ਟੌਲ ਟੈਕਸ ਨੇ ਹੌਲੀਆਂ ਕੀਤੀਆਂ ਪੰਜਾਬੀਆਂ ਦੀਆਂ ਜੇਬਾਂ

ਬਠਿੰਡਾ: ਪੰਜਾਬ ਵਿਚ ਲੋਕ ਰੋਜ਼ਾਨਾ ਔਸਤਨ ਢਾਈ ਕਰੋੜ ਦਾ ਟੌਲ ਤਾਰਦੇ ਹਨ। ਲੰਘੇ ਪੌਣੇ ਚਾਰ ਵਰ੍ਹਿਆਂ ਵਿਚ ਪੰਜਾਬੀ ਲੋਕਾਂ ਨੇ ਇਕੱਲੇ ਕੌਮੀ ਸ਼ਾਹਰਾਹਾਂ ਦੇ ਸਫਰ ਦੌਰਾਨ 2023 ਕਰੋੜ ਰੁਪਏ ਟੌਲ ਦਿੱਤਾ ਹੈ। ਜੇ ਸਟੇਟ ਹਾਈਵੇਅ ਇਸ ਵਿਚ ਸ਼ਾਮਲ ਕਰੀਏ ਤਾਂ ਇਹ ਅੰਕੜਾ ਤਿੰਨ ਹਜ਼ਾਰ ਕਰੋੜ ਨੂੰ ਪਾਰ ਕਰਦਾ ਹੈ। ਪੰਜਾਬ ਵਿਚ ਕੌਮੀ ਸੜਕਾਂ ਅਤੇ ਸਟੇਟ ਹਾਈਵੇਅ ਉਤੇ ਤਕਰੀਬਨ 30 ਟੌਲ ਪਲਾਜ਼ਾ ਚੱਲ ਰਹੇ ਹਨ, ਜਦਕਿ ਨੌਂ ਹੋਰ ਟੌਲ ਪਲਾਜ਼ਾ ਡੇਢ ਮਹੀਨੇ ਵਿਚ ਸ਼ੁਰੂ ਹੋ ਜਾਣਗੇ।

ਵੇਰਵਿਆਂ ਅਨੁਸਾਰ ਪੰਜਾਬ ਵਿਚ ਕੌਮੀ ਸ਼ਾਹਰਾਹਾਂ ਦੇ ਟੌਲ ਦਿਨੋਂ ਦਿਨ ਵਧ ਰਹੇ ਹਨ। ਸਾਲ 2012-13 ਵਿਚ ਇਨ੍ਹਾਂ ਮਾਰਗਾਂ ਤੋਂ ਸਿਰਫ 266 ਕਰੋੜ ਦਾ ਟੌਲ ਵਸੂਲਿਆ ਗਿਆ ਜੋ ਸਾਲ 2013-14 ਵਿਚ ਵਧ ਕੇ 304 ਕਰੋੜ ਰੁਪਏ ਹੋ ਗਿਆ ਸੀ। ਉਸ ਮਗਰੋਂ ਤੇਜ਼ ਰਫਤਾਰ ਨਾਲ ਟੌਲ ਵਧਿਆ ਹੈ। ਸਾਲ 2014-15 ਵਿਚ ਪੰਜਾਬ ਵਿਚੋਂ 403 ਕਰੋੜ ਰੁਪਏ ਕੌਮੀ ਮਾਰਗਾਂ ਦੇ ਟੌਲ ਪਲਾਜ਼ਿਆਂ ਨੇ ਵਸੂਲੇ, ਜਦਕਿ ਸਾਲ 2015-16 ਵਿਚ ਇਹ ਵਸੂਲੀ 547 ਕਰੋੜ ਰੁਪਏ ਉਤੇ ਪੁੱਜ ਗਈ। ਸਾਲ 2016-17 ਵਿਚ ਟੌਲ ਵਸੂਲੀ 563 ਕਰੋੜ ਰੁਪਏ ਰਹੀ ਜਦਕਿ 2017-18 (ਦਸੰਬਰ ਤੱਕ) ਦੀ ਵਸੂਲੀ 510 ਕਰੋੜ ਰੁਪਏ ਹੋ ਚੁੱਕੀ ਹੈ। ਤਿੰਨ ਮਹੀਨੇ ਬਾਕੀ ਪਏ ਹਨ। ਪੌਣੇ ਛੇ ਵਰ੍ਹਿਆਂ ਵਿਚ ਕੌਮੀ ਮਾਰਗਾਂ ਤੋਂ ਤਕਰੀਬਨ 2563 ਕਰੋੜ ਦਾ ਟੌਲ ਟੈਕਸ ਪੰਜਾਬ ਦੇ ਲੋਕਾਂ ਨੂੰ ਤਾਰਨਾ ਪਿਆ ਹੈ।
