ਐਂਗਲੋ-ਅਫਗਾਨ ਜੰਗਾਂ

ਅਫਗਾਨਿਸਤਾਨ ਸਦੀਆਂ ਤੋਂ ਜੰਗ ਦਾ ਮੈਦਾਨ ਬਣਿਆ ਰਿਹਾ ਹੈ। ਕਦੀ ਇਹ ਜੰਗ ਬਾਹਰੋਂ ਆਏ ਹਮਲਾਵਰਾਂ ਨਾਲ ਹੁੰਦੀ ਤੇ ਕਦੀ ਉਥੇ ਵਸਦੇ ਵੱਖ ਵੱਖ ਕਬੀਲਿਆਂ ਵਿਚ ਖਾਨਾਜੰਗੀ। ਭਾਰਤ ਉਤੇ ਬਰਤਾਨੀਆ ਦੇ ਕਬਜ਼ੇ ਪਿਛੋਂ ਗੋਰਿਆਂ ਨੇ ਅਫਗਾਨਿਸਤਾਨ ਨੂੰ ਵੀ ਆਪਣੇ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕੀਤੀ। ਜਿਸ ਖਾਤਰ ਬਰਤਾਨੀਆ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਵੱਡੀਆਂ ਜੰਗਾਂ ਹੋਈਆਂ ਜਿਨ੍ਹਾਂ ਨੂੰ ਐਂਗਲੋ-ਅਫਗਾਨ ਜੰਗਾਂ ਵਜੋਂ ਜਾਣਿਆ ਜਾਂਦਾ ਹੈ। ਜੰਗ ਦਾ ਇਹ ਸਿਲਸਿਲਾ ਅਗਸਤ 1919 ਵਿਚ ਉਦੋਂ ਖਤਮ ਹੋਇਆ ਜਦੋਂ ਬਰਤਾਨਵੀ ਹਕੂਮਤ ਨੇ ਅਫਗਾਨਿਸਤਾਨ ਨੂੰ ਇਕ ਆਜ਼ਾਦ ਮੁਲਕ ਵਜੋਂ ਮਾਨਤਾ ਦੇ ਦਿੱਤੀ।

ਇਸ ਲੰਮੇ ਲੇਖ ਵਿਚ ਲੇਖਕ ਹਰਮੋਹਿੰਦਰ ਚਾਹਲ ਨੇ ਭਾਰਤ ਵਿਚਲੀ ਬਰਤਾਨਵੀ ਹਕੂਮਤ ਅਤੇ ਅਫਗਾਨਿਸਤਾਨ ਵਿਚਾਲੇ ਹੋਈਆਂ ਜੰਗਾਂ ਦੇ ਪੱਤਰੇ ਤਫਸੀਲ ਨਾਲ ਫਰੋਲੇ ਹਨ। ਪਾਠਕ 2013 ਵਿਚ ਛਪਿਆ ਚਾਹਲ ਦਾ Ḕਆਫੀਆ ਸਦੀਕੀ ਦਾ ਜਹਾਦḔ ਨਾਂ ਦਾ ਲੇਖ ਪੜ੍ਹ ਚੁਕੇ ਹਨ ਜਿਸ ਵਿਚ ਉਸ ਨੇ ਦਹਿਸ਼ਤਪਸੰਦੀ ਦੇ ਵਰਤਾਰੇ ਦਾ ਸ਼ਿਕਾਰ ਬਣੀ ਇਕ ਪਾਕਿਸਤਾਨੀ ਔਰਤ ਦੀ ਗਾਥਾ ਬਹੁਤ ਮਾਰਮਿਕ ਢੰਗ ਨਾਲ ਬਿਆਨੀ ਸੀ। ਉਹ ਲੇਖ ਅਜੇ ਵੀ ਪਾਠਕਾਂ ਦੇ ਚੇਤੇ ਵਿਚ ਜਿਉਂ ਦਾ ਤਿਉਂ ਉਕਰਿਆ ਹੋਇਆ ਹੈ। ਉਮੀਦ ਹੈ, ਪਾਠਕ ਚਾਹਲ ਦੇ ਇਸ ਲੇਖ ਤੋਂ ਵੀ ਉਸੇ ਤਰ੍ਹਾਂ ਪ੍ਰਭਾਵਿਤ ਹੋਣਗੇ। -ਸੰਪਾਦਕ

ਹਰਮੋਹਿੰਦਰ ਚਾਹਲ

ਅਫਗਾਨਿਸਤਾਨ ਅਤੇ ਬ੍ਰਿਟਿਸ਼ ਇੰਡੀਆ ਵਿਚਾਲੇ ਤਿੰਨ ਜੰਗਾਂ ਹੋਈਆਂ। ਇਨ੍ਹਾਂ ਨੂੰ ਐਂਗਲੋ-ਅਫਗਾਨ ਵਾਰਜ਼ ਕਿਹਾ ਜਾਂਦਾ ਹੈ। ਪਹਿਲੀ ਜੰਗ 1839 ਵਿਚ ਸ਼ੁਰੂ ਹੋਈ। ਤੀਜੀ ਅਤੇ ਆਖਰੀ ਅਫਗਾਨ-ਐਂਗਲੋ ਜੰਗ 1910 ਵਿਚ ਹੋਈ। 1839 ਤੋਂ ਪਹਿਲਾਂ ਅੰਗਰੇਜ਼ਾਂ ਦੇ ਕੁਝ ਗਲਤ ਫੈਸਲੇ ਇਸ ਜੰਗ ਦਾ ਕਾਰਨ ਬਣੇ। ਉਸ ਵੇਲੇ ਦੋਸਤ ਮੁਹੰਮਦ ਅਫਗਾਨਿਸਤਾਨ ਦਾ ਬਾਦਸ਼ਾਹ ਸੀ। ਉਸ ਦਾ ਪੁੱਤਰ ਅਕਬਰ ਖਾਂ ਬੜਾ ਕਾਬਲ ਜਨਰੈਲ ਸੀ। ਪਹਿਲੀ ਜੰਗ ਦਾ ਮੁੱਖ ਕਾਰਨ ਤਿੰਨ ਧਿਰੀ ਸੰਧੀ ਸੀ ਜੋ ਮਹਾਰਾਜਾ ਰਣਜੀਤ ਸਿੰਘ, ਬ੍ਰਿਟਿਸ਼ ਇੰਡੀਆ ਅਤੇ ਅਫਗਾਨਿਸਤਾਨ ਦੇ ਪਹਿਲਾਂ ਰਹਿ ਚੁਕੇ ਬਾਦਸ਼ਾਹ ਸ਼ੌਜਾ ਸ਼ਾਹ ਵਿਚ ਹੋਈ ਸੀ। ਇਹ ਸੰਧੀ ਲਾਗੂ ਕਰਦਿਆਂ ਹੀ ਅਫਗਾਨਿਸਤਾਨ ਬਲਦੀ ਦੇ ਬੁੱਥੇ ਆ ਗਿਆ। ਸਭ ਕੁਝ ਉਲਟ ਪੁਲਟ ਹੋ ਗਿਆ। ਇਸ ਦੌਰਾਨ ਖਰਾਬ ਹੋਏ ਹਾਲਾਤ ਕਾਰਨ ਹੀ ਪਹਿਲੀ ਜੰਗ ਸ਼ੁਰੂ ਹੋਈ। ਉਸ ਜੰਗ ਦੀ ਗੱਲ ਚਰਚਾ ਕਰਨ ਤੋਂ ਪਹਿਲਾਂ ਸਾਨੂੰ ਇਤਿਹਾਸ ਫਰੋਲਦਿਆਂ ਗੱਲ ਥੋੜ੍ਹੀ ਪਿੱਛੋਂ ਸ਼ੁਰੂ ਕਰਨੀ ਪਵੇਗੀ।
ਮੌਜੂਦਾ ਅਫਗਾਨਿਸਤਾਨ ਨੂੰ ਮੁਕੰਮਲ ਤੌਰ ‘ਤੇ ਇਕੱਠਾ ਕਰਕੇ ਇੱਕ ਦੇਸ਼ ਦੇ ਰੂਪ ਵਿਚ ਸਥਾਪਤ ਕਰਨ ਦਾ ਸਿਹਰਾ ਅਹਿਮਦ ਸ਼ਾਹ ਅਬਦਾਲੀ ਨੂੰ ਜਾਂਦਾ ਹੈ। ਅਹਿਮਦਸ਼ਾਹ ਦਾ ਜਨਮ ਅਬਦਾਲੀ ਕਬੀਲੇ ਦੇ ਮੁਖੀ ਜਾਮਨ ਸ਼ਾਹ ਦੇ ਘਰ 1722 ਵਿਚ ਹੋਇਆ। ਉਸ ਦਾ ਪਿਤਾ ਹੈਰਾਤ ਸੂਬੇ ਦਾ ਗਵਰਨਰ ਸੀ। ਅਹਿਮਦ ਸ਼ਾਹ ਬੜਾ ਬਹਾਦਰ ਲੜਾਕਾ ਸੀ। ਸ਼ੁਰੂ ਵਿਚ ਉਹ ਇਰਾਨੀ ਬਾਦਸ਼ਾਹ ਨਾਦਰਸ਼ਾਹ ਦਾ ਖਾਸਮ-ਖਾਸ ਜਨਰੈਲ ਸੀ ਤੇ ਉਸ ਦੀ ਨਿਜੀ ਫੌਜ ਦਾ ਮੁਖੀ ਸੀ। ਉਸ ਵੇਲੇ ਅਫਗਾਨਿਸਤਾਨ ਦਾ ਕਾਫੀ ਹਿੱਸਾ ਨਾਦਰਸ਼ਾਹ ਦੇ ਕਬਜ਼ੇ ਹੇਠ ਸੀ। 1747 ਵਿਚ ਨਾਦਰਸ਼ਾਹ ਦਾ ਕਤਲ ਹੋ ਗਿਆ ਤਾਂ ਅਹਿਮਦਸ਼ਾਹ ਨੇ ਵੱਡਾ ਕਦਮ ਚੁੱਕਦਿਆਂ ਨਾਦਰਸ਼ਾਹ ਦੇ ਕਬਜ਼ੇ ਹੇਠਲੇ ਅਫਗਾਨ ਇਲਾਕਿਆਂ ‘ਤੇ ਕਬਜਾ ਕਰ ਲਿਆ। ਇਸ ਦੇ ਨਾਲ ਹੀ ਉਸ ਨੇ ਆਲੇ ਦੁਆਲੇ ਦੇ ਅਫਗਾਨ ਕਬੀਲਿਆਂ ਦੇ ਵਡੇਰਿਆਂ ਨੂੰ ਇਕੱਠੇ ਕਰਕੇ Ḕਲੋਇਆ ਜਿਰਗਾḔ ਭਾਵ ਵੱਡਿਆਂ ਦਾ ਇਕੱਠ ਕੀਤਾ। ਸਭ ਉਸ ਦੀ ਬਹਾਦਰੀ ਤੋਂ ਖੁਸ਼ ਸਨ। ਅਹਿਮਦ ਸ਼ਾਹ ਨੇ ਸਾਰੇ ਇਲਾਕੇ ਮਿਲਾ ਕੇ ਇਕ ਮਜ਼ਬੂਤ ਰਾਜਸ਼ਾਹੀ ਅਫਗਾਨਿਸਤਾਨ ਦੀ ਤਜਵੀਜ਼ ਰੱਖੀ ਜੋ ਸਭ ਨੇ ਮੰਨ ਲਈ ਅਤੇ ਨਾਲ ਹੀ ਉਸ ਨੂੰ ਇਸ ਨਵੇਂ ਸਥਾਪਤ ਕੀਤੇ ਅਫਗਾਨਿਸਤਾਨ ਦਾ ਬਾਦਸ਼ਾਹ ਬਣਾ ਦਿੱਤਾ। ਅਬਦਾਲੀ ਨੇ ਅਗਲੇ ਪੰਝੀ ਛੱਬੀ ਸਾਲ ਰਾਜ ਕੀਤਾ। ਜਦੋਂ 1773 ਵਿਚ ਉਸ ਦੀ ਮੌਤ ਹੋਈ ਤਾਂ ਅਫਗਾਨਿਸਤਾਨ ਇਕ ਸਥਾਪਤ ਰਾਜ ਬਣ ਚੁਕਾ ਸੀ। ਉਸ ਪਿਛੋਂ ਉਸ ਦਾ ਪੁੱਤਰ ਤੈਮੂਰ ਸ਼ਾਹ ਬਾਦਸ਼ਾਹ ਬਣਿਆ। ਕੁਝ ਸਾਲ ਬਾਅਦ ਹੀ ਤੈਮੂਰ ਸ਼ਾਹ ਚੱਲ ਵਸਿਆ ਤਾਂ ਉਸ ਦਾ ਪੁੱਤਰ ਜਾਮਨਸ਼ਾਹ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ। ਉਹ ਕੋਈ ਬਹੁਤ ਮਕਬੂਲ ਬਾਦਸ਼ਾਹ ਨਹੀਂ ਸੀ। ਉਸ ਦੇ ਭਰਾਵਾਂ ਦੀ ਵੱਡੀ ਗਿਣਤੀ ਉਸ ਨੂੰ ਲਾਹ ਕੇ ਆਪ ਰਾਜਗੱਦੀ ਹਥਿਆਉਣਾ ਚਾਹੁੰਦੀ ਸੀ। ਇਸ ਤੋਂ ਇਲਾਵਾ ਅਬਦਾਲੀ ਦਾ ਵਿਰੋਧੀ ਬਰਕਜਈ ਕਬੀਲਾ ਆਪਣਾ ਹੱਕ ਮੰਗ ਰਿਹਾ ਸੀ। ਇਨ੍ਹਾਂ ਦਾ ਮੁਖੀ ਪੈਂਦੇ ਖਾਂ ਸੀ। ਪਰ ਜਾਮਨਸ਼ਾਹ ਨੇ ਚਾਲ ਚੱਲਦਿਆਂ ਪੈਂਦੇ ਖਾਂ ਨੂੰ ਕਤਲ ਕਰਵਾ ਦਿੱਤਾ। ਪੈਂਦੇ ਖਾਂ ਦੇ ਪੁੱਤਰ, ਫਤਿਹ ਖਾਂ ਅਤੇ ਦੋਸਤ ਮੁਹੰਮਦ ਨੇ ਆਪਣੀਆਂ ਜਾਨਾਂ ਬਚਾ ਕੇ ਇਰਾਨ ਜਾ ਸ਼ਰਨ ਲਈ।
