ਮੁਰੱਬਾਬੰਦੀ

ਇਹ ਗੱਲਾਂ ਆਜ਼ਾਦੀ ਤੋਂ ਪੰਜ ਸਾਲ ਬਾਅਦ ਦੀਆਂ ਹਨ। ਹੁਣ ਮਾਲੇਰਕੋਟਲੇ ਵੱਸਦੇ ਲੇਖਕ ਜਸਦੇਵ ਸਿੰਘ ਧਾਲੀਵਾਲ ਨੇ ਉਦੋਂ ਮਈ 1953 ‘ਚ ਦਸਵੀਂ ਕੀਤੀ ਸੀ ਜਦੋਂ ‘ਹਿੰਦ’ ਸਾਈਕਲ 85 ਰੁਪਏ ਦਾ ਆਇਆ ਸੀ। ਦਸਵੀਂ ਵਿਚੋਂ ਉਨ੍ਹਾਂ ਦੇ ਨਾਲ ਦੇ ਕੁੱਲ 26 ਮੁੰਡਿਆਂ ਵਿਚੋਂ 10 ਹੀ ਪਾਸ ਹੋਏ। ਇਸ ਪਿਛੋਂ ਦਾ ਹਾਲ ਇਸ ਲੇਖ ਵਿਚ ਸੁਣਾਇਆ ਗਿਆ ਹੈ। ਇਹ ਉਹ ਸਮਾਂ ਸੀ ਜਿਸ ਨੂੰ ਅੱਜ ਲੋਕ ‘ਭਲੇ ਵੇਲੇ’ ਕਹਿ ਕੇ ਯਾਦ ਕਰਦੇ ਹਨ।

-ਸੰਪਾਦਕ
ਜਸਦੇਵ ਸਿੰਘ ਧਾਲੀਵਾਲ
ਗੁਰੂਸਰ ਸੁਧਾਰ ਨਵਾਂ ਨਵਾਂ ਕਾਲਜ ਬਣਿਆ ਸੀ। ਗਿਣਤੀ ਦੇ ਮੁੰਡੇ ਹੀ ਉਥੇ ਪੜ੍ਹਦੇ ਸਨ। ਇਕ ਦਿਨ ਮੈਨੂੰ ਤੇ ਹਰਚਰਨ ਨੂੰ ਕਾਲਜ ਵਲੋਂ ਪੋਸਟ ਕਾਰਡ ਆਇਆ ਜਿਸ ਵਿਚ ਹੋਰ ਗੱਲਾਂ ਦੇ ਨਾਲ ਲਿਖਿਆ ਸੀ: ਨੋ ਨੌਲੇਜ ਵਿਦਾਊਟ ਕੌਲੇਜ (ਂੋ ਕਨੋੱਲeਦਗe ੱਟਿਹੁਟ ਛੋਲਲeਗe)। ਮੈਂ ਸਾਰੀ ਗੱਲ ਬਾਪੂ ਨੂੰ ਦੱਸੀ। ਉਨ੍ਹਾਂ ਕਿਹਾ, “ਤੈਨੂੰ ਆਪਣੇ ਘਰ ਦੀ ਹਾਲਤ ਦਾ ਪਤਾ ਹੀ ਹੈ, ਬੀਬੀ ਦੇ ਵਿਆਹ ਵੇਲੇ ਦੀ ਖੂਹ ਵਾਲੀ ਜਮੀਨ ਗਹਿਣੇ ਪਈ ਹੈ। ਆੜ੍ਹਤੀਏ ਦੇ ਵਿਆਜੂ ਪੈਸੇ ਖੜ੍ਹੇ ਹਨ। ਜਮੀਨ ਵਿਚੋਂ ਕੁਝ ਬਚਦਾ ਨਹੀਂ। ਕੋਈ ਨੌਕਰੀ ਮਿਲ ਜਾਏ ਤਾਂ ਚੰਗਾ।” ਮੈਨੂੰ ਪਤਾ ਸੀ, ਭੈਣ ਦੇ ਵਿਆਹ ਵੇਲੇ ਦਾਜ ਦੇ 1100 ਰੁਪਏ ਤੋਂ ਇਲਾਵਾ ਉਨ੍ਹਾਂ ਮੌਕੇ ‘ਤੇ ਜੋੜੀ ਘੋੜੀ ਦੇ 1500 ਰੁਪਏ ਦੀ ਮੰਗ ਰੱਖ ਦਿੱਤੀ ਸੀ। ਫਿਰ ਜਦੋਂ ਭੈਣ ਦੇ ਪਲੇਠੀ ਦਾ ਲੜਕਾ ਹੋਇਆ, ਉਨ੍ਹਾਂ ਸ਼ੂਸ਼ਕ ਵਿਚ ਕੜਿਆਂ ਦੀ ਜੋੜੀ ਦੀ ਮੰਗ ਕੀਤੀ ਸੀ। ਕੋਰਸ ਬਿਨਾ ਕੋਈ ਨੌਕਰੀ ਮਿਲਦੀ ਨਹੀਂ ਸੀ। ਅਹਿਮਦਗੜ੍ਹ ਦੇ ਗਾਂਧੀ ਸਕੂਲ ਵਿਚ ਫਸਟ ਡਿਵੀਜ਼ਨ ਤੋਂ ਘੱਟ ਜੇ.ਬੀ.ਟੀ. ਦਾ ਦਾਖਲਾ ਨਹੀਂ ਮਿਲਦਾ ਸੀ। ਸਾਡੇ ਨੰਬਰ ਘੱਟ ਸਨ।
ਅਸੀਂ ਕਾਰਡਾਂ ਦਾ ਕੋਈ ਜਵਾਬ ਨਹੀਂ ਦਿੱਤਾ। ਇਕ ਦਿਨ ਕਾਲੇ ਰੰਗ ਦੀ ਕਾਰ ਵਿਚ ਪ੍ਰਿੰਸੀਪਲ ਨਾਲ ਕੁਝ ਮੈਂਬਰ ਸਾਡੇ ਬਾਹਰਲੇ ਘਰ ਆ ਗਏ। ਚਾਹ ਪਾਣੀ ਪਿਛੋਂ ਗੱਲਬਾਤ ਸ਼ੁਰੂ ਹੋਈ। ਉਦੋਂ ਨੂੰ ਚਾਚਾ ਹੌਲਦਾਰ ਅਤੇ ਹਰਚਰਨ ਵੀ ਆ ਗਏ। ਪ੍ਰਿੰਸੀਪਲ ਕਾਲਜ ਦੀ ਪੜ੍ਹਾਈ ਦਾ ਗੁਣਗਾਣ ਕਰਨ ਲੱਗਾ। ਪ੍ਰਿੰਸੀਪਲ ਲਾਹੌਰ ਪੜ੍ਹਨ ਪਿਛੋਂ ਇੰਗਲੈਂਡ ਤੋਂ ਪੀਐਚ.ਡੀ. ਕਰ ਕੇ ਆਇਆ ਸੀ। ਨਾਂ ਇਕਬਾਲ ਸਿੰਘ ਦਿਓਲ। ਲੰਮਾ ਕੱਦ, ਚਿੱਟੀ ਦਾੜ੍ਹੀ।
“ਪ੍ਰਿੰਸੀਪਲ ਸਾਹਬ, ਤੁਹਾਡੀਆਂ ਸਭ ਗੱਲਾਂ ਠੀਕ ਨੇ, ਇਉਂ ਦਸੋ, ਮਹੀਨੇ ਦਾ ਖਰਚਾ ਕਿੰਨਾ ਆਊ?” ਚਾਚੇ ਨੇ ਮਤਲਬ ਦੀ ਗੱਲ ਛੇੜੀ।
“ਸਣੇ ਬੋਰਡਿੰਗ ਦੇ ਵੀਹ ਪੱਚੀ ਰੁਪਏ ਮਹੀਨਾ ਤੋਂ ਵੱਧ ਨਹੀਂ ਆਉਂਦਾ।”
“ਥੋਨੂੰ ਮੈਂ ਦੱਸਾਂ, ਹਾੜ੍ਹੀ ਸੌਣੀ ਰੌਅ ਕਰ ਕੇ ਮਾਰੀ ਜਾਂਦੀ ਐ। ਬਟਾਈਆਂ ਬੰਦ ਹੋ ਗਈਆਂ। ਵੱਡੇ ਮੁੰਡੇ ਨੂੰ ਓਹਦੇ ਨਾਨਕਿਆਂ ਨੇ ਖੰਨੇ ਕੌਲਜ ਪੜ੍ਹਨ ਲਾਇਆ ਸੀ। ਕੋਟ ਪੈਂਟ, ਟਾਈ ਲਾਉਣ ਲੱਗਾ। ਅੰਗਰੇਜ਼ਾਂ ਆਂਗੂੰ ਪਿਉ ਨੂੰ ਡੈਡੀ, ਮਾਂ ਨੂੰ ਮੰਮੀ ਕਹਿੰਦਾ। ਬਾਰ੍ਹਵੀਂ ‘ਚੋਂ ਫੇਲ੍ਹ ਹੋ ਗਿਆ, ਨਾ ਘਰ ਦਾ ਰਿਹਾ, ਨਾ ਘਾਟ ਦਾ। ਗੁੱਸਾ ਨਾ ਕਰਿਉ। ਸਾਡੇ ਵਿਚ ਕਾਲਜ ਪੜ੍ਹਾਉਣ ਦੀ ਪਰੋਖੋ ਨਹੀਂ…।”
ਚਾਚੇ ਦੀਆਂ ਖਰੀਆਂ ਖਰੀਆਂ ਸੁਣ ਕੇ ਉਹ ਭੈਅਮਾਨ ਹੋ ਗਏ। ਅੱਧੀ ਫੀਸ ਮੁਆਫ ਕਰਨ ਦਾ ਦਾਣਾ ਪਾ ਕੇ ਚਲੇ ਗਏ।
ਮੈਂ ਸ਼ਸ਼ੋਪੰਜ ‘ਚ ਸਾਂ। ਅੱਗੇ ਪੜ੍ਹਨ ਦਾ ਕੋਈ ਰਾਹ ਨਹੀਂ ਸੀ। ਮਾੜਾ ਸਰੀਰ ਕਰ ਕੇ ਖੇਤੀ ਮੈਥੋਂ ਹੋਣੀ ਨਹੀਂ ਸੀ। ਕਰਾਂ ਤਾਂ ਕੀ ਕਰਾਂ? ਕੁਝ ਦਿਨ ਮਗਰੋਂ ਘੁਡਾਣੀ ਤੋਂ ਹਰਚਰਨ ਦਾ ਮਾਮਾ ਮਿਲਣ ਆਇਆ। ਉਹ ਮੁਰੱਬਾਬੰਦੀ ਦੇ ਮਹਿਕਮੇ ਵਿਚ ਦੁਰਾਹੇ ਏ.ਸੀ.ਓ. ਲੱਗਾ ਹੋਇਆ ਸੀ। ਗੁਰਚਰਨ ਸਿੰਘ ਨੂੰ ਮੁਰੱਬਾਬੰਦੀ ਮਹਿਕਮੇ ਵਿਚ ਉਸ ਨੇ ਭਰਤੀ ਕਰਵਾਇਆ ਸੀ। ਉਸ ਨੇ ਦੱਸਿਆ: ਅਗਲੇ ਮਹੀਨੇ ਮਾਲੇਰਕੋਟਲੇ ਮੁਰੱਬਾਬੰਦੀ ਦੇ ਮਹਿਕਮੇ ਵਿਚ ਭਰਤੀ ਹੋਣੀ ਹੈ। ਇੰਟਰਵਿਊ ਕੋਈ ਖਾਸ ਨਹੀਂ ਹੁੰਦੀ। ਪਿੰਡਾਂ ਦੇ ਮੁੰਡਿਆਂ ਨੂੰ ਤਰਜੀਹ ਦਿੰਦੇ ਹਨ। ਬੱਸ ਦਸਵੀਂ ਪਾਸ ਦੇ ਸਰਟੀਫਿਕੇਟ ਹੀ ਦੇਖਦੇ ਹਨ। ਪੋਸਟ ਦਾ ਨਾਂ ਤਾਂ ਸਬ ਇੰਸਪੈਕਟਰ ਸੀ, ਪਰ ਲੋਕ ਇਸ ਨੂੰ ਪਟਵਾਰੀ ਹੀ ਕਹਿੰਦੇ ਸਨ। ਨੌਂ ਕੁ ਮਹੀਨੇ ਦਾ ਕੋਰਸ ਕਰਨ ਮਗਰੋਂ ਨਾਲ ਦੀ ਨਾਲ ਨੌਕਰੀ ਮਿਲ ਜਾਂਦੀ ਸੀ। ਇੰਟਰਵਿਊ ਬਾਦਲ ਸਿੰਘ ਐਸ਼ਓ. ਨੇ ਕਰਨੀ ਸੀ ਜਿਸ ਨੂੰ ਪਿੱਠ ਪਿਛੇ ਮਾਤਹਿਤ ‘ਕਲਾਊਡ’ ਸਿੰਘ ਕਹਿੰਦੇ ਸਨ।
ਮਿਥੇ ਦਿਨ ਮੈਂ ਤੇ ਹਰਚਰਨ ਮਾਲੇਰਕੋਟਲੇ ਠੰਢੀ ਸੜਕ ‘ਤੇ ਨੌਂ ਵੱਜਦੇ ਨੂੰ ਪੀਲੀ ਕੋਠੀ ਪਹੁੰਚ ਗਏ। ਤੁਰਨ ਤੋਂ ਪਹਿਲਾਂ ਬੇਜੀ ਨੇ ਅਰਦਾਸ ਕੀਤੀ ਸੀ, ਗੁੜ ਦੀ ਰੋੜੀ ਨਾਲ ਸਾਡਾ ਮੂੰਹ ਜੁਠਾ ਲਿਆ। ਸਾਡੇ ਪਹੁੰਚਣ ਤੋਂ ਪਹਿਲਾਂ ਹੀ ਕਈ ਮੁੰਡੇ ਪਹੁੰਚੇ ਹੋਏ ਸਨ ਤੇ ਜਾਮਣ ਦੀ ਛਾਂ ਹੇਠ ਖੜ੍ਹੇ ਗੱਲਾਂ ਕਰ ਰਹੇ ਸਨ। ਸੁਣਿਆ, ਅਫਸਰ ਬਹੁਤ ਸਖਤ ਹੈ। ਕਿਸੇ ਦੀ ਮੰਨਦਾ ਨਹੀਂ। ਜਿੰਨੇ ਮੂੰਹ ਓਨੀਆਂ ਗੱਲਾਂ। ਮੇਰੇ ਮਨ ਵਿਚ ਇੰਟਰਵਿਊ ਦਾ ਫਿਕਰ ਸੀ। ਉਚੇ ਬਰਾਂਡੇ ਵਿਚ ਮੇਜ਼ ‘ਤੇ ਨੀਲੇ ਰੰਗ ਦੇ ਮੇਜ਼-ਪੋਸ਼ ‘ਤੇ ਪਏ ਕਾਗਜ਼ ਪੱਖੇ ਦੀ ਹਵਾ ਨਾਲ ਪੰਛੀ ਦੇ ਪਰਾਂ ਵਾਂਗ ਫੜ-ਫੜਾ ਰਹੇ ਸਨ। ਐਨਕਾਂ ਵਾਲਾ ਬਾਬੂ ਟਾਈਪ ਮਸ਼ੀਨ ‘ਤੇ ਖਟ ਖਟ ਕਰਨ ਲੱਗਾ ਤੇ ਮੁੰਡਿਆਂ ਦੇ ਸਰਟੀਫਿਕੇਟ ਦੇਖਣ ਮਗਰੋਂ ਲਿਸਟ ਅੰਦਰ ਬੈਠੇ ਸਾਹਿਬ ਨੂੰ ਪੇਸ਼ ਕਰ ਦਿੱਤੀ।
ਦਸ ਵਜੇ ਉਚੇ ਲੰਮੇ ਕੱਦ ਅਤੇ ਲਾਲ ਸੂਹੇ ਚਿਹਰੇਵਾਲਾ ਅਫਸਰ ਬਰਾਂਡੇ ਵਿਚ ਆਇਆ। ਗੁੱਟੀ ਕਰ ਕੇ ਬੰਨ੍ਹੀ ਦਾੜ੍ਹੀ, ਚਿੱਟੀ ਕਮੀਜ਼, ਖਾਕੀ ਪੈਂਟ। ਸਿਰ ‘ਤੇ ਚਿੱਟੀ ਮਲਮਲ ਦੀ ਠੁੱਕਦਾਰ ਪੱਗ; ਸ਼ਖਸੀਅਤ ਰੋਹਬਦਾਰ ਅਤੇ ਜਬ੍ਹੇ ਵਾਲੀ ਸੀ। ਬਾਬੂ ਨਾਲ ਕੁਝ ਗੱਲਾਂ ਕਰਨ ਮਗਰੋਂ ਸਾਰੇ ਮੁੰਡਿਆਂ ਨੂੰ ਲਾਈਨ ਵਿਚ ਖੜ੍ਹੇ ਹੋਣ ਨੂੰ ਕਿਹਾ।
“ਪਿੰਡਾਂ ਵਾਲੇ ਮੁੰਡੇ ਅੱਗੇ ਆ ਜਾਓ।” ਚਾਲੀ ਪੰਤਾਲੀ ਮੁੰਡੇ ਅੱਗੇ ਆ ਗਏ। ਮੇਰਾ ਦਿਲ ਡੁਬਕੂੰ ਡੁਬਕੂੰ ਕਰ ਰਿਹਾ ਸੀ। ਕੀ ਪਤਾ, ਅੱਗੇ ਕੀ ਹੋਊ? ਹਰ ਚਿਹਰੇ ‘ਤੇ ਹੈਰਾਨੀ ਦੀ ਝਲਕ ਸੀ।
“ਠੀਕ ਹੈ, ਤੁਸੀਂ ਸਾਰੇ ਸਿਲੈਕਟ ਹੋ। ਸੋਮਵਾਰ ਨੂੰ ਨਾਭੇ ਮਹਿੰਦਰ ਸਿੰਘ ਦਿਓਲ, ਏ.ਸੀ.ਓ ਕੋਲ ਟਰੇਨਿੰਗ ਲਈ ਹਾਜ਼ਰ ਹੋ ਜਾਓ।”
ਇੰਟਰਵਿਊ ਖਤਮ। ਇਹੋ ਜਿਹੇ ਇੰਟਰਵਿਊ ਅਤੇ ਚੋਣ ਮੁੜ ਮੈਂ ਸਾਰੀ ਜ਼ਿੰਦਗੀ ਕਦੇ ਨਹੀਂ ਦੇਖੀ। ਇਕ ਸ਼ਹਿਰੀ ਮੁੰਡੇ ਨੇ ਹੌਸਲਾ ਕਰ ਕੇ ਪੁੱਛਿਆ, “ਜਨਾਬ ਅਸੀਂ ਸ਼ਹਿਰਾਂ ਵਾਲੇ ਕਿਧਰ ਜਾਈਏ?”
“ਤੁਸੀਂ ਪਿਤਾ ਪੁਰਖੀ ਕੰਮ ਕਰੋ, ਤੱਕੜੀ-ਬੱਟੇ ਨਾਲ ਲੋਕਾਂ ਨੂੰ ਲੁੱਟੋ।” ਉਹ ਮਾਯੂਸ ਹੋ ਕੇ ਘਰਾਂ ਨੂੰ ਮੁੜ ਗਏ।
ਹੁਣ ਨਾਭੇ ਰਹਿਣ ਦਾ ਮਸਲਾ ਖੜ੍ਹਾ ਹੋ ਗਿਆ। ਬਾਪੂ ਦਾ ਢੰਡੋਲੀ ਵਾਲਾ ਫੁੱਫੜ ਰਿਆਸਤ ਪਟਿਆਲਾ ਵਿਚ ਐਸ਼ਪੀ. ਹੁੰਦਾ ਸੀ। ਸ਼ਾਹੀ ਖਰਚ ਹੋਣ ਕਰ ਕੇ ਉਹ ਕਰਜ਼ਈ ਹੋ ਗਏ ਸਨ, ਜਮੀਨ ਮੁਜਾਰਿਆਂ ਨੇ ਦੱਬ ਲਈ। ਮਹਾਰਾਜਾ ਭੁਪਿੰਦਰ ਸਿੰਘ ਨੇ ਉਨ੍ਹਾਂ ਦੀ ਅੱਯਾਸ਼ੀ ਦੀਆਂ ਸ਼ਿਕਾਇਤਾਂ ਅਤੇ ਅਫਸਰਾਂ ਦੀ ਗੁਟਬੰਦੀ ਕਰ ਕੇ ਨੌਕਰੀ ਤੋਂ ਡਿਸਮਿਸ ਕਰ ਦਿੱਤਾ। ਸ਼ਾਹੂਕਾਰਾਂ ਦੇ ਕਰਜ਼ੇ ਤੋਂ ਬਚਣ ਲਈ ਉਹ ਦੂਸਰੀ ਰਿਆਸਤ, ਨਾਭਾ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਲੱਗਾ। ਉਦੋਂ ਦੇ ਕਾਨੂੰਨ ਅਨੁਸਾਰ, ਦੂਸਰੀ ਰਿਆਸਤ ਵਿਚ ਕੋਈ ਡਿਗਰੀ ਕਰਨੀ ਔਖੀ ਹੁੰਦੀ ਸੀ। ਬਾਬੇ ਦੀ ਮੌਤ ਪਿਛੋਂ ਹੁਣ ਬਾਪੂ ਹੀ ਉਨ੍ਹਾਂ ਨਾਲ ਮਿਲਦੇ-ਵਰਤਦੇ ਸਨ। ਭੂਆ ਕੋਲ ਕਾਫੀ ਪੁਰਾਣਾ ਜੇਵਰ ਸੀ ਜਿਸ ਨੂੰ ਭੋਰ ਭੋਰ ਕੇ ਉਹ ਗੁਜ਼ਾਰਾ ਕਰ ਰਹੇ ਸਨ।
