਨੀ ਜਾਂਦੀ ਇਸ ਫਾਇਰਿੰਗ ‘ਚ ਇਕ ਭਾਰਤ-ਅਮਰੀਕੀ ਵਿਦਿਆਰਥੀ ਸਮੇਤ 17 ਹੋਰ ਜਖ਼ਮੀ ਹੋਏ ਹਨ।

ਪਾਰਕਲੈਂਡ ਦੇ ਮਰਜੌਰੀ ਸਟੋਨਮੈਨ ਡਗਲਸ ਹਾਈ ਸਕੂਲ ਦੇ ਸਾਬਕਾ ਵਿਦਿਆਰਥੀ ਨਿਕੋਲਸ ਕਰੂਜ਼ (19) ਨੂੰ ਗੋਲੀਬਾਰੀ ਮਗਰੋਂ ਛੇਤੀ ਹੀ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਅਨੁਸ਼ਾਸਨ ਵਿਚ ਕੋਤਾਹੀ ਲਈ ਸਕੂਲ ਵਿਚੋਂ ਕੱਢਿਆ ਗਿਆ ਸੀ। ਸਕੂਲ ਵਿਚ ਵੱਡੀ ਗਿਣਤੀ ਭਾਰਤ-ਅਮਰੀਕਨ ਵਿਦਿਆਰਥੀ ਪੜ੍ਹਦੇ ਹਨ। ਅਧਿਕਾਰੀਆਂ ਮੁਤਾਬਕ ਹਮੇਸ਼ਾ ਗੜਬੜ ਕਰਨ ਵਾਲੇ ਕਰੂਜ਼ ਨੇ ਗੋਲੀਬਾਰੀ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕੁਝ ਇਤਰਾਜ਼ਯੋਗ ਸਮੱਗਰੀ ਪਾਈ ਸੀ। ਕਰੂਜ਼ ਕੋਲ ਕਈ ਮੈਗਜ਼ੀਨਾਂ ਸਨ ਅਤੇ ਇਕ ਏਆਰ-15 ਰਾਈਫਲ ਵੀ ਸੀ। ਰਿਪੋਰਟਾਂ ਮੁਤਾਬਕ ਉਸ ਕੋਲ ਗੈਸ ਮਾਸਕ ਅਤੇ ਧੂੰਆਂ ਫੈਲਾਉਣ ਵਾਲੇ ਗਰਨੇਡ ਵੀ ਸਨ। ਜਾਂਚਕਾਰਾਂ ਮੁਤਾਬਕ ਕਰੂਜ਼ ਨੇ ਪਹਿਲਾਂ ਅੱਗ ਲੱਗਣ ਵਾਲਾ ਅਲਾਰਮ ਵਜਾਇਆ ਤਾਂ ਜੋ ਸਾਰਿਆਂ ਨੂੰ ਜਮਾਤਾਂ ਵਿਚੋਂ ਕੱਢਿਆ ਜਾ ਸਕੇ ਅਤੇ ਉਹ ਜ਼ਿਆਦਾ ਲੋਕਾਂ ਨੂੰ ਨਿਸ਼ਾਨਾ ਬਣਾ ਸਕੇ। ਸਕੂਲ ‘ਚ ਪਹਿਲਾਂ ਹੀ ਇਸ ਦਾ ਅਭਿਆਸ ਹੋ ਚੁੱਕਾ ਹੋਣ ਕਰ ਕੇ ਜ਼ਿਆਦਾਤਰ ਨੇ ਸਮਝਿਆ ਕਿ ਇਹ ਝੂਠਾ ਅਲਾਰਮ ਹੈ।
ਇਸ ਵਿਦਿਆਰਥੀ ਨੇ ਸੈਮੀ ਆਟੋਮੈਟਿਕ ਰਾਇਫਲ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਰੂਜ਼ ਨੇ ਮੰਨਿਆ ਕਿ ਉਹ ਸਕੂਲ ‘ਚ ਵਾਧੂ ਮੈਗਜ਼ੀਨ ਲੈ ਕੇ ਗਿਆ ਸੀ ਅਤੇ ਕੰਪਲੈਕਸ ‘ਚ ਪੁੱਜਣ ਮਗਰੋਂ ਉਸ ਨੇ ਉਨ੍ਹਾਂ ਨੂੰ ਬੈਗ ਵਿਚ ਰੱਖਿਆ। ਬੰਦੂਕਧਾਰੀ ਨੇ 5 ਕਲਾਸਾਂ ‘ਚ ਗੋਲੀਬਾਰੀ ਕੀਤੀ। ਇਨ੍ਹਾਂ ਵਿਚੋਂ 4 ਕਲਾਸਾਂ ਪਹਿਲੀ ਮੰਜ਼ਲ ਅਤੇ ਇਕ ਕਲਾਸ ਦੂਜੀ ਮੰਜ਼ਲ ਉਤੇ ਹੈ। ਗੋਲੀਬਾਰੀ ਕਰਨ ਮਗਰੋਂ ਉਹ ਤੀਸਰੀ ਮੰਜ਼ਲ ‘ਤੇ ਗਿਆ ਅਤੇ ਉਸ ਨੇ ਆਪਣੀ ਏ.ਆਰ.15 ਰਾਇਫਲ ਅਤੇ ਗੋਲਾ ਬਾਰੂਦ ਨਾਲ ਭਰਿਆ ਪਿੱਠੂ ਬੈਗ ਸੁੱਟ ਦਿੱਤਾ। ਇਸ ਮਗਰੋਂ ਉਹ ਇਮਾਰਤ ਵਿਚੋਂ ਭੱਜਿਆ ਅਤੇ ਦੌੜ ਰਹੇ ਵਿਦਿਆਰਥੀਆਂ ‘ਚ ਸ਼ਾਮਲ ਹੋ ਕੇ ਦੌੜਨ ਦੀ ਕੋਸ਼ਿਸ਼ ਕੀਤੀ। 19 ਸਾਲਾ ਕਰੂਜ਼ ਅਨਾਥ ਹੈ ਅਤੇ ਪਿਛਲੇ ਸਾਲ ਉਸ ਦੀ ਮਾਂ ਦੀ ਮੌਤ ਹੋ ਗਈ ਸੀ।