ਖੈਰ! ਜਾਮਨਸ਼ਾਹ ਤੋਂ ਗੱਦੀ ਹਥਿਆ ਕੇ ਉਸ ਦਾ ਭਰਾ ਮਹਿਮੂਦ ਸ਼ਾਹ ਬਾਦਸ਼ਾਹ ਬਣਿਆ। ਉਸ ਲਈ ਰਾਜ ਕਰਨਾ ਬਹੁਤ ਔਖਾ ਸੀ ਕਿਉਂਕਿ ਉਸ ਦੇ ਭਰਾਵਾਂ ਯਾਨਿ ਤੈਮੂਰ ਸ਼ਾਹ ਦੇ ਪੁੱਤਰਾਂ ਦੀ ਗਿਣਤੀ ਬਹੁਤ ਸੀ ਅਤੇ ਹਰ ਕੋਈ ਰਾਜਸੱਤਾ ਭਾਲਦਾ ਸੀ। ਛੇਤੀ ਹੀ ਮਹਿਮੂਦ ਸ਼ਾਹ ਤੋਂ ਸੱਤਾ ਸ਼ੌਜਾ ਸ਼ਾਹ ਨੇ ਹਾਸਲ ਕੀਤੀ। ਸ਼ੌਜਾ ਸ਼ਾਹ ਨੇ 1803 ਤੋਂ 1809 ਤੱਕ ਰਾਜ ਚਲਾਇਆ। ਇਸ ਸਮੇਂ ਦੌਰਾਨ ਹੀ ਸ਼ੌਜਾ ਸ਼ਾਹ ਨੇ ਬ੍ਰਿਟਿਸ਼ (ਬਰਤਾਨਵੀ) ਇੰਡੀਆ ਨਾਲ ਸੰਧੀ ਕੀਤੀ। ਜਿਸ ਦੀ ਮੁੱਖ ਮੱਦ ਇਹ ਸੀ ਕਿ ਸ਼ੌਜਾ ਸ਼ਾਹ ਕਿਸੇ ਵੀ ਬਾਹਰੀ ਤਾਕਤ ਨੂੰ ਅਫਗਾਨਿਸਤਾਨ ਵਿਚੋਂ ਦੀ ਲਾਂਘਾ ਨਹੀਂ ਦੇਵੇਗਾ। ਮੁੱਖ ਡਰ ਅੰਗਰੇਜ਼ਾਂ ਨੂੰ ਇਹ ਸੀ ਕਿ ਕਿਤੇ ਇਧਰ ਦੀ ਕੋਈ ਹੋਰ ਦੇਸ਼ ਬ੍ਰਿਟਿਸ਼ ਇੰਡੀਆ ‘ਤੇ ਹਮਲਾ ਨਾ ਕਰ ਦੇਵੇ। ਇਸੇ ਕਰਕੇ ਇੱਧਰ ਵੱਲ ਦਾ ਰਾਹ ਉਨ੍ਹਾਂ ਨੇ ਸ਼ੌਜਾ ਸ਼ਾਹ ਨਾਲ ਸੰਧੀ ਕਰਕੇ ਬੰਦ ਕਰ ਦਿੱਤਾ। ਪਰ ਇਸ ਸੰਧੀ ਤੋਂ ਕੁਝ ਹਫਤੇ ਬਾਅਦ ਹੀ, ਪਹਿਲਾਂ ਬਾਦਸ਼ਾਹ ਰਹਿ ਚੁਕੇ ਮਹਿਮੂਦ ਸ਼ਾਹ ਨੇ ਪਲਟ ਵਾਰ ਕੀਤਾ ਤੇ ਉਹ ਫਿਰ ਬਾਦਸ਼ਾਹ ਬਣ ਬੈਠਾ। ਉਸ ਦੀ ਮਦਦ ਬਰਕਜਈ ਕਬੀਲੇ ਦੇ ਕਤਲ ਹੋ ਚੁਕੇ ਮੁਖੀ ਪੈਂਦੇ ਖਾਂ ਦੇ ਪੁੱਤਰਾਂ, ਫਤਿਹ ਖਾਂ ਅਤੇ ਦੋਸਤ ਮੁਹੰਮਦ ਨੇ ਕੀਤੀ ਸੀ। ਪਰ ਬਾਦਸ਼ਾਹ ਬਣਦਿਆਂ ਹੀ ਮਹਿਮੂਦ ਸ਼ਾਹ ਨੇ ਉਨ੍ਹਾਂ ਨੂੰ ਰਾਹ ‘ਚੋਂ ਪਾਸੇ ਕਰਨ ਦੀ ਸੋਚੀ। ਇਸ ਵਿਚ ਫਤਿਹ ਖਾਂ ਤਾਂ ਮਾਰਿਆ ਗਿਆ ਪਰ ਦੋਸਤ ਮੁਹੰਮਦ ਨੇ ਭੱਜ ਕੇ ਜਾਨ ਬਚਾਈ। ਦੋਸਤ ਮੁਹੰਮਦ ਇਰਾਨ ਜਾ ਬੈਠਾ ਅਤੇ ਅਬਦਾਲੀਆਂ ਤੋਂ ਹਕੂਮਤ ਹਥਿਆਉਣ ਲਈ ਆਪਣੀ ਫੌਜ ਤਿਆਰ ਕਰਨ ਲੱਗਾ। ਇੱਧਰ ਦੂਸਰੀ ਵਾਰ ਬਾਦਸ਼ਾਹ ਬਣੇ ਮਹਿਮੂਦ ਸ਼ਾਹ ਨੇ 1818 ਤੱਕ ਰਾਜ ਕੀਤਾ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਸੁਲਤਾਨ ਅਲੀ ਸ਼ਾਹ ਦੀ। ਉਸ ਨੇ 1818 ਵਿਚ ਆਪਣੇ ਭਰਾ ਮਹਿਮੂਦ ਸ਼ਾਹ ਨੂੰ ਪਾਸੇ ਕਰਕੇ ਹਕੂਮਤ ਆਪਣੇ ਕਬਜ਼ੇ ‘ਚ ਕਰ ਲਈ, ਪਰ ਬਹੁਤਾ ਵਕਤ ਨਾ ਕੱਢ ਸਕਿਆ। ਅਗਲੇ ਸਾਲ 1819 ਵਿਚ ਹੀ, ਸੁਲਤਾਨ ਅਲੀ ਸ਼ਾਹ ਦੇ ਇਕ ਹੋਰ ਭਰਾ ਅਯੂਬ ਸ਼ਾਹ ਨੇ ਉਸ ਨੂੰ ਗੱਦੀਉਂ ਲਾਹ ਕੇ ਬਾਦਸ਼ਾਹਤ ਹਾਸਲ ਕਰ ਲਈ ਜੋ 1823 ਤੱਕ ਬਾਦਸ਼ਾਹ ਬਣਿਆ ਰਿਹਾ। ਇੱਧਰ ਇਹ ਘਰੋਗੀ ਜੰਗ ਚੱਲ ਰਹੀ ਸੀ। ਤੈਮੂਰ ਦਾ ਕਦੇ ਕੋਈ ਪੁੱਤਰ ਅੱਗੇ ਆ ਜਾਂਦਾ ਤੇ ਕਦੇ ਕੋਈ। ਉਧਰ ਬਰਕਜ਼ਾਈ ਕਬੀਲੇ ਵਾਲੇ ਪੈਂਦੇ ਖਾਂ ਦਾ ਖਾਨਦਾਨ ਵੀ ਚੁੱਪ ਨਾ ਬੈਠਾ। ਉਪਰ ਦੱਸੇ ਅਨੁਸਾਰ ਦੋਸਤ ਮੁਹੰਮਦ ਇਰਾਨ ਵਿਚ ਬੈਠਾ ਫੌਜੀ ਤਿਆਰੀ ਕਰ ਰਿਹਾ ਸੀ। ਆਖਰ ਮੌਕਾ ਮਿਲ ਗਿਆ ਤੇ ਉਸ ਨੇ ਆਪਣੀਆਂ ਫੌਜਾਂ ਅੱਗੇ ਵਧਾਉਂਦਿਆਂ ਰਾਜਧਾਨੀ ਕਾਬਲ ਘੇਰ ਲਈ। ਕੁਝ ਹੀ ਦਿਨਾਂ ‘ਚ ਅਯੂਬ ਸ਼ਾਹ ਨੂੰ ਕੈਦ ਕਰ ਕੇ ਦੋਸਤ ਮੁਹੰਮਦ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਬੈਠਾ। ਭਾਵੇਂ ਉਦੋਂ ਤੱਕ ਅਫਗਾਨਿਸਤਾਨ ਖਿੰਡਣ ਪੁੰਡਣ ਲੱਗ ਪਿਆ ਸੀ, ਕਈ ਆਪੋ ਆਪਣੇ ਸੂਬਿਆਂ ਦੇ ਹਾਕਮ ਬਣ ਬੈਠੇ ਸਨ, ਪਰ ਮੁਲਕ ਦਾ ਵੱਡਾ ਭਾਗ ਦੋਸਤ ਮੁਹੰਮਦ ਦੇ ਕਬਜ਼ੇ ਹੇਠ ਸੀ। ਕੁਝ ਸਾਲ ਬਾਅਦ ਉਸ ਨੇ ਕਾਬਲ ਵੀ ਗਜ਼ਨੀ ਨਾਲ ਮਿਲਾ ਲਿਆ। ਕਿਉਂਕਿ ਰਾਜਧਾਨੀ ਕਾਬਲ ਉਸ ਕੋਲ ਸੀ, ਅਫਗਾਨਿਸਤਾਨ ਦਾ ਬਾਦਸ਼ਾਹ ਵੀ ਦੋਸਤ ਮੁਹੰਮਦ ਕਹਾਉਂਦਾ ਸੀ। ਅੱਗੇ 1803 ਤੋਂ 1809 ਤੱਕ ਬਾਦਸ਼ਾਹ ਰਹੇ ਸ਼ੌਜਾ ਸ਼ਾਹ ਨੇ ਇਕ ਵਾਰ ਫਿਰ ਤੋਂ ਹਕੂਮਤ ਹਾਸਲ ਕਰਨ ਲਈ ਮੁਹਿੰਮ ਵਿੱਢੀ। ਉਹ ਲੜਦਾ ਕੰਧਾਰ ਤੱਕ ਜਾ ਪਹੁੰਚਿਆ। ਅੱਗੇ ਉਸ ਦੀ ਦੋਸਤ ਮੁਹੰਮਦ ਦੀਆਂ ਫੌਜਾਂ ਨਾਲ ਲਹੂ ਡੋਲਵੀਂ ਲੜਾਈ ਹੋਈ। ਜਿੱਤ ਤਾਂ ਭਾਵੇਂ ਦੋਸਤ ਮੁਹੰਮਦ ਦੀ ਹੀ ਹੋਈ ਪਰ ਇਸ ਨਾਲ ਉਸ ਦਾ ਹੋਰ ਪਾਸੇ ਨੁਕਸਾਨ ਹੋ ਗਿਆ। ਉਸ ਦੀਆਂ ਫੌਜਾਂ ਕੰਧਾਰ ਦੇ ਬਾਹਰ ਸ਼ੌਜਾ ਸ਼ਾਹ ਨਾਲ ਲੜ ਰਹੀਆਂ ਸਨ ਤਾਂ ਉਧਰ ਮਹਾਰਾਜਾ ਰਣਜੀਤ ਸਿੰਘ ਨੂੰ ਮੌਕਾ ਮਿਲ ਗਿਆ। ਖਾਲਸਾ ਫੌਜ ਨੇ ਪੈਂਦੀ ਸੱਟੇ ਪੇਸ਼ਾਵਰ ‘ਤੇ ਕਬਜ਼ਾ ਕਰ ਲਿਆ। ਸ਼ੌਜਾ ਸ਼ਾਹ ਵੱਲੋਂ ਵਿਹਲਾ ਹੁੰਦਿਆਂ ਹੀ ਦੋਸਤ ਮੁਹੰਮਦ ਨੇ ਖਾਲਸਾ ਫੌਜ ਨਾਲ ਲੜਨ ਲਈ ਆਪਣੇ ਪੁੱਤਰ ਅਕਬਰ ਖਾਂ ਦੀ ਅਗਵਾਈ ‘ਚ ਫੌਜ ਭੇਜੀ। ਜਮਰੌਦ ਦੀ ਥਾਂ ‘ਤੇ ਬੜਾ ਘਮਸਾਨ ਦਾ ਜੰਗ ਹੋਇਆ ਪਰ ਅਕਬਰ ਖਾਂ ਹਾਰ ਗਿਆ। ਫਿਰ ਦੋਸਤ ਮੁਹੰਮਦ ਨੇ ਆਪ ਹੱਲਾ ਬੋਲਿਆ। ਪਰ ਖੈਬਰ ਦੱਰੇ ਦੇ ਮੂਹਰੇ ਕਿਲਿਆਂ ਦੀ ਚੇਨ ਬਣਾਈ ਬੈਠੀ ਖਾਲਸਾ ਫੌਜ ਨੇ ਉਸ ਦੀ ਇਕ ਨਾ ਚੱਲਣ ਦਿੱਤੀ। ਕੰਵਰ ਨੌਨਿਹਾਲ ਸਿੰਘ ਅਤੇ ਖਾਲਸਾ ਫੌਜ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਅੱਗੇ ਕੰਧ ਵਾਂਗੂੰ ਖੜ੍ਹੇ ਸਨ। ਪਰ ਪਿਛੋਂ ਦੋਸਤ ਮੁਹੰਮਦ ਨੂੰ ਉਦੋਂ ਮੌਕਾ ਮਿਲ ਗਿਆ ਜਦੋਂ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਹੋ ਰਿਹਾ ਸੀ ਤੇ ਬਹੁਤੀ ਫੌਜ ਅਤੇ ਜਰਨੈਲ ਲਾਹੌਰ ਵਿਆਹ ਗਏ ਸਨ। ਉਸ ਨੇ ਭਰਵਾਂ ਹੱਲਾ ਬੋਲਿਆ। ਉਸ ਵੇਲੇ ਜਮਰੌਦ ਕਿਲੇ ਦੇ ਕਿਲੇਦਾਰ ਮਹਾਂ ਸਿੰਘ ਨੇ ਬਹੁਤ ਹੀ ਥੋੜ੍ਹੀ ਫੌਜ ਨਾਲ ਚਾਰ ਦਿਨ ਉਨ੍ਹਾਂ ਨੂੰ ਨੇੜੇ ਨਾ ਢੁੱਕਣ ਦਿੱਤਾ। ਉਦੋਂ ਨੂੰ ਪੇਸ਼ਾਵਰ ਬੈਠਾ ਹਰੀ ਸਿੰਘ ਨਲੂਆ ਆਪਣੀਆਂ ਫੌਜਾਂ ਲੈ ਕੇ ਪਹੁੰਚ ਗਿਆ। ਦੋਸਤ ਮੁਹੰਮਦ ਨੂੰ ਭਾਵੇਂ ਹਾਰ ਕੇ ਪਿਛੇ ਭੱਜਣਾ ਪਿਆ ਪਰ ਖਾਲਸਾ ਫੌਜ ਦਾ ਮਹਾਨ ਜਰਨੈਲ, ਹਰੀ ਸਿੰਘ ਨਲੂਆ ਇਸ ਲੜਾਈ ਵਿਚ ਮਾਰਿਆ ਗਿਆ। ਇੰਨੇ ਨੂੰ ਬ੍ਰਿਟਿਸ਼ ਇੰਡੀਆ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ੌਜਾ ਸ਼ਾਹ ਵਿਚਾਲੇ ਤਿੰਨ ਧਿਰੀ ਸੰਧੀ ਹੋ ਗਈ ਜਿਸ ਮੁਤਾਬਕ ਬ੍ਰਿਟਿਸ਼ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਮਿਲ ਕੇ ਸ਼ੌਜਾ ਸ਼ਾਹ ਨੂੰ ਅਫਗਾਨਿਸਤਾਨ ਦਾ ਰਾਜ ਭਾਗ ਵਾਪਸ ਦਿਵਾਉਣਾ ਸੀ। ਵੱਡੀਆਂ ਤਾਕਤਾਂ ਦੀ ਦਖਲਅੰਦਾਜ਼ੀ ਨਾਲ ਸ਼ੌਜਾ ਸ਼ਾਹ 1839 ਵਿਚ ਮੁੜ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ। ਸ਼ੌਜਾ ਸ਼ਾਹ ਕੋਈ ਬਹੁਤਾ ਯੋਗ ਸਾਬਤ ਨਾ ਹੋਇਆ। ਸਗੋਂ ਉਸ ਨੂੰ ਹਕੂਮਤ ਦਿਵਾਉਣ ਲਈ ਜੋ ਜੋ ਪਾਪੜ ਬ੍ਰਿਟਿਸ਼ ਨੇ ਵੇਲੇ, ਉਸ ਦਾ ਉਨ੍ਹਾਂ ਨੂੰ ਬੜਾ ਮਹਿੰਗਾ ਖਮਿਆਜ਼ਾ ਭੁਗਤਣਾ ਪਿਆ। ਇੱਥੋਂ ਹੀ ਪਹਿਲੀ ਐਂਗਲੋ-ਅਫਗਾਨ ਲੜਾਈ ਸ਼ੁਰੂ ਹੁੰਦੀ ਹੈ।
ਉਨੀਵੀਂ ਸਦੀ ਦੇ ਸ਼ੁਰੂ ਤੋਂ ਮੱਧ ਏਸ਼ੀਆ ਵਿਚ ਬਾਹਰੀ ਮੁਲਕਾਂ ਦੀ ਸਿਆਸੀ ਖੇਡ ਚੱਲਦੀ ਰਹੀ ਜਿਸ ਨੂੰ ਗਰੇਟ ਗੇਮ ਵੀ ਕਿਹਾ ਜਾਂਦਾ ਹੈ, ਇਕ ਪਾਸੇ ਰੂਸ ਸੀ ਤੇ ਦੂਜੇ ਪਾਸੇ ਬ੍ਰਿਟਿਸ਼ ਇੰਡੀਆ ਦਾ ਮਹਾਨ ਸਾਮਰਾਜ। ਇਨ੍ਹਾਂ ਦੋਨਾਂ ਦੇ ਸੰਨ ਪੈਂਦੇ ਛੋਟੇ ਮੁਲਕ, ਖਾਸ ਕਰਕੇ ਅਫਗਾਨਿਸਤਾਨ, ਇਸ ਗਰੇਟ ਗੇਮ ਦਾ ਸ਼ਿਕਾਰ ਸਨ। ਰੂਸ ਚਾਹੁੰਦਾ ਸੀ ਕਿ ਇਹ ਮੁਲਕ ਉਸ ਦੇ ਗਲਬੇ ਹੇਠ ਰਹਿਣ ਤੇ ਬ੍ਰਿਟਿਸ਼ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੋਲਬਾਲਾ ਹੋਵੇ। ਛੋਟੇ ਮੁਲਕਾਂ ਤੋਂ ਅਗਾਂਹ ਵਧਦਾ ਰੂਸ ਹੌਲੀ ਹੌਲੀ ਅੱਗੇ ਅਫਗਾਨਿਸਤਾਨ ਵੱਲ ਜਾ ਰਿਹਾ ਸੀ। ਬ੍ਰਿਟਿਸ਼ ਇੰਡੀਆ ਨੂੰ ਡਰ ਸੀ ਕਿ ਇਕ ਦਿਨ ਰੂਸ, ਅਫਗਾਨਿਸਤਾਨ ਨੂੰ ਆਪਣੇ ਪੰਜੇ ਹੇਠ ਲੈ ਲਵੇਗਾ ਅਤੇ ਉਸ ਪਿਛੋਂ ਉਸ ਨੂੰ ਇੰਡੀਆ ਵੱਲ ਵਧਣ ਤੋਂ ਕੋਈ ਨਹੀਂ ਰੋਕ ਸਕੇਗਾ। ਸੋ ਦੋਹਾਂ ਵੱਡੇ ਮੁਲਕਾਂ ਦੀ ਨਜ਼ਰ ਹਮੇਸ਼ਾ ਅਫਗਾਨਿਸਤਾਨ ‘ਤੇ ਰਹਿੰਦੀ ਸੀ। ਅਫਗਾਨਿਸਤਾਨ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਦੋਨੋਂ ਮੁਲਕ ਭਾਂਤ ਭਾਂਤ ਦੀਆਂ ਚਾਲਾਂ ਚੱਲਦੇ ਰਹਿੰਦੇ। ਇਨ੍ਹਾਂ ਚਾਲਾਂ ਕਰਕੇ ਹੀ ਅਫਗਾਨਿਸਤਾਨ ਵਿਚ ਕਦੇ ਵੀ ਕੋਈ ਬਾਦਸ਼ਾਹਤ ਪੱਕੇ ਪੈਰੀਂ ਨਾ ਹੋ ਸਕੀ। ਕਦੇ ਇਕ ਮੁਲਕ ਕਿਸੇ ਬਾਦਸ਼ਾਹ ਨੂੰ ਮਰਵਾ ਕੇ ਉਸ ਦੇ ਭਰਾ ਨੂੰ ਬਾਦਸ਼ਾਹ ਬਣਾ ਦਿੰਦਾ ਤੇ ਕਦੇ ਦੂਜਾ ਮੁਲਕ ਦੂਜੇ ਭਰਾ ਨੂੰ ਮਰਵਾ ਕੇ ਕਿਸੇ ਹੋਰ ਭਰਾ ਨੂੰ ਗੱਦੀ ਦਿਵਾ ਦਿੰਦਾ।
1830ਵਿਆਂ ਵਿਚ ਬ੍ਰਿਟਿਸ਼ ਇੰਡੀਆ ਦਾ ਇਹ ਡਰ ਇਕਦਮ ਵਧ ਗਿਆ ਕਿ ਰੂਸ ਅਫਗਾਨਿਸਤਾਨ ‘ਚੋਂ ਦੀ ਹੁੰਦਾ ਹੋਇਆ ਬ੍ਰਿਟਿਸ਼ ਇੰਡੀਆ ‘ਤੇ ਹਮਲਾ ਕਰੇਗਾ। ਇਸ ਦਾ ਇਕ ਕਾਰਨ ਤਾਂ ਉਸ ਵੇਲੇ ਅਫਗਾਨਿਸਤਾਨ ਅੰਦਰ ਮੱਚੀ ਉਥਲ ਪੁਥਲ ਸੀ। ਦੂਜਾ ਸੀ, ਮਹਾਰਾਜਾ ਰਣਜੀਤ ਸਿੰਘ ਦਾ ਦਿਨੋਂ ਦਿਨ ਤਾਕਤਵਰ ਹੁੰਦਾ ਜਾ ਰਿਹਾ ਖਾਲਸਾ ਰਾਜ। ਥੋੜ੍ਹਾ ਸਮਾਂ ਪਹਿਲਾਂ ਹੀ ਖਾਲਸਾ ਰਾਜ ਨੇ ਅਫਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਨੂੰ ਹਰਾ ਕੇ ਪੇਸ਼ਾਵਰ ‘ਤੇ ਕਬਜ਼ਾ ਕਰ ਲਿਆ ਸੀ। ਉਦੋਂ ਦੋਸਤ ਮੁਹੰਮਦ ਨੇ ਪੇਸ਼ਾਵਰ ਵਾਪਸ ਲੈਣ ਲਈ ਬ੍ਰਿਟਿਸ਼ ਹਕੂਮਤ ਤੋਂ ਫੌਜੀ ਮਦਦ ਮੰਗੀ ਤਾਂ ਬ੍ਰਿਟਿਸ਼ ਨੇ ਇਸ ਮਾਮਲੇ ‘ਚ ਦਖਲ ਦੇਣ ਤੋਂ ਕੋਰਾ ਜੁਆਬ ਦੇ ਦਿੱਤਾ। ਇਸ ਤੋਂ ਬਿਨਾ ਅਫਗਾਨਿਸਤਾਨ ਦਾ ਹੈਰਾਤ ਸੂਬੇ ਵੱਲ ਪਰਸ਼ੀਆ ਨਾਲ ਵੀ ਝਗੜਾ ਚੱਲ ਰਿਹਾ ਸੀ। ਦੋਸਤ ਮੁਹੰਮਦ ਨੂੰ ਇਸ ਮਾਮਲੇ ਵਿਚ ਵੀ ਬਾਹਰੀ ਮਦਦ ਦੀ ਲੋੜ ਸੀ। ਸਬੱਬੀਂ ਉਨ੍ਹੀਂ ਦਿਨੀਂ ਹੀ ਰੂਸ ਦਾ ਸਫੀਰ ਆਪਣੀ ਟੀਮ ਨਾਲ ਆਮ ਗੱਲਬਾਤ ਲਈ ਅਫਗਾਨਿਸਤਾਨ ਆਇਆ। ਬ੍ਰਿਟਿਸ਼ ਨੂੰ ਲੱਗਾ ਕਿ ਉਨ੍ਹਾਂ ਵੱਲੋਂ ਪੇਸ਼ਾਵਰ ਮਸਲੇ ‘ਚ ਦਖਲ ਨਾ ਦੇਣ ਪਿਛੋਂ ਸ਼ਾਇਦ ਦੋਸਤ ਮੁਹੰਮਦ, ਰੂਸੀ ਮਦਦ ਲੈਣ ਦੀ ਸੋਚ ਰਿਹਾ ਹੈ। ਭਾਵੇਂ ਇਹ ਇਕ ਆਮ ਗੱਲ ਸੀ, ਪਰ ਵਾਇਸਰਾਏ ਲਾਰਡ ਔਕਲੈਂਡ ਦੇ ਸਲਾਹਕਾਰਾਂ ਨੇ ਇਸ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਤੇ ਉਸ ਨੂੰ ਦੁਬਿਧਾ ‘ਚ ਪਾ ਦਿੱਤਾ। ਇਸ ਦਾ ਕੋਈ ਸਿੱਧਾ ਢੰਗ ਲੱਭਣ ਦੀ ਥਾਂ ਲਾਰਡ ਔਕਲੈਂਡ ਨੇ ਕੋਈ ਕੂਟਨੀਤਕ ਚਾਲ ਚੱਲਣ ਦੀ ਸੋਚੀ। ਹੱਲ ਇਹ ਕੱਢਿਆ ਕਿ ਕਿਉਂ ਨਾ ਦੋਸਤ ਮੁਹੰਮਦ ਨੂੰ ਗੱਦੀਉਂ ਲਾਹ ਕੇ ਸ਼ੌਜਾ ਸ਼ਾਹ ਨੂੰ ਬਾਦਸ਼ਾਹ ਬਣਾ ਦਿੱਤਾ ਜਾਵੇ। ਆਪਣੀ ਇਸ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ਔਕਲੈਂਡ ਨੇ ਜੋ ਕਦਮ ਚੁੱਕਿਆ, ਇਤਿਹਾਸ ਉਸ ਨੂੰ ਕਾਹਲ ‘ਚ ਚੁੱਕਿਆ ਮੂਰਖਤਾ ਭਰਿਆ ਕਦਮ ਦੱਸਦਾ ਹੈ।
ਲਾਰਡ ਔਕਲੈਂਡ ਨੇ ਗੋਰਿਆਂ ਅਤੇ ਭਾਰਤੀਆਂ ਦੀ ਰਲਵੀਂ ਮਿਲਵੀਂ ਵੀਹ ਹਜ਼ਾਰ ਤੋਂ ਵੀ ਉਪਰ ਵੱਡੀ ਫੌਜ ਦੀ ਅਗਵਾਈ ਕਰ ਰਹੇ ਜਨਰਲ ਅਲਫਿਨਸਟੋਨ ਨੂੰ ਅਫਗਾਨਿਸਤਾਨ ‘ਤੇ ਹਮਲੇ ਦਾ ਹੁਕਮ ਦਿੱਤਾ। ਸਾਲ 1839 ਦੇ ਸ਼ੁਰੂ ‘ਚ ਬ੍ਰਿਟਿਸ਼ ਫੌਜ ਪੰਜਾਬ ‘ਚੋਂ ਲੰਘਦਿਆਂ ਅਫਗਾਨਿਸਤਾਨ ਵੱਲ ਨੂੰ ਤੁਰ ਪਈ। ਮਾਰਚ ਦੇ ਆਖਰੀ ਹਫਤੇ ਬੋਲਨ ਦੱਰਾ ਪਾਰ ਕਰਦਿਆਂ ਫੌਜ ਬਲੋਚ ਸ਼ਹਿਰ ਕੋਇਟਾ ਜਾ ਪਹੁੰਚੀ। ਉਥੋਂ ਇਸ ਨੇ ਕਾਬਲ ਵੱਲ ਨੂੰ ਚਾਲੇ ਪਾ ਦਿੱਤੇ, ਬੜਾ ਔਖਾ ਤੇ ਖਤਰਨਾਕ ਰਾਹ ਸੀ। ਊਬੜ-ਖਾਬੜ ਰਸਤੇ, ਮਾਰੂਥਲ ਅਤੇ ਚਾਰ ਹਜ਼ਾਰ ਮੀਟਰ ਉਚੇਰੇ ਦੱਰੇ ਪਾਰ ਕਰਦਿਆਂ ਆਖਰ ਇਸ ਫੌਜ ਨੇ 25 ਅਪਰੈਲ 1839 ਨੂੰ ਕੰਧਾਰ ਜਾ ਡੇਰੇ ਲਾਏ। 22 ਜੁਲਾਈ 1839 ਨੂੰ ਇਸ ਫੌਜ ਨੇ ਅਚਾਨਕ ਹਮਲਾ ਕਰ ਕੇ ਗਜ਼ਨੀ ਦੇ ਕਿਲੇ ‘ਤੇ ਕਬਜ਼ਾ ਕਰ ਲਿਆ ਜਿਸ ਉਪਰੰਤ ਭੂਤਰੀ ਬ੍ਰਿਟਿਸ਼ ਫੌਜ ਨੇ ਸ਼ਹਿਰ ਦੇ ਮੁੱਖ ਦਰਵਾਜੇ ਤੋੜ ਸੁੱਟੇ। ਸ਼ਹਿਰ ‘ਚ ਘੁੰਮਦਿਆਂ ਇਸ ਫੌਜ ਨੇ ਹੰਕਾਰੀ ਹੋਈ ਫੌਜ ਦਾ ਵਿਖਾਵਾ ਕੀਤਾ। ਇਥੇ ਮੁਕਾਮ ਕਰਦਿਆਂ ਬ੍ਰਿਟਿਸ਼ ਫੌਜ ਨੇ ਆਪਣੀ ਸਪਲਾਈ ਲਾਈਨ ਦਾ ਵਧੀਆ ਪ੍ਰਬੰਧ ਕਰ ਲਿਆ। ਇਸ ਪਿਛੋਂ ਫੌਜ ਅੱਗੇ ਵਧੀ ਤਾਂ ਉਸ ਦਾ ਦੋਸਤ ਮੁਹੰਮਦ ਦੀਆਂ ਫੌਜਾਂ ਨਾਲ ਬੜਾ ਫਸਵਾਂ ਮੁਕਾਬਲਾ ਹੋਇਆ। ਦੋਸਤ ਮੁਹੰਮਦ ਦੇ ਪੁੱਤਰ ਅਕਬਰ ਖਾਂ ਵੀ ਬਹੁਤ ਬਹਾਦਰੀ ਨਾਲ ਲੜਿਆ। ਪਰ ਉਨ੍ਹਾਂ ਦੀ ਬ੍ਰਿਟਿਸ਼ ਫੌਜ ਮੂਹਰੇ ਇਕ ਨਾ ਚੱਲੀ ਤੇ ਉਨ੍ਹਾਂ ਨੂੰ ਪਿਛੇ ਹਟਣਾ ਪਿਆ। ਇਥੋਂ ਸਭ ਕੁਝ ਛੱਡ ਛਡਾ ਕੇ ਦੋਸਤ ਮੁਹੰਮਦ ਤੇ ਅਕਬਰ ਖਾਂ ਬਾਮੀਆਨ ਵੱਲ ਨਿਕਲ ਗਏ ਤੇ ਅੱਗੋਂ ਸੁਰੱਖਿਅਤ ਥਾਂ ਬੁਖਾਰੇ ਜਾ ਪਹੁੰਚੇ। ਪਿਛੇ ਅਫਗਾਨਿਸਤਾਨ ਦਾ ਤਖਤ ਖਾਲੀ ਹੋ ਗਿਆ ਤਾਂ ਬ੍ਰਿਟਿਸ਼ ਹਕੂਮਤ ਨੇ ਤੀਹ ਸਾਲ ਪਹਿਲਾਂ ਗੱਦੀਉਂ ਲਾਹੇ ਸ਼ੌਜਾ ਸ਼ਾਹ ਨੂੰ ਬਾਦਸ਼ਾਹ ਬਣਾ ਦਿੱਤਾ। ਇਹੀ ਔਕਲੈਂਡ ਦਾ ਨਿਸ਼ਾਨਾ ਸੀ।