ਐਤਵਾਰੀਂ ਬਾਪੂ ਸਾਨੂੰ ਲੈ ਕੇ ਨਾਭੇ ਪਹੁੰਚ ਗਏ। ਭੂਆ ਬੜੇ ਚਾਅ ਨਾਲ ਮਿਲੀ। ਰੋਟੀ ਖਾਣ ਮਗਰੋਂ ਬਾਪੂ ਨੇ ਗੱਲ ਛੇੜੀ, “ਭੂਆ ਜੀ, ਜਸਦੇਵ ਨੂੰ ਤਾਂ ਤੁਸੀਂ ਜਾਣਦੇ ਹੀ ਹੋ, ਦੂਜਾ ਹਰਚਰਨ ਸਿਉਂ ਸੁਖਮਿੰਦਰ ਸਿਉਂ ਦਾ ਲੜਕਾ, ਦਲੀਪ ਸਿੰਘ ਪੋਤਾ… ਇਨ੍ਹਾਂ ਨੇ ਨੌਂ ਮਹੀਨੇ ਦਾ ਮੁਰੱਬਾਬੰਦੀ ਦਾ ਕੋਰਸ ਕਰਨਾ। ਸਾਡੀ ਹਾਲਤ ਦਾ ਥੋਨੂੰ ਪਤਾ ਈ ਐ। ਮਤੇਰ ਸਭ ਕੁਝ ਲੁਟ-ਪੁਟ ਕੇ ਲੈ ਗਈ ਸੀ।”
“ਪੁੱਤ ਗੁਰਦਿਆਲ ਸਿਆਂ, ਮੈਥੋਂ ਕੀ ਭੁੱਲਾ। ਖੁਰਦ ਵਾਲਿਆਂ ਨੇ ਡਿਗਰੀਆਂ ਤੋਂ ਲੈ ਕੇ ਕਿਹੜੀ ਕਸਰ ਛੱਡੀ ਸੀ। ਸ਼ਾਬਾਸ਼ੇ ਪੁੱਤਰ ਤੇਰੀ ਬਹੂ ਦੇ, ਉਜੜਿਆ ਘਰ ਦੁਬਾਰਾ ਬੰਨ੍ਹ ਲਿਆ।”
“ਜੇ ਕਹੋ ਤਾਂ ਮੈਂ ਹਾੜ੍ਹੀ ਸੌਣੀ ਕਣਕ ਮੱਕੀ ਛੱਡ ਜਾਇਆ ਕਰੂੰ।”
“ਵਾਹ ਪੁੱਤ ਵਾਹ, ਹਾਅ ਤੂੰ ਕੀ ਗੱਲ ਕਹੀ? ਕੀ ਹੋਇਆ ਜੇ ਸਾਡੀ ਨੌਕਰੀ ਜਾਇਦਾਤ ਜਾਂਦੀ ਰਹੀ। ਮੈਂ ਬਾਬਾ ਦਸੌਂਧਾ ਸਿੰਘ ਦੀ ਪੜਪੋਤੀ, ਸਰਦਾਰ ਫਤਿਹ ਸਿੰਘ ਦੀ ਧੀ ਆਂ। ਚੰਗੇ ਮਾੜੇ ਦਿਨ, ਰਾਜਿਆਂ ਮਹਾਰਾਜਿਆਂ ‘ਤੇ ਕਿਹੜਾ ਨਹੀਂ ਆਉਂਦੇ? ਸੁੱਖ ਨਾਲ ਮੇਰਾ ਦੋਹਤਾ, ਕਾਕਾ ਮਹਿੰਦਰ ਸਿੰਘ ਵੀ ਮੇਰੇ ਕੋਲ ਪੜ੍ਹਦੈ। ਚੁੱਲ੍ਹੇ ਪੱਕਦੀ ਇਹ ਖਾਈ ਜਾਣਗੇ। ਉਪਰਲਾ ਚੁਬਾਰਾ ਖਾਲੀ ਪਿਆ। ਬੀਰ ਸਿਉਂ ਬਚਾਰਾ ਬਥੇਰੀ ਸੇਵਾ ਕਰਦੈ। ਸਰਦਾਰ ਜੀ ਨੂੰ ਉਹੀ ਸਾਂਭਦੈ ਜਦੋਂ ਦਾ ਅਧਰੰਗ ਹੋਇਆ। ਅੱਗੇ ਤੋਂ ਪੁੱਤ ਘਿਉ ਨਹੀਂ ਲਿਆਉਣਾ। ਦੁਖ ਸੁਖ ਤਾਂ ਪੁੱਤ ਆਉਂਦੇ ਜਾਂਦੇ ਰਹਿੰਦੇ ਆ।” ਭੂਆ ਦਾ ਬਾਕਮਾਲ ਹੌਸਲਾ ਦੇਖ ਕੇ ਮੈਂ ਹੈਰਾਨ ਹੋ ਗਿਆ। ਮੁਸੀਬਤਾਂ ਵੀ ਉਨ੍ਹਾਂ ਦੇ ਇਰਾਦੇ ਨੂੰ ਤੋੜ ਨਹੀਂ ਸਕੀਆਂ ਸਨ। ਧੀ ਜਵਾਨੀ ਪਹਿਰੇ ਵਿਧਵਾ ਹੋ ਗਈ। ਭਰ ਜਵਾਨੀ ਵਿਚ ਇਕੋ ਇਕ ਪੁੱਤਰ ਚਲਾ ਗਿਆ, ਤਾਂ ਵੀ ਅਡੋਲ ਸਨ।
ਅਗਲੀ ਸਵੇਰ ਬਾਪੂ ਪਿੰਡ ਨੂੰ ਮੁੜ ਗਿਆ। ਅਸੀਂ ਮਹਿਸ ਗੇਟ ਦੇ ਬਾਹਰਵਾਰ ਟਰੇਨਿੰਗ ਸਕੂਲ ਪਹੁੰਚ ਗਏ। ਮਹਿੰਦਰ ਸਿੰਘ ਦਿਓਲ ਟਰੇਨਿੰਗ ਸਕੂਲ ਦਾ ਇੰਚਾਰਜ ਸੀ, ਜੋ ਸਮਰਾਲੇ ਵਾਲੇ ਮਾਲ ਮੰਤਰੀ ਅਜਮੇਰ ਸਿੰਘ ਦਾ ਜਵਾਈ ਹੋਣ ਕਰ ਕੇ ਪਿਛੋਂ ਪੀ.ਸੀ.ਐਸ਼ ਹੋ ਗਿਆ ਸੀ।
ਟਰੇਨਿੰਗ ਲਈ ਇਕ ਕਾਨੂੰਗੋ, ਦੋ ਪੁਰਾਣੇ ਪਟਵਾਰੀ ਸਨ। ਰਿਕਾਰਡ ਤਿਆਰ ਕਰਨ ਬਾਰੇ ਉਹ ਦੱਸਦੇ ਰਹਿੰਦੇ। ਫੀਲਡ ਟਰੇਨਿੰਗ ਲਈ ਅਸੀਂ ਪਿੰਡ ਦੇ ਨੇੜੇ ਮਾਂਗੇਵਾਲ ਆ ਗਏ, ਜਿਥੇ ਪੈਮਾਇਸ਼ ਹੋ ਰਹੀ ਸੀ। ਗਰਦਾਵਰੀ ਦੀ ਟਰੇਨਿੰਗ ਅਸੀਂ ਪਿੰਡ ਦੇ ਪਟਵਾਰੀ ਚਰੰਜੀ ਲਾਲ ਤੋਂ ਲਈ। ਪਰਚੇ ਹੋਏ। ਅਸੀਂ ਪਿੰਡ ਆ ਗਏ।