ਪਿਛਲੇ ਸਾਲ ਕਰਵਾਏ ਇਕ ਸਰਵੇਖਣ ‘ਚ ਪਾਰਕਲੈਂਡ, ਜਿਸ ਦੀ 2016 ਵਿਚ ਆਬਾਦੀ 31000 ਸੀ, ਨੂੰ ਫਲੋਰੀਡਾ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਐਲਾਨਿਆ ਗਿਆ ਸੀ। 2012 ‘ਚ ਕਨੈਕਟੀਕਟ ਸਕੂਲ ਸੈਂਡੀ ਹੂਕ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ, ਜਿਸ ਵਿਚ 26 ਲੋਕ ਮਾਰੇ ਗਏ ਸਨ, ਤੋਂ ਬਾਅਦ ਦੂਜੀ ਭਿਆਨਕ ਘਟਨਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰ ਕੇ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਉਧਰ, ਗੋਲੀਬਾਰੀ ਦੀ ਘਟਨਾ ‘ਚ ਆਪਣੀ ਧੀ ਗੁਆਉਣ ਵਾਲੀ ਲੋਰੀ ਅਲਹਾਦੇਫ ਨੇ ਹੰਝੂ ਕੇਰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਮੰਗ ਕੀਤੀ ਹੈ ਕਿ ਉਹ ਬੰਦੂਕ ਸਭਿਆਚਾਰ ਬਾਰੇ ਕੋਈ ਕਦਮ ਚੁੱਕੇ। ਲੋਰੀ ਨੇ ਚੀਕ ਕੇ ਮਾਈਕ ‘ਚ ਰਾਸ਼ਟਰਪਤੀ ਨੂੰ ਕਿਹਾ ਕਿ ਉਹ ਮੁਲਕ ਵਿਚੋਂ ਘਾਤਕ ਬੰਦੂਕ ਦੀ ਫੈਲੀ ਮਹਾਂਮਾਰੀ ਦਾ ਕੋਈ ਹੱਲ ਕੱਢਣ ਜਿਸ ਨੇ ਉਸ ਦੀ ਧੀ ਦੀ ਜ਼ਿੰਦਗੀ ਲੈ ਲਈ ਹੈ। ਸਕੂਲ ‘ਚ ਮਾਰੇ ਗਏ 17 ਵਿਅਕਤੀਆਂ ‘ਚ ਲੋਰੀ ਦੀ ਧੀ ਅਲੀਸਾ (14) ਵੀ ਸ਼ਾਮਲ ਸੀ। ਉਸ ਨੇ ਸਵਾਲ ਦਾਗੇ ਕਿ ਬੰਦੂਕਧਾਰੀ ਨੂੰ ਬੱਚਿਆਂ ਦੇ ਸਕੂਲ ‘ਚ ਕਿਵੇਂ ਆਉਣ ਦਿੱਤਾ ਗਿਆ? ਪਾਗਲ ਬੰਦੂਕਧਾਰੀ ਸਕੂਲ ‘ਚ ਦਾਖਲ ਹੋਇਆ ਅਤੇ ਉਸ ਦੀ ਧੀ ਦੇ ਦਰਵਾਜ਼ੇ ਦੇ ਸ਼ੀਸ਼ੇ ਨੂੰ ਤੋੜ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਥਾਂ ‘ਤੇ ਹੀ ਮਾਰ ਦਿੱਤਾ।
___________________________
ਭਾਰਤੀ ਮੂਲ ਦੀ ਅਧਿਆਪਕਾ ਦੀ ਸਿਆਣਪ ਕਾਰਨ ਹੋਇਆ ਬਚਾਅ
