ਸ਼ਰਧਾ ਦੀ ਸਿਆਸਤ

ਪ੍ਰਥਮ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਗਲੇ ਸਾਲ ਮਨਾਇਆ ਜਾਣਾ ਹੈ। ਗੁਰੂ ਜੀ ਦੇ ਸੁਨੇਹੇ ਦੇ ਉਲਟ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿਆਸਤ ਸ਼ੁਰੂ ਵੀ ਹੋ ਚੁਕੀ ਹੈ। ਇਸ ਲੇਖ ਵਿਚ ਡਾ. ਬਲਕਾਰ ਸਿੰਘ ਨੇ ਸਿਆਸਤ ਤੋਂ ਉਪਰ ਉਠ ਕੇ ਪ੍ਰਕਾਸ਼ ਪੁਰਬ ਸਿੱਖੀ ਭਾਵਨਾ ਨਾਲ ਮਨਾਉਣ ਦਾ ਸੁਨੇਹਾ ਦਿੱਤਾ ਹੈ।

-ਸੰਪਾਦਕ

ਡਾ. ਬਲਕਾਰ ਸਿੰਘ ਪਟਿਆਲਾ
ਬਿਜਲਈ ਮੀਡੀਆ ਨੇ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਉਸ ਨੂੰ ਲੈ ਕੇ ਪ੍ਰਿੰਟ ਮੀਡੀਆ ਵੀ ਸ਼ਰਮਸਾਰ ਹੋਇਆ ਮਹਿਸੂਸ ਕਰਨ ਲੱਗ ਪਿਆ ਹੈ। ਚੈਨਲਾਂ ਦੇ ਐਂਕਰ, ਜਿਵੇਂ ਨਿਮੰਤ੍ਰਿਤ ਬੁਲਾਰਿਆਂ ਨਾਲ ਵਧੀਕੀਆਂ ਕਰਦੇ ਨਜ਼ਰ ਆਉਂਦੇ ਹਨ, ਉਸ ਨਾਲ ਇਹ ਲੱਗਣ ਲੱਗ ਪੈਂਦਾ ਹੈ ਕਿ ਮਿੰਟਾਂ ਵਾਸਤੇ ਘੰਟੇ ਬਰਬਾਦ ਕਰਨ ਵਾਲੇ ਬੁਲਾਰੇ ਕਿਸ ਮਜਬੂਰੀ ਦੀ ਸਜ਼ਾ ਭੁਗਤ ਰਹੇ ਹਨ?
ਮੁੱਦਾ ਕੋਈ ਵੀ ਹੋਵੇ, ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਆਪੋ ਆਪਣਾ ਸਿਆਸੀ ਰਾਗ ਅਲਾਪਦੇ ਅਲਾਪਦੇ ਏਨੇ ਸ਼ੋਰੀਲੇ ਹੋ ਜਾਂਦੇ ਹਨ ਕਿ ਕੁਝ ਵੀ ਸਮਝ ਸਕਣ ਦਾ ਸਵਾਲ ਪਾਸੇ ਹੀ ਰਹਿ ਜਾਂਦਾ ਹੈ। ਇਸ ‘ਤੇ ਉਸੇ ਭਾਈਚਾਰੇ ਵਿਚੋਂ ਰਵੀਸ਼ ਨੂੰ ਇਹ ਕਹਿਣਾ ਪਿਆ ਸੀ ਕਿ ਸੁਣਨਾ ਬੰਦ ਵੀ ਕਰ ਦਿੱਤਾ ਜਾਵੇ ਤਾਂ ਵੀ ਕੋਈ ਨੁਕਸਾਨ ਨਹੀਂ ਹੋਣ ਵਾਲਾ। ਸਿਆਸੀ ਪ੍ਰਤੀਨਿਧਾਂ ਨੂੰ ਸੱਦ ਕੇ ਅਜਿਹੇ ਮੁੱਦਿਆਂ ‘ਤੇ ਬਹਿਸ ਕਰਵਾਉਣ ਦਾ ਮਤਲਬ ਇਹੀ ਨਿਕਲੇਗਾ ਕਿ ਜਿਸ ਨੂੰ ਜਿੰਨਾ ਘੱਟ ਪਤਾ ਹੈ, ਉਸ ਨੂੰ ਓਨਾ ਹੀ ਵੱਧ ਬੋਲਣ ਦਾ ਹੱਕ ਹੈ। ਇਸ ਵਰਤਾਰੇ ਨੂੰ ਸਾਦਗੀ ਜਾਂ ਬਾਲ ਬੁੱਧ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਿਆਸਤ ਦੇ ਬੋਲਬਾਲਿਆਂ ਨੇ ਇਸ ਵਾਸਤੇ ਕੋਈ ਥਾਂ ਹੀ ਨਹੀਂ ਛੱਡੀ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਜਿਸ ਤਰ੍ਹਾਂ ਦਾ ਘੜਮੱਸ ਪੈਦਾ ਹੁੰਦਾ ਜਾ ਰਿਹਾ ਹੈ, ਉਸ ਬਾਰੇ ਉਸਾਰੂ ਸੰਵਾਦ ਦੀਆਂ ਸੰਭਾਵਨਾਵਾਂ ਪ੍ਰਿੰਟ ਮੀਡੀਆ ਵਿਚ ਹੀ ਸੰਭਵ ਹੋ ਸਕਦੀਆਂ ਹਨ। ਇਹ ਇਸ ਲਈ ਵੀ ਕਹਿ ਰਿਹਾ ਹਾਂ ਕਿਉਂਕਿ ਵਰਤਮਾਨ ਸਿਆਸਤਦਾਨ ਸੰਵਾਦ ਵਿਚ ਉਲਝਣ ਦਾ ਜੋਖਮ ਇਕ ਤੋਂ ਵੱਧ ਕਾਰਨਾਂ ਕਰਕੇ ਨਹੀਂ ਉਠਾਉਣਾ ਚਾਹੁੰਦਾ। ਸੰਵਾਦ 550ਵੇਂ ਗੁਰਪੁਰਬ ਦੀ ਯੋਜਨਾ, ਨੀਤੀ ਅਤੇ ਆਦਰਸ਼ ਨੂੰ ਲੈ ਕੇ ਕੀਤੇ ਜਾਣ ਦੀ ਲੋੜ ਹੈ। ਇਸ ਦੀਆਂ ਅੱਗੋਂ ਬਾਣੀ ਪਰਤਾਂ ਅਤੇ ਇਤਿਹਾਸਕ ਪਰਤਾਂ ਵੀ ਫਰੋਲੀਆਂ ਜਾ ਸਕਦੀਆਂ ਹਨ। ਅਜਿਹਾ ਕਰਦਿਆਂ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਇਸ ਦੀਆਂ ਸਿਆਸੀ ਪਰਤਾਂ ਦੀਆਂ ਸੰਭਾਵਨਾਵਾਂ ਬਹੁਤ ਹੀ ਮੱਧਮ ਹਨ ਕਿਉਂਕਿ ਸਿਆਸਤ ਬਾਰੇ ਗੁਰੂ ਨਾਨਕ ਦੇਵ ਜੀ ਦੀਆਂ ਟਿਪਣੀਆਂ ਬਹੁਤ ਸਪਸ਼ਟ ਹਨ। ਇਨ੍ਹਾਂ ਟਿਪਣੀਆਂ ਨੂੰ ਵਿਦੇਸ਼ੀ ਹਮਲਾਵਰਾਂ ਬਾਰੇ ਟਿਪਣੀਆਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਬਾਣੀ ਨੂੰ ਇਤਿਹਾਸ ਤੱਕ ਮਹਿਦੂਦ ਕਰਨ ਦੀ ਗਲਤੀ ਕਰ ਰਹੇ ਹੋਵਾਂਗੇ।
