ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਸਿਰਮੌਰ ਖੇਡ ਸੰਸਥਾ ਹੈ ਅਤੇ ਇਸ ਵਲੋਂ ਫੁੱਟਬਾਲ ਟੂਰਨਾਮੈਂਟ 1930 ਵਿਚ ਅਰੰਭਿਆ ਗਿਆ ਸੀ। ਹਰ ਚਾਰ ਸਾਲ ਬਾਅਦ ਹੋਣ ਵਾਲਾ ਫੀਫਾ ਫੁੱਟਬਾਲ ਟੂਰਨਾਮੈਂਟ ਅੱਜ ਇਕ ਵੱਕਾਰੀ ਖੇਡ ਮੇਲਾ ਹੈ। 21ਵਾਂ ਫੀਫਾ ਟੂਰਨਾਮੈਂਟ ਇਸ ਸਾਲ ਰੂਸ ਵਿਚ ਹੋਵੇਗਾ। ਇਸ ਲੇਖ ਲੜੀ ਵਿਚ ਸੈਨ ਹੋਜੇ (ਕੈਲੀਫੋਰਨੀਆ) ਵਸਦੇ ਲੇਖਕ ਪਰਦੀਪ ਨੇ ਫੀਫਾ ਮੁਕਾਬਲਿਆਂ ਦਾ ਇਤਿਹਾਸ ਫਰੋਲਿਆ ਹੈ।
-ਸੰਪਾਦਕ
ਪਰਦੀਪ, ਸੈਨ ਹੋਜੇ
ਫੋਨ: 408-540-4547
ਇਸ ਵਾਰ ਫੀਫਾ ਵਿਸ਼ਵ ਕੱਪ ਟੂਰਨਾਮੈਂਟ 14 ਜੂਨ ਤੋਂ 15 ਜੁਲਾਈ ਤੱਕ ਰੂਸ ਵਿਚ ਹੋ ਰਿਹਾ ਹੈ। ਇਹ 21ਵਾਂ ਫੀਫਾ ਟੂਰਨਾਮੈਂਟ ਹੈ। ਸਭ ਤੋਂ ਪਹਿਲਾਂ ਇਹ ਵਿਸ਼ਵ ਕੱਪ ਉੁਰੂਗਵੇ ਵਿਚ ਸੰਨ 1930 ਵਿਚ 13 ਜੁਲਾਈ ਤੋਂ 30 ਜੁਲਾਈ ਤੱਕ ਹੋਇਆ ਸੀ ਅਤੇ ਪਿਛਲਾ 2014 ਵਿਚ ਬ੍ਰਾਜ਼ੀਲ ਵਿਚ। ਹਰ ਚਾਰ ਸਾਲ ਪਿਛੋਂ ਹੋਣ ਵਾਲਾ ਇਹ ਟੂਰਨਾਮੈਂਟ 1942 ਅਤੇ 1946 ਵਿਚ ਸੰਸਾਰ ਦੀ ਦੂਜੀ ਜੰਗ ਕਰਕੇ ਨਹੀਂ ਸੀ ਹੋ ਸਕੇ। ਇਸ ਖੂਬਸੂਰਤ ਖੇਡ ਦੇ ਇਸ ਮੇਲੇ ਨੇ ਸਾਡਾ ਬਹੁਤ ਮੰਨੋਰੰਜਨ ਕੀਤਾ ਹੈ। ਇਸ ਨੇ ਹਸਾਇਆ ਵੀ ਹੈ ਅਤੇ ਰੁਲਾਇਆ ਵੀ। ਖੇਡ ਦੀ ਇਮਾਨਦਾਰੀ ਦਾ ਸਬੂਤ ਵੀ ਦਿੱਤਾ ਅਤੇ ਬੇਈਮਾਨੀ ਦੀ ਸ਼ਰਮ ਵੀ। ਜਿੱਤਣ ਵਾਲਿਆਂ ਦੇ ਗਲ ਵਿਚ ਤਮਗੇ ਅਤੇ ਹਾਰਨ ‘ਤੇ ਮੌਤ ਨੂੰ ਜੱਫੇ ਵੀ ਪੁਆਏ। ਇਸ ਵਿਚ ਹਰ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲੇ ਹਨ। ਹੁਣ ਤਕ ਹੋ ਚੁਕੇ ਵਿਸ਼ਵ ਕੱਪ ਦੇ ਇਤਿਹਾਸ ਵਲ ਝਾਤੀ ਮਾਰ ਕੇ ਵੇਖਦੇ ਹਾਂ ਕਿ ਕੀ ਕੁਝ ਵਾਪਰਿਆ।
ਪਹਿਲਾ ਫੀਫਾ ਵਿਸ਼ਵ ਕੱਪ ਉਰੂਗੁਏ ਵਿਚ 13 ਜੁਲਾਈ 1930 ਨੂੰ ਸ਼ੁਰੂ ਹੋਇਆ ਜੋ 30 ਜੁਲਾਈ ਨੂੰ ਖਤਮ ਹੋਇਆ ਸੀ। ਓਲੰਪਿਕ ਖੇਡਾਂ ਦਾ ਚੈਂਪੀਅਨ ਹੋਣ ਕਰਕੇ ਇਸ ਨੂੰ ਮੇਜ਼ਬਾਨੀ ਦਿੱਤੀ ਗਈ, ਪਰ ਯੂਰਪ ਦੇ ਕਈ ਦੇਸ਼ ਇਸ ਤੋਂ ਖੁਸ਼ ਨਹੀਂ ਸਨ। ਦੂਜਾ ਕਾਰਨ, ਉਹ 15 ਦਿਨ ਦਾ ਸਫਰ ਨਹੀਂ ਕਰਨਾ ਚਾਹੁੰਦੇ ਸਨ, ਇਸ ਕਰਕੇ ਉਨ੍ਹਾਂ ਇਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਿਆ। ਸਿਰਫ ਚਾਰ ਟੀਮਾਂ-ਫਰਾਂਸ, ਰੋਮਾਨੀਆ, ਯੁਗੋਸਲੋਵਾਕੀਆ ਅਤੇ ਬੈਲਜ਼ੀਅਮ ਨੇ ਹਿੱਸਾ ਲਿਆ। ਉਰੂਗੁਏ, ਅਰਜਨਟਾਈਨਾ, ਬ੍ਰਾਜ਼ੀਲ, ਚਿੱਲੀ, ਬੋਲੀਵੀਆ, ਪੀਰੂ ਅਤੇ ਪੈਰੋਗਵੇ ਨੇ ਦੱਖਣੀ ਅਮਰੀਕਾ ਵਲੋਂ ਭਾਗ ਲਿਆ। ਉਤਰੀ ਅਮਰੀਕਾ ਦੀਆਂ ਦੋ ਟੀਮਾਂ-ਅਮਰੀਕਾ ਅਤੇ ਮੈਕਸੀਕੋ ਸ਼ਾਮਿਲ ਹੋਈਆਂ। ਕੁੱਲ ਤੇਰਾਂ ਟੀਮਾਂ ਪਹਿਲੇ ਵਿਸ਼ਵ ਕੱਪ ਵਿਚ ਸ਼ਾਮਲ ਹੋਈਆਂ। ਇਸ ਪਹਿਲੇ ਟੂਰਨਾਮੈਂਟ ਵਿਚ ਤਿਆਰੀ ਵਜੋਂ ਕਈ ਕਮੀਆਂ ਸਨ। ਬੋਲੀਵੀਆ ਦੇ ਰੈਫਰੀ ਅਲਰੀਕੋ ਨੇ ਇਕ ਹੀ ਮੈਚ ਵਿਚ ਤਿੰਨ ਪੈਨਲਟੀ ਕਿੱਕਾਂ ਦਿੱਤੀਆਂ ਅਤੇ ਉਹ ਵੀ 12 ਗਜ ਦੀ ਥਾਂ 16 ਗਜ ਤੋਂ ਦਿੱਤੀਆਂ। ਉਰੂਗੁਏ ਅਤੇ ਯੁਗੋਸਲੋਵਕੀਆ ਵਿਚਕਾਰ ਮੈਚ ਵਿਚ ਬਾਲ ਮੈਦਾਨ ਤੋਂ ਬਾਹਰ ਚਲਾ ਗਿਆ ਪਰ ਉਰੂਗੁਏ ਦੇ ਪੁਲਿਸ ਮੈਨ ਨੇ ਕਿੱਕ ਮਾਰ ਕੇ ਵਾਪਸ ਆਪਣੇ ਦੇਸ਼ ਦੇ ਖਿਡਾਰੀ ਨੂੰ ਦੇ ਦਿੱਤਾ ਅਤੇ ਉਸ ਨੇ ਗੋਲ ਕਰ ਦਿੱਤਾ। ਰੌਲਾ ਪੈਣ ‘ਤੇ ਕੋਈ ਵੀ ਸੱਚ ਨਹੀਂ ਬੋਲਿਆ। ਫਰਾਂਸ ਅਤੇ ਅਰਜਨਟਾਈਨਾ ਵਿਚਾਲੇ ਮੈਚ ਵਿਚ ਰੈਫਰੀ ਨੇ ਟਾਈਮ ਖਤਮ ਹੋਣ ਤੋਂ ਛੇ ਮਿੰਟ ਪਹਿਲਾਂ ਹੀ ਸੀਟੀ ਮਾਰ ਦਿੱਤੀ ਸੀ। ਇਸ ਟੂਰਨਾਮੈਂਟ ਦਾ ਫਾਈਨਲ ਮੈਚ ਮੇਜ਼ਬਾਨ ਉਰੂਗੁਏ ਅਤੇ ਅਰਜਨਟਾਈਨਾ ਵਿਚਾਲੇ ਸੀ। ਅਰਜਨਟਾਈਨਾ ਦੇ ਕੈਪਟਨ ਲੂਸੀਟੋ ਮੌਂਟੀ ਨੂੰ ਵਧੀਆ ਖੇਡਣ ‘ਤੇ ਮੌਤ ਦੀ ਧਮਕੀ ਦਿੱਤੀ ਗਈ। ਇਸੇ ਡਰ ਕਰ ਕੇ ਉਹ ਵਧੀਆ ਨਾ ਖੇਡ ਸਕਿਆ ਅਤੇ ਅਰਜਨਟਾਈਨਾ 2-4 ਨਾਲ ਹਾਰ ਗਿਆ। ਉਰੂਗੁਏ ਇਹ ਪਹਿਲਾ ਵਿਸ਼ਵ ਕੱਪ ਜਿੱਤ ਗਿਆ ਅਤੇ ਇਨਾਮ ਵਜੋਂ ਉਸ ਦੇ ਖਿਡਾਰੀਆਂ ਨੂੰ ਮੁਫਤ ਘਰ ਦਿੱਤੇ ਗਏ। ਅਰਜਨਟਾਈਨਾ ਦੇ ਲੋਕ ਇਸ ਹਾਰ ਨੂੰ ਆਪਣੇ ਨਾਲ ਧੋਖਾ ਸਮਝਦੇ ਸਨ, ਇਸੇ ਕਰਕੇ ਉਨ੍ਹਾਂ ਆਪਣੇ ਦੇਸ਼ ਵਿਚ ਉਰੂਗੁਏ ਦੇ ਦੂਤਘਰ ਉਤੇ ਪਥਰਾਓ ਕੀਤਾ। ਪਰ ਫਿਰ ਵੀ ਇਸ ਟੂਰਨਾਮੈਂਟ ਨੂੰ ਸਫਲ ਮੰਨਿਆ ਗਿਆ ਅਤੇ ਹਰ ਚਾਰ ਸਾਲ ਬਾਅਦ ਕਰਾਉਣ ਦਾ ਫੈਸਲਾ ਕੀਤਾ ਗਿਆ।