ਚੰਡੀਗੜ੍ਹ: ਫਲੋਰਿਡਾ ਗੋਲੀਬਾਰੀ ਵਿਚ ਹੋਰ ਵਿਦਿਆਰਥੀਆਂ ਦੀ ਮੌਤ ਵੀ ਹੋ ਸਕਦੀ ਸੀ, ਜੇਕਰ ਭਾਰਤੀ ਮੂਲ ਦੀ ਅਮਰੀਕੀ ਅਧਿਆਪਕਾ ਸਹੀ ਸਮੇਂ ਬੱਚਿਆਂ ਦਾ ਬਚਾਅ ਨਾ ਕਰਦੀ। ਭਾਰਤੀ ਮੂਲ ਦੀ ਹਿਸਾਬ ਦੀ ਅਧਿਆਪਕਾ ਸ਼ਾਂਤੀ ਵਿਸ਼ਵਨਾਥਨ ਨੂੰ ਜਦੋਂ ਸਕੂਲ ਵਿਚ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਤੁਰਤ ਆਪਣੀ ਜਮਾਤ ਦੇ ਬੱਚਿਆਂ ਨੂੰ ਕਮਰੇ ਅੰਦਰ ਰੁਕਣ ਲਈ ਕਿਹਾ ਤੇ ਹਮਲਾਵਰ ਦੀ ਨਿਗ੍ਹਾ ਤੋਂ ਬਚਾਉਣ ਲਈ ਦਰਵਾਜ਼ਾ ਬੰਦ ਕਰ ਦਿੱਤਾ। ਅਮਰੀਕੀ ਮੀਡੀਆ ਮੁਤਾਬਕ ਸ਼ਾਂਤੀ ਦੇ ਇਕ ਵਿਦਿਆਰਥੀ ਬ੍ਰਾਇਨ ਦੇ ਮਾਤਾ ਡਾਅਨ ਜਾਰਬੋਇ ਨੇ ਕਿਹਾ ਕਿ ਉਸ ਨੇ ਬੱਚਿਆਂ ਖਾਤਰ ਸਵੈਟ ਟੀਮ ‘ਤੇ ਵੀ ਵਿਸ਼ਵਾਸ ਨਾ ਕੀਤਾ।
____________________________
ਸੂਹ ਮਿਲਣ ਦੇ ਬਾਵਜੂਦ ਨਾਕਾਮ ਰਹੀ ਐਫ਼ਬੀ.ਆਈ.
ਪਾਰਕਲੈਂਡ: ਐਫ਼ਬੀ.ਆਈ. ਨੇ ਮੰਨਿਆ ਹੈ ਕਿ ਉਨ੍ਹਾਂ ਨੂੰ 19 ਵਰ੍ਹਿਆਂ ਦੇ ਬੰਦੂਕਧਾਰੀ ਬਾਰੇ ਸੂਹ ਮਿਲ ਗਈ ਸੀ ਪਰ ਉਹ ਉਸ ਨੂੰ ਰੋਕਣ ‘ਚ ਨਾਕਾਮ ਰਹੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਕਿ ਐਫ਼ਬੀ.ਆਈ. ਰੂਸੀ ਦਖਲ ਦੇ ਮਾਮਲੇ ਦੀ ਜਾਂਚ ਵਿਚ ਇਸ ਕਦਰ ਫਸੀ ਹੋਈ ਹੈ ਕਿ ਉਹ ਉਨ੍ਹਾਂ ਸੰਕੇਤਾਂ ਵੱਲ ਧਿਆਨ ਹੀ ਨਹੀਂ ਦੇ ਸਕੀ ਜਿਸ ਨਾਲ ਪਾਰਕਲੈਂਡ ਸਕੂਲ ਵਿਚ ਹੋਈ ਗੋਲੀਬਾਰੀ ਦੀ ਘਟਨਾ ਟਾਲੀ ਜਾ ਸਕਦੀ ਸੀ।
ਟਰੰਪ ਦੀਆਂ ਇਹ ਸਖਤ ਟਿੱਪਣੀਆਂ ਉਦੋਂ ਸਾਹਮਣੇ ਆਈਆਂ ਜਦੋਂ ਗੋਲੀਬਾਰੀ ਵਿਚੋਂ ਬਚ ਨਿਕਲੇ ਵਿਦਿਆਰਥੀਆਂ ਨੇ ਫਲੋਰਿਡਾ ਤੇ ਹੋਰਨੀਂ ਥਾਈਂ ਹੋਈਆਂ ਬਹੁਤ ਸਾਰੀਆਂ ਰੈਲੀਆਂ ਵਿਚ ਦੋਸ਼ ਲਾਇਆ ਸੀ ਕਿ ਡੋਨਾਲਡ ਟਰੰਪ ਨੇ ਚੋਣਾਂ ਵਿਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਤੋਂ ਚੰਦਾ ਲਿਆ ਸੀ ਜਿਸ ਕਰ ਕੇ ਉਹ ਹਥਿਆਰ ਰੱਖਣ ‘ਤੇ ਪਾਬੰਦੀ ਦੀਆਂ ਮੰਗਾਂ ਨੂੰ ਦਰਕਿਨਾਰ ਕਰਦੇ ਆ ਰਹੇ ਹਨ।