ਕੈਪਟਨ ਵੱਲੋਂ ਬਾਦਲਾਂ ਦੀਆਂ ਬੱਸਾਂ ਨੂੰ ਖੂੰਜੇ ਲਾਉਣ ਤੋਂ ਹੱਥ ਖੜ੍ਹੇ

ਚੰਡੀਗੜ੍ਹ: ਕੈਪਟਨ ਸਰਕਾਰ ਵੱਡੇ ਘਰਾਂ ਦੀਆਂ ਬੱਸਾਂ ਨੂੰ ਰਾਹ ਛੱਡਣ ਲੱਗੀ ਹੈ। ਕਾਂਗਰਸ ਹਕੂਮਤ ਦੇ ਇਕ ਵਰ੍ਹੇ ਮਗਰੋਂ ਵੀ ਵੱਡੇ ਘਰਾਣੇ ਦੀ ਬੱਸ ਸੇਵਾ ਦੀ ਸਰਦਾਰੀ ਹੈ। ਇਸੇ ਲਈ ਵੱਡੇ ਘਰ ਦੀਆਂ ਬੱਸਾਂ ਦਾ ਕੋਈ ਟਾਈਮ ਟੇਬਲ ਛੇੜਿਆ ਨਹੀਂ ਗਿਆ ਹੈ। ਗੱਠਜੋੜ ਸਰਕਾਰ ਸਮੇਂ ਵੱਡੇ ਘਰਾਣੇ ਦੀ ਹਰ ਬੱਸ ਨੂੰ ਬੱਸ ਅੱਡੇ ਉਤੇ ਸਵਾਰੀ ਚੁੱਕਣ ਲਈ ਦਸ ਦਸ ਜਾਂ ਫਿਰ 12-12 ਮਿੰਟ ਮਿਲਦੇ ਸਨ ਜੋ ਹੁਣ ਵੀ ਜਾਰੀ ਹਨ।

ਕਾਂਗਰਸ ਨੇ ਚੋਣਾਂ ਸਮੇਂ ਵਾਅਦਾ ਤੇ ਐਲਾਨ ਕੀਤਾ ਸੀ ਕਿ ਸਭ ਬੱਸਾਂ ਦੇ ਟਾਈਮ ਟੇਬਲ ਇਕਸਾਰ ਹੋਣਗੇ। ਪ੍ਰਮੁੱਖ ਸਕੱਤਰ (ਟਰਾਂਸਪੋਰਟ) ਨੇ ਜਨਵਰੀ ਦੇ ਅੱਧ ਤੋਂ ਪਹਿਲਾਂ ਟਾਈਮ ਟੇਬਲ ਬਾਰੇ ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਸਮੂਹ ਰਿਜਨਲ ਟਰਾਂਸਪੋਰਟ ਅਥਾਰਟੀਆਂ ਨੂੰ ਇਕ ਪੱਤਰ ਜਾਰੀ ਕੀਤਾ ਸੀ ਕਿ 30 ਦਿਨਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਟਾਈਮ ਟੇਬਲ ਇਕਸਾਰ ਕੀਤਾ ਜਾਵੇ। ਸਰਕਾਰੀ ਬੱਸਾਂ ਤੇ ਪ੍ਰਾਈਵੇਟ ਬੱਸਾਂ ਦੀ ਗਰੁਪਿੰਗ ਕਰ ਦਿੱਤੀ ਜਾਵੇ। ਸੂਤਰਾਂ ਅਨੁਸਾਰ ਵੱਡੇ ਘਰਾਣੇ ਦੀਆਂ ਬੱਸਾਂ ਵਾਲਾ ਟਾਈਮ ਟੇਬਲ ਹਾਲੇ ਤੱਕ ਕਿਸੇ ਅਫਸਰ ਨੇ ਛੇੜਿਆ ਤੱਕ ਨਹੀਂ ਹੈ।
ਆਰ.ਟੀ.ਏ. ਸੰਗਰੂਰ ਨੇ ਦੋ ਦਫਾ ਮੀਟਿੰਗ ਰੱਖੀ ਤੇ ਮੁਲਤਵੀ ਕਰ ਦਿੱਤੀ। ਬਠਿੰਡਾ ਅੰਮ੍ਰਿਤਸਰ ਰੂਟ ਦੇ ਟਾਈਮ ਟੇਬਲ ਬਾਰੇ ਗੇਂਦ ਫਰੀਦਕੋਟ ਦੇ ਆਰ.ਟੀ.ਏ. ਦੇ ਪਾਲੇ ਵਿਚ ਸੁੱਟ ਦਿੱਤੀ ਗਈ। ਆਰ.ਟੀ.ਏ. ਫਰੀਦਕੋਟ ਨੇ ਜੋ ਕੋਟਕਪੂਰਾ ਮੋਗਾ ਰੂਟ ਦਾ ਨਵਾਂ ਟਾਈਮ ਟੇਬਲ ਬਣਾਇਆ ਹੈ, ਉਸ ‘ਚ ਵੱਡੇ ਘਰਾਣੇ ਨੂੰ ਮੁੜ ਗੱਫਾ ਮਿਲਿਆ ਹੈ। ਔਰਬਿਟ ਅਤੇ ਡੱਬਵਾਲੀ ਬੱਸ ਕੰਪਨੀ ਦੇ ਲੁਧਿਆਣਾ, ਜਲੰਧਰ ਅਤੇ ਸੰਗਰੂਰ ਲਈ ਤਕਰੀਬਨ 34 ਰੂਟ ਬਠਿੰਡਾ ਤੋਂ ਹੀ ਚੱਲਦੇ ਹਨ, ਪਟਿਆਲਾ ਚੰਡੀਗੜ੍ਹ ਵੱਖਰੇ ਹਨ। ਟਾਈਮ ਟੇਬਲ ਅਨੁਸਾਰ ਬਠਿੰਡਾ ਬਰਨਾਲਾ ਰੂਟ ਉਤੇ ਬਠਿੰਡਾ ਬੱਸ ਅੱਡੇ ਵਿਚੋਂ ਤਕਰੀਬਨ 193 ਰੂਟ (ਆਮ ਬੱਸਾਂ ਦੇ) ਚੱਲਦੇ ਹਨ ਜਿਨ੍ਹਾਂ ਵਿਚੋਂ ਦਰਜਨ ਆਮ ਬੱਸਾਂ ਨੂੰ ਤਾਂ ਸਿਰਫ ਦੋ-ਦੋ ਮਿੰਟ ਦਾ ਸਮਾਂ ਅਤੇ 62 ਬੱਸਾਂ ਨੂੰ ਸਿਰਫ ਤਿੰਨ-ਤਿੰਨ ਮਿੰਟ ਹੀ ਅੱਡੇ ਵਿਚ ਸਵਾਰੀ ਚੁੱਕਣ ਲਈ ਮਿਲਦੇ ਹਨ। ਵੱਡੇ ਘਰਾਣੇ ਨੂੰ ਦਸ ਦਸ ਮਿੰਟ ਵੀ ਮਿਲ ਰਹੇ ਹਨ।
ਪ੍ਰਾਈਵੇਟ ਬੱਸ ਉਪਰੇਟਰ ਐਸੋਸੀਏਸ਼ਨ (ਬਠਿੰਡਾ ਜ਼ੋਨ) ਦੇ ਕਨਵੀਨਰ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਟਰਾਂਸਪੋਰਟ ਅਫਸਰ ਟਾਈਮ ਟੇਬਲ ਇਕਸਾਰ ਕਰਨ ਲਈ ਵੱਡੇ ਘਰਾਂ ਤੋਂ ਡਰ ਰਹੇ ਹਨ। ਵੇਰਵਿਆਂ ਅਨੁਸਾਰ ਬੁਢਲਾਡਾ ਡਿਪੂ ਦੀ ਵੱਡੇ ਘਰ ਦੀ ਮਰਸਿਡੀਜ਼ ਬੱਸ ਦੇ ਅੱਗੇ ਮਾਨਸਾ ਤੋਂ ਚੰਡੀਗੜ੍ਹ ਰੂਟ ਤੇ ਸਰਕਾਰੀ ਬੱਸ ਦੀ ਯੋਜਨਾ ਮੁੱਖ ਮੰਤਰੀ ਦੇ ਇਕ ਸਲਾਹਕਾਰ ਨੇ ਹੀ ਫੇਲ੍ਹ ਕਰ ਦਿੱਤੀ। ਮਾਨਸਾ ਤੋਂ ਸਵੇਰੇ 5.05 ਵਜੇ ਮਰਸਿਡੀਜ਼ ਬੱਸ ਚੱਲਦੀ ਹੈ ਅਤੇ ਬੁਢਲਾਡਾ ਡਿਪੂ ਉਸ ਤੋਂ ਪਹਿਲਾਂ 4.50 ਵਜੇ ਚੰਡੀਗੜ੍ਹ ਬੱਸ ਚਲਾਉਣੀ ਚਾਹੁੰਦਾ ਸੀ ਪਰ ਇਕ ਸਲਾਹਕਾਰ ਨੇ ਪੀ.ਆਰ.ਟੀ.ਸੀ. ਨੂੰ ‘ਹੱਦਾਂ’ ਵਿਚ ਰਹਿਣ ਦੀ ਘੁਰਕੀ ਦੇ ਦਿੱਤੀ। ਅਖੀਰ ਮਰਸਿਡੀਜ਼ ਤੋਂ ਮਗਰੋਂ ਸਰਕਾਰੀ ਬੱਸ ਨੂੰ ਸਮਾਂ ਦਿੱਤਾ ਗਿਆ।
ਪੰਜਾਬ ਰੋਡਵੇਜ਼ ਐਂਪਲਾਈਜ਼ ਯੂਨੀਅਨ (ਆਜ਼ਾਦ) ਦੇ ਜਨਰਲ ਸਕੱਤਰ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਵੱਡੇ ਘਰਾਣੇ ਤੋਂ ਡਰਦੇ ਟਰਾਂਸਪੋਰਟ ਅਫਸਰ ਕਿਸੇ ਵੀ ਟਾਈਮ ਟੇਬਲ ਨੂੰ ਛੇੜ ਨਹੀਂ ਰਹੇ ਹਨ ਅਤੇ ਹਾਲੇ ਵੀ ਵੱਡੇ ਘਰਾਂ ਦੀਆਂ ਬੱਸਾਂ ਦੇ ਕਾਰੋਬਾਰ ਵਿਚ ਉਵੇਂ ਹੀ ਤੂਤੀ ਬੋਲਦੀ ਹੈ। ਪ੍ਰਮੁੱਖ ਸਕੱਤਰ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਕੋਈ ਅਫਸਰ ਸੰਜੀਦਗੀ ਨਹੀਂ ਦਿਖਾ ਰਿਹਾ ਹੈ।
__________________________________
ਬਾਦਲਾਂ ਵੱਲੋਂ ਛੋਟੇ ਟ੍ਰਾਂਸਪੋਟਰਾਂ ਨੂੰ ਨੱਪਣ ਦੀ ਮੁਹਿੰਮ ਜਾਰੀ
ਮਾਨਸਾ: ਬਾਦਲ ਪਰਿਵਾਰ ਨੂੰ ਸੱਤਾ ਤੋਂ ਲਾਂਭੇ ਹੋਇਆਂ ਭਾਵੇਂ ਸਾਲ ਦੇ ਕਰੀਬ ਹੋਣ ਲੱਗਾ ਹੈ, ਪਰ ਇਸ ਪਰਿਵਾਰ ਵੱਲੋਂ ਨਿੱਜੀ ਬੱਸ ਕੰਪਨੀਆਂ ਨੂੰ ਖਰੀਦਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਸੂਬੇ ਵਿਚ ਕਾਂਗਰਸ ਸਰਕਾਰ ਆਉਣ ਮਗਰੋਂ ਛੋਟੇ ਟਰਾਂਸਪੋਰਟਰਾਂ ਨੂੰ ਕਾਰੋਬਾਰ ਵਧਣ ਫੁੱਲਣ ਦੀ ਆਸ ਬੱਝੀ ਸੀ, ਪਰ ਆਸ ਦੇ ਉਲਟ ਆਰ.