ਸਟੇਟ ਹਾਈਵੇਜ਼ ਤੋਂ ਔਸਤਨ ਤਕਰੀਬਨ ਇਕ ਕਰੋੜ ਰੁਪਏ ਦੀ ਵਸੂਲੀ ਰੋਜ਼ਾਨਾ ਹੋ ਰਹੀ ਹੈ। ਤਿੰਨ ਮਹੀਨੇ ਪਹਿਲਾਂ ਹੀ ਬਠਿੰਡਾ- ਜ਼ੀਰਕਪੁਰ ਸੜਕ ਉਤੇ ਦੋ ਟੌਲ ਪਲਾਜ਼ਾ ਚਾਲੂ ਹੋਏ ਹਨ ਜਦੋਂਕਿ ਤਿੰਨ ਹੋਰ ਟੌਲ ਪਲਾਜ਼ੇ ਚੱਲਣੇ ਹਨ। ਜਲਦੀ ਹੀ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ਉਤੇ ਤਿੰਨ ਟੌਲ ਪਲਾਜ਼ੇ ਚੱਲਣੇ ਹਨ ਅਤੇ ਜਲੰਧਰ-ਮੋਗਾ-ਬਰਨਾਲਾ ਸੜਕ ‘ਤੇ ਦੋ ਟੌਲ ਪਲਾਜ਼ਾ ਤਿਆਰ ਹਨ। ਇਵੇਂ ਸੰਗਰੂਰ ਖਨੌਰੀ ਸੜਕ ਉਤੇ ਇਕ ਟੌਲ ਚਾਲੂ ਹੋਣਾ ਹੈ। ਡੇਢ ਸਾਲ ਮਗਰੋਂ ਰੋਪੜ-ਫਗਵਾੜਾ ਸੜਕ ਉਤੇ ਦੋ ਟੌਲ, ਚੰਡੀਗੜ੍ਹ-ਲੁਧਿਆਣਾ ਸੜਕ ‘ਤੇ ਦੋ ਟੌਲ ਪਲਾਜ਼ਾ ਚਾਲੂ ਹੋ ਜਾਣੇ ਹਨ। ਲੁਧਿਆਣਾ-ਤਲਵੰਡੀ ਭਾਈ ਉਤੇ ਵੀ ਦੋ ਟੌਲ ਚਾਲੂ ਹੋਣੇ ਹਨ। ਅੰਬਾਲਾ ਤੋਂ ਅੰਮ੍ਰਿਤਸਰ ਤੱਕ ਤਕਰੀਬਨ ਚਾਰ-ਪੰਜ ਟੌਲ ਪਲਾਜ਼ੇ ਚੱਲ ਰਹੇ ਹਨ।
ਕੌਮੀ ਮਾਰਗਾਂ ਵਿਚ ਅੰਮ੍ਰਿਤਸਰ-ਪਠਾਨਕੋਟ ਤੇ ਜਲੰਧਰ-ਪਠਾਨਕੋਟ ਉਤੇ ਵੀ ਟੌਲ ਚੱਲ ਰਹੇ ਹਨ। ਇਸ ਤੋਂ ਬਿਨਾਂ ਸਟੇਟ ਹਾਈਵੇਅਜ਼ ਉਤੇ ਤਕਰੀਬਨ 20 ਟੌਲ ਪਲਾਜ਼ੇ ਚੱਲ ਰਹੇ ਹਨ ਜਿਨ੍ਹਾਂ ਉਤੇ ਟੌਲ ਵਸੂਲੀ ਕੌਮੀ ਮਾਰਗਾਂ ਨਾਲੋਂ ਘੱਟ ਹੈ। ਕੇਂਦਰ ਸਰਕਾਰ ਤਰਫੋਂ ਨੈਸ਼ਨਲ ਹਾਈਵੇਅਜ਼ ਫੀਸ ਰੂਲਜ਼ 2008 ਅਨੁਸਾਰ ਟੌਲ ਨਿਰਧਾਰਤ ਕੀਤਾ ਜਾਂਦਾ ਹੈ, ਜਿਸ ਤਹਿਤ 60 ਕਿਲੋਮੀਟਰ ਦੇ ਘੇਰੇ ਵਿਚ ਇਕ ਟੌਲ ਪਲਾਜ਼ਾ ਬਣ ਸਕਦਾ ਹੈ।