-ਜਤਿੰਦਰ ਪਨੂੰ
ਇੱਕੀ ਫਰਵਰੀ ਦੀ ਸ਼ਾਮ ਅਚਾਨਕ ਇਹ ਮੰਦਭਾਗੀ ਖਬਰ ਆਈ ਕਿ ਹੈਦਰਾਬਾਦ ਵਿਚ ਬੰਬਾਂ ਦੇ ਲੜੀਵਾਰ ਧਮਾਕੇ ਹੋ ਗਏ ਹਨ। ਪਹਿਲਾਂ ਜ਼ਿਆਦਾ ਦੱਸੇ ਗਏ ਪਰ ਬਾਅਦ ਵਿਚ ਦੋ ਧਮਾਕੇ ਨਿਕਲੇ। ਦੋ ਵੀ ਥੋੜ੍ਹੇ ਨਹੀਂ ਹੁੰਦੇ ਤੇ ਇਨ੍ਹਾਂ ਦੋਂਹ ਨੇ ਜਿਵੇਂ ਸੋਲਾਂ ਇਨਸਾਨਾਂ ਦੀ ਜਾਨ ਲੈ ਲਈ, ਉਸ ਦਾ ਸਾਰੇ ਦੇਸ਼ ਦੇ ਲੋਕਾਂ ਨੂੰ ਦੁੱਖ ਹੋਵੇਗਾ। ਇਸ ਦੇ ਨਾਲ ਹੀ ਦੇਸ਼ ਅਤੇ ਦੇਸ਼ਵਾਸੀਆਂ ਦੇ ਸਾਹਮਣੇ ਸੰਕਟ ਦੀ ਸਥਿਤੀ ਦੀ ਚਰਚਾ ਹੋਣ ਲੱਗ ਪਈ। ਇਹ ਚਰਚਾ ਟੀ ਵੀ ਚੈਨਲਾਂ ਨੇ ਅੱਧੇ ਘੰਟੇ ਦੇ ਅੰਦਰ ਸ਼ੁਰੂ ਕਰ ਲਈ ਤੇ ਪਾਰਲੀਮੈਂਟ ਵਿਚ ਅਗਲਾ ਸਾਰਾ ਦਿਨ ਹੁੰਦੀ ਰਹੀ, ਪਰ ਸਿਵਾਏ ਇਹ ਸੁਣਨ ਤੋਂ ਕਿ ਦੇਸ਼ ਦੇ ਸਾਹਮਣੇ ਸੰਕਟ ਹੈ, ਇਸ ਚਰਚਾ ਵਿਚੋਂ ਕਿਸੇ ਦੇ ਪੱਲੇ ਹੋਰ ਕੁਝ ਨਹੀਂ ਪੈ ਸਕਿਆ। ਜਦੋਂ ਕਿਸੇ ਕੌਮ ਲਈ ਸੰਕਟ ਹੋਵੇ ਤਾਂ ਉਸ ਦਾ ਟਾਕਰਾ ਕਰਨ ਲਈ ਸਾਰਿਆਂ ਨੂੰ ਇੱਕ ਬੋਲੀ ਬੋਲਣੀ ਜ਼ਰੂਰੀ ਹੋ ਜਾਂਦੀ ਹੈ ਪਰ ਭਾਰਤ ਵਿਚ ਕਿਉਂਕਿ ਮੜ੍ਹੀਆਂ ਤੱਕ ਰਾਜਨੀਤੀ ਚੱਲਦੀ ਹੈ, ਇਸ ਲਈ ਸੰਕਟ ਵਿਚ ਵੀ ਇੱਕ ਬੋਲੀ ਕੋਈ ਨਹੀਂ ਸੀ ਬੋਲ ਰਿਹਾ। ਹਰ ਕੋਈ ਆਪਣਾ ਰਾਗ ਅਲਾਪੀ ਜਾਂਦਾ ਸੀ ਤਾਂ ਕਿ ਇਹ ਸਾਬਤ ਕਰ ਸਕੇ ਕਿ ਦੇਸ਼ ਲਈ ਦਰਦ ਸਿਰਫ ਉਸੇ ਦੇ ਸੀਨੇ ਵਿਚ ਹੈ, ਬਾਕੀ ਸਭ ਦੇ ਸਭ ਡਰਾਮੇਬਾਜ਼ੀ ਕਰ ਰਹੇ ਹਨ।
ਇਹ ਗੱਲ ਸਭ ਤੋਂ ਵੱਧ ਦੁਖਦਾਈ ਹੈ ਕਿ ਇੱਕ ਥਾਣੇਦਾਰ ਦੇ ਪੱਧਰ ਤੋਂ ਦੇਸ਼ ਦੇ ਗ੍ਰਹਿ ਮੰਤਰੀ ਤੱਕ ਦਾ ਸਫਰ ਕਰ ਗਏ ਸੁਸ਼ੀਲ ਕੁਮਾਰ ਸ਼ਿੰਦੇ ਦਾ ਵਿਹਾਰ ਦੁੱਖ ਦੀਆਂ ਘੜੀਆਂ ਵਿਚ ਵੀ ਠੀਕ ਨਹੀਂ। ਉਸ ਦੀ ਜਿਹੜੀ ਭੱਲ ਇੱਕ ਪਾਰਲੀਮੈਂਟ ਮੈਂਬਰ ਦੇ ਤੌਰ ਉਤੇ ਹੁੰਦੀ ਸੀ, ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣ ਕੇ ਨਹੀਂ ਸੀ ਰਹੀ, ਆਂਧਰਾ ਪ੍ਰਦੇਸ਼ ਦਾ ਗਵਰਨਰ ਬਣ ਕੇ ਵੀ ਨਹੀਂ ਤੇ ਜਦੋਂ ਕੇਂਦਰ ਦਾ ਵਜ਼ੀਰ ਬਣਿਆ ਤਾਂ ਰਹਿੰਦੀ ਸਾਖ ਵੀ ਖੁਰਦੀ ਜਾਪਣ ਲੱਗ ਪਈ।
ਪਿਛਲੇ ਸਾਲ ਅੱਗੜ-ਪਿੱਛੜ ਜਦੋਂ ਨੈਸ਼ਨਲ ਗਰਿੱਡ ਵੀ ਫੇਲ੍ਹ ਹੁੰਦੇ ਗਏ ਤੇ ਦੋ ਦਿਨ ਇਸ ਦੇਸ਼ ਦਾ 60 ਫੀਸਦੀ ਇਲਾਕਾ ਬਿਜਲੀ ਤੋਂ ਵਾਂਝਾ ਹੋ ਗਿਆ, ਰੇਲ ਗੱਡੀਆਂ ਰਾਹਾਂ ਵਿਚ ਖੜੋ ਗਈਆਂ, ਹਵਾਈ ਅੱਡਿਆਂ ਦੇ ਰਾਡਾਰ ਕੰਮ ਛੱਡਣ ਲੱਗ ਪਏ, ਉਦੋਂ ਇਹੋ ਸੁਸ਼ੀਲ ਕੁਮਾਰ ਸ਼ਿੰਦੇ ਬਿਜਲੀ ਮੰਤਰੀ ਹੁੰਦਾ ਸੀ। ਸਾਰੇ ਦੇਸ਼ ਵਿਚੋਂ ਉਸ ਦੀ ਛਾਂਟੀ ਕਰਨ ਦੀ ਮੰਗ ਉਠ ਰਹੀ ਸੀ ਤੇ ‘ਬਿੱਲੀ ਦੇ ਭਾਗੀਂ ਛਿੱਕਾ ਟੁੱਟਾ’ ਦੀ ਕਹਾਵਤ ਅਨੁਸਾਰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਬਣਾਏ ਗਏ ਪ੍ਰਣਬ ਮੁਕਰਜੀ ਵੱਲੋਂ ਖਾਲੀ ਕੀਤੀ ਖਜ਼ਾਨਾ ਮੰਤਰੀ ਦੀ ਕੁਰਸੀ ਪੀæ ਚਿਦੰਬਰਮ ਨੂੰ ਮਿਲਦੇ ਸਾਰ ਦੇਸ਼ ਦੇ ਗ੍ਰਹਿ ਮੰਤਰੀ ਬਣਨ ਦਾ ਮੌਕਾ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਦੇ ਦਿੱਤਾ ਗਿਆ। ਉਸ ਪਿੱਛੋਂ ਦਾ ਸਮਾਂ ਉਹ ਇੱਕ ਜਾਂ ਦੂਸਰੇ ਕਾਰਨ ਕਰ ਕੇ ਚਰਚਾ ਵਿਚ ਰਿਹਾ ਤੇ ਹੁਣ ਜਦੋਂ ਬੰਬ ਧਮਾਕੇ ਹੋਏ ਤਾਂ ਪੰਜ ਮਿੰਟ ਵੀ ਕੱਟੇ ਬਿਨਾਂ ਇਹ ਕਹਿ ਕੇ ਵਿਵਾਦ ਖੜਾ ਕਰ ਬੈਠਾ ਕਿ ਸਾਨੂੰ ਇਸ ਤਰ੍ਹਾਂ ਦੀ ਵਾਰਦਾਤ ਦੀ ਅਗਾਊਂ ਸੂਚਨਾ ਸੀ। ਉਸ ਨੇ ਇਹ ਕਹਿ ਕੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਕਿ ਇਸ ਬਾਰੇ ਚੇਤਾਵਨੀ ਰਾਜਾਂ ਨੂੰ ਭੇਜ ਦਿੱਤੀ ਸੀ ਪਰ ਚੇਤਾਵਨੀ ਦੇ ਬਾਅਦ ਕਿਸੇ ਅਮਲ ਨੂੰ ਚੈਕ ਕੀਤਾ ਗਿਆ, ਇਸ ਦਾ ਉਸ ਨੂੰ ਪਤਾ ਹੀ ਕੋਈ ਨਹੀਂ ਸੀ। ਧਮਾਕੇ ਵਾਲੀ ਥਾਂ ਦਾ ਦੌਰਾ ਕਰ ਕੇ ਮੁੜਿਆ ਤਾਂ ਸਿਰਫ ਇਹ ਬਿਆਨ ਦੇਈ ਗਿਆ ਕਿ ਐਨੇ ਵੱਜ ਕੇ ਐਨੇ ਮਿੰਟ ਉਤੇ ਧਮਾਕੇ ਹੋਏ ਤੇ ਐਨੇ ਪੈਸੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਣ ਦੇ ਨਾਲ ਐਨੇ ਪੈਸੇ ਜ਼ਖਮੀਆਂ ਨੂੰ ਦੇ ਦੇਣੇ ਹਨ। ਇੰਨਾ ਕੰਮ ਤਾਂ ਕਲਰਕ ਵੀ ਕਰ ਸਕਦਾ ਸੀ, ਦੇਸ਼ ਦੇ ਗ੍ਰਹਿ ਮੰਤਰੀ ਤੋਂ ਜੋ ਕੁਝ ਸੁਣਨ ਨੂੰ ਮਿਲ ਸਕਦਾ ਸੀ, ਉਹ ਕਹਿਣ ਵਾਲੀ ਉਸ ਨੇ ਕੋਈ ਗੱਲ ਹੀ ਨਹੀਂ ਸੀ ਕੀਤੀ ਤੇ ਸ਼ਾਮ ਤੱਕ ਕਦੇ ਇੱਕ ਤੇ ਕਦੀ ਦੂਸਰੇ ਸਦਨ ਵਿਚ ਫਸਿਆ ਫਿਰਦਾ ਸੀ।
ਸੰਕਟ ਦੀ ਦੁਹਾਈ ਸਭ ਤੋਂ ਵੱਧ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਦਿੱਤੀ ਹੈ। ਉਨ੍ਹਾਂ ਨੇ ਇਹ ਮੁੱਦਾ ਫਿਰ ਚੁੱਕ ਲਿਆ ਕਿ ਪਾਰਲੀਮੈਂਟ ਉਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦਾ ਕੰਮ ਕਈ ਸਾਲ ਟਾਲਿਆ ਜਾਂਦਾ ਰਿਹਾ ਸੀ। ਇਹ ਵੀ ਕਹਿ ਦਿੱਤਾ ਕਿ ਇਸ ਸਰਕਾਰ ਦਾ ਦਹਿਸ਼ਤਗਰਦਾਂ ਵੱਲ ਨਰਮ ਵਤੀਰਾ ਹੈ। ਪਾਰਟੀ ਦੇ ਬੁਲਾਰੇ ਨੇ ਇਹ ਗੱਲ ਵੀ ਕਾਫੀ ਜ਼ੋਰ ਦੇ ਕੇ ਆਖੀ ਕਿ ਇਸ ਸਰਕਾਰ ਦੇ ਮੰਤਰੀ ਤਾਂ ਪਾਕਿਸਤਾਨ ਬੈਠੇ ਦਹਿਸ਼ਤਗਰਦਾਂ ਦੀ ਮਾਂ ਮੰਨੇ ਜਾਂਦੇ ਹਾਫਿਜ਼ ਸਈਦ ਨੂੰ ‘ਸ੍ਰੀ ਹਾਫਿਜ਼ ਸਈਦ’ ਕਹਿਣ ਤੋਂ ਵੀ ਸੰਕੋਚ ਨਹੀਂ ਕਰਦੇ। ਜਦੋਂ ਵਿਰੋਧ ਹੀ ਕਰਨਾ ਹੋਵੇ ਤਾਂ ਕੁਝ ਵੀ ਕਿਹਾ ਜਾ ਸਕਦਾ ਹੈ ਪਰ ਅਜਿਹਾ ਕਰਨ ਵੇਲੇ ਆਪਣੇ ਅਮਲਾਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। ਮਿਸਾਲ ਵਜੋਂ ਜਦੋਂ ਹਾਫਿਜ਼ ਸਈਦ ਨੂੰ ਕਾਂਗਰਸ ਦੇ ਇੱਕ ਜਨਰਲ ਸਕੱਤਰ ਵੱਲੋਂ ‘ਸ੍ਰੀ ਹਾਫਿਜ਼ ਸਈਦ’ ਕਹਿਣ ਦੀ ਚਰਚਾ ਹੋ ਰਹੀ ਸੀ, ਉਸ ਦੌਰਾਨ ਭਾਜਪਾ ਦੇ ਇੱਕ ਸਾਬਕਾ ਪ੍ਰਧਾਨ ਦੇ ਆਪਣੇ ਮੂੰਹੋਂ ਵੀ ਸਵਾਲ-ਜਵਾਬ ਦੌਰਾਨ ‘ਸ੍ਰੀ ਹਾਫਿਜ਼ ਸਈਦ’ ਨਿਕਲ ਗਿਆ। ਕੀ ਇਹ ਹੀ ਬਹੁਤ ਵੱਡਾ ਮੁੱਦਾ ਹੈ ਕਿ ਕਿਸੇ ਨੂੰ ‘ਸ੍ਰੀ’ ਕਿਹਾ ਜਾਵੇ ਜਾਂ ਨਾ ਕਿਹਾ ਜਾਵੇ? ਇਸ ਦੀ ਥਾਂ ਬਹੁਤ ਸਾਰੇ ਕੰਮ ਦੇ ਮੁੱਦਿਆਂ ਦੀ ਚਰਚਾ ਕੀਤੀ ਜਾਣੀ ਚਾਹੀਦੀ ਹੈ।
ਜਦੋਂ ਕੰਮ ਦੇ ਮੁੱਦਿਆਂ ਦੀ ਚਰਚਾ ਹੋਵੇ ਤਾਂ ਭਾਜਪਾ ਆਗੂਆਂ ਦਾ ਇਹ ਕਹਿਣਾ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਹੁਣ ਵਾਲੀ ਸਰਕਾਰ ਦੀ ਨਰਮੀ ਦੇ ਕਾਰਨ ਦਹਿਸ਼ਤਗਰਦ ਹਮਲੇ ਹੋ ਰਹੇ ਹਨ। ਉਹ ਇਹ ਤਾਂ ਕਹਿ ਸਕਦੇ ਹਨ ਕਿ ਹਮਲੇ ਹੋ ਰਹੇ ਹਨ ਪਰ ਇਹ ਨਹੀਂ ਕਹਿ ਸਕਦੇ ਕਿ ਅੱਗੇ ਨਾਲੋਂ ਵਧ ਗਏ ਹਨ। ਪਿਛਲੇ ਸਮੇਂ ਵਿਚ ਇਸ ਤਰ੍ਹਾਂ ਦੇ ਹਮਲਿਆਂ ਦੀ ਗਿਣਤੀ ਵਿਚ ਆਈ ਕਮੀ ਅੰਕੜਿਆਂ ਤੋਂ ਸਾਫ ਪਤਾ ਲੱਗ ਜਾਂਦੀ ਹੈ। ਮੰਗ ਇਹ ਹੋਣੀ ਚਾਹੀਦੀ ਹੈ ਕਿ ਸਿਰਫ ਕਮੀ ਹੀ ਕਾਫੀ ਨਹੀਂ, ਇਹ ਸਾਰੇ ਹਮਲੇ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਸ ਸਬੰਧ ਵਿਚ ਜੇ ਸੇਧ ਲੈਣੀ ਹੋਵੇ ਤਾਂ ਕਮਿਊਨਿਸਟ ਪਾਰਟੀ ਦੇ ਆਗੂ ਗੁਰੂਦਾਸ ਦਾਸਗੁਪਤਾ ਦੀ ਪਾਰਲੀਮੈਂਟ ਵਿਚ ਕੀਤੀ ਤਕਰੀਰ ਤੋਂ ਮਿਲ ਸਕਦੀ ਹੈ, ਜਿਸ ਨੇ ਸਰਕਾਰ ਦੀ ਜਾਇਜ਼ ਹੱਦ ਤੱਕ ਨੁਕਤਾਚੀਨੀ ਦੇ ਬਾਅਦ ਇਹ ਕਿਹਾ ਕਿ ਇਹ ਹਮਲੇ ਸਾਡੇ ਦੇਸ਼ ਨੂੰ ਝੁਕਾਉਣ ਲਈ ਕੀਤੇ ਜਾ ਰਹੇ ਹਨ ਤੇ ਸਾਨੂੰ ਸਾਰਿਆਂ ਨੂੰ ਇੱਕ ਆਵਾਜ਼ ਵਿਚ ਕਹਿਣਾ ਚਾਹੀਦਾ ਹੈ ਕਿ ਸਾਡੇ ਮੱਤਭੇਦ ਹੋਰ ਗੱਲਾਂ ਵਿਚ ਬਿਨਾਂ ਸ਼ੱਕ ਹੁੰਦੇ ਰਹਿਣ, ਦੇਸ਼ ਦੀ ਰਾਖੀ ਦੇ ਸਵਾਲ ਉਤੇ ਅਸੀਂ ਇੱਕ-ਮੁੱਠ ਹਾਂ ਤੇ ਅਸੀਂ ਝੁਕਾਂਗੇ ਨਹੀਂ। ਭਾਜਪਾ ਦੇ ਲੀਡਰ ਸਰਕਾਰ ਉਤੇ ਸਖਤੀ ਨਾ ਕਰਨ ਦੇ ਦੋਸ਼ਾਂ ਤੋਂ ਅੱਗੇ ਨਹੀਂ ਵਧ ਸਕੇ। ਇਹ ਸਵਾਲ ਉਨ੍ਹਾਂ ਦੇ ਇੱਕ ਆਗੂ ਨੇ ਪਾਰਲੀਮੈਂਟ ਵਿਚ ਵੀ ਕਰ ਦਿੱਤਾ ਕਿ ਅਮਰੀਕਾ ਨੇ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਵਾਲੀ ਇੱਕ ਘਟਨਾ ਤੋਂ ਬਾਅਦ ਦੂਸਰੀ ਘਟਨਾ ਵਾਪਰ ਸਕਣ ਦੀ ਗੁੰਜਾਇਸ਼ ਨਹੀਂ ਛੱਡੀ, ਭਾਰਤ ਸਰਕਾਰ ਏਦਾਂ ਦੇ ਪ੍ਰਬੰਧ ਕਿਉਂ ਨਹੀਂ ਕਰ ਸਕਦੀ? ਬਹੁਤ ਵਾਜਬ ਇਸ ਸਵਾਲ ਦੇ ਜਵਾਬ ਵਿਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਭਾਜਪਾ ਦੇ ਕੋਲ ਦੇਸ਼ ਦੀ ਕਮਾਨ ਸੀ ਤਾਂ ਲਾਲ ਕਿਲ੍ਹੇ ਉਤੇ ਵੀ ਹਮਲਾ ਹੋ ਗਿਆ, ਫਿਰ ਪਾਰਲੀਮੈਂਟ ਅਤੇ ਅਕਸ਼ਰ ਧਾਮ ਮੰਦਰ ਉਤੇ ਵੀ, ਉਹ ਵਾਰ-ਵਾਰ ਹੁੰਦੇ ਹਮਲਿਆਂ ਦਾ ਰਾਹ ਆਪ ਕਿਉਂ ਨਹੀਂ ਸੀ ਰੋਕ ਸਕੀ?
ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਗਵਾਂਢ ਵਿਚ ਉਹ ਦੇਸ਼ ਹੈ, ਜਿਹੜਾ ਆਪਣੇ ਘਰ ਦੀ ਹਾਲਤ ਸੁਧਾਰਨ ਤੋਂ ਵੱਧ ਆਪਣੇ ਆਂਢ-ਗਵਾਂਢ ਦੀ ਹਾਲਤ ਵਿਗਾੜਨ ਵਿਚ ਦਿਲਚਸਪੀ ਲੈਂਦਾ ਹੈ ਤਾਂ ਕਿ ਸੰਸਾਰ ਦੇ ਲੋਕਾਂ ਨੂੰ ਇਹ ਕਹਿ ਸਕੇ ਕਿ ਸਿਰਫ ਸਾਡੇ ਹੀ ਨਹੀਂ, ਨਾਲ ਦੇ ਦੇਸ਼ ਵਿਚ ਵੀ ਇਹੋ ਹਾਲਤ ਹੈ। ਉਸ ਦੇਸ਼ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਦੇ ਰਹਿਮ ਦਾ ਮੁਥਾਜ ਮੰਨਿਆ ਜਾਂਦਾ ਹੈ। ਅੱਗੋਂ ਰਾਸ਼ਟਰਪਤੀ ਉਹ ਹੈ, ਜਿਸ ਦੇ ਨਾਂ ਇਹ ਦੋਸ਼ ਲੱਗ ਚੁੱਕਾ ਹੈ ਕਿ ਅਮਰੀਕਾ ਨਾਲ ਮਿਲ ਕੇ ਓਸਾਮਾ ਬਿਨ ਲਾਦੇਨ ਨੂੰ ਮਾਰਨ ਦਾ ਅਪਰੇਸ਼ਨ ਸਿਰੇ ਚੜ੍ਹਾਉਣ ਮਗਰੋਂ ਉਸ ਨੇ ਆਪਣੇ ਅਮਰੀਕਾ ਵਿਚਲੇ ਰਾਜਦੂਤ ਦੇ ਰਾਹੀਂ ਅਮਰੀਕਾ ਦੇ ਇੱਕ ਵੱਡੇ ਫੌਜੀ ਕਮਾਂਡਰ ਨੂੰ ਚਿੱਠੀ ਲਿਖ ਕੇ ਆਪਣੀ ਫੌਜ ਦੇ ਕਹਿਰ ਤੋਂ ਬਚਾਉਣ ਲਈ ਮਦਦ ਮੰਗੀ ਸੀ। ਆਪਣੇ ਦੇਸ਼ ਦੀ ਫੌਜ ਦੇ ਖਿਲਾਫ ਵਿਦੇਸ਼ੀ ਫੌਜ ਦੀ ਮਦਦ ਮੰਗਣ ਦੀ ਗੱਲ ਝੂਠੀ ਹੋਵੇ ਜਾਂ ਸੱਚੀ, ਇਸ ਗੱਲ ਦੀ ਚਰਚਾ ਉਸ ਦੇਸ਼ ਵਿਚ ਨਹੀਂ ਹੁੰਦੀ। ਉਥੇ ਆਏ ਦਿਨ ਕਤਲ ਹੁੰਦੇ ਹਨ, ਜਿਹੜੇ ਕਦੀ ਆਤਮਘਾਤੀ ਦਹਿਸ਼ਤਗਰਦ ਆਪਣੇ ਪੇਟ ਨਾਲ ਬੰਬ ਬੰਨ੍ਹ ਕੇ ਕਰ ਦਿੰਦੇ ਹਨ ਤੇ ਕਦੀ ਕਿਸੇ ਥਾਂ ਸਿੱਧਾ ਹਮਲਾ ਵੀ ਕਰ ਦਿੱਤਾ ਜਾਂਦਾ ਹੈ। ਪਿਛਲੇ ਇੱਕ ਹਫਤੇ ਦੌਰਾਨ ਹੀ ਕਈ ਵਾਰਦਾਤਾਂ ਹੋ ਗਈਆਂ ਹਨ। ਇੱਕ ਥਾਂ ਸਿਆਸੀ ਪਾਰਟੀਆਂ ਦੀ ਸਾਂਝੀ ਮੀਟਿੰਗ ਹੁੰਦੀ ਤੋਂ ਹਮਲਾ ਕਰ ਦਿੱਤਾ ਗਿਆ ਤਾਂ ਸੱਤ ਬੰਦੇ ਮਾਰੇ ਗਏ। ਕੋਇਟਾ ਸ਼ਹਿਰ ਦੇ ਸ਼ੀਆ ਬਹੁਗਿਣਤੀ ਵਾਲੇ ਬਾਜ਼ਾਰ ਵਿਚ ਹਮਲਾ ਕੀਤਾ ਗਿਆ ਤਾਂ ਮੌਤਾਂ ਦੀ ਗਿਣਤੀ ਸੌ ਦੇ ਨੇੜੇ ਜਾ ਪੁੱਜੀ। ਸਰਕਾਰ ਨੂੰ ਸ਼ੀਆ ਭਾਈਚਾਰੇ ਨੂੰ ਝੂਠਾ-ਸੱਚਾ ਇਹ ਯਕੀਨ ਦੇਣ ਲਈ ਮਜਬੂਰ ਹੋਣਾ ਪਿਆ ਕਿ ਉਨ੍ਹਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ ਪਰ ਲਾਸ਼ਾਂ ਦਫਨਾਉਣ ਤੋਂ ਪਹਿਲਾਂ ਹੀ ਹਮਲੇ ਕਰਨ ਵਾਲੇ ਲਸ਼ਕਰੇ-ਝੰਗਵੀ ਦੀ ਇਹ ਧਮਕੀ ਆ ਗਈ ਕਿ ਹਾਲੇ ਤਾਂ ਹੋਰ ਹਮਲੇ ਕੀਤੇ ਜਾਣੇ ਹਨ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਕਿਸੇ ਨੂੰ ਵੀ ਆਪਣੀ ਘੜੀ-ਪਲ ਦੀ ਜ਼ਿੰਦਗੀ ਦਾ ਉਥੇ ਵਸਾਹ ਨਹੀਂ ਰਿਹਾ।
ਜਦੋਂ ਸਾਡੀ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੀ ਮੁੱਖ ਪਾਰਟੀ ਇਹ ਕਹਿੰਦੀ ਹੈ ਕਿ ਅਮਰੀਕਾ ਜਿੰਨੀ ਸਖਤੀ ਤੋਂ ਬਿਨਾਂ ਦਹਿਸ਼ਤਗਰਦੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਤਾਂ ਉਹ ਕਹਿਣਾ ਕੀ ਚਾਹੁੰਦੀ ਹੈ? ਜਿਸ ਅਮਰੀਕਾ ਦੀ ਉਹ ਗੱਲ ਕਰਦੇ ਹਨ, ਉਸ ਨੇ ਤਾਂ ਦਹਿਸ਼ਤਗਰਦੀ ਵਿਰੁਧ ਜੰਗ ਦੇ ਨਾਂ ਹੇਠ ਅਫਗਾਨਿਸਤਾਨ ਉਤੇ ਫੌਜ ਚਾੜ੍ਹ ਦਿੱਤੀ ਸੀ ਤੇ ਇਰਾਕ ਵਿਚ ਉਥੋਂ ਦੇ ਹੁਕਮਰਾਨ ਨੂੰ ਮਾਰ ਕੇ ਆਪਣੀ ਕਠਪੁਤਲੀ ਸਰਕਾਰ ਥਾਪ ਰੱਖੀ ਹੈ, ਕੀ ਭਾਰਤ ਇਸ ਤਰ੍ਹਾਂ ਕਰਨ ਬਾਰੇ ਕਦੇ ਸੋਚ ਵੀ ਸਕਦਾ ਹੈ? ਅਮਰੀਕਾ ਦੇ ਡਰੋਨ ਹਵਾਈ ਜਹਾਜ਼ ਉਡਾਰੀ ਭਰ ਕੇ ਪਾਕਿਸਤਾਨ ਦੇ ਖੇਤਰ ਵਿਚ ਜਾ ਕੇ ਜਿੱਥੇ ਦਿਲ ਕਰੇ, ਹਮਲੇ ਕਰਦੇ ਤੇ ਲੋਕਾਂ ਨੂੰ ਮਾਰਦੇ ਹਨ, ਕਈ ਵਾਰ ਬੇਗੁਨਾਹਾਂ ਦਾ ਕਤਲ ਵੀ ਉਨ੍ਹਾਂ ਦੇ ਨਾਂ ਲੱਗ ਜਾਂਦਾ ਹੈ ਤਾਂ ਪ੍ਰਵਾਹ ਨਹੀਂ ਕਰਦੇ, ਭਾਰਤ ਕਦੇ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ। ਜੇ ਸਖਤ ਹੋ ਕੇ ਵਿਖਾਉਣ ਦਾ ਮਨ ਹੀ ਕਰਦਾ ਸੀ ਤਾਂ ਭਾਰਤ ਦੀ ਪਾਰਲੀਮੈਂਟ ਉਤੇ ਹਮਲੇ ਪਿੱਛੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਇੱਕ ਵਾਰੀ ਫੌਜ ਸਰਹੱਦਾਂ ਉਤੇ ਲੈ ਗਈ ਸੀ, ਫਿਰ ਵਾਪਸ ਕਿਉਂ ਲੈ ਆਈ ਸੀ? ਇਸ ਲਈ ਲਿਆਈ ਸੀ ਕਿ ਬਾਹਰ ਬੈਠ ਕੇ ਦੂਸਰੇ ਨੂੰ ਇਹ ਕਹਿਣਾ ਸੌਖਾ ਹੈ ਕਿ ਇਹ ਕਾਸੇ ਜੋਗਾ ਨਹੀਂ, ਜਦੋਂ ਸਰਕਾਰ ਚਲਾਉਣ ਦਾ ਜ਼ਿੰਮਾ ਆਪਣੇ ਸਿਰ ਹੋਵੇ, ਉਦੋਂ ਕਈ ਕੁਝ ਸੋਚ ਕੇ ਚੱਲਣਾ ਪੈਂਦਾ ਹੈ, ਤੇ ਉਦੋਂ ਵਾਜਪਾਈ ਸਾਹਿਬ ਨੂੰ ਵੀ ਸੋਚਣਾ ਪਿਆ ਸੀ। ਸਿਰਫ ਸੋਚਣਾ ਨਹੀਂ ਸੀ ਪਿਆ, ਅਗਲੀ ਗੱਲ ਇਹ ਕਿ ਜਿਹੜੇ ਅਮਰੀਕਾ ਦੀ ਤਰਜ਼ ਉਤੇ ਸਖਤੀ ਵਿਖਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਸੇ ਅਮਰੀਕਾ ਦੀ ਰਾਏ ਮੰਨ ਕੇ ਕਾਰਗਿਲ ਦੇ ਕਾਤਲ ਜਨਰਲ ਪਰਵੇਜ਼ ਮੁਸ਼ੱਰਫ ਨੂੰ ਆਗਰੇ ਵਿਚ ਸੱਦ ਕੇ ਤਾਜ ਮਹਿਲ ਦਾ ਦੀਦਾਰ ਵੀ ਕਰਾਉਣਾ ਪੈ ਗਿਆ ਸੀ।
ਹਾਲਾਤ ਸੁਖਾਵੇਂ ਨਹੀਂ ਹਨ, ਦਹਿਸ਼ਤਗਰਦੀ ਦਾ ਖਤਰਾ ਬਹੁਤ ਗੰਭੀਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਾਹਲੀ ਵਿਚ ਇਹੋ ਜਿਹੇ ਪੈਂਤੜੇ ਮੱਲਣ ਤੁਰ ਪਿਆ ਜਾਵੇ ਕਿ ਅਸੀਂ ਅਮਰੀਕਾ ਵਾਂਗ ਆਪਣੇ ਦੇਸ਼ ਦੀ ਸੁਰੱਖਿਆ ਯਕੀਨੀ ਬਣਾਉਣੀ ਹੈ। ਇਹ ਸਮਝਣਾ ਵੀ ਮੂਰਖਤਾ ਹੈ ਕਿ ਅਮਰੀਕਾ ਦੇ ਆਪਣੇ ਘਰ ਵਿਚ ਕੋਈ ਬੇਚੈਨੀ ਨਹੀਂ ਹੈ। ਉਸ ਦੀ ਫੌਜ ਦੁਨੀਆਂ ਦੇ ਕਈ ਦੇਸ਼ਾਂ ਵਿਚ ਸਿੰਗ ਫਸਾਈ ਬੈਠੀ ਹੈ ਤੇ ਜਦੋਂ ਉਥੋਂ ਅਮਰੀਕੀ ਨੌਜਵਾਨਾਂ ਦੀਆਂ ਲਾਸ਼ਾਂ ਦੇ ਤਾਬੂਤ ਆਉਂਦੇ ਹਨ ਤਾਂ ਰੋਸ ਉਥੋਂ ਦੇ ਲੋਕਾਂ ਵਿਚ ਵੀ ਥੋੜ੍ਹਾ ਨਹੀਂ ਹੁੰਦਾ, ਸਿਰਫ ਇਹ ਹੈ ਕਿ ਉਥੋਂ ਦੇ ਮੀਡੀਏ ਨੇ ਕਦੀ ਲਾਸ਼ਾਂ ਵਿਖਾਈਆਂ ਨਹੀਂ ਤੇ ਭਾਰਤੀ ਮੀਡੀਆ ਆਪਣੇ ਦੇਸ਼ ਦੇ ਰਾਜਸੀ ਆਗੂਆਂ ਵਾਂਗ ਹੀ ਆਪਣੇ ਲੋਕਾਂ ਦੀ ਮਾਨਸਿਕਤਾ ਨੂੰ ਵਲੂੰਧਰਨ ਤੱਕ ਜਾਂਦਾ ਹੈ। ਉਥੇ ਵਰਲਡ ਟਰੇਡ ਸੈਂਟਰ ਵਿਚ ਪੰਜ ਸੌ ਮਰੇ ਜਾਂ ਪੰਜ ਹਜ਼ਾਰ, ਇਹ ਵੀ ਮੰਨ ਲਿਆ ਗਿਆ ਕਿ ਕਈ ਲੋਕਾਂ ਦੇ ਸਰੀਰਾਂ ਦੇ ਟੁਕੜੇ ਮਲਬੇ ਵਿਚੋਂ ਕੱਢੇ ਬਿਨਾਂ ਮਲਬੇ ਦੇ ਢੇਰ ਚੁੱਕ ਦਿੱਤੇ ਗਏ ਸਨ ਪਰ ਅੱਜ ਤੱਕ ਉਸ ਘਟਨਾ ਵਿਚ ਮਾਰੇ ਗਏ ਇੱਕ ਵੀ ਵਿਅਕਤੀ ਦੀ ਲਾਸ਼ ਕਿਸੇ ਨੇ ਨਹੀਂ ਵੇਖੀ। ਭਾਰਤ ਵਿਚ ਇਸ ਤੋਂ ਉਲਟ ਕੰਮ ਹੁੰਦਾ ਹੈ। ਇਥੇ ਬੰਬ ਧਮਾਕੇ ਨਾਲ ਚੀਥੜੇ ਹੋਏ ਸਰੀਰ ਵਿਖਾ ਕੇ ਕਿਹਾ ਜਾਂਦਾ ਹੈ ਕਿ ਇਹ ਦ੍ਰਿਸ਼ ਵਿਖਾਉਣ ਵਿਚ ਸਾਡਾ ਚੈਨਲ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਗਿਆ ਹੈ। ਚੈਨਲਾਂ ਦੀ ਲੜਾਈ ਵਿਚ ਜਿਹੜੇ ਪਰਿਵਾਰਾਂ ਦੇ ਜੀਆਂ ਦੇ ਚੀਥੜੇ ਵਿਖਾਏ ਜਾਂਦੇ ਹਨ, ਉਹ ਸਾਰੀ ਉਮਰ ਉਸ ਦ੍ਰਿਸ਼ ਨੂੰ ਯਾਦ ਕਰ ਕੇ ਕਲਪਦੇ ਹਨ ਤੇ ਮੀਡੀਆ ਹਰ ਵਾਰੀ ਨਵੇਂ ਚੀਥੜੇ ਵਿਖਾਉਣ ਦੇ ਨਾਲ ਪਿਛਲੀ ਵਾਰੀ ਦੇ ਇਹੋ ਜਿਹੇ ਦ੍ਰਿਸ਼ ਵੀ ਵਿਖਾਉਣੋਂ ਨਹੀਂ ਹਟਦਾ।
ਇਹ ਕੋਈ ਸਾਊ ਸਮਾਜ ਦਾ ਵਿਹਾਰ ਨਹੀਂ। ਸਾਊ ਸਮਾਜ ਦਾ ਵਿਹਾਰ ਇਹ ਹੀ ਹੈ ਕਿ ਦਹਿਸ਼ਤਗਰਦੀ ਵਾਲੇ ਵਰਤਾਰੇ ਬਾਰੇ ਚੌਕਸੀ ਪੂਰੀ ਰੱਖੀ ਜਾਵੇ, ਜਿੱਥੇ ਕਮੀ ਨਜ਼ਰ ਆਵੇ, ਦੂਰ ਵੀ ਕੀਤੀ ਜਾਵੇ ਤੇ ਜੇ ਗ੍ਰਹਿ ਮੰਤਰੀ ਅਸਲੋਂ ਨਿਕੰਮਾ ਜਾਪੇ ਤਾਂ ਬਦਲ ਦਿੱਤਾ ਜਾਵੇ ਪਰ ਉਕਸਾਹਟਾਂ ਦੀ ਬੋਲੀ ਬੋਲਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।
Leave a Reply