ਆਓ ਚੱਲੀਏ ਹਰਫਾਂ ਦੇ ਮੇਲੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦਾ ਮੁਖੀ ਬਣਿਆ ਤਾਂ ਇਕ ਚਿੱਠੀ ਮਿਲੀ: “ਮੈਂ ਤੁਹਾਡਾ ਨਾਟਕ ‘ਕੱਲ੍ਹ ਅੱਜ ਤੇ ਭਲਕ’ ਪੜ੍ਹਿਆ ਹੈ, ਪਸੰਦ ਆਇਆ, ਖੇਡਣਾ ਚਾਹੁੰਦਾ ਹਾਂ, ਕਿਰਪਾ ਕਰ ਕੇ ਇਜ਼ਾਜਤ ਦਿਓ।” ਮੈਂ ਨਾਟਕ ਲਿਖਦਾ ਸੀ, ਪਰ ਛਪਵਾਇਆ ਕੋਈ ਨਹੀਂ ਸੀ। ‘ਕੱਲ੍ਹ ਅੱਜ ਤੇ ਭਲਕ’ ਨਾਟਕ ਵੀ ਮੇਰਾ ਨਹੀਂ ਸੀ, ਸਗੋਂ ਡਾ. ਹਰਚਰਨ ਸਿੰਘ ਦਾ ਲਿਖਿਆ ਹੋਇਆ ਸੀ।

ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ
ਫੋਨ: +91-98150-50617

ਖਰੀਦੋ – ਰੱਖੋ
ਪੜ੍ਹੋ ਨਾ ਪੜ੍ਹੋ
ਘਰ ਦੇ ਰੈਕ ‘ਚ ਰੱਖੋ
ਰੱਖੋ ਤੇ ਭੁੱਲ ਜਾਓ
ਜੇ ਤੁਸੀਂ ਪੜ੍ਹ ਨਹੀਂ ਸਕਦੇ
ਯਾਦ ਨਹੀਂ ਰੱਖ ਸਕਦੇ
ਸੌਣ ਦਿਉ ਕਿਤਾਬ ਨੂੰ
ਮਹੀਨੇ ਸਾਲ ਪੀੜ੍ਹੀ ਦਰ ਪੀੜ੍ਹੀ
ਉਡੀਕ ਕਰੋ
ਜਾਗੇਗੀ ਕਿਤਾਬ
ਸਵਰਨਜੀਤ ਸਵੀ ਦੀ ਇਸ ਕਵਿਤਾ ਵਿਚ ਵੱਡਾ ਸੱਚ ਸਮਾਇਆ ਹੋਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦਾ ਮੁਖੀ ਬਣਿਆ ਤਾਂ ਇਕ ਚਿੱਠੀ ਮਿਲੀ: “ਮੈਂ ਤੁਹਾਡਾ ਨਾਟਕ ‘ਕੱਲ੍ਹ ਅੱਜ ਤੇ ਭਲਕ’ ਪੜ੍ਹਿਆ ਹੈ, ਪਸੰਦ ਆਇਆ, ਖੇਡਣਾ ਚਾਹੁੰਦਾ ਹਾਂ, ਕਿਰਪਾ ਕਰ ਕੇ ਇਜ਼ਾਜਤ ਦਿਓ।” ਮੈਂ ਨਾਟਕ ਲਿਖਦਾ ਸੀ, ਪਰ ਛਪਵਾਇਆ ਕੋਈ ਨਹੀਂ ਸੀ। ‘ਕੱਲ੍ਹ ਅੱਜ ਤੇ ਭਲਕ’ ਨਾਟਕ ਵੀ ਮੇਰਾ ਨਹੀਂ ਸੀ, ਸਗੋਂ ਡਾ. ਹਰਚਰਨ ਸਿੰਘ ਦਾ ਲਿਖਿਆ ਹੋਇਆ ਸੀ।
