ਰਾਤ ਦੀਆਂ ਰਹਿਮਤਾਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ੀਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਵਰਤਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਹੁਣ ਨਵੀਂ ਸ਼ੁਰੂ ਕੀਤੀ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ

ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜ਼ਾਹਰ ਕੀਤਾ ਹੈ। ਪਿਛਲੇ ਲੇਖ ਵਿਚ ਉਨ੍ਹਾਂ ਮਨੁੱਖ ਨੂੰ ਬਿਰਖ ਜਿਹਾ ਜੇਰਾ ਬਣਾਉਣ ਦੀ ਨਸੀਹਤ ਕਰਦਿਆਂ ਕਿਹਾ ਸੀ, “ਪੱਤਿਆਂ ਵਰਗਾ ਬਣਨ ਦਾ ਖਿਆਲ ਮਨ ਵਿਚ ਪੈਦਾ ਕਰ ਤਾਂ ਕਿ ਤੂੰ ਕਦੇ ਕਦਾਈਂ ਤਾਂ ਕਿਸੇ ਦੇ ਕੰਮ ਆ ਸਕੇਂ।” ਹਥਲੇ ਲੇਖ ਵਿਚ ਉਨ੍ਹਾਂ ਰਾਤ ਦੀਆਂ ਨਿਆਮਤਾਂ ਦੀ ਗੱਲ ਕਰਦਿਆਂ ਬੰਦੇ ਵੱਲੋਂ ਕੀਤੀਆਂ ਜਾ ਰਹੀਆਂ ਖਿਆਮਤਾਂ ‘ਤੇ ਗਿਲਾ ਪ੍ਰਗਟਾਇਆ ਹੈ ਕਿ ਅੱਜ ਕੱਲ ਹਰ ਦਿਨ ਹੀ ਰਾਤ ਵਰਗਾ ਅਤੇ ਮਨੁੱਖ ਦਿਨ ਦੇ ਪਿੰਡੇ ‘ਤੇ ਰਾਤ ਦੀ ਨਿਸ਼ਾਨਦੇਹੀ ਕਰਨ ਲੱਗਿਆਂ ਪਲ ਵੀ ਨਹੀਂ ਲਾਉਂਦਾ ਪਰ ਰਾਤ ਦੇ ਮੱਥੇ ‘ਤੇ ਜਦ ਪੁੰਨਿਆਂ ਦੇ ਚੰਨ ਦਾ ਟਿੱਕਾ ਲਿਸ਼ਕੋਰਦਾ ਤਾਂ ਗਵਾਚੇ ਰਾਹਾਂ ਦੇ ਮੱਥਿਆਂ ‘ਤੇ ਵੀ ਮੰਜ਼ਲਾਂ ਦਾ ਸਿਰਨਾਵਾਂ ਉਕਰਿਆ ਜਾਂਦਾ।…ਰਾਤ ਕਈ ਵਾਰ ਸਾਨੂੰ ਜਖਮ ਦਿੰਦੀ, ਪੀੜਤ ਕਰਦੀ, ਨਾ-ਮੁਕਣ ਵਾਲੀ ਉਡੀਕ ਦਾ ਹਸਤਾਖਰ ਬਣਦੀ ਅਤੇ ਰਾਤ ਵਿਚੋਂ ਰਾਤ ਨੂੰ ਮਨਫੀ ਕਰਦੀ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਰਾਤ, ਦਿਨ ਦਾ ਅੰਤਮ ਪੜਾਅ, ਦਿਨ ਭਰ ਦੀ ਥਕਾਵਟ ਲਈ ਅਰਾਮਗਾਹ, ਜੀਵਨੀ ਦੌੜਭੱਜ ਤੋਂ ਰਾਹਤ, ਇਕ ਪੜਾਅ ਦਾ ਸੰਪੂਰਨ ਸਫਰ ਅਤੇ ਬਹੁਤ ਕੁਝ ਚਾਹਿਆ ਤੇ ਅਣਚਾਹਿਆ ਇਸ ਦੀ ਝੋਲੀ ‘ਚ ਪਾਉਣਾ।
ਰਾਤ, ਆਪੇ ਸੰਗ ਰੂਬਰੂ ਹੋਣ ਦਾ ਸਮਾਂ, ਕੀਤੇ ਕਰਮਾਂ ਦਾ ਲੇਖਾ-ਜੋਖਾ ਅਤੇ ਕਿਰਤ ਵਿਚਲੀ ਭਲਿਆਈ ਤੇ ਕਮਾਈ ਦੇ ਅਨੁਪਾਤ ਦਾ ਨਿਰੀਖਣ।
ਰਾਤ, ਦਿਤੇ ਜਖ਼ਮਾਂ, ਸਹੀਆਂ ਪੀੜਾਂ, ਰਿਸਦੇ ਫੱਟਾਂ, ਰੱਖੇ ਫਹੇ ਅਤੇ ਕੀਤੀਆਂ ਮਰ੍ਹਮ-ਪੱਟੀਆਂ ਦੇ ਹਿਸਾਬ-ਕਿਤਾਬ ਦਾ ਸਮਾਂ।
ਰਾਤ, ਮਨੁੱਖ ਵਲੋਂ ਮਨੁੱਖ ਹੋਣ ਦੇ ਭਰਮ ਅਤੇ ਅਸਲੀਅਤ ਵਿਚਲੇ ਫਾਸਲੇ ਨੂੰ ਘਟਾਉਣ ਜਾਂ ਵਧਾਉਣ ਦੀ ਤਹਿਕੀਤਾਤ, ਮਨ-ਚੋਰ ਨੂੰ ਕਾਬੂ ਵਿਚ ਰੱਖਣ ਲਈ ਕੀਤੇ ਉਪਰਾਲੇ ਅਤੇ ਵਾਗਾਂ ਨੂੰ ਢਿੱਲਾ ਛੱਡਣ ਕਾਰਨ ਹੋਈਆਂ ਖੁਨਾਮੀਆਂ ਦੀ ਪਹਿਚਾਣ।
ਰਾਤ ਕਈ ਪਹਿਰਾਂ ਵਿਚ ਵੰਡੀ। ਹਰ ਪਹਿਰ ਦਾ ਆਪਣਾ ਮਹੱਤਵ, ਕਾਰਜ-ਖੇਤਰ, ਰਹਿਤਲ ਅਤੇ ਤਾਸੀਰ ਜਿਸ ਵਿਚੋਂ ਹੁੰਦੀ ਮਨੁੱਖੀ ਕਿਰਦਾਰ ਦੀ ਪਛਾਣ। ਰਾਤ ਦਾ ਪਹਿਲਾ ਪਹਿਰ ਥਕਾਵਟ ਭਰੇ ਜਿਸਮਾਂ ਨੂੰ ਅਰਾਮ ਦਾ ਸੱਦਾ, ਮਨ ਵਿਚ ਪੈਦਾ ਹੋਈਆਂ ਖਾਹਸ਼ਾਂ ਦਾ ਆਵੇਗ। ਜਿਸਮਾਨੀ ਲੋੜਾਂ ਦੀ ਪੂਰਤੀ ਦਾ ਖਿਆਲ ਅਤੇ ਜਾਹੋ-ਜਲਾਲ ਵਿਚ ਭਿਜਿਆ ਮਨੁੱਖੀ ਮਲਾਲ। ਅੱਧਿਓਂ ਟੱਪੀ ਰਾਤ ਵਿਚ ਉਮਡਦਾ ਸੁਪਨ-ਸੰਸਾਰ ਅਤੇ ਅੰਮ੍ਰਿਤ ਵੇਲਾ ਆਪੇ ਸੰਗ ਗੁਫਤਗੂ ਕਰਨ ਦਾ ਖਿਆਲ।
ਰਾਤ, ਕਦੇ ਮੱਸਿਆ ਨੂੰ ਤਨ ‘ਤੇ ਹੰਢਾਉਂਦੀ, ਕਾਲੇ ਪਹਿਰਾਂ ਦੀ ਸੰਗਤ ਵਿਚੋਂ ਖੁਦ ਦਾ ਵਿਸਥਾਰ ਕਰਦੀ। ਕਈ ਵਾਰ ਕਾਲੀਆਂ ਰਾਤਾਂ ਯੁੱਗਾਂ ਵਾਂਗ ਲੰਮੇਰੀਆਂ ਹੋ ਜਾਂਦੀਆਂ ਜਦ ਕਿਸੇ ਦੇ ਨੈਣਾਂ ਵਿਚ ਉਤਰੀ ਉਡੀਕ, ਨੀਂਦ ਨੂੰ ਅਲਵਿਦਾ ਕਹਿ ਦੇਵੇ, ਸੰਦਲੀ ਰੁੱਤ ਵਿਚ ਤ੍ਰਿਹਾਈ ਨੀਝ ਨਾਲ ਸੱਖਣੇਪਨ ਦਾ ਸੰਤਾਪ ਹੰਢਾਉਣਾ ਪਵੇ ਜਾਂ ਪਰਦੇਸੀ ਪੁੱਤਰ ਨੂੰ ਉਡੀਕਦੇ ਮਾਪਿਆਂ ਦੀ ਅੱਖਾਂ ਦੀ ਲੋਅ, ਰਾਹਾਂ ਨਿਹਾਰਨ ਤੋਂ ਅਸਮਰਥ ਹੋ ਜਾਵੇ।
ਰਾਤ, ਪੜਾਕੂਆਂ ਲਈ ਵਰਦਾਨ। ਡੂੰਘੀ ਪਸਰੀ ਚੁੱਪ ਵਿਚ ਅੱਖਰਾਂ ਨਾਲ ਸੰਵਾਦ ਰਚਾਉਣਾ, ਗਿਆਨ-ਗੋਸ਼ਟ ਨੂੰ ਅੰਤਰੀਵ ਵਿਚ ਉਤਾਰਨਾ ਅਤੇ ਇਸ ਵਿਚੋਂ ਸੁਪਨਿਆਂ ਦੇ ਸੱਚ ਨੂੰ ਕਿਆਸਣਾ, ਰਾਤ ਦਾ ਸੁੱਚਾ ਸ਼ਰਫ।
ਰਾਤ ਦੇ ਮੱਥੇ ‘ਤੇ ਜਦ ਪੁੰਨਿਆਂ ਦੇ ਚੰਨ ਦਾ ਟਿੱਕਾ ਲਿਸ਼ਕੋਰਦਾ ਤਾਂ ਗਵਾਚੇ ਰਾਹਾਂ ਦੇ ਮੱਥਿਆਂ ‘ਤੇ ਵੀ ਮੰਜ਼ਲਾਂ ਦਾ ਸਿਰਨਾਵਾਂ ਉਕਰਿਆ ਜਾਂਦਾ। ਬੁੱਕਲ ਵਿਚਲੇ ਚੰਦ ਦੀ, ਅੰਬਰ ਦੇ ਚੰਨ ਨਾਲ ਕਲੋਲ ਕਰਦਿਆਂ, ਯੁੱਗਾਂ ਵਰਗੀ ਰਾਤ, ਪਲਾਂ ‘ਚ ਬੀਤਦੀ ਅਤੇ ਰਾਤ ਦੇ ਨਿੱਕੀ ਜਿਹੀ ਹੋਣ ਦਾ ਉਲਾਂਭਾ ਰੱਬ ਦੀ ਝੋਲੀ ‘ਚ ਧਰਦੀ।
ਚਾਨਣੀਆਂ ਰਾਤਾਂ ਵਿਚ ਚਾਨਣ ਨਾਲ ਭਰੀਆਂ ਬਾਤਾਂ, ਅਬੋਲ ਰਹਿ ਕੇ ਵੀ ਬਹੁਤ ਕੁਝ ਕਹਿ ਜਾਣ ਦਾ ਹੁਨਰ ਅਤੇ ਮਾਸੂਮ ਹਰਕਤਾਂ ਵਿਚਲਾ ਸੰਵਾਦ, ਜੀਵਨੀ ਧਰਾਤਲ ਦੀਆਂ ਅਮਿੱਟ ਯਾਦਾਂ ਦਾ ਅਮੁੱਕ ਖਜ਼ਾਨਾ ਜਿਸ ਨੂੰ ਕਦੇ ਵੀ ਖਰਚਿਆ ਜਾ ਸਕਦਾ।
ਰਾਤ, ਜਦ ਕੁਲਹਿਣੀ ਬਣ ਕੇ ਪਿੰਡ ਜਾਂ ਦਰ ‘ਤੇ ਦਸਤਕ ਦੇਵੇ ਤਾਂ ਮੌਤ ਦੀ ਕੁਰਲਾਹਟ ਫਿਜ਼ਾ ਵਿਚ ਰੁਮਕਦੀ। ਅਜਿਹੇ ਪਹਿਰਾਂ ਹੇਠ ਬਿਤਾਈਆਂ ਕਾਲੀਆਂ ਰਾਤਾਂ ਦਾ ਚੇਤਾ, ਝੁਣਝੁਣੀ ਪੈਦਾ ਕਰਕੇ, ਇਕ ਕੰਬਣੀ ਮਨ ਦੀ ਜੂਹੇ ਧਰ ਜਾਂਦਾ ਜਿਸ ਨੂੰ ਮਸਾਂ ਹੀ ਚੇਤਿਆਂ ਦੀ ਚੰਗੇਰ ਵਿਚੋਂ ਮਨਫੀ ਕੀਤਾ ਹੁੰਦਾ ਏ।