ਇਸ ਨਿਸ਼ਾਨੇ ਦੀ ਪ੍ਰਾਪਤੀ ਉਪਰੰਤ ਬਹੁਤੀ ਫੌਜ ਵਾਪਸ ਹਿੰਦੋਸਤਾਨ ਮੁੜ ਗਈ। ਪਰ ਕਰੀਬ ਅੱਠ ਹਜ਼ਾਰ ਫੌਜ ਸ਼ੌਜਾ ਸ਼ਾਹ ਦੀ ਮਦਦ ਲਈ ਕੁਝ ਦੇਰ ਲਈ ਉਥੇ ਰੁਕ ਗਈ। ਸ਼ੌਜਾ ਸ਼ਾਹ ਦੀ ਕਮਜ਼ੋਰ ਸਰਕਾਰ ਨੇ ਇਹ ਗੱਲ ਬੜੀ ਜਲਦੀ ਸਾਬਤ ਕਰ ਦਿੱਤੀ ਕਿ ਬਾਹਰੀ ਮਦਦ ਤੋਂ ਬਿਨਾ ਉਸ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਬ੍ਰਿਟਿਸ਼ ਹਕੂਮਤ ਨੂੰ ਮਹਿਸੂਸ ਹੋਇਆ ਕਿ ਸ਼ੌਜਾ ਸ਼ਾਹ ਦੀ ਮਦਦ ਲਈ ਉਸ ਦੀ ਫੌਜ ਨੂੰ ਲਗਾਤਾਰ ਉਥੇ ਰਹਿਣਾ ਪਵੇਗਾ, ਨਹੀਂ ਤਾਂ ਕੋਈ ਨਾ ਕੋਈ ਉਸ ਦਾ ਤਖਤਾ ਪਲਟ ਦੇਵੇਗਾ। ਸੋ ਪਿੱਛੇ ਰਹੀ ਫੌਜ ਦੇ ਪੱਕੇ ਤੌਰ ‘ਤੇ ਉਥੇ ਹੀ ਰਹਿਣ ਦਾ ਇੰਤਜ਼ਾਮ ਕਰਦਿਆਂ, ਉਨ੍ਹਾਂ ਨੂੰ ਆਪਣੇ ਪਰਿਵਾਰ ਵੀ ਇਥੇ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਗਈ। ਹੌਲੀ ਹੌਲੀ ਗੋਰੇ ਫੌਜੀ ਸਿਪਾਹੀਆਂ ਅਤੇ ਅਫਸਰਾਂ ਦੇ ਪਰਿਵਾਰ ਉਥੇ ਪਹੁੰਚ ਗਏ ਤਾਂ ਅਫਗਾਨ ਲੋਕ ਸਮਝ ਗਏ ਕਿ ਬ੍ਰਿਟਿਸ਼ ਇੱਥੇ ਪੱਕੇ ਅੱਡੇ ਲਾਉਣ ਦਾ ਇੰਤਜ਼ਾਮ ਕਰੀ ਜਾ ਰਹੇ ਹਨ। ਅਫਗਾਨ ਲੋਕ ਸ਼ੌਜਾ ਸ਼ਾਹ ਨੂੰ ਪਸੰਦ ਨਹੀਂ ਸੀ ਕਰਦੇ, ਫਿਰ ਉਨ੍ਹਾਂ ਗੋਰਿਆਂ ਨੂੰ ਪਸੰਦ ਕੀ ਕਰਨਾ ਸੀ? ਲੋਕਾਂ ਵਿਚ ਗੁੱਸਾ ਵਧਣ ਲੱਗਾ। ਉਧਰੋਂ ਦੋਸਤ ਮੁਹੰਮਦ ਵੀ ਬੁਖਾਰੇ ਵੱਲੋਂ ਵਾਪਸ ਆਉਂਦਿਆਂ ਲੜਾਈ ਦੀ ਤਿਆਰੀ ਕਰਨ ਲੱਗਾ। ਆਖਰ ਕਾਫੀ ਮਜ਼ਬੂਤ ਹੁੰਦਿਆਂ ਉਸ ਨੇ 1840 ਵਿਚ ਹੀ ਬ੍ਰਿਟਿਸ਼ ਫੌਜ ‘ਤੇ ਹੱਲਾ ਬੋਲ ਦਿੱਤਾ। ਜਿੱਤ ਤਾਂ ਭਾਵੇਂ ਨਾ ਸਕਿਆ ਪਰ ਉਸ ਦੀ ਇਸ ਲੜਾਈ ਨੇ ਅਫਗਾਨ ਲੋਕਾਂ ਵਿਚ ਇਕ ਉਮੀਦ ਜਗਾ ਦਿੱਤੀ। ਲੋਕਾਂ ‘ਚ ਭੜਕ ਰਹੀ ਚਿੰਗਾੜੀ ਹੋਰ ਤੇਜ਼ ਹੋ ਗਈ। ਉਂਜ ਦੋਸਤ ਮੁਹੰਮਦ ਇਸ ਲੜਾਈ ‘ਚ ਫੜ੍ਹਿਆ ਗਿਆ ਤੇ ਬ੍ਰਿਟਿਸ਼ ਹਕੂਮਤ ਨੇ ਉਸ ਨੂੰ ਜਲਾਵਤਨ ਕਰਦਿਆਂ ਇੰਡੀਆ ‘ਚ ਕੈਦ ਕਰ ਦਿੱਤਾ।
ਬ੍ਰਿਟਿਸ਼ ਫੌਜ ਨੇ ਬਾਲਾ ਹਿਸਾਰ ਦਾ ਕਿਲਾ ਖਾਲੀ ਕਰਕੇ ਕਾਬਲ ਦੇ ਚੜ੍ਹਦੇ ਵੱਲ ਬਾਹਰਵਾਰ ਛਾਉਣੀ ਬਣਾ ਲਈ। ਇਸ ਦਾ ਉਲਟਾ ਅਸਰ ਹੋਇਆ। ਇਕ ਤਾਂ ਇਹ ਛਾਉਣੀ ਬੜੀ ਨੀਵੀਂ ਜਗ੍ਹਾ ‘ਤੇ ਸੀ ਤੇ ਦੂਸਰਾ ਇਹ ਲੋੜ ਨਾਲੋਂ ਬਹੁਤ ਵੱਡੀ ਸੀ। ਵੱਡੀ ਛਾਉਣੀ ਦੀ ਰਾਖੀ ਕਰਨਾ ਫੌਜ ਲਈ ਔਖਾ ਸੀ। ਉਧਰ ਦੋਸਤ ਮੁਹੰਮਦ ਦੇ ਫੜ੍ਹੇ ਜਾਣ ਪਿਛੋਂ ਉਸ ਦਾ ਪੁੱਤਰ ਅਕਬਰ ਖਾਂ ਅਗਲੀ ਲੜਾਈ ਦੀ ਤਿਆਰੀ ਕਰਨ ਲੱਗਾ ਹੋਇਆ ਸੀ। ਬਾਗੀ ਲੋਕ ਉਸ ਦੀ ਫੌਜ ਵਿਚ ਧੜਾਧੜ ਸ਼ਾਮਲ ਹੋ ਰਹੇ ਸਨ। ਅਸਲ ‘ਚ ਉਸ ਵੇਲੇ ਹਰ ਕੋਈ ਬ੍ਰਿਟਿਸ਼ ਫੌਜ ਤੋਂ ਔਖਾ ਸੀ। ਸੋ ਬਗਾਵਤ ਦਿਨੋ ਦਿਨ ਵਧਦੀ ਜਾ ਰਹੀ ਸੀ। ਉਂਜ ਤਾਂ ਹਰ ਪਾਸੇ ਚੁੱਪ ਚਾਂ ਜਿਹੀ ਸੀ ਪਰ ਲੱਗ ਰਿਹਾ ਸੀ ਜਿਵੇਂ ਕੋਈ ਤੂਫਾਨ ਆਉਣ ਵਾਲਾ ਹੋਵੇ। ਫਿਰ ਨਵੰਬਰ 1841 ਵਿਚ ਇਸ ਦੀ ਸ਼ੁਰੂਆਤ ਹੋ ਗਈ। ਬ੍ਰਿਟਿਸ਼ ਫੌਜ ਦੇ ਇਕ ਵੱਡੇ ਅਫਸਰ ਅਲੈਗਜੈਂਡਰ ਬਰਨਜ਼ ਅਤੇ ਉਸ ਦੀ ਫੌਜੀ ਟੁਕੜੀ ਨੂੰ ਕਾਬਲ ਦੇ ਬਜ਼ਾਰਾਂ ਵਿਚ ਹੀ ਲੋਕਾਂ ਦੀ ਭੀੜ ਨੇ ਕੁੱਟ ਕੁੱਟ ਕੇ ਮਾਰ ਦਿੱਤਾ।
ਇਸ ਨਾਲ ਬ੍ਰਿਟਿਸ਼ ਫੌਜ ‘ਚ ਦਹਿਸ਼ਤ ਫੈਲ ਗਈ ਤੇ ਉਸ ਦਾ ਇਸ ਪ੍ਰਤੀ ਕੋਈ ਵੀ ਕਦਮ ਚੁੱਕਣ ਦਾ ਹੌਂਸਲਾ ਨਾ ਪਿਆ। ਲੋਕਾਂ ਦਾ ਹੌਂਸਲਾ ਹੋਰ ਵਧ ਗਿਆ ਤੇ ਉਨ੍ਹਾਂ ਬ੍ਰਿਟਿਸ਼ ਫੌਜ ਦੇ ਸਾਜੋ ਸਾਮਾਨ ਵਾਲੀ ਇਕ ਛਾਉਣੀ ਉਪਰ ਹੀ ਹਮਲਾ ਬੋਲ ਦਿੱਤਾ। ਇਨ੍ਹਾਂ ਹੱਲਿਆਂ ਨਾਲ ਬ੍ਰਿਟਿਸ਼ ਫੌਜ ਦੇ ਹੌਂਸਲੇ ਪਸਤ ਹੁੰਦੇ ਜਾ ਰਹੇ ਸਨ ਅਤੇ ਅਕਬਰ ਖਾਂ ਦੀ ਦਿਨੋ ਦਿਨ ਚੜ੍ਹਾਈ ਹੋ ਰਹੀ ਸੀ। ਇਸ ਦੌਰਾਨ ਬ੍ਰਿਟਿਸ਼ ਫੌਜੀ ਅਫਸਰਾਂ ਨੇ ਅਕਬਰ ਖਾਂ ਨਾਲ ਕਿਸੇ ਗੱਲਬਾਤ ਦਾ ਰਾਹ ਕੱਢਿਆ। ਕਮਾਂਡਰ ਮੈਕਨਾਘਟਨ ਨੇ ਗੁਪਤ ਤੌਰ ‘ਤੇ ਉਸ ਨਾਲ ਸਮਝੌਤਾ ਵਾਰਤਾ ਚਲਾਈ ਕਿ ਜੇ ਉਹ ਬ੍ਰਿਟਿਸ਼ ਫੌਜ ਨੂੰ ਇਥੇ ਇਵੇਂ ਹੀ ਰਹਿਣ ਦੇ ਦੇਵੇ ਤਾਂ ਉਸ ਨੂੰ ਸ਼ੌਜਾ ਸ਼ਾਹ ਦੀ ਸਰਕਾਰ ‘ਚ ਵਜ਼ੀਰ ਦਾ ਅਹੁਦਾ ਦੁਆਇਆ ਜਾ ਸਕਦਾ ਹੈ। ਗੱਲ ਅੱਗੇ ਵਧਣ ਲੱਗੀ। ਮੈਕਨਾਘਟਨ ਨੇ ਅਕਬਰ ਖਾਂ ਨਾਲ ਮਿਲਣ ਲਈ ਥਾਂ ਤੈਅ ਕਰ ਲਈ ਜਿਥੇ ਕਿ ਅੱਗੇ ਦੀ ਗੱਲਬਾਤ ਹੋਣੀ ਸੀ। ਪਰ ਅਸਲ ‘ਚ ਮੈਕਨਾਘਟਨ ਸਮਝੌਤਾ ਵਾਰਤਾ ਦੀ ਆੜ ‘ਚ ਇਕ ਹੋਰ ਭੱਦੀ ਚਾਲ ਚੱਲ ਰਿਹਾ ਸੀ। ਉਸ ਨੇ ਅਕਬਰ ਖਾਂ ਦੇ ਨੇੜਲਿਆਂ ਵਿਚੋਂ ਹੀ ਕੁਝ ਨੂੰ ਵੱਡੀਆਂ ਰਕਮਾਂ ਦੇ ਕੇ ਖਰੀਦ ਲਿਆ। ਉਸ ਦਾ ਮੁੱਖ ਮੰਤਵ ਅਕਬਰ ਖਾਂ ਨੂੰ ਕਿਸੇ ਸਮਝੌਤੇ ਵਾਲੀ ਥਾਂ ‘ਤੇ ਬੁਲਾ ਕੇ ਕਤਲ ਕਰਵਾਉਣਾ ਸੀ। ਪਰ ਇਸ ਸਕੀਮ ਦਾ ਅਕਬਰ ਖਾਂ ਨੂੰ ਸਮੇਂ ਤੋਂ ਪਹਿਲਾਂ ਹੀ ਪਤਾ ਲੱਗ ਗਿਆ। ਇਸ ਲਈ ਉਹ ਸਮਝੌਤਾ ਵਾਰਤਾ ਵਾਲੀ ਥਾਂ ‘ਤੇ ਪਹੁੰਚ ਤਾਂ ਗਿਆ ਅਤੇ ਉਥੇ ਕਤਲੋਗਾਰਤ ਵੀ ਹੋਈ ਜਿਸ ਵਿਚ ਅਕਬਰ ਖਾਂ ਨਹੀਂ ਸਗੋਂ ਮੈਕਨਾਘਟਨ ਖੁਦ ਅਤੇ ਉਸ ਦੇ ਬ੍ਰਿਟਿਸ਼ ਅਫਸਰ ਮਾਰੇ ਗਏ। ਇਸ ਉਪਰੰਤ ਅਕਬਰ ਖਾਂ ਦੇ ਲੋਕਾਂ ਨੇ ਇਨ੍ਹਾਂ ਫੌਜੀ ਅਫਸਰਾਂ ਦੀਆਂ ਲਾਸ਼ਾਂ ਨੂੰ ਕਾਬਲ ਦੇ ਗਲੀ ਬਾਜ਼ਾਰਾਂ ‘ਚ ਘੜੀਸਿਆ।
