ਗੁਲਜ਼ਾਰ ਸਿੰਘ ਸੰਧੂ
ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵਲੋਂ ਰਚਾਇਆ ਗਿਆ ਡਾ. ਐਮ. ਐਸ਼ ਰੰਧਾਵਾ ਕਲਾ ਤੇ ਸਾਹਿਤਕ ਉਤਸਵ ਬੜਾ ਸ਼ਾਨਾਂ ਮੱਤਾ ਰਿਹਾ। ਪਹਿਲੇ ਦਿਨ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਵਾਲੇ ਸੈਸ਼ਨ ਵਿਚ ਸ਼ ਰੰਧਾਵਾ ਦੀ ਕਾਰਜਸ਼ੈਲੀ ਤੇ ਦੇਣ ਬਾਰੇ ਲਾਜਵਾਬ ਗੱਲਾਂ ਹੋਈਆਂ। ਉਹਦੀ ਫੈਸਲੇ ਲੈਣ ਦੀ ਮਸ਼ੀਨੀ ਫੁਰਤੀ, ਪ੍ਰਤਾਪ ਸਿੰਘ ਕੈਰੋਂ ਦੀ ਕੁਵੇਲੀ ਮ੍ਰਿਤੂ ਦਾ ਦੁੱਖ, ਪਲਾਨਿੰਗ ਕਮਿਸ਼ਨ ਦੀ ਘੱਟ ਕੰਮ ਵਾਲੀ ਮੈਂਬਰੀ ਸਮੇਂ ਨਿੱਠ ਕੇ ਗੁਰਮੁਖੀ ਲਿਪੀ ਦੀ ਲਿਖਾਈ ਸਿੱਖਣਾ ਅਤੇ ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਲੋਂ ਵਿਸਾਰੀ ਜਾ ਚੁਕੀ ਉਰਦੂ ਭਾਸ਼ਾ ਨੂੰ ਦੇਸ਼ ਦੀਆਂ ਬਾਕੀ ਭਾਸ਼ਾਵਾਂ ਦੇ ਬਰਾਬਰ ਖੜ੍ਹੀ ਕਰੀ ਰੱਖਣਾ ਆਦਿ। ਸਰੋਤੇ ਅਸ਼ ਅਸ਼ ਕਰ ਉਠੇ।
ਕਲਾ ਪ੍ਰੀਸ਼ਦ ਵਲੋਂ ਇਹ ਸੱਤ ਰੋਜ਼ਾ ਉਤਸਵ ਸਵੇਰ, ਦੁਪਹਿਰ ਤੇ ਸ਼ਾਮ ਲਈ ਉਸਾਰੂ ਪ੍ਰੋਗਰਾਮ ਉਲੀਕ ਕੇ ਰਚਾਇਆ ਗਿਆ। ਸਵੇਰ ਦੇ ਸੈਸ਼ਨਾਂ ਲਈ ਵੱਡੇ ਕਲਾਕਾਰਾਂ ਦੇ ਰੂਬਰੂ, ਸਵਾਲ-ਜਵਾਬ ਤੇ ਸੈਮੀਨਾਰ; ਬਾਅਦ ਦੁਪਹਿਰ ਮਲਵਈ ਗਿੱਧਾ, ਸੰਮੀ, ਝੂਮਰ, ਨਕਲਾਂ, ਤੂੰਬਾ, ਅਲਗੋਜ਼ੇ ਤੇ ਪੁਆਧੀ ਜਲਸਾ ਹੁੰਦਾ। ਦੂਰ ਨੇੜੇ ਦੇ ਵਧੀਆ ਕਲਾਕਾਰਾਂ ਦਾ ਕਲਾ ਭਵਨ ਦੇ ਵਿਹੜੇ ਆ ਕੇ ਅਖਾੜੇ ਲਾਉਣਾ ਖੂਬ ਸਲਾਹਿਆ ਗਿਆ। ਸ਼ਾਮਾਂ ਵੇਲੇ ਸੁੱਖੀ ਬਰਾੜ ਤੇ ਨੀਲੇ ਖਾਂ ਦੀ ਗਾਇਕੀ, ਚੋਣਵੇਂ ਨਾਟਕ ਤੇ ਗੁਰਮੀਤ ਬਾਵਾ ਪਰਿਵਾਰ ਦੇ ਸ਼ਗਨਾਂ ਦੇ ਗੀਤ ਖਿੱਚ ਦਾ ਮੁਕਾਮ ਬਣੇ। ਗੁਰਮੀਤ ਬਾਵਾ ਤੇ ਉਸ ਦੀਆਂ ਬੇਟੀਆਂ ਨੇ ਗੀਤਾਂ ਦੇ ਨਾਲ ਨਾਲ ਲੋਕ ਬੋਲੀਆਂ ਤੇ ਪੀਲੂ ਦੇ ਮਿਰਜ਼ਾ ਸਾਹਿਬਾਂ ਵਿਚੋਂ ਮਨਭਾਉਂਦੇ ਬੋਲ ਲੰਮੀ ਹੇਕ ਨਾਲ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਇਕ ਸ਼ਾਮ ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਨਾਟਕ ‘ਫਸਲ’ ਅਜੋਕੀ ਕਿਸਾਨੀ ਦੀ ਹਿਰਦੇਵੇਦਕ ਦਸ਼ਾ ਨੂੰ ਦਰਸਾ ਗਿਆ। ਇਸ ਨਾਟਕ ਦੀ ਪੇਸ਼ਕਾਰੀ ਤੋਂ ਸਰੋਤਿਆਂ ਨੇ ਮਹਿਸੂਸ ਕੀਤਾ ਕਿ ਇਹ ਨਾਟਕ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਪਹੁੰਚਣਾ ਚਾਹੀਦਾ ਹੈ ਤਾਂ ਕਿ ਨਸ਼ਿਆਂ ਤੇ ਕਰਜ਼ਿਆਂ ਦੇ ਸ਼ਿਕਾਰ ਹੋਏ ਪੇਂਡੂ ਪਰਿਵਾਰ ਵਿਦੇਸ਼ ਜਾਣ ਦੇ ਜਾਲ ਵਿਚ ਫਸਣ ਦੀ ਥਾਂ ਪੂਰੀ ਮਿਹਨਤ ਕਰਕੇ ਆਪਣੀ ਮਿੱਟੀ ਨੂੰ ਹੁਸੀਨ ਬਣਾਉਣ।
ਇਸ ਉਤਸਵ ਦੇ ਕਵੀ ਦਰਬਾਰ ਵਿਚ ਉਰਦੂ, ਹਿੰਦੀ ਤੇ ਪੰਜਾਬੀ ਦੇ ਉਘੇ ਕਵੀਆਂ ਨੇ ਪੰਜਾਬੀਆਂ ਦੀ ਦਸ਼ਾ ਤੇ ਦਿਸ਼ਾ ਦਾ ਵਾਸਤਾ ਪਾ ਕੇ ਸਮੁੱਚੇ ਪੰਜਾਬੀਆਂ ਨੂੰ ਉਸਾਰੂ ਸੋਚ ਅਪਨਾਉਣ ਲਈ ਪ੍ਰੇਰਿਆ ਤੇ ਸਮੇਂ ਦੇ ਹਾਕਮਾਂ ਨੂੰ ਮਹਿੰਦਰ ਸਿੰਘ ਰੰਧਾਵਾ ਦੀ ਕਾਰਜ ਸ਼ੈਲੀ ਅਪਨਾਉਣ ਲਈ ਵੰਗਾਰਿਆ। ਇਨ੍ਹਾਂ ਵਿਚੋਂ ਤਰਲੋਚਨ ਲੋਚੀ, ਮਨਜੀਤ ਇੰਦਰਾ, ਮਨਮੋਹਨ ਸਿੰਘ ਦਾਊਂ, ਗੁਰਭਜਨ ਗਿੱਲ, ਬਲਵਿੰਦਰ ਸੰਧੂ, ਸੁਰਿੰਦਰ ਗਿੱਲ, ਸੁਖਵਿੰਦਰ ਅੰਮ੍ਰਿਤ, ਵਿਜੇ ਵਿਵੇਕ, ਮਾਧਵ ਕੌਸ਼ਿਕ ਤੇ ਸਰਦਾਰ ਪੰਛੀ ਖੂਬ ਛਾਏ। ਇਹ ਗੱਲ ਵੀ ਨੋਟ ਕੀਤੀ ਗਈ ਕਿ ਕਲਾ ਪ੍ਰੀਸ਼ਦ ਦੇ ਅਧਿਕਾਰੀਆਂ ਸੁਰਜੀਤ ਪਾਤਰ, ਲਖਵਿੰਦਰ ਜੌਹਲ ਤੇ ਸਰਬਜੀਤ ਸੋਹਲ ਨੇ ਨੈਤਿਕਤਾ ਦਾ ਪਾਲਣ ਕਰਦਿਆਂ ਇਸ ਉਤਸਵ ਵਿਚ ਆਪਣੇ ਆਪ ਨੂੰ ਉਭਾਰਨ ਦੀ ਥਾਂ ਦੂਜੇ ਕਵੀਆਂ ਨੂੰ ਹੀ ਪੇਸ਼ ਕੀਤਾ।
ਇਸ ਉਤਸਵ ਦੀ ਇੱਕ ਖੂਬੀ ਇਹ ਵੀ ਰਹੀ ਕਿ ਇਥੇ ਬੀ. ਐਨ. ਗੋਸਵਾਮੀ, ਵਰਿਆਮ ਸੰਧੂ ਤੇ ਜਤਿੰਦਰ ਦੀ ਕਲਾ, ਸਾਹਿਤ ਤੇ ਰੰਗ ਮੰਚ ਵਿਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਪੰਜਾਬ ਗੌਰਵ ਸਨਮਾਨ ਨਾਲ ਨਿਵਾਜਿਆ ਗਿਆ।
ਦੋ ਤੋਂ ਅੱਠ ਫਰਵਰੀ ਤੱਕ ਚੱਲੇ ਇਸ ਉਤਸਵ ਵਿਚ ਦੀਵਾਨ ਮੰਨਾ ਵਲੋਂ ਤਿਆਰ ਕੀਤੀ ਗਈ ਰੰਧਾਵਾ ਦੀ ਜੀਵਨ ਸ਼ੈਲੀ ਦੀਆਂ ਤਸਵੀਰਾਂ ਦੀ ਨੁਮਾਇਸ਼ ਸੱਤ ਦਿਨ ਖਿੱਚ ਦਾ ਕਾਰਨ ਬਣੀ। ਉਨ੍ਹਾਂ ਦੇ ਮੁਲਕ ਰਾਜ ਅਨੰਦ, ਡਬਲਯੂ. ਜੀ. ਆਰਚ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਤੇ ਪੰਡਿਤ ਨਹਿਰੂ ਵਰਗੀਆਂ ਹਸਤੀਆਂ ਨਾਲ ਮੇਲ-ਮਿਲਾਪ ਦੀਆਂ ਵਧੀਆ ਤਸਵੀਰਾਂ ਸਨ, ਖਾਸ ਕਰਕੇ ਕੈਰੋਂ, ਇੰਦਰਾ ਗਾਂਧੀ ਤੇ ਪੰਡਿਤ ਨਹਿਰੂ ਹੀ ਨਹੀਂ, ਵਿਦੇਸ਼ੀ ਹਸਤੀਆਂ ਦੇ ਬਰਾਬਰ ਦਾ ਹੋ ਕੇ ਵਿਚਰਨ ਵਾਲੀਆਂ ਵੀ। ਦਰਸ਼ਕਾਂ ਨੇ ਇਹ ਵੀ ਨੋਟ ਕੀਤਾ ਕਿ ਇਕ ਤਸਵੀਰ ਵਿਚ ਕਿਸੇ ਸਮਾਗਮ ਸਮੇਂ ਸ਼ ਰੰਧਾਵਾ ਏਨੇ ਤੇਜ਼ ਤੁਰ ਰਹੇ ਹਨ ਕਿ ਪੰਡਿਤ ਨਹਿਰੂ ਉਨ੍ਹਾਂ ਨਾਲ ਭੱਜ ਕੇ ਰਲਦੇ ਵਿਖਾਈ ਦਿੰਦੇ ਹਨ।
ਮੋਰਨੀ ਦੇ ਟਿੱਲਿਆਂ ਦੀ ਹਰਿਆਵਲ ਦਾ ਭਗਵਾਂਕਰਨ: ਬੀਤੇ ਹਫਤੇ ਪੰਚਕੂਲਾ ਤੋਂ ਰਾਇਪੁਰ ਰਾਣੀ ਜਾਂਦਿਆਂ ਮੋਰਨੀ ਦੇ ਟਿੱਲਿਆਂ ਨੂੰ ਖਰੋਚ ਕੇ ਉਸ ਮਾਰਗ ਨੂੰ ਚੌੜਾ ਹੁੰਦਾ ਵੇਖ ਕੇ ਅਨੰਦ ਆ ਗਿਆ। ਖੁਦਾਈ ਕਾਰਨ ਗੱਡੀ ਨੂੰ ਕਈ ਵਾਰੀ ਏਧਰ ਓਧਰ ਕਰਨ ਦੇ ਬਾਵਜੂਦ ਜਾਪਦਾ ਸੀ ਕਿ ਇਸ ਮਾਰਗ ਦੀ ਪਹਿਲੀ ਵਾਰ ਸੁਣੀ ਗਈ ਹੈ। ਪਤਝੜ ਦੀ ਰੁੱਤੇ ਖੱਬੇ-ਸੱਜੇ ਦੀ ਹਰਿਆਵਲ ਮਾਣਨ ਵਾਲੀ ਹੈ। ਸਰਕਾਰ ਨੂੰ ਥਾਪੜਾ ਦੇਣ ਲਈ ਦਿਲ ਕਰਦਾ ਹੈ। ਸ਼ਾਂਤ, ਸੁੰਦਰ ਤੇ ਸੁੰਨੀਆਂ ਪਹਾੜੀਆਂ ਦਾ ਦ੍ਰਿਸ਼ ਸੱਚ ਮੁੱਚ ਹੀ ਵੇਖਣ ਤੇ ਮਾਣਨ ਵਾਲਾ ਹੈ। ਪੁੱਛ-ਗਿੱਛ ਤੋਂ ਪਤਾ ਲੱਗਾ ਕਿ ਥੰਨਡੋਗ ਬਲਾਕ ਦੇ ਸੱਤ ਏਕੜ ਸਾਫ ਕਰਕੇ ਵਿਸ਼ਵ ਹਿੰਦੂ ਪ੍ਰੀਸ਼ਦ ਇਥੇ ਚਿੰਤਨ ਤੇ ਖੋਜ ਕੇਂਦਰ ਸਥਾਪਤ ਕਰ ਰਹੀ ਹੈ। ਸਾਡੀ ਯਾਤਰਾ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਚੇਚੇ ਤੌਰ ‘ਤੇ ਖੱਟਰ ਕਾਮਿਆਂ ਨੂੰ ਕੰਮ ਕਰਦੇ ਵੇਖ ਕੇ ਗਿਆ ਹੈ। ਇਥੇ ਭਗਤਾਂ ਦੀ ਅਰਾਧਨਾ ਲਈ ਚਾਰ ਬਲਾਕਾਂ ਤੋਂ ਬਿਨਾ ਇੱਕ ਲਾਇਬਰੇਰੀ ਵੀ ਸਥਾਪਤ ਹੋਵੇਗੀ। ਭਾਵ ਇਹ ਕਿ ਮੋਰਨੀ ਦੀ ਹਰਿਆਲੀ ਪੂਰੇ ਤੌਰ ‘ਤੇ ਭਗਵੀਂ ਕੀਤੀ ਜਾਵੇਗੀ। ਸੰਘ ਪਰਿਵਾਰ ਨੂੰ ਉਨ੍ਹਾਂ ਦੀ ਧਾਰਨਾ ਮੁਬਾਰਕ!