ਰਾਤ, ਜਦ ਜਾਗਣ ਦੇ ਰਾਹ ਤੋਰ ਲਵੇ ਤਾਂ ਜੀਵਨੀ ਤੋਰ ਵਿਚ ਅਸਾਵਾਂਪਨ ਪੈਦਾ ਹੁੰਦਾ ਜੋ ਜੀਵਨ ਦੇ ਸਮਤੋਲ ਨੂੰ ਡਗਮਗਾਉਂਦਾ, ਸਰੀਰਕ ਅਤੇ ਮਾਨਸਿਕ ਜਰੂਰਤਾਂ ਤੇ ਕ੍ਰਿਆਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ। ਅਜਿਹਾ ਅਜੋਕੀ ਜੀਵਨੀ ਸ਼ੈਲੀ ਵਿਚ ਵਾਪਰ ਰਿਹਾ ਏ ਕਿਉਂਕਿ ਅਸੀਂ ਕੁਦਰਤ ਦੀ ਅਵੱਗਿਆ ਕਰਕੇ, ਰਾਤ ਨੂੰ ਕੰਮ ਕਰਨ ਦਾ ਇਕ ਨਵਾਂ ਰੁਝਾਨ ਜੀਵਨ ਦੇ ਨਾਮ ਕੀਤਾ ਏ।
ਰਾਤ ਭਰ ਜਾਗਣ ਦਾ ਦਰਦ, ਪੀੜ ਵਿਚ ਕਰਾਹੁੰਦੇ ਰੋਗੀ, ਉਮਰਾਂ ਵਰਗੀ ਉਡੀਕ, ਸਾਥੀ ਦੇ ਟੁੱਟਦੇ ਸਾਹਾਂ ਦੀ ਗਿਣਤੀ ਜਾਂ ਮਿੱਟੀ ਬਣੇ ਪਿਆਰੇ ਕੋਲ ਬਹਿਣ ਨੂੰ ਕਿਆਸਣਾ। ਇਉਂ ਲੱਗਦਾ ਕਿ ਸਮਾਂ ਰੁਕ ਗਿਆ ਹੋਵੇ ਅਤੇ ਕੁਝ ਘੰਟਿਆਂ ਦੀ ਸੰਨਾਟੇ ਭਰੀ ਰਾਤ, ਚੀਸਾਂ ਤੇ ਲੇਰਾਂ ਨਾਲ ਬੁੜਬੜਾਉਂਦੀ, ਮੁੱਕਣ ਦਾ ਨਾਮ ਹੀ ਨਹੀਂ ਲੈਂਦੀ।
ਰਾਤ ਦੀ ਕੁੱਖ ਵਿਚੋਂ ਹੀ ਸੂਰਜ ਜਨਮਦਾ ਜੋ ਸਵੇਰ ਦੀ ਆਮਦ ਬਣਦਾ, ਹਨੇਰ ਦੇ ਪਿੰਡੇ ‘ਤੇ ਚਾਨਣ ਤ੍ਰੌਂਕਦਾ ਅਤੇ ਸਿੱਲੇ ਸਿੱਲੇ ਮੌਸਮਾਂ ਵਿਚ ਕੋਸੇ ਕੋਸੇ ਚਾਨਣ ਦੀਆਂ ਕਾਤਰਾਂ ਵਰਤਾਉਂਦਾ, ਤ੍ਰੇਲ ਭਿੱਜੀਆਂ ਰਹਿਤਲਾਂ ਨੂੰ ਜਨਮ ਦਿੰਦਾ। ਰਾਤ, ਇਕ ਆਸ ਨੂੰ ਜਨਮ ਦਿੰਦੀ ਜਦ ਅਸੀਂ ਸਰਘੀ ਨੂੰ ਜੀ ਆਇਆਂ ਕਹਿੰਦੇ ਅਤੇ ਨਵੇਂ ਦਿਸਹੱਦਿਆਂ ਤੇ ਨਵੀਆਂ ਰਾਹਾਂ ਨੂੰ ਪੈੜਾਂ ਬਣਨ ਦਾ ਮਾਣ ਬਖਸ਼ਦੇ।
ਰਾਤ ਹੀ ਹੁੰਦੀ ਜਦ ਅਸੀਂ ਸੁਪਨਿਆਂ ਦੀ ਨਗਰੀ ਦੇ ਵਾਸੀ ਬਣ, ਸੁਪਨਿਆਂ ਦੀ ਤਸ਼ਬੀਹ ਸਿਰਜਦੇ, ਸੁਪਨਿਆਂ ਸੰਗ ਹੱਸਦੇ-ਖੇਡਦੇ, ਸੁਪਨਿਆਂ ਵਿਚੋਂ ਹੀ ਅਸੀਮ ਖੁਸ਼ੀਆਂ ਅਤੇ ਅਨੰਦ ਦੇ ਪਲ ਮਾਣਦੇ, ਜੀਵਨ-ਤਲੀ ‘ਤੇ ਸੁੱਚੇ ਵੇਲਿਆਂ ਦੀ ਚੋਗ ਧਰਦੇ।
ਰਾਤ ਕਈ ਵਾਰ ਸਾਨੂੰ ਜਖ਼ਮ ਦਿੰਦੀ, ਪੀੜਤ ਕਰਦੀ, ਨਾ-ਮੁਕਣ ਵਾਲੀ ਉਡੀਕ ਦਾ ਹਸਤਾਖਰ ਬਣਦੀ ਅਤੇ ਰਾਤ ਵਿਚੋਂ ਰਾਤ ਨੂੰ ਮਨਫੀ ਕਰਦੀ।
ਰਾਤ, ਸੂਰਜ ਦਾ ਧਰਤੀ ਦੇ ਇਕ ਪਾਸੇ ਤੋਂ ਦੂਰ ਜਾਣਾ ਪਰ ਦੂਸਰੇ ਪਾਸੇ ਦੀ ਬੀਹੀ ਵਿਚ ਡੇਰਾ ਲਾਣਾ। ਰਾਤ ਸਮੇਂ ਛੁਪਿਆ ਸੂਰਜ ਨਿਰੰਤਰਤਾ ਦਾ ਨਾਮ। ਧਰਤੀ ਦਾ ਆਪਣੇ ਧੁਰੇ ਦੁਆਲੇ ਘੁੰਮਣ ਨਾਲ ਦਿਨ ‘ਤੇ ਰਾਤ ਬਣਦੇ ਜਦ ਕਿ ਸੂਰਜ ਦੁਆਲੇ ਘੁੰਮਣ ਨਾਲ ਧਰਤੀ ਦੀ ਹਿੱਕ ‘ਤੇ ਰੁੱਤਾਂ ਦਾ ਵਰਤਾਰਾ ਸਿਰਜਿਆ ਜਾਂਦਾ।
ਰਾਤ, ਰਾਹਾਂ, ਰਹਿਬਰਾਂ, ਰਹਿਤਲਾਂ ਅਤੇ ਰਾਮਰਾਜ਼ਾਂ ਨੂੰ ਆਪਣੇ ਸੀਨੇ ਵਿਚ ਸਮੋਈ, ਬਹੁ-ਪਰਤਾਂ ਫਰੋਲਦੀ, ਅਸੀਮਤ ਵਰਤਾਰਿਆਂ ਦੀ ਜਨਮ ਦਾਤੀ।
ਰਾਤ, ਰਾਤ ਦੇ ਹਨੇਰੇ ਵਿਚ ਹੁੰਦੀਆਂ ਘਟਨਾਵਾਂ, ਕ੍ਰਿਆਵਾਂ ਅਤੇ ਕਥਾਵਾਂ ਦੀ ਚਸ਼ਮਦੀਦ ਗਵਾਹ। ਸ਼ਹੀਦ ਭਗਤ ਸਿੰਘ ਦੀ ਰਾਤ ਵੇਲੇ ਹੋਈ ਸ਼ਹਾਦਤ ਅਤੇ ਸਤਲੁਜ ਦੇ ਪਾਣੀਆਂ ਵਿਚ ਅੱਧਸੜੇ ਜਿਸਮਾਂ ਨੂੰ ਵਹਾਉਣ ਦੀ ਯਾਦ, ਸਤਲੁਜ ਦੇ ਨੈਣਾਂ ਵਿਚੋਂ ਹੁਣ ਵੀ ਨੀਰ ਸਿੰਮਣ ਲਾ ਦਿੰਦੀ ਏ।
ਰਾਤ ਦੇ ਗਰਭ ਵਿਚ ਬਹੁਤ ਕੁਝ ਅਛੋਪਲੇ ਜਿਹੇ ਹੀ ਵਾਪਰ ਜਾਂਦਾ ਜਿਸ ਦਾ ਰਾਤ ਨੂੰ ਵੀ ਕਿਆਸ ਨਹੀਂ ਹੁੰਦਾ। ਪਰ ਅਜੋਕੇ ਸਮਿਆਂ ਦਾ ਕੇਹਾ ਵਰਤਾਰਾ ਕਿ ਅੱਜ ਕੱਲ ਹਰ ਦਿਨ ਹੀ ਰਾਤ ਵਰਗਾ ਅਤੇ ਮਨੁੱਖ ਦਿਨ ਦੇ ਪਿੰਡੇ ‘ਤੇ ਰਾਤ ਦੀ ਨਿਸ਼ਾਨਦੇਹੀ ਕਰਨ ਲੱਗਿਆਂ ਪਲ ਵੀ ਨਹੀਂ ਲਾਉਂਦਾ।
ਰਾਤ, ਰੱਤ ਲਿਬੜੇ ਪਲਾਂ ਵਿਚ ਭਿਉਂਤੀ, ਆਪਣੇ ਆਪ ਤੋਂ ਵੀ ਸ਼ਰਮਸ਼ਾਰ ਹੁੰਦੀ ਜਦ ਕੋਈ ਜਾਬਰ, ਰਾਤ ਦੇ ਓਹਲੇ ਵਿਚ ਮਾਸੂਮ ਕਲੀ ਨੂੰ ਮਧੋਲਦਾ, ਚਿੱਟੀ ਚੁੰਨੀ ਨੂੰ ਦਾਗਦਾਰ ਕਰ ਲੀਰਾਂ ਕਰ ਦਿੰਦਾ ਅਤੇ ਰਾਤ ਦੀ ਹਿੱਕ ਵਿਚ ਇਕ ਸਦੀਵੀ ਹਉਕਾ ਧਰਿਆ ਜਾਂਦਾ।