ਇਸ ਘਟਨਾ ਨਾਲ ਬ੍ਰਿਟਿਸ਼ ਫੌਜ ਦੇ ਮੋਢੀ ਅਲਫਿਨਸਟੋਨ ਦੇ ਹੌਂਸਲੇ ਬਿਲਕੁਲ ਪਸਤ ਹੋ ਗਏ ਤੇ ਉਸ ਦੀ ਕਮਾਂਡ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਦੂਰ ਅੰਦੇਸ਼ ਅਲਫਿਨਸਟੋਨ ਸਮਝ ਗਿਆ ਕਿ ਜੇ ਛੇਤੀ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਅਫਗਾਨ ਬ੍ਰਿਟਿਸ਼ ਫੌਜ ਦਾ ਜਿਉਣਾ ਦੁੱਭਰ ਕਰ ਦੇਣਗੇ। ਸੋ ਉਹ ਇਥੋਂ ਜਾਣ ਦਾ ਕੋਈ ਰਾਹ ਕੱਢਣ ਲੱਗਾ। ਉਸ ਨੇ ਅਕਬਰ ਖਾਂ ਨਾਲ ਸਮਝੌਤਾ ਕਰ ਲਿਆ ਜਿਸ ਤਹਿਤ ਬ੍ਰਿਟਿਸ਼ ਫੌਜ ਨੇ ਇਥੋਂ ਜਾਣਾ ਸੀ ਤੇ ਅਕਬਰ ਖਾਂ ਨੇ ਸੁਰੱਖਿਅਤ ਰਾਹ ਦੇਣਾ ਸੀ। ਇਸ ਦੇ ਕੁਝ ਦਿਨ ਬਾਅਦ ਹੀ ਬ੍ਰਿਟਿਸ਼ ਫੌਜ ਨੇ ਤੰਬੂ ਪੱਟ ਲਏ। ਬ੍ਰਿਟਿਸ਼ ਫੌਜ ਦਾ ਇਹ ਕਾਫਲਾ ਵਾਪਸ ਹਿੰਦੋਸਤਾਨ ਵੱਲ ਨੂੰ ਤੁਰ ਪਿਆ। ਇਸ ਕਾਫਲੇ ਦੀ, ਫੌਜੀਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਅਤੇ ਹੋਰ ਸੇਵਾ ਸੰਭਾਲ ਵਾਲੇ ਲੋਕਾਂ ਨੂੰ ਮਿਲਾ ਕੇ ਗਿਣਤੀ ਸੋਲਾਂ ਹਜ਼ਾਰ ਤੋਂ ਵੱਧ ਸੀ। ਜਿਉਂ ਹੀ ਕਾਫਲਾ ਬਰਫ ਨਾਲ ਢਕੇ ਪਹਾੜੀ ਲਾਂਘਿਆਂ ‘ਚ ਦਾਖਲ ਹੋਇਆ ਤਾਂ ਪਾਸਿਆਂ ਤੋਂ ਉਨ੍ਹਾਂ ‘ਤੇ ਅਫਗਾਨ ਲੜਾਕਿਆਂ ਨੇ ਹਮਲੇ ਸ਼ੁਰੂ ਕਰ ਦਿੱਤੇ। ਹਮਲਾਵਰਾਂ ਦੀ ਗਿਣਤੀ ਵਧਦੀ ਗਈ ਤੇ ਉਹ ਬਿਨਾ ਕਿਸੇ ਤਰਸ ਭਾਵਨਾ ਦੇ ਇਨ੍ਹਾਂ ਕਾਫਲੇ ਵਾਲਿਆਂ ਦਾ ਕਤਲੇਆਮ ਕਰਦੇ ਗਏ। ਬਰਫੀਲੇ ਊਬੜ-ਖਾਬੜ ਰਸਤੇ, ਦੋ ਦੋ ਫੁੱਟ ਬਰਫ ਨਾਲ ਢਕਿਆ ਰਾਹ, ਬਹੁਤ ਹੀ ਔਖਾ ਪੈਂਡਾ ਸੀ। ਉਦੋਂ ਨੂੰ ਰਾਸ਼ਣ ਅਤੇ ਪਾਣੀ-ਧਾਣੀ ਸਭ ਕੁਝ ਖਤਮ ਹੋ ਗਿਆ। ਲੰਬਾ ਹੁੰਦਾ ਗਿਆ ਵਕਤ ਤੇ ਉਪਰੋਂ ਆਲੇ ਦੁਆਲਿਉਂ ਹੁੰਦੇ ਹਮਲੇ, ਇਹ ਔਖਾ ਪੰਧ ਬ੍ਰਿਟਿਸ਼ ਫੌਜਾਂ ਲਈ ਕਬਰਿਸਤਾਨ ਬਣ ਗਿਆ। ਜਿੱਧਰ ਨੂੰ ਉਹ ਜਾ ਰਹੇ ਸਨ, ਉਧਰ ਅੱਗੇ ਜਲਾਲਾਬਾਦ ਸ਼ਹਿਰ ਵਿਚ ਬ੍ਰਿਟਿਸ਼ ਫੌਜ ਦੀ ਵੱਡੀ ਛਾਉਣੀ ਸੀ। ਪਰ ਉਥੇ ਪਹੁੰਚਣਾ ਮੁਸ਼ਕਿਲ ਹੋ ਚੁੱਕਾ ਸੀ। ਆਖਰ ਅਫਗਾਨ ਹਮਲਾਵਰਾਂ ਨੇ ਫੌਜੀ, ਉਨ੍ਹਾਂ ਦੇ ਪਰਿਵਾਰ, ਔਰਤਾਂ, ਬੱਚੇ, ਸੇਵਾਦਾਰ ਅਤੇ ਨੌਕਰ ਵਗੈਰਾ ਸਭ ਮਾਰ ਮੁਕਾਏ। ਸਾਢੇ ਸੋਲਾਂ ਹਜ਼ਾਰ ਦੇ ਕਾਫਲੇ ‘ਚੋਂ ਸਿਰਫ ਇਕੋ ਵਿਅਕਤੀ ਜਲਾਲਬਾਦ ਛਾਉਣੀ ਪਹੁੰਚ ਸਕਿਆ, ਉਹ ਸੀ ਡਾਕਟਰ ਵਿਲੀਅਮ ਬਰੈਡਨ। ਇਤਿਹਾਸ ਗਵਾਹ ਹੈ ਕਿ ਬ੍ਰਿਟਿਸ਼ ਹਕੂਮਤ ਨੂੰ ਇੱਡੀ ਵੱਡੀ ਸੱਟ ਕਿਧਰੇ ਵੀ ਨਹੀਂ ਸੀ ਵੱਜੀ। ਸ਼ਾਇਦ ਇਸੇ ਸੱਟ ਕਰਕੇ ਹੀ ਲੌਰਡ ਔਕਲੈਂਡ ਨੂੰ ਦਿਲ ਦਾ ਦੌਰਾ ਪੈ ਗਿਆ।
ਇਸ ਪਿਛੋਂ ਬ੍ਰਿਟਿਸ਼ ਹਕੂਮਤ ਨੇ ਆਪਣੀ ਨੀਤੀ ਬਦਲ ਲਈ। ਭਾਵੇਂ ਮੌਸਮ ਬਦਲਦਿਆਂ ਹੀ ਬ੍ਰਿਟਿਸ਼ ਫੌਜ ਨੇ ਵੱਡੇ ਹਮਲੇ ਕਰਦਿਆਂ ਕਾਬਲ ਕੰਧਾਰ ਵਰਗੇ ਸ਼ਹਿਰ ਫਿਰ ਤੋਂ ਜਿੱਤ ਲਏ ਤੇ ਅਕਬਰ ਖਾਂ ਹਾਰ ਕੇ ਭੱਜ ਗਿਆ। ਪਰ ਨਵੀਂ ਨੀਤੀ ਮੁਤਾਬਕ ਬ੍ਰਿਟਿਸ਼ ਹਕੂਮਤ ਨੇ ਅਫਗਾਨਿਸਤਾਨ ਤੋਂ ਦੂਰ ਰਹਿਣ ਦਾ ਕੰਮ ਸ਼ੁਰੂ ਕਰ ਦਿੱਤਾ। ਜੋ ਕਿਧਰੇ ਬਚੇ ਖੁਚੇ ਬਰਤਾਨਵੀ ਫਸੇ ਹੋਏ ਸਨ, ਉਹ ਇਨ੍ਹਾਂ ਜਿੱਤਾਂ ਦੌਰਾਨ ਕੱਢ ਲਏ ਗਏ। ਸਾਲ 1842 ‘ਚ ਜਾ ਕੇ ਦੋਸਤ ਮੁਹੰਮਦ ਨੂੰ ਜਲਾਵਤਨੀ ‘ਚੋਂ ਛੱਡ ਦਿੱਤਾ ਗਿਆ ਤੇ ਉਹ ਵਾਪਸ ਜਾ ਕੇ ਫਿਰ ਤੋਂ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ। 1863 ਵਿਚ ਆਪਣੀ ਮੌਤ ਤੱਕ ਉਹ ਅਫਗਾਨਿਸਤਾਨ ਦਾ ਬਾਦਸ਼ਾਹ ਰਿਹਾ। ਉਸ ਪਿਛੋਂ ਉਸ ਦਾ ਤੀਸਰਾ ਪੁੱਤਰ ਸ਼ੇਰ ਅਲੀ ਖਾਨ ਰਾਜਭਾਗ ਦਾ ਵਾਰਿਸ ਬਣਿਆ।
ਜਿਸ ਵਜ੍ਹਾ ਕਰਕੇ ਪਹਿਲੀ ਐਂਗਲੋ-ਅਫਗਾਨ ਜੰਗ ਹੋਈ, ਉਹ ਉਸ ਮੌਕੇ ਤਾਂ ਭਾਵੇਂ ਨਾ ਵਾਪਰੀ ਪਰ ਰੂਸ ਹੌਲੀ ਹੌਲੀ ਆਪਣੀ ਖੇਡ ਖੇਡਦਾ ਰਿਹਾ। ਇਕ ਇਕ ਛੋਟੇ ਦੇਸ਼ ਨੂੰ ਕਬਜ਼ੇ ‘ਚ ਲੈਂਦਿਆਂ ਉਹ ਅਗਾਂਹ ਵਧਦਾ ਰਿਹਾ ਤੇ ਆਖਰ ਅਫਗਾਨਿਸਤਾਨ ਦੀ ਹੱਦ ‘ਤੇ ਪੈਂਦੇ ਅਮੂ ਦਰਿਆ ਤੱਕ ਆ ਪਹੁੰਚਿਆ। 1878 ‘ਚ ਜਾ ਕੇ ਬਰਤਾਨੀਆ ਲਈ ਉਹੀ ਖਤਰਾ ਫਿਰ ਖੜ੍ਹਾ ਹੋ ਗਿਆ ਜਿਸ ਦਾ ਡਰ ਉਸ ਨੂੰ ਪਹਿਲੀ ਐਂਗਲੋ-ਅਫਗਾਨ ਜੰਗ ਵੇਲੇ ਸੀ। ਉਸ ਨੂੰ ਲੱਗਾ ਕਿ ਇਸ ਵੇਲੇ ਰੂਸ ਪਿਛਾਂਹ ਨਹੀਂ ਹਟੇਗਾ, ਸਗੋਂ ਅਗਾਂਹ ਵਧ ਕੇ ਉਹ ਬ੍ਰਿਟਿਸ਼ ਫੌਜ ਨਾਲ ਲੜਾਈ ਜ਼ਰੂਰ ਲੜੇਗਾ। ਉਸ ਵੇਲੇ ਸ਼ੇਰ ਅਲੀ ਖਾਨ ਅਫਗਾਨਿਸਤਾਨ ਦਾ ਬਾਦਸ਼ਾਹ ਸੀ।
ਰੂਸ ਨੇ ਪਹਿਲਾਂ ਦੀ ਤਰ੍ਹਾਂ ਹੀ ਆਪਣਾ ਗਲਬਾ ਕਾਇਮ ਕਰਨ ਲਈ ਸਿਫਾਰਤੀ ਮਿਸ਼ਨ ਭੇਜਿਆ। ਉਂਜ ਸ਼ੇਰ ਅਲੀ ਖਾਨ ਇਸ ਮਿਸ਼ਨ ਦੇ ਆਉਣ ਦੇ ਹੱਕ ‘ਚ ਨਹੀਂ ਸੀ। ਉਸ ਨੇ ਬੜੀ ਕੋਸ਼ਿਸ਼ ਕੀਤੀ ਕਿ ਮਿਸ਼ਨ ਇਥੇ ਨਾ ਆਵੇ ਪਰ ਉਹ ਕਿਵੇਂ ਨਾ ਕਿਵੇਂ ਆ ਹੀ ਪਹੁੰਚੇ। ਇਸ ਤੋਂ ਬਰਤਾਨਵੀ ਚਿੜ੍ਹ ਗਏ ਤੇ ਉਨ੍ਹਾਂ ਨੇ ਸ਼ੇਰ ਅਲੀ ਖਾਨ ਨੂੰ ਸੁਨੇਹਾ ਭੇਜਿਆ ਕਿ ਹੁਣ ਉਨ੍ਹਾਂ ਦਾ ਮਿਸ਼ਨ ਵੀ ਆ ਰਿਹਾ ਹੈ। ਪਰ ਸ਼ੇਰ ਅਲੀ ਖਾਨ ਨੇ ਜੁਆਬ ਦੇ ਦਿੱਤਾ। ਜੁਆਬ ਦੇ ਬਾਵਜੂਦ ਬ੍ਰਿਟਿਸ਼ ਹਕੂਮਤ ਨੇ ਮਿਸ਼ਨ ਤਿਆਰ ਕਰ ਦਿੱਤਾ ਜਿਸ ਨੇ ਅਫਗਾਨਿਸਤਾਨ ਜਾਣਾ ਸੀ। ਸ਼ੇਰ ਅਲੀ ਖਾਨ ਨੇ ਧਮਕੀ ਦਿੱਤੀ ਕਿ ਜੇ ਬ੍ਰਿਟਿਸ਼ ਹਕੂਮਤ ਨੇ ਰੋਕਣ ਦੇ ਬਾਵਜੂਦ ਅਫਗਾਨਿਸਤਾਨ ‘ਚ ਪੈਰ ਪਾਇਆ ਤਾਂ ਉਹ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗਾ। ਭੂਤਰੇ ਬ੍ਰਿਟਿਸ਼ ਲੋਕਾਂ ਨੇ ਉਸ ਦੀ ਧਮਕੀ ਦੀ ਪ੍ਰਵਾਹ ਕੀਤੇ ਬਿਨਾ ਆਪਣਾ ਮਿਸ਼ਨ ਉਧਰ ਨੂੰ ਤੋਰ ਦਿੱਤਾ।
