ਚੰਡੀਗੜ੍ਹ: ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਕੈਮਰੌਨ ਦੀ ਦਰਬਾਰ ਸਾਹਿਬ ਫੇਰੀ ਸਿਆਸਤ ਤੋਂ ਪ੍ਰੇਰਿਤ ਸੀ। ਉਨ੍ਹਾਂ ਦਾ ਅੰਮ੍ਰਿਤਸਰ ਵਿਖੇ ਆਉਣ ਤੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਮਕਸਦ ਬਰਤਾਨੀਆ ਵਿਚ ਵਸੇ ਪੰਜ ਲੱਖ ਸਿੱਖ ਵੋਟਰਾਂ ਨੂੰ ਖੁਸ਼ ਕਰਨਾ ਸੀ। ਬਰਤਾਨੀਆ ਵਿਚ ਵਸੇ ਸਿੱਖ ਭਾਈਚਾਰੇ ਨੂੰ ਪਹਿਲਾਂ ਹੀ ਆਸ ਸੀ ਕਿ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ 20 ਫਰਵਰੀ ਨੂੰ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਜ਼ਰੂਰ ਅਫਸੋਸ ਜ਼ਾਹਰ ਕਰਨਗੇ ਜਿੱਥੇ ਅਮਨਪੂਰਵਕ ਰੋਸ ਪ੍ਰਗਟ ਕਰਦੇ ਸੈਂਕੜੇ ਸਿੱਖਾਂ ਨੂੰ ਬਰਤਾਨਵੀ ਫੌਜ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਚ ਬੱਚੇ ਤੇ ਔਰਤਾਂ ਵੀ ਸ਼ਾਮਲ ਸਨ।
ਗਰੇਟ ਬ੍ਰਿਟੇਨ ਵਿਚ ਸਿੱਖ ਭਾਈਚਾਰੇ ਦੇ ਪ੍ਰਤੀਨਿਧਾਂ ਨੇ ਪਿਛਲੇ ਸਮੇਂ ਤੋਂ ਥਾਂ-ਥਾਂ ਮੈਮੋਰੰਡਮ ਦੇ ਕੇ ਤੇ ਸੱਤਾਧਾਰੀ ਕੰਜ਼ਰਵੇਟਿਵ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਸਨ ਤੇ ਆਸ ਪ੍ਰਗਟਾਈ ਸੀ ਕਿ ਬਰਤਾਨਵੀ ਪ੍ਰਧਾਨ ਮੰਤਰੀ, ਭਾਰਤ ਵਿਚ ਮੌਤ ਦੀ ਸਜ਼ਾ ਦੀ ਪ੍ਰਥਾ ਬੰਦ ਕੀਤੇ ਜਾਣ ਦਾ ਮੁੱਦਾ ਵੀ ਉਠਾਉਣਗੇ ਕਿਉਂਕਿ ਪਿਛਲੇ ਤਿੰਨ ਮਹੀਨਿਆਂ ਵਿਚ ਇਥੇ ਦੋ ਵਿਅਕਤੀਆਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਬਰਤਾਨਵੀ ਸਿੱਖ ਤਾਂ ਇਹ ਵੀ ਚਾਹੁੰਦੇ ਸਨ ਕਿ ਕੈਮਰੌਨ ਅਪਰੇਸ਼ਨ ਬਲਿਊ ਸਟਾਰ ਤੇ ਨਵੰਬਰ 1984 ਵਿਚ ਉਸ ਸਮੇਂ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦੇਸ਼ ਵਿੱਚ ਵੱਖ-ਵੱਖ ਥਾਈਂ ਨਿਰਦੋਸ਼ ਸਿੱਖਾਂ ਦੀਆਂ ਹੱਤਿਆਵਾਂ ਬਾਰੇ ਵੀ ਗੱਲ ਕਰਨ।
