ਜਪੁਜੀ ਦਾ ਰੱਬ (ਕਿਸ਼ਤ 5)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਮੂਲ-ਮੰਤਰ ਵਿਚ ਵਰਣਨ ਕੀਤੀਆਂ ਪਰਮ-ਸੱਤ ਦੀਆਂ ਅਗਲੀਆਂ ਦੋ ਵਡਿਆਈਆਂ ਨਿਰਭਉ ਤੇ ਨਿਰਵੈਰ ਹਨ। ਗੁਰਬਾਣੀ ਵਿਚ ਭਉ ਤੇ ਭਾਉ ਦੋ ਸ਼ਬਦ ਆਏ ਹਨ ਜੋ ਦੇਖਣ ਨੂੰ ਇਕੋ ਝਲਕ ਦੇ ਲਗਦੇ ਹਨ ਪਰ ਅਰਥ ਵੱਖੋ ਵੱਖ ਹਨ। ਭਉ ਦਾ ਅਰਥ ਡਰ, ਭੈ, ਦਬਾਅ ਆਦਿ ਹੈ ਅਤੇ ਭਾਉ ਦਾ ਅਰਥ ਲਾਭ, ਫਾਇਦਾ ਜਾਂ ਆਸਰਾ। ਇੱਥੇ ਭਉ ਸ਼ਬਦ ਭੈ ਤੇ ਦਬਾਅ ਦਾ ਪ੍ਰਤੀਕ ਹੈ ਜਿਸ ਦਾ ਅਭਾਵ ਪਰਮ-ਸੱਤ ਦੀ ਪ੍ਰਮੁੱਖ ਵਿਲੱਖਣਤਾ ਦੱਸਿਆ ਗਿਆ ਹੈ।

ਪਰਮ-ਸਤਿ ਦੇ ਨਿਰਭਉ ਹੋਣ ਦਾ ਭਾਵ ਹੈ, ਪਰਮ-ਸੱਤ ਕਦੇ ਕਿਸੇ ਦੇ ਡਰ ਜਾਂ ਪ੍ਰਭਾਵ ਅਧੀਨ ਕੰਮ ਨਹੀਂ ਕਰਦਾ। ਉਹ ਸੰਪੂਰਣ ਤੌਰ ‘ਤੇ ਸੁਤੰਤਰ ਹੈ ਤੇ ਕਿਸੇ ਦੀ ਇੱਛਾ ਅਨੁਸਾਰ ਨਹੀਂ ਚਲਦਾ। ਉਸ ਦੇ ਆਪਣੇ ਨਿਯਮ (ਹੁਕਮ) ਹਨ ਜੋ ਕਿਸੇ ਭੈ ਜਾਂ ਦਬਾਉ ਹੇਠ ਨਹੀਂ ਬਣਦੇ ਬਦਲਦੇ। ਉਸ ਦੇ ਇਹ ਨਿਯਮ ਪੱਕੇ ਤੇ ਨਿਰਲੇਪ ਹਨ ਜਿਨ੍ਹਾਂ ‘ਤੇ ਚਲਦਾ ਉਹ ਕਦੇ ਡੋਲਦਾ ਨਹੀਂ। ਇਹ ਨਿਯਮ ਪਾਰਦਰਸ਼ੀ ਵੀ ਹਨ। ਭਾਵ ਇਹ ਕਿ ਉਸ ਦੀ ਆਪਣੀ ਵੀ ਕੋਈ ਇੱਛਾ ਨਹੀਂ, ਬੱਸ ਇੱਛਾ ਦੀ ਥਾਂ ਨਿਯਮ ਹਨ। ਉਹ ਆਪ ਕੁਝ ਨਹੀਂ ਕਰਦਾ, ਉਸ ਦੇ ਨਿਰਪੱਖ ਤੇ ਪਾਰਦਰਸ਼ੀ ਹੁਕਮ ਭਾਵ ਨਿਯਮ ਕਰਦੇ ਹਨ। ਉਹ ਬਾਦਸ਼ਾਹ ਵਾਂਗ ਨਹੀਂ, ਰਾਸ਼ਟਰਪਤੀ ਵਾਂਗ ਹੈ। ਇਹੀ ਉਸ ਦਾ ਸੰਵਿਧਾਨ ਹਨ ਤੇ ਇਹੀ ਉਸ ਦੇ ਅਮਲ ਦੀ ਰੂਪ-ਰੇਖਾ। ਉਹ ਸਦਾ ਤੋਂ ਇੱਦਾਂ ਦਾ ਹੀ ਹੈ। ਇਹੀ ਉਸ ਦੀ ਵੱਡੀ ਵਡਿਆਈ ਹੈ ਤੇ ਇਸੇ ਨੂੰ ਸਮਝਣ ਵਿਚ ਵੱਡੇ ਤੋਂ ਵੱਡੇ ਗਿਆਨੀ ਗਲਤੀ ਕਰ ਗਏ ਹਨ।
ਇਸ ਵਡਿਆਈ ਦੀ ਪਛਾਣ ਕਰਨਾ ਗੁਰੂ ਸਾਹਿਬ ਦੀ ਬੜੀ ਵੱਡੀ ਵਿਗਿਆਨਕ ਦੇਣ ਹੈ। ਜੇ ਪਰਮ-ਸੱਤ ਆਪਣੀ ਨਿਜੀ ਇੱਛਾ ਅਨੁਸਾਰ ਚਲਦਾ ਹੁੰਦਾ ਤਾਂ ਕਿਸੇ ਤਰ੍ਹਾਂ ਦੇ ਨਿਯਮ ਸੰਭਵ ਨਹੀਂ ਸਨ ਹੋਣੇ ਤੇ ਨਿਯਮਾਂ ਦੀ ਅਣਹੋਂਦ ਵਿਚ ਵਿਗਿਆਨ ਸੰਭਵ ਨਾ ਹੁੰਦਾ। ਜੇ ਪ੍ਰਕ੍ਰਿਤੀ ਦਾ ਨਿਜ਼ਾਮ ਉਸ ਦੀ ਇੱਛਾ ਅਨੁਸਾਰ ਚਲਦਾ ਤਾਂ ਪਾਣੀ ਕਦੇ ਉਚਾਈ ਵਲ ਚਲਦਾ, ਕਦੇ ਨਿਵਾਣ ਵਲ। ਕੋਈ ਸਾਲ ਸੌ ਦਿਨ ਦਾ ਹੁੰਦਾ ਤੇ ਕੋਈ ਪੰਜ ਸੌ ਦਿਨ ਦਾ। ਕਿਸੇ ਦਾ ਦਿਲ ਛਾਤੀ ਵਿਚ ਲੱਗਿਆ ਹੁੰਦਾ, ਕਿਸੇ ਦਾ ਪੈਰ ਵਿਚ। ਕਈ ਲੋਕ ਉਸ ਅੱਗੇ ਅਰਦਾਸਾਂ ਕਰ ਕਰ ਕੇ ਆਪੂੰ ਧਨਾਢ ਬਣ ਜਾਂਦੇ ਤੇ ਦੂਜਿਆਂ ਨੂੰ ਸਦੀਵੀ ਤੌਰ ‘ਤੇ ਕੰਗਾਲ ਕਰ ਦਿੰਦੇ। ਕਈ ਸ਼ਰਧਾਲੂ ਬਿਨੰਤੀਆਂ ਕਰ ਕੇ ਮਾਰੂਥਲਾਂ ਵਿਚ ਮੀਂਹ ਪਵਾ ਲੈਂਦੇ, ਕਈ ਪੱਥਰਾਂ ‘ਤੇ ਰੁੱਖ ਉਗਵਾ ਲੈਂਦੇ ਅਤੇ ਕਈ ਸਮੁੰਦਰਾਂ ‘ਤੇ ਘਰ ਬਣਾ ਲੈਂਦੇ ਤੇ ਉਥੇ ਹੀ ਖੇਤੀ ਕਰਦੇ। ਜੰਤਰਾਂ ਮੰਤਰਾਂ ਵਾਲੇ ਕਾਲੇ ਜਾਦੂਗਰਾਂ ਦੀ ਤੂਤੀ ਬੋਲਦੀ ਤੇ ਹੱਥ ਮਲ ਕੇ ਹਨੇਰੀ ਲਿਆਉਣ ਵਾਲੇ ਨਾਥ ਜੋਗੀ ਸਰਬ-ਪ੍ਰਧਾਨ ਬਣੇ ਹੁੰਦੇ। ਮਨੁੱਖੀ ਇਕਸੁਰਤਾ ਤੇ ਇਕਸਾਰਤਾ ਮੂਲੋਂ ਹੀ ਗਾਇਬ ਹੁੰਦੇ ਅਤੇ ਸਮਾਜ ਵਿਚ ਨਿਆਂ ਬਿਲਕੁਲ ਹੀ ਸੰਭਵ ਨਾ ਹੁੰਦਾ।
ਪਰਮ-ਸੱਤ ਦੀ ਇਹ ਵਿਲੱਖਣਤਾ ਇਸ ਕਰਕੇ ਵੀ ਅਹਿਮ ਹੈ ਕਿ ਇਸ ਵਿਚ ਗੁਰੂ ਨਾਨਕ ਦੇ ਇਸ ਸੰਕਲਪ ਦਾ ਇਕ ਹੋਰ ਗੁੱਝਾ ਭੇਤ ਛੁਪਿਆ ਹੋਇਆ ਹੈ। ਉਹ ਇਹ ਕਿ ਜਿਸ ਸੱਚਾਈ ਨੂੰ ਕਿਸੇ ਨੇ ਵੇਖਿਆ ਪਰਖਿਆ ਨਹੀਂ ਹੈ, ਜਿਸ ਦਾ ਕੋਈ ਨਾਮ ਪਤਾ ਵੀ ਮਾਲੂਮ ਨਹੀਂ ਤੇ ਜਿਸ ਨੂੰ ਉਨ੍ਹਾਂ ਨੇ ‘ਸਤਿ’ ਕਹਿ ਕੇ ਹੀ ਸੰਬੋਧਨ ਕੀਤਾ ਹੈ, ਉਹ ਸਭ ਤੋਂ ਆਖਰਲੀ ਭਾਵ ਪਾਰਲੀ ਤੇ ਸਰਬਸ਼ਕਤੀਮਾਨ ਸੱਚਾਈ ਹੈ। ਪਰ ਸਭ ਤੋਂ ਸ਼ਕਤੀਸ਼ਾਲੀ ਇਹ ਤਾਂ ਹੀ ਹੋ ਸਕਦੀ ਹੈ ਜੇ ਇਹ ਕਿਸੇ ਹੋਰ ਦੇ ਡਰ ਭੈ ਵਿਚ ਨਾ ਹੋਵੇ ਤੇ ਕਿਸੇ ਦੇ ਪ੍ਰਭਾਵ ਅਧੀਨ ਕੰਮ ਨਾ ਕਰਦੀ ਹੋਵੇ। ਜੇ ਇਹ ਕਿਸੇ ਹੋਰ ਦਾ ਡਰ, ਭੈ ਜਾਂ ਪ੍ਰਭਾਵ ਕਬੂਲ ਕਰਦੀ ਹੋਵੇ ਜਾਂ ਕੋਈ ਹੋਰ ਪਾਰਲੀ ਤੇ ਉਚੀ ਤਾਕਤ ਇਸ ਨੂੰ ਨਿਰਦੇਸ਼ ਦਿੰਦੀ ਹੋਵੇ ਤਾਂ ਫਿਰ ਇਹ ਪਰਮ-ਸੱਤ ਦੀ ਉਪਾਧੀ ਦੀ ਹੱਕਦਾਰ ਨਹੀਂ ਹੋ ਸਕਦੀ। ਇਹ ਅਹੁਦਾ ਫਿਰ ਉਸ ਸੱਚਾਈ ਜਾਂ ਹਸਤੀ ਕੋਲ ਚਲਾ ਜਾਵੇਗਾ ਜੋ ਇਸ ਤੋਂ ਉਪਰਲੀ ਜਾਂ ਪਰ੍ਹਾਂ ਦੀ ਹੈ ਅਤੇ ਇਸ ਨੂੰ ਨਿਰਦੇਸ਼ ਦੇਣ ਤੇ ਚਲਾਉਣ ਦੀ ਸਮਰੱਥਾ ਰੱਖਦੀ ਹੈ। ਇਸ ਲਈ ਸਤਿ ਭਾਵ ਪਰਮ-ਸੱਤ ਸਦਾ ਸੁਤੰਤਰ ਹੈ, ਪ੍ਰਭਾਵ-ਮੁਕਤ (ਸੋਵeਰeਗਿਨ) ਹੈ, ਸਰਬ-ਉਚ ਹੈ, ਪਰਾ-ਪੂਰਬਲਾ (ੁਲਟਮਿਅਟe) ਹੈ, ਅ-ਬਦਲ ਹੈ ਅਤੇ ਲਾਸਾਨੀ ਹੈ। ਸੋ, ਇਹ ਗੱਲ ਸਿੱਧ ਕਰਦੀ ਹੈ ਕਿ ਗੁਰੂ ਨਾਨਕ ਦੀ ਪ੍ਰਤੀਬੱਧਤਾ ਸੱਚ ਨਾਲ ਹੈ, ਕਿਸੇ ਹੋਰ ਚੀਜ਼ ਨਾਲ ਨਹੀਂ। ਉਹ ਸੱਚ ਦੀ ਭਾਲ ਵਿਚ ਅੰਤ ਤੀਕ ਜਾਂਦੇ ਹਨ ਤੇ ਨਿਰਭਰ ਤਾਕਤਾਂ ‘ਤੇ ਟੇਕ ਨਹੀਂ ਰੱਖਦੇ। ਇਸੇ ਕਾਰਨ ਉਹ ਅਦਵੈਤਵਾਦੀ ਹਨ ਕਿਉਂਕਿ ਦਵੈਤਵਾਦ ਵਿਚ ਪਰਮ-ਸਤਿ ਦੀ ਨਿਰਭੈਤਾ ਭੰਗ ਹੁੰਦੀ ਹੈ। ਇਹ ਗੱਲ ਉਨ੍ਹਾਂ ਲੋਕਾਂ ਲਈ ਸੋਚ-ਵਿਚਾਰ ਦਾ ਵਿਸ਼ਾ ਹੈ ਜੋ ਆਪਣੇ ਸਵਾਰਥ ਅਧੀਨ ਸੱਚ ਦਾ ਪੱਲਾ ਛੱਡ ਕੇ ਝੂਠੇ ਧਾਰਮਿਕ ਆਗੂਆਂ ਜਾਂ ਸਿਆਸੀ ਆਕਾਵਾਂ ਦੀ ਸ਼ਰਣ ਪੈ ਜਾਂਦੇ ਹਨ।
ਜਿਵੇਂ ਉਪਰ ਜ਼ਿਕਰ ਕੀਤਾ ਗਿਆ ਹੈ, ਪਰਮ-ਸੱਤ ਦੀ ਇਸ ਵਿਲੱਖਣਤਾ ਦੀ ਇਕ ਹੋਰ ਮਹਾਨਤਾ ਇਹ ਹੈ ਕਿ ਇਸ ਦੇ ਨਿਯਮ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਹੁਕਮ ਦੀ ਸੰਗਿਯਾ ਦਿੱਤੀ ਹੈ, ਪਕੇ (ਮਿਮੁਟਅਬਲe), ਨਿਰਪੱਖ, ਸਦੀਵੀ ਤੇ ਵਿਸ਼ਵ-ਵਿਆਪਕ ਹਨ। ਕਿਉਂਕਿ ਪਰਮਸੱਤ ਪ੍ਰਭੂਸੱਤਾਧਾਰੀ ਹੈ ਪਰ ਇੱਛਾਧਾਰੀ ਨਹੀਂ, ਇਸ ਲਈ ਉਹ ਆਪ ਵੀ ਇਨ੍ਹਾਂ ਨਿਯਮਾਂ ਵਿਚ ਕਦੇ ਕੋਈ ਤੋੜ-ਭੰਨ, ਤਬਦੀਲੀ ਜਾਂ ਛੇੜ-ਛਾੜ ਨਹੀਂ ਕਰਦਾ। ਉਸ ਦੇ ਨਿਯਮ ਸਦੀਆਂ ਤੋਂ ਓਹੀ ਹਨ ਤੇ ਇਹ ਸੰਸਾਰ ਦੇ ਸਭ ਜੀਵਾਂ ਅਤੇ ਵਸਤਾਂ ‘ਤੇ ਨਿਰੰਤਰ ਲਾਗੂ ਰਹਿੰਦੇ ਹਨ। ਮਿਸਾਲ ਵਜੋਂ ਪਾਣੀ ਦੀ ਰਚਨਾ ਦੋ ਗੈਸਾਂ ਹਾਈਡਰੋਜਨ ਤੇ ਆਕਸੀਜਨ ਦੋ-ਇੱਕ ਦੇ ਅਨੁਪਾਤ ਵਿਚ ਮਿਲ ਕੇ ਹੁੰਦੀ ਹੈ ਤੇ ਇਹ ਨਿਯਮ ਆਦਿ ਕਾਲ ਤੋਂ ਕਦੇ ਬਦਲਿਆ ਨਹੀਂ ਹੈ। ਆਦਿ ਕਾਲ ਤੋਂ ਹੀ ਧਰਤੀ ਸਭ ਵਸਤਾਂ ਨੂੰ ਆਪਣੇ ਵੱਲ ਖਿੱਚਦੀ ਆਈ ਹੈ। ਇਸ ਨਿਯਮ ਵਿਚ ਕਦੇ ਕੋਈ ਤਬਦੀਲੀ ਨਹੀਂ ਆਈ। ਕੁਦਰਤ ਦੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਿਸੇ ਦਾ ਇੱਛਕ ਕਾਰਜ ਨਹੀਂ, ਲਾਜ਼ਮੀ ਕਰਤਵ ਹੈ। ਕਿਉਂਕਿ ਸੰਸਾਰ ਦੀਆਂ ਸਭ ਵਸਤਾਂ ਹਮੇਸ਼ਾ ਇਨ੍ਹਾਂ ਦੀ ਆਗਿਆ ਵਿਚ ਰਹਿੰਦੀਆਂ ਹੀ ਹਨ, ਇਸ ਲਈ ਜੋ ਸਿੱਖ ਵਿਦਵਾਨ ਤੇ ਪ੍ਰਚਾਰਕ ਲੋਕਾਂ ਨੂੰ ਅਕਾਲ ਪੁਰਖ ਦੇ ਹੁਕਮ ਉਤੇ ਚਲਣ ਦਾ ਉਪਦੇਸ਼ ਦਿੰਦੇ ਹਨ, ਉਹ ਅਤਿ-ਕਥਨੀ ਕਰਦੇ ਹਨ। ਕਿਸੇ ਦੀ ਮਜ਼ਾਲ ਹੀ ਕੀ ਹੈ ਕਿ ਉਹ ਕਿਸੇ ਅਜਿਹੇ ਨਿਯਮ ਤੋਂ ਜਰਾ ਭਰ ਵੀ ਅਵੇਸਲਾ ਹੋ ਸਕੇ!
