ਚੰਡੀਗੜ੍ਹ: ਜਲ੍ਹਿਆਂਵਾਲਾ ਬਾਗ ਕਤਲੇਆਮ ਵਿਚੋਂ ਬਚੇ 98 ਸਾਲਾ ਭਰਪੂਰ ਸਿੰਘ ਨੇ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦੀ ਸ਼ਲਾਘਾ ਕੀਤੀ ਹੈ ਜਿਸ ਨੇ ਇਸ ਕਾਂਡ ਨੂੰ ਬਰਤਾਨਵੀ ਇਤਿਹਾਸ ਵਿਚਲਾ ‘ਬੇਹੱਦ ਸ਼ਰਮਨਾਕ’ ਕਾਰਾ ਕਰਾਰ ਦਿੱਤਾ ਸੀ। ਇਸ ਵੇਲੇ ਮੈਲਬਰਨ ਵਿਚ ਰਹਿ ਰਹੇ ਭਰਪੂਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ ਕੈਮਰੌਨ ਦਾ ਬਿਆਨ ਸੁਣ ਕੇ ਚੰਗਾ ਲੱਗਿਆ। ਇਸ ਬਿਆਨ ਤੋਂ ਬਰਤਾਨਵੀਆਂ ਦੀ ਸਿਆਣਪ ਝਲਕਦੀ ਹੈ।
ਪਿਛਲੇ ਹਫਤੇ ਅੰਮ੍ਰਿਤਸਰ ਵਿਚ ਜਲ੍ਹਿਆਂਵਾਲਾ ਬਾਗ ਦੀ ਫੇਰੀ ‘ਤੇ ਆਏ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਭਾਰਤ ਵਿਚ ਬਰਤਾਨਵੀ ਸਾਸ਼ਨਕਾਲ ਦੌਰਾਨ 1919 ਵਿਚ ਵਿਸਾਖੀ ਮੌਕੇ ਅਮਨਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਭਾਰਤੀਆਂ ਦੇ ਘਾਣ ਦੀ ਕਾਰਵਾਈ ਨੂੰ ‘ਬੇਹੱਦ ਸ਼ਰਮਨਾਕ’ ਕਿਹਾ ਸੀ ਪਰ ਉਨ੍ਹਾਂ ਇਸ ਬਾਰੇ ਮੁਆਫ਼ੀ ਨਹੀਂ ਮੰਗੀ ਸੀ। ਜਲ੍ਹਿਆਂਵਾਲਾ ਬਾਗ ਦੀ ਯਾਤਰੀ ਪੁਸਤਕ ਵਿਚ ਕੈਮਰੌਨ ਨੇ ਲਿਖਿਆ ਸੀ ਕਿ ਇਹ ਬਰਤਾਨਵੀ ਇਤਿਹਾਸ ਦਾ ਬੜਾ ਸ਼ਰਮਨਾਕ ਕਾਂਡ ਸੀ ਜਿਸ ਨੂੰ ਵਿੰਸਟਨ ਚਰਚਿਲ ਨੇ ਵੀ ਉਸ ਸਮੇਂ ਬਹੁਤ ਘਿਨੌਣਾ ਕਿਹਾ ਸੀ।
ਭਰਪੂਰ ਸਿੰਘ ਨੇ ਦੱਸਿਆ ਕਿ ਕੈਮਰੌਨ ਦੇ ਵਿਜ਼ਟਰੇਜ਼ ਬੁੱਕ ਵਿਚਲੇ ਸੁਨੇਹੇ ਨੇ ਉਨ੍ਹਾਂ ਨੂੰ ਕਤਲੇਆਮ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ ਜਦੋਂ ਉਹ ਆਪਣੇ ਬਜ਼ੁਰਗਾਂ ਨਾਲ ਇਸ ਰੈਲੀ ਵਿਚ ਹਿੱਸਾ ਲੈਣ ਗਏ ਸਨ। ਉਦੋਂ ਉਹ ਚਾਰ ਸਾਲ ਦੇ ਸਨ ਤੇ ਆਪਣੇ ਦਾਦੇ ਤੇ ਚਾਚੇ ਨਾਲ ਇਸ ਅਮਨ ਰੈਲੀ ਵਿਚ ਗਏ ਸਨ। ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਆਪਣੀਆਂ ਜਾਨਾਂ ਬਚਾਉਣ ਲਈ ਭੱਜੇ। ਉਨ੍ਹਾਂ ਨੇ ਬਾਗ ਦੇ ਦੱਖਣੀ ਪਾਸੇ ਬਣੇ ਕੱਚੇ ਘਰਾਂ ਉੱਤੇ ਛਾਲਾਂ ਮਾਰੀਆਂ ਤੇ ਉਸ ਦੌਰਾਨ ਉਸ ਦੇ ਇਕ ਵਡੇਰੇ ਦੀ ਬਾਂਹ ਟੁੱਟ ਗਈ।
