ਗੁੰਡਾ ਟੈਕਸ ਤੇ ਨਾਜਾਇਜ਼ ਮਾਈਨਿੰਗ ਨੇ ਉਲਝਾਈ ਕੈਪਟਨ ਸਰਕਾਰ

ਚੰਡੀਗੜ੍ਹ: ‘ਗੁੰਡਾ ਟੈਕਸ’ ਤੇ ਨਾਜਾਇਜ਼ ਮਾਈਨਿੰਗ ਨੇ ਕੈਪਟਨ ਸਰਕਾਰ ਨੂੰ ਉਲਝਾਇਆ ਹੋਇਆ ਹੈ। ਇਹ ਮੁੱਦਾ ਹੁਣ ਕੈਬਨਿਟ ਮੀਟਿੰਗਾਂ ਵਿਚ ਵੀ ਗੂੰਜਣ ਲੱਗਾ ਹੈ। ਕਾਂਗਰਸੀ ਮੰਤਰੀ ਤੇ ਵਿਧਾਇਕ ਸਰਕਾਰ ਦੀ ਸਾਖ ਉਤੇ ਗੂੜ੍ਹੇ ਹੋ ਰਹੇ ਇਸ ਦਾਗ ਕਾਰਨ ਕਾਫੀ ਫਿਕਰਮੰਦ ਹਨ। ਖਾਸਕਰ ਬਠਿੰਡਾ ਰਿਫਾਈਨਰੀ ਅੱਗੇ ਹਾਕਮ ਧਿਰ ਦੇ ਕੁਝ ਚੌਧਰੀਆਂ ਵੱਲੋਂ ਜਬਰੀ ਵਸੂਲੀਆਂ ਦੇ ਮਾਮਲੇ ਨੇ ਸਰਕਾਰ ਦੇ ਕੰਮਕਾਜ ‘ਤੇ ਕਾਫੀ ਸਵਾਲ ਖੜ੍ਹੇ ਕੀਤੇ ਹਨ।

ਕਾਫੀ ਰੌਲੇ ਰੱਪੇ ਪਿੱਛੋਂ ਭਾਵੇਂ ਮੁੱਖ ਮੰਤਰੀ ਵੱਲੋਂ ਬਠਿੰਡੇ ਤੋਂ ਜਾਂਚ ਰਿਪੋਰਟ ਤਲਬ ਕੀਤੀ ਗਈ ਹੈ, ਪਰ ਇਸ ਗੋਰਖਧੰਦੇ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ।
ਪੰਜਾਬ ਪੁਲਿਸ ਦੀ ਖੁਫੀਆ ਰਿਪੋਰਟ ਨੇ ਬਠਿੰਡਾ ਰਿਫਾਈਨਰੀ ਦੇ ‘ਗੁੰਡਾ ਟੈਕਸ’ ਦੇ ਪਾਜ ਉਧੇੜ ਦਿੱਤੇ ਹਨ। ਖੁਫੀਆ ਰਿਪੋਰਟ ਨੇ ਇਸ ਮਾਮਲੇ ‘ਚ ਚਾਰ ਵਿਧਾਇਕਾਂ (ਤਿੰਨ ਹਾਕਮ ਧਿਰ ਨਾਲ ਸਬੰਧਤ) ਅਤੇ ਇਕ ਪੁਲਿਸ ਅਫਸਰ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੇ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ (ਓਕੂ) ਨੇ ‘ਗੁੰਡਾ ਟੈਕਸ’ ਬਾਰੇ ਇਹ ਖੁਫੀਆ ਰਿਪੋਰਟ ਤਿਆਰ ਕਰਵਾਈ ਸੀ। ਓਕੂ ਵੱਲੋਂ ਚੁਣੇ ਤਿੰਨ ਮੁਲਾਜ਼ਮਾਂ ਦੀ ਤਿੱਕੜੀ ਨੇ ਰਿਫਾਈਨਰੀ ਖਿਤੇ ‘ਚ ਹਫਤਾ ਲਗਾ ਕੇ ਰਿਪੋਰਟ ਤਿਆਰ ਕਰ ਕੇ ਭੇਜੀ ਸੀ। ਇਸ ਤਿੱਕੜੀ ਨੂੰ ਉਚ ਪੁਲਿਸ ਅਫਸਰਾਂ ਨੇ 14 ਫਰਵਰੀ ਨੂੰ ਚੰਡੀਗੜ੍ਹ ਸੱਦਿਆ ਤੇ ਉਹ ਡੀ.ਜੀ.ਪੀ. (ਇੰਟੈਲੀਜੈਂਸ) ਦੇ ਦਫਤਰ ਵਿਚ ਪੇਸ਼ ਹੋਏ। ਇਸ ਮਗਰੋਂ ਸਰਕਾਰ ਇਸ ਮਾਮਲੇ ‘ਤੇ ਹਰਕਤ ਵਿਚ ਆ ਗਈ। ਖੁਫੀਆ ਮੁਲਾਜ਼ਮਾਂ ਦੀ ਇਸ ਤਿੱਕੜੀ ਨੂੰ ‘ਗੁੰਡਾ ਟੈਕਸ’ ਰਾਹੀਂ ਹੱਥ ਰੰਗਣ ਵਾਲਿਆਂ ਦਾ ਭੇਤ ਕੱਢਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਸੂਤਰਾਂ ਤੋਂ ਰਿਪੋਰਟ ਸਬੰਧੀ ਮਿਲੇ ਵੇਰਵਿਆਂ ਮੁਤਾਬਕ ਕਾਂਗਰਸੀ ਲੀਡਰਾਂ ਦੇ ਦੋ ਗਰੁੱਪ ‘ਗੁੰਡਾ ਟੈਕਸ’ ਅਤੇ ‘ਕੈਸੀਨੋ’ ਚਲਾ ਰਹੇ ਹਨ।