ਰਾਤਾਂ ਜਦ ਲੰਮੀਆਂ ਹੋਣ ਲੱਗ ਪੈਣ ਤਾਂ ਮਨ ਕਿਸੇ ਅਦਿੱਖ ਡਰ ਨਾਲ ਆਪਣੇ ਚਾਵਾਂ ਦੇ ਖੰਭ ਕੁਤਰਦਾ, ਨੁੱਕਰ ਵਿਚ ਸੁੰਗੜਦਾ, ਖੁਦ ਤੋਂ ਵੀ ਸਹਿਮਣ ਲੱਗ ਪੈਂਦਾ।
ਰਾਤ ਦੀ ਇਲਾਹੀ ਚੁੱਪ ਵਿਚ ਮਨੁੱਖ ਆਪੇ ਨਾਲ ਇਕਸੁਰ ਤੇ ਇਕਸਾਰ ਅਤੇ ਇਸ ਵਿਚੋਂ ਹੀ ਉਪਜਦਾ ਏ ਨਾਦੀ ਰਾਗ, ਇਲਹਾਮੀ ਕਿਰਤ-ਕਰਮ ਅਤੇ ਅਨੂਠਾ ਸ਼ਬਦ-ਸੰਵਾਦ ਜੋ ਬਣਦਾ ਏ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਮੁਹਾਂਦਰਾ। ਪਰ ਬਹੁਤ ਸੀਮਤ ਲੋਕ ਨੇ ਜੋ ਅਜਿਹੀ ਚੁੱਪ ਨੂੰ ਆਪਣੀ ਬੁੱਕਲ ਵਿਚ ਸਮੇਟ, ਆਪਣੇ ਸੰਗ ਸੰਵਾਦ ਕਰਨ ਨੂੰ ਤਰਜ਼ੀਹ ਦਿੰਦੇ।
ਰਾਤ ਦੀ ਜੂਹੇ ਜਦ ਹਰਫਾਂ ਦੇ ਦੀਪ ਜਗਮਗ ਕਰਦੇ, ਸੁਹਜ ਦੇ ਆਲ੍ਹੇ ਵਿਚ ਚਿਰਾਗ ਧਰੇ ਜਾਂਦੇ ਅਤੇ ਮਸਤਕ ਬਨੇਰਿਆਂ ‘ਤੇ ਮੋਮਬੱਤੀ ਜਗਦੀਆਂ ਤਾਂ ਰਾਤ ਨੂੰ ਨਵੇਂ ਚਾਨਣ-ਰਾਹਾਂ ਦੀ ਸੂਹ ਮਿਲਦੀ।
ਰਾਤ, ਰਮਜ਼ਾਂ, ਰਹਿਮਤਾਂ ਅਤੇ ਰੰਗੀਨੀਆਂ ਦੀ ਸਮਤੋਲਤਾ ਵਿਚੋਂ ਜਦ ਆਪਣੇ ਆਪ ਨੂੰ ਕਿਆਸਦੀ ਤਾਂ ਇਸ ਦੀ ਜੂਹ ਵਿਚ ਨਵੇਂ ਕੀਰਤੀਮਾਨ, ਸੰਵੇਦਨਾਵਾਂ, ਸੰਭਾਵਨਾਵਾਂ ਅਤੇ ਸਾਰਥਕਤਾ ਦਾ ਵਿਸ਼ੇਸ਼ਣ ਹੁੰਦਾ ਅਤੇ ਮਨੁੱਖ ਇਨ੍ਹਾਂ ਵਿਚੋਂ ਆਪਣੀ ਸ਼ਨਾਖਤ ਸਿਰਜਦਾ।
ਰਾਤ, ਰੇਤੀਲੇ ਸਫਰਾਂ ਦੀ ਹਮਰਾਜ਼, ਤਿਲਕਦੇ ਰਾਹਾਂ ‘ਚ ਹਮਜੋਲੀ ਅਤੇ ਤਿੜਕਦੇ ਵਿਸ਼ਵਾਸਾਂ ਤੇ ਆਸਾਂ ਵਿਚ ਨਵੀਂ ਆਸ ਤੇ ਧਰਵਾਸ ਦਾ ਨਾਮਕਰਨ।
ਰਾਤ ਦੀ ਬੀਹੀ ਵਿਚ ਚੁੱਪ ਦਾ ਰਾਗ ਸੁਣਨਾ ਅਤੇ ਆਪਣੇ ਇਕੱਲ ਨੂੰ ਇਸ ਰਾਗ ਸੰਗ ਭਰਨਾ। ਖੁਦ ਦੇ ਵਿਸਥਾਰ ਵਿਚੋਂ ਆਪਣੀਆਂ ਪੈੜਾਂ ਨੂੰ ਨਵੀਆਂ ਦਿਸ਼ਾਵਾਂ ਦੇਣ ਦਾ ਤਰੱਦਦ ਕਰਨਾ, ਤੁਹਾਨੂੰ ਖੁਦ ਵਿਚੋਂ ਖੁਦਾ ਨੂੰ ਪਹਿਚਾਨਣ ਦਾ ਹੁਨਰ ਆ ਜਾਵੇਗਾ।
ਰਾਤ ਆਪਣੇ ਰੰਗਾਂ ਵਿਚ ਰੰਗੀ ਖੁਦ ਦੀ ਪਛਾਣ ਸਿਰਜਦੀ: ਰਾਤ ਹਲੀਮੀ, ਰਾਤ ਰੰਗੀਲੀ, ਰਾਤ ਇਕ ਰਾਹਗੀਰ। ਰਾਤ ਕਾਲਾ ਚੋਲਾ ਪਹਿਨੀ, ਗਾਉਂਦਾ ਮਸਤ ਫਕੀਰ। ਰਾਤ ਅੰਬਰੋਂ ਲਹਿੰਦਾ ਆਵੇ, ਸ਼ਖਸ ਇਕ ਦਿਲਗੀਰ। ਰਾਤ ਦੀ ਵਹਿੰਗੀ ਢੋਂਦਾ, ਸਮੇਂ ਦਾ ਆਲਮਗੀਰ। ਰਾਤ ਦੇ ਪਿੰਡੇ ‘ਤੇ ਲਿਸ਼ਕਦੀ, ਤਾਰਿਆਂ ਦੀ ਫੁਲਕਾਰੀ। ਰਾਤ ਦੀ ਚੱਕੀ ਝੋਂਦੇ ਝੋਂਦੇ, ਕੂੰਜਾਂ ਭਰਨ ਉਡਾਰੀ। ਰਾਤਾਂ ਨੂੰ ਗਾਉਂਦੇ ਜੁਗਨੂੰ, ਚਾਨਣ-ਰੱਤੇ ਰਾਗ। ਰਾਤ ਹੀ ਲਾਉਂਦੀ ਟਾਹਣੀਆਂ, ਫੁੱਲਾਂ ਰੱਤੜਾ ਭਾਗ। ਰਾਤ ਬਿਨਾ ਨਾ ਦਿਨ ਦੀ ਹੋਂਦ, ਨਾ ਹੀ ਚੰਨ ਦਾ ਵਾਸਾ। ਰਾਤ ਬਿਨਾ ਨਾ ਅੰਬਰ-ਜੂਹੇ, ਤਾਰਿਆਂ ਦਾ ਨਿਰਛੱਲ ਹਾਸਾ। ਰਾਤ ਨੂੰ ਰਾਤ ਦੇ ਵਿਹੜੇ, ਜਦ ਪੈਂਦੀ ਰਾਤ ਬਿਤਾਉਣੀ। ਤਾਂ ਰਾਤ ਵੀ ਕਿਸੇ ਦੇ ਸੋਚੀਂ, ਬਣ ਪ੍ਰਾਹੁਣੀ ਆਉਣੀ। ਰਾਤ ਦਾ ਨਗਮਾ ਜਿਸ ਨੇ, ਹੋਠੀਂ ਗੁਣਗਣਾਇਆ। ਉਸ ਨੇ ਰਾਤ-ਅਲਹਾਮ ਨੂੰ, ਖੁਦ ਵਿਚ ਰਮਾਇਆ। ਰਾਤ ਦੇ ਗੁੱਝੇ ਭੇਤਾਂ ਨੂੰ, ਜਿ ਸਨੇ ਸਮਝ ਲਿਆ। ਸਮਝੋ! ਉਸ ਨੇ ਆਪਣੇ ਵਿਚੋਂ, ਖੁਦਾ ਨੂੰ ਪਾ ਲਿਆ।
ਚਾਨਣੀਆਂ ਰਾਤਾਂ ਵਿਚ ਤਾਰਿਆਂ ਦੀ ਚਮਕ ਮਧਮ ਹੁੰਦੀ ਜਦ ਕਿ ਕਾਲੀਆਂ ਰਾਤਾਂ ਵਿਚ ਚਮਕਦੇ ਤਾਰੇ ਰੌਸ਼ਨੀ ਵੰਡਦੇ, ਜੀਵਨ ਰਾਹਾਂ ਨੂੰ ਰੁਸ਼ਨਾਉਂਦੇ, ਪੈੜਾਂ ਦੀ ਧਰਾਤਲ ਸਿਰਜ ਜਾਂਦੇ।
ਰਾਤ ਸਦਾ ਨਹੀਂ ਰਹਿੰਦੀ। ਆਖਰ ਰਾਤ ਨੇ ਅਲਵਿਦਾ ਹੋਣਾ ਹੁੰਦਾ ਅਤੇ ਸੂਰਜ ਨੇ ਧਰਤ ਦੇ ਵਿਹੜੇ ਦਸਤਕ ਦੇਣੀ ਹੁੰਦੀ। ਹਨੇਰਾ ਆਪਣੀ ਸਫ ਲਪੇਟ, ਅਗਲੀ ਰਾਤ ਦੇ ਮੁਸਾਫਰ ਬਣਨ ਦੀ ਲੋਚਾ ਮਨ ਵਿਚ ਪਾਲਣ ਲੱਗ ਪੈਂਦਾ।
ਰਾਤ ਕਿੰਨੀ ਵੀ ਡਰਾਉਣੀ ਹੋਵੇ। ਇਸ ਦੀ ਜੂਹੇ ਜਗਦੇ ਤਾਰੇ ਤੁਹਾਡੀ ਆਸ ਜਗਾਉਂਦੇ। ਤੁਹਾਡੀ ਚਾਲ-ਢਾਲ ਅਤੇ ਬੋਲਾਂ ਵਿਚ ਨਿਡਰਤਾ ਭਰਦੇ, ਦੁਸ਼ਵਾਰੀਆਂ ਦੇ ਰੂਬਰੂ ਹੋਣ ਦੀ ਹਿੰਮਤ ਦਿੰਦੇ। ਤਾਰੇ ਤਾਂ ਤਾਰੇ ਨੇ ਆਖਰ। ਇਕ ਜੁਗਨੂੰ ਵੀ ਰਾਤ ਅੱਗੇ ਹਿੱਕ ਡਾਹੁਣ ਦੀ ਹਿੰਮਤ ਰੱਖਦਾ ਏ।
ਕਦੇ ਕਦੇ ਰਾਤ ਹਰਫਾਂ ਦੀ ਸਰਦਲ ‘ਤੇ ਕਾਮਨਾ ਧਰਦੀ: “ਮਨ ਕਰਦੈ ਸੁੰਨੀ ਰਾਤ ਨੂੰ, ਰੰਗੀਂ ਵੱਸਦੀ ਕਰ ਆਵਾਂ। ਇਸ ਦੀ ਸੱਖਣੀ ਝੋਲੀ ‘ਚ, ਦਗਦਾ ਸੂਰਜ ਧਰ ਆਵਾਂ। ਰਾਤ ਦੀ ਜੂਨ ਵੀ ਕੇਹੀ ਏ ਜੋ ਚੁੱਪ ਦੀ ਚਰਖੀ ਚੜ੍ਹਦੀ, ਜੀਅ ਕਰਦੈ ਸੁੰਨ-ਸਮਾਧੀ ‘ਤੇ, ਬੋਲ-ਸ਼ਗੂਫਾ ਧਰ ਆਵਾਂ। ਰਾਤ ਦਾ ਪਿੰਡਾ ਤਾਂਬੇ ਰੰਗਾ, ਨਿੱਤ ਹਨੇਰਾ ਗੱਭਣ ਕਰਦਾ, ਜੂਠੀ ਕੁੱਖ ਦੀ ਤਸਬੀ ਨੂੰ, ਪੂਰੇ ਚੰਨ ਨਾਲ ਭਰ ਆਵਾਂ। ਜਦ ਸੂਰਜ ਛਿਪੇ ਸ਼ਾਮਾਂ ਨੂੰ, ਤੇ ਹਨੇਰਾ ਉਗਦਾ ਰਾਤਾਂ ਨੂੰ, ਮਨ ਕਰੇ ਕਲਮਾਂ ਦੇ ਤਾਰੇ, ਰਾਤ-ਬਗੀਚੀ ਧਰ ਆਵਾਂ। ਰਾਤ ਦਾ ਰੋਣਾ ਰਾਤਾਂ ਨੂੰ, ਰਾਤਾਂ ਦੀ ਨੀਂਦ ਹੰਗਾਲਦਾ ਏ, ਵਾ-ਰੁਮਕਣੀ ਨਾਲ ਸਹਿਲਾ ਕੇ, ਲੋਰੀ ਹੋਠੀਂ ਕਰ ਆਵਾਂ। ਰਾਤ ਦੇ ਰਾਹੀਆਂ ਹਨੇਰਾ ਢੋਣਾ, ਆਸ ਚਾਨਣ ਦੀ ਰੱਖ ਕੇ, ਜੁਗਨੂੰਆਂ ਦੀ ਇਕ ਮੁੱਠੀ ਨੂੰ, ਰਾਤ ਦੇ ਨਾਵੇਂ ਕਰ ਆਵਾਂ।”
ਰਾਤ, ਸਿਰਫ ਸੌਣ ਜਾਂ ਅਰਾਮ ਕਰਨ ਲਈ ਹੀ ਨਹੀਂ ਹੁੰਦੀ। ਦਰਅਸਲ ਰਾਤ ਨਵੇਂ ਵਿਚਾਰਾਂ, ਸੁਪਨਿਆਂ ਅਤੇ ਸੰਭਾਵਨਾਵਾਂ ਨੂੰ ਕਿਆਸਣ, ਤਲਾਸ਼ਣ ਅਤੇ ਪ੍ਰਾਪਤ ਕਰਨ ਦੇ ਆਹਰ ਦਾ ਸ਼ੁਭ-ਆਗਮਨ।
ਰਾਤ ਦੀ ਜੂਹੇ ਜਾਣ ਤੋਂ ਪਹਿਲਾਂ ਅਸੀਂ ਆਉਣ ਵਾਲੀ ਸਵੇਰ ਨੂੰ ਤੁਸੱਵਰ ਕਰਦੇ ਹਾਂ। ਸਾਡੇ ਸੁਪਨਿਆਂ ਅਤੇ ਨੀਂਦ ਵਿਚ ਸਵੇਰ ਦੀ ਆਸ ਅੰਗੜਾਈਆਂ ਭਰਦੀ। ਅਸੀਂ ਸਵੇਰ ਦੀਆਂ ਬਰੂਹਾਂ ਵਿਚ ਤ੍ਰੇਲ-ਤੁਪਕੇ ਡੋਲ, ਰਾਤ ਨੂੰ ਅਲਵਿਦਾ ਕਹਿੰਦੇ।