ਇਹ 1878 ਦੇ ਸਤੰਬਰ ਮਹੀਨੇ ਦੀ ਗੱਲ ਹੈ। ਜਿਉਂ ਹੀ ਇਹ ਸਿਫਾਰਤੀ ਮਿਸ਼ਨ ਖੈਬਰ ਦੱਰੇ ਦੇ ਪੂਰਬੀ ਦਾਖਲੇ ‘ਤੇ ਪਹੁੰਚਿਆ ਤਾਂ ਅਫਗਾਨ ਫੌਜਾਂ ਨੇ ਉਸ ਨੂੰ ਉਥੋਂ ਵਾਪਸ ਭਜਾ ਦਿੱਤਾ। ਇਥੋਂ ਹੀ ਦੂਸਰੀ ਐਂਗਲੋ-ਅਫਗਾਨ ਜੰਗ ਸ਼ੁਰੂ ਹੁੰਦੀ ਹੈ। ਬ੍ਰਿਟਿਸ਼ ਮਿਸ਼ਨ ਨੂੰ ਅਫਗਾਨਿਸਤਾਨ ‘ਚ ਦਾਖਲਾ ਤਾਂ ਨਾ ਮਿਲਿਆ ਪਰ ਬਰਤਾਨੀਆ ਦੀ ਚਾਲੀ ਹਜ਼ਾਰ ਤੋਂ ਉਪਰ ਫੌਜ ਨੇ ਉਧਰ ਨੂੰ ਕੂਚ ਕਰ ਦਿੱਤਾ। ਸ਼ੇਰ ਅਲੀ ਖਾਨ ਬਹੁਤੀ ਦੇਰ ਅੜ ਨਾ ਸਕਿਆ ਤੇ ਜਾਨ ਬਚਾਉਂਦਾ ਮਜ਼ਾਰ-ਏ-ਸ਼ਰੀਫ ਵੱਲ ਨੂੰ ਭੱਜ ਗਿਆ। ਪਿੱਛੇ ਬ੍ਰਿਟਿਸ਼ ਫੌਜਾਂ ਨੇ ਮੁਲਕ ਦਾ ਬਹੁਤਾ ਭਾਗ ਆਪਣੇ ਕਬਜ਼ੇ ਹੇਠ ਲੈ ਲਿਆ। ਹੁਣ ਬਾਜੀ ਬ੍ਰਿਟਿਸ਼ ਹਕੂਮਤ ਦੇ ਹੱਥ ਸੀ। ਮੁਲਕ ਨੂੰ ਹੋਰ ਬਰਬਾਦੀ ਤੋਂ ਬਚਾਉਣ ਲਈ ਸ਼ੇਰ ਅਲੀ ਖਾਨ ਦੇ ਪੁੱਤਰ ਮੁਹੰਮਦ ਯਾਕੂਬ ਖਾਨ ਨੇ ਸਮਝੌਤਾ ਦਾ ਰਾਹ ਕੱਢਿਆ। ਉਸ ਨੇ ਬ੍ਰਿਟਿਸ਼ ਹਕੂਮਤ ਦੀਆਂ ਬਹੁਤ ਸਾਰੀਆਂ ਸ਼ਰਤਾਂ ਮੰਨ ਲਈਆਂ।
ਸਮਝੌਤੇ ਵਿਚ ਮੁੱਖ ਤੌਰ ‘ਤੇ ਇਹ ਸਭ ਸੀ, ‘ਬਾਹਰੀ ਹਮਲੇ ਵੇਲੇ ਅਫਗਾਨਿਸਤਾਨ ਬ੍ਰਿਟਿਸ਼ ਫੌਜ ਦੀ ਮਦਦ ਕਰੇਗਾ, ਬ੍ਰਿਟਿਸ਼ ਏਜੈਂਟ ਪੱਕੇ ਤੌਰ ‘ਤੇ ਅਫਗਾਨਿਸਤਾਨ ‘ਚ ਰਹੇਗਾ ਅਤੇ ਵਿਦੇਸ਼ ਵਿਭਾਗ ਦੇ ਫੈਸਲੇ ਬ੍ਰਿਟਿਸ਼ ਹਕੂਮਤ ਦੀ ਸਲਾਹ ਨਾਲ ਲਏ ਜਾਣਗੇ। ਇਸ ਤੋਂ ਬਿਨਾ ਬ੍ਰਿਟਿਸ਼ ਹਕੂਮਤ ਨੇ ਅਫਗਾਨਿਸਤਾਨ ਕੋਲੋਂ ਖੈਬਰ, ਨਾਰਥ ਵੈਸਟ ਫਰੰਟੀਅਰ ਪਰੋਵਿੰਸ ਏਰੀਆ ਅਤੇ ਕੋਇਟਾ ਇਲਾਕੇ ਖੋਹ ਕੇ ਪੱਕੇ ਤੌਰ ‘ਤੇ ਆਪਣੇ ਕਬਜ਼ੇ ਹੇਠ ਕਰ ਲਏ।Ḕ ਇਸ ਸਭ ਪਿੱਛੋਂ ਸਮਝੌਤੇ ‘ਤੇ ਦਸਤਖਤ ਹੋਏ ਤੇ ਮੁਹੰਮਦ ਯਾਕੂਬ ਖਾਨ ਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਬਣਾ ਦਿੱਤਾ ਗਿਆ। ਪਰ ਇਹ ਕਹਾਣੀ ਇਥੇ ਹੀ ਨਾ ਰੁਕੀ।
ਅਗਲੇ ਹੀ ਸਾਲ ਸਤੰਬਰ 1879 ਵਿਚ ਅਫਗਾਨ ਲੋਕਾਂ ਵੱਲੋਂ ਬਗਾਵਤ ਸ਼ੁਰੂ ਹੋ ਗਈ। ਕਾਬਲ ਦੇ ਲੋਕਾਂ ਨੇ ਬ੍ਰਿਟਿਸ਼ ਸਿਫਾਰਤਖਾਨੇ ਦੇ ਮੁਖੀ ਸਰ ਲੂਈਸ ਕਾਵਗਨਰੀ ਅਤੇ ਉਸ ਦੇ ਸਟਾਫ ਨੂੰ ਮਾਰ ਮੁਕਾਇਆ। ਇਸ ਦੇ ਨਾਲ ਹੀ ਅਗਲੀ ਲੜਾਈ ਸ਼ੁਰੂ ਹੋ ਗਈ। ਸਰ ਫਰੈਡਿਕ ਰੋਬਰਟਸ ਦੀ ਕਮਾਂਡ ‘ਚ ਵੱਡੀ ਫੌਜ ਨੇ ਕਾਬਲ ‘ਤੇ ਹਮਲਾ ਬੋਲ ਦਿੱਤਾ। ਦੋ ਦਿਨਾਂ ‘ਚ ਹੀ ਉਸ ਨੇ ਕਾਬਲ ਸ਼ਹਿਰ ਕਬਜ਼ੇ ‘ਚ ਕਰ ਲਿਆ। ਉਧਰੋਂ ਗਾਜ਼ੀ ਮੁਹੰਮਦ ਖਾਨ ਵਾਰਡਕ ਨੇ ਦਸ ਹਜ਼ਾਰ ਬਾਗੀਆਂ ਦੀ ਫੌਜ ਨਾਲ ਕਾਬਲ ਨੇੜਲੀ ਸ਼ੇਰਪੁਰ ਛਾਉਣੀ ‘ਤੇ ਹਮਲਾ ਕਰ ਦਿੱਤਾ। ਕੁਝ ਹੀ ਦੇਰ ‘ਚ ਛਾਉਣੀ ਨੂੰ ਚਾਰੋਂ ਪਾਸਿਉਂ ਘੇਰ ਲਿਆ। ਪਰ ਇਸ ਤੋਂ ਅੱਗੇ ਉਹ ਗਲਤ ਫੈਸਲਾ ਲੈ ਗਿਆ। ਛਾਉਣੀ ਘੇਰਨ ਪਿੱਛੋਂ ਉਸ ਨੇ ਦੂਸਰੇ ਪਾਸੇ ਫਰੈਡਿਕ ਰੋਬਰਟਸ ਦੀ ਫੌਜ ‘ਤੇ ਹੱਲਾ ਬੋਲ ਦਿੱਤਾ। ਦੋ ਮੋਰਚੇ ਖੁੱਲ੍ਹ ਜਾਣ ਨਾਲ ਗਾਜ਼ੀ ਖਾਨ ਦੀ ਬਗਾਵਤ ਫੇਲ੍ਹ ਹੋ ਗਈ। ਸਾਰੀ ਬਾਜੀ ਫਿਰ ਬ੍ਰਿਟਿਸ਼ ਹਕੂਮਤ ਦੇ ਹੱਥ ਆ ਗਈ ਤੇ ਉਨ੍ਹਾਂ ਆਪਣੇ ਢੰਗ ਦਾ ਸਮਝੌਤਾ ਕਰਨ ਦੀ ਸੋਚੀ। ਇਸੇ ਸੋਚ ਤਹਿਤ ਉਨ੍ਹਾਂ ਮੁਲਕ ਨੂੰ ਕਈ ਹਿੱਸਿਆਂ ‘ਚ ਵੰਡਣ ਦਾ ਇਰਾਦਾ ਕਰ ਲਿਆ। ਨਾਲ ਹੀ ਯਾਕੂਬ ਖਾਨ ਨੂੰ ਗੱਦੀਉਂ ਲਾਹ ਕੇ ਉਸ ਦੇ ਚਚੇਰੇ ਭਰਾ ਅਬਦਰ ਰਹਿਮਾਨ ਖਾਨ ਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਬਣਾ ਦਿੱਤਾ।
ਸਮਝੌਤੇ ਦੀਆਂ ਸਭ ਮੱਦਾਂ ਅਜੇ ਲਾਗੂ ਵੀ ਨਹੀਂ ਸਨ ਹੋਈਆਂ ਕਿ ਹੈਰਾਤ ਵੱਲੋਂ ਯਾਕੂਬ ਖਾਨ ਦੇ ਭਰਾ ਅਯੂਬ ਖਾਨ ਨੇ ਬਗਾਵਤ ਕਰ ਦਿੱਤੀ। ਉਹ ਅਗਾਂਹ ਵਧਿਆ ਤੇ ਮੈਵੰਡ ਦੀ ਲੜਾਈ ‘ਚ ਬ੍ਰਿਟਿਸ਼ ਫੌਜ ਨੂੰ ਹਰਾਉਂਦਿਆਂ ਕੰਧਾਰ ‘ਤੇ ਕਬਜ਼ਾ ਕਰ ਲਿਆ। ਇਕ ਵਾਰ ਤਾਂ ਅਯੂਬ ਖਾਨ ਦਾ ਹੱਥ ਉਪਰ ਹੋ ਗਿਆ ਸੀ ਪਰ ਉਦੋਂ ਹੀ ਕਾਬਲ ਵੱਲੋਂ ਸਰ ਫਰੈਡਰਿਕ ਰੋਬਰਟਸ ਆਪਣੀਆਂ ਫੌਜਾਂ ਲੈ ਕੇ ਆ ਪਹੁੰਚਿਆ। ਕੰਧਾਰ ਦੇ ਬਾਹਰ ਦੋਨਾਂ ਧਿਰਾਂ ਵਿਚਾਲੇ ਬੜੀ ਲੂਹ ਡੋਲਵੀਂ ਲੜਾਈ ਹੋਈ। ਅਯੂਬ ਖਾਨ ਦੀਆਂ ਫੌਜਾਂ ਬੜੀ ਬਹਾਦਰੀ ਨਾਲ ਲੜੀਆਂ ਪਰ ਆਖਰ ਨੂੰ ਹਾਰ ਗਈਆਂ। ਇਸ ਵੇਲੇ ਮੌਕੇ ਦਾ ਬਾਦਸ਼ਾਹ ਅਬਦਰ ਰਹਿਮਾਨ ਖਾਨ, ਬ੍ਰਿਟਿਸ਼ ਹਕੂਮਤ ਦੇ ਹੱਕ ‘ਚ ਖੜੋਤਾ। ਇਸ ਤਰ੍ਹਾਂ ਬਗਾਵਤ ਖਤਮ ਹੋ ਗਈ। ਇਸ ਪਿਛੋਂ ਨੇੜ ਭਵਿੱਖ ‘ਚ ਬਗਾਵਤ ਦਾ ਕੋਈ ਖਤਰਾ ਨਾ ਰਿਹਾ ਤਾਂ ਸਮਝੌਤੇ ਦੀਆਂ ਸਭ ਮੱਦਾਂ ਮੰਨਵਾ ਕੇ ਬ੍ਰਿਟਿਸ਼ ਫੌਜਾਂ ਵਾਪਸ ਮੁੜ ਗਈਆਂ। ਮੁਲਕ ਨੂੰ ਹੋਰ ਕਮਜ਼ੋਰ ਕਰਨ ਦੇ ਇਰਾਦੇ ਨਾਲ ਅੱਗੇ ਚੱਲ ਕੇ ਬ੍ਰਿਟਿਸ਼ ਨੇ ਡੁਰੈਂਡ ਲਾਈਨ ਵੀ ਖਿੱਚ ਦਿੱਤੀ।
ਡੁਰੈਂਡ ਲਾਈਨ 1893 ਵਿਚ ਹੋਂਦ ‘ਚ ਆਈ। ਬ੍ਰਿਟਿਸ਼ ਰਾਜਦੂਤ ਸਰ ਮੋਰਟੀਮਰ ਡੁਰੈਂਡ ਅਤੇ ਅਫਗਾਨ ਬਾਦਸ਼ਾਹ ਅਬਦਰ ਰਹਿਮਾਨ ਖਾਨ ਵਿਚਾਲੇ ਸੰਧੀ ਹੋਈ ਜਿਸ ਅਨੁਸਾਰ ਅਫਗਾਨਿਸਤਾਨ ਦੇ ਹਿੰਦੋਸਤਾਨ ਨਾਲ ਲੱਗਦੇ ਕਾਫੀ ਸਾਰੇ ਇਲਾਕੇ ਅਫਗਾਨਿਸਤਾਨ ਨਾਲੋਂ ਤੋੜ ਕੇ ਬ੍ਰਿਟਿਸ਼ ਇੰਡੀਆ ਨਾਲ ਜੋੜ ਦਿੱਤੇ ਗਏ। ਅਸਲ ‘ਚ ਇਕੋ ਫਿਰਕੇ ਦੇ ਲੋਕਾਂ ਨੂੰ ਦੋ ਭਾਗਾਂ ‘ਚ ਵੰਡਦਿਆਂ ਅੱਧਿਆਂ ਨੂੰ ਅਫਗਾਨਿਸਤਾਨ ਵਿਚ ਛੱਡ ਦਿੱਤਾ ਤੇ ਅੱਧਿਆਂ ਨੂੰ ਹਿੰਦੋਸਤਾਨ ਦਾ ਭਾਗ ਬਣਾ ਦਿੱਤਾ। ਇਹ ਡੁਰੈਂਡ ਲਾਈਨ ਕਰੀਬ 22 ਸੌ ਕਿਲੋਮੀਟਰ ਲੰਬੀ ਹੈ ਜੋ ਅਫਗਾਨਿਸਤਾਨ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਜਾ ਲੱਗਦੀ ਹੈ। ਇਸ ਲਾਈਨ ਨਾਲ ਬਲੋਚਿਸਤਾਨ, ਖੈਬਰ ਪਖਤੂਨਵਾ, ਫਾਤਾ ਇਲਾਕੇ, ਗਿਲਗਿਟ ਅਤੇ ਬਾਲਤਿਸਤਾਨ ਵਰਗੇ ਸੂਬੇ ਦੋ ਹਿੱਸਿਆਂ ‘ਚ ਵੰਡੇ ਗਏ। ਉਸ ਵੇਲੇ ਇਕ ਪਾਸੇ ਅਫਗਾਨਿਸਤਾਨ ਸੀ ਤੇ ਦੂਜੇ ਪਾਸੇ ਬ੍ਰਿਟਿਸ਼ ਇੰਡੀਆ।