ਟੀ.ਏ. ਦਫਤਰਾਂ ਵਿਚ ਵੱਡੇ ਟਰਾਂਸਪੋਰਟਰਾਂ ਦਾ ਹੀ ਬੋਲਬਾਲਾ ਹੈ। ਪਿਛਲੇ ਹਫਤੇ ਮਾਨਸਾ ਖੇਤਰ ਦੀਆਂ ਤਿੰਨ ਤੋਂ ਵੱਧ ਵੱਡੀਆਂ ਅਤੇ ਨਾਮੀ ਕੰਪਨੀਆਂ ਨੂੰ ਬਾਦਲਾਂ ਵੱਲੋਂ ਖਰੀਦਿਆ ਗਿਆ ਹੈ।
ਮਾਨਸਾ ਦੀ ਚਾਰ ਦਹਾਕਿਆਂ ਪੁਰਾਣੀ ਪੰਜਾਬ ਟਰਾਂਸਪੋਰਟ ਕੰਪਨੀ ਦਾ ਹੁਣ ਬਾਦਲਾਂ ਦੀ ਕੰਪਨੀ ਵਿਚ ਰਲੇਵਾਂ ਹੋ ਗਿਆ ਹੈ। ਕੰਪਨੀ ਦੇ ਮਾਲਕ ਤੇਜਾ ਸਿੰਘ ਪੱਖੋਂ, ਜੋ ਪਿਛਲੇ 11 ਸਾਲਾਂ ਤੋਂ ਜ਼ਿਲ੍ਹਾ ਮਾਨਸਾ ਪ੍ਰਾਈਵੇਟ ਬੱਸ ਉਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਬੱਸ ਕੰਪਨੀ ਵੇਚਣ ਦੀ ਪੁਸ਼ਟੀ ਕਰਦਿਆਂ ਪ੍ਰਧਾਨਗੀ ਕਿਸੇ ਹੋਰ ਟਰਾਂਸਪੋਰਟਰ ਦੇ ਹੱਥਾਂ ਵਿਚ ਦੇਣ ਦੀ ਗੁਜ਼ਾਰਿਸ਼ ਕੀਤੀ ਹੈ। ਇਸ ਕੰਪਨੀ ਦੇ ਹਿੱਸੇ ਤਕਰੀਬਨ 3 ਹਜ਼ਾਰ ਕਿਲੋਮੀਟਰ ਆਉਂਦੇ ਹਨ। ਇਸ ਦੀਆਂ ਅੱਠ ਤੋਂ ਵੱਧ ਵੱਡੀਆਂ ਬੱਸਾਂ ਦੀ ਇਲਾਕੇ ਵਿਚ ਧੁੰਮ ਸੀ। ਇਸੇ ਤਰ੍ਹਾਂ ਚਾਰ ਦਹਾਕੇ ਪੁਰਾਣੀ ਲਾਡੀ ਟਰਾਂਸਪੋਰਟ ਕੰਪਨੀ ਨੂੰ ਵੀ ਵੱਡੇ ਘਰਾਂ ਨੇ ਹੱਥ ਪਾਇਆ ਹੈ। ਇਸੇ ਤਰ੍ਹਾਂ ਸ਼ਹਿਰ ਨਾਲ ਸਬੰਧਤ ਦੋ ਹੋਰ ਕੰਪਨੀਆਂ ਵੀ ਬਾਦਲਾਂ ਵੱਲੋਂ ਲਈਆਂ ਗਈਆਂ ਹੋਣ ਦਾ ਪ੍ਰਚਾਰ ਜ਼ੋਰਾਂ ਉਤੇ ਹੈ। ਛੋਟੇ ਟਰਾਂਸਪੋਰਟਰ ਦਾ ਕਹਿਣਾ ਹੈ ਕਿ ਆਰਟੀਏ ਦਫਤਰਾਂ ਵਿਚ ਹੁਣ ਵੀ ਔਰਬਿਟ ਅਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਪਹਿਲਾਂ ਜਿੰਨੀ ਚੜ੍ਹਤ ਹੈ।