ਬਲਜੀਤ ਬਾਸੀ
ਨਾਜਾਇਜ਼ ਢੰਗ ਨਾਲ ਨਕਦੀ ਜਾਂ ਤੋਹਫੇ ਦੇ ਨਾਂ ‘ਤੇ ਹੋਰ ਮਹਿੰਗੀਆਂ ਵਸਤੂਆਂ ਭੇਟ ਕਰਕੇ ਕਿਸੇ ਅਧਿਕਾਰੀ ਤੋਂ ਕੰਮ ਕਢਵਾ ਲੈਣ ਦੀ ਰੀਤ ਢੇਰ ਪੁਰਾਣੀ ਹੈ ਤੇ ਲਗਭਗ ਹਰ ਮਨੁੱਖੀ ਸਭਿਅਤਾ ਵਿਚ ਪ੍ਰਚਲਿਤ ਰਹੀ ਹੈ। ਪੰਜਾਬੀ ਵਿਚ ਅਜਿਹੇ ਕੁਕਰਮ ਲਈ ਵੱਢੀ, ਰਿਸ਼ਵਤ ਜਾਂ ਘੂਸ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਆਖਰੀ ਸ਼ਬਦ ਇਸਤਰੀ ਦੇ ਗੁਪਤ ਅੰਗ ਦਾ ਵੀ ਸੂਚਕ ਹੋਣ ਕਰਕੇ ਸਾਡੀ ਭਾਸ਼ਾ ਵਿਚ ਇਸ ਦੀ ਵਰਤੋਂ ਘਟ ਗਈ ਹੈ। ਮਹਾਨ ਕੋਸ਼ ਸਮੇਤ ਬਹੁਤ ਸਾਰੇ ਪੰਜਾਬੀ ਕੋਸ਼ਾਂ ਵਿਚ ਇਹ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਦਰਜ ਹੈ।
ਅੱਜ ਕਲ੍ਹ ਕਈ ਪੰਜਾਬੀ ਅਖਬਾਰਾਂ ਵਿਚ ਇਹ ਸ਼ਬਦ ਵਰਤਿਆ ਮਿਲਦਾ ਹੈ ਭਾਵੇਂ ਇਸ ਦਾ ਕਾਰਨ ਅਖਬਾਰਾਂ ਦੇ ਡੈਸਕਾਂ ‘ਤੇ ਬੈਠੇ ਪੰਜਾਬੀ ਭਾਸ਼ਾ ਦੇ ਗਿਆਨ ਤੋਂ ਵਿਹੂਣੇ ਸੰਪਾਦਕ ਹੀ ਹਨ ਜੋ ਹਿੰਦੀ ਵਿਚ ਆਉਂਦੀਆਂ ਬਣੀਆਂ ਬਣਾਈਆਂ ਖਬਰਾਂ ਦਾ ਚਲਾਵਾਂ ਅਨੁਵਾਦ ਕਰ ਲੈਂਦੇ ਹਨ। ਉਹ ਇਹ ਨਹੀਂ ਦੇਖਦੇ ਕਿ ਪੰਜਾਬੀ ਵਿਚ ਕਿਸੇ ਸ਼ਬਦ ਲਈ ਢੁਕਵਾਂ ਸ਼ਬਦ ਕੀ ਹੋ ਸਕਦਾ ਹੈ। ਕਾਫੀ ਪ੍ਰਚਲਿਤ ਰਿਸ਼ਵਤ ਸ਼ਬਦ ਅਰਬੀ ‘ਰਸ਼ਵ’ ਤੋਂ ਬਣਿਆ ਹੈ ਜਿਸ ਦਾ ਅਰਥ ਵੱਢੀ ਦੇਣਾ ਹੁੰਦਾ ਹੈ। ਅਰਬੀ ਰਾਸ਼ੀ ਦਾ ਮਤਲਬ ਹੈ, ਵੱਢੀ ਦੇਣ ਵਾਲਾ। ਐਪਰ ਇਸ ਮਹਾਨ ਕੰਮ ਲਈ ਪੰਜਾਬੀ ਦਾ ਠੇਠ ਸ਼ਬਦ ਹੈ ‘ਵੱਢੀ’ ਤੇ ਅੱਜ ਅਸੀਂ ਇਸ ਸ਼ਬਦ ਨੂੰ ਹੀ ਵੱਢਣਾ ਹੈ।