ਦੂਜਾ ਫੀਫਾ ਵਿਸ਼ਵ ਕੱਪ ਟੂਰਨਾਮੈਂਟ 27 ਮਈ 1934 ਨੂੰ ਇਟਲੀ ਵਿਚ ਸ਼ੁਰੂ ਹੋਇਆ। ਪਿਛਲੇ ਮੇਜ਼ਬਾਨ ਅਤੇ ਜੇਤੂ ਉਰੂਗੁਏ ਨੇ ਇਸ ਵਿਚ ਹਿੱਸਾ ਨਾ ਲਿਆ। ਉਸ ਦਾ ਗਿਲਾ ਸੀ ਕਿ ਇਟਲੀ ਨੇ ਉਰੂਗੁਏ ਵਿਚ ਹੋਏ ਟੂਰਨਾਮੈਂਟ ਦਾ ਬਾਈਕਾਟ ਕੀਤਾ ਸੀ। ਕਈ ਦੇਸ਼ ਤਾਨਾਸ਼ਾਹ ਬਨੀਤੋ ਮੁਸੋਲੀਨੀ ਕਰਕੇ ਵੀ ਨਹੀਂ ਸ਼ਾਮਿਲ ਹੋਏ। ਇਸ ਵਿਚ 16 ਟੀਮਾਂ ਸ਼ਾਮਲ ਹੋਈਆਂ। ਇਕ ਅਜੀਬ ਤਰ੍ਹਾਂ ਦਾ ਮੈਚ ਹੋਇਆ, ਜਿਸ ਕਰਕੇ ਬਾਅਦ ਵਿਚ ਫੀਫਾ ਨੂੰ ਕੁਆਲੀਫਾਈ ਕਰਨ ਦਾ ਤਰੀਕਾ ਬਦਲਨਾ ਪਿਆ। ਮੈਕਸੀਕੋ ਅਤੇ ਅਮਰੀਕਾ ਨੂੰ ਕੁਆਲੀਫਾਈ ਕਰਨ ਲਈ ਇਕ ਮੈਚ ਰੋਮ ਵਿਚ ਖੇਡਣਾ ਪਿਆ। ਮੈਕਸੀਕੋ ਇਹ ਮੈਚ ਹਾਰ ਗਿਆ ਅਤੇ ਉਸ ਨੂੰ 8000 ਮੀਲ ਸਫਰ ਕਰਕੇ ਵਾਪਸ ਜਾਣਾ ਪਿਆ। 90 ਮਿੰਟ ਦਾ ਇਹ ਮੈਚ ਦੋਵੇਂ ਗੁਆਂਢੀ ਦੇਸ਼ ਆਪਣੇ ਖੇਤਰ ਵਿਚ ਵੀ ਖੇਡ ਸਕਦੇ ਸਨ, ਰੋਮ ਦੀ ਯਾਤਰਾ ਕਰਨ ਦੀ ਲੋੜ ਨਹੀਂ ਸੀ। ਇਹ ਟੂਰਨਾਮੈਂਟ ਇਟਲੀ ਨੇ ਚੈਕੋਸਲੋਵਾਕੀਆ ਨੂੰ 2-1 ਨਾਲ ਹਰਾ ਕੇ ਜਿੱਤਿਆ। 1930 ਦੇ ਵਿਸ਼ਵ ਕੱਪ ਵਿਚ ਅਰਜਨਟਾਈਨਾ ਵਾਲਾ ਸੂਸੀਟੋ ਮੌਂਟੀ ਇਸ ਵਾਰ ਇਟਲੀ ਦੀ ਟੀਮ ਵਿਚ ਖੇਡਿਆ। ਉਸ ਦਾ ਪਿਓ ਇਟਾਲੀਅਨ ਹੋਣ ਕਰਕੇ ਉਹ ਇਟਲੀ ਦਾ ਵੀ ਨਾਗਰਿਕ ਸੀ। ਅੱਜ ਤਕ ਉਹ ਹੀ ਇਕੋ ਫੁਟਬਾਲਰ ਹੈ ਜੋ ਦੋ ਦੇਸ਼ਾਂ ਲਈ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਹੋਏ।
ਤੀਜਾ ਵਿਸ਼ਵ ਕੱਪ 4 ਜੂਨ 1938 ਨੂੰ ਫਰਾਂਸ ਵਿਚ ਸ਼ੁਰੂ ਹੋਇਆ। ਇਸ ਵਾਰ ਫੇਰ 16 ਟੀਮਾਂ ਨੇ ਇਸ ਵਿਚ ਹਿੱਸਾ ਲਿਆ ਪਰ ਜਰਮਨੀ ਨੇ ਆਪਣੇ ਗੁਆਂਢੀ ਦੇਸ਼ ਆਸਟਰੀਆ ‘ਤੇ ਕਬਜ਼ਾ ਕਰ ਲਿਆ। ਇਸ ਕਰਕੇ ਆਸਟਰੀਆ ਦੇ ਖਿਡਾਰੀ ਜਰਮਨੀ ਦੀ ਟੀਮ ਲਈ ਖੇਡੇ ਅਤੇ ਕਿਸੇ ਹੋਰ ਟੀਮ ਨੂੰ ਸ਼ਾਮਿਲ ਨਾ ਕੀਤਾ ਗਿਆ। ਸਵੀਡਨ ਦਾ ਮੈਚ ਆਸਟਰੀਆ ਨਾਲ ਹੋਣਾ ਸੀ, ਪਰ ਸਵੀਡਨ ਬਿਨਾ ਮੁਕਾਬਲਾ ਹੀ ਅਗਲੇ ਦੌਰ ਵਿਚ ਚਲਾ ਗਿਆ। ਏਸ਼ੀਆ ਵਲੋਂ ਡੱਚ ਈਸਟ ਇੰਡੀਜ਼ ਦੇਸ਼ ਸ਼ਾਮਿਲ ਹੋਇਆ ਸੀ, ਜੋ ਅੱਜ ਇੰਡੋਨੇਸ਼ੀਆ ਹੈ। ਫਾਈਨਲ ਮੈਚ ਵਿਚ ਇਟਲੀ ਨੇ ਹੰਗਰੀ ਨੂੰ 4-2 ਨਾਲ ਹਰਾ ਕੇ ਇਹ ਕੱਪ ਦੂਜੀ ਵਾਰ ਆਪਣੇ ਨਾਂ ਕਰ ਲਿਆ। ਸੰਸਾਰ ਦੀ ਦੂਜੀ ਜੰਗ ਨੇ ਅਗਲੇ ਦੋ ਵਿਸ਼ਵ ਕੱਪ ਆਪਣੀ ਅੱਗ ਵਿਚ ਲਪੇਟ ਲਏ ਸਨ। ਇਟਲੀ ਫੀਫਾ ਦੇ ਸਹਿ ਪ੍ਰਧਾਨ ਟਰੀਨੋ ਪਰਾਸੀ ਨੇ ਇਸ ਟਰਾਫੀ ਨੂੰ ਕਈ ਸਾਲ ਬੂਟਾਂ ਵਾਲੇ ਡੱਬੇ ਵਿਚ ਲੁਕੋ ਕੇ ਰੱਖੀ ਰੱਖਿਆ।
1950 ਬ੍ਰਾਜ਼ੀਲ: ਸੰਸਾਰ ਦੀ ਦੂਜੀ ਜੰਗ ਖਤਮ ਹੋਣ ਤੋਂ ਬਾਅਦ ਚੌਥਾ ਵਿਸ਼ਵ ਕੱਪ 24 ਜੂਨ ਨੂੰ ਫੁੱਟਬਾਲ ਦਾ ਮੱਕਾ ਜਾਣੇ ਜਾਂਦੇ ਮਾਰਕਾਨਾ ਸਟੇਡੀਅਮ ਵਿਚ ਸ਼ੁਰੂ ਹੋਇਆ। ਖਚਾ-ਖਚ ਭਰੇ ਸਟੇਡੀਅਮ ਵਿਚ ਪਹਿਲਾ ਮੈਚ ਬ੍ਰਾਜ਼ੀਲ ਅਤੇ ਮੈਕਸੀਕੋ ਵਿਚਾਲੇ ਹੋਇਆ। ਪਹਿਲੀ ਵਾਰ 21 ਤੋਪਾਂ ਨਾਲ ਸਲਾਮੀ ਦਿੱਤੀ ਗਈ। ਇਹ ਉਹ ਸਮਾਂ ਸੀ ਜਦੋਂ ਰੂਸ ਨੇ ਐਟਮ ਬੰਬ ਬਣਾਇਆ ਸੀ ਅਤੇ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ ਦਾ ਲਿਵਰ ਬਦਲਿਆ ਸੀ।