ਮਹੀਨੇ ਕੁ ਬਾਅਦ ਪਾਸ ਹੋਣ ਪਿਛੋਂ ਸਾਨੂੰ ਬਠਿੰਡੇ ਐਸ਼ਓ. (ਸੈਟਲਮੈਂਟ ਅਫਸਰ) ਦੇ ਦਫਤਰ ਹਾਜ਼ਰ ਹੋਣ ਦਾ ਹੁਕਮ ਮਿਲ ਗਿਆ। 50-3-80 ਦਾ ਗਰੇਡ ਸੀ। ਤਨਖਾਹ 85 ਰੁਪਏ ਮਹੀਨਾ। ਸਾਡੇ ਜਾਣ ਤੋਂ ਪਹਿਲਾਂ ਇਕ ਸ਼ਾਮ ਬਾਪੂ ਨੇ ਦੋ ਬੋਤਲਾਂ ਅਤੇ ਮੀਟ ਮੰਗਵਾ ਕੇ ਭਾਈਚਾਰੇ ਨੂੰ ਪਾਰਟੀ ਦਿੱਤੀ। ਵੀਹ ਰੁਪਈਏ ਮੈਂ ਤਾਏ ਕਿਸ਼ਨ ਸਿੰਘ ਤੋਂ ਲੈ ਕੇ ਆਇਆ ਸੀ। ਪਾਰਟੀ ਬੈਠਕ ਦੀ ਛੱਤ ਉਪਰ ਹੋਈ ਸੀ। ਮੈਂ ਤੇ ਹਰਚਰਨ ਗਈ ਰਾਤ ਤਾਈਂ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਰਹੇ।

ਮੈਂ ਪਿੰਡ ਦੇ ਨੇੜੇ ਕੁਰੜ ਲੱਗ ਗਿਆ। ਅਸੀਂ ਤਿੰਨ ਜਣੇ ਸਾਂ। ਪੰਡਿਤ ਜਗਨ ਨਾਥ ਮੈਥੋਂ ਦੋ ਸਾਲ ਸੀਨੀਅਰ ਸੀ। ਦੂਜਾ ਦਰਸ਼ਨ ਸਿੰਘ ਮੇਰਾ ਹਾਣੀ ਸੀ, ਉਹ ਛੀਨੀਵਾਲ ਕਲਾਂ ਤੋਂ ਸੀ। ਪਿੰਡ ਵਾਲਿਆਂ ਨੇ ਸਾਡੇ ਰਹਿਣ ਲਈ ਆਦੋਆਲ ਪੱਤੀ ਦੀ ਪੱਕੀ ਹਥਾਈ ਦੇ ਦਿੱਤੀ। ਦੋ ਕਮਰਿਆਂ ਅੱਗੇ ਪੱਕਾ ਬਰਾਂਡਾ ਸੀ। ਇਕ ਪਾਸੇ ਕਿਚਨ ਅਤੇ ਗੁਸਲਖਾਨਾ ਬਣਿਆ ਹੋਇਆ ਸੀ।
ਗਰਮੀ ਕਰ ਕੇ ਅਸੀਂ ਰਿਕਾਰਡ ਤਿਆਰ ਕਰਨ ਲਈ ਬਰਾਂਡੇ ਵਿਚ ਹੀ ਬੈਠਦੇ। 15000 ਬਿੱਘੇ ਰਕਬੇ ਦਾ ਪਿੰਡ ਹੋਣ ਕਰ ਕੇ ਕੰਮ ਕਾਫੀ ਸੀ। ਪੈਮਾਇਸ਼ ਹਾੜ੍ਹੀ ਬੀਜਣ ਮਗਰੋਂ ਸ਼ੁਰੂ ਹੋਣੀ ਸੀ। ਪਿੰਡ ਵਾਲਿਆਂ ਹਰ ਇਕ ਪੱਤੀ ਵਿਚੋਂ ਇਕ ਮੈਂਬਰ ਚੁਣ ਕੇ ਕਮੇਟੀ ਚੁਣ ਲਈ ਜਿਸ ਦਾ ਪ੍ਰਧਾਨ ਅਨਪੜ੍ਹ ‘ਗੂਠਾ ਛਾਪ 200 ਬਿੱਘੇ ਦਾ ਮਾਲਕ ਬਣਾਇਆ ਗਿਆ ਸੀ। ਪਿੰਡ ਵਾਲਿਆਂ ਉਪਰਲੇ ਖਰਚੇ ਲਈ ਬਾਛ ਇਕੱਠੀ ਕਰ ਲਈ। ਰੋਟੀ-ਟੁੱਕ ਲਈ ਹਰੀਜਨਾਂ ਦਾ ਮੁੰਡਾ ਗੁਰਨਾਮ ਸਿੰਘ ਰੱਖ ਦਿੱਤਾ। ਰਾਸ਼ਨ ਪਿੰਡ ਦੀ ਹੱਟੀ ਤੋਂ ਉਹ ਲੈ ਆਉਂਦਾ, ਪੈਸੇ ਕਮੇਟੀ ਦਾ ਖਜ਼ਾਨਚੀ ਦੇਈ ਜਾਂਦਾ। ਦੁੱਧ ਲੋਕ ਆਪੇ ਦੇ ਜਾਂਦੇ। ਅਸੀਂ ਦੁੱਧ ਵਿਚ ਪੱਤੀ ਪਾ ਕੇ ਪੀਂਦੇ। ਹਰ ਤੀਜੇ ਦਿਨ ਖੀਰ ਬਣਦੀ। ਪੰਡਿਤ ਦਾ ਇਹ ਮਨ ਭਾਉਂਦਾ ਖਾਜਾ ਸੀ। ਵਾਧੂ ਦੁੱਧ ਦਾ ਗੁਰਨਾਮ ਖੋਆ ਅਤੇ ਘਿਉ ਬਣਾ ਲੈਂਦਾ ਜੋ ਪੰਡਿਤ ਜੀ ਪਿੰਡ (ਬਾਗੜੀਆ) ਦੇ ਆਉਂਦੇ।
ਮੇਰਾ ਦੂਸਰਾ ਸਾਥੀ ਸਾਹ ਦਾ ਮਰੀਜ਼ ਹੋਣ ਕਰ ਕੇ ਸਾਈਕਲ ਘੱਟ ਚਲਾਉਂਦਾ। ਪੰਡਿਤ ਨੇ ਸਾਈਕਲ ਚਲਾਉਣਾ ਸਿਖਿਆ ਹੀ ਨਾ। ਅਤਿ ਲੋੜ ਵੇਲੇ ਉਹ ਕਿਸੇ ਦੇ ਮਗਰ ਬੈਠ ਕੇ ਜਾਂਦਾ। ਬੱਸ ਆਥਣ ਸਵੇਰ ਹੀ ਚਲਦੀ ਸੀ। ਬਰਨਾਲੇ ਏ. ਸੀ. ਓ. ਤੇ ਸੀ. ਓ. ਦਾ ਦਫਤਰ ਡੇਰਾ ਬਾਬਾ ਗਾਂਧਾ ਸਿੰਘ ਦੇ ਡੇਰੇ ਵਿਚ ਸੀ। ਐਸ਼ਓ. ਕਿਲੇ ਵਿਚ ਬੈਠਦਾ ਸੀ। ਬਰਨਾਲੇ ਦਾ ਕੋਈ ਦਫਤਰੀ ਕੰਮ ਹੁੰਦਾ, ਉਹ ਮੈਨੂੰ ਭੇਜਦਾ, “ਲੌ ਕਾਕਾ ਜੀ, ਆਹ ਕਾਗਜ਼ ਦਫਤਰ ਦੇ ਕੇ ਸਿਲਮਾਂ ਦੇਖ ਆਇਉ।” ਸੂਏ ਦੀ ਪਟੜੀ ਵਜੀਦਕਿਆਂ ਤੱਕ ਅੱਜ ਦੀਆਂ ਸੜਕਾਂ ਤੋਂ ਕਿਤੇ ਵਧੀਆ ਸੀ। ਅੱਗੇ ਕੱਚੇ ਰਾਹ ਵਿਚ ਡੰਡੀਆਂ ਹੋਣ ਕਰ ਕੇ ਮੈਂ ਇਕ ਘੰਟੇ ਵਿਚ ਦਫਤਰ ਪਹੁੰਚ ਜਾਂਦਾ। ਜੋਗਿੰਦਰ ਸਿੰਘ ਏ.ਸੀ.ਓ. ਬੀ.ਏ. ਪਾਸ ਸੀ। ਰਾੜੇ ਵਾਲੇ ਦੇ ਹਲਕੇ ਦਾ ਹੋਣ ਕਰ ਕੇ ਉਹ ਸਿੱਧਾ ਏ.ਸੀ.ਓ. ਭਰਤੀ ਹੋਇਆ ਸੀ। ਸ਼ਰੀਫ ਬੰਦਾ ਸੀ, ਰਿਸ਼ਵਤਖੋਰ ਨਹੀਂ ਸੀ। ਧੱਕੇ ਨਾਲ ਮੈਨੂੰ ਚਾਹ ਪਿਲਾਉਂਦਾ। ਕੰਮ ਬਾਰੇ, ਕਿਸੇ ਤਕਲੀਫ ਬਾਰੇ ਪੁੱਛਦਾ। ਉਥੋਂ ਵਿਹਲਾ ਹੋ ਕੇ ਮੈਂ ਸਾਧੂ ਰਾਮ ਮੁੱਛਾਂ ਵਾਲੇ ਹਲਵਾਈ ਦੀ ਦੁਕਾਨ ‘ਤੇ ਲੱਸੀ ਪੀਣ ਚਲਾ ਜਾਂਦਾ। ਕਈ ਵਾਰ ਉਥੇ ਮੈਨੂੰ ਪ੍ਰੇਮ ਚੰਦ ਮਿਲ ਜਾਂਦਾ, ਉਸ ਨੂੰ ਵੇੜਵੀਆਂ ਖਾਣ ਦਾ ਸ਼ੌਕ ਸੀ, ਹਾਲ-ਚਾਲ ਪੁੱਛਦਾ, “ਸੁਣਾ ਕਾਕਾ ਜੀ, ਵਿਆਹ ਕਰਾਇਆ ਕਿ ਨਹੀਂ?”
“ਕਿਥੇ ਯਾਰ! ਦੇਖਣ ਵਾਲੇ ਤਾਂ ਕਈ ਆਉਂਦੇ ਰਹਿੰਦੇ ਨੇ…।” ਬਾਪੂ ਦੇ ਪੰਜ ਮੋਹਰਾਂ ਮੰਗਣ ਦੀ ਗੱਲ ਮੈਂ ਲੁਕੋ ਲੈਂਦਾ। ਆਮ ਬੰਦੇ ਮੋਹਰਾਂ ਦੀ ਮੰਗ ਸੁਣ ਕੇ ਤਿੱਤਰ ਹੋ ਜਾਂਦੇ। ਜਿਹੜੇ ਮੰਗਣੇ ਵੇਲੇ ਪੰਜ ਮੰਗਦੇ ਹਨ, ਵਿਆਹ ਵੇਲੇ ਪਤਾ ਨਹੀਂ ਕੀ ਮੰਗਣਗੇ?
“ਕਾਕਾ ਜੀ ਤੇਰਾ ਸੀਨੀਅਰ ਕੌਣ ਐ?”
“ਪੰਡਿਤ ਜਗਨ ਨਾਥ।”
“ਬਾਗੜੀਆਂ ਵਾਲਾ?”
“ਹਾਂ, ਤੂੰ ਜਾਣਦੈਂ ਉਹਨੂੰ?”
“ਮੈਂ ਤਾਂ ਓਹਦੇ ਪੋਤੜਿਆਂ ਨੂੰ ਵੀ ਜਾਣਦਾਂ। ਇਹਦਾ ਪਿਉ ਰਾਮ ਲਾਲ ਸਾਡੇ ਪਿੰਡ ਮਾਲ ਪਟਵਾਰੀ ਹੁੰਦਾ ਸੀ। ਓਹਦੇ ਮੁੱਛੇ ਹੋਏ ਰੁੱਖ ਅਜੇ ਤਾਈਂ ਹਰੇ ਨਹੀਂ ਹੋਏ। ਉਹ ਤੜਕੇ ਹੀ ਪਟਵਾਰਖਾਨੇ ਜਮ੍ਹਾਂਬੰਦੀ ਖੋਲ੍ਹ ਕੇ ਬੈਠ ਜਾਂਦਾ, ਜਿਵੇਂ ਗੀਤਾ ਦਾ ਪਾਠ ਕਰ ਰਿਹਾ ਹੋਵੇ। ਜਮ੍ਹਾਂਬੰਦੀ ਵਿਚ ਖਸਰਾ ਨੰਬਰਾਂ ਦੀਆਂ ਨਾਂਵਾਂ ਦੀਆਂ ਗਲਤੀਆਂ ਹੋਣਾ ਆਮ ਗੱਲ ਹੈ। ਉਹ ਚੌਕੀਦਾਰ ਨੂੰ ਭੇਜ ਕੇ ਜਿਮੀਂਦਾਰ ਨੂੰ ਸੱਦ ਲੈਂਦਾ, ‘ਭਾਈ ਫਲਾਣਾਂ ਸਿਆਂ, ਤੇਰਾ ਤਾਂ ਖਾਤਾ ਹੀ ਖਰਾਬ ਹੋਇਆ ਪਿਆ, ਦਸ ਮੈਂ ਕੀ ਕਰਾਂ?’ ਜਿਵੇਂ ਬਾਣੀਆਂ ਨੂੰ ਨਾਮਾ ਪਿਆਰਾ ਹੁੰਦਾ ਹੈ, ਜੱਟ ਨੂੰ ਜਮੀਨ ਪਿਆਰੀ ਹੁੰਦੀ। ਅਗਲਾ ਕੋਈ ਚਾਰਾਜੋਈ ਕਰਨ ਨੂੰ ਕਹਿੰਦਾ। ‘ਦੇਖ ਭਾਈ, ਦਿਤੇ ਲਏ ਬਿਨਾ ਤਾਂ ਕੰਮ ਨਹੀਂ ਹੋਣਾ, ਦੇਣਾ ਲੈਣਾ ਤਾਂ ਚੰਦ ਸੂਰਜ ਨੇ ਵੀ ਹੈ। ਉਪਰ ਵੀ ਦੇਣਾ ਪਊ। ਪੰਜ ਸੌ ਤੋਂ ਘੱਟ ਨਹੀਂ ਸਰਨਾ।’ ਉਸ ਨੇ ਸ਼ਾਇਦ ਹੀ ਕੋਈ ਘਰ ਮੁੱਛੇ ਬਿਨਾ ਛੱਡਿਆ ਹੋਵੇ।”
