ਢਾਡੀ ਸਰਵਣ ਸਿੰਘ-ਸ਼ੌਂਕੀ ਦਾ ਮੁੱਖ ਜੋਟੀਦਾਰ

ਐਸ ਅਸ਼ੋਕ ਭੌਰਾ
ਮਨੁੱਖੀ ਤੇ ਜੀਵਨ ਫਿਲਾਸਫੀ ਦੀ ਸਭ ਤੋਂ ਵੱਡੀ ਬੁਨਿਆਦ ਇਹ ਹੀ ਰਹੇਗੀ ਕਿ ਹਾਲਾਤ ਲੱਖ ਬਦਲ ਜਾਣ, ਕਿਉਂਕਿ ਇਨ੍ਹਾਂ ਨੇ ਬਦਲਣਾ ਹੀ ਹੁੰਦਾ ਹੈ ਪਰ ਸੰਦਰਭ ਨਹੀਂ ਬਦਲਣੇ ਚਾਹੀਦੇ। ਅਜੋਕਾ ਮਨੁੱਖ ਇਸੇ ਸਿਧਾਂਤ ‘ਚੋਂ ਬਾਹਰ ਹੋਣ ਕਰਕੇ ਸਮਾਜ ਨੂੰ ਖੱਖੜੀਆਂ ਕਰ ਰਿਹਾ ਹੈ। ਮਿਸਾਲ ਵਜੋਂ ਏਦਾਂ ਵੀ ਕਹਿ ਸਕਦੇ ਹਾਂ ਕਿ ਕੱਲ ਜਿਹੜਾ ਤੁਹਾਡਾ ਮਿੱਤਰ ਸੀ, ਜੇ ਹਾਲਤ ਨਹੀਂ ਰਹੇ ਤਾਂ ਜ਼ੁਬਾਨ ਤਾਂ ਚੱਲੋ ਘੁੱਟ ਲਵੋ, ਦੋਸਤੀ ਨੂੰ ਦੁਸ਼ਮਣੀ ਦੀਆਂ ਵਲਗਣਾਂ ਵਿਚ ਤਾਂ ਨਾ ਲਪੇਟੋ। ਸੰਗੀਤ ਦੀਆਂ ਕੋਮਲ ਕਲਾਵਾਂ ਤੇ ਮਰਿਆਦਾਵਾਂ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਢਾਡੀ ਕਲਾ ਤੇ ਰਾਗ ਦਾ ਸਤਿਕਾਰ ਸਦਾ ਇਸ ਕਰਕੇ ਬਣਿਆ ਰਹੇਗਾ ਕਿ ਇਹ ਸਿੱਖ ਇਤਿਹਾਸ ਦੀ ਵਿਆਖਿਆ ਦਾ ਜੁਝਾਰੂ ਪੱਖ ਹੈ।

ਬੰਸਰੀ ਸੁਣਨ ਵੱਲ ਵੀ ਧਿਆਨ ਰੱਖੋ ਪਰ ਵਾਦਕ ਨੂੰ ਵੀ ਨਾ ਵਿਸਾਰੋ। ਪੰਜਾਬ ਦੇ ਸੰਗੀਤਕ ਖਾਸ ਤੌਰ ‘ਤੇ ਢਾਡੀ ਹਲਕਿਆਂ ਵਿਚ ਅਮਰ ਸਿੰਘ ਸ਼ੌਂਕੀ ਦਾ ਜੇ ਸਦਾ ਮਾਣ ਬਣਿਆ ਰਹੇਗਾ ਤਾਂ ਉਹਦਾ ਇਹ ਪੱਖ ਵੀ ਹਮੇਸ਼ਾ ਉਘੜਦਾ ਰਹੇਗਾ ਕਿ ਉਹਨੂੰ ਸਿਖਰ ਦੀਆਂ ਬੁਲੰਦੀਆਂ ਦਿਖਾਉਣ ਵਿਚ ਜਿਸ ਢਾਡੀ ਦਾ ਸਭ ਤੋਂ ਵੱਡਾ ਯੋਗਦਾਨ ਸੀ ਤੇ ਰਹੇਗਾ, ਉਹ ਢਾਡੀ ਸਰਵਣ ਸਿੰਘ ਸੀ, ਜਿਸ ਦੀ ਬਾਤ ਅੱਜ ਪਾਉਣ ਵਿਚ ਮੈਂ ਵੀ ਫਖਰ ਸਮਝਦਾ ਹਾਂ ਕਿਉਂਕਿ ਦੂਜਿਆਂ ਦੀ ਕਦਰ ਕੀਤੇ ਬਿਨਾ ਸਿਕੰਦਰ ਅਖਵਾਉਣਾ ਵੀ ਔਖਾ ਹੁੰਦਾ ਹੈ।