ਇਹ ਚਿੱਠੀ ਮੈਨੂੰ ਕਿਉਂ ਆਈ? ਅਚਾਨਕ ਮੇਰੀ ਨਜ਼ਰ ਸਾਹਮਣੇ ਵਿਭਾਗ ਮੁਖੀਆਂ ਦੇ ਬੋਰਡ ‘ਤੇ ਪਈ। ਡਾ. ਹਰਚਰਨ ਸਿੰਘ ਪੰਜਾਬੀ ਵਿਭਾਗ ਦੇ ਲੰਮਾ ਸਮਾਂ ਮੁਖੀ ਰਹੇ ਸਨ। ਮੈਨੂੰ ਸਾਰੀ ਕਹਾਣੀ ਸਮਝ ਆ ਗਈ। ਤੁਰੰਤ ਲਾਇਬਰੇਰੀ ਵਿਚੋਂ ਨਾਟਕ ਮੰਗਵਾਇਆ। ਇਸ ਉਪਰ ਪ੍ਰੋਫੈਸਰ ਹਰਚਰਨ ਸਿੰਘ ਦਾ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਪਤਾ ਦਰਜ ਸੀ। ਕਿਸੇ ਬੰਦੇ ਨੇ ਹੁਣ ਪੁਸਤਕ ਪੜ੍ਹੀ ਸੀ ਅਤੇ ਚਿੱਠੀ ਪਾ ਦਿੱਤੀ ਸੀ। ਸੱਚਮੁੱਚ ਕਿਤਾਬ ਦੀ ਇਹੀ ਖੂਬਸੂਰਤੀ ਹੈ ਕਿ ਉਹ ਕਿਸੇ ਸਮੇਂ ਵੀ ਜਾਗ ਸਕਦੀ ਹੈ। ਇਸੇ ਲਈ ਕਿਸੇ ਨੇ ਲਾਇਬਰੇਰੀ ਵਿਚ ਪਈਆਂ ਪੁਸਤਕਾਂ ਨੂੰ ਲੋਕ ਕਹਾਣੀਆਂ ਦੇ ਦਿਓ ਦੀ ਕੈਦ ਵਿਚ ਪਈਆਂ ਪਰੀਆਂ ਨਾਲ ਤੁਲਨਾਇਆ ਹੈ, ਜੋ ਆਪਣੇ ਪਾਠਕ ਰੂਪੀ ਰਾਜ ਕੁਮਾਰ ਨੂੰ ਮਿੰਟ ਨਹੀਂ, ਘੰਟੇ ਨਹੀਂ, ਦਿਨ ਨਹੀਂ, ਮਹੀਨੇ ਨਹੀਂ, ਸਾਲ ਨਹੀਂ, ਸਦੀਆਂ ਤੱਕ ਉਡੀਕਦੀਆਂ ਹਨ ਕਿ ਕੋਈ ਆਵੇ ਅਤੇ ਉਨ੍ਹਾਂ ਨੂੰ ਆਜ਼ਾਦ ਕਰਵਾਏ। ਕੁਝ ਸੱਜਣਾਂ ਨੇ ਪੁਸਤਕਾਂ ਨੂੰ ਗੌਤਮ ਰਿਸ਼ੀ ਦੇ ਸਰਾਪ ਨਾਲ ਸਿਲ ਪੱਥਰ ਹੋ ਗਈ ਅਹੱਲਿਆ ਨਾਲ ਵੀ ਤੁਲਨਾਇਆ ਹੈ, ਜੋ ਪਾਠਕ ਛੋਹ ਨੂੰ ਤਰਸ ਰਹੀ ਹੈ।
ਗ੍ਰੰਥ ਕੇਵਲ ਪੱਤਿਆਂ ਜਾਂ ਪੱਤਰਿਆਂ ਜਾਂ ਕਾਗਜ਼ਾਂ ਦੀ ਬੰਨ੍ਹੀ ਗੰਢ ਮਾਤਰ ਨਹੀਂ ਹੁੰਦਾ, ਭਾਵੇਂ ਇਸ ਦਾ ਇਹ ਅਰਥ ਵੀ ਹੈ। ਕਾਗਜ਼ ‘ਤੇ ਛਪੇ ਅੱਖਰ ਵਿਚਾਰਾਂ ਦੇ ਸਮੁੰਦਰ ਦੀ ਦੱਸ ਪਾਉਂਦੇ ਹਨ। ਸ੍ਰੀ ਗੁਰੂ ਨਾਨਕ ਅਤੇ ਹੋਰ ਗੁਰੂ ਸਾਹਿਬਾਨ, ਭਗਤਾਂ ਤੇ ਸੂਫੀਆਂ ਨੇ ਸ਼ਬਦ ਉਚਾਰੇ, ਸ੍ਰੀ ਗੁਰੂ ਅਰਜਨ ਨੇ ਉਨ੍ਹਾਂ ਨੂੰ ਗ੍ਰੰਥ ਦਾ ਰੂਪ ਦਿੱਤਾ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਗੁਰੂ ਦੀ ਪਦਵੀ ਦਿੱਤੀ। ਸ਼ਬਦ ਗੁਰੂ ਹੋ ਗਿਆ। ਇਹ ਸ਼ਬਦ ਗੁਰੂ ਦੀ ਤਾਕਤ ਸੀ ਕਿ ਲਹਿਰ ਪੈਦਾ ਹੋਈ ਜਿਸ ਨੇ ਸਿੱਖ ਇਨਕਲਾਬ ਕੀਤਾ। ਜ਼ੋਰੀ ਦਾਨ ਮੰਗਣ ਵਾਲੇ ਬਾਬਰ ਦੀ ਔਲਾਦ ਦੇ ਰਾਜ ਦੀਆਂ ਜੜ੍ਹਾਂ ਹਿੱਲ ਗਈਆਂ। ਇਹ ਸ਼ਬਦ ਦੀ ਕਰਾਮਾਤ ਸੀ। ਭੂਰਿਆਂ ਵਾਲੇ ਰਾਜੇ ਹੋਏ, ਗਰੀਬਨ ਕੋ ਪਾਤਸ਼ਾਹੀ ਮਿਲੀ, ਰਾਹਕ ਮੁਜ਼ਾਰੇ ਜ਼ਮੀਨਾਂ ਦੇ ਮਾਲਕ ਬਣੇ ਸਰਦਾਰ ਹੋ ਗਏ। ਪੰਜਾਬ ਦੇ ਵਿਚ ਹੇਠਲੇ ਪੌਡੇ ‘ਤੇ ਬੈਠੇ ਜੱਟ ਜ਼ਮੀਨਾਂ ਦੇ ਮਾਲਕ ਬਣੇ ਸਰਦਾਰ ਹੋ ਗਏ, ਸਵਰਨ ਹੋ ਕੇ ਸੋਨੇ ਦੇ ਹੋ ਗਏ। ਇਹ ਸਭ ਸ਼ਬਦ ਦਾ ਪ੍ਰਤਾਪ ਸੀ, ਸ਼ਬਦਾਂ ਨੇ ਗੁਲਾਮਾਂ ਦੀ ਮਾਨਸਿਕਤਾ ਬਦਲ ਦਿੱਤੀ।
ਪੰਜਾਬ ਵਿਚ ਜਗੀਰਦਾਰੀ ਵਿਰੁਧ ਸੰਘਰਸ਼ ਹੋਇਆ। ਸ਼ਬਦਾਂ ਨਾਲ ਵਰਸੋਏ ਲੋਕਾਂ ਵਿਚ ਜਾਗ੍ਰਤੀ ਤੇ ਹਿੰਮਤ ਆਈ। ਉਂਜ, ਸ਼ਬਦ ਨੂੰ ਗੁਰੂ ਸਮਝਣ ਵਾਲੇ ਲੋਕ ਅੱਜ ਸ਼ਬਦਾਂ ਵੱਲ ਪਿੱਠ ਕਰ ਕੇ ਖੜ੍ਹ ਗਏ ਹਨ। ਪੁਜਾਰੀਆਂ ਨੇ ਸ਼ਬਦ ਨੂੰ ਪੂਜਣਯੋਗ ਥਾਂ ਬਣਾ ਦਿੱਤਾ, ਪਰ ਵਿੱਦਿਆ ਨੂੰ ਵਿਚਾਰਨ ਦੀ ਥਾਂ ਕੇਵਲ ਅਡੰਬਰੀ ਕਿਸਮ ਦੇ ਸਤਿਕਾਰ ਦਾ ਪਾਤਰ ਬਣਾ ਦਿੱਤਾ। ਲੋੜ ਹੈ ਕਿ ਅੱਜ ਪਿਓ ਦਾਦੇ ਦਾ ਖਜ਼ਾਨਾ ਮੁੜ ਖੋਲ੍ਹਿਆ ਜਾਵੇ ਅਤੇ ਇਸ ਵਿਰਾਸਤ ਨੂੰ ਮੁੜ ਵਿਚਾਰਿਆ ਜਾਵੇ।
ਪੱਛਮ ਵਿਚ ਮਾਰਕਸ ਤੇ ਏਂਗਲਜ਼ ਨੇ ਸ਼ਬਦਾਂ ਦੇ ਦੀਵੇ ਜਗਾਏ। ਤਕਰੀਬਨ ਅੱਧੀ ਸਦੀ ਬਾਅਦ ਅੱਧੇ ਗਲੋਬ ‘ਤੇ ਇਨਕਲਾਬ ਹੋ ਗਏ। ਦੁਨੀਆਂ ਲਾਲ ਰੰਗ ਵਿਚ ਰੰਗੀ ਗਈ। ਸਦੀਆਂ ਦੀ ਗੁਲਾਮੀ ਦੇ ਸੰਗਲ ਕੜ ਕੜ ਕਰ ਕੇ ਟੁੱਟ ਗਏ। ਦੁਨੀਆਂ ਬਦਲ ਗਈ, ਮਜ਼ਦੂਰਾਂ ਨੂੰ ਹੱਕ ਮਿਲੇ। ਮਾਰਕਸ ਆਰਥਿਕ ਵਿਸ਼ਲੇਸ਼ਣ ਕਰਦਾ ਸੀ, ਪਰ ਉਸ ਨੂੰ ਕਵਿਤਾਵਾਂ ਲਿਖਣੀਆਂ ਚੰਗੀਆਂ ਲੱਗਦੀਆਂ ਸਨ। ਕਵਿਤਾ ਦੀ ਤਾਕਤ ਤੋਂ ਪਲੈਟੋ ਅਤੇ ਅਰਸਤੂ ਦੋਨੋਂ ਜਾਣੂ ਸਨ, ਪਰ ਪਹਿਲਾ ਕਵਿਤਾ ਦੀ ਨਾਬਰੀ ਅਤੇ ਸੱਤਾ ਨੂੰ ਦਿੱਤੀ ਚੁਣੌਤੀ ਤੋਂ ਘਬਰਾ ਕੇ ਕਵੀਆਂ ਨੂੰ ਦੇਸ਼ ਬਦਰ ਕਰਨ ਨੂੰ ਫਿਰਦਾ ਸੀ, ਦੂਸਰਾ ਉਸ ਦਾ ਹੀ ਚੇਲਾ ਸ਼ਬਦਾਂ ਦੇ ਦੁੱਖਾਂ ਉਪਰ ਮੱਲ੍ਹਮ ਲਾਉਣ ਦੇ ਕਥਾਰਸੀ ਕੰਮ ਤੋਂ ਜਾਣੂ ਸੀ, ਇਸ ਕਰ ਕੇ ਕਵੀਆਂ ਦੇ ਪੱਖ ਵਿਚ ਸੀ। ਭਾਰਤੀ ਅਚਾਰੀਆ ਅਨੁਸਾਰ ਕਾਵਿ ਧਰਮ, ਅਰਥ, ਕਾਮ ਤੇ ਮੋਕਸ਼, ਚਾਰੇ ਜੀਵਨ ਉਦੇਸ਼ਾਂ ਦੀ ਪੂਰਤੀ ਕਰਦੇ ਹਨ। ਸਤਿ ਚਿੱਤ ਆਨੰਦ ਦੀ ਅਵਸਥਾ ਵਿਚ ਲੈ ਜਾਂਦਾ ਹੈ। ਜੀਵ ਵਿਗਿਆਨੀ ਤੋਂ ਮਨੋਵਿਗਿਆਨੀ ਬਣੇ ਇਬਰਾਹਿਮ ਟੀ ਕਾਵੂਰ ਦੀ ਪੁਸਤਕ ਦੇ ਪੰਜਾਬੀ ਅਨੁਵਾਦ ਨੇ ਪੰਜਾਬ ਵਿਚ ਲਹਿਰ ਖੜ੍ਹੀ ਕਰ ਦਿੱਤੀ ਸੀ ਜਿਸ ਨੇ ਸਦੀਆਂ ਤੋਂ ਲੱਗੇ ਵਹਿਮਾਂ ਭਰਮਾਂ ਦੇ ਹਨੇਰੇ ਜਾਲਿਆਂ ਨੂੰ ਗਿਆਨ ਦੀ ਰੌਸ਼ਨੀ ਵਿਚ ਤਰਕ ਦੇ ਝਾੜੂ ਨਾਲ ਹੂੰਝ ਸੁੱਟਿਆ ਸੀ। ਅਨੁਵਾਦ ਨਾਲ ਅਸੀਂ ਸੱਤ ਸਮੁੰਦਰੋਂ ਪਾਰ ਦੇ ਦੇਸ਼ ਦੇਸ਼ਾਂਤਰਾਂ ਦੇ ਤਾਲਸਤਾਏ, ਗੋਰਕੀ, ਤੁਰਗਨੇਵ, ਦੋਸਤੋਵਸਕੀ, ਚੈਖਵ, ਰਸੂਲ ਹਮਜ਼ਾਤੋਵ, ਸ਼ੈਕਸਪੀਅਰ, ਬਰਨਾਰਡ ਸ਼ਾਅ, ਹਕਸਲੇ ਵਰਗਿਆਂ ਨੂੰ ਇਉਂ ਜਾਣਨ ਲੱਗਦੇ ਹਾਂ, ਜਿਵੇਂ ਸਾਡੇ ਘਰ ਦੇ ਜੀਅ ਹੋਣ। ਸੱਚਮੁੱਚ ਇਹ ਸਾਡੇ ਘਰ ਦੇ ਹੀ ਜੀਅ ਹਨ। ਜਦੋਂ ਅਸੀਂ ਇਨ੍ਹਾਂ ਨੂੰ ਪੜ੍ਹਦੇ ਹਾਂ ਤਾਂ ਇਹ ਸਾਡੇ ਨਾਲ ਗੱਲਾਂ ਕਰਦੇ ਹਨ।
ਪੁਸਤਕਾਂ ਮਹਿੰਗੀਆਂ ਹਨ, ਪਰ ਐਨੀਆਂ ਮਹਿੰਗੀਆਂ ਵੀ ਨਹੀਂ, ਜਿੰਨੀ ਮਹਿੰਗੀ ਸ਼ਰਾਬ ਹੈ। ਇਹ ਐਨੀਆਂ ਮਹਿੰਗੀਆਂ ਵੀ ਨਹੀਂ, ਜਿੰਨੇ ਕਿਸੇ ਮਲਟੀਪਲੈਕਸ ਸਿਨੇਮੇ ਦੇ ਫਿਲਮ ਦੀਆਂ ਟਿਕਟਾਂ ਹਨ। ਐਨੀਆਂ ਮਹਿੰਗੀਆਂ ਵੀ ਨਹੀਂ, ਜਿੰਨਾ ਮਹਿੰਗਾ ਜਾਣੇ ਪਛਾਣੇ ਨਾਵਾਂ ਵਾਲੇ ਫੂਡ ਜੁਆਇੰਟ ‘ਤੇ ਇਕ ਸਮੇਂ ਦਾ ਖਾਣਾ ਹੈ। ਐਨੀਆਂ ਮਹਿੰਗੀਆਂ ਵੀ ਨਹੀਂ ਕਿ ਜਿੰਨੀ ਮਹਿੰਗਾ ਇੱਕ ਸਮੇਂ ਦਾ ਫੇਸ਼ੀਅਲ ਹੈ। ਇਸ ਸਭ ਚੀਜ਼ਾਂ ਕੁਝ ਮਿੰਟਾਂ, ਕੁਝ ਘੰਟੇ, ਕੁਝ ਦਿਨਾਂ, ਕੁਝ ਹਫਤੇ, ਕੁਝ ਮਹੀਨੇ ਵਿਚ ਖ਼ਤਮ ਹੋ ਜਾਂਦੀਆਂ ਹਨ। ਪੁਸਤਕ ਸਦਾ ਸਲਾਮਤ ਰਹਿੰਦੀ ਹੈ। ਇਹ ਪੜ੍ਹਨ ਨਾਲ ਘਟਦੀ ਨਹੀਂ, ਸਗੋਂ ਵਧਦੀ ਹੈ।
ਸ਼ਰਾਬ ਪੀਣ ਵਾਲੇ ਜਾਣਦੇ ਹਨ ਕਿ ਸ਼ਰਾਬ ਪੀਣ ਵਾਲੇ ਜ਼ਿਆਦਾ ਹੋ ਜਾਣ ਤਾਂ ਹਰ ਇੱਕ ਦੇ ਹਿੱਸੇ ਥੋੜ੍ਹਾ ਨਸ਼ਾ ਆਉਂਦਾ ਹੈ। ਉਸ ਦੇ ਉਲਟ ਇਕੋ ਕਿਤਾਬ ਨੂੰ ਜੇ ਜ਼ਿਆਦਾ ਜਣਿਆਂ ਨੇ ਪੜ੍ਹਿਆ ਹੋਵੇ ਤਾਂ ਵਿਚਾਰਾਂ ਦਾ ਨਸ਼ਾ ਸਿਰ ਚੜ੍ਹ ਕੇ ਬੋਲਦਾ ਹੈ। ਪੀਣ ਨਾਲ ਬੋਤਲ ਖਾਲੀ ਹੋ ਜਾਂਦੀ ਹੈ, ਪਰ ਕਿਤਾਬ ਪਾਠਕ ਦੇ ਪੜ੍ਹਨ ਨਾਲ ਵੀ ਉਵੇਂ ਭਰੀ ਦੀ ਭਰੀ ਰਹਿੰਦੀ ਹੈ। ਪੁਸਤਕ ਵਿਚ ਸਮਰੱਥਾ ਹੈ ਕਿ ਆਪਣੇ ਹਰ ਪਾਠਕ ਦੇ ਮਨ ਨੂੰ ਭਰ ਦੇਵੇ। ਪੰਜਾਬ ਵਿਚ ਗੁਰਸ਼ਰਨ ਸਿੰਘ ਭਾਜੀ ਹੋਰਾਂ ਨੇ ਬਲਰਾਜ ਸਾਹਨੀ ਯਾਦਗਾਰੀ ਪੁਸਤਕਮਾਲਾ ਪ੍ਰਕਾਸ਼ਨ ਅਧੀਨ ਕਲਾਤਮਕ ਅਤੇ ਉਤਮ ਵਿਚਾਰਾਂ ਵਾਲੀਆਂ ਪੁਸਤਕਾਂ ਸਸਤੀ ਦਰ ‘ਤੇ ਘਰ ਘਰ ਪਹੁੰਚਾਉਣ ਦਾ ਖੂਬਸੂਰਤ ਤਜਰਬਾ ਕੀਤਾ ਸੀ। ਸੋਵੀਅਤ ਰੂਸ ਦੇ ਯੂਨੀਅਨ ਹੋਣ ਸਮੇਂ ਸਸਤੀ ਦਰ ‘ਤੇ ਅਨੁਵਾਦ ਸਾਹਿਤ ਸਾਡੇ ਤੱਕ ਪਹੁੰਚਿਆ ਸੀ। ਮੁੱਢਲੇ ਸਮੇਂ ਵਿਚ ਸਰਕਾਰੀ ਅਦਾਰੇ ਭਾਸ਼ਾ ਵਿਭਾਗ, ਨੈਸ਼ਨਲ ਬੁੱਕ ਟਰਸਟ ਅਤੇ ਯੂਨੀਵਰਸਿਟੀ ਦੀਆਂ ਪੁਸਤਕਾਂ ਮੁਕਾਬਲਤਨ ਸਸਤੀਆਂ ਸਨ। ਪੁਸਤਕਾਂ ਦਾ ਮਹਿੰਗਾ ਹੋਣਾ ਜ਼ਿੰਦਗੀ ਤੋਂ ਭੱਜੇ ਭਗੌੜਿਆਂ ਦਾ ਬਹਾਨਾ ਮਾਤਰ ਹੈ। ਲਾਇਬੇਰੀਆਂ ਤੋਂ ਇਲਾਵਾ ਹਰ ਸ਼ਹਿਰ ਵਿਚ ਚੰਦ ਸਾਹਿਤ ਰਸੀਏ ਜ਼ਰੂਰ ਹੁੰਦੇ ਹਨ ਜੋ ਪੁਸਤਕਾਂ ਉਧਾਰ ਦੇਣ ਦਾ ਪੁੰਨ ਖੱਟਦੇ ਹਨ। ਸ਼ੱਕਰ ਖੋਰਿਆਂ ਨੂੰ ਸ਼ੱਕਰ ਦਾ ਘਾਟਾ ਨਹੀਂ ਹੁੰਦਾ। ਇਨ੍ਹਾਂ ਛੋਟੇ ਛੋਟੇ ਬਹਾਨਿਆਂ ਨੂੰ ਛੱਡ ਕੇ ਆਪਣੇ ਘਰਾਂ ਨੂੰ ਪੁਸਤਕਾਂ ਨਾਲ ਸਜਾਈਏ। ਪੁਸਤਕ ਉਸ ਦੀ ਪ੍ਰੇਮਿਕਾ ਨਹੀਂ ਜੋ ਉਸ ਨੂੰ ਕੈਦ ਕਰ ਕੇ ਰੱਖਦਾ ਹੈ। ਪੁਸਤਕ ਤਾਂ ਦਰਿਆ ਦਿਲ ਪ੍ਰੇਮਿਕਾ ਹੈ, ਜਿਹੜਾ ਵੀ ਪੜ੍ਹਨਾ ਸ਼ੁਰੂ ਕਰ ਦੇਵੇ, ਉਸੇ ਦੀ ਹੋ ਜਾਂਦੀ ਹੈ। ਉਸ ਦੀ ਯਾਦ ਦਾ ਹਿੱਸਾ ਬਣ ਜਾਂਦੀ ਹੈ। ਪੁਸਤਕ ਪਾਠਕ ਦੇ ਸੋਚ ਦਿਸਹੱਦਾ ਵਿਸ਼ਾਲ ਕਰ ਦਿੰਦੀ ਹੈ। ਕੋਈ ਲੇਖਕ ਪੜ੍ਹਨ ਨਾਲ ਤੁਸੀਂ ਉਸ ਦੀ ਸਾਰੀ ਸਿਆਣਪ ਦਾ ਰਸ ਪੀ ਜਾਂਦੇ ਹੋ।
ਜੇ ਬੰਦਾ ਹਾਦਸੇ ਦਾ ਝੰਬਿਆ ਪਿਆ ਹੋਵੇ ਤਾਂ ਉਸ ਨੂੰ ‘ਅਸਲੀ ਇਨਸਾਨ ਦੀ ਕਹਾਣੀ’ ਪੜ੍ਹਾਓ। ਵਹਿਮਾਂ ਭਰਮਾਂ ਦੇ ਚੱਕਰ ਵਿਚ ਪਿਆ ਹੈ ਤਾਂ ‘ਦੇਵ ਪੁਰਸ਼ ਹਾਰ ਗਏ’ ਪੜ੍ਹਾ ਦਿਓ। ਜੇ ਦੁੱਖ ਭਾਰਾ ਹੈ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਥਾ ਪੜ੍ਹਾ ਦਿਓ। ਪੁਸਤਕਾਂ ਤੁਹਾਨੂੰ ਉਸ ਦੇਸ਼ ਲੈ ਜਾਂਦੀਆਂ ਹਨ ਜਿਹੜੇ ਦੇਸ਼ ਜਾਣ ਦਾ ਨਾ ਤੁਹਾਡੇ ਕੋਲ ਵੀਜ਼ਾ ਹੈ ਤੇ ਨਾ ਹੀ ਟਿਕਟਾਂ ਲੈਣ ਲਈ ਪੈਸੇ ਹਨ। ਪੁਸਤਕ ਖੁੱਲ੍ਹਦਿਆਂ ਹੀ ਗਿਆਨ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਪੁਸਤਕਾਂ ਤੋਂ ਵੱਡਾ ਕੋਈ ਮਿੱਤਰ ਨਹੀਂ ਜੋ ਆਪਣਾ ਹੀ ਨਹੀਂ ਤੁਹਾਡੇ ਸਮੇਂ ਦਾ ਖਿਆਲ ਖਿਆਲ ਰੱਖਦਾ ਹੈ। ਪਾਠ ਪੁਸਤਕਾਂ ਸਕੂਲ ਦਾ ਇਮਤਿਹਾਨ ਪਾਸ ਕਰਵਾਉਂਦੀਆਂ ਹਨ, ਪਰ ਸਾਹਿਤਕ ਪੁਸਤਕਾਂ ਜ਼ਿੰਦਗੀ ਦੇ ਇਮਤਿਹਾਨ ਵਿਚ ਅਵਲ ਆਉਣ ਦਾ ਗੁਰ ਸਿਖਾਉਂਦੀਆਂ ਹਨ। ਪੁਰਾਣੀ ਸ਼ਰਾਬ ਵਿਚ ਨਸ਼ਾ ਵਧੇਰੇ ਹੁੰਦਾ ਹੈ, ਪਰ ਪੁਰਾਣੀਆਂ ਪੁਸਤਕਾਂ ਵਿਚ ਗਿਆਨ ਵਧੇਰੇ ਹੁੰਦਾ ਹੈ। ਪੁਸਤਕਾਂ ਪੜ੍ਹਨ ਲਈ ਕਈ ਵਾਰ ਐਨਕਾਂ ਦੀ ਜ਼ਰੂਰਤ ਪੈਂਦੀ ਹੈ, ਪਰ ਪੁਸਤਕਾਂ ਜਿਹੜੀ ਨਜ਼ਰ ਤੁਹਾਨੂੰ ਦਿੰਦੀਆਂ ਹਨ, ਸਾਰੀ ਉਮਰ ਕੰਮ ਆਉਂਦੀ ਹੈ। ਅਸੀਂ ਤਨ ਲਈ ਪੌਸ਼ਟਿਕ ਭੋਜਨ ਅਤੇ ਸੁਆਦਲੇ ਭੋਜਨ ਦੀ ਤਲਾਸ਼ ਵਿਚ ਰਹਿੰਦੇ ਹਾਂ, ਮਨ ਲਈ ਵੀ ਉਚੇ ਅਤੇ ਕਲਾਤਮਕ ਵਿਚਾਰਾਂ ਵਾਲੀਆਂ ਪੁਸਤਕਾਂ ਦੀ ਲੋੜ ਪੈਦੀ ਹੈ।
ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਵਾਨੀ ਨਸ਼ੇ ਨਾ ਕਰੇ, ਗੈਂਗਸਟਰ ਨਾ ਬਣੇ ਤਾਂ ਉਸ ਨੂੰ ਕਿਤਾਬ ਦਾ ਨਸ਼ਾ ਲਗਾਉਣ ਦੀ ਜ਼ਰੂਰਤ ਹੈ। ਉਸ ਨੂੰ ਸ਼ਾਸਤਰ ਪੜ੍ਹਾਓ, ਸ਼ਸਤਰ ਉਹ ਆਪਣੇ ਆਪ ਛੱਡ ਦੇਵੇਗਾ। ਅਸੀਂ ਅੱਖੀਂ ਵੇਖਿਆ ਹੈ ਕਿ ਜਿਹੜੇ ਗੈਂਗਸਟਰ ਵਜੋਂ ਬਦਨਾਮ ਨੌਜਵਾਨਾਂ ਨੇ ਪੁਸਤਕਾਂ ਨਾਲ ਮੋਹ ਪਾ ਲਿਆ, ਪਾਠਕ ਬਣ ਕੇ, ਹੌਲੀ ਹੌਲੀ ਚੰਗੇ ਇਨਸਾਨ ਬਣ ਗਏ, ਕਈ ਲੇਖਕ ਵੀ ਬਣ ਗਏ। ਜੇ ਅਸੀਂ ਬੱਚਿਆਂ ਨੂੰ ਇਸ ਪਾਸੇ ਲਗਾ ਦੇਈਏ, ਬੱਚੇ ਨਾ ਕੇਵਲ ਭਾਸ਼ਾ ਸੰਚਾਰ ਵਿਚ ਮਾਹਰ ਹੋ ਜਾਣਗੇ, ਸਗੋਂ ਮੌਲਿਕ ਸਿਰਜਨਾਤਮਕ ਸੋਚਣ ਦੇ ਸਮਰੱਥ ਹੋਣਗੇ। ਸਰਦਾਰ ਭਗਤ ਸਿੰਘ ਦੀ ਜੇਲ੍ਹ ਡਾਇਰੀ ਅਨੁਵਾਦ ਕਰਦਿਆਂ ਮੈਂ ਹੈਰਾਨ ਹੋ ਗਿਆ ਕਿ ਇੰਨੀ ਛੋਟੀ ਉਮਰ ਵਿਚ ਉਨ੍ਹਾਂ ਨੇ ਇੰਨੀਆਂ ਕਿਤਾਬਾਂ ਪੜ੍ਹੀਆਂ ਸਨ। ਅੱਜ ਲੋੜ ਹੈ ਪੰਜਾਬ ਦੀ ਜਵਾਨੀ ਨੂੰ ਕਿ ਉਸ ਪੰਨੇ ਤੋਂ ਅੱਗੇ ਪੜ੍ਹਨਾ ਸ਼ੁਰੂ ਕਰੇ, ਜਿਥੋਂ ਭਗਤ ਸਿੰਘ ਨੇ ਛੱਡਿਆ ਸੀ। ਪੰਜਾਬ ਵਿਚ ਪੁਸਤਕ ਸਭਿਆਚਾਰ ਨਾ ਪਨਪਣ ਦਾ ਵੱਡਾ ਕਾਰਨ ਮਾਪੇ ਹਨ। ਮਾਪੇ ਆਪਣੀ ਅਣਜਾਣਤਾ ਵਿਚ ਬੱਚਿਆਂ ਨੂੰ ਸਿਲੇਬਸ ਤੋਂ ਬਾਹਰ ਪੜ੍ਹਨ ਤੋਂ ਵਰਜਦੇ ਰਹਿੰਦੇ ਹਨ। ਪੁਸਤਕ ਲਾਇਬਰੇਰੀ ਵਿਚੋਂ ਲੈ ਕੇ ਪੜ੍ਹੀ ਜਾ ਸਕਦੀ ਹੈ, ਉਧਾਰ ਮੰਗੀ ਜਾ ਸਕਦੀ ਹੈ, ਦੁਕਾਨ ਤੋਂ ਖਰੀਦੀ ਜਾ ਸਕਦੀ ਹੈ, ਆਨਲਾਈਨ ਮੰਗਵਾਈ ਜਾ ਸਕਦੀ ਹੈ, ਪਰ ਜੋ ਮਜ਼ਾ ਪੁਸਤਕ ਮੇਲੇ ਵਿਚ ਜਾ ਕੇ ਪੁਸਤਕ ਵੇਖਣ ਖਰੀਦਣ ਅਤੇ ਫਿਰ ਪੜ੍ਹਨ ਤੋਂ ਪ੍ਰਾਪਤ ਹੁੰਦਾ ਹੈ, ਉਹ ਵੱਖਰਾ ਹੈ। ਉਥੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਇਕੱਲੇ ਕਮਲੇ ਨਹੀਂ ਹੋ, ਦੁਨੀਆਂ ਵਿਚ ਹੋਰ ਬਥੇਰੇ ਕਮਲੇ ਹਨ। ਹੋਰ ਕਮਲਿਆਂ ਨੂੰ ਮਿਲ ਕੇ ਸਿਆਣਪ ਦੀ ਉਚਾਈ ਅਤੇ ਡੂੰਘਾਈ, ਦੋਨਾਂ ਦਾ ਅਹਿਸਾਸ ਹੁੰਦਾ ਹੈ। ਉਥੇ ਤੁਸੀਂ ਮਨਪਸੰਦ ਲੇਖਕਾਂ ਦੇ ਰੂ-ਬ-ਰੂ ਹੁੰਦੇ ਹੋ, ਪੁਸਤਕ ਨੂੰ ਛੋਹ ਕੇ ਵੇਖਦੇ ਹੋ। ਆਓ ਸ਼ਾਸ਼ਤਰਾਂ ਦੇ ਸੰਸਾਰ ਵਿਚ ਪ੍ਰਵੇਸ਼ ਕਰੀਏ ਅਤੇ ਸੰਸਾਰ ਨੂੰ ਸ਼ਸਤਰਾਂ ਤੋਂ ਮੁਕਤ ਕਰੀਏ। ਆਓ ਹਰਫਾਂ ਦੇ ਮੇਲੇ ਚਲੀਏ।