ਭਾਰਤ ਕਦੇ ਵੀ ਵਿਸ਼ਵ ਕੱਪ ਟੂਰਨਾਮੈਂਟ ਵਿਚ ਸ਼ਾਮਲ ਨਹੀਂ ਹੋਇਆ, ਪਰ ਇਸ ਵਿਚ ਉਸ ਦਾ ਜ਼ਿਕਰ ਹੋਇਆ ਹੈ। 1948 ਦੀਆਂ ਲੰਡਨ ਓਲੰਪਿਕ ਖੇਡਾਂ ਵਿਚ ਭਾਰਤ ਦੀ ਟੀਮ ਨੰਗੇ ਪੈਰੀਂ ਵਧੀਆ ਖੇਡੀ ਸੀ। 1950 ਦੇ ਵਿਸ਼ਵ ਕੱਪ ਵਿਚ ਕਈ ਟੀਮਾਂ ਦੇ ਹਿੱਸਾ ਨਾ ਲੈਣ ਕਰਕੇ ਭਾਰਤ ਨੂੰ ਇਸ ਵਿਚ ਸ਼ਾਮਿਲ ਕਰ ਲਿਆ ਗਿਆ ਸੀ, ਪਰ ਜਦੋਂ ਉਨ੍ਹਾਂ ਨੂੰ ਬੂਟ ਪਾ ਕੇ ਖੇਡਣ ਦੀ ਸ਼ਰਤ ਦੱਸੀ ਗਈ ਤਾਂ ਉਨ੍ਹਾਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਪੀਟਰ ਸੈਡੋਨ ਨੇ ਵਿਸ਼ਵ ਕੱਪ ਬਾਰੇ ਲਿਖੀ ਆਪਣੀ ਕਿਤਾਬ ਵਿਚ ਵੀ ਇਸ ਦਾ ਵਰਣਨ ਕੀਤਾ ਹੈ। ਇੰਗਲੈਂਡ ਹਮੇਸ਼ਾ ਆਪਣੇ ਆਪ ਨੂੰ ਉਪਰ ਸਮਝਦਾ ਹੋਣ ਕਰਕੇ ਇਸ ਟੂਰਨਾਮੈਂਟ ਨੂੰ ਮਹੱਤਵ ਨਹੀਂ ਸੀ ਦਿੰਦਾ, ਪਰ ਇਸ ਵਾਰ ਉਹ ਵੀ ਸ਼ਾਮਿਲ ਹੋ ਗਿਆ। ਫਾਈਨਲ ਮੈਚ ਵਿਚ ਉਰੂਗੁਏ ਨੇ ਬ੍ਰਾਜ਼ੀਲ ਨੂੰ 2-1 ਨਾਲ ਹਰਾ ਕੇ ਦੂਜੀ ਵਾਰ ਇਸ ਟਰਾਫੀ ‘ਤੇ ਕਬਜਾ ਕਰ ਲਿਆ। ਮਹਾਨ ਖਿਡਾਰੀ ਪੇਲੇ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਉਸ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਲੋਕਾਂ ਨੇ ਰੋਟੀ ਨਹੀਂ ਖਾਧੀ ਅਤੇ ਸਾਰੀ ਰਾਤ ਰੋਂਦੇ ਰਹੇ। ਇਹ ਹਾਰ ਉਨ੍ਹਾਂ ਨੂੰ ਅੱਜ ਤੱਕ ਵੀ ਨਹੀਂ ਭੁੱਲੀ।