ਪੰਜਾਬ ਦੀ ਵਰਤਮਾਨ ਸਰਕਾਰ ਨੇ ਜਿਸ ਤਰ੍ਹਾਂ 550ਵੇਂ ਗੁਰਪੁਰਬ ਨੂੰ ਮਨਾਉਣ ਬਾਰੇ ਸੋਚਿਆ, ਉਸ ਨੂੰ ਸਿਆਸਤ ਮੁਕਤ ਰੱਖਣ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਇਸ ਵਿਚ ਰੁਕਾਵਟ ਸਿਆਸਤਦਾਨਾਂ ਦੇ ਅਜਿਹੇ ਬਿਆਨ ਹਨ, ਜਿਨ੍ਹਾਂ ਦਾ ਸਬੰਧ ਸਿਆਸੀ ਠਿੱਬੀਆਂ ਲਾਉਣ ਦੀ ਸਿਆਸਤ ਨਾਲ ਹੈ। ਜੇ ਸਰਕਾਰ ਇਸ ਤੋਂ ਉਪਰ ਉਠ ਕੇ ਰਲ-ਮਿਲ ਕੇ ਗੁਰਪੁਰਬ ਮਨਾਉਣ ਦਾ ਸੱਦਾ ਦੇ ਰਹੀ ਹੈ ਤਾਂ ਵੱਖ ਵੱਖ ਰੰਗ ਦੇ ਸਿਆਸਤਦਾਨਾਂ ਨੂੰ ਵੀ ਸਿਆਸੀ ਠਿੱਬੀਆਂ ਤੋਂ ਉਪਰ ਉਠ ਕੇ ਸਹਿਯੋਗ ਕਰਨਾ ਚਾਹੀਦਾ ਹੈ। ਇਸ ਪ੍ਰਸੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕੋਲੋਂ ਪਹਿਲ ਹੋ ਗਈ ਹੈ। ਇਸ ਨਾਲ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਿਫਾਫੇ ਵਿਚੋਂ ਨਿਕਲਿਆ ਨਹੀਂ ਲੱਗਿਆ ਅਤੇ ਅਕਾਲੀ ਦਲ ਦੀ ਦਖਲਅੰਦਾਜ਼ੀ ਤੋਂ ਉਪਰ ਵੀ ਉਠਿਆ ਨਜ਼ਰ ਆਇਆ ਹੈ। ਹੋਣਾ ਇਹ ਚਾਹੀਦਾ ਹੈ ਕਿ ਜਿਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਨੂੰ ਸਹਿਯੋਗ ਦਾ ਵਿਸ਼ਵਾਸ ਦੁਆਇਆ ਹੈ, ਉਵੇਂ ਹੀ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਨਾਏ ਜਾਣ ਵਾਲੇ ਗੁਰਪੁਰਬ ਵਿਚ ਸਹਿਯੋਗ ਦਾ ਵਿਸ਼ਵਾਸ ਦੁਆਉਣਾ ਚਾਹੀਦਾ ਹੈ।
ਬਹੁਤ ਹੀ ਚੰਗਾ ਹੋਵੇ ਜੇ ਕੈਪਟਨ ਅਮਰਿੰਦਰ ਸਿੰਘ, ਭਾਈ ਲੌਂਗੋਵਾਲ, ਸੁਖਬੀਰ ਸਿੰਘ ਬਾਦਲ ਅਤੇ ਸੁਖਪਾਲ ਸਿੰਘ ਖਹਿਰਾ ਇਕੱਠੇ ਹੋ ਕੇ ਪੰਜਾਬੀਆਂ ਨੂੰ ਰਲ-ਮਿਲ ਕੇ ਗੁਰਪੁਰਬ ਮਨਾਉਣ ਦਾ ਪ੍ਰੋਗਰਾਮ ਦੇਣ ਅਤੇ ਦਿੱਤੇ ਹੋਏ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਸੀ ਸਹਿਮਤੀ ਨਾਲ ਜਾਗੇ ਹੋਏ ਪੰਜਾਬੀਆਂ ਦੀ ਸਲਾਹਕਾਰ ਕਮੇਟੀ ਬਣਾ ਦੇਣ। ਇਹ ਮੌਕਾ ਗੁਰੂ ਸਾਹਿਬ ਵੱਲੋਂ ਆਪਣੇ ਨਾਮਲੇਵਿਆਂ ਨੂੰ ਸਿਆਸਤ ਤੋਂ ਉਪਰ ਉਠ ਕੇ ਰਲ ਬੈਠਣ ਦੀ ਬਖਸ਼ਿਸ਼ ਸਮਝਣਾ ਚਾਹੀਦਾ ਹੈ।
ਵਰਤਮਾਨ ਸਿਆਸਤ ਨੇ ਜਾਵੇਦ ਅਖਤਰ ਦੇ ਸ਼ਬਦਾਂ ਵਿਚ ਹਵਾਵਾਂ ਨੂੰ ਕੈਦ ਕਰਨ, ਪਾਣੀਆਂ ਨੂੰ ਹੁਕਮ ਵਿਚ ਵਹਾਉਣ ਅਤੇ ਰੰਗਾਂ ਨੂੰ ਮਰਜ਼ੀ ਮੁਤਾਬਕ ਪ੍ਰਗਟ ਕਰਨ ਦੀਆਂ ਵਧੀਕੀਆਂ ਸਾਹਮਣੇ ਲੈ ਆਂਦੀਆਂ ਹਨ। ਅਜਿਹੇ ਹਾਲਾਤ ਵਿਚ ਵੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੇਂਦਰੀ ਸਰਕਾਰ ਦੇ ਫੰਡਾਂ ਨਾਲ 2008 ਵਿਚ ਨਾਂਦੇੜ ਸਾਹਿਬ ਵਿਚ Ḕਤਿੰਨ ਸੌ ਸਾਲ, ਸ਼ਬਦ-ਗੁਰੂ ਦੇ ਨਾਲḔ ਮਨਾਉਂਦਿਆਂ ਰਲ-ਮਿਲ ਕੇ ਗੁਰਪੁਰਬ ਮਨਾਉਣ ਦਾ ਸਬੂਤ ਦਿੱਤਾ ਜਾ ਚੁਕਾ ਹੈ। ਬਿਹਾਰ ਦੇ ਮੁਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਪਟਨਾ ਸਾਹਿਬ ਵਿਖੇ ਦਸਮ ਪਾਤਸ਼ਾਹ ਹਜ਼ੂਰ ਦਾ ਗੁਰਪੁਰਬ ਜਿਸ ਸ਼ਾਨ ਨਾਲ ਨਿਰਵਿਘਨ ਮਨਾਇਆ ਜਾ ਚੁਕਾ ਹੈ, ਉਸ ਦੀ ਨਿਰੰਤਰਤਾ ਵਿਚ 550ਵੇਂ ਗੁਰਪੁਰਬ ਨੂੰ ਮਨਾਏ ਜਾਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਨੂੰ ਖਾਸ ਕਰ ਕੇ ਅਤੇ ਪੰਜਾਬੀਆਂ ਨੂੰ ਆਮ ਕਰ ਕੇ ਨਿਭਾਉਣੀ ਚਾਹੀਦੀ ਹੈ। ਨਾਂਦੇੜ ਅਤੇ ਪਟਨਾ ਸਾਹਿਬ ਵਿਖੇ ਮਨਾਈਆਂ ਗਈਆਂ ਸ਼ਤਾਬਦੀਆਂ ਨੂੰ ਲੈ ਕੇ ਬਿਜਲਈ ਮੀਡੀਆ ਨੇ ਅਜਿਹਾ ਰੋਲ ਨਹੀਂ ਸੀ ਕੀਤਾ, ਜਿਸ ਤਰ੍ਹਾਂ ਦਾ ਪ੍ਰਭਾਵ 550ਵੇਂ ਗੁਰਪੁਰਬ ਨੂੰ ਲੈ ਕੇ ਪਹਿਲਾਂ ਹੀ ਸਾਹਮਣੇ ਆਉਣ ਲੱਗ ਪਿਆ ਹੈ।
ਇਹ ਠੀਕ ਹੈ ਕਿ ਫੰਡ-ਖਪਾਊ ਫੰਕਸ਼ਨਾਂ ਅਤੇ ਇਕ ਵਾਰੀ ਜਾਂ ਵਕਤੀ ਸੈਲੀਬਰੇਸ਼ਨਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਅਜਿਹਾ ਤਦ ਹੀ ਹੋ ਸਕਦਾ ਹੈ ਜੇ ਪ੍ਰਾਪਤ ਸਾਧਨਾਂ ਦੀ ਸੁਯੋਗ ਵਰਤੋਂ ਵਾਸਤੇ ਪਲੈਨਿੰਗ ਤੇ ਪ੍ਰੋਗਰਾਮਿੰਗ ਅਗਾਊਂ ਕੀਤੀ ਜਾਵੇ। ਇਸੇ ਵਾਸਤੇ ਜਾਗੇ ਹੋਏ ਪੰਜਾਬੀਆਂ ਦੀ ਸਲਾਹਕਾਰ ਕਮੇਟੀ ਬਾਰੇ ਇਸ਼ਾਰਾ ਕੀਤਾ ਹੈ। ਨਾਨਕ-ਨਾਮਲੇਵਾ ਸਾਰੀ ਦੁਨੀਆਂ ਵਿਚ ਖਿਲਰ ਗਏ ਹਨ, ਪਰ ਸਾਰੀ ਚਰਚਾ ਇਉਂ ਹੋ ਰਹੀ ਹੈ ਜਿਵੇਂ ਇਸ ਨੂੰ ਅੰਬਾਲੇ ਤੱਕ ਰਹਿ ਕੇ ਪੰਜਾਬੀਆਂ ਨੇ ਹੀ ਮਨਾਉਣਾ ਹੈ। ਕਈ ਤਾਂ ਇਸ ਵਿਚੋਂ ਵੀ ਪੰਥਕ ਰੰਗ ਉਘਾੜਨ ਦੀ ਸਿਆਸਤ ਕਰਨ ਲੱਗ ਪਏ ਹਨ।
ਧਿਆਨ ਵਿਚ ਤਾਂ ਇਹ ਰਹਿਣਾ ਚਾਹੀਦਾ ਹੈ ਕਿ ਅਜਿਹੀ ਵਿਉਂਤ ਬਣਾਈ ਜਾਵੇ ਜਿਸ ਨਾਲ ਜਿਥੇ ਵੀ ਨਾਨਕ-ਨਾਮਲੇਵਿਆਂ ਦੀ ਵੱਡੀ ਗਿਣਤੀ ਹੈ, ਉਥੇ ਹੀ 550ਵਾਂ ਗੁਰਪੁਰਬ ਮਨਾਉਣ ਦੀ ਵਿਵਸਥਾ ਹੋ ਜਾਵੇ। ਅਮਰੀਕਾ ਵਾਲੇ ਅਮਰੀਕਾ ਵਿਚ, ਕੈਨੇਡਾ ਵਾਲੇ ਕੈਨੇਡਾ ਵਿਚ, ਇੰਗਲੈਂਡ ਵਾਲੇ ਇੰਗਲੈਂਡ ਵਿਚ ਉਸੇ ਤਰ੍ਹਾਂ ਗੁਰਪੁਰਬ ਮਨਾਉਣ ਜਿਵੇਂ ਬੰਗਾਲੀਆਂ ਨੂੰ ਕਲਕੱਤੇ, ਮਹਾਂਰਾਸ਼ਟਰ ਵਾਲਿਆਂ ਨੂੰ ਬੰਬਈ ਅਤੇ ਯੂ. ਪੀ. ਵਾਲਿਆਂ ਨੂੰ ਯੂ. ਪੀ. ਵਿਚ ਮਨਾਉਣਾ ਚਾਹੀਦਾ ਹੈ। ਵੱਖ ਵੱਖ ਥਾਂਵਾਂ ਦੇ ਸਿੱਖਾਂ ਨੂੰ ਸਾਂਝੀ-ਸਮਝ ‘ਤੇ ਪੂਰੀ ਉਤਰਦੀ ਸੋਚੀ ਸਮਝੀ ਵਿਉਂਤਬੰਦੀ ਪੰਜਾਬ ਸਰਕਾਰ ਦੀ ਅਗਵਾਈ ਵਿਚ ਬਣਨ ਵਾਲੀ ਕਮੇਟੀ ਨੂੰ ਕਰਨੀ ਚਾਹੀਦੀ ਹੈ। ਅਜਿਹਾ ਕਰਦਿਆਂ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਿਧਾਂਤਕਤਾ ਦੇ ਖੁਲ੍ਹੇਪਨ ਨੂੰ ਸਥਾਨਕਤਾ ਦੇ ਬੰਧਨਾਂ ਤੋਂ ਮੁਕਤ ਰਖਿਆ ਜਾਵੇ।
ਮਸਲਾ ਇਸ ਵੇਲੇ ਅਮੀਰ ਵਿਰਾਸਤ ਦੇ ਗਰੀਬ ਵਾਰਸਾਂ ਦਾ ਹੈ। ਇਥੋਂ ਤੱਕ ਪਹੁੰਚਣ ਦਾ ਸਫਰ ਬੇਸ਼ੱਕ ਬਹੁਤ ਲੰਬਾ ਹੈ। ਕਈ ਵਾਰ ਇਹ ਵੀ ਲੱਗਦਾ ਰਿਹਾ ਹੈ ਕਿ ਅੱਗੇ ਵਧਣ ਦੀ ਥਾਂ ਪਿੱਛਲ ਪੈਰੀਂ ਭੱਜਦੇ ਭੱਜਦੇ ਡਿੱਗਦੇ ਵੀ ਰਹੇ ਹਾਂ ਅਤੇ ਉਠਦੇ ਵੀ ਰਹੇ ਹਾਂ। ਸੰਕਟਾਂ ਸਮੇਂ ਲਹੂ ਵਿਚ ਰਮੀ ਹੋਈ ਸਿੱਖੀ ਬਹੁਤ ਕੰਮ ਆਉਂਦੀ ਰਹੀ ਹੈ। ਸਿੱਖ ਬੇਸ਼ੱਕ ਹਾਰਦਾ ਰਿਹਾ ਹੈ ਪਰ ਸਿੱਖੀ ਸਦਾ ਜਿੱਤਦੀ ਰਹੀ ਹੈ। ਇਕੱਲੇ ਇਕੱਲੇ ਸਿੱਖ ਸੰਸਥਾਵਾਂ ਵਰਗੀ ਭੂਮਿਕਾ ਨਿਭਾਉਂਦੇ ਰਹੇ ਹਨ। ਸਾੜਿਆਂ ਅਤੇ ਸ਼ਰੀਕੇ ਵਿਚ ਵੀ ਸਰਬੱਤ ਦੇ ਭਲੇ ਦੀ ਭਾਵਨਾ ਜਗਦੀ ਰਹੀ ਹੈ। ਵੰਡ ਕੇ ਛਕਣ ਨਾਲ ਨਿਭਦਿਆਂ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ ਹਨ। ਗੁਰੂ ਦੇ ਅੰਗ-ਸੰਗ ਰਹਿਣ ਲਈ ਜਿੱਥੇ ਵੀ ਸਿੱਖ ਗਿਆ ਹੈ, ਗੁਰਦੁਆਰਾ ਨਾਲ ਲੈ ਕੇ ਗਿਆ ਹੈ। ਜੇ ਕਿਸੇ ਧਰਮ ਦੇ ਨੌਜਵਾਨ ਆਪਣੀ ਧਾਰਮਕ ਸੰਸਥਾ (ਗੁਰਦੁਆਰੇ) ਨਾਲ ਜੁੜੇ ਹੋਏ ਹਨ ਤਾਂ ਉਹ ਸਿੱਖ ਹੀ ਹਨ। ਅਸੀਂ ਥੋੜ੍ਹੇ ਤੋਂ ਬਹੁਤੇ ਹੋਏ ਸੀ ਅਤੇ ਬਹੁਤਿਆਂ ਵਿਚੋਂ ਥੋੜ੍ਹੇ ਤਾਂ ਰਹਿਣੇ ਹੀ ਹਨ। ਸਮੇਂ ਦੀ ਤਬਦੀਲੀ ਨਾਲ ਆਉਣ ਵਾਲੀਆਂ ਤਬਦੀਲੀਆਂ ਨੂੰ ਸਿੱਖ ਸਦਾ ਹੀ ਹੁੰਗਾਰਾ ਭਰਦੇ ਆਏ ਹਨ। ਮਾੜੀਆਂ ਤਬਦੀਲੀਆਂ ਨਾਲ ਮਾੜੇ ਹੋ ਕੇ ਵੀ ਉਹ ਬਚੇ ਰਹੇ ਹਨ। ਡਿੱਗਣਾ ਸਬਕ ਹੋ ਜਾਂਦਾ ਹੈ, ਜੇ ਡਿੱਗ ਕੇ ਉਠ ਪਈਏ। ਦਿਲਾਂ ਦੇ ਦੀਦਿਆਂ ਨਾਲ ਵੇਖਣ ਦੀ ਕਲਾ ਗੁਰੂ ਆਪਣੇ ਸਿੱਖ ਨੂੰ ਸਦਾ ਬਖਸ਼ਦਾ ਰਹਿੰਦਾ ਹੈ। ਗੁਰਪੁਰਬਾਂ, ਸ਼ਤਾਬਦੀਆਂ ਨੂੰ ਇਸੇ ਭਾਵਨਾ ਵਿਚ ਲੈਣਾ ਚਾਹੀਦਾ ਹੈ। ਸਿੱਖੀ ਸਥਾਨਕਤਾ ਨੂੰ ਸਦਾ ਹੀ ਛੜੱਪਦੀ ਆਈ ਹੈ। ਇਸ ਪਾਸੇ ਰਲ-ਮਿਲ ਕੇ ਤੁਰਨ ਲਈ ਸਾਂਝੀ-ਸਮਝ ਉਸਾਰਨ ਵਾਸਤੇ ਉਨ੍ਹਾਂ ਸਭ ਵਿਧੀਆਂ ਨੂੰ ਵਰਤਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਜੋ ਸਿਰ-ਜੋੜਨ ਦੀ ਥਾਂ ਸਿਰ-ਤੋੜਨ ਵਾਲੇ ਪਾਸੇ ਲੈ ਕੇ ਜਾਂਦੀਆਂ ਹਨ। ਅੰਨ੍ਹੀ ਸ਼ਰਧਾ ਵੀ ਇਕ ਕਿਸਮ ਦਾ ਹਉਮੈ ਰੋਗ ਹੀ ਹੈ। ਸਿੱਖੀ ਉਹੀ ਹੈ, ਜੋ ਕਿਸੇ ਨੂੰ ਸਮਝ ਆਉਂਦੀ ਹੈ ਅਤੇ ਸਿੱਖ ਹੋਣ ਵਾਲਿਆਂ ਦੇ ਰਾਹ ਵਿਚ ਰੁਕਾਵਟ ਨਹੀਂ ਬਣਨਾ ਚਾਹੀਦਾ। ਅਜਿਹੇ ਮੰਤਵ ਵਾਸਤੇ ਪੁੱਟਿਆ ਹਰ ਕਦਮ ਗੁਰੂ ਵੱਲ ਜਾਂਦਾ ਹੈ। 550ਵੇਂ ਗੁਰਪੁਰਬ ਦੀ ਸ਼ੁਰੂਆਤ ਗੁਰਬਾਣੀ ਵੱਲ ਪਰਤਣ ਤੋਂ ਕਰਨ ਵਾਸਤੇ Ḕਹੋਇ ਇਕਤਰ ਮਿਲਹੁ ਮੇਰੇ ਭਾਈ…॥Ḕ ਦੇ ਪਾਤਰ ਬਣ ਸਕਣ ਦਾ ਮੌਕਾ ਬਖਸ਼ਿਸ਼ ਵਾਂਗ ਹੰਢਾਉਣਾ ਅਤੇ ਸੇਵਾ ਵਾਂਗ ਵਰਤਣਾ ਚਾਹੀਦਾ ਹੈ।