ਇਹ ਸਾਰੇ ਮੁੱਦੇ ਉਸ ਮੈਮੋਰੰਡਮ ਵਿਚ ਸ਼ੁਮਾਰ ਸਨ ਜੋ ਯੂਕੇ ਦੀ ਸਿੱਖ ਫੈਡਰੇਸ਼ਨ ਨੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੂੰ ਤਿੰਨ ਦਿਨਾ ਸਰਕਾਰੀ ਦੌਰੇ ‘ਤੇ ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਸੌਂਪੇ ਸਨ। ਕੰਜ਼ਰਵੇਟਿਵ ਪਾਰਟੀ ਹਰ ਹੀਲੇ ਬਰਤਾਨਵੀ ਸਿੱਖ ਭਾਈਚਾਰੇ ਨੂੰ ਆਪਣੇ ਵੱਲ ਕਰਨਾ ਚਾਹੁੰਦੀ ਹੈ। ਰਵਾਇਤੀ ਤੌਰ ‘ਤੇ ਬਹੁਗਿਣਤੀ ਸਿੱਖ ਲੇਬਰ ਪਾਰਟੀ ਦੇ ਹੱਕ ਵਿਚ ਹਨ ਜੋ ਪਿਛਲੀਆਂ ਆਮ ਚੋਣਾਂ ਦੌਰਾਨ ਸੱਤਾ ਤੋਂ ਲਾਂਭੇ ਕਰ ਦਿੱਤੀ ਗਈ ਸੀ। ਸਿੱਖ ਫੈਡਰੇਸ਼ਨ ਨੇ ਸ੍ਰੀ ਕੈਮਰੌਨ ਨੂੰ ਚੇਤੇ ਕਰਵਾਇਆ ਕਿ ਵਿਰੋਧੀ ਧਿਰ ਵਜੋਂ ਕੰਜ਼ਰਵੇਟਿਵਾਂ ਨੇ ਦੋ ਵੱਖੋ-ਵੱਖਰੇ ਮਤੇ 1984 ਦੇ ਅਪਰੇਸ਼ਨ ਬਲਿਊ ਸਟਾਰ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ 25ਵੀਂ ਬਰਸੀ ‘ਤੇ ਪੇਸ਼ ਕੀਤੇ ਸਨ।
ਬਰਤਾਨਵੀ ਮੀਡੀਆ ਵਿਚ ਛਿੜੀ ਚਰਚਾ ਤੋਂ ਹੀ ਲੱਗਦਾ ਸੀ ਕਿ ਡੇਵਿਡ ਕੈਮਰੌਨ ਜਲ੍ਹਿਆਂਵਾਲਾ ਬਾਗ ਦੀ ਫੇਰੀ ਮੌਕੇ ਬਰਤਾਨੀਆ ਵੱਲੋਂ ਅਫਸੋਸ ਜ਼ਾਹਰ ਕਰਨਗੇ। ਜ਼ਿਕਰਯੋਗ ਹੈ ਕਿ ਕੈਨੇਡਾ ਵੀ ਕਾਮਾਗਾਟਾਮਾਰੂ ਦੀ ਘਟਨਾ ਬਾਰੇ ਅਫਸੋਸ ਜ਼ਾਹਰ ਕਰ ਚੁੱਕਿਆ ਹੈ। ਕੈਨੇਡਾ ਤੇ ਬਰਤਾਨੀਆ ਸਰਕਾਰਾਂ ਸਿੱਖ ਆਵਾਸੀਆਂ ਦੇ ਮੁਲਕ ਦੀ ਉਸਾਰੀ ਤੇ ਪ੍ਰਾਪਤੀਆਂ ਵਿਚ ਵੱਡੇ ਯੋਗਦਾਨ ਨੂੰ ਮਾਨਤਾ ਦਿੰਦੀਆਂ ਹਨ ਤੇ ਹਰੇਕ ਪਾਰਟੀ ਇਨ੍ਹਾਂ ਦੀ ਹਮਾਇਤ ਹਾਸਲ ਕਰਨ ਲਈ ਯਤਨਸ਼ੀਲ ਹੁੰਦੀ ਹੈ।
ਬਰਤਾਨੀਆ ਵਿੱਚ ਸਿੱਖਾਂ ਦੀ 56 ਫੀਸਦੀ ਦੇ ਕਰੀਬ ਆਬਾਦੀ ਇਸੇ ਮੁਲਕ ਦੀ ਜੰਮਪਲ ਹੈ। ਬਰਤਾਨੀਆ ਵਿਚ ਵਸਦੇ ਸਿੱਖਾਂ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਦੇ ਨਾਲ-ਨਾਲ ਹੋਰ ਖੇਤਰਾਂ ਜਿਵੇਂ ਸੰਗੀਤ, ਸਿਨੇਮਾ ਤੇ ਖੇਡਾਂ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਮੌਂਟੀ ਪਨੇਸਰ ਬਰਤਾਨੀਆ ਦਾ ਪਹਿਲਾ ਪਗੜੀਧਾਰੀ ਸਿੱਖ ਖਿਡਾਰੀ ਹੈ। ਰਵੀ ਬੋਪਾਰਾ ਤੇ ਹੋਰ ਕਈ ਖਿਡਾਰੀ ਹਾਕੀ ਦੇ ਸੁਤਿੰਦਰ, ਕੁਲਬੀਰ ਜ਼ਿਕਰਯੋਗ ਹਨ। ਪਹਿਲੀ ਵਿਸ਼ਵ ਜੰਗ ਵਿਚ ਬਰਤਾਨੀਆ ਨਾਲ ਲੜੇ ਸਿੱਖਾਂ ਵਿਚੋਂ ਵੱਡੀ ਗਿਣਤੀ ਬਰਤਾਨੀਆ ਜਾ ਵਸੇ ਸਨ ਤੇ ਕੁਝ ਸਿੱਖ ਉਹ ਸਨ ਜੋ ਅਫਰੀਕੀ (ਕੀਨੀਆ, ਯੁਗਾਂਡਾ ਤੇ ਤਨਜ਼ਾਨੀਆ) ਦੇਸ਼ਾਂ ਤੇ ਹਾਂਗਕਾਂਗ ਤੋਂ ਬਰਤਾਨੀਆ ਜਾ ਕੇ ਵਸੇ ਸਨ।
ਰਿਕਾਰਡ ਮੁਤਾਬਕ ਮਹਾਰਾਜਾ ਦਲੀਪ ਸਿੰਘ ਗਰੇਟ ਬ੍ਰਿਟੇਨ ਵਿਚ 1846 ਵਿਚ ਵਸਣ ਵਾਲਾ ਪਹਿਲਾ ਸਿੱਖ ਹੈ। ਬੁਟੇਨ ਆਈਲੈਂਡ ਵਿਚ 1999 ਵਿਚ ਲਾਇਆ ਗਿਆ ਉਸ ਦਾ ਬੁੱਤ ਸੈਲਾਨੀਆਂ ਨੂੰ ਆਕਰਸ਼ਤ ਕਰਦਾ ਹੈ। ਬਰਤਾਨੀਆ ਵਿਚ ਪਹਿਲਾ ਗੁਰਦੁਆਰਾ 1911 ਵਿਚ ਲੰਡਨ ਵਿਚ ਬਣਿਆ ਸੀ। ਹੁਣ ਉੱਥੇ ਵੱਡੀ ਗਿਣਤੀ ਵਿਚ ਗੁਰਦੁਆਰੇ ਹਨ। ਹਾਲ ਹੀ ਵਿਚ ਬਰਤਾਨੀਆ ਵਿਚ ਵਸੇ ਵੱਖ ਵੱਖ ਨਸਲਾਂ ਤੇ ਭਾਈਚਾਰਿਆਂ ਬਾਰੇ ਕਰਵਾਏ ਸਰਵੇਖਣ ਵਿਚ ਸਿੱਖ (ਯਹੂਦੀਆਂ ਤੇ ਈਸਾਈਆਂ ਤੋਂ ਵੱਧ) ਪਹਿਲੇ ਨੰਬਰ ‘ਤੇ ਰਹੇ।
_________________________________
ਊਧਮ ਸਿੰਘ ਦੇ ਟੱਬਰ ਵੱਲੋਂ ਸ਼ਲਾਘਾ
ਮਹਿਲਾਂ ਚੌਕ: ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਭਾਵੇਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਵੱਲੋਂ ਜਲ੍ਹਿਆਂ ਵਾਲਾ ਬਾਗ ਸਾਕੇ ਲਈ ਮੁਆਫ਼ੀ ਤਾਂ ਨਹੀਂ ਮੰਗੀ ਗਈ ਪਰ ਉਸ ਵੱਲੋਂ ਇਸ ਨੂੰ ਸ਼ਰਮਨਾਕ ਕਾਰਵਾਈ ਦੱਸ ਕੇ ਭਾਰਤੀਆਂ ਦੇ ਦਿਲਾਂ ‘ਤੇ ਮੱਲ੍ਹਮ ਜ਼ਰੂਰ ਲਾਈ ਗਈ ਹੈ।
ਉਨ੍ਹਾਂ ਨੇ ਕੈਮਰੌਨ ਦੇ ਬਿਆਨ ਦਾ ਸਵਾਗਤ ਕੀਤਾ ਹੈ। ਸੁਨਾਮ ਵਿਖੇ ਰਹਿੰਦੇ ਸ਼ਹੀਦ ਊਧਮ ਸਿੰਘ ਦੇ ਭਾਣਜੇ ਖੁਸ਼ੀ ਨੰਦ ਨੇ ਦੱਸਿਆ ਕਿ ਭਾਰਤ ਦੇ ਕਈ ਵੱਡੇ ਆਗੂਆਂ ਨੇ ਹੁਣ ਤੱਕ ਸ਼ਹੀਦ ਊਧਮ ਸਿੰਘ ਵੱਲੋਂ ਇੰਗਲੈਂਡ ਜਾ ਕੇ ਮਾਈਕਲ ਅਡਵਾਇਰ ਨੂੰ ਮਾਰਨ ਵਾਲੀ ਘਟਨਾ ਨੂੰ ਗਲਤ ਹੀ ਮੰਨਿਆ ਸੀ ਪਰ ਦੇਸ਼ ‘ਤੇ ਰਾਜ ਕਰਕੇ ਗਏ ਮੁਲਕ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਵੱਲੋਂ ਜਲ੍ਹਿਆਂ ਵਾਲਾ ਬਾਗ ਘਟਨਾ ਨੂੰ ਮੰਦਭਾਗਾ ਕਰਾਰ ਦੇਣ ਨਾਲ ਮੌਕਾਪ੍ਰਸਤ ਆਗੂਆਂ ਦੇ ਮੂੰਹ ‘ਤੇ ਤਾਲਾ ਲੱਗ ਗਿਆ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਅੰਗਰੇਜ਼ ਅਫਸਰ ਦੇ ਇਸ਼ਾਰੇ ‘ਤੇ 13 ਅਪਰੈਲ, 1919 ਦਾ ਜਲ੍ਹਿਆਂ ਵਾਲਾ ਬਾਗ ਸਾਕਾ ਵਾਪਰਿਆ ਪਰ ਬਰਤਾਨੀਆ ਦੇ ਮੌਜੂਦਾ ਪ੍ਰਧਾਨ ਮੰਤਰੀ ਵੱਲੋਂ ਇਸ ‘ਤੇ ਅਫਸੋਸ ਜਤਾਉਣਾ ਉਨ੍ਹਾਂ ਦੀ ਖੁੱਲ੍ਹਦਿਲੀ ਦਾ ਪ੍ਰਤੀਕ ਹੈ। ਜਲ੍ਹਿਆਂ ਵਾਲਾ ਬਾਗ ਘਟਨਾ ਨੂੰ ਬਰਤਾਨਵੀ ਇਤਿਹਾਸ ਵਿਚ ਸ਼ਰਮਨਾਕ ਕਾਰਾ ਮੰਨਣਾ ਹੀ ਆਪਣੇ ਆਪ ਵਿਚ ਵੱਡੀ ਗੱਲ ਹੈ ਜੋ ਮੁਆਫ਼ੀ ਮੰਗਣ ਤੋਂ ਘੱਟ ਨਹੀ। ਖ਼ੁਸ਼ੀ ਨੰਦ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਤੋਂ ਸ਼ਹੀਦ ਊਧਮ ਸਿੰਘ ਦੇ ਕੱਪੜੇ, ਰਿਵਾਲਵਰ ਤੇ ਸ਼ਹੀਦ ਦੇ ਹੋਰ ਦਸਤਾਵੇਜ਼ ਪਰਿਵਾਰਕ ਮੈਂਬਰਾਂ ਹਵਾਲੇ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਨਾਲ ਸਬੰਧਤ ਵਸਤਾਂ ਤੇ ਹੋਰ ਸਾਮਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਹੀ ਮਿਲਣੀਆਂ ਚਾਹਦੀਆਂ ਹਨ। ਸਰਕਾਰ ਨੂੰ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
_________________________________
ਇਤਿਹਾਸ ਬੋਲਦਾ ਹੈæææ
ਅੰਮ੍ਰਿਤਸਰ:13 ਅਪਰੈਲ, 1919 ਨੂੰ ਜਲ੍ਹਿਆਂਵਾਲਾ ਬਾਗ ਵਿਚ 15,000 ਤੋਂ 20,000 ਲੋਕਾਂ ਦਾ ਇਕੱਠ ਹੋਇਆ ਸੀ। ਬ੍ਰਿਗੇਡੀਅਰ ਜਨਰਲ ਈਐਚ ਡਾਇਰ ਦੇ 50 ਬੰਦੂਕਧਾਰੀ ਸਿਪਾਹੀਆਂ ਨੇ ਇਸ ਇਕੱਠ ‘ਤੇ 10 ਮਿੰਟ ਗੋਲੀਬਾਰੀ ਕੀਤੀ ਸੀ। ਉਸ ਸਮੇਂ ਕੋਈ 1650 ਗੋਲੀਆਂ ਦਾਗੀਆਂ ਗਈਆਂ ਸਨ ਤੇ 1000 ਤੋਂ ਵੱਧ ਨਿਰਦੋਸ਼ ਭਾਰਤੀ ਵਿਸਾਖੀ ਦੇ ਦਿਹਾੜੇ ‘ਤੇ ਮਾਰੇ ਗਏ ਸਨ ਤੇ 1100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।
Leave a Reply