ਗੁਰੂ ਨਾਨਕ ਦੇਵ ਦੇ ਪਦਾਂ ਵਿਚ ਵੱਢੀ ਸ਼ਬਦ ਇਸ ਤਰ੍ਹਾਂ ਆਇਆ ਹੈ, ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥; ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ॥ ਦੇਸਾ ਸਿੰਘ ਦੇ ਰਹਿਤਨਾਮੇ ਵਿਚ ਹਦਾਇਤ ਹੈ, ਵੱਢੀ ਲੈਕਰ ਨਯਾਯ ਨ ਕਰੀਏ। ਝੂਠੀ ਸਾਖਾ ਕਬਹੁ ਨ ਭਰੀਏ। ਵੱਡੇ ਭਰਾਵਾਂ ਨੇ ਵੱਢੀ ਦੇ ਜ਼ਰੀਏ ਹੀ ਰਾਂਝੇ ਨੂੰ ਬੰਜਰ ਭੋਇੰ ਦਿਵਾ ਦਿੱਤੀ ਸੀ:
ਹਾਜ਼ਿਰ ਕਾਜ਼ੀ ਤੇ ਪੈਂਚ ਸਦਾਇ ਸਾਰੇ,
ਭਾਈਆਂ ਜ਼ਿਮੀਂ ਨੂੰ ਕੱਛ ਪਵਾਈ ਆਹੀ।
ਵੱਢੀ ਦੇ ਕੇ ਜ਼ਿਮੀਂ ਲੈ ਗਏ ਚੰਗੀ,
ਬੰਜਰ ਜ਼ਿਮੀਂ ਰੰਝੇਟੇ ਨੂੰ ਆਈ ਆਹੀ।
‘ਮਹਾਨ ਕੋਸ਼’ ਵਿਚ ਵੱਢੀ ਸ਼ਬਦ ਦੇ ਇੰਦਰਾਜ ਵਿਚ ਇਸ ਦੀ ਪਰਿਭਾਸ਼ਾ ਇਸ ਪ੍ਰਕਾਰ ਕੀਤੀ ਗਈ ਹੈ, “ਰਿਸ਼ਵਤ, ਜਿਸ ਨੂੰ ਲੈਣ ਵਾਲਾ ਦੂਜੇ ਦਾ ਹੱਕ ਵੱਢ ਦਿੰਦਾ ਹੈ। ‘ਵਢੀ ਲੈ ਕੈ ਹਕੁ ਗਵਾਏ॥’ (ਮ. ੧. ਵਾਰ ਰਾਮ ੧)।” ਇਸ ਤੋਂ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵੱਢੀ ਸ਼ਬਦ ਦਾ ਸਬੰਧ ਵੱਢਣਾ ਸ਼ਬਦ ਨਾਲ ਹੈ ਅਰਥਾਤ ਅਜਿਹਾ ਧਨ ਆਦਿ ਜਿਸ ਦਾ ਚੜ੍ਹਾਵਾ ਦੇ ਕੇ ਕਿਸੇ ਹੋਰ ਦਾ ਬਣਦਾ ਹੱਕ ਵੱਢ ਦਿੱਤਾ ਜਾਂਦਾ ਹੈ। ਹਰਭਜਨ ਸਿੰਘ ਦੇਹਰਾਦੂਨ ਅਤੇ ਹੋਰਨਾਂ ਦੀ ਸੰਪਾਦਕੀ ਅਧੀਨ ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਸ਼੍ਰੀ ਗੁਰੂ ਗ੍ਰੰਥ ਕੋਸ਼ ਵਿਚ ਵੀ ਵੱਢੀ ਇੰਦਰਾਜ ਅਧੀਨ ਇਹ ਲਿਖ ਕੇ ‘ਜੋ ਹਕ ਤੇ ਨਿਆਂ ਨੂੰ ਵਢ ਸੁੱਟੇ’ ਮਹਾਨ ਕੋਸ਼ ਦੀ ਵਿਆਖਿਆ ਦੀ ਜ਼ੋਰ ਨਾਲ ਪੁਸ਼ਟੀ ਕੀਤੀ ਗਈ ਹੈ। ‘ਸਿੱਖ ਮਾਰਗ’ ਦੇ ਇਕ ਅੰਕ ਵਿਚ ਜਸਬੀਰ ਸਿੰਘ ਵੈਨਕੂਵਰ ਨੇ ‘ਵੱਢੀਖੋਰ’ ਨਾਮੀ ਲੇਖ ਸ਼ੁਰੂ ਹੀ ਇਸ ਤਰ੍ਹਾਂ ਕੀਤਾ ਹੈ, “ਵੱਢੀ ਸ਼ਬਦ ਵਢ ਤੋਂ ਬਣਿਆ ਹੈ। ਵਢ ਦਾ ਅਰਥ ਹੈ, ਵਧ ਕਰਨਾ, ਭਾਵ ਕਤਲ ਕਰਨਾ।” ਮੇਰੀ ਜਾਚੇ ਵੱਢੀ ਨੂੰ ਵਢ/ਵਧ ਨਾਲ ਜੋੜਨਾ ਵਧੀਕੀ ਹੈ। ਇਹ ਇਕ ਕਾਵਿਕ ਜਿਹੀ ਵਿਆਖਿਆ ਹੈ ਜੋ ਪ੍ਰਗਟ ਤੌਰ ‘ਤੇ ਗੁਰੂ ਨਾਨਕ ਦੇਵ ਦੇ ਉਕਤ ਦਰਜ ਪਦ ਤੋਂ ਪ੍ਰਭਾਵਤ ਹੋਈ ਹੈ।
ਐਪਰ ਵੱਢੀ ਸ਼ਬਦ ਦੀ ਮੁਤਬਾਦਲ ਵਿਆਖਿਆ ਮੌਜੂਦ ਹੈ ਜੋ ਵਧੇਰੇ ਤਾਰਕਿਕ ਪ੍ਰਤੀਤ ਹੁੰਦੀ ਹੈ। ਉਘੇ ਨਿਰੁਕਤ ਸ਼ਾਸਤਰੀ ਗ਼ ਸ਼ ਰਿਆਲ ਨੇ ਆਪਣੇ ਨਿਰੁਕਤ ਕੋਸ਼ ਵਿਚ ਇਸੇ ਨੂੰ ਸਵੀਕਾਰ ਕੀਤਾ ਹੈ। ਇਹ ਵਿਆਖਿਆ ਰਾਲਫ ਲਿਲੀ ਟਰਨਰ ਦੇ ਤੁਲਨਾਤਮਕ ਕੋਸ਼ ਵਿਚ ਦਰਜ ਹੈ। ਟਰਨਰ ਇਸ ਨੂੰ ਸੰਸਕ੍ਰਿਤ ਵ੍ਰਿਧਿ ਨਾਲ ਜੋੜਦਾ ਹੈ ਜਿਸ ਦਾ ਅਰਥ ਵਾਧਾ, ਖੁਸ਼ਹਾਲੀ ਆਦਿ ਹੈ। ਇਸ ਦਾ ਧਾਤੂ ਹੈ, ‘ਵ੍ਰਧ’ ਜਿਸ ਵਿਚ ਵਧਣ ਦੇ ਭਾਵ ਹਨ। ਅਸਲ ਵਿਚ ਪੰਜਾਬੀ ਸ਼ਬਦ ਵਾਧਾ, ਵਧਣਾ, ਵਧਾਈ ਅਤੇ ਬਿਰਧ, ਬੁੱਢਾ, ਬੁੜਾ ਆਦਿ ਵੀ ਇਸ ਧਾਤੂ ਤੋਂ ਵਿਉਤਪਤ ਹੋਏ ਹਨ, ਬੁੱਢਾ, ਬਿਰਧ ਜਾਂ ਬੁੜਾ ਵਿਚ ਵੀ ਉਮਰ ਦੇ ਵਧਣ ਦਾ ਭਾਵ ਹੈ। ਪਾਲੀ ਅਤੇ ਪ੍ਰਾਕ੍ਰਿਤ ਦੇ ਸ਼ਬਦ ਵੱਢੀ, ਵੁੱਢੀ ਅਤੇ ਵੁਧੀ ਜਿਹੇ ਸ਼ਬਦ ਵਾਧਾ ਜਾਂ ਖੁਸ਼ਹਾਲੀ ਤੋਂ ਇਲਾਵਾ ਵਿਆਜ ਜਾਂ ਲਾਭ ਦੇ ਅਰਥਾਵੇਂ ਵੀ ਹਨ। ਭਾਰਤ ਦੀਆਂ ਕਈ ਹੋਰ ਆਰਿਆਈ ਭਾਸ਼ਾਵਾਂ ਵਿਚ ਇਸ ਸ਼ਬਦ ਦੇ ਅਜਿਹੇ ਹੀ ਰੁਪਾਂਤਰਾਂ ਦੇ ਅਜਿਹੇ ਹੀ ਅਰਥ ਉਪਲਭਦ ਹਨ। ਮਰਾਠੀ ਵਾਢ ਵਿਚ ਵਾਧਾ, ਅਤੇ ਵਾਢੀ ਵਿਚ ਫਾਲਤੂ, ਵਾਫਰ ਦੇ ਭਾਵ ਹਨ। ਪੰਜਾਬੀ ਵਿਚ ਰਿਸ਼ਵਤ ਲਈ ਵੱਢੀ ਦੇ ਨਾਲ ਨਾਲ ਵਾਢੀ ਸ਼ਬਦ ਦੀ ਵਰਤੋਂ ਵੀ ਮਿਲਦੀ ਹੈ। ਸਪਸ਼ਟ ਹੈ ਕਿ ਵੱਢੀ ਇਕ ਤਰ੍ਹਾਂ ਉਹ ਰਕਮ ਹੈ ਜੋ ਵਾਧੇ ਵਜੋਂ ਜਾਂ ਉਪਰ ਦੀ ਦਿੱਤੀ ਗਈ ਹੈ। ਵੱਢੀ ਜਾਂ ਭ੍ਰਿਸ਼ਟ ਤਰੀਕਿਆਂ ਨਾਲ ਹਥਿਆਈ ‘ਵਾਧੂ’ ਦੀ ਆਮਦਨ ਨੂੰ ਉਪਰ ਦੀ ਕਮਾਈ ਵੀ ਕਿਹਾ ਜਾਂਦਾ ਹੈ ਜੋ ਅੱਜ ਕਲ੍ਹ ਅਮੀਰੀ ਦੀ ਅਸਲ ਨਿਸ਼ਾਨੀ ਸਮਝੀ ਜਾਂਦੀ ਹੈ। ਉਂਜ ਵਧਾਉਣ ਦੇ ਸੰਕਲਪ ਵਿਚ ਆਪਣੇ ਕੰਮ ਜਾਂ ਮੁਫਾਦ ਨੂੰ ਅੱਗੇ ਲਿਜਾਣ ਦੇ ਭਾਵ ਵੀ ਹਨ। ਪੰਜਾਬੀ ਵੱਢੀ ਤੋਂ ਇਲਾਵਾ ਬਲੋਚੀ ਦੇ ਵਦਰੀ ਅਤੇ ਪਸ਼ਤੋ ਦੇ ਬੱਡ ਸ਼ਬਦਾਂ ਵਿਚ ਰਿਸ਼ਵਤ ਦੇ ਭਾਵ ਹਨ।
ਅਸਲ ਵਿਚ ਵੱਢੀ ਬਾਰੇ ਲਿਖਣ ਦੀ ਪ੍ਰੇਰਨਾ ਮੈਨੂੰ ‘ਨਿਊ ਯਾਰਕ ਟਾਈਮਜ਼’ ਦੇ ਹਾਲ ਹੀ ਵਿਚ ਛਪੇ ਇਕ ਆਰਟੀਕਲ ਤੋਂ ਮਿਲੀ। ਇਸ ਵਿਚ ਕਿਹਾ ਗਿਆ ਹੈ ਕਿ ਵੱਢੀ ਦਾ ਖਾਣ ਦੀ ਕ੍ਰਿਆ ਨਾਲ ਬੜਾ ਡੂੰਘਾ ਸਬੰਧ ਹੈ। ਲੇਖਕ ਨੇ ਫੁਰਮਾਇਆ ਹੈ ਕਿ ਬਾਈਬਲ ਅਨੁਸਾਰ ਮਨੁੱਖ ਸਿਰਫ ਰੋਟੀ ਨਾਲ ਹੀ ਨਹੀਂ ਜਿਉਂਦਾ। ਇਸ ਦਾ ਭਾਵ ਹੈ ਕਿ ਉਸ ਨੂੰ ਖਾਣ ਲਈ ਪਾਸਤਾ, ਮੀਟ ਦੇ ਕੋਫਤੇ, ਜੈਮ ਅਤੇ ਵਾਈਨ ਆਦਿ ਜਿਹੇ ਚੋਸੇ ਵੀ ਚਾਹੀਦੇ ਹੁੰਦੇ ਹਨ। ਨਿਸਚੇ ਹੀ ਇਹ ਗੱਲ ਭ੍ਰਿਸ਼ਟ ਸਿਆਸਤਦਾਨਾਂ ‘ਤੇ ਲਾਗੂ ਹੁੰਦੀ ਹੈ। ਲੇਖਕ ਨੇ ਦਰਸਾਇਆ ਹੈ ਕਿ ਬਹੁਤ ਸਾਰੀਆ ਸਭਿਅਤਾਵਾਂ ਵਿਚ ਵੱਢੀ ਲਈ ਅਜਿਹੇ ਗੁਪਤ ਸ਼ਬਦ (ਕੋਡ) ਹਨ ਜਿਨ੍ਹਾਂ ਦਾ ਸਬੰਧ ਖਾਣ ਵਾਲੀਆਂ ਚੀਜ਼ਾਂ ਨਾਲ ਹੈ। ਨਿਊ ਯਾਰਕ ਦੇ ਇਕ ਭ੍ਰਿਸ਼ਟ ਕੇਸ ਵਿਚ ਵੱਢੀ ਲਈ ਗੁਪਤ ਸ਼ਬਦ ‘ਜ਼ੀਡੀ ਦੇ ਬਕਸੇ’ ਵਰਤਿਆ ਗਿਆ ਹੈ। ਜ਼ੀਡੀ ਇਕ ਕਿਸਮ ਦਾ ਇਤਾਲਵੀ ਪਾਸਤਾ ਹੁੰਦਾ ਹੈ। ਪੈਨਸਿਲਵੇਨੀਆ ਦੇ ਇਕ ਕੁਰੱਪਸ਼ਨ ਕੇਸ ਵਿਚ ਦੋ ਬੰਦਿਆਂ ਵਿਚਕਾਰ ਵਾਰਤਾਲਾਪ ਰਿਕਾਰਡ ਕੀਤੀ ਗਈ ਹੈ ਜਿਸ ਵਿਚ ‘ਮੀਟ ਦੇ ਕੋਫਤੇ’ ਚੁੱਕਣ ਦਾ ਜ਼ਿਕਰ ਆਉਂਦਾ ਹੈ। ਮੈਰੀਲੈਂਡ ਦੇ ਇਕ ਸੈਨੇਟਰ ‘ਤੇ ਮੁਕੱਦਮਾ ਕੀਤਾ ਜਾ ਰਿਹਾ ਹੈ ਜਿਸ ਬਾਰੇ ਕਿਹਾ ਗਿਆ ਹੈ ਕਿ ਉਸ ਨੇ ਹਜ਼ਾਰ ਹਜ਼ਾਰ ਡਾਲਰ ਦੀਆਂ ਥੱਦੀਆਂ ਲਈ ਲਾਲੀਪਾਪ ਸ਼ਬਦ ਵਰਤਿਆ ਹੈ।
ਫਰਾਂਸ ਵਿਚ ਵੱਢੀ ਨੂੰ ‘ਵਾਈਨ ਦਾ ਮੱਟ’ ਕਿਹਾ ਜਾਂਦਾ ਹੈ। ਸਾਡੇ ਮਸ਼ਹੂਰ ਹੈ ਕਿ ਮੁੱਲਾਂ ਵੀ ਮੁਫਤ ਦੀ ਸ਼ਰਾਬ ਪੀ ਲੈਂਦਾ ਹੈ! ਪੁਰਤਗਾਲ ਵਿਚ ਵੱਢੀ ਲਈ ਸੌਫਟ ਡਰਿੰਕ, ਸੀਰੀਆ ਵਿਚ ਕਾਫੀ ਦਾ ਕੱਪ ਅਤੇ ਚੀਨ ਵਿਚ ਚਾਹ ਦਾ ਖਰਚਾ ਜਿਹੇ ਬੋਲੇ ਚਲਦੇ ਹਨ। ਇਸੇ ਤਰ੍ਹਾਂ ਇਟਲੀ ਵਿਚ ਪੀਜ਼ੋ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਪੀਜ਼ਾ ਨਹੀਂ ਬਲਕਿ ‘ਚੁੰਜ ਗਿੱਲੀ ਕਰਨਾ’ ਹੈ। ਜਾਪਾਨ ਵਿਚ ਚੌਲਾਂ ਦਾ ਕੋਫਤਾ ਚਲਦਾ ਹੈ। ਵੱਢੀ ਨੂੰ ਜਰਮਨੀ ਵਿਚ ਜੂਸ ਕਿਹਾ ਜਾਂਦਾ ਹੈ। ਰੂਸ ਵਿਚ ਨੋਟਾਂ ਦੀ ਦੱਥੀ ਲਈ ਕਟਲੈਟ ਸ਼ਬਦ ਵਰਤਿਆ ਜਾਂਦਾ ਹੈ। ਕੋਲੰਬੀਆ ਵਿਚ ਰਿਸ਼ਵਤ ਲਈ ਮਰਮਲੇਡ (ਜੈਮ) ਹੈ ਅਤੇ ਮੈਕਸੀਕੋ ਵਿਚ ਬੁਰਕੀ ਹੈ।
ਅਰਬ ਵਿਚ ਨਵੇਂ ਨਵੇਂ ਸੱਤਾ ਵਿਚ ਆਏ ਧੜੇ ਲਈ ‘ਹੁਣ ਇਨ੍ਹਾਂ ਦੇ ਖਾਣ ਦੀ ਵਾਰੀ ਹੈ’ ਕਿਹਾ ਜਾਂਦਾ ਹੈ। ਅਰਬੀ ਵਿਚ ਰਿਸ਼ਵਤ ਲਈ ਹਲਵਾਨ (ਹਲਵੇ ਤੋਂ) ਸ਼ਬਦ ਵੀ ਚਲਦਾ ਹੈ। ਇਸਰਾਈਲ ਵਿਚ ਕੁਰੱਪਸ਼ਨ ਵਿਚ ਘਿਰੇ ਉਥੋਂ ਦੇ ਪ੍ਰਧਾਨ ਮੰਤਰੀ ਨੈਤਨਯਾਹੂ ਲਈ ‘ਸ਼ੈਂਪੇਨ’ ਅਤੇ ‘ਖਾਣੇ ਦਾ ਆਡਰ’ ਜਿਹੇ ਪਦ ਵਰਤੇ ਜਾਂਦੇ ਹਨ। ਪਰ ਨੈਤਨਯਾਹੂ ‘ਤੇ ਦੋਸ਼ ਹੈ ਕਿ ਉਸ ਨੇ ਸੱਚਮੁਚ ਇਨ੍ਹਾਂ ਚੀਜ਼ਾਂ ਦਾ ਘਪਲਾ ਕੀਤਾ ਹੈ। ਜਿਵੇਂ ਲਾਲੂ ਪ੍ਰਸ਼ਾਦ ਯਾਦਵ ਸੱਚਮੁੱਚ ਚਾਰੇ ਦੇ ਘਪਲੇ ਵਿਚ ਫਸਿਆ ਹੋਇਆ ਹੈ ਭਾਵੇਂ ਕਿ ਚਾਰਾ ਬੰਦਿਆਂ ਦੇ ਨਹੀਂ, ਪਸੂਆਂ ਦੇ ਖਾਣ ਵਾਲੀ ਚੀਜ਼ ਹੈ। ਲਾਲੂ ਇਕ ਵਾਰੀ ਆਪਣੇ ਦੋਸ਼ ਤੋਂ ਮੁਨਕਰ ਹੁੰਦਿਆਂ ਲੋਕ ਸਭਾ ਵਿਚ ਜ਼ੋਰ ਸ਼ੋਰ ਨਾਲ ਕਹਿ ਰਿਹਾ ਸੀ, ‘ਮੈਂ ਨਹੀਂ ਮਾਖਨ ਖਾਇਓ।’