“ਕੋਈ ਸ਼ਿਕਾਇਤ ਨਹੀਂ ਸੀ ਕਰਦਾ?” ਨਾਲੇ ਕੌਣ ਕਰੇ? ਸਰਦਾਰ ਕਰਮਗੜ੍ਹੀਏ ਦੀ ਉਹ ਆਥਣ ਉਗਣ ਸਾਨੀ ਭਰਦਾ ਸੀ। ਰਿਟਾਇਰਮੈਂਟ ਮਗਰੋਂ ਉਹ ਸਰਦਾਰ ਦਾ ਮੁਖਤਿਆਰ ਹੈ। ਇਕ ਗੱਲ ਦੱਸਾਂ, ਜਦੋਂ ਮਲਾਈ ਲਾਹੁਣ ਦਾ ਮੌਕਾ ਆਇਆ, ਓਹਨੇ ਤੈਨੂੰ ਓਥੇ ਰਹਿਣ ਨਹੀਂ ਦੇਣਾ।”
“ਮਲਾਈ ਲਾਹੁਣ ਦਾ ਮਤਲਬ, ਮੈਂ ਸਮਝਿਆ ਨਹੀਂ…।”
“ਯਾਰ ਤੂੰ ਤਾਂ ਭੋਲਾ ਐਂ। ਜਦੋਂ ਤਕਸੀਮ ਹੁੰਦੀ ਆ, ਉਹ ਮੌਕਾ ਮਲਾਈ ਲਾਹੁਣ ਦਾ ਹੁੰਦਾ। ਮੈਂ ਕਿਸੇ ਪਿੰਡ ਦੀ ਪੈਮਾਇਸ਼ ਨਹੀਂ ਕੀਤੀ, ਨਾ ਰਿਕਾਰਡ ਤਿਆਰ ਕੀਤਾ, ਇਕ ਪਿੰਡ ਤਕਸੀਮ ਵੀ ਕਰ ਦਿੱਤਾ ਹੈ। ਤੂੰ ਹਰਚਰਨ ਵਾਂਗ ਕਿਸੇ ਛੋਟੇ ਪਿੰਡ ਵਿਚ ਲਗਣਾ ਸੀ।”
“ਤਕਸੀਮ ਤਾਂ ਏ.ਸੀ.ਓ. ਕਰਦਾ?”
“ਉਹ ਕਿਹੜਾ ਦੇਵਤੇ ਨੇ। ਮੇਰਾ ਏ.ਸੀ.ਓ. ਨਾਲ ਲੈਣ ਦੇਣ ਹੈ। ਜਿਵੇਂ ਕਹਿੰਦਾ ਹਾਂ, ਟੱਕ ਬਣਾ ਦਿੰਦਾ। ਕੋਟਲੇ ਕੰਨੀ ਲੋਕਾਂ ਕੋਲ ਜਮੀਨਾਂ ਥੋੜ੍ਹੀਆਂ ਨੇ, ਲੋਕ ਮੱਲੋ ਮੱਲੀ ਨਾਮਾ ਦੇ ਜਾਂਦੇ। ਮੈਂ ਕੱਚਾ ਕਾਲਜ ਰੋਡ ‘ਤੇ ਪਲਾਟ ਵੀ ਲੈ ਲਿਐ।”
“ਗਲ ਸੁਣ ਪ੍ਰੇਮ, ਇਹ ਲੋਕ ਐਨਾ ਪੈਸਾ ਨਾਲ ਲੈ ਕੇ ਜਾਣਗੇ?”
“ਗੁੱਸਾ ਨਾ ਕਰੀਂ, ਜੱਟ ਨਾਮਾ ਨਹੀਂ ਸਾਂਭ ਸਕਦਾ। ਇਹ ਤੌਫੀਕ ਤਾਂ ਬਾਣੀਆਂ ਨੂੰ ਹੀ ਹੈ। ਤੇਰਾ ਤਾਂ ਐਸ਼ ਡੀ. ਐਮ. ਸੁਣਿਆ ਰਿਸ਼ਤੇਦਾਰ ਹੈ, ਤੂੰ ਹਰਚਰਨ ਵਾਂਗ ਕਿਸੇ ਛੋਟੇ ਪਿੰਡ ਲਗਣਾ ਸੀ।”
“ਉਹਨੇ ਤਾਂ ਯਾਰ ਸੂ-ਸਾਈਡ ਕਰ ਲਿਆ।”
“ਹੈਂ…। ਉਹ ਤਾਂ ਦੋ-ਚਾਰ ਸਾਲ ਨੂੰ ਡੀ.ਸੀ. ਲਗਣ ਵਾਲਾ ਸੀ, ਇਹ ਕਿਉਂ ਕੀਤਾ?”
“ਬਸ ਇਸ ਕਿਉਂ ਦਾ ਕੋਈ ਜਵਾਬ ਨਹੀਂ…।” ਗੱਲਾਂ ਕਰਦਿਆਂ ਨੂੰ ਸਟੇਸ਼ਨ ਵਾਲਾ ਚੌਕ ਆ ਗਿਆ ਸੀ।
“ਬੱਸ ਪੰਡਿਤ ਤੋਂ ਬਚ ਕੇ ਰਹੀਂ, ਸੀ.ਓ. ਨਾਲ ਓਹਦਾ ਸਿੱਧਾ ਲੈਣ ਦੇਣ ਹੈ। ਉਹ ਨਾਭੇ ਦਾ ਹੈ। ਇਸ ਦਾ ਮੁੰਡਾ ਰਾਜਿੰਦਰ ਆਪਣੇ ਨਾਲ ਪੜ੍ਹਦਾ ਹੁੰਦਾ ਸੀ ਜਿਹੜਾ ਸ਼ਰਾਬ ਪੀ ਕੇ ਮਰ ਗਿਆ ਸੀ।”
ਉਹ ਸੱਜੇ ਪਾਸੇ ਘਰ ਨੂੰ ਮੁੜ ਗਿਆ, ਮੈਂ ਖੱਬੇ ਪਾਸੇ ਸਿਨੇਮੇ ਪਹੁੰਚ ਗਿਆ। ਸ਼ੁਕਰਵਾਰ ਹੋਣ ਕਰ ਕੇ ਨਵੀਂ ਫਿਲਮ ਲੱਗੀ ਸੀ। ਮੈਂ ਬਾਲਕੋਨੀ ਦੀ ਟਿਕਟ ਲੈ ਕੇ ਅੰਦਰ ਜਾ ਬੈਠਾ। ਉਸ ਦੀਆਂ ਕਹੀਆਂ ਗੱਲਾਂ ਮੇਰੇ ਮਨ ਵਿਚ ਘੁੰਮਣ ਲੱਗੀਆਂ। ਮਨ ਵਿਚ ਪੈਸੇ ਦੇ ਲਾਲਚ ਦੀ ਥਾਂ ਪਿੰਡ ਦੇ ਨੇੜੇ ਰਹਿਣ ਦਾ ਲਾਲਚ ਸੀ। ਸਾਝਰੇ ਆਉਂਦਾ, ਹਨੇਰਾ ਹੋਏ ਜਾਂਦਾ।