ਉਹ ਗ੍ਰਿਫਤਾਰੀ ਤੋਂ ਡਰਦੇ ਉਸ ਨੂੰ ਹਸਪਤਾਲ ਵੀ ਨਹੀਂ ਲਿਜਾ ਸਕੇ ਸਨ। ਉਨ੍ਹਾਂ ਕਿਹਾ ਕਿ ਹੋਰ ਬਹੁਤ ਸਾਰੇ ਪਰਿਵਾਰ ਹੋਣਗੇ ਜਿਨ੍ਹਾਂ ਦੀਆਂ ਜਲ੍ਹਿਆਂਵਾਲਾ ਬਾਗ ਕਾਂਡ ਨਾਲ ਯਾਦਾਂ ਜੁੜੀਆਂ ਹੋਣਗੀਆਂ ਤੇ ਹੁਣ ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਉਸ ਅਸਥਾਨ ‘ਤੇ ਸ਼ਰਧਾਂਜਲੀ ਭੇਟ ਕਰਨ ਨਾਲ ਉਨ੍ਹਾਂ ਨੂੰ ਥੋੜ੍ਹਾ ਸਕੂਨ ਜ਼ਰੂਰ ਮਿਲਿਆ ਹੈ। ਭਰਪੂਰ ਸਿੰਘ ਨੇ ਕਿਹਾ ਕਿ ਉਹ ਹਾਲੇ ਵੀ ਉਸ ਕਾਂਡ ਬਾਰੇ ਸੋਚ ਕੇ ਕੰਬ ਜਾਂਦਾ ਹੈ ਪਰ ਬਰਤਾਨਵੀ ਹੁਕਮਰਾਨ ਦੀ ਇਹ ਸਰਗਰਮੀ ਸਰਾਹੁਣਯੋਗ ਹੈ। ਜਲ੍ਹਿਆਂਵਾਲਾ ਬਾਗ ਕਤਲੇਆਮ 13 ਅਪਰੈਲ, 1919 ਨੂੰ ਹੋਇਆ ਸੀ। ਇਸ ਬਾਗ ਵਿਚ ਕੋਈ 20,000 ਲੋਕਾਂ ਦਾ ਇਕੱਠ ਹੋਣ ਦੀ ਗੱਲ ਸੁਣ ਕੇ ਬ੍ਰਿਗੇਡੀਅਰ ਜਨਰਲ ਆਰæਈæਐਚæ ਡਾਇਰ ਨੇ ਆਪਣੇ 50 ਸੈਨਿਕਾਂ ਨਾਲ ਇਸ ਇਕੱਠ ‘ਤੇ ਗੋਲੀਆਂ ਚਲਾਈਆਂ ਸਨ। ਡਾਇਰ ਨੇ ਕੋਈ 10 ਮਿੰਟ ਫਾਇਰਿੰਗ ਕਰਾਈ ਜਦੋਂ ਤਕ ਗੋਲੀ-ਸਿੱਕਾ ਮੁੱਕ ਨਾ ਗਿਆ। ਉਨ੍ਹਾਂ ਕੁੱਲ 1650 ਰੌਂਦ ਦਾਗੇ ਸਨ ਤੇ 1000 ਤੋਂ ਵੱਧ ਨਿਰਦੋਸ਼ ਤੇ ਨਿਹੱਥੇ ਭਾਰਤੀ ਮਾਰੇ ਗਏ ਸਨ। ਭਰਪੂਰ ਸਿੰਘ 1985 ਵਿਚ ਅੰਮ੍ਰਿਤਸਰ ਤੋਂ ਮੈਲਬਰਨ ਆ ਵੱਸੇ ਸਨ ਤੇ ਇਸ ਵੇਲੇ ਉਹ ਸ਼ਹਿਰ ਦੇ ਪੱਛਮੀ ਸਬਅਰਬ ਵਿਚ ਸੀਨੀਅਰ ਕਮਿਊਨਿਟੀ ਕਲੱਬ ਦੇ ਸਰਗਰਮ ਮੈਂਬਰ ਹਨ।
______________________________________
ਸ਼ਹੀਦਾਂ ਦੇ ਪਰਿਵਾਰ ਅਜੇ ਵੀ ਖ਼ਫ਼ਾ
ਅੰਮ੍ਰਿਤਸਰ: ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ ਬਾਰੇ ਅਫਸੋਸ ਦਾ ਪ੍ਰਗਟਾਵਾ ਕਰਨ ਤੇ ਉਸ ਨੂੰ ਬੇਹੱਦ ਸ਼ਰਮਨਾਕ ਕਾਰਵਾਈ ਕਰਾਰ ਦੇਣ ‘ਤੇ ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਨੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਬਰਤਾਨੀਆ ਸਰਕਾਰ ਦੇ ਪ੍ਰਤੀਨਿਧ ਵਜੋਂ ਉਸ ਘਟਨਾ ਲਈ ਸਪੱਸ਼ਟ ਰੂਪ ਵਿਚ ਮੁਆਫ਼ੀ ਮੰਗਣੀ ਚਾਹੀਦੀ ਸੀ। ਸ਼ਹੀਦਾਂ ਦੇ ਪਰਿਵਾਰਾਂ ਦੀ ਜਥੇਬੰਦੀ ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਦੇ ਆਗੂ ਭੂਸ਼ਣ ਬਹਿਲ ਜਿਸ ਦੇ ਦਾਦਾ ਲਾਲਾ ਹਰੀ ਰਾਮ ਬਹਿਲ 13 ਅਪਰੈਲ, 1919 ਨੂੰ ਵਾਪਰੀ ਘਟਨਾ ਵਿਚ ਸ਼ਹੀਦ ਹੋ ਗਏ ਸਨ, ਨੇ ਦੱਸਿਆ ਕਿ ਸਮਿਤੀ ਦੇ ਮੈਂਬਰ ਪ੍ਰਧਾਨ ਮੰਤਰੀ ਕੈਮਰੌਨ ਨੂੰ ਮਿਲਣ ਦੇ ਇੱਛੁਕ ਸਨ ਤਾਂ ਜੋ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਕੇ ਉਸ ਘਟਨਾ ਲਈ ਮੁਆਫ਼ੀ ਮੰਗਣ ਵਾਸਤੇ ਆਖਿਆ ਜਾ ਸਕੇ।
Leave a Reply