ਬਠਿੰਡਾ ਸ਼ਹਿਰ ‘ਚ ਚੱਲਦੇ ਕੈਸੀਨੋ ਅਤੇ ਲਾਟਰੀ ਦੇ ਧੰਦੇ ‘ਚ ਇਕ ਵੱਡੇ ਨੇਤਾ ਅਤੇ ਉਸ ਦੇ ਦੋ ਚੇਲਿਆਂ ਦਾ ਨਾਂ ਬੋਲਿਆ ਹੈ। ਇਕ ਵੱਡੇ ਪੁਲਿਸ ਅਫਸਰ ਵੱਲੋਂ ‘ਗੁੰਡਾ ਟੈਕਸ’ ਸਬੰਧੀ ਇਕ ਵੱਡੇ ਨੇਤਾ ਨਾਲ ਠੇਕੇਦਾਰਾਂ ਦੀ ਗੰਢ-ਤੁੱਪ ਕਰਾਏ ਜਾਣ ਦਾ ਜ਼ਿਕਰ ਹੈ। ਖੁਫੀਆ ਤਿੱਕੜੀ ਨੂੰ ਸਥਾਨਕ ਪੁਲਿਸ ਨਾਲ ਕੋਈ ਸੰਪਰਕ ਨਾ ਰੱਖਣ ਤੇ ਰਿਪੋਰਟ ਸਿੱਧੀ ਚੰਡੀਗੜ੍ਹ ਭੇਜਣ ਦੀ ਸਖਤ ਹਦਾਇਤ ਸੀ। ਰਿਪੋਰਟ ਵਿਚ ਫਰੀਦਕੋਟ ਤੇ ਬਠਿੰਡਾ ਜ਼ਿਲ੍ਹਿਆਂ ਦੇ ਤਿੰਨ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਉਨ੍ਹਾਂ ਦੇ ਇਕ ਰਿਸ਼ਤੇਦਾਰ, ਇਕ ਹਾਰੇ ਹੋਏ ਆਗੂ ਅਤੇ ‘ਆਪ’ ਦੇ ਇਕ ਵਿਧਾਇਕ ਵੱਲੋਂ ‘ਗੁੰਡਾ ਟੈਕਸ’ ਨਾਲ ਜੇਬਾਂ ਭਰਨ ਦਾ ਜ਼ਿਕਰ ਹੈ। ਰਿਫਾਈਨਰੀ ਨੇੜੇ ਚੱਲਦੇ ਕੈਸੀਨੋ ਦੀ ਫੋਟੋ ਵੀ ਰਿਪੋਰਟ ਨਾਲ ਭੇਜੀ ਗਈ ਹੈ। ਚੰਡੀਗੜ੍ਹ ਵਿਚਲੇ ਸੀਨੀਅਰ ਪੁਲਿਸ ਅਧਿਕਾਰੀ ਅਜਿਹੀ ਰਿਪੋਰਟ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਮੁਤਾਬਕ ‘ਗੁੰਡਾ ਟੈਕਸ’ ਦਾ ਮਾਮਲਾ ਤਾਂ ਜੱਗ ਜ਼ਾਹਰ ਹੈ।
________________________
ਬਾਜਵਾ ਵੱਲੋਂ ਰਾਹੁਲ ਨੂੰ ਪੱਤਰ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਐਮ.ਪੀ. ਪ੍ਰਤਾਪ ਸਿੰਘ ਬਾਜਵਾ ਨੇ ‘ਗੁੰਡਾ ਟੈਕਸ’ ਨੂੰ ਨੱਥ ਪਾਉਣ ਲਈ ਇਕ ਪੱਤਰ ਰਾਹੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦਖਲ ਮੰਗਿਆ ਹੈ। ਸੂਤਰਾਂ ਮੁਤਾਬਕ ਪੱਤਰ ‘ਚ ਉਨ੍ਹਾਂ ਲਿਖਿਆ ਕਿ ਗੁੰਡਾ ਟੈਕਸ ਕਾਰਨ ਸਰਕਾਰ ਦੇ ਅਕਸ ਨੂੰ ਢਾਹ ਲੱਗ ਰਹੀ ਹੈ, ਜਿਸ ਕਾਰਨ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਚੋਣ-ਵਾਅਦਿਆਂ ‘ਤੇ ਪਹਿਰਾ ਦੇਣ ਦੀ ਲੋੜ ਉਤੇ ਵੀ ਜ਼ੋਰ ਦਿੱਤਾ ਹੈ।