ਰਿਕਾਰਡ ਤਿਆਰ ਹੋ ਗਿਆ। ਜਰੀਬ ਚੈਕ ਕਰਨ ਦਾ ਪੱਕਾ ਅੱਡਾ ਬਣ ਗਿਆ। ਕਣਕ ਬੀਜੀ ਗਈ। ਪੰਡਿਤ, ਪ੍ਰਧਾਨ ਨੂੰ ਲੈ ਕੇ ਦੁਗਣੇ ਭਾਅ ਜਰੀਬਾਂ, ਕਰਾਸ, ਝੰਡੀਆਂ ਤੋਂ ਹੋਰ ਰਿਕਾਰਡ ਵਗੈਰਾ ਕੋਟਲੇ ਤੋਂ ਲੈ ਆਏ ਸਨ। ਪ੍ਰਧਾਨ ਚੰਗੀ ਜਮੀਨ ਪਵਾਉਣ ਲਈ ਉਸ ਦੀ ਸਾਨੀ ਭਰਦਾ ਸੀ। ਦੂਜਾ, ਉਸ ਨੇ ਪਿੰਡ ਦੇ ਕਈ ਗਰੀਬ ਕਿਸਾਨਾਂ ਦੀ ਜਮੀਨ ਖਾਨਗੀ ਤੌਰ ‘ਤੇ ਬਹੀ ‘ਤੇ ਲਿਖਤ ਕਰ ਕੇ ਗਹਿਣੇ ਲਈ ਹੋਈ ਸੀ। ਰਿਕਾਰਡ ਮਾਲ ਵਿਚ ਰਹਿਨਾਮਿਆਂ ਦਾ ਇੰਦਰਾਜ ਨਹੀਂ ਸੀ। ਲਿਖਤ ਦੀ ਮਿਆਦ ਵੀ ਲੰਘ ਗਈ। ਕੀ ਪਤਾ, ਅਗਲਾ ਕਦੋਂ ਹੁਰਅ ਕਹਿ ਦੇਵੇ? ਇਸ ਦੇ ਇੰਤਕਾਲ ਕਰਵਾਉਣ ਬਦਲੇ ਪੰਡਿਤ ਨੇ ਗਧੇ ਦੇ ਕੰਨ ਵਰਗੇ ਦਸ ਨੋਟ ਲੈ ਲਏ। ਮੈਨੂੰ ਗੁਰਨਾਮ ਨੇ ਪਰਦੇ ਨਾਲ ਅੰਦਰਲੀ ਗੱਲ ਦੱਸ ਦਿੱਤੀ ਸੀ। ਮੈਂ ਇਹ ਗੱਲ ਇਕ ਦਿਨ ਏ.ਸੀ.ਓ. ਦੇ ਕੰਨ ਵਿਚ ਚੋਅ ਦਿੱਤੀ। ਉਹ ਪੈਸੇ ਨਹੀਂ ਸੀ ਲੈਂਦਾ। ਉਸ ਨੇ ਸਾਰੇ ਇੰਤਕਾਲ ਖਾਰਜ ਕਰ ਦਿੱਤੇ। ਪੰਡਿਤ ਨੂੰ ਪਿੱਸੂ ਪੈ ਗਏ। ਉਸ ਨੇ ਲਈ ਰਕਮ ਵਧੀਆ ਟੱਕ ਬਣਵਾਉਣ ਦੇ ਇਵਜ਼ ਵਿਚ ਰੱਖ ਲਈ। ਇਕ ਦਿਨ ਸੀ.ਓ. ਦੌਰੇ ‘ਤੇ ਆਇਆ, ਕੁਦਰਤੀ ਉਸ ਦਿਨ ਮੈਂ ਛੁੱਟੀ ‘ਤੇ ਸਾਂ। ਉਸ ਨੇ ਉਸ ਨੂੰ ਮੇਰੇ ਖਿਲਾਫ ਭੜਕਾ ਦਿਤਾ: ‘ਉਹ ਹੈਡਕੁਆਰਟਰ ‘ਤੇ ਨਹੀਂ ਰਹਿੰਦਾ। ਹਰ ਰੋਜ਼ ਪਿੰਡ ਚਲਾ ਜਾਂਦਾ। ਕੰਮ ਵਿਚ ਅੜਿੱਕਾ ਪਾਉਂਦਾ।’ ਨਾਲੇ ਏ.ਸੀ.ਓ. ਆਪਣੀ ਮਰਜ਼ੀ ਦਾ ਲਵਾਉਣ ਨੂੰ ਕਿਹਾ। ਕਈ ਪਿੰਡ ਤਕਸੀਮ ਦੇ ਨੇੜੇ ਆਏ ਹੋਏ ਹਨ। ਸੀ.ਓ. ਕਾਨੂੰਗੋ ਹੋਣ ਸਮੇਂ ਡਾਇਰੈਕਟਰ ਦੀ ਪੇਸ਼ੀ ਵਿਚ ਰਿਹਾ ਸੀ, ਉਸ ਨਾਲ ਗੱਲ ਕਰ ਕੇ ਏ.ਸੀ.ਓ. ਮਨਮਰਜ਼ੀ ਦਾ ਲਵਾ ਲਿਆ। ਐਸ਼ਓ. ਨੂੰ ਕਹਿ ਕੇ ਮੇਰੀ ਬਦਲੀ ਘਨੌਰੀ ਕਲਾਂ ਦੀ ਕਰਵਾ ਦਿੱਤੀ। ਬਾਦਲ ਸਿੰਘ ਰਿਟਾਇਰ ਹੋ ਚੁਕਾ ਸੀ। ਬਾਪੂ ਕਰਮਗੜ੍ਹੀਏ ਐਮ. ਐਲ਼ਏ. ਕੋਲ ਗਿਆ। ਉਸ ਨੇ ਲਾਰੇ ਤੋਂ ਬਿਨਾ ਕੁਝ ਪੱਲੇ ਨਾ ਪਾਇਆ। ਘਨੌਰੀ ਕਲਾਂ ਪਾਰਟੀਬਾਜ਼ੀ ਹੋਣ ਕਰ ਕੇ ਇਕ ਧੜੇ ਨੇ ਮੁਰੱਬਾਬੰਦੀ ਤੁੜਵਾਉਣ ਲਈ ਹਾਈਕੋਰਟ ਵਿਚ ਰਿੱਟ ਪਾਈ ਹੋਈ ਸੀ। ਬਹੁਤ ਸਾਰੀਆਂ ਅਪੀਲਾਂ ਉਪਰਲੇ ਅਫਸਰਾਂ ਕੋਲ ਚਲਦੀਆਂ ਸਨ। ਪੇਸ਼ੀਆਂ ਭੁਗਤਣ ਦਾ ਕੰਮ ਸੀ।
ਮੈਨੂੰ ਪ੍ਰੇਮ ਦੀ ਕਹੀ ਗੱਲ ਯਾਦ ਆਈ: ਇਥੇ ਕਾਰਗੁਜ਼ਾਰੀ, ਕੰਮ ਨੂੰ ਕੌਣ ਪੁੱਛਦੈ? ਨਾਮਾ ਚਾਹੀਦੈ। ਨਵੀਂ ਥਾਂ ‘ਤੇ ਹਾਜ਼ਰ ਹੋਣ ਲਈ ਸੱਤ ਦਿਨ ਦਾ ਸਮਾਂ ਮਿਲਿਆ ਸੀ।