ਵਿਨੇ ਕਟੀਆਰ ਦੀ ਬੇਤੁਕੀ: ਭਾਜਪਾ ਸੰਸਦ ਮੈਂਬਰ ਵਿਨੇ ਕਟੀਆਰ ਨੇ ਇਕ ਖਤਰਨਾਕ ਸ਼ੋਸ਼ਾ ਛੱਡਿਆ ਹੈ ਕਿ ਭਾਰਤ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਤੇ ਬੰਗਲਾ ਦੇਸ਼ ਵਿਚ ਚਲੇ ਜਾਣਾ ਚਾਹੀਦਾ ਹੈ। ਦਲੀਲ ਇਹ ਕਿ ਉਨ੍ਹਾਂ ਨੇ 1947 ਵਿਚ ਧਰਮ ਦੇ ਆਧਾਰ ਉਤੇ ਦੇਸ਼ ਦੇ ਟੁਕੜੇ ਕਰਵਾਏ ਸਨ। ਉਹ ਭੁੱਲ ਜਾਂਦਾ ਹੈ ਕਿ ਦੇਸ਼ ਵੰਡ ਦੇ ਜਿੰਮੇਵਾਰ ਕੇਵਲ ਮੁਸਲਿਮ ਨੇਤਾ ਹੀ ਨਹੀਂ, ਹਿੰਦੂ ਨੇਤਾ ਵੀ ਸਨ। ਉਂਜ ਵੀ ਵਸੋਂ ਦੇ ਤਬਾਦਲੇ ਸਮੇਂ ਹਿੰਦੂਆਂ ਜਾਂ ਮੁਸਲਮਾਨਾਂ ਦੀ ਗਿਣਤੀ ਨੂੰ ਆਧਾਰ ਕੇਵਲ ਪੰਜਾਬ ਤੇ ਬੰਗਾਲ ਦੀ ਵੰਡ ਲਈ ਬਣਾਇਆ ਗਿਆ ਸੀ, ਸਾਰੇ ਭਾਰਤ ਲਈ ਨਹੀਂ। ਇਸ ਵਿਸ਼ੇ ਨੂੰ ਵਾਰ ਵਾਰ ਉਭਾਰਨਾ ਭਾਰਤ ਦੀ ਮੁਸਲਿਮ, ਸਿੱਖ ਅਤੇ ਈਸਾਈ ਘੱਟ ਗਿਣਤੀ ਲਈ ਅਤਿਅੰਤ ਭਿਆਨਕ ਹੈ। ਸੈਕੂਲਰ ਸੋਚ ਵਾਲੇ ਸਾਵਧਾਨ ਰਹਿਣ।
ਅੰਤਿਕਾ: (ਮੌਲਾ ਬਖਸ਼ ਕੁਸ਼ਤਾ)
ਦੀਵਾ ਮੰਦਿਰ ਵਿਚ ਬਲੇ ਮਸੀਤ ਵਿਚ ਜਾਂ
ਮੇਰੇ ਲਈ ਹੈ ਦੋਹਾਂ ਦੀ ਜੋਤ ਇੱਕੋ।
ਅਜੇ ਤੀਕ ਨਾ ਹੀ ਮੈਨੂੰ ਪਤਾ ਲੱਗਿਆ
ਹਿੰਦੂ ਦਿਲ ਹੈ ਕਿ ਮੁਸਲਮਾਨ ਮੇਰਾ।