27 ਜਨਵਰੀ ਦੇ ਅੰਕ ਵਿਚ ਜ਼ਬਰ ਦਾ ਸ਼ਿਕਾਰ ਹੋਈ ਪਾਕਿਸਤਾਨੀ ਬੱਚੀ, 3 ਫਰਵਰੀ ਦੇ ਅੰਕ ਵਿਚ ਬੱਚੀਆਂ ਦੀ ਰਖਵਾਲੀ ਅਤੇ 17 ਫਰਵਰੀ ਦੇ ਅੰਕ ਵਿਚ ਬੱਚੀਆਂ ਨੂੰ ਸਿਹਤਮੰਦ ਢੰਗ ਨਾਲ ਪਾਲਣ ਬਾਰੇ ਡਾ. ਗੁਰਨਾਮ ਕੌਰ ਦੀਆਂ ਲਿਖਤਾਂ ਪੜ੍ਹੀਆਂ। ਔਰਤਾਂ ਵਲੋਂ ਖਬਰ ਤੋਂ ਉਪਰ ਉਠ ਕੇ ਦਰਦ ਮਹਿਸੂਸ ਕਰਨ ਅਤੇ ਹੋ ਰਹੀਆਂ ਵਧੀਕੀਆਂ ਵਿਰੁਧ ਸੰਘਰਸ਼ ਦੀ ਬੇਹਦ ਲੋੜ ਹੈ। ਅਸੀਂ ਅਸਲੀਅਤ ਤੋਂ ਅੱਖਾਂ ਮੀਟਣ ਦਾ ਕਿੰਨਾ ਘਿਨਾਉਣਾ ਰਾਹ ਫੜ੍ਹ ਲਿਆ ਹੈ। ਕੁੜੀਆਂ ਨਾ ਘਰ ਨਾ ਬਾਹਰ, ਕਿਤੇ ਵੀ ਮਹਿਫੂਜ਼ ਨਹੀਂ।
ਅਜਿਹੀ ਹਾਲਤ ਕਿਉਂ ਬਣੀ? ਮੈਂ ਆਪ ਤਿੰਨ ਬੇਟੀਆਂ ਦੀ ਮਾਂ ਹਾਂ ਤੇ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਕੁੜੀ-ਮੁੰਡੇ ਵਿਚ ਫਰਕ ਘਰ ਤੋਂ ਸ਼ੁਰੂ ਹੋ ਜਾਂਦਾ ਹੈ, ਖਾਣ-ਪੀਣ ਤੋਂ ਲੈ ਕੇ ਉਠਣ-ਬੈਠਣ ਦੇ ਟੋਕ ਟੋਕੱਈਏ ਤੱਕ। ਸਾਰੇ ਤਿਉਹਾਰ ਮੁੰਡਿਆਂ ਦੇ ਨਾਂ ‘ਤੇ ਮਨਾ ਕੇ ਕੁੜੀਆਂ ਤੋਂ ਸਿਰਫ ਪੂਜਾ ਟਿੱਕਿਆਂ ਦਾ ਕੰਮ ਹੀ ਲਿਆ ਜਾਂਦਾ ਹੈ। ਪਿਉ ਦੇ ਮਨ ਵਿਚ ਹੀ ਮੁੰਡਿਆਂ ਲਈ ਅਚੇਤ ਤਰਜੀਹ ਬਣੀ ਰਹਿੰਦੀ ਹੈ। ਕੁੜੀਆਂ ਨੂੰ ਵੀ ਪਿਆਰ ਲਾਡ ਸਭ ਮਿਲੀ ਜਾਂਦਾ ਹੈ, ਪਰ ਉਹ ਛੋਟੇ ਹੁੰਦਿਆਂ ਤੋਂ ਹੀ ਘਰ ਦੇ ਕੰਮ ਵਿਚ ਹੱਥ ਵਟਾਉਣਾ ਸ਼ੁਰੂ ਕਰ ਦਿੰਦੀਆਂ ਹਨ ਜਦ ਕਿ ਮੁੰਡੇ ਆਪਣੀ ਖੇਡ ਵਿਚ ਮਸਤ ਰਹਿੰਦੇ ਹਨ। ਮੁੰਡਿਆਂ ਨੂੰ ਉਲੱਥ ਬਣਾਉਣ ਅਤੇ ਕੁੜੀਆਂ ਨੂੰ ਦਬਾਉਣ ਦੀ ਕ੍ਰਿਆ ਹਰ ਘਰ ਵਿਚ ਅਚੇਤ ਚੱਲੀ ਜਾ ਰਹੀ ਹੈ।
ਜੇ ਸਾਰੀ ਸ੍ਰਿਸ਼ਟੀ ਵਿਚ ਨਜ਼ਰ ਮਾਰੀਏ ਤਾਂ ਇੱਕੋ ਇੱਕ ਮਨੁੱਖ ਹੀ ਹੈ ਜਿਸ ਦਾ ਪੇਟ ਤਾਅ ਉਮਰ ਭਰਨ ਦਾ ਫਿਕਰ ਸਿਰਫ ਔਰਤ ਨੂੰ ਹੈ। ਸਵੇਰ ਦਾ ਮੁੱਕਦਾ, ਦੁਪਹਿਰ ਦਾ ਸ਼ੁਰੂ; ਦੁਪਹਿਰ ਦਾ ਮੁੱਕਦਾ, ਸ਼ਾਮ ਦਾ ਸ਼ੁਰੂ। ਬੱਚੇ ਪੈਦਾ ਕਰਨ, ਕਮਾਉਣ ਤੇ ਪਕਾਉਣ ਦਾ ਫਰਜ਼ ਹਰ ਔਰਤ ਨਿਭਾ ਰਹੀ ਹੈ ਅਤੇ ਆਦਮੀ ਤੋਂ ‘ਕੱਲੇ ਕਮਾ ਕੇ ਸਾਰੇ ਟੱਬਰ ਦਾ ਢਿੱਡ ਭਰਨ ਦਾ ਤੇ ਤਨ ਢਕਣ ਦਾ ਕੰਮ ਵੀ ਨਹੀਂ ਕਰ ਹੁੰਦਾ। ਜੇ ਕਮਾਉਂਦਾ ਹੈ ਤਾਂ ਪਕਾਉਣ ਦੀ ਜਿੰਮੇਵਾਰੀ ਨਹੀਂ ਨਿਭਾ ਹੁੰਦੀ। ਮੈਂ ਤਾਂ ਸਿਰਫ ਇਸ ਨਤੀਜੇ ‘ਤੇ ਹੀ ਪਹੁੰਚੀ ਹਾਂ ਕਿ ਕੁਦਰਤ ਨੇ ਬੱਚਾ ਪੈਦਾ ਕਰਨ ਲਈ ਮਾਦਾ ਨੂੰ ਚੁਣਿਆਂ ਕੁੱਲ ਜੀਅ ਜੰਤ ਲਈ, ਪਰ ਮਨੁੱਖ ਨੇ ਇਸ ਵਿਹਲ ਨੂੰ ਔਰਤ ਖਿਲਾਫ ਹੀ ਵਰਤ ਲਿਆ। ਨਸ਼ਾ ਕਰਨਾ, ਜਿੰਮ ਜਾਣਾ, ਘੋਲ ਕਰਨੇ ਸਿਰਫ ਆਪਣਾ ਹੱਕ ਸਮਝ ਲਿਆ। ਹੈ ਤਾਂ ਇਹ ਸਮਾਜਿਕ ਅਧਰੰਗ। ਜਿੰਨਾ ਚਿਰ ਇਸ ਦਾ ਇਲਾਜ ਨਹੀਂ ਹੁੰਦਾ, ਬੱਚੀਆਂ, ਔਰਤਾਂ ਨਾਲ ਇਹ ਕੁਝ ਹੁੰਦਾ ਹੀ ਰਹੇਗਾ। ਮੈਂ ਤਾਂ ਹਰ ਔਰਤ ਨੂੰ ਅਪੀਲ ਕਰਦੀ ਹਾਂ ਕਿ ਤੁਹਾਨੂੰ ਖੁਦ ਨੂੰ ਸਵੈਮਾਣ ਦੀ ਲੋੜ ਹੈ, ਬੱਚੀਆਂ ਨੂੰ ਤਕੜਾ ਕਰੋ, ਨਾ ਕਿ ਹਾਰ ਸ਼ਿੰਗਾਰ ਤੱਕ ਸੀਮਤ ਰੱਖੋ।
-ਦਵਿੰਦਰ ਕੌਰ