ਅਗਲੇ ਕੋਈ ਚਾਲੀ ਸਾਲ ਬ੍ਰਿਟਿਸ਼ ਅਤੇ ਅਫਗਾਨ ਬਾਦਸ਼ਾਹ ਵਿਚਾਲੇ ਕੋਈ ਸਮੱਸਿਆ ਨਾ ਆਈ। ਭਾਵੇਂ ਬ੍ਰਿਟਿਸ਼ ਨੇ ਅਫਗਾਨਿਸਤਾਨ ਦਾ ਵਿਦੇਸ਼ ਵਿਭਾਗ ਆਪਣੇ ਕੋਲ ਰੱਖਿਆ ਹੋਇਆ ਸੀ ਤੇ ਇਸ ਕਰਕੇ ਅਫਗਾਨਿਸਤਾਨ ਦੀ ਦੁਨੀਆਂ ਨਾਲੋਂ ਸਾਂਝ ਟੁੱਟ ਚੁਕੀ ਸੀ। ਬ੍ਰਿਟਿਸ਼ ਹਕੂਮਤ ਨੇ ਅਫਗਾਨਿਸਤਾਨ ਦਾ ਦਰਜਾ ਇਕ ਦੇਸ਼ ਤੋਂ ਘਟਾ ਕੇ ਇਕ ਸੂਬੇ ਦਾ ਕਰ ਦਿੱਤਾ। ਪਰ ਫਿਰ ਵੀ ਦੋਨਾਂ ਵਿਚਕਾਰ ਸਬੰਧ ਠੀਕ ਰਹੇ। ਸਾਲ 1901 ਵਿਚ ਅਬਦਰ ਰਹਿਮਾਨ ਖਾਨ ਦਾ ਦੇਹਾਂਤ ਹੋ ਗਿਆ। ਇਸ ਪਿਛੋਂ ਅਸਿੱਧੇ ਤੌਰ ‘ਤੇ ਬ੍ਰਿਟਿਸ਼ ਅਤੇ ਅਫਗਾਨਾਂ ਵਿਚ ਤਲਖੀ ਪੈਦਾ ਹੋ ਗਈ ਜੋ 18 ਸਾਲਾਂ ਪਿਛੋਂ ਜਾ ਕੇ ਲੜਾਈ ‘ਚ ਤਬਦੀਲ ਹੋਈ। ਉਸ ਨੂੰ ਤੀਸਰੀ ਐਂਗਲੋ-ਅਫਗਾਨ ਜੰਗ ਵੀ ਕਿਹਾ ਜਾਂਦਾ ਹੈ।
ਖੈਰ! ਅਬਦਰ ਰਹਿਮਾਨ ਖਾਨ ਤੋਂ ਬਾਅਦ ਉਸ ਦਾ ਪੁੱਤਰ ਹਬੀਬਉਲਾ ਖਾਨ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ। ਹਬੀਬਉਲਾ ਖਾਨ ਬੜਾ ਸਮਝਦਾਰ ਲੀਡਰ ਗਿਣਿਆ ਜਾਂਦਾ ਹੈ। ਉਸ ਨੇ ਮੌਕੇ ਅਨੁਸਾਰ ਕਦੇ ਰੂਸ ਦੀ ਹਮਾਇਤ ਲਈ ਅਤੇ ਕਦੇ ਬ੍ਰਿਟਿਸ਼ ਹਕੂਮਤ ਦੀ। ਹਬੀਬਉਲਾ ਇਕ ਸੁਲਝਿਆ ਤੇ ਨਵੀਂ ਪੀੜ੍ਹੀ ਦਾ ਅਗਾਂਹਵਧੂ ਨੇਤਾ ਸੀ। ਉਸ ਨੇ ਬਹੁਤ ਸਾਰੇ ਸੁਧਾਰ ਕਰਦਿਆਂ ਮੁਲਕ ਨੂੰ ਮਾਡਰਨ ਬਣਾਉਣ ਦੀ ਕੋਈ ਕਸਰ ਨਾ ਛੱਡੀ। ਉਸ ਨੇ ਆਪਣੇ ਵਕਤ ਵਿਚ ਅਫਗਾਨਿਸਤਾਨ ਵਿਚ ਨਵੀਂ ਟੈਕਨਾਲੋਜੀ ਲਿਆਂਦੀ, ਸਕੂਲ-ਕਾਲਜ ਖੋਲ੍ਹੇ, ਮਿਲਟਰੀ ਅਕੈਡਮੀਆਂ ਖੋਲ੍ਹੀਆਂ। ਉਸ ਨੇ ਮੁਲਕ ਨੂੰ ਤਰੱਕੀ ਦੇ ਰਾਹ ਪਾਉਣ ਲਈ ਹਰ ਉਪਰਾਲਾ ਕੀਤਾ। ਸਭ ਤੋਂ ਵੱਡੀ ਗੱਲ ਉਸ ਨੇ ਪਹਿਲੀ ਸੰਸਾਰ ਜੰਗ ਦੌਰਾਨ ਕਿਸੇ ਵੀ ਧਿਰ ਦੀ ਹਮਾਇਤ ਨਾ ਕੀਤੀ ਤੇ ਨਿਰਪੱਖ ਰਿਹਾ। ਭਾਵੇਂ ਉਸ ਨੂੰ ਆਟੋਮਨ ਐਂਪਾਇਰ ਭਾਵ ਤੁਰਕੀ ਅਤੇ ਇੰਪੀਰੀਅਲ ਜਰਮਨੀ ਨੇ ਨਾਲ ਰਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਿਸੇ ਧਿਰ ਨਾਲ ਨਾ ਰਲਿਆ। ਉਸ ਨੇ ਬ੍ਰਿਟਿਸ਼ ਇੰਡੀਆ ਨਾਲ ਸਬੰਧ ਸੁਧਾਰਨ ਲਈ 1905 ਵਿਚ ਇਕ ਦੋਸਤਾਨਾ ਸੰਧੀ ਵੀ ਕੀਤੀ। ਉਸ ਦੇ ਚੰਗੇ ਕੰਮਾਂ ਕਰਕੇ ਅੱਜ ਤੱਕ ਉਸ ਦਾ ਅਫਗਾਨ ਸਮਾਜ ਵਿਚ ਬਹੁਤ ਸਤਿਕਾਰ ਹੈ। ਇੰਨੀਆਂ ਖੂਬੀਆਂ ਦੇ ਬਾਵਜੂਦ ਉਸ ਦਾ 1919 ਵਿਚ ਕਤਲ ਹੋ ਗਿਆ।
ਹੁਣ ਗੱਲ ਤੀਸਰੀ ਐਂਗਲੋ-ਅਫਗਾਨ ਲੜਾਈ ਦੀ ਕਰਦੇ ਹਾਂ। ਪਹਿਲਾਂ ਕੀਤੇ ਜ਼ਿਕਰ ਅਨੁਸਾਰ ਹਬੀਬਉਲਾ ਖਾਨ ਪਹਿਲੀ ਸੰਸਾਰ ਜੰਗ ਵਿਚ ਨਿਰਪੱਖ ਰਿਹਾ ਸੀ। ਜਦੋਂ ਪਹਿਲੀ ਸੰਸਾਰ ਜੰਗ ਖਤਮ ਹੋਈ ਤਾਂ ਹਬੀਬਉਲਾ ਖਾਨ ਨੇ ਬ੍ਰਿਟਿਸ਼ ਹਕੂਮਤ ਨੂੰ ਕਿਹਾ ਕਿ ਉਸ ਨੇ ਸੰਸਾਰ ਜੰਗ ਵਿਚ ਉਨ੍ਹਾਂ ਦੀ ਵਿਰੋਧਤਾ ਨਹੀਂ ਕੀਤੀ, ਇਸ ਕਰਕੇ ਉਸ ਨੂੰ ਇਸ ਦੇ ਇਵਜ਼ ‘ਚ ਕੋਈ ਰਿਆਇਤ ਦਿੱਤੀ ਜਾਵੇ। ਖਾਸ ਤੌਰ ‘ਤੇ ਉਹ ਚਾਹੁੰਦਾ ਸੀ ਕਿ ਅਫਗਾਨਿਸਤਾਨ ਦੇ ਸੰਸਾਰ ਵਿਚ ਵਿਚਰਨ ਲਈ ਪਹਿਲਾਂ ਹੋਏ ਸਮਝੌਤੇ ‘ਚ ਤਬਦੀਲੀ ਕੀਤੀ ਜਾਵੇ ਤੇ ਅਫਗਾਨਿਸਤਾਨ ਨੂੰ ਆਜ਼ਾਦ ਮੁਲਕ ਦਾ ਰੁਤਬਾ ਦਿੱਤਾ ਜਾਵੇ। ਉਂਜ ਭਾਵੇਂ ਅਫਗਾਨਿਸਤਾਨ ਆਜ਼ਾਦ ਹੀ ਸੀ ਪਰ ਉਸ ਦਾ ਵਿਦੇਸ਼ ਵਿਭਾਗ ਬ੍ਰਿਟਿਸ਼ ਹਕੂਮਤ ਕੋਲ ਹੋਣ ਕਰਕੇ ਉਹ ਸਿਰਫ ਨਾਂ ਦਾ ਹੀ ਆਜ਼ਾਦ ਸੀ। ਖੈਰ! ਹਬੀਬ ਉਲਾ ਦੇ ਪੱਲੇ ਨਿਰਾਸ਼ਾ ਹੀ ਪਈ ਕਿਉਂਕਿ ਬ੍ਰਿਟਿਸ਼ ਹਕੂਮਤ ਨੇ ਉਸ ਦੀ ਬੇਨਤੀ ਠੁਕਰਾ ਦਿੱਤੀ। ਇਥੋਂ ਉਸ ਦੇ ਮਨ ‘ਚ ਬ੍ਰਿਟਿਸ਼ ਹਕੂਮਤ ਪ੍ਰਤੀ ਵਿਰੋਧ ਪਨਪਣ ਲੱਗਾ। ਲੇਕਿਨ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਸਕਦਾ, ਉਸ ਦਾ ਕਤਲ ਹੋ ਗਿਆ। ਉਸ ਪਿੱਛੋਂ ਉਸ ਦਾ ਭਰਾ ਨਸਰ ਉਲਾ ਖਾਨ ਬਾਦਸ਼ਾਹ ਬਣਿਆ, ਪਰ ਉਹ ਸਿਰਫ ਇਕ ਹਫਤਾ ਹੀ ਬਾਦਸ਼ਾਹ ਰਹਿ ਸਕਿਆ। ਉਸ ਨੂੰ ਉਸ ਦੇ ਭਤੀਜੇ ਅਤੇ ਹਬੀਬ ਉਲਾ ਦੇ ਪੁੱਤਰ ਅਮਾਨ ਉਲਾ ਖਾਨ ਨੇ ਗੱਦੀਉਂ ਲਾਹ ਕੇ ਹਕੂਮਤ ਹਥਿਆ ਲਈ। ਲੋਕਾਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਨਸਰ ਉਲਾ ਖਾਨ ਦੀ ਲੋਕਾਂ ‘ਚ ਬਹੁਤ ਇੱਜਤ ਸੀ ਜਦਕਿ ਅਮਾਨ ਉਲਾ ਖਾਨ ਦਾ ਲੋਕਾਂ ‘ਚ ਕੋਈ ਚੰਗਾ ਅਕਸ ਨਹੀਂ ਸੀ। ਬਹੁਤੇ ਲੋਕ ਤਾਂ ਇਹ ਵੀ ਸੋਚਦੇ ਸਨ ਕਿ ਹਬੀਬ ਉਲਾ ਨੂੰ ਕਤਲ ਕਰਨ ਵਾਲਾ ਵੀ ਉਸ ਦਾ ਖੁਦ ਦਾ ਪੁੱਤਰ ਅਮਾਨ ਉਲਾ ਖਾਨ ਹੀ ਸੀ। ਲੋਕਾਂ ਦਾ ਧਿਆਨ ਪਾਸੇ ਹਟਾਉਣ ਲਈ ਅਮਾਨ ਉਲਾ ਖਾਨ ਨੇ ਬਹੁਤ ਲੁਭਾਉਣੇ ਵਾਅਦੇ ਕੀਤੇ ਪਰ ਉਸ ਦਾ ਅਕਸ ਸੁਧਰ ਨਾ ਸਕਿਆ। ਸਗੋਂ ਇਹ ਉਦੋਂ ਹੋਰ ਵੀ ਮਾੜਾ ਹੋ ਗਿਆ ਜਦੋਂ ਅਮਾਨ ਉਲਾ ਖਾਨ ਨੇ ਆਪਣੇ ਪਿਉ ਦੇ ਕਤਲ ਦੇ ਜੁਰਮ ਵਿਚ ਨਸਰ ਉਲਾ ਖਾਨ ਨੂੰ ਹੀ ਉਮਰ ਭਰ ਦੀ ਸਜ਼ਾ ਸੁਣਾ ਕੇ ਜੇਲ੍ਹ ਡੱਕ ਦਿੱਤਾ। ਇਸ ਨਾਲ ਲੋਕਾਂ ਦੀ ਨਾਰਾਜ਼ਗੀ ਹੋਰ ਵੀ ਵਧ ਗਈ।
ਉਸ ਵੇਲੇ ਹਿੰਦੋਸਤਾਨ ‘ਚ ਆਜ਼ਾਦੀ ਦੀ ਜੰਗ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ। ਇਹ ਸਾਲ 1919 ਦੀ ਗੱਲ ਹੈ। ਉਨ੍ਹੀਂ ਦਿਨੀਂ ਜੱਲਿਆਂ ਵਾਲੇ ਬਾਗ ਦਾ ਸਾਕਾ ਹੋਣ ਕਾਰਨ ਲੋਕ ਬੜੇ ਹੀ ਗੁੱਸੇ ‘ਚ ਸਨ ਤੇ ਮੁਲਕ ‘ਚ ਅਰਾਜਕਤਾ ਵਾਲਾ ਮਾਹੌਲ ਸੀ। ਅਮਾਨ ਉਲਾ ਖਾਨ ਨੇ ਹਿੰਦੋਸਤਾਨ ਦੇ ਇਸ ਹਾਲਾਤ ਦਾ ਫਾਇਦਾ ਲੈਣ ਦੀ ਸੋਚੀ। ਉਸ ਨੂੰ ਲੱਗਾ ਕਿ ਬਰਤਾਨਵੀ ਇਸ ਵੇਲੇ ਹਿੰਦੋਸਤਾਨੀਆਂ ਦੀ ਆਜ਼ਾਦੀ ਦੀ ਜੰਗ ‘ਚ ਉਲਝੇ ਹੋਏ ਹਨ ਤੇ ਹੋਰ ਪਾਸੇ ਲੜਨ ਦਾ ਉਨ੍ਹਾਂ ਕੋਲ ਵਕਤ ਨਹੀਂ ਹੈ। ਸੋ, ਆਪਣੇ ਲੋਕਾਂ ਦਾ ਧਿਆਨ ਵੰਡਾਉਣ ਲਈ ਉਸ ਨੇ ਬ੍ਰਿਟਿਸ਼ ਹਕੂਮਤ ਨਾਲ ਲੜਾਈ ਛੇੜਨ ਦੀ ਸਕੀਮ ਬਣਾ ਲਈ। ਹਾਲਾਂਕਿ ਅਫਗਾਨ ਫੌਜ ਉਸ ਵੇਲੇ ਦੀ ਬ੍ਰਿਟਿਸ਼ ਫੌਜ ਦੇ ਬਰਾਬਰ ਦੀ ਨਹੀਂ ਸੀ ਪਰ ਅਮਾਨ ਉਲਾ ਖਾਨ ਨੇ ਹਾਲਾਤ ਦਾ ਜਾਇਜ਼ਾ ਲਏ ਬਿਨਾ ਹੀ ਲੜਾਈ ਦਾ ਬਿਗਲ ਵਜਾ ਦਿੱਤਾ।