ਸਦੀਆਂ ਦੇ ਨਿਰਪੱਖ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਕਦੇ ਵੀ ਕੋਈ ਪਰਮ-ਸੱਤ ਦੇ ਮਾਯਾਵੀ ਰੂਪ ਭਾਵ ‘ਕੁਦਰਤ’ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਿਆ ਭਾਵੇਂ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ। ਨਾ ਕੋਈ ਇਨ੍ਹਾਂ ਨੂੰ ਵਸ ਕਰ ਸਕਿਆ ਅਤੇ ਨਾ ਹੀ ਇਨ੍ਹਾਂ ਤੋਂ ਬਾਹਰ ਹੋ ਸਕਿਆ। ਜੋ ਵੀ ਪਹਾੜ ਤੋਂ ਡਿਗਦਾ ਹੈ, ਉਹ ਮਰ ਜਾਂਦਾ ਹੈ ਅਤੇ ਜੋ ਸਮੁੰਦਰ ਵਿਚ ਡਿੱਗਦਾ ਹੈ, ਉਹ ਵੀ ਜਿਉਂਦਾ ਨਹੀਂ ਬਚਦਾ। ਅਗਨੀ ਵਿਚ ਡਿਗ ਕੇ ਸਭ ਕੁਝ ਭਸਮ ਹੋ ਜਾਂਦਾ ਹੈ ਭਾਵੇਂ ਉਹ ਲੋਹਾ ਹੀ ਕਿਉਂ ਨਾ ਹੋਵੇ। ਪਾਣੀ, ਹਵਾ, ਅਗਨੀ, ਪ੍ਰਕਾਸ਼, ਬਿਜਲੀ, ਚੁੰਬਕ, ਧਰਤੀ ਆਦਿ ਦੇ ਅਜਿਹੇ ਪੱਕੇ ਕਾਇਦੇ ਹਨ ਜਿਨ੍ਹਾਂ ਨੂੰ ਤੋੜਨ ਵਿਚ ਕੋਈ ਕਾਮਯਾਬ ਨਹੀਂ ਹੋਇਆ। ਇਨ੍ਹਾਂ ਅੱਗੇ ਕੋਈ ਅਰਦਾਸ, ਫਰਿਆਦ, ਮੰਨਤ, ਸਿਫਾਰਿਸ਼ ਜਾਂ ਰਿਸ਼ਵਤ ਨਹੀਂ ਚਲਦੀ। ਇਨ੍ਹਾਂ ਦੀ ਪਕੜ ਤੇ ਜਕੜ ਸਭ ਲਈ ਬਰਾਬਰ ਹੈ। ਜਿਨ੍ਹਾਂ ਨੇ ਇਨ੍ਹਾਂ ਨਿਯਮਾਂ ਤੋਂ ਕੁਝ ਨਿਜ਼ਾਤ ਪਾਈ ਹੈ, ਉਹ ਉਲੰਘਣਾ ਕਰ ਕੇ ਨਹੀਂ ਸਗੋਂ ਅਕਲ ਵਰਤ ਕੇ ਪਾਈ ਹੈ। ਉਨ੍ਹਾਂ ਨੇ ਪ੍ਰਕਿਰਤੀ ਦੇ ਇਕ ਨਿਯਮ ਨੂੰ ਕਿਸੇ ਦੂਜੇ ਨਿਯਮ ਨਾਲ ਬੇਅਸਰ ਕੀਤਾ ਹੈ। ਜੇ ਭਾਰੀ ਪਦਾਰਥ ਪਾਣੀ ਵਿਚ ਡੁੱਬ ਜਾਂਦੇ ਹਨ ਤਾਂ ਆਰਕੀਮੀਡਸ ਦੇ ਸਿਧਾਂਤ (Aਰਚਹਮਿeਦeਸ’ ਪਰਨਿਚਪਿਲe) ਅਨੁਸਾਰ ਇਨ੍ਹਾਂ ਨੂੰ ਪਾਣੀ ਦੀ ਸੱਤਹ ‘ਤੇ ਤੈਰਾਇਆ ਜਾ ਸਕਦਾ ਹੈ। ਜੇ ਧਰਤੀ ਦੇ ਗੁਰੂਤਾ ਆਕਰਸ਼ਣ ਕਾਰਨ ਚੀਜ਼ਾਂ ਹਵਾ ਵਿਚ ਨਹੀਂ ਉਡ ਸਕਦੀਆਂ ਤਾਂ ਬਰਨੌਲੀ ਦੇ ਸਿਧਾਂਤ (ਭeਰਨੁਲਲ’ਿਸ ਪਰਨਿਚਪਿਲe) ਅਨੁਸਾਰ ਉਨ੍ਹਾਂ ਨੂੰ ਉਡਾਇਆ ਜਾ ਸਕਦਾ ਹੈ। ਜੇ ਬਰਨੌਲੀ ਦੇ ਸਿਧਾਂਤ ਅਨੁਸਾਰ ਵਾਯੂ-ਮੰਡਲ ਤੋਂ ਬਾਹਰ ਉਡਣਾ ਸੰਭਵ ਨਹੀਂ ਤਾਂ ਨਿਊਟਨ ਦਾ ਤੀਜਾ ਨਿਯਮ (ਂeੱਟੋਨ’ਸ ਠਹਰਿਦ .ਅੱ ਾ ੰੋਟਿਨ) ਪੁਲਾੜੀ ਉਡਾਣਾਂ ਸੰਭਵ ਬਣਾਉਂਦਾ ਹੈ। ਇਸੇ ਤਰ੍ਹਾਂ ਤਾਪ ਦਾ ਨਿਯਮ (.ਅੱ ਾ ਛੋਨਦੁਚਟਿਨ ਾ ੍ਹeਅਟ) ਬਰਫ ਦੇ ਘਰਾਂ (ੀਗਲੋਸ) ਰਾਹੀਂ ਅਤਿ ਬਰਫੀਲੇ ਇਲਾਕਿਆਂ ਵਿਚ ਰਿਹਾਇਸ਼ ਸੰਭਵ ਕਰਦਾ ਹੈ।