1954 ਸਵਿਟਜ਼ਰਲੈਂਡ: ਇਹ ਟੂਰਨਾਮੈਂਟ 16 ਜੂਨ ਤੋਂ 4 ਜੁਲਾਈ ਤੱਕ ਹੋਇਆ। ਇਸ ਵਿਚ ਪਹਿਲੀ ਵਾਰ ਟੀ. ਵੀ. ਕੈਮਰੇ ਦਾ ਇਸਤੇਮਾਲ ਕੀਤਾ ਗਿਆ। ਅਜੇ ਤਕ ਵੀ ਕਈ ਤਰ੍ਹਾਂ ਦੀਆਂ ਖਾਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਕ ਕੁਆਲੀਫਾਈ ਮੈਚ ਦਾ ਫੈਸਲਾ ਅਜੀਬ ਤਰੀਕੇ ਨਾਲ ਕੀਤਾ ਗਿਆ। ਸਪੇਨ ਅਤੇ ਤੁਰਕੀ ਦਾ ਪਹਿਲਾ ਮੈਚ ਮੈਡਰਿਡ ਵਿਚ ਖੇਡਿਆ ਗਿਆ ਜਿਸ ਵਿਚ ਸਪੇਨ 4-1 ਦੇ ਫਰਕ ਨਾਲ ਜੇਤੂ ਰਿਹਾ। ਦੂਜਾ ਮੈਚ ਤੁਰਕੀ ਦੀ ਰਾਜਧਾਨੀ ਇਸਤੰਬੋਲ ਵਿਚ ਹੋਇਆ ਜੋ ਤੁਰਕੀ ਨੇ 1-0 ਦੇ ਫਰਕ ਨਾਲ ਜਿਤਿਆ। ਉਦੋਂ ਤੱਕ ਸਪੇਨ 4-2 ਦੇ ਸਕੋਰ ਨਾਲ ਅੱਗੇ ਸੀ, ਪਰ ਫੀਫਾ ਦੇ ਨਿਯਮ ਅਨੁਸਾਰ ਦੋਵੇਂ ਟੀਮਾਂ ਇਕ-ਇਕ ਮੈਚ ਜਿੱਤ ਕੇ ਅਜੇ ਵੀ ਬਰਾਬਰ ਸਨ। ਫੈਸਲਾ ਕਰਨ ਲਈ ਇਕ ਹੋਰ ਮੈਚ ਰੋਮ ਦੇ ਸਟੇਡੀਅਮ ਵਿਚ ਕਰਵਾਇਆ ਗਿਆ। ਇਹ ਮੈਚ ਵੀ 2-2 ਗੋਲਾਂ ਦੀ ਬਰਾਬਰੀ ਨਾਲ ਖਤਮ ਹੋਇਆ। ਹੁਣ ਸਪੇਨ 6-4 ਨਾਲ ਤੁਰਕੀ ਤੋਂ ਅੱਗੇ ਸੀ, ਪਰ ਫੈਸਲਾ ਅਜੇ ਬਾਕੀ ਸੀ। ਦਰਸ਼ਕਾਂ ਨਾਲ ਖਚਾ ਖਚ ਭਰੇ ਸਟੇਡੀਅਮ ਵਿਚ ਇਕ ਢੋਲ ਵਿਚ ਦੋ ਪਰਚੀਆਂ ਉਪਰ ਦੋਹਾਂ ਦੇਸ਼ਾਂ ਦੇ ਨਾਂ ਲਿਖ ਕੇ ਪਾਏ ਗਏ। 14 ਸਾਲ ਦੇ ਲੁਈਗੀ ਫਰੈਂਕ ਗੇਮਾ ਦੀਆਂ ਅੱਖਾਂ ‘ਤੇ ਪੱਟੀ ਬੰਨ ਕੇ ਉਸ ਨੂੰ ਜੇਤੂ ਪਰਚੀ ਕੱਢਣ ਲਈ ਕਿਹਾ ਗਿਆ। ਇਹ ਪਰਚੀ ਤੁਰਕੀ ਦੀ ਨਿਕਲੀ ਅਤੇ ਸਪੇਨ ਵੱਧ ਗੋਲ ਕਰਕੇ ਵੀ ਬਾਹਰ ਹੋ ਗਿਆ। ਫਾਈਨਲ ਵਿਚ ਹੰਗਰੀ ਦੇ ਮਹਾਨ ਫੀਰੈਂਸ ਪੁਸਕਾਸ ਦੀ ਟੀਮ ਜਰਮਨੀ ਤੋਂ 2-3 ਦੇ ਫਰਕ ਨਾਲ ਹਾਰ ਗਈ। ਇਹ ਜਰਮਨੀ ਦੀ ਪਹਿਲੀ ਟਰਾਫੀ ਸੀ।