ਲਾਲੂ ਦੇ ਪ੍ਰਸੰਗ ਤੋਂ ਮੈਂ ਭਾਰਤ ਦੇਸ਼ ਵਿਚ ਵੱਢੀ ਦੇ ਸਬੰਧ ਵਿਚ ਖਾਣ ਦੀ ਕ੍ਰਿਆ ਵੱਲ ਸੰਕੇਤ ਕਰਦੇ ਸ਼ਬਦਾਂ ਬਾਰੇ ਸੋਚਣ ਲੱਗਾ ਤਾਂ ਮੈਨੂੰ ਇਹ ਗੱਲ ਇਸ ਦੇਸ਼ ‘ਤੇ ਵਧੇਰੇ ਢੁਕਦੀ ਲੱਗੀ। ਵੱਢੀ ਲੈਣਾ ਨੂੰ ਇਥੇ ਵੱਢੀ ਖਾਣਾ ਕਿਹਾ ਜਾਂਦਾ ਹੈ, ਇਥੋਂ ਤੱਕ ਕਿ ਇਸ ਕੁਕਰਮ ਲਈ ਨਿਰਾ ਖਾਣਾ ਸ਼ਬਦ ਹੀ ਕਾਫੀ ਹੈ। ਉਂਜ ਖਾਣਾ ਸ਼ਬਦ ਵੱਢੀ ਤੋਂ ਵੀ ਉਤੋਂ ਦੀ ਹੈ, ਇਸ ਵਿਚ ਘਪਲਾ, ਘਾਊ ਘੱਪ ਜਾਂ ਗਬਨ ਕਰਨਾ ਦੇ ਅਰਥ ਵੀ ਨਿਹਿਤ ਹਨ। ਯਾਦ ਕਰੋ, ਨਰਿੰਦਰ ਮੋਦੀ ਵਲੋਂ ਆਪਣੀ 56 ਇੰਚ ਦੀ ਛਾਤੀ ਠੋਕ ਠੋਕ ਕੇ ਬੋਲੇ ਸ਼ਬਦ ‘ਨਾ ਖਾਊਂਗਾ, ਨਾ ਖਾਨੇ ਦੂੰਗਾ।’ ਮਰਾਠੀ ਖਾਊ ਸ਼ਬਦ ਵੱਢੀ ਦਾ ਸੰਕੇਤਕ ਹੈ। ਅਰਬ ਦੀ ਤਰ੍ਹਾਂ ਭਾਰਤ ਵਿਚ ਵੀ ਨਵੇਂ ਸ਼ਾਸਕ ਖਾਣ ਦੀ ਵਾਰੀ ਲੈਂਦੇ ਹਨ। ਵੱਢੀ ਖਾਣ ਵਾਲੇ ਨੂੰ ਵੱਢੀਖੋਰ ਕਿਹਾ ਜਾਂਦਾ ਹੈ। ਇਸ ਵਿਚ ਖੋਰ ਪਿਛੇਤਰ ਫਾਰਸੀ ਦਾ ਹੈ ਜਿਸ ਦਾ ਅਰਥ ਖਾਣਾ ਹੀ ਹੁੰਦਾ ਹੈ। ਇਹ ਖੋਰ ਪਿਛੇਤਰ ਰਿਸ਼ਵਤ ਨਾਲ ਵੀ ਲੱਗ ਕੇ ਰਿਸ਼ਵਤਖੋਰ ਬਣਾਉਂਦਾ ਹੈ। ਚੀਨ ਦੀ ਹੀ ਤਰ੍ਹਾਂ ਭਾਰਤ ਵਿਚ ਵੀ ਛੋਟੀ ਮੋਟੀ ਰਿਸ਼ਵਤ ਲਈ ‘ਚਾਹ ਪਾਣੀ ਪਿਲਾਉਣਾ’ ਉਕਤੀ ਚਲਦੀ ਹੈ। ਹੋਰ ਸ਼ਬਦ ਹਨ-ਮੂੰਹ ਬੰਦ ਕਰਨਾ, ਝੁਲਸਾਉਣਾ, ਚਟਾਉਣਾ, ਮੂੰਹ ਵਿਚ ਹੱਡੀ ਦੇਣਾ, ਲੱਡੂ ਖੁਆਉਣਾ, ਬੁਰਕੀ ਪਾਉਣਾ, ਮਿੱਠਾ ਮੂੰਹ ਕਰਾਉਣਾ ਆਦਿ। ਕਹਿੰਦੇ ਹਨ ਚੋਰੀ ਦਾ ਗੁੜ ਮਿੱਠਾ ਹੁੰਦਾ ਹੈ, ਏਧਰ ਮਿੱਠਾ ਹੀ ਇਕ ਤਰ੍ਹਾਂ ਚੋਰੀ ਦਾ ਅਰਥਾਵਾਂ ਬਣ ਗਿਆ ਹੈ।