ਸਾਰ ਇਹ ਹੈ ਕਿ ਭਾਵੇਂ ਪਰਮ-ਸੱਤ ਦੇ ਮਾਯਾਵੀ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਪਰ ਇਸ ਦੇ ਇਕ ਨਿਯਮ ਦੀ ਮਦਦ ਨਾਲ ਦੂਜੇ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਲਈ ਪੁਰਾਣੇ ਨਿਯਮਾਂ ਦੇ ਹਾੜੇ ਨਵੇਂ ਨਿਯਮ ਲੱਭਣਾ ਭਾਵ ਨਵੇਂ ਹੁਕਮ ਪਛਾਨਣਾ ਤੇ ਉਨ੍ਹਾਂ ਨੂੰ ਮਾਨਵ ਕਲਿਆਣ ਲਈ ਵਰਤਣਾ ਮਨੁੱਖੀ ਅਕਲ ਤੇ ਵਿਗਿਆਨ ਦਾ ਕੰਮ ਹੈ। ਜਿੱਥੇ ਕੁਦਰਤ ਆਪਣੇ ਨਿਯਮਾਂ ਦੀ ਪਾਲਣਾ ਪ੍ਰਤੀ ਬੜੀ ਦ੍ਰਿੜ ਹੈ, ਉਥੇ ਇਨ੍ਹਾਂ ਨੂੰ ਬੇਅਸਰ ਕਰਨ ਲਈ ਮਨੁੱਖ ਦਾ ਸਿਰੜ ਵੀ ਕੋਈ ਘੱਟ ਨਹੀਂ। ਲੱਖਾਂ ਵਿਗਿਆਨੀ ਨਵੇਂ ਨਿਯਮ ਲੱਭਣ ਲਈ ਦਿਨ ਰਾਤ ਖੋਜਾਂ ਵਿਚ ਰੁੱਝੇ ਹੋਏ ਹਨ ਤਾਂ ਜੋ ਉਨ੍ਹਾਂ ਨੂੰ ਇਕ ਦੂਜੇ ਵਿਰੁਧ ਵਰਤ ਕੇ ਮਨੁੱਖਤਾ ਦੀ ਸੁਤੰਤਰਤਾ ਤੇ ਉਨਤੀ ਦਾ ਘੇਰਾ ਵਧਾਇਆ ਜਾ ਸਕੇ। ਕੁਦਰਤ ਨੂੰ ਨਿਰਭਉ ਤੇ ਇਸ ਦੇ ਨਿਯਮਾਂ ਨੂੰ ਅਟੱਲ ਕਹਿਣਾ ਗੁਰੂ ਨਾਨਕ ਦੀ ਡੂੰਘੀ ਵਿਗਿਆਨਕ ਸੂਝ-ਬੂਝ ਦਾ ਪ੍ਰਤੀਕ ਹੈ। ਇਹ ਸੋਚ ਉਨ੍ਹਾਂ ਦੇ ਮੱਧ-ਕਾਲੀਨ ਸਮਕਾਲੀਆਂ ਅਤੇ ਸਮਕਾਲੀਨ ਪੈਰੋਕਾਰਾਂ ਵਿਚ ਕਿਤੇ ਦੂਰ ਦੂਰ ਤੀਕ ਦਿਖਾਈ ਨਹੀਂ ਦਿੰਦੀ।
ਮੂਲਮੰਤਰ ਵਿਚ ਨਿਰਭਉ ਤੋਂ ਅੱਗੇ ਨਿਰਵੈਰ ਸ਼ਬਦ ਲਿਖ ਕੇ ਗੁਰੂ ਜੀ ਨੇ ਦੱਸਿਆ ਹੈ ਕਿ ਸਤਿ ਅਤੇ ਇਸ ਦੇ ਨਿਯਮ (ਹੁਕਮ) ਵੈਰ-ਮੁਕਤ ਹਨ। ਪਰਮ-ਸੱਤ ਦੇ ਨਿਰਵੈਰ ਹੋਣ ਦੀ ਵਡਿਆਈ (ਵਿਲਖਣਤਾ) ਦੇ ਤਿੰਨ ਅਹਿਮ ਪਹਿਲੂ ਹਨ-ਪਹਿਲਾ, ਇਸ ਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈ। ਵੈਰ ਸਭ ਨਾਲ ਵੀ ਹੋ ਸਕਦਾ ਹੈ ਤੇ ਕੁਝ ਇਕ ਨਾਲ ਵੀ। ਪਰ ਇਸ ਨੂੰ ਕਿਸੇ ਨਾਲ ਵੀ ਨਹੀਂ। ਭਾਵ ਇਹ ਪੱਖਪਾਤ-ਰਹਿਤ ਤੇ ਭੇਦ-ਭਾਵ ਤੋਂ ਉਪਰ ਹੈ। ਇਹ ਕਿਸੇ ਦਾ ਵੈਰੀ ਨਹੀਂ ਭਾਵ ਆਪ ਉਦਮ ਕਰ ਕੇ ਕਿਸੇ ਦਾ ਨੁਕਸਾਨ ਨਹੀਂ ਕਰਦਾ। ਸਭ ਨੂੰ ਜੀਵਨ ਦਿੰਦਾ ਹੈ ਤੇ ਕਿਸੇ ਨੂੰ ਮਿੱਥ ਕੇ ਮਾਰਦਾ ਨਹੀਂ। ਇਹ ਸਭ ਨਾਲ ਸਮਾਨ ਵਿਹਾਰ ਕਰਦਾ ਹੈ ਪਰ ਆਪਣੇ ਨਿਯਮਾਂ ਦੇ ਉਲੰਘਣ ਦੀ ਸਜ਼ਾ ਵੀ ਸਭ ਨੂੰ ਜਰੂਰ ਦਿੰਦਾ ਹੈ। ਇਹ ਸਜ਼ਾ ਵੀ ਸਭਨਾਂ ਲਈ ਇਕੋ ਜਿਹੀ ਤੇ ਉਲੰਘਣਾ ਦੀ ਗੰਭੀਰਤਾ ਦੇ ਅਨੁਪਾਤ ਵਿਚ ਹੁੰਦੀ ਹੈ। ਮਿਸਾਲ ਵਜੋਂ ਪਰਮ-ਸੱਤ ਕਿਸੇ ਨੂੰ ਘਸੀਟ ਕੇ ਅੱਗ ਵਿਚ ਨਹੀਂ ਸੁੱਟਦਾ ਪਰ ਇਸ ਦਾ ਅਟੱਲ ਹੁਕਮ ਹੈ ਕਿ ਅੱਗ ਵਿਚ ਪੈ ਕੇ ਹਰ ਜੀਵ ਜਲ ਜਾਂਦਾ ਹੈ। ਜਿੰਨਾ ਚਿਰ ਉਹ ਅੱਗ ਵਿਚ ਰਹਿੰਦਾ ਹੈ, ਉਸੇ ਅਨੁਪਾਤ ਵਿਚ ਹੀ ਝੁਲਸਿਆ ਜਾਂਦਾ ਹੈ। ਇਹੀ ਹੁਕਮ ਉਨ੍ਹਾਂ ਸਾਰੇ ਜੀਵਾਂ ‘ਤੇ ਲਾਗੂ ਹੁੰਦਾ ਹੈ ਜੋ ਤੈਰਨ ਦੀ ਕਲਾ ਤੋਂ ਬਗੈਰ ਪਾਣੀ ਵਿਚ ਛਾਲ ਮਾਰਦੇ ਹਨ। ਪਰ ਇਹ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਉਨ੍ਹਾਂ ਲਈ ਇੱਦਾਂ ਦਾ ਹੀ ਦੂਜਾ ਨਿਯਮ ਹੈ। ਉਹ ਉਦੋਂ ਮਰਦੇ ਹਨ ਜਦੋਂ ਉਨ੍ਹਾਂ ਨੂੰ ਲੰਬੇ ਸਮੇਂ ਲਈ ਪਾਣੀ ਤੋਂ ਬਾਹਰ ਕੱਢਿਆ ਜਾਂਦਾ ਹੈ। ਇਹੀ ਹਿਸਾਬ ਦੂਜੇ ਸਭ ਕੁਦਰਤੀ ਵਰਤਾਰਿਆਂ ਦਾ ਹੈ। ਮੀਂਹ, ਤੁਫਾਨ, ਹੜ੍ਹ, ਭੁਚਾਲ, ਮੌਸਮ, ਸਮਾਂ, ਫਾਸਲਾ, ਗੁਰੁਤਾ ਆਦਿ ਕੁਦਰਤੀ ਵਰਤਾਰੇ ਸਮਾਨ ਹਾਲਤਾਂ ਵਿਚ ਸਭ ਨੂੰ ਸਮਾਨ ਤੌਰ ‘ਤੇ ਪ੍ਰਭਾਵਿਤ ਕਰਦੇ ਹਨ। ਭਾਵ ਪੈਂਦੇ ਮੀਂਹ ਵਿਚ ਜਾ ਕੇ ਹਰ ਕੋਈ ਭਿੱਜ ਜਾਂਦਾ ਹੈ ਭਾਵੇਂ ਉਹ ਚਰਚ ਦਾ ਪਾਦਰੀ ਹੋਵੇ ਜਾਂ ਮੰਦਿਰ ਦਾ ਪੁਜਾਰੀ, ਜਾਂ ਫਿਰ ਗੁਰਦੁਆਰੇ ਦਾ ਭਾਈ ਹੋਵੇ। ਵਾਹਨਾਂ ਦੀ ਟੱਕਰ ਹੋਵੇ ਤਾਂ ਸਭ ਯਾਤਰੀ ਮਰ ਜਾਂਦੇ ਹਨ ਭਾਵੇਂ ਉਹ ਵੈਸ਼ਨੋ ਦੇਵੀ ਨੂੰ ਜਾਂਦੇ ਹੋਣ ਜਾਂ ਮੱਕੇ ਨੂੰ ਜਾਂ ਹਰਿਮੰਦਰ ਸਾਹਿਬ ਨੂੰ। ਹੁਕਮ ਜਾਂ ਨਿਯਮ ਸਾਹਮਣੇ ਕਿਸੇ ਦਵੈਸ਼ ਜਾਂ ਪੱਖਪਾਤ ਦੀ ਕੋਈ ਗੁੰਜਾਇਸ਼ ਨਹੀਂ।
ਨਿਰਵੈਰਤਾ ਦਾ ਦੂਜਾ ਪੱਖ ਮੇਰ ਜਾਂ ਮਦਦ ਨਾ ਕਰਨ ਦਾ ਹੈ। ਜੇ ਨਿਰਵੈਰਤਾ ਹੈ ਤਾਂ ਪੱਖਪਾਤ ਨਹੀਂ ਤੇ ਜੇ ਪੱਖਪਾਤ ਨਹੀਂ ਤਾਂ ਕੁਝ ਇਕ ਨਾਲ ਹਮਦਰਦੀ ਭਾਵ ਨੇੜਤਾ ਵੀ ਨਹੀਂ। ਇਕ ਦਾ ਪੱਖ ਪੂਰਨਾ ਤੇ ਦੂਜੇ ਦਾ ਨਾ ਪੂਰਨਾ ਨਿਰਵੈਰਤਾ ਨਹੀਂ ਹੁੰਦੀ। ਇਹ ਵੈਰ ਦੀ ਹੀ ਇਕ ਕਿਸਮ ਹੁੰਦੀ ਹੈ ਜਿਸ ਵਿਚ ਇਕ ਤੇ ਇਕ ਹੁਕਮ ਲਾ ਕੇ ਬਖਸ਼ਿਸ਼ ਕੀਤੀ ਜਾਵੇ ਤੇ ਦੂਜੇ ਨੂੰ ਇਸ ਤੋਂ ਵਾਂਝਾ ਰੱਖਿਆ ਜਾਵੇ। ਹਾਂ ਜੇ ਇਸ ਪੱਖ-ਪਾਤ ਦੀ ਕੋਈ ਨਿਰਪੱਖ ਵਜ੍ਹਾ ਹੈ ਤਾਂ ਹੋਰ ਗੱਲ ਹੈ। ਕਿਸੇ ਨਾਲ ਅਜਾਈਂ ਹਮਦਰਦੀ ਤੇ ਨੇੜਤਾ ਰੱਖਣਾ ਪੱਖਪਾਤ ਦੀ ਨਿਸ਼ਾਨੀ ਹੈ। ਇਨ੍ਹਾਂ ਤੋਂ ਉਪਜੀ ਮਿਹਰ ਨਿਰਵੈਰਤਾ ਦੀ ਦੁਸ਼ਮਣ ਹੈ। ਇਸ ਸੱਚਾਈ ਨੂੰ ਉਨ੍ਹਾਂ ਉਮੀਦਵਾਰਾਂ, ਬੇਰੁਜ਼ਗਾਰਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਤੋਂ ਵੱਧ ਕੋਈ ਨਹੀਂ ਜਾਣਦਾ ਜਿਹੜੇ ਭਾਈ-ਭਤੀਜਾਵਾਦ, ਸਿਫਾਰਿਸ਼, ਲਿਹਾਜ਼, ਰਿਸ਼ਵਤ ਤੇ ਮੁਲਾਹਜ਼ੇਦਾਰੀ ਆਦਿ ਪੱਖਪਾਤ ਦਾ ਸ਼ਿਕਾਰ ਹੁੰਦੇ ਹਨ। ਇਸ ਸੱਚਾਈ ਤੋਂ ਸਭ ਤੋਂ ਵੱਧ ਅਣਜਾਣ ਉਹ ਵਿਅਕਤੀ ਹਨ ਜੋ ਬਾਣੀ ਪੜ੍ਹਦੇ-ਸੁਣਦੇ ਵੀ ਕਿਸੇ ਨਾ ਕਿਸੇ ‘ਤੇ ‘ਮਿਹਰ-ਭਰਿਆ ਹੱਥ ਰੱਖਣ’ ਦੀ ਅਰਜ਼ੋਈ ਕਰਦੇ ਹਨ।
ਅਜਿਹੇ ਲੋਕਾਂ ਨੂੰ ਇਹ ਭੀ ਜਾਣ ਲੈਣਾ ਚਾਹੀਦਾ ਹੈ ਕਿ ਕੁਦਰਤ ਦੇ ਰਾਜ ਵਿਚ ਅਜਿਹਾ ਨਹੀਂ ਹੁੰਦਾ। ਸਤਿ ਹਰ ਤਰ੍ਹਾਂ ਦੇ ਪੱਖ ਪਾਤ ਤੋਂ ਦੂਰ ਹੈ। ਉਹ ਨੈਤਿਕਤਾ ਤੋਂ ਵੀ ਦੂਰ ਹੈ ਭਾਵ ਅਨੈਤਿਕ ਹੈ। ਉਹ ਕਿਸੇ ਜਾਲਮ ਨੂੰ ਖਾਣਾ-ਪਾਣੀ ਰੋਕ ਕੇ ਮਾਰਦਾ ਨਹੀਂ ਤੇ ਨਾ ਹੀ ਕਿਸੇ ਮਰ ਰਹੇ ਧਰਮਾਤਮਾ ਨੂੰ ਬਚਾਉਣ ਲਈ ਉਸ ਦਾ ਭੋਜਨ ਚੁੱਕ ਕੇ ਉਸ ਦੇ ਮੂੰਹ ਵਿਚ ਪਾਉਂਦਾ ਹੈ। ਜੰਗਲ ਵਿਚ ਜਾਨਵਰਾਂ ਦੇ ਜਾਨਵਰਾਂ ਨੂੰ ਖਾਣ ਦੀ ਸ਼੍ਰਿੰਖਲਾ ਬਣੀ ਹੋਈ ਹੈ, ਇਸ ਲਈ ਕਦੇ ਕਿਸੇ ਨੇ ਬਘਿਆੜ ਨੂੰ ਖਰਗੋਸ਼ ਖਾਣ ਦਾ ਦੋਸ਼ੀ ਨਹੀਂ ਮੰਨਿਆ। ਕੁਦਰਤ ਦੇ ਰਾਜ ਵਿਚ ਕੁਦਰਤੀ ਨਿਯਮਾਂ ਦਾ ਰਾਜ ਹੈ ਤੇ ਨੈਤਿਕਤਾ ਦਾ ਅਭਾਵ ਹੈ। ਮਨੁੱਖੀ ਸਮਾਜ ਵਿਚ ਇੱਦਾਂ ਨਹੀਂ ਹੈ। ਸਮਾਜਕ ਜੀਵ ਹੋਣ ਕਰਕੇ ਮਨੁੱਖ ਨੂੰ ਆਪਣੇ ਬਣਾਏ ਨਿਯਮ ਤੇ ਨੈਤਿਕ ਕਦਰਾਂ ਕੀਮਤਾਂ ਦੀ ਲੋੜ ਪੈਂਦੀ ਹੈ। ਇਨ੍ਹਾਂ ਦੀ ਉਲੰਘਣਾ ਦੀ ਸਜ਼ਾ ਵੀ ਉਹ ਆਪ ਨਿਸ਼ਚਿਤ ਕਰਦਾ ਹੈ। ਪਰ ਇਹ ਸਮਾਜ ਜਾਂ ਰਾਜ ਵਲੋਂ ਦਿੱਤੀਆਂ ਜਾਂਦੀਆਂ ਹਨ, ਸਤਿ ਵਲੋਂ ਨਹੀਂ। ਸਤਿ ਤਾਂ ਇੱਥੇ ਵੀ ਨੈਤਿਕਤਾ ਤੋਂ ਉਪਰ ਹੈ। ਪਰਮ-ਸਤਿ ਦੇ ਨਿਯਮਾਂ ਤੇ ਮਨੁੱਖੀ ਸੋਚ ਪ੍ਰਕ੍ਰਿਤੀ ਵਿਚ ਡੂੰਘਾ ਅੰਤਰ ਹੈ। ਪਰਮ-ਸਤਿ ਦੇ ਨਿਯਮ ਮਨੁੱਖ ‘ਤੇ ਲਾਗੂ ਹੁੰਦੇ ਹਨ, ਮਨੁੱਖ ਦੇ ਨਿਯਮ ਪਰਮ-ਸਤਿ ‘ਤੇ ਨਹੀਂ।
ਪਰਮ-ਸਤਿ ਦੇ ਨਿਰਵੈਰ, ਨਿਰਪੱਖ ਤੇ ਅਨੈਤਿਕ ਹੋਣ ਦੀ ਗੱਲ ਇਕ ਸਦੀਵੀ ਸੱਚ ਹੈ। ਗਿਆਨੀ ਤੇ ਵਿਗਿਆਨੀ ਸਦੀਆਂ ਤੋਂ ਇਸ ਨੂੰ ਰੱਜ ਕੇ ਪਰਤਿਆਂਦੇ ਆ ਰਹੇ ਹਨ ਪਰ ਇਹ ਕਦੇ ਵੀ ਗਲਤ ਨਹੀਂ ਨਿਕਲਿਆ। ਵਿਗਿਆਨ ਦੇ ਸਭ ਨਿਯਮ ਤੇ ਰਾਜ ਦੇ ਸਮਾਨਤਾ ‘ਤੇ ਆਧਾਰਤ ਸਾਰੇ ਕਾਨੂੰਨ ਇਸੇ ਵਡਿਆਈ ਵਿਚੋਂ ਨਿਕਲੇ ਹੋਏ ਹਨ। ਇਸ ਨਿਯਮ ਨੂੰ ਸਤਿ ਦੀ ਵੱਡੀ ਵਡਿਆਈ ਦੇ ਰੂਪ ਵਿਚ ਪਛਾਨਣਾ ਗੁਰੂ ਨਾਨਕ ਦੀ ਵਿਗਿਆਨ ਤੇ ਸਮਾਜ-ਸਾਸ਼ਤਰ ਨੂੰ ਅਦੁੱਤੀ ਦੇਣ ਹੈ।