ਲੜਾਈ ਦੀ ਸ਼ੁਰੂਆਤ 3 ਮਈ 1919 ਨੂੰ ਉਦੋਂ ਹੋਈ, ਜਦੋਂ ਅਫਗਾਨ ਫੌਜਾਂ ਨੇ ਪੱਛਮ ਵੱਲ ਦੀ ਸਰਹੱਦ ਲੰਘ ਕੇ ਬ੍ਰਿਟਿਸ਼ ਇੰਡੀਆ ਦੇ ਕਬਜ਼ੇ ਹੇਠਲੇ ਬਾਘ ਸ਼ਹਿਰ ‘ਤੇ ਹੱਲਾ ਬੋਲ ਦਿੱਤਾ। ਅੰਦਰੇ ਅੰਦਰ ਅਮਾਨ ਉਲਾ ਖਾਨ ਨੇ ਪੇਸ਼ਾਵਰ ਵਿਚ ਆਪਣੇ ਲੋਕਾਂ ਨੂੰ ਬਗਾਵਤ ਲਈ ਵੀ ਤਿਆਰ ਕੀਤਾ ਹੋਇਆ ਸੀ। ਪਹਿਲਾਂ ਪਤਾ ਲੱਗ ਜਾਣ ਕਾਰਨ ਬ੍ਰਿਟਿਸ਼ ਹਕੂਮਤ ਨੇ ਬਗਾਵਤ ਤਾਂ ਉਠਣ ਤੋਂ ਪਹਿਲਾਂ ਹੀ ਦਬਾ ਦਿੱਤੀ ਪਰ ਅਮਾਨ ਉਲਾ ਖਾਨ ਵੱਲੋਂ ਸ਼ੁਰੂ ਕੀਤੀ ਗਈ ਲੜਾਈ ਦਾ ਉਨ੍ਹਾਂ ਨੂੰ ਕੋਈ ਕਾਰਨ ਸਮਝ ‘ਚ ਨਾ ਆਇਆ। ਜਦੋਂ ਉਨ੍ਹਾਂ ਨੂੰ ਅਮਾਨ ਉਲਾ ਖਾਨ ਦੀ ਸਕੀਮ ਦੀ ਪੂਰੀ ਸਮਝ ਪਈ ਤਾਂ ਉਹ ਗੰਭੀਰ ਹੋ ਗਏ। ਉਨ੍ਹਾਂ ਨੂੰ ਪਤਾ ਲੱਗ ਚੁਕਾ ਸੀ ਕਿ ਇਕ ਹੱਦ ‘ਤੇ ਆ ਕੇ ਅਫਗਾਨਿਸਤਾਨੀ ਫੌਜ ਤੋਂ ਬਿਨਾ ਉਥੇ ਦੇ ਸਭ ਕਬੀਲੇ ਵੀ ਅਮਾਨ ਉਲਾ ਖਾਨ ਦੇ ਨਾਲ ਆ ਖੜ੍ਹੇ ਹੋਣਗੇ। ਇਹ ਸਭ ਵਿਚਾਰਦਿਆਂ ਬ੍ਰਿਟਿਸ਼ ਹਕੂਮਤ ਨੇ ਅਫਗਾਨਿਸਤਾਨ ਦੇ ਖਿਲਾਫ ਪੂਰੀ ਵੱਡੀ ਜੰਗ ਦਾ ਐਲਾਨ ਕਰ ਦਿੱਤਾ। ਬ੍ਰਿਟਿਸ਼ ਫੌਜ ਨੇ ਬਾਘ ਸ਼ਹਿਰ ਵਾਪਸ ਲੈਣ ਲਈ ਭਰਵਾਂ ਹੱਲਾ ਬੋਲਿਆ ਪਰ ਕਾਮਯਾਬੀ ਨਾ ਮਿਲੀ। ਇਸ ਤੋਂ ਥੋੜ੍ਹਾ ਅੱਗੇ ਜਾਂਦਿਆਂ ਬ੍ਰਿਟਿਸ਼ ਫੌਜ ਨੇ ਹਵਾਈ ਜਹਾਜਾਂ ਦੀ ਵਰਤੋਂ ਕਰਦਿਆਂ ਅਸਮਾਨ ‘ਚੋਂ ਅਫਗਾਨ ਫੌਜਾਂ ‘ਤੇ ਬੰਬ ਵਰਸਾਏ। ਇਸ ਨਾਲ ਅਫਗਾਨ ਲੋਕ ਭੜਕ ਉਠੇ ਤੇ ਉਹ ਆਪਣੇ ਬਾਦਸ਼ਾਹ ਦੇ ਹੱਕ ‘ਚ ਆ ਖੜੋਤੇ। ਇਹੀ ਸਭ ਕੁਝ ਅਮਾਨ ਉਲਾ ਖਾਨ ਚਾਹੁੰਦਾ ਸੀ। ਖੈਰ! ਬ੍ਰਿਟਿਸ਼ ਫੌਜ ਨੇ ਕੁਝ ਦਿਨਾਂ ਬਾਅਦ ਫਿਰ ਤੋਂ ਬਾਘ ਸ਼ਹਿਰ ‘ਤੇ ਹਮਲਾ ਕੀਤਾ ਤਾਂ ਇਸ ਵਾਰ ਉਨ੍ਹਾਂ ਨੂੰ ਕਾਮਯਾਬੀ ਮਿਲੀ। ਬਹੁਤ ਸਾਰੇ ਅਫਗਾਨ ਫੌਜੀ ਮਾਰੇ ਗਏ ਤੇ ਬਚਦੇ ਆਪਣੀਆਂ ਹੱਦਾਂ ਅੰਦਰ ਚਲੇ ਗਏ।
ਇਸ ਮੌਕੇ ਅਮਾਨ ਉਲਾ ਖਾਨ ਨੇ ਬਥੇਰਾ ਕਿਹਾ ਕਿ ਉਸ ਦਾ ਜੰਗ ਨੂੰ ਅੱਗੇ ਵਧਾਉਣ ਦਾ ਕੋਈ ਇਰਾਦਾ ਨਹੀਂ। ਪਰ ਬ੍ਰਿਟਿਸ਼ ਫੌਜੀ ਅਫਸਰ ਇਸ ਨੂੰ ਕਿਸੇ ਹੋਰ ਨਜ਼ਰੀਏ ਤੋਂ ਵੇਖ ਰਹੇ ਸਨ। ਉਹ ਜਾਣਦੇ ਸਨ ਕਿ ਅਮਾਨ ਉਲਾ ਖਾਨ ਨੇ ਇਹ ਲੜਾਈ ਸ਼ੁਰੂ ਕਿਉਂ ਕੀਤੀ ਸੀ। ਇਸ ਲਈ ਉਹ ਇਸ ਨੂੰ ਇਕ ਪਾਸੇ ਲਾਉਣਾ ਚਾਹੁੰਦੇ ਸਨ। ਇਸ ਕਰਕੇ ਉਨ੍ਹਾਂ ਨੇ ਅਫਗਾਨਿਸਤਾਨ ਦੇ ਅੰਦਰ ਜਾਣ ਦਾ ਮਨ ਬਣਾ ਲਿਆ। ਕੁਝ ਹੀ ਦਿਨਾਂ ਬਾਅਦ ਖੈਬਰ ਦੱਰਾ ਲੰਘ ਕੇ ਸਟੋਨਹੈਂਗ ਰਿੱਝ ‘ਤੇ ਹਮਲਾ ਕੀਤਾ। ਪਰ ਇਥੇ ਅਫਗਾਨ ਫੌਜ ਦਾ ਬਹੁਤ ਤਕੜਾ ਗੜ੍ਹ ਸੀ। ਬ੍ਰਿਟਿਸ਼ ਫੌਜ ਨੂੰ ਵਾਰ ਵਾਰ ਵਾਪਸ ਮੁੜਨਾ ਪਿਆ। ਆਖਰ ਬ੍ਰਿਟਿਸ਼ ਕਮਾਂਡਰ ਰੋਜ਼ ਕੈਪਲ ਆਪਣੀ ਸਿੱਖ ਬਟਾਲੀਅਨ ਨਾਲ ਅੱਗੇ ਆਇਆ ਤੇ ਉਸ ਨੇ ਹਮਲਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਹ ਖੁਦ ਬਹੁਤ ਚੰਗਾ ਫੌਜੀ ਜਰਨੈਲ ਸੀ ਤੇ ਨਾਲ ਹੀ ਉਹ ਸਿੱਖ ਫੌਜੀਆਂ ਦੇ ਬਹਾਦਰੀ ਨਾਲ ਲੜਨ ਤੋਂ ਬੜਾ ਪ੍ਰਭਾਵਤ ਸੀ। ਉਸ ਨੂੰ ਕੁਝ ਸਾਲ ਪਹਿਲਾਂ ਸਾਰਾਗੜ੍ਹੀ ਦੀ ਲੜਾਈ ਦਰਮਿਆਨ ਸਿੱਖ ਫੌਜੀਆਂ ਵੱਲੋਂ ਵਿਖਾਏ ਜੌਹਰ ਯਾਦ ਸਨ।
ਖੈਰ! ਰੋਜ਼ ਕੈਪਲ ਨੇ ਸਿੱਖ ਬਟਾਲੀਅਨ ਨਾਲ ਹੱਲਾ ਬੋਲਿਆ ਤੇ ਦੁਸ਼ਮਣ ਨੂੰ ਖਦੇੜਦਾ ਅਗਾਂਹ ਲੰਘ ਗਿਆ। ਪਰ ਹੁਣ ਲੜਾਈ ਘਟਣ ਦੀ ਥਾਂ ਵਧ ਗਈ। ਥਾਂ ਥਾਂ ਤੋਂ ਕਬੀਲਿਆਂ ਵਾਲੇ ਬ੍ਰਿਟਿਸ਼ ਦੇ ਖਿਲਾਫ ਉਠ ਖੜੋਤੇ। ਨਾਰਥ ਵੈਸਟ ਫਰੰਟੀਅਰ ਜਾਂ ਖੈਬਰ ਦੇ ਆਲੇ ਦੁਆਲੇ, ਜਿੱਥੇ ਕਿਤੇ ਵੀ ਬ੍ਰਿਟਿਸ਼ ਫੌਜ ਦਾ ਕਬਜ਼ਾ ਸੀ, ਹਰ ਥਾਂ ਲੜਾਈ ਸ਼ੁਰੂ ਹੋ ਗਈ। ਕਦੇ ਕਿਧਰੇ ਅਫਗਾਨ ਜਿੱਤ ਜਾਂਦੇ ਤੇ ਕਦੇ ਬ੍ਰਿਟਿਸ਼ ਫੌਜ। ਇਹ ਲੜਾਈ ਕੋਈ ਚਾਰ ਮਹੀਨੇ ਚੱਲੀ ਤੇ ਅਗਸਤ 1919 ਦੇ ਅਖੀਰ ‘ਚ ਜਾ ਕੇ ਜੰਗਬੰਦੀ ਹੋਈ। ਆਖਰ ਦੋਨਾਂ ਧਿਰਾਂ ਵਿਚਾਲੇ ਸੰਧੀ ਹੋਈ ਤੇ ਦੋਨਾਂ ਨੇ ਸਮਝੌਤੇ ‘ਤੇ ਸਹੀ ਪਾ ਦਿੱਤੀ।
ਇਸ ਸੰਧੀ ਨਾਲ ਦੋਨਾਂ ਧਿਰਾਂ ਨੂੰ ਕੁਝ ਫਾਇਦਾ ਹੋਇਆ ਤੇ ਕੁਝ ਨੁਕਸਾਨ। ਅਮਾਨ ਉਲਾ ਖਾਨ ਨੂੰ ਫਾਇਦਾ ਇਹ ਹੋਇਆ ਕਿ ਉਸ ਦੇ ਖਿਲਾਫ ਹੋ ਚੁਕੀ ਜਨਤਾ ਉਸ ਦੇ ਹੱਕ ‘ਚ ਹੋ ਗਈ ਤੇ ਉਸ ਦਾ ਅੰਦਰੂਨੀ ਵਿਰੋਧ ਘਟ ਗਿਆ। ਇਸ ਦੇ ਨਾਲ ਹੀ ਇਸ ਸੰਧੀ ‘ਚ ਅਫਗਾਨਿਸਤਾਨ ਨੂੰ ਇਕ ਸੁਤੰਤਰ ਦੇਸ਼ ਐਲਾਨਦਿਆਂ ਬ੍ਰਿਟਿਸ਼ ਹਕੂਮਤ ਨੇ ਉਸ ਦੇ ਸਾਰੇ ਅਧਿਕਾਰ ਉਸ ਨੂੰ ਸੌਂਪ ਦਿੱਤੇ। ਸੋ 1919 ਵਿਚ ਪਹਿਲੀ ਵਾਰ ਦੁਨੀਆਂ ਵਿਚ ਅਫਗਾਨਿਸਤਾਨ ਨੂੰ ਇਕ ਸੁਤੰਤਰ ਦੇਸ਼ ਵਜੋਂ ਮਾਨਤਾ ਪ੍ਰਾਪਤ ਹੋਈ। ਇਸ ਤੋਂ ਪਹਿਲਾਂ ਕੁਝ ਮਹਿਕਮੇ ਬ੍ਰਿਟਿਸ਼ ਹਕੂਮਤ ਕੋਲ ਹੋਣ ਕਾਰਨ ਬਰਤਾਨਵੀ ਅਫਗਾਨਿਸਤਾਨ ਦੀ ਮਾਲੀ ਮਦਦ ਕਰਦੇ ਸਨ। ਇਸ ਸੰਧੀ ਪਿਛੋਂ ਉਨ੍ਹਾਂ ਦਾ ਇਸ ਮਾਲੀ ਮਦਦ ਤੋਂ ਖਹਿੜਾ ਛੁੱਟ ਗਿਆ। ਇਸ ਦੇ ਨਾਲ ਹੀ ਬ੍ਰਿਟਿਸ਼ ਹਕੂਮਤ ਨੇ ਡੁਰੈਂਡ ਲਾਈਨ ਨੂੰ ਉਵੇਂ ਜਿਵੇਂ ਰਹਿਣ ਦੀ ਗੱਲ ਇਸ ਸੰਧੀ ‘ਚ ਮੰਨਵਾ ਲਈ।
ਤੀਸਰੀ ਜੰਗ ਦਾ ਸਭ ਤੋਂ ਵੱਡਾ ਫਾਇਦਾ ਇਸ ਜੰਗ ਨੂੰ ਸ਼ੁਰੂ ਕਰਨ ਵਾਲੇ ਯਾਨਿ ਮੌਕੇ ਦੇ ਅਫਗਾਨ ਬਾਦਸ਼ਾਹ ਅਮਾਨ ਉਲਾ ਖਾਨ ਨੂੰ ਹੀ ਹੋਇਆ। ਉਸ ਨੇ ਬਿਨਾ ਕਿਸੇ ਵੱਡੀ ਅੜਚਣ ਦੇ ਅਗਲੇ ਦਸ ਸਾਲ ਤੱਕ ਰਾਜ ਕੀਤਾ। ਉਂਜ ਅਮਾਨ ਉਲਾ ਖਾਨ ਨੇ ਆਪਣੇ ਪਿਉ ਹਬੀਬ ਉਲਾ ਖਾਨ ਦੀ ਤਰ੍ਹਾਂ ਹੀ ਦੇਸ਼ ਨੂੰ ਮਾਡਰਨ ਬਣਾਉਣ ਅਤੇ ਤਰੱਕੀ ਦੇ ਰਾਹ ਤੋਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ। ਇਸ ਤੋਂ ਅੱਗੇ ਅਫਗਾਨਿਸਤਾਨ ਅਤੇ ਬ੍ਰਿਟਿਸ਼ ਹਕੂਮਤ ਵਿਚਾਲੇ ਸਬੰਧ ਠੀਕ ਰਹੇ। ਸਾਲ 1947 ਵਿਚ ਬਰਤਾਨਵੀ ਇਸ ਖਿੱਤੇ ਵਿਚੋਂ ਸਦਾ ਲਈ ਚਲੇ ਗਏ।