ਮਰਨ ਤੋਂ ਬਾਅਦ ਇੱਕ ਕੰਮ ਸਾਰਿਆਂ ਦਾ ਸਾਂਝਾ ਹੈ, ਉਹ ਹੈ, ਸਸਕਾਰ। ਫਰਕ ਏਨਾ ਹੋ ਸਕਦਾ ਹੈ ਕਿ ਕੁਝ ਚੰਦਨ ਨਾਲ ਸੁਗੰਧਤ ਅੱਗ ‘ਚ ਸੜਨਗੇ ਤੇ ਕੁਝ ਇੱਕ ਕਿੱਕਰ ਦੀਆਂ ਫਾੜਾਂ ਨਾਲ। ਕੁਝ ਲੋਕਾਂ ਦੇ ਗੁਣਾਂ ਦਾ ਗਾਇਨ ਕਰਨ ਲਈ ਸ਼ਰਧਾਂਜਲੀ ਸਮਾਗਮ ਵੀ ਹੋਣਗੇ ਪਰ ਯਾਦ ਰੱਖਣਯੋਗ ਲੋਕਾਂ ਵਿਚ ਉਹ ਹੀ ਕੁਝ ਲੋਕ ਰਹਿਣਗੇ ਜਿਨ੍ਹਾਂ ਨੇ ਪੈੜਾਂ ਵੀ ਪਾਈਆਂ ਤੇ ਕੁਝ ਲੋਕਾਂ ਨੂੰ ਇਨ੍ਹਾਂ ਪੈੜਾਂ ‘ਤੇ ਤੁਰਨ ਲਈ ਪ੍ਰੇਰਿਤ ਵੀ ਕੀਤਾ। ਇਸੇ ਕਰਕੇ ਢਾਡੀ ਸਰਵਣ ਸਿੰਘ ਦੀ ਗੱਲ ਭਾਵੇਂ ਘੱਟ ਹੋਵੇ ਪਰ ਮਾਣ ਵੱਧ ਹੁੰਦਾ ਰਹੇਗਾ।
ਆਪਣੇ ਵੇਲਿਆਂ ਦੇ ਅਮਰ ਢਾਡੀ ਅਮਰ ਸਿੰਘ ਸ਼ੌਂਕੀ ਦੇ ਪ੍ਰਮੁੱਖ ਜੋਟੀਦਾਰਾਂ, ਸਲਾਹਕਾਰਾਂ, ਸੁਰ-ਕਾਰਾਂ ‘ਚੋਂ ਸਰਵਣ ਸਿੰਘ ਇੱਕ ਰਿਹਾ ਹੈ। ਸ਼ੌਂਕੀ ਨੂੰ ਉਮਰ ਨੇ ਭਾਵੇਂ ਬਹੁਤਾ ਸਾਥ ਨਾ ਵੀ ਦਿੱਤਾ ਹੋਵੇ ਪਰ ਇਸ ਖੇਤਰ ਵਿਚ ਜਿਹੜਾ ਉਹਨੇ ਟੀਸੀ ਵਾਲਾ ਬੇਰ ਤੋੜਿਆ ਸੀ, ਉਹਦੇ ਲਈ ਲੰਬੀ ਬਾਂਹ ਖਿੱਚਣ ਵਿਚ ਢਾਡੀ ਸਰਵਣ ਸਿੰਘ ਨੂੰ ਮੋਢੀ ਮੰਨਿਆ ਜਾਂਦਾ ਰਹੇਗਾ। ਜਾਣਨ ਵਾਲੇ ਮੰਨਦੇ ਹਨ ਤੇ ਇਹਦੇ ਬਾਰੇ ਦੋ ਧਾਰਨਾਵਾਂ ਵੀ ਕਦੇ ਨਹੀਂ ਪੈਦਾ ਹੋਣਗੀਆਂ ਕਿ ਗਿਆਨੀ ਸਰਵਣ ਸਿੰਘ ਨੇ ਸ਼ੌਂਕੀ ਨੂੰ ਸਿਰੇ ਦਾ ਜਾਂ ਚੋਟੀ ਦਾ ਢਾਡੀ ਬਣਾਉਣ ਵਿਚ ਮੁਹਾਰ ਖਿੱਚੀ ਸੀ। ਭਾਵੇਂ ਕਿ ਸਰਵਣ ਸਿੰਘ ਨਾਲੋਂ ਸ਼ੌਂਕੀ ਵੱਧ ਨੰਬਰ ਵੀ ਲੈ ਗਿਆ ਸੀ। ਠੀਕ ਹੈ ਕਿ ਮੈਂ ਦੋਹਾਂ ਢਾਡੀਆਂ ਦੇ ਮੁਕੰਮਲ ਪਰਿਵਾਰਾਂ ਤੱਕ ਨੂੰ ਜਾਣਦਾ ਹਾਂ ਪਰ ਇੱਕ ਗੱਲ ਹੋਰ ਕਰਨ ਵਿਚ ਵੀ ਮੈਂ ਭਿੰਨ ਭੇਦ ਨਹੀਂ ਸਮਝਾਂਗਾ ਕਿ ਸਰਵਣ ਸਿੰਘ ਵਧੀਆ ਢਾਡੀ ਹੀ ਨਹੀਂ, ਸਾਫ ਸੁਥਰਾ ਵੀ ਬਹੁਤ ਸੀ ਤੇ ਇਹੋ ਅਲੰਕਾਰ ਉਹਦੀ ਜੀਵਨ ਭਰ ਦੀ ਸ਼ੈਲੀ ਵਿਚ ਵਡਿਆਈ ਬਣਾਉਂਦਾ ਰਿਹਾ। ਜੇ ਕੋਈ ਪੁੱਛਣ ਵਾਲਾ ਕਹੇ ਕਿ ਉਹ ਕਿਉਂ? ਤਾਂ ਜੁਆਬ ਦਿਆਂਗਾ ਕਿ ਪੰਥਕ ਤੇ ਸਿੱਖ ਧਾਰਨਾਵਾਂ ‘ਤੇ ਇਸ ਇਨਸਾਨ ਨੇ ਪਹਿਰਾ ਹੀ ਬਹੁਤ ਨਹੀਂ ਦਿੱਤਾ ਸਗੋਂ ਨੀਲੀ ਦਸਤਾਰ ਦੇ ਮਾਣ ਤੇ ਸਤਿਕਾਰ ਲਈ ਵੀ ਸਭ ਕੁਝ ਕੀਤਾ ਹੈ। ਦੋ ਮਾਣ ਉਹਦੀ ਆਦਮ-ਕੱਦ ਸ਼ਖਸੀਅਤ ਨਾਲ ਜੁੜੇ ਰਹਿਣਗੇ- ਪਹਿਲਾ, ਉਹਨੇ ਕਦਮ ਸਾਰੇ ਦੇ ਸਾਰੇ ਨਰੋਏ ਬੜੇ ਰੱਖੇ ਤੇ ਦੂਜਾ, ਉਹ ਸ਼ੌਂਕੀ ਦਾ ਸਾਥੀ ਹੋਣ ‘ਤੇ ਵੀ ਉਚਾ ਹੁੰਦਾ ਰਿਹਾ।
ਕਰੀਬ 74 ਵਰ੍ਹਿਆਂ ਦੀ ਉਮਰ ਹੰਢਾ ਲਈ ਸੀ ਢਾਡੀ ਸਰਵਣ ਸਿੰਘ ਨੇ ਜਦੋਂ ਹੋਣੀ ਨੇ ਉਹਦਾ ਹੱਥ ਘੁੱਟਿਆ। ਮੌਤ ਦੀ ਘਟਨਾ ਖਾਸ ਨਹੀਂ ਹੁੰਦੀ ਕਿਉਂਕਿ ਇਸ ਨੇ ਵਾਪਰਨਾ ਹੀ ਹੁੰਦਾ ਹੈ, ਖਾਸ ਇਹ ਸੀ ਕਿ ਸਰੀਰਕ ਬਣਤਰ ਪੱਖੋਂ ਉਹ ਦੁਆਬੀਆ ਨਹੀਂ, ਮਝੈਲ ਲੱਗਦਾ ਸੀ। ਬਹੁਤੇ ਘਰਾਂ ਦੇ ਦਰਵਾਜੇ ਉਹਦੇ ਕੱਦ ਤੋਂ ਨੀਵੇਂ ਹੋ ਜਾਂਦੇ ਸਨ, ਉਹ ਢਾਡੀਆਂ ਵਿਚ ਸਭ ਤੋਂ ਜੁਆਨ ਕੱਦ ਸੀ, ਨਿਰਾ ਸਰੂ ਵਰਗਾ ਤੇ ਸ਼ਾਇਦ ਇਸੇ ਕਰਕੇ ਪ੍ਰਾਣ ਖਿੱਚਣ ਵੇਲੇ ਹੋਣੀ ਨੂੰ ਵੀ ਕਾਫੀ ਜੱਦੋ-ਜਹਿਦ ਕਰਨੀ ਪਈ।
ਜੇ ਕੋਈ ਆਖੇ ਕਿ ਸਰਵਣ ਸਿੰਘ ਦੀ ਗੱਲ ਦੋ ਸਤਰਾਂ ਵਿਚ ਕਰਕੇ ਵਿਖਾ ਤਾਂ ਕਹਾਂਗਾ ਕਿ ਉਹ ਉਨ੍ਹਾਂ ‘ਚੋਂ ਇੱਕ ਸੀ ਜਿਨ੍ਹਾਂ ਦੀ ਗੱਲ ਹੱਦਾਂ ‘ਚ ਨਹੀਂ, ਸਰਹੱਦਾਂ ਤੋਂ ਬਾਹਰ ਵੀ ਹੁੰਦੀ ਸੀ। ਉਹਨੇ ਬੜੇ ਵਿਦੇਸ਼ੀ ਟੂਰ ਕੀਤੇ ਪਰ ਸਫਲਤਾ ਨਾਲ ਕੀਤੇ। ਕੁਝ ਲੋਕ ਪੱਛਮੀ ਸੰਗੀਤ ਦੇ ਬਹਾਨੇ ਹੇਠ ਕਹਿ ਤਾਂ ਝੱਟ ਦੇਣੀ ਦਿੰਦੇ ਹਨ ਕਿ ਢਾਡੀਆਂ ਦੀ ਹੁਣ ਉਹ ਗੱਲ ਨਹੀਂ ਰਹੀ ਪਰ ਢਾਡੀ ਵਿਰਸੇ ਨਾਲ ਮੋਹ ਤਾਂ ਪਾਓ, ਪਰਤਾਂ ਉਤਰਨਗੀਆਂ ਤਾਂ ਇਸ ਮਹਾਨ ਸੁਰ ਦੀ ਹਸਤੀ ਆਪਣੇ ਆਪ ਉਭਰ ਆਵੇਗੀ। ਉਹ ਨਾ ਕਦੇ ਡੋਲਿਆ, ਨਾ ਥਿੜਕਿਆ, ਨਾ ਸਮਝੌਤਾ ਕੀਤਾ ਤੇ ਨਾ ਪਿਛਾਂਹ ਮੁੜ ਕੇ ਵੇਖਿਆ। ਇੱਕ ਵਾਰ ਉਹਨੇ ਸ਼ੌਂਕੀ ਨਾਲੋਂ ਨਖੇੜਾ ਵੀ ਕਰ ਲਿਆ ਪਰ ਢਾਡੀ ਇਤਿਹਾਸ ਵੱਲ ਪਿੱਠ ਨਹੀਂ, ਮੂੰਹ ਹੀ ਕਰੀ ਰੱਖਿਆ। ਇੱਕ ਦੁੱਖ ਵਾਲੀ ਗੱਲ ਮੇਰੇ ਲਈ ਇਹ ਰਹੇਗੀ ਕਿ ਜਦੋਂ 1989 ਵਿਚ ਅਸੀਂ ਸ਼ੌਂਕੀ ਮੇਲਾ ਸ਼ੁਰੂ ਕੀਤਾ ਤਾਂ ਉਹ ਮੇਰੇ ਸੰਪਰਕ ‘ਚੋਂ ਖਿਸਕ ਗਿਆ, ਉਹ ਉਦੋਂ ਆਪਣੇ ਪੁੱਤਰ ਜਸਵਿੰਦਰ ਗਿੱਲ ਕੋਲ ਕੈਲੀਫੋਰਨੀਆ ਆ ਗਿਆ ਸੀ। ਮੇਲੇ ਦੀ ਚੜ੍ਹਾਈ ਬਾਬਤ ਵੀ ਸਾਡਾ ਕਦੇ ਵਿਚਾਰ-ਵਟਾਂਦਰਾ ਨਾ ਹੋ ਸਕਿਆ ਤੇ ਦੁੱਖ ਤੋਂ ਵੱਡੀ ਪੀੜਾ ਇਹ ਸੀ ਕਿ ਵੇਖਦਿਆਂ ਵੇਖਦਿਆਂ ਹੀ ਫਿਰ ਉਹਦੇ ਸ਼ਰਧਾਂਜਲੀ ਸਮਾਗਮ ‘ਤੇ ਬੋਲਣਾ ਪੈ ਗਿਆ।
ਸੰਨ 1944 ਦੇ ਕਰੀਬ ਢਾਡੀ ਸਰਵਣ ਸਿੰਘ ਨੇ ਗਾਉਣਾ ਅਰੰਭ ਕੀਤਾ ਪਰ ਫੇਰ ਪਿਛਾਂਹ ਨਹੀਂ ਵੇਖਿਆ। ਘਰਦਿਆਂ ਦਾ ਵਰਜਣਾ ਪਹਿਲਾਂ ਉਹਦੇ ਲਈ ਲਾਪ੍ਰਵਾਹੀ ਸੀ ਜੋ ਬਾਅਦ ਵਿਚ ਪ੍ਰਸ਼ੰਸਾ ਬਣ ਗਈ। ਪਹਿਲੀ ਅਕਤੂਬਰ 1918 ਨੂੰ ਜਨਮੇ ਇਸ ਢਾਡੀ ਨੇ ਸ਼ੁਰੂ ਸ਼ੁਰੂ ਵਿਚ ਸੁਭਾਨਪੁਰੀਏ ਬਚਿੰਤ ਸਿੰਘ ਨੂੰ ਸਾਰੰਗੀ ‘ਤੇ ਜੋੜ ਕੇ ਅਤੇ ਨਿਰੰਜਣ ਸਿੰਘ ਨੂੰ ਢੱਡ ‘ਤੇ ਲਾ ਕੇ ਜਥਾ ਬਣਾਇਆ। ਉਂਜ ਵਕਤ ਦੀ ਹੇਰ-ਫੇਰ ਵਿਚ ਉਹਦੇ ਨਾਲ ਸਾਰੰਗੀ ‘ਤੇ ਮੋਹਣ ਸਿੰਘ ਬਿੰਡਾ ਤੇ ਸੋਹਣ ਸਿੰਘ ਸੰਧੂ ਅਤੇ ਢੱਡ ‘ਤੇ ਸਾਧੂ ਸਿੰਘ ਸਾਥ ਦਿੰਦੇ ਰਹੇ। ਉਹ ਰੇਡੀਓ ‘ਤੇ ਇੱਕ ਵਾਰ ਹੀ ਸ਼ੌਂਕੀ ਨਾਲ ਗਿਆ ਸੀ। ਭਾਵੇਂ ਅਸੀਂ ਨਹੀਂ ਆਮ ਤੌਰ ‘ਤੇ ਹੀ ਮੰਨ ਲਿਆ ਜਾਂਦਾ ਹੈ ਕਿ ਉਹ ਅਮਰ ਸਿੰਘ ਸ਼ੌਂਕੀ ਦਾ ਸਮਕਾਲੀ ਸੀ ਪਰ ਉਹ ਇਹ ਆਖਦਾ ਹੁੰਦਾ ਸੀ ਕਿ ਸ਼ੌਂਕੀ ਨੂੰ ਪਹਿਲਾਂ ਉਹਨੇ ਹੀ ਆਪਣੇ ਜਥੇ ਨਾਲ ਵਿਆਹ ਸ਼ਾਦੀਆਂ ਜਾਂ ਅਨੰਦ ਕਾਰਜਾਂ ‘ਤੇ ਨਾਲ ਲਿਜਾਣਾ ਅਰੰਭ ਕੀਤਾ ਸੀ। ਖੈਰ! ਇਸ ਗੱਲ ਨੂੰ ਉਹ ਸਵੀਕਾਰਦਾ ਰਿਹਾ ਹੈ ਕਿ ਸ਼ੌਂਕੀ ਦੇ ਗਲੇ ਵਿਚ ਗਾਇਕੀ ਜਾਂ ਰਾਗ ਦਾ ਉਹ ਰਸ ਸੀ ਕਿ ਉਹਨੇ ਸ਼ੋਹਰਤ ਦੀਆਂ ਪੌੜੀਆਂ ਵਾਹੋ-ਦਾਹੀ ਚੜ੍ਹ ਕੇ ਸਭ ਨੂੰ ਪਿੱਛੇ ਧੱਕ ਦਿੱਤਾ।
ਉਨ੍ਹਾਂ ਦਿਨਾਂ ‘ਚ ਰਟੈਂਡੇ ਵਾਲਾ ਦੀਦਾਰ ਸਿੰਘ ਹੀ ਕੁੱਤਾ ਮਾਰਕਾ ਕੰਪਨੀ ਐਚ. ਐਮ. ਵੀ. ਦਾ ਪ੍ਰਵਾਨਤ ਢਾਡੀ ਸੀ। ਸਰਵਣ ਸਿੰਘ ਨੂੰ ਵੀ ਝੱਸ ਉਠਿਆ ਤੇ ਉਹ ਆਪਣਾ ਜਥਾ ਲੈ ਕੇ ਦਿੱਲੀ ਜਾ ਪੁੱਜਿਆ। ਘਟਨਾ ਦਾ ਵੇਰਵਾ ਦੇਖੋ, ਰਾਤ ਦਿੱਲੀ ਸੀਸ ਗੰਜ ਗੁਰਦੁਆਰੇ ਕੱਟੀ, ਸਵੇਰੇ ਉਠ ਕੇ ਸਾਰੰਗੀ ‘ਤੇ ਗਿੱਲਾ ਕੱਪੜਾ ਫੇਰਿਆ, ਗਜ ਧੋਤਾ, ਪ੍ਰਸਾਦ ਕਰਵਾਇਆ ਤੇ ਅਰਦਾਸ ਕੀਤੀ ‘ਸੱਚਿਆ ਪਾਤਸ਼ਾਹਾ ਲਾਜ ਰੱਖੀਂḔ, ਪੰਥ ਦੇ ਸੰਗੀਤਕ ਵਾਰਸਾਂ ਦਾ ਕਾਫਲਾ ਗੁਰੂ ਦੀਆਂ ਲਾਡਲੀਆਂ ਫੌਜਾਂ ਵਾਂਗ ਚੜ੍ਹਾਈ ਕਰਨ ਲੱਗੈਂ, ਚੜ੍ਹਦੀ ਕਲਾ ਬਖਸ਼ੀਂ। ਜਾ ਚੜ੍ਹਿਆ ਜਥਾ ਲੈ ਕੇ ਦਰੀਆਗੰਜ ਐਚ. ਐਮ. ਵੀ. ਦੀਆਂ ਪੌੜੀਆਂ। ਸੰਤ ਰਾਮ ਵਿਜ ਉਦੋਂ ਕੰਪਨੀ ਦਾ ਮੈਨੇਜਰ ਹੁੰਦਾ ਸੀ। ਉਹ ਪਿੰਡੇ ‘ਤੇ ਪਾਣੀ ਨਾ ਪੈਣ ਦੇਵੇ, ਸਰਵਣ ਸਿੰਘ ਖਿੱਝ ਕੇ ਪੈ ਨਿਕਲਿਆ, ‘ਲਾਲਾ ਇੱਕ ਵਾਰ ਸੁਣ ਕੇ ਤਾਂ ਵੇਖੋ।Ḕ ਤੇ ਯਕੀਨ ਕਰੋ ਸਰਵਣ ਸਿੰਘ ਤੇ ਅਮਰ ਸਿੰਘ ਨੇ ਏਨਾ ਵਧੀਆ ਗਾਇਆ ਕਿ ਉਸੇ ਕੰਪਨੀ ਨੇ ਫਿਰ ਅੱਠ ਪੱਕੇ ਰਿਕਾਰਡ ਭਰੇ। ਇੱਥੋਂ ਉਹ ਦਿਨ ਚੱਲੇ ਕਿ ਜਿੰਨਾ ਚਿਰ ਫਿਰ ਸ਼ੌਂਕੀ ਜਿਉਂਦਾ ਰਿਹਾ, ਕੰਪਨੀ ਨੇ ਦੋਹਾਂ ਦੀਆਂ ਰਿਕਾਰਡਿੰਗ ਲਈ ਪੇਸ਼ਕਸ਼ਾਂ ਮੁੱਕਣ ਨਾ ਦਿੱਤੀਆਂ ਤੇ ਵਿਸ਼ਵ ਪ੍ਰਸਿੱਧ ਇਸ ਕੰਪਨੀ ਦੇ ਢਾਡੀ ਰਾਗ ਲਈ ਸਿਤਾਰੇ ਬਣ ਕੇ ਨਵੇਂ ਢਾਡੀਆਂ ਲਈ ਸਾਰੇ ਬੂਹੇ ਖੋਲ੍ਹਣ ਵਿਚ ਸਫਲ ਹੋ ਗਏ।
ਆਪਣੇ ਕੱਦ ਨਾਲੋਂ ਵੀ ਸੁਭਾਅ ਦਾ ਖੁੱਲ੍ਹਾ-ਡੁੱਲ੍ਹਾ ਹੋਣ ਕਰਕੇ ਢਾਡੀ ਸਰਵਣ ਸਿੰਘ ਹਮੇਸ਼ਾ ਉਚੀ ਸੁਰ ਵਿਚ ਆਖਦਾ ਰਿਹਾ ਕਿ ਜੇ ਅਕਾਲੀ ਤੇ ਹੋਰ ਧਾਰਮਿਕ ਸਿੱਖ ਜਥੇਬੰਦੀਆਂ ਢਾਡੀਆਂ ਦੇ ਗਲਾਂ ‘ਚ ਹਾਰ ਵੀ ਪਾਉਂਦੀਆਂ, ਗਲ ਨਾਲ ਵੀ ਲਾਉਂਦੀਆਂ ਤਾਂ ਪੰਜਾਬ ‘ਚ ਇਸ ਕਲਾ ਦਾ ਭਵਿੱਖ ਕੁਝ ਹੋਰ ਹੀ ਹੋਣਾ ਸੀ ਤੇ ਲੁੱਚ-ਪਹੁ ਦੀ ਖੇਹ ਨਹੀਂ ਉਡਣੀ ਸੀ। ਅਕਾਲੀ ਤਾਂ ਢਾਡੀਆਂ ਨੂੰ ਹੁਣ ਚੋਣਾਂ ਵੱਲੇ ਵੀ ਇਸ ਕਰਕੇ ਸੱਦਣੋਂ ਹਟਦੇ ਜਾ ਰਹੇ ਹਨ ਕਿ ਲੋਕਾਂ ਨੂੰ ਭੀੜ ਸਮਝ ਕੇ ਉਹ ਬੀਬੀਆਂ ਨੂੰ ਗਾਉਣ ਲਈ ਪੰਥਕ ਸਟੇਜਾਂ ਵੀ ਦੇਣ ਲੱਗ ਪਏ ਹਨ। ਧਾਰਮਿਕ ਦੀਵਾਨਾਂ ਨੇ ਚਲੋ ਢਾਡੀਆਂ ਦੀ ਕੁਝ ਪੁੱਛ-ਪ੍ਰਤੀਤ ਬਣਾਈ ਰੱਖੀ ਹੈ, ਵਰਨਾ ਜੋ ਸਾਹ ਆਉਂਦਾ, ਉਹ ਵੀ ਨਹੀਂ ਸੀ ਆਉਣਾ।
ਇਸੇ ਕਰਕੇ ਲੱਗਦਾ ਰਿਹਾ ਕਿ ਉਹਨੇ ਖਫਾ ਹੋ ਕੇ ਹੀ ਰਿਕਾਰਡਿੰਗ ਕੰਪਨੀਆਂ ਵਲੋਂ ਵੀ ਕੰਨੀ ਖਿੱਚ ਲਈ ਸੀ ਪਰ ਫਿਰ ਵੀ ਕੁਝ ਉਹ ਵੰਨ੍ਹਗੀਆਂ ਦਾ ਜ਼ਿਕਰ ਕਰਨਾ ਹੀ ਬਣਦਾ ਹੈ, ਜਿਨ੍ਹਾਂ ‘ਚੋਂ ਗਿਆਨੀ ਸਰਵਣ ਸਿੰਘ ਦੀ ਸੰਭਾਲੀ ਆਵਾਜ਼ ਲੱਭੀ ਜਾ ਸਕਦੀ ਹੈ ਜਾਂ ਇਹ ਕਹਿਣ ਲਈ ਕਿ ਸੁਣੋ ਜ਼ਰਾ ਸ਼ੌਂਕੀ ਦਾ ਜੋਟੀਦਾਰ ਕਿਵੇਂ ਗਾਉਂਦਾ ਹੁੰਦਾ ਸੀ:
-ਮਤਲਬ ਦੀ ਇਹ ਦੁਨੀਆਂ ਕੋਈ ਕਿਸੇ ਦਾ ਯਾਰ ਨਹੀਂ।
-ਵਾਹ ਗੜ੍ਹੀਏ ਚਮਕੌਰ ਦੀਏ।
-ਦੋ ਤਾਰਾ ਵੱਜਦਾ ਵੇ ਰਾਂਝਣਾਂ ਨੂਰਮਹਿਲ ਦੀ ਮੋਰੀ।
-ਛੋਟੇ ਲਾਲ ਦੋ ਪਿਆਰੇ ਵਿਛੜੇ ਸਰਸਾ ਦੇ ਕਿਨਾਰੇ।
ਇਹ ਢਾਡੀ ਰਾਗ ਦੀ ਸ਼ੌਂਕੀ ਨਾਲ ਜੁਗਲਬੰਦੀ ਸਦਾ ਅਮਰ ਹੀ ਰਹੇਗੀ।
ਢਾਡੀ ਸਰਵਣ ਸਿੰਘ ਦਾ ਵਿਆਹ ਬੀਬੀ ਸਵਰਨ ਕੌਰ ਨਾਲ ਹੋਇਆ। ਉਹਨੇ ਉਹਦੀ ਕਲਾ ਵਿਚ ਪੂਰੀ ਹੱਲਾਸ਼ੇਰੀ ਰੱਖੀ। ਉਹਦੇ ਦੋ ਪੁੱਤਰਾਂ-ਪਰਮਿੰਦਰ ਸਿੰਘ, ਜੋ ਪੰਜਾਬ ਐਂਡ ਸਿੰਧ ਬੈਂਕ ‘ਚ ਮੈਨੇਜਰ ਸੀ ਤੇ ਦੂਜਾ ਜਸਵਿੰਦਰ ਸਿੰਘ ਗਿੱਲ, ਜੋ ਕੈਲੀਫੋਰਨੀਆ ‘ਚ ਚੰਗਾ ਵਪਾਰਕ ਕਾਰੋਬਾਰ ਚਲਾ ਰਿਹਾ ਹੈ, ਢਾਡੀ ਹੀ ਨਹੀਂ ਬਣ ਸਕੇ ਸਗੋਂ ਇਧਰੋਂ ਪਛੜ ਹੀ ਗਏ। ਹਾਂ, ਉਹਦੀ ਵੱਡੀ ਨੂੰਹ ਸੀਤਲ ਕੌਰ ਚੰਗੀ ਤੇ ਵਧੀਆ ਸ਼ਾਇਰੀ ਕਰਦੀ ਰਹੀ ਤੇ ਇਨ੍ਹਾਂ ‘ਚੋਂ ਪਰਮਿੰਦਰ ਸਿੰਘ ਦੀ ਕੁਝ ਵਰ੍ਹੇ ਪਹਿਲਾਂ ਮੌਤ ਹੋ ਗਈ ਹੈ।
ਢਾਡੀ ਸਰਵਣ ਸਿੰਘ ਇਹ ਮਾਣ ਹਾਸਲ ਕਰਨ ਵਿਚ ਕਦੇ ਵੀ ਹੀਲ-ਹੁੱਜਤ ਨਹੀਂ ਕਰਦਾ ਸੀ ਕਿ ਉਹਨੇ ਢਾਡੀ ਬਣ ਕੇ ਨਾਂ ਵੀ ਕਮਾਇਆ ਹੈ ਤੇ ਮਾਇਆ ਵੀ ਕਮਾਈ ਹੈ। ਪਰ ਪਹਿਲਾਂ ਘਾਲਣਾ ਬੜੀ ਘਾਲਣੀ ਪਈ। ਜਮੀਨ ਜਾਇਦਾਦ ਬਹੁਤੀ ਨਹੀਂ ਸੀ ਪਰ ਫਿਰ ਵੀ ਕਦੇ ਉਹਨੇ ਆਰਥਿਕ ਤੰਗੀ ਨਹੀਂ ਸੀ ਵੇਖੀ। ਮਾਹਿਲਪੁਰ ਲਾਗੇ ਦੋ ਜੁੜਵੇਂ ਕਰਕੇ ਬੋਲੇ ਜਾਂਦੇ ਪਿੰਡ ਖੈੜ-ਅੱਛਰਵਾਲ ‘ਚੋਂ ਅੱਛਰਵਾਲ ਉਹਦਾ ਪਿੰਡ ਸੀ ਤੇ ਪਰਿਵਾਰ ਨੇ ਹੁਣ ਸਿਰਫ ਉਹ ਘਰ ਹੀ ਸਰਵਣ ਸਿੰਘ ਤੇ ਢਾਡੀ ਕਲਾ ਦੀ ਵਿਰਾਸਤ ਵਜੋਂ ਸੰਭਾਲਿਆ ਹੈ। ਉਹ ਆਪ ਤਾਂ ਗੁਜਾਰੇ ਜੋਗਾ ਹੀ ਪੜ੍ਹਿਆ ਸੀ ਪਰ ਪੁੱਤਰ ਬਹੁਤ ਪੜ੍ਹਾਏ। ਮੇਰੇ ਨਾਲ ਉਹਦੀ ਸਾਂਝ ਮੁਹੱਬਤ ਤੋਂ ਸਿਵਾ ਇਹ ਵੀ ਸੀ ਕਿ ਉਹਦਾ ਵੱਡਾ ਪੁੱਤਰ ਪਰਮਿੰਦਰ ਵੀ ਮੇਰਾ ਮਿੱਤਰ ਰਿਹਾ, ਉਹਦੀ ਨੂੰਹ ਸੀਤਲ ਕੌਰ ਮੇਰੇ ਸਕੂਲ ‘ਚ ਪੜ੍ਹਾਉਂਦੀ ਰਹੀ, ਜਿੱਥੇ ਕੋਟ ਫਤੂਹੀ ‘ਚ ਮੈਂ ਅੱਠ ਸਾਲ ਪੜ੍ਹਾਇਆ ਤੇ ਛੋਟੇ ਜਸਵਿੰਦਰ ਗਿੱਲ ਨੂੰ ਮੈਂ ਅਮਰੀਕਾ ਆ ਕੇ ਹੀ ਜਾਣਨ ਲੱਗਾ ਹਾਂ।
ਉਹ ਰੱਜ ਕੇ ਦੁੱਧ-ਘਿਓ ਖਾਣ ਦੀ ਸ਼ਰਤ ‘ਤੇ ਵੀ ਪ੍ਰੋਗਰਾਮ ਕਰਨ ਚਲੇ ਜਾਂਦੇ ਸਨ। ਇਸ ਲਈ ਛੇ ਫੁੱਟਾ ਸਰੀਰ ਛੇਤੀ ਬੁੱਢਾ ਤਾਂ ਨਹੀਂ ਸੀ ਹੋਇਆ ਪਰ ਇੱਕ ਨਾਮੁਰਾਦ ਬਿਮਾਰੀ ਐਸੀ ਆਈ ਕਿ ਖਾਲੀ ਹੱਥੀਂ ਨਾ ਪਰਤੀ ਤੇ ਢਾਡੀ ਰਾਗ ਦਾ ਇੱਕ ਅਮਿੱਟ ਹਸਤਾਖਰ 5 ਮਈ 1992 ਨੂੰ ਸਾਥੋਂ ਸਦਾ ਲਈ ਆਪਣੇ ਛੋਟੇ ਬੇਟੇ ਜਸਵਿੰਦਰ ਗਿੱਲ ਕੋਲ ਅਮਰੀਕਾ ‘ਚ ਸੁਆਸ ਛੱਡ ਗਿਆ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਉਕਤ ਪਿੰਡ ਵਿਚ ਪਿਤਾ ਸਰਦਾਰ ਹਰਨਾਮ ਸਿੰਘ ਦੇ ਘਰ ਜਨਮਿਆ ਢਾਡੀ ਸਰਵਣ ਸਿੰਘ, ਸ਼ੌਂਕੀ ਬਾਰੇ ਵੀ ਇੱਕ ਨੁਕਤਾ ਸਾਡੇ ਨਾਲ ਸਾਂਝਾ ਕਰਦਾ ਹੁੰਦਾ ਸੀ ਕਿ ਸ਼ੌਂਕੀ ਉਹਦਾ ਜੋਟੀਦਾਰ ਸੀ, ਗੱਲ ਸਿਰਫ ਇਹੀ ਫਖਰ ਵਾਲੀ ਨਹੀਂ ਸੀ ਸਗੋਂ ਇਹ ਵੀ ਉਹ ਆਪਣੀ ਮਿਸਾਲ ਆਪ ਸੀ। ਕਦੇ ਨਹੀਂ ਕਿਹਾ ਜਾਵੇਗਾ ਕਿ ਸ਼ੌਂਕੀ ਫਲਾਣੇ ਵਾਂਗ ਗਾਉਂਦਾ ਸੀ ਜਾਂ ਉਹ ਓਸ ਵਰਗਾ ਢਾਡੀ ਸੀ, ਸਗੋਂ ਉਹ ਇੱਕ ਸੀ ਤੇ ਉਹ ਸਿਰਫ ਆਪਣੇ ਵਰਗਾ ਹੀ ਸੀ। ਪਰ ਹਉਕਾ ਭਰ ਕੇ ਕਹਿੰਦਾ ਰਿਹਾ ਕਿ ਚੰਗੇ ਕਲਾਕਾਰਾਂ ਦੀਆਂ ਉਮਰਾਂ ਲੰਮੀਆਂ ਨਹੀਂ ਹੁੰਦੀਆਂ ਤੇ ਸ਼ੌਂਕੀ ਜਿਹੇ ਕਿਤੇ ਥੋੜ੍ਹਾ ਪੜ੍ਹਿਆ ਹੁੰਦਾ ਤਾਂ ਉਹਦੀ ਢਾਡੀ ਕਲਾ ਨੇ ਇੱਕ ਹੋਰ ਹੀ ਇਤਿਹਾਸਕ ਗੇੜਾ ਦੇਣਾ ਸੀ।
ਧਰਮ ਵੀ ਰਹੇਗਾ, ਵਿਰਸਾ ਵੀ ਤੇ ਪੰਥ ਦੀ ਮਹਾਨ ਕਲਾ ਢਾਡੀ ਪਰੰਪਰਾ ਵੀ ਪਰ ਜਦੋਂ ਸਰਵਣ ਸਿੰਘ ਦਾ ਚੇਤਾ ਆਵੇਗਾ ਤਾਂ ਮੋਹ ਦੀਆਂ ਆਂਦਰਾਂ ਵਿਯੋਗ ਦਾ ਰਾਗ ਗਾਉਣ ਹੀ ਲੱਗ ਪੈਣਗੀਆਂ।