ਨਿਰਵੈਰ ਦਾ ਤੀਜਾ ਅਰਥ ਬੇ-ਦਖਲ ਰਹਿ ਕੇ ਕਾਰਵਾਈ ਨੂੰ ਨਿਯਮਾਂ ਅਨੁਸਾਰ ਚਲਣ ਦੇਣਾ ਹੈ। ਇਸ ਦਾ ਭਾਵ ਜਿੱਥੇ ਕਾਰਵਾਈ ਨੂੰ ਬੇ-ਰੋਕ ਚਲਣ ਦੇਣ ਦਾ ਹੈ, ਉਥੇ ਵਿਕਾਸ ਦੇ ਹਾਂ-ਪੱਖੀ ਪ੍ਰੋਤਸਾਹਨ ਦਾ ਵੀ ਹੈ। ਸਪਸ਼ਟ ਹੈ ਕਿ ਚਲਦੀ ਕਾਰਵਾਈ ਰੋਕਣ ਨਾਲ ਹੀ ਰੁਕੇਗੀ, ਨਹੀਂ ਤਾਂ ਚਲਦੀ ਜਾਵੇਗੀ। ਵੈਰ ਵਿਰੋਧ ਕਾਰਨ ਵਿਕਾਸ ਰੁਕਦਾ ਹੈ ਤੇ ਇਸ ਦੀ ਅਣਹੋਂਦ ਵਿਚ ਇਹ ਪ੍ਰਫੁਲਿਤ ਹੁੰਦਾ ਹੈ। ਇਸ ਲਈ ਪਰਮ-ਸਤਿ ਦੀ ਨਿਰਵੈਰ ਰਹਿਣ ਦੀ ਪ੍ਰਕਿਰਤੀ ਸੰਸਾਰਕ ਪ੍ਰਗਤੀ ਦੀ ਪ੍ਰਤੀਕ ਹੈ, ਤਬਾਹੀ ਦੀ ਨਹੀਂ। ਗੁਰੂ ਨਾਨਕ ਦੀ ਨਜ਼ਰ (ਨਦਰ) ਚੜ੍ਹੀ ਇਹ ਗੱਲ ਪੁਸ਼ਟੀ ਦੀ ਕਾਇਲ ਨਹੀਂ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਇਹ ਅੱਗੇ ਹੀ ਅੱਗੇ ਪ੍ਰਗਤੀ ਕਰਦੀ ਜਾ ਰਹੀ ਹੈ। ਪਿੱਛੇ ਜਾਣ ਦਾ ਰਾਹ ਹੀ ਕੋਈ ਨਹੀਂ। ਸਮੇਂ ਨੂੰ ਪੁੱਠਾ ਘੁਮਾਉਣ ਵਾਲੀ ਕੋਈ ਵਿਵਸਥਾ ਨਹੀਂ। ਵਿਗਿਆਨ ਵੀ ਕਾਲ ਜੰਤਰ (ਠਮਿe ੰਅਚਹਨਿe) ਦੀ ਕਾਢ ਨਹੀਂ ਕੱਢ ਸਕਿਆ। ਜੀਵ ਜੰਤੂ ਤੇ ਵਨਸਪਤੀ ਛੋਟੇ ਤੋਂ ਵੱਡੇ ਹੀ ਹੁੰਦੇ ਹਨ, ਵੱਡੇ ਤੋਂ ਛੋਟੇ ਨਹੀਂ। ਧਰਤੀ ਕਦੇ ਮੁੜ ਅੱਗ ਦਾ ਗੋਲਾ ਨਹੀਂ ਬਣੀ ਤੇ ਨਾ ਮਨੁੱਖ ਮੁੜ ਬਾਂਦਰ ਬਣਿਆ। ਨਿਰਵੈਰ ਰਹਿ ਕੇ ਪਰਮ-ਸਤਿ ਪ੍ਰਕਿਰਤੀ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ, ਕਦੇ ਇਸ ਦੇ ਖਾਤਮੇ ਵਲ ਰੁੱਖ ਨਹੀਂ ਕਰਦਾ। ਪਰਮ-ਸਤਿ ਦੀ ਇਹ ਵਡਿਆਈ ਇਸ ਦੇ ਚੜ੍ਹਦੀ ਕਲਾ ਵਾਲੇ ਗੁਣ ਨੂੰ ਦਰਸਾਉਂਦੀ ਹੈ ਜਿਸ ਕਾਰਨ ਕੁਦਰਤ ਦੇ ਵਰਤਾਰੇ ਨਿਰਵਿਘਨ ਅੱਗੇ ਤੋਂ ਅੱਗੇ ਘਟਦੇ ਜਾਂਦੇ ਹਨ।
ਗੁਰੂ ਨਾਨਕ ਦਾ ਇਸ ਗੁਣ ਨੂੰ ਪਛਾਣ ਕੇ ਪਰਮ-ਸਤਿ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਵਿਚ ਸ਼ਾਮਲ ਕਰਨਾ, ਉਨ੍ਹਾਂ ਦੀ ਅਨੋਖੀ ਪ੍ਰਤਿਭਾ ਦੀ ਸੂਚਕ ਹੈ। ਭਾਵੇਂ ਹੀਗਲ (੍ਹeਗeਲ) ਨੇ ਗੁਰੂ ਨਾਨਕ ਨੂੰ ਪੜ੍ਹਿਆ ਤਾਂ ਨਹੀਂ ਹੋਵੇਗਾ ਪਰ ਉਸ ਨੇ ਵੀ ਮੰਨਿਆ ਹੈ ਕਿ ਸੰਸਾਰ ਵਿਕਾਸ ਦਾ ਰੁਖ ਪ੍ਰਗਤੀਵਾਦੀ ਹੈ। ਉਸ ਰਾਹੀਂ ਪਰਮ-ਸਤਿ ਦੇ ਇਸ ਗੁਣ ਦੀ ਪ੍ਰੋੜਤਾ ਗੁਰੂ ਸਾਹਿਬ ਦੇ ਵਿਗਿਆਨਕ ਵਿਚਾਰਾਂ ਤੇ ਬੌਧਿਕ ਮਹਾਨਤਾ ਨੂੰ ਇਕ ਸ਼ਰਧਾਂਜਲੀ ਹੈ।